ਦੋਸਤੋਂ ਇੱਕ ਚੰਗਾ ਵਿਦਿਆਰਥੀ ਉਹ ਹੁੰਦਾ ਹੈ ਜੋ ਸਖਤ ਮਿਹਨਤ ਲਗਨ ਨਾਲ ਵਿੱਦਿਆ ਹਾਸਿਲ ਕਰਕੇ ਆਪਣੇ ਟੀਚੇ ਮਿੱਥ ਕੇ ਮੰਜਿਲ ਦੀ ਪ੍ਰਾਪਤੀ ਵੱਲ ਵੱਧਦਾ ਹੈ।ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ।ਵਿਦਿਆਰਥੀ ਦਾ ਮੁੱਖ ਕਰਤੱਵ ਵਿੱਦਿਆ ਪ੍ਰਾਪਤ ਕਰਨਾ ਤੇ ਕੁੱਝ ਸਿੱਖਣਾ ਹੈ । ਇਹ ਹੀ ਉਮਰ ਸਿੱਖਣ ਦੀ ਹੁੰਦੀ ਹੈ । ਉਨ੍ਹਾਂ ਨੂੰ ਆਪਣਾ ਕੀਮਤੀ ਸਮਾਂ ਫ਼ਜੂਲ ਕੰਮਾਂ ਵਿਚ ਲਾ ਕੇ ਨਸ਼ਟ ਨਹੀਂ ਕਰਨਾ ਚਾਹੀਦਾ । ਪੜ੍ਹਾਈ ਵਲ ਧਿਆਨ ਨਾ ਦੇਣਾ ਕੋਈ ਸਿਆਣਪ ਨਹੀਂ ਆਖੀ ਜਾਂਦੀ ।ਇੱਕ ਚੰਗੇ ਵਿਦਿਆਰਥੀ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਆਪਣਾ ਵਿਹਾਰ ਪਿਆਰ ਤੇ ਸਤਿਕਾਰ ਵਾਲਾ ਰੱਖਣਾ ਚਾਹੀਦਾ ਹੈ।ਅਕਸਰ ਹੀ ਦੇਖਿਆਂ ਜਾਂਦਾ ਹੈ ਉਹੀ ਵਿਦਿਆਰਥੀ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਖ਼ਤ ਮਿਹਨਤ ਕੀਤੀ ਹੈ ਤੇ ਭਾਰਤ ਨੂੰ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ, ਜੋ ਆਪਣੀ ਮਿਹਨਤ ਨਾਲ ਪਛੜੇ ਦੇਸ਼ ਨੂੰ ਤਰੱਕੀ ਦੀ ਟੀਸੀ `ਤੇ ਲੈ ਜਾਣ। ਵੱਡਿਆਂ ਅਤੇ ਗੁਰੂਆਂ ਦਾ ਆਦਰ ਕਰਨ ਵਾਲਾ, ਨਿਯਮਬੱਧ ਅਤੇ ਮਿਹਨਤੀ ਨੌਜਵਾਨ ਹੀ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਦਾ ਹੈ।ਰੌਜਾਨਾ ਦੀ ਜ਼ਿੰਦਗੀ ਵਿੱਚ ਦੇਖਿਆਂ ਜਾਂਦਾ ਹੈ ਕਿ ਕਈ ਵਿਦਿਆਰਥੀ ਅਸਫਲ ਹੋ ਜਾਂਦੇ ਹਨ ਤੇ ਛੇਤੀ ਹੀ ਹੌਸਲਾ ਹਾਰ ਜਾਂਦੇ ਹਨ ਜੋ ਤਰੱਕੀਆਂ ਦੀਆਂ ਲੀਹਾਂ ਤੋਂ ਮੁੱਖ ਮੋੜ ਲੈਂਦੇ ਹਨ।ਪਰ ਸਫਲ ਵਿਦਿਆਰਥੀ ਬਣਨ ਲਈ ਮਿਹਨਤ, ਅਨੁਸ਼ਾਸਨ, ਸਮੇਂ ਦੇ ਪਾਬੰਦ,ਇੱਕ ਸਕਾਰਾਤਮਕ ਰਵੱਈਆ, ਅਤੇ ਹੋਰ ਬਹੁਤ ਸਾਰੇ ਗੁਣ ਹੋਣੇ ਜ਼ਰੂਰੀ ਹਨ।ਇਹ ਸਾਰੇ ਚੰਗੇ ਗੁਣਾਂ ਦਾ ਉਪਯੋਗ ਵਿਦਿਆਰਥੀ ਨੂੰ ਨਿਸ਼ਚਤ ਤੌਰ 'ਤੇ ਇਕ ਵਧੀਆ ਵਿਦਿਆਰਥੀ ਬਣਾ ਦੇਵੇਗਾ।
ਇੱਕ ਚੰਗਾ ਵਿਦਿਆਰਥੀ ਹੀ ਬੁਰੀ ਸੰਗਤ ਤੋਂ ਬੱਚਦਾ ਅਤੇ ਚੰਗੇ ਆਚਰਣ ਵਾਲੇ ਗੁਣ ਗ੍ਰਹਿਣ ਕਰਦਾ ਹੈ।
ਇਸ ਕਰਕੇ ਚੰਗਾ ਵਿਦਿਆਰਥੀ ਉਹੀ ਹੈ, ਜੋ ਸਕੂਲਾਂ ਅਤੇ ਕਾਲਜਾਂ ਵਿਚ ਮਿਲਣ ਵਾਲੀ ਵਿੱਦਿਆ ਦੇ ਮਹੱਤਵ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ ਦੇ ਘੋਲ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪਣਾ ਇਹ ਜੀਵਨ ਇਕ ਸਾਧ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਸ ਦੇ ਇਸ ਜੀਵਨ ਉੱਪਰ ਹੀ ਉਸ ਦੀ ਆਉਣ ਵਾਲੀ ਜ਼ਿੰਦਗੀ ਦੀ ਰੂਪ-ਰੇਖਾ ਉਸਰੇਗੀ।ਇੱਕ ਚੰਗਾ ਵਿਦਿਆਰਥੀ ਹਮੇਸ਼ਾ ਹੀ ਆਪਣੇ ਭਵਿੱਖ ਲਈ ਚਿੰਤਤ ਰਹਿੰਦਾ ਹੈ।
ਮਿੱਠਾ ਬੋਲਣਾ ਚੰਗੇ ਵਿਦਿਆਰਥੀ ਦਾ ਗੁਣ ਹੈ। ਉਸ ਨੂੰ ਵੱਡਿਆਂ-ਛੋਟਿਆਂ ਨਾਲ ਬੋਲਦੇ ਸਮੇਂ ਆਪਣੇ ਮੂੰਹ ਵਿਚੋਂ ਨਿਕਲਦੇ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਮਿੱਠਤ ਅਤੇ ਨਿਮਰਤਾ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ।ਕਹਿੰਦੇ ਹਨ ਕਿ ਮਿੱਠਾ ਬੋਲਣ ਨਾਲ ਹਰ ਇੱਕ ਦਾ ਦਿਲ ਜਿੱਤਿਆ ਜਾ ਸਕਦਾ ਹੈ।
ਵਿਦਿਆਰਥੀ ਇਕ ਪਾਠ-ਪੁਸਤਕਾਂ ਪੜ੍ਹਨ ਵਾਲਾ ਕਿਤਾਬੀ-ਕੀੜਾ ਨਹੀਂ ਬਣਨਾ ਚਾਹੀਦਾ । ਅਸਲ ਵਿਚ ਆਪਣੀਆਂ ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਪੁਸਤਕਾਂ ਤੇ ਅਖ਼ਬਾਰਾਂ ਰਸਾਲਿਆਂ ਨੂੰ ਪੜ੍ਹ ਕੇ ਵਿਦਿਆਰਥੀ ਨੂੰ ਰਾਜਨੀਤੀ, ਅਰਥ-ਵਿਗਿਆਨ ਤੇ ਵਿਗਿਆਨ ਦੀਆਂ ਨਵੀਨ ਕਾਢਾਂ ਸੰਬੰਧੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਪਰ ਉਸ ਨੂੰ ਸਰਗਰਮ ਹੋ ਕੇ ਰਾਜਨੀਤੀ ਵਿਚ ਵੀ ਹਿੱਸਾ ਲੈਣਾ ਚਾਹੀਦਾ ਤੇ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਰਾਜਨੀਤੀ ਦੇ ਸਿਧਾਂਤਾਂ ਨੂੰ ਪੜ੍ਹਨ, ਵੱਖ-ਵੱਖ ਲਹਿਰਾਂ, ਰਾਜਸੀ ਪਾਰਟੀਆਂ ਤੇ ਸੰਸਾਰ ਰਾਜਨੀਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਲਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਉਹ ਆਪਣੀ ਪੜ੍ਹਾਈ ਸਮਾਪਤ ਕਰ ਕੇ ਸਕੂਲ ਜਾਂ ਕਾਲਜ ਵਿਚੋਂ ਬਾਹਰ ਆਵੇ, ਤਾਂ ਉਹ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਪੂਰੀ ਤਰ੍ਹਾਂ ਯੋਗ ਹੋਵੇ । ਅਜਿਹੇ ਰਾਜਨੀਤੀਵੇਤਾ ਦਾ ਰਾਜਸੀ ਘੋਲ, ਸੰਘਰਸ਼ ਤੇ ਅਗਵਾਈ ਲੋਕਾਂ ਲਈ ਤੇ ਦੇਸ਼ ਲਈ ਕਲਿਆਣਕਾਰੀ ਸਾਬਤ ਹੋ ਸਕਦੀ ਹੈ ।ਇੱਕ ਚੰਗਾ ਵਿਦਿਆਰਥੀ ਇੱਕ ਚੰਗਾ ਨੇਤਾ (ਲੀਡਰ)ਹੋਣਾ ਚਾਹੀਦਾ ਹੈ।ਚੰਗੇ ਵਿਦਿਆਰਥੀ ਵਿੱਚ ਨੈਤਿਕਾਂ ਮੁੱਲਾਂ ਦਾ ਹੋਣਾ ਜ਼ਰੂਰੀ ਹੈ।ਜਿਵੇ ਕਿ ਸੱਚਾਈ,ਇਮਾਨਦਾਰੀ ,ਨੇਕੀ,ਵੱਡਿਆਂ ਦਾ ਸਤਿਕਾਰ ਆਦਿ।ਚੰਗੇ ਵਿਦਿਆਰਥੀ ਨੂੰ ਆਪਣਾ ਸਮਾਂ ਬੇਕਾਰ ਨਹੀਂ ਗੁਆਉਣਾ ਚਾਹੀਦਾ। ਉਸ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਹਰ ਕੰਮ ਲਈ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।ਇੱਕ ਚੰਗਾ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਬਣ ਸਕਦਾ ਹੈ।ਵਿਦਿਆਰਥੀ ਨੂੰ ਅਨੁਸ਼ਾਸਨ ਦਾ ਪਾਬੰਦ ਵੀ ਹੋਣਾ ਚਾਹੀਦਾ ਹੈ।ਉਸ ਨੂੰ ਆਪਣੇ ਸਾਰੇ ਕੰਮ ਨੇਮ ਨਾਲ ਕਰਨ ਦੇ ਨਾਲ ਨਾਲ ਸਕੂਲ ਜਾਂ ਕਾਲਜ ਵਿਚ ਬਣੇ ਨੇਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।ਅਧਿਆਪਕਾਂ ਨੂੰ ਹਮੇਸ਼ਾ ਸਤਿਕਾਰ ਦੇਣ ਵਾਲਾ ਤੇ ਸਮਾਜ ਦੀ ਸੇਵਾ ਕਰਨ ਵਾਲਾ ਵਿਦਿਆਰਥੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ।ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਇਹ ਸਮਾਂ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਬਣਾਉਣ, ਆਪਣੀ ਸਿਹਤ ਨੂੰ ਚੰਗਾ ਬਣਾਉਣ, ਸਮਾਜ ਸੇਵਾ ਕਰਨ, ਅਨਪੜ੍ਹਤਾ ਨੂੰ ਦੂਰ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਵਿਚ ਗੁਜ਼ਾਰਨ ਤੇ ਆਪਣੇ ਆਪ ਨੂੰ ਭਵਿੱਖ ਵਿਚ ਜ਼ਿੰਮੇਵਾਰ ਰਾਜਸੀ ਆਗੂ ਬਣਾਉਣ ਲਈ ਤਿਆਰ ਕਰਨ ਕਿਉਂਕਿ ਇਸ ਵਿਚ ਹੀ ਵਿਦਿਆਰਥੀ ਜਮਾਤ ਸੁਮੱਚੀ ਨੌਜਵਾਨ ਪੀੜੀ ਤੇ ਦੇਸ਼ ਦਾ ਭਲਾ ਹੈ ।ਵਰਤਮਾਨ ਸਾਡੇ ਦੇਸ਼ ਦੇ ਜੋ ਹਾਲਾਤ ਹਨ ਹੁਣ ਸਾਨੂੰ ਆਪਣੇ ਦੇਸ਼ ਦੇ ਲਈ ਕੁੱਝ ਕਰਨਾ ਚਾਹੀਦਾ ਹੈ ਤੇ ਦੇਸ਼ ਲਈ ਕੁੱਝ ਕਰਨ ਵਿਚ ਜੋ ਹਿੱਸਾ ਇਕ ਚੰਗਾ ਪੜਿਆ ਲਿਖਿਆ ਵਿਅਕਤੀ ਕਰ ਸਕਦਾ ਹੈ, ਉਹ ਇਕ ਅਨਪੜ੍ਹ ਜਾਂ ਅੱਧ-ਪੜਿਆ ਨਹੀਂ ਕਰ ਸਕਦਾ । ਜਿਸ ਆਦਮੀ ਵਿਚ ਸਿਆਣਪ, ਗੰਭੀਰਤਾ ਤੇ ਤਜਰਬਾ ਨਹੀਂ ਹੁੰਦਾ।ਅੱਜ ਪੰਜਾਬ ਦੀ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਪੰਜਾਬ ਦੇ ਹਰ ਇੱਕ ਵਰਗ ਨੂੰ ਲੋਕ-ਤੰਤਰੀ ਸਰਕਾਰ ਤੋ ਵੀ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ਼ਣਾ ਪੈ ਰਿਹਾ ਹੈ।ਪੰਜਾਬ ਦੇ ਨੌਜਵਾਨ ਪੜ ਲਿਖ ਕੇ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਅੱਜ ਸੜਕਾਂ ‘ਤੇ ਹਨ।ਪ੍ਰਸ਼ਾਸਨ ਵੱਲੋਂ ਇਹਨਾਂ ਆਉਣ ਵਾਲੇ ਭਵਿੱਖਤ ਅਧਿਆਪਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।ਸੋ ਅੱਜ ਦਾ ਨੌਜਵਾਨ ਵਿਦਿਆਰਥੀ ਵਰਗ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਸਕਦਾ ਹੈ ਤੇ ਆਪਣੇ ਹੱਕਾਂ ਲਈ ਸਰਕਾਰ ਨੂੰ ਜਾਗਰੂਕ ਕਰ ਸਕਦਾ ਹੈ।
ਗਗਨਦੀਪ ਧਾਲੀਵਾਲ ।