ਚੰਡੀਗੜ, ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)
ਵੀਰਵਾਰ ਨੂੰ ਪੰਜਾਬ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 77 ਪਾਜ਼ੇਟਿਵ ਕੇਸ ਸਾਹਮਣੇ ਆਏ। ਕੁੱਲ ਮੌਤਾਂ ਦੀ ਗਿਣਤੀ 62 ਹੋ ਗਈ ਹੈ। ਇਸ ਤੋਂ ਪਹਿਲਾਂ ਚਾਰ ਵਾਰ ਇਕ ਹੀ ਦਿਨ ਵਿਚ ਤਿੰਨ-ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਹੁਣ ਤਕ 2997 ਪਾਜ਼ੇਟਿਵ ਕੇਸ ਆ ਚੁੱਕੇ ਹਨ। ਵੀਰਵਾਰ ਨੂੰ 27 ਹੋਰ ਲੋਕ ਸਿਹਤਯਾਬ ਹੋ ਗਏ। ਸੂਬੇ ਵਿਚ ਹੁਣ ਤਕ 2259 ਲੋਕ ਤੰਦਰੁਸਤ ਹੋ ਚੁੱਕੇ ਹਨ। ਹੁਣ ਸਿਰਫ਼ 676 ਐਕਟਿਵ ਕੇਸ ਬਚੇ ਹਨ। ਸਿਹਤਯਾਬ ਹੋਣ ਵਾਲਿਆਂ ਦੀ ਦਰ 75.37 ਫ਼ੀਸਦੀ ਹੈ।
ਅੰਮਿ੍ਤਸਰ ਵਿਚ ਕੋਰੋਨਾ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। 62 ਸਾਲਾ ਔਰਤ ਤੇ 63 ਤੇ 70 ਸਾਲਾ ਦੋ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਜ਼ਿਲ੍ਹੇ ਵਿਚ 14 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਬੀਐੱਸਐੱਫ ਦੇ ਜਵਾਨ ਵੀ ਸ਼ਾਮਲ ਹਨ। ਇਹ ਪਿਛਲੇ ਦਿਨੀਂ ਹੈਦਰਾਬਾਦ ਤੋਂ ਯੂਨਿਟ ਦੇ ਨਾਲ ਆਏ ਸਨ। ਇਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। 14 'ਚੋਂ 11 ਮਰੀਜ਼ ਕਿਵੇਂ ਇਨਫੈਕਟਿਡ ਹੋਏ, ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਹੈ।
ਲੁਧਿਆਣੇ ਦੇ ਇਕ ਮਰੀਜ਼ ਨੇ ਚੰਡੀਗੜ੍ਹ 'ਚ ਦਮ ਤੋੜ ਦਿੱਤਾ, ਜਦਕਿ ਇਕ ਪੁਲਿਸ ਮੁਲਾਜ਼ਮ ਸਮੇਤ 13 ਲੋਕ ਪਾਜ਼ੇਟਿਵ ਪਾਏ ਗਏ। ਵੀਰਵਾਰ ਨੂੰ ਸਭ ਤੋਂ ਜ਼ਿਆਦਾ ਪਠਾਨਕੋਟ ਵਿਚ 19 ਕੇਸ ਆਏ ਜਿਨ੍ਹਾਂ 'ਚ 25 ਸਾਲਾ ਤੇ ਉਸ ਦੀਆਂ ਤਿੰਨ ਤੇ ਛੇ ਸਾਲ ਦੀਆਂ ਬੇਟੀਆਂ ਸ਼ਾਮਲ ਹਨ। ਜਦਕਿ ਜਲੰਧਰ ਵਿਚ 12 ਨਵੇਂ ਕੇਸ ਆਏ। ਸੰਗਰੂਰ ਵਿਚ ਛੇ, ਰੂਪਨਗਰ ਤੇ ਪਟਿਆਲੇ 'ਚ ਵਿਚ ਚਾਰ-ਚਾਰ, ਮੋਹਾਲੀ ਤੇ ਜਲੰਧਰ ਵਿਚ ਤਿੰਨ-ਤਿੰਨ, ਮੋਗਾ, ਨਵਾਂਸ਼ਹਿਰ, ਫਾਜ਼ਿਲਕਾ ਤੇ ਤਰਨਤਾਰਨ ਵਿਚ ਦੋ-ਦੋ ਅਤੇ ਬਠਿੰਡਾ, ਗੁਰਦਾਸਪੁਰ ਤੇ ਮੁਕਤਸਰ ਵਿਚ ਇਕ-ਇਕ ਕੇਸ ਸਾਹਮਣੇ ਆਇਆ।