You are here

ਲੋਕਾਂ ਨੇ 53 ਕਿਲੋਮੀਟਰ ਤੱਕ ਧੁੱਸੀ ਬੰਨ੍ਹ ਕੀਤਾ ਮਜ਼ਬੂਤ

ਕੰਮ ਚਾਹੇ ਭੁੱਖੀਆ ਨੂੰ ਰੋਟੀ ਦੇਣ ਦਾ, ਚਾਹੇ ਬੰਨ ਬੰਨਣ ਦਾ, ਸਰਕਾਰ ਦੇ ਕੰਮ ਲੋਕਾਂ ਨੇ ਲਏ ਆਪਣੇ ਜੁੰਮੇ

ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਇੱਕ ਹੋਰ ਬਹੁਤ ਹੀ ਜਰੂਰੀ ਕੰਮ ਲੋਕਾਂ ਦੀ ਮਦਦ ਨਾਲ ਪੂਰਾ

ਸ਼ਾਹਕੋਟ, ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਕਿਸਾਨਾਂ ਨੇ ਹਿੰਮਤ ਮਾਰ ਕੇ 53 ਕਿਲੋਮੀਟਰ ਤੱਕ ਮਜ਼ਬੂਤ ਕਰ ਲਿਆ ਹੈ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵਾਤਾਵਰਨ ਪ੍ਰਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 30 ਜਨਵਰੀ ਤੋਂ ਕਾਰ ਸੇਵਾ ਲਗਾਤਾਰ ਚੱਲ ਰਹੀ ਹੈ। ਇਲਾਕੇ ਦੇ ਲੋਕਾਂ ਨੇ ਲਾਕਡਾਊਨ ਸਮੇਂ ਦੌਰਾਨ ਸਤਲੁਜ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰਕੇ ਜਿੱਥੇ ਅੌਸਤਨ ਢਾਈ ਫੁੱਟ ਤੱਕ 53 ਕਿਲੋਮੀਟਰ ਤੱਕ ਦਾ ਬੰਨ੍ਹ ਉੱਚਾ ਕੀਤਾ ਹੈ, ਉੱਥੇ 25 ਫੁੱਟ ਤੱਕ ਚੌੜਾ ਵੀ ਕਰ ਲਿਆ ਹੈ ਜਿਹੜਾ ਕਿ ਪਹਿਲਾਂ 12 ਤੋਂ 15 ਫੁੱਟ ਤੱਕ ਸੀ।

ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬ੍ਹਾਮਣੀਆਂ ਤੋਂ ਗਿੱਦੜਪਿੰਡੀ ਤੱਕ 27 ਕਿਲੋਮੀਟਰ। ਚਿੱਟੀ ਵੇਈਂ ਵਾਲਾ ਬੰਨ੍ਹ 8 ਕਿਲੋਮੀਟਰ ਤੱਕ, ਦਰਿਆ ਦੇ ਲਹਿੰਦੇ ਵਾਲੇ ਪਾਸੇ ਮੁਰਾਦਵਾਲਾ ਤੱਕ 4 ਕਿਲੋਮੀਟਰ, ਦਾਰੇਵਾਲ ਤੋਂ ਕਾਲੀ ਵੇਈਂ ਦੇ ਬੰਨ੍ਹ ਆਲੋਵਾਲ ਤੱਕ 8 ਕਿਲੋਮੀਟਰ ਅਤੇ ਮਾਲਵੇ ਵਾਲੇ ਪਾਸੇ 6 ਕਿਲੋਮੀਟਰ ਤੱਕ ਬੰਨ੍ਹ 'ਤੇ ਮਿੱਟੀ ਪਾ ਕੇ ਮਜ਼ਬੂਤ ਕੀਤਾ ਗਿਆ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰ ਸੇਵਾ ਵਿੱਚ ਮਿਲੀ ਕਾਮਯਾਬੀ ਪਿੱਛੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ ਅਗਵਾਈ ਨੇ ਵੱਡੀ ਭੂਮਿਕਾ ਨਿਭਾਈ ਹੈ ਤੇ ਸਾਰੇ ਕੰਮ ਵਿੱਚ ਪਾਰਦਰਸ਼ਤਾ ਰੱਖੀ ਗਈ ਹੈ। ਸਤਲੁਜ ਦਰਿਆ ਦੇ ਕੰਢੇ 'ਤੇ ਵਸਣ ਵਾਲੇ ਲੋਕ ਜਿਨ੍ਹਾਂ ਦੀਆਂ ਫਸਲਾਂ ਹੜ੍ਹਾਂ ਨਾਲ ਤਬਾਹ ਹੋ ਜਾਂਦੀਆਂ ਸਨ, ਨੇ ਪ੍ਰਤੀ ਏਕੜ 500 ਰੁਪਏ ਚੱਲ ਰਹੇ ਟਿੱਪਰਾਂ ਅਤੇ ਕਰੇਨਾਂ ਵਿੱਚ ਡੀਜ਼ਲ ਪਾਉਣ ਲਈ ਦਿੱਤੇ ਸਨ ਜਿਸ ਦੌਰਾਨ 1 ਕਰੋੜ 25 ਲੱਖ ਤੋਂ ਵੱਧ ਦਾ ਡੀਜ਼ਲ ਲੱਗ ਚੁੱਕਾ ਹੈ। ਟਿੱਪਰਾਂ ਅਤੇ ਕਰੇਨਾਂ ਦਾ ਕਿਰਾਇਆ ਵੀ ਲੱਖਾਂ ਵਿੱਚ ਆਇਆ ਹੈ। ਸਾਰੇ ਹਿਸਾਬ -ਕਿਤਾਬ ਨੂੰ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਰੱਖਿਆ ਜਾ ਰਿਹਾ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਨੇਪਰੇ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਚੱਲ ਰਹੀ ਕਾਰ ਸੇਵਾ ਦੌਰਾਨ ਕਈ ਵਾਰ ਆ ਕੇ ਲੋਕਾਂ ਦਾ ਹੌਸਲਾ ਅਫਜ਼ਾਈ ਕਰਦੇ ਰਹੇ ਹਨ।

ਸੰਤ ਸੀਚੇਵਾਲ ਨੇ ਦੱਸਿਆ ਕਿ 19 ਅਗਸਤ 2019 ਨੂੰ ਆਏ ਹੜ੍ਹਾਂ ਦਾ ਮੁੱਖ ਕਾਰਨ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠਾਂ ਜੰਮੀ ਗਾਰ ਹੀ ਸੀ ਜਿਹੜੀ ਕਿ 12 ਤੋਂ 18 ਫੁੱਟ ਤੱਕ ਜੰਮੀ ਹੋਈ ਸੀ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੜ੍ਹਾਂ ਦੌਰਾਨ ਧੁੱਸੀ ਬੰਨ੍ਹ ਥਾਂ-ਥਾਂ ਤੋਂ ਟੁੱਟ ਗਿਆ ਸੀ। ਜਾਣੀਆਂ ਚਾਹਲ ਵਾਲਾ ਬੰਨ੍ਹ ਮਜ਼ਬੂਤ ਕਰਨ ਤੋਂ ਬਾਅਦ ਉਨ੍ਹਾਂ ਨੇ ਪੀੜਤ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਤਾਂ ਜੋ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠੋਂ ਮਿੱਟੀ ਕੱਢੀ ਜਾ ਸਕੇ ਅਤੇ ਦੁਬਾਰਾ ਤੋਂ ਉਹ ਭਿਆਨਕ ਮੰਜ਼ਰ ਨਾ ਦੇਖਣਾ ਪਵੇ। ਇਸ ਪੁਲ ਦੇ 21 ਦਰੇ ਹਨ ਜਿਨ੍ਹਾਂ 'ਚੋਂ ਅੱਧੇ ਸਾਫ਼ ਹੋ ਚੁੱਕੇ ਹਨ ਤੇ ਰਹਿੰਦੇ ਦਰਾਂ ਨੂੰ ਸਾਫ ਕਰਨ ਦੀ ਕਾਰ ਸੇਵਾ ਜਾਰੀ ਹੈ।