ਦਲਿਤ ਮੁੱਖ ਮੰਤਰੀ ਅਤੇ ਚੁਣੌਤੀਆਂ ✍️ ਸਲੇਮਪੁਰੀ ਦੀ ਚੂੰਢੀ -

ਦੇਸ਼ ਦੇ ਇਤਿਹਾਸ ਦੇ ਪੰਨਿਆਂ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਕਿ ਹਜਾਰਾਂ  ਸਾਲਾਂ ਤੋਂ ਸਮਾਜਿਕ, ਆਰਥਿਕ, ਅਤੇ ਰਾਜਨੀਤਕ ਵਿਤਕਰਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਦਲਿਤ ਵਰਗ ਵਿਚ ਪੰਜਾਬ ਜਿਸ ਨੂੰ ਦੇਸ਼ ਦੀ ਖੜਕ, ਖੇਡ ਅਤੇ ਖੇਤੀ ਭੁਜਾ ਦੇ ਨਾਉਂ ਨਾਲ ਜਾਣਿਆ ਜਾਂਦਾ ਹੈ, ਦਾ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਬਣਿਆ ਹੋਇਆ, ਅਤੇ ਮੁੱਖ ਮੰਤਰੀ ਵੀ ਉਹ ਇਨਸਾਨ ਬਣਿਆ ਹੋਇਆ, ਜਿਹੜਾ ਉੱਚ ਸਿੱਖਿਆ ਪ੍ਰਾਪਤ ਇਨਸਾਨ ਹੈ। ਕਿਸੇ ਦਲਿਤ ਦਾ ਮੁੱਖ ਮੰਤਰੀ ਬਣ ਜਾਣਾ, ਭਾਵੇਂ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਢਿੱਡ ਵਿਚ ਪੀੜਾ ਵੀ ਪੈਦਾ ਕਰ ਰਿਹਾ ਹੋਵੇਗਾ, ਕਿਉਂਕਿ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਕਦੀ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਦਲਿਤ ਨੂੰ ਬਣਾਉਣਾ ਨਹੀਂ ਚਾਹੁੰਦੀ।
ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਜਦੋਂ ਅਸੀਂ ਕਾਬਲੀਅਤ ਉਪਰ ਝਾਤੀ ਮਾਰਦੇ ਹਾਂ ਤਾਂ, ਵੇਖਕੇ ਦੰਗ ਰਹਿ ਜਾਈਦਾ। ਮੁੱਖ ਮੰਤਰੀ ਸ ਚੰਨੀ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਰਹੇ ਹਨ। ਉਹ ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ, ਜਦ ਕਿ ਉਹ ਹੁਣ ਤੱਕ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇੱਕ ਵਾਰ ਕਾਂਗਰਸ ਨਾਲ ਤਾਣੀ ਉਲਝ ਜਾਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਟਿਕਟ ਤੋਂ ਵੰਚਿਤ ਕਰਕੇ ਰੱਖ ਦਿੱਤਾ, ਪਰ ਚਮਕੌਰ ਸਾਹਿਬ ਦੇ ਹਲਕੇ ਵਿਚ ਉਨ੍ਹਾਂ ਦੀ ਹਰਮਨਪਿਆਰਤਾ ਹੋਣ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਅਜਾਦ ਉਮੀਦਵਾਰ ਵਜੋਂ ਖੜ੍ਹਾਕੇ ਵਿਧਾਇਕ ਬਣਾਕੇ ਵਿਧਾਨ ਸਭਾ ਵਿਚ ਭੇਜ ਦਿੱਤਾ, ਜਿਸ ਪਿੱਛੋਂ ਮੁੜ ਕਾਂਗਰਸ ਨੇ ਆਪਣੇ ਵਿਚ ਸ਼ਾਮਲ ਕਰ ਲਿਆ। ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ ਅਤੇ ਤਕਨੀਕੀ ਸਿੱਖਿਆ ਵੀ ਰਹੇ ਹਨ। ਉਹ ਇੱਕ ਸੂਝਵਾਨ ਨੇਤਾ ਅਤੇ ਉੱਚ ਸਿੱਖਿਆ ਪ੍ਰਾਪਤ ਇਨਸਾਨ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ (ਰਾਜਨੀਤੀ), ਵਕਾਲਤ ਅਤੇ ਐਮ ਬੀ ਏ ਪਾਸ ਹਨ ਅਤੇ ਇਸ ਵੇਲੇ ਉਹ ਸਿਆਸਤ ਦੇ ਰੁਝੇਵਿਆਂ ਵਿਚ ਰੁੱਝਿਆ ਹੋਣ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਵੀ ਕਰ ਰਹੇ ਹਨ। ਉਹ ਕੇਵਲ ਸਿਆਸਤ ਦੇ ਹੀ ਉੱਚ ਖਿਡਾਰੀ ਨਹੀਂ ਹਨ, ਬਲਕਿ ਇਸ ਦੇ ਨਾਲ ਨਾਲ ਉਹ ਬਾਸਕਟਬਾਲ ਦੇ ਵੀ ਚੋਟੀ ਦੇ ਖਿਡਾਰੀ ਰਹਿ ਚੁੱਕੇ ਹਨ। ਇੰਟਰ ਯੂਨੀਵਰਸਿਟੀ ਬਾਸਕਟਬਾਲ ਦੇ ਮੁਕਾਬਲੇ ਵਿਚ ਉਹ ਤਿੰਨ ਵਾਰ ਗੋਲਡ ਮੈਡਲਿਸਟ ਰਹਿ ਚੁੱਕੇ ਹਨ।
ਇਸ ਵੇਲੇ ਮੁੱਖ ਮੰਤਰੀ ਸ ਚੰਨੀ ਸਾਹਮਣੇ ਜਿਥੇ ਸੂਬੇ ਦੀ ਆਰਥਿਕ ਮੰਦਹਾਲੀ ਦਾ ਡਰਾਉਣਾ ਪਹਾੜ ਖੜ੍ਹਾ ਹੈ, ਉਥੇ ਹੀ ਉਨ੍ਹਾਂ ਨੂੰ ਆਪਣੀ ਹੀ ਕਾਂਗਰਸ ਪਾਰਟੀ ਨੂੰ ਇਕ ਮੰਚ 'ਤੇ ਲਿਆ ਕੇ ਖੜ੍ਹਾ ਕਰਨਾ ਬਹੁਤ ਵੱਡਾ ਚੁਣੌਤੀ ਹੈ। ਦਲਿਤਾਂ ਕਹਿਣਾ ਹੈ ਕਿ ਸ਼ੁਕਰ ਹੈ ਕਿ ਕਾਂਗਰਸ  ਨੂੰ 75 ਸਾਲ ਬਾਅਦ ਦਲਿਤ ਮੁੱਖ ਮੰਤਰੀ ਬਣਾਉਣ ਦੀ ਯਾਦ ਆਈ ਹੈ। ਇਥੇ ਹੀ ਬਸ ਨਹੀਂ ਕਾਂਗਰਸ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਅਤੇ ਅਫ਼ਸਰਸ਼ਾਹੀ ਜਿਨ੍ਹਾਂ ਦੀ ਜਾਤ-ਪਾਤ ਨੂੰ ਲੈ ਕੇ ਬਿਮਾਰ ਮਾਨਸਿਕਤਾ ਹੈ, ਦੇ ਨਾਲ ਵੀ ਨਾਲੋ ਨਾਲ ਨਜਿੱਠਣ ਲਈ ਤਕੜੇ ਹੋ ਕੇ ਰਹਿਣਾ ਪਵੇਗਾ। ਦਲਿਤ ਮੁੱਖ ਮੰਤਰੀ ਨੂੰ ਅਹੁਦਾ ਮਿਲਦਿਆਂ ਹੀ ਢੇਰ ਸਾਰੀਆਂ ਚੁਣੌਤੀਆਂ ਪਰੋਸੀਆਂ ਮਿਲੀਆਂ ਹਨ ਅਤੇ ਇੰਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਮੁੱਖ ਮੰਤਰੀ ਨੇ ਕਿਵੇਂ ਕਰਨਾ ਹੈ, ਇੱਕ ਵੱਡੀ ਚੁਣੌਤੀ ਹੈ। ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ, ਕਿਸਾਨਾਂ ਅਤੇ ਦਲਿਤਾਂ ਲਈ 85 ਵੀੰ ਸੰਵਿਧਾਨਿਕ ਸੋਧ ਨੂੰ ਲਾਗੂ ਕਰਨ ਸਮੇਤ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਮੁੱਖ ਮੰਤਰੀ ਲਈ ਗੰਭੀਰ ਸਮੱਸਿਆ ਹੈ, ਪਰ ਸੂਬੇ ਦੇ ਲੋਕਾਂ ਨੂੰ ਉਮੀਦ ਹੈ ਕਿ , ਉਹ ਉਨ੍ਹਾਂ ਦੀਆਂ ਉਮੀਦਾਂ ਉਪਰ ਖਰਾ ਉਤਰਨਗੇ।
-ਸੁਖਦੇਵ ਸਲੇਮਪੁਰੀ
09780620233
19 ਸਤੰਬਰ, 2021.