ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ ਰੂਪਮਾਨ ਕਰੇਗੀ। ਪਿਆਰ ਮੁਹੱਬਤ ਦੀ ਇਸ ਨਿਵੇਕਲੀ ਕਹਾਣੀ ਨੂੰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਪਰਦੇ ‘ਤੇ ੳਤਾਰਿਆ ਹੈ। ‘ਸ਼੍ਰੀ ਨਰੋਤਮ ਜੀ ਸਟੂਡੀਓਜ਼’ ਦੇ ਬੈਨਰ ਹੇਠ ਨਿਰਮਾਤਾ ਜੋੜੀ ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੀ ਇਸ ਫ਼ਿਲਮ ਨੂੰ ‘ਜੀ ਸਟੂਡੀਓਜ਼’ ਵਲੋਂ ਪੇਸ਼ ਕੀਤਾ ਗਿਆ ਹੈ। ਪਹਿਲੀ ਫ਼ਿਲਮ ਦੀ ਗੱਲ ਕਰੀਏ ਤਾਂ 2018 ‘ਚ ਰਿਲੀਜ਼ ਹੋਈ ‘ਕਿਸਮਤ’ ਨੇ ਵਿਆਹ ਕਲਚਰ ਤੇ ਕਾਮੇਡੀ ਸਿਨਮੇ ਤੋਂ ਅੱਕੇ ਦਰਸ਼ਕਾਂ ਨੂੰ ਰੁਮਾਂਟਿਕਤਾ ਭਰੇ ਸੰਗੀਤਕ ਸਿਨਮੇ ਨਾਲ ਜੋੜਿਆ। ਅਚਾਨਕ ਆਈ ਇਸ ਫ਼ਿਲਮ ਦੀ ਕਹਾਣੀ ਅਤੇ ਗੀਤ-ਸੰਗੀਤ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪਹਿਲੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ਵਿੱਚ ‘ਕਿਸਮਤ 2’ ਦੀ ਕਲਪਨਾ ਸ਼ੁਰੂ ਹੋਣੀ ਲਾਜ਼ਮੀ ਸੀ, ਜਿਸਨੂੰ ਪੂਰਾ ਕਰਨ ਲਈ ਫ਼ਿਲਮ ਦੀ ਪੂਰੀ ਟੀਮ ਵਲੋਂ ਮੇਹਨਤ ਕੀਤੀ ਗਈ। ਗੀਤਕਾਰ ਜਾਨੀ ਦੇ ਲਿਖੇ ਗੀਤਾਂ ਨੂੰ ਬੀ ਪਰਾਕ ਨੇ ਸੰਗੀਤਬੱਧ ਕੀਤਾ। ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਨੂੰ ਜਬਰਦਸ਼ਤ ਡਾਇਲਾਗਾਂ ਨਾਲ ਸ਼ਿੰਗਾਰਿਆ, ਜੋ ਹੁਣ 23 ਸਤੰਬਰ ਤੋਂ ਦਰਸ਼ਕ ਸਿਨੇਮਾ ਘਰਾਂ ‘ਚ ਵੇਖਣਗੇ। ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ ‘ਐਮੀ ਵਿਰਕ ਤੇ ਸਰਗੁਣ ਮਹਿਤਾ’ ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ਫ਼ਿਲਮ ਦਾ ਸੰਗੀਤ ਵੀ ਬਹੁਤ ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਉਨ੍ਹਾਂ ਨੂੰ ਸੌ ਫ਼ੀਸਦੀ ਯਕੀਂ ਹੈ ਕਿ ‘ਕਿਸਮਤ 2 ’ ਦਰਸ਼ਕਾਂ ਦੀ ਪਸੰਦ ਬਣੇਗੀ। ਦਰਸ਼ਕਾਂ ਦੀ ਪਸੰਦ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਿਨੇਮੇ ਦਾ ਨਿਰਮਾਣ ਕਰਨਾ ਉਨਾਂ ਨੂੰ ਚੰਗਾ ਲੱਗਦਾ ਹੈ। ਅੰਕਿਤ ਵਿਜਨ ਤੇ ਨਵਦੀਪ ਨਰੂਲਾ ਦੇ ਮੁਤਾਬਕ ਉਨਾਂ ਨੂੰ ਪੂਰੀ ਊਮੀਦ ਹੈ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਰੁਮਾਂਟਿਕ ਜੋੜੀ ਵਾਲੀ ‘ਕਿਸਮਤ 2’ ਇਕ ਨਵਾਂ ਇਤਿਹਾਸ ਬਣਾਵੇਗੀ ਤੇ ਪਹਿਲੀ ਫ਼ਿਲਮ ਵਾਂਗ ਵੱਡੀ ਸਫ਼ਲਤਾ ਨੂੰ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਦਰਜ਼ ਕਰਵਾਏਗੀ। ਸਾਡੀ ਟੀਮ ਨੇ ਇਸ ਫ਼ਿਲਮ ਨੂੰ ਮਹਾਨ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਫ਼ਿਲਮ ਦਾ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹੈ। ਫ਼ਿਲਮ ‘ਚ ਐਮੀ ਵਿਰਕ, ਸਰਗੁਣ ਮਹਿਤਾ, ਤਾਨੀਆ, ਹਰਦੀਪ ਗਿੱਲ, ਸਤਵੰਤ ਕੌਰ, ਅੰਮ੍ਰਿਤ ਅੰਬੇ, ਬਲਵਿੰਦਰ ਬੁਲਟ ਆਦਿ ਕਲਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ । ਗੀਤ ਜਾਨੀ ਨੇ ਲਿਖੇ ਹਨ।
ਹਰਜਿੰਦਰ ਸਿੰਘ ਜਵੰਦਾ