ਲੋਕਤੰਤਰ ਦਾ ਚੌਥਾ ਥੰਮ੍ਹ!✍️ ਸਲੇਮਪੁਰੀ ਦੀ ਚੂੰਢੀ

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ, ਪਰ ਅੱਜ ਭਾਰਤ ਵਿੱਚ ਪ੍ਰੈਸ ਜੋ ਆਪਣਾ ਰੋਲ ਅਦਾ ਕਰ ਰਹੀ ਹੈ, ਨੂੰ ਲੈ ਕੇ ਜਿਥੇ ਦੇਸ਼ ਸ਼ਰੀਫ ਵਿਅਕਤੀ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਨ ਉਥੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦਾ ਮੀਡੀਆ ਵੀ ਹੈਰਾਨੀ ਦਾ ਪ੍ਰਗਟਾਵਾ ਕਰ ਰਿਹਾ ਹੈ। ਦੇਸ਼ ਵਿਚ ਇਸ ਵੇਲੇ ਵਿਕਾਊ ਪ੍ਰੈਸ ਅਜਗਰ ਸੱਪ ਵਾਂਗੂੰ ਕੰਮ ਕਰ ਰਹੀ ਹੈ, ਜਦ ਕਿ ਦੇਸ਼ ਵਿਚ ਆਮ ਲੋਕਾਂ ਦੀ ਹਾਲਤ ਇੱਕ ਮਾਸੂਮ ਮੱਛੀ ਦੀ ਤਰ੍ਹਾਂ ਹੋ ਚੁੱਕੀ ਹੈ , ਜਿਸ ਨੂੰ ਅਜਗਰ ਰੂਪੀ ਮੀਡੀਆ ਹਮੇਸ਼ਾ ਨਿਗਲਣ ਦੀ ਤਾਕ ਵਿਚ  ਰਹਿੰਦਾ ਹੈ।
ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਦੇ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਉਪਰ ਕੇਂਦਰੀ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਆਪਣੀ ਗੱਡੀ ਚੜ੍ਹਾ ਕੇ ਅਜਿਹਾ ਦਰਦ ਦਿੱਤਾ ਹੈ , ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ, ਪਰ ਵਿਕਾਊ ਪ੍ਰੈਸ ਨੇ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਸੂਰਵਾਰ ਕਹਿਣ ਦੀ ਬਜਾਏ ਸਾਰਾ ਦੋਸ਼ ਕਿਸਾਨਾਂ ਉਪਰ ਹੀ ਸੁੱਟ ਦਿੱਤਾ ਹੈ । ਦੇਸ਼ ਦੀਆਂ ਕੌਮੀ ਪੱਧਰ ਦੀਆਂ ਅਖਬਾਰਾਂ ਅਤੇ ਚੈਨਲਾਂ ਵਿੱਚੋਂ ਵਿਕਾਊ ਅਖਬਾਰਾਂ ਅਤੇ ਚੈਨਲਾਂ ਦਾ ਰਵੱਈਆ ਇਸ ਦਰਦਨਾਕ ਘਟਨਾ ਨੂੰ ਲੈ ਕੇ ਪੀੜਤਾਂ ਅਤੇ ਕਿਸਾਨਾਂ ਪ੍ਰਤੀ ਬੇਹੱਦ ਨਕਾਰਾਤਮਿਕ ਰਿਹਾ ਹੈ। ਇਸੇ ਤਰ੍ਹਾਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਫਿਲਮੀ ਸਿਤਾਰੇ ਸ਼ਾਹਰੁਖ ਖਾਨ ਦੇ ਬੇਟੇ ਕੋਲੋਂ 13 ਗ੍ਰਾਮ ਚਰਸ ਬਰਾਮਦ ਹੋਣ 'ਤੇ ਵਿਕਾਊ ਪ੍ਰੈਸ, ਜਿਸ ਵਿਚ ਚੈਨਲ ਅਤੇ ਪ੍ਰਿੰਟ ਮੀਡੀਆ ਸ਼ਾਮਲ ਹੈ, ਨੇ ਇਸ ਮਾਮਲੇ ਨੂੰ ਇਸ ਤਰ੍ਹਾਂ ਉਗਲਿਆ ਜਿਸ ਤਰ੍ਹਾਂ ਸ਼ਾਹਰੁਖ ਖਾਨ ਦੇ ਬੇਟੇ ਨੇ ਕੋਈ ਬਹੁਤ ਵੱਡਾ ਜੁਰਮ ਕਰ ਦਿੱਤਾ ਹੋਵੇ, ਪਰ ਐਨ ਇਸ ਦੇ ਉਲਟ ਅਡਾਨੀ ਬੰਦਰਗਾਹ ਤੋਂ ਬਰਾਮਦ ਹੋਈ ਸਾਢੇ ਤਿੰਨ ਕੁਵਿੰਟਲ ਛੇ ਸੌ ਗ੍ਰਾਮ ਅਫੀਮ ਜਿਸ ਦੀ ਬਜਾਰੀ ਕੀਮਤ 21000 ਕਰੋੜ ਰੁਪਏ ਬਣਦੀ ਹੈ, ਨੂੰ ਲੈ ਕੇ ਲੋਕਤੰਤਰ ਦੇ ਵਿਕਾਊ ਚੌਥੇ ਥੰਮ ਦੇ ਮੂੰਹ ਅਤੇ ਅੱਖਾਂ ਉਪਰ ਪੱਟੀ ਬੰਨ੍ਹੀ ਗਈ, ਕਲਮਾਂ ਦੀ ਸਿਆਹੀ ਸੁੱਕ ਗਈ ਹੈ। ਵਿਕਾਊ ਮੀਡੀਆ ਨੇ ਸ਼ਾਹਰੁਖ ਦੇ ਬੇਟੇ ਨਾਲ ਸਬੰਧਿਤ ਚਰਸ ਦੀ ਘਟਨਾ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਜਿਵੇਂ ਦੇਸ਼ ਦਾ ਸਮੁੱਚਾ ਮੁਸਲਿਮ ਭਾਈਚਾਰਾ ਹੀ ਇਸ ਲਈ ਦੋਸ਼ੀ ਹੋਵੇ।
ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਅਨੂਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਕੌਮਾਂ ਦੇ ਲੋਕਾਂ ਉਪਰ ਅੱਤਿਆਚਾਰ ਕੀਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਸੁਸਰੀ ਵਾਂਗ ਸੌਂ ਜਾਂਦਾ ਹੈ ਜਾਂ ਫਿਰ ਵਾਪਰੀ ਮੰਦਭਾਗੀ ਘਟਨਾ ਨੂੰ ਅਜਿਹਾ ਮਨਘੜਤ ਰੂਪ ਦਿੰਦਾ ਹੈ ਕਿ ਪੀੜਤਾਂ ਨੂੰ ਹੀ ਦੋਸ਼ੀ ਬਣਾਕੇ ਪੇਸ਼ ਕਰ ਦਿੰਦਾ ਹੈ। ਦੇਸ਼ ਦੇ ਕਿਸੇ ਕੋਨੇ ਵਿਚ ਜਦੋਂ ਕਿਸੇ ਅਨੂਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਜਾਂ ਕਿਸੇ ਘੱਟ ਗਿਣਤੀ ਕੌਮ ਦੀ ਕਿਸੇ ਲੜਕੀ /ਔਰਤ ਨਾਲ ਬਲਾਤਕਾਰ ਹੁੰਦਾ ਹੈ ਜਾਂ ਬਲਾਤਕਾਰ ਕਰਨ ਤੋਂ ਬਾਅਦ ਮਾਰ ਦਿੱਤਾ ਜਾਂਦਾ ਹੈ ਅਤੇ ਮਾਰਨ ਤੋਂ ਬਾਅਦ ਪੀੜਤ ਪਰਿਵਾਰ ਤੋਂ ਬਿਨਾਂ ਹੀ ਸਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਵਿਕਾਊ ਮੀਡੀਆ ਦੇ ਮੂੰਹ ਨੂੰ ਤਾਲਾ ਲੱਗ ਜਾਂਦਾ ਹੈ। ਵਿਕਾਊ ਮੀਡੀਆ ਅਸਲ ਘਟਨਾ ਨੂੰ ਨਵਾਂ ਰੂਪ ਦੇ ਕੇ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਸ਼ੁਰੂ ਕਰ ਦਿੰਦਾ ਹੈ।
ਅਕਸਰ ਵੇਖਣ ਵਿਚ ਆਇਆ ਹੈ ਕਿ ਜੇ ਕਿਸੇ ਗਰੀਬ ਦੀ ਬੇਟੀ ਕੁਝ ਦਿਨ ਲਈ ਆਪਣੇ ਨਾਨਕੇ ਚਲੀ ਜਾਵੇ ਤਾਂ ਲੋਕਤੰਤਰ ਦਾ ਚੌਥਾ ਥੰਮ੍ਹ ਆਖਣਾ ਸ਼ੁਰੂ ਕਰ ਦਿੰਦਾ ਹੈ ਕਿ ਫਲਾਣੇ ਦੀ ਕੁੜੀ ਭੱਜ ਗਈ ਹੈ, ਜਦਕਿ ਐਨ ਇਸ ਦੇ ਉਲਟ ਜਦੋਂ ਕਿਸੇ ਖਾਂਦੇ-ਪੀਂਦੇ ਪਰਿਵਾਰ ਵਾਲਿਆਂ ਦੀ ਕੁੜੀ ਕਿਸੇ ਮੁੰਡੇ ਨਾਲ ਚਲੀ ਜਾਵੇ ਤਾਂ ਚੌਥੇ ਥੰਮ੍ਹ ਦੀ ਅਵਾਜ ਬਦਲ ਜਾਂਦੀ ਹੈ ਅਤੇ ਆਖਣ ਲੱਗ ਜਾਂਦਾ ਹੈ ਕਿ 'ਉਨ੍ਹਾਂ ਦੀ ਬੇਟੀ ਤਾਂ ਆਪਣੇ ਬੁਆਏ ਫ੍ਰੈਂਡ ਨਾਲ ਸ਼ਿਮਲੇ ਪਿਕਨਿਕ ਮਨਾਉਣ ਗਈ ਹੈ।'
ਜਦੋਂ ਅਸੀਂ ਵਿਦੇਸ਼ੀ ਮੀਡੀਆ ਦੀ ਗੱਲ ਕਰਦੇ ਹਾਂ, ਤਾਂ ਉਹ ਸੱਚ ਨੂੰ ਸੱਚ ਕਹਿਣ ਅਤੇ ਝੂਠ ਨੂੰ ਝੂਠ ਕਹਿਣ ਦੀ ਜੁਅਰਤ ਰੱਖਦਾ ਹੈ। ਦੇਸ਼ ਵਿਚ ਜਿਹੜੇ ਪੱਤਰਕਾਰ ਸੱਚ ਲਿਖਦੇ ਹਨ, ਉਨ੍ਹਾਂ ਦੀ ਜੁਬਾਨ ਬੰਦ ਕਰਨ ਲਈ ਕਦੇ ਸਰਕਾਰ ਵਲੋਂ, ਕਦੀ ਸਰਮਾਏਦਾਰਾਂ ਵਲੋਂ  ਕਦੀ ਸਿਆਸੀ ਆਗੂਆਂ ਵਲੋਂ ਅਤੇ ਕਦੀ ਸਰਕਾਰੀ ਤੰਤਰ ਵਲੋਂ ਝੂਠੇ ਪੁਲਿਸ ਮੁਕੱਦਮੇ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।
ਦੇਸ਼ ਦੀ ਪੀਲੀ ਪੱਤਰਕਾਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਲੁੱਟ-ਖਸੁੱਟ ਕਰਨ ਲਈ ਆਮ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਕਿਵੇਂ ਪ੍ਰੇਸ਼ਾਨ ਕਰਦੇ ਹਨ, ਦੇ ਬਾਰੇ ਵਰਨਣ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸੱਭ ਲੋਕ ਇਸ ਸਬੰਧੀ ਭਲੀਭਾਂਤ ਜਾਣਦੇ ਹਨ।
ਦੇਸ਼ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਦੇਸ਼ ਦਾ ਵਿਕਾਊ ਚੌਥਾ ਥੰਮ੍ਹ ਲੋਕਤੰਤਰ ਦੇ ਮੱਥੇ ਉਪਰ ਕਲੰਕ ਹੈ।
ਸੁਖਦੇਵ ਸਲੇਮਪੁਰੀ
09780620233
7 ਅਕਤੂਬਰ, 2021.