ਖਟਿਆਸ ਤੇ ਮਠਿਆਸ ਨਾਲ ਭਰਿਆ ਹੁੰਦਾ ਹੈ -ਨਨਾਣ ਭਰਜਾਈ ਦਾ ਰਿਸ਼ਤਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਹਰੇ ਹਰੇ ਬਾਗ਼ਾਂ ਵਿੱਚ ਉੱਚੀਆਂ ਹਵੇਲੀਆਂ ….
ਨਨਾਣ ਤੇ ਭਰਜਾਈ ਆਪਾ ਗੂੜ੍ਹੀਆਂ ਸਹੇਲੀਆਂ ….

ਦੋਸਤੋਂ ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਸਮਾਜ ਵਿੱਚ ਵਿਚਰਦਿਆਂ ਕਈ ਰਿਸ਼ਤੇ ਨਿਭਾਉਂਦਾ ਹੈ ।ਇੱਕ ਔਰਤ ਵੀ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ ਜਿਵੇਂ ਕਿ ਮਾਂ,ਧੀ,ਭੈਣ,ਪਤਨੀ ,ਨੂੰਹ-ਸੱਸ,ਨਨਾਣ-ਭਰਜਾਈ ਆਦਿ ।ਦੋਸਤੋਂ ਇੰਨਾਂ ਰਿਸ਼ਤਿਆਂ ਵਿੱਚੋਂ ਇੱਕ ਅਨੋਖਾ ਰਿਸ਼ਤਾ ਨਨਾਣ-ਭਰਜਾਈ ਦਾ ਹੁੰਦਾ ਹੈ ਜੋ ਕਿ ਅਪਣਾਪੱਤ ,ਪਿਆਰ ,ਖਟਿਆਸ -ਮਠਿਆਸ ਨਾਲ ਭਰਿਆ ਹੁੰਦਾ ਹੈ।ਦੋਸਤੋਂ ਪਤੀ ਦੀ ਭੈਣ ਨੂੰ ਨਣਦ ਆਖਿਆ ਜਾਂਦਾ ਹੈ। ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਦੀ ਹੈ ਤਾਂ ਉਸਨੂੰ ਕਈ ਰਿਸ਼ਤੇ ਨਿਭਾਉਣੇ ਪੈਂਦੇ ਹਨ।ਉਹ ਇੱਕ ਰਿਸ਼ਤਾ ਨਨਾਣ-ਭਰਜਾਈ ਦਾ ਵੀ ਨਿਭਾਉਂਦੀ ਹੈ।ਪਰ ਇਹ ਰਿਸ਼ਤਾ ਹੁਣ ਕੁੱਝ ਬਦਲ ਗਿਆ ਹੈ ਹੁਣ ਭਾਬੀ ਸ਼ਬਦ ਬਹੁਤ ਘੱਟ ਵਰਤਿਆਂ ਜਾਂਦਾ ਹੈ ਹੁਣ ਭਾਬੀ ਨੂੰ ਦੀਦੀ ਕਹਿ ਦਿੱਤਾ ਜਾਂਦਾ ਹੈ।ਜ਼ਿਆਦਾਤਰ ਤਾਂ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ। ਨਨਾਣ ਨੂੰ ਮਲਵਈ ਬੋਲੀ ਵਿੱਚ ਨਣਦ’ ਵੀ ਕਿਹਾ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਦੇ ਸਹੁਰੇ ਘਰ ਆਉਣ ਤੋਂ ਪਹਿਲਾ ਹੀ ਨਣਦ ਦਾ ਵਿਆਹ ਕਰ ਦਿੱਤਾ ਜਾਦਾ ਹੈ ਜਿਸ ਕਾਰਨ ਵਿਆਹੀਆਂ ਹੋਈਆਂ ਨਨਾਣਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋ ਖਾਸ਼ ਪ੍ਰੋਗਰਾਮ ਦੇ ਮੌਕੇ ‘ਤੇ ਹੀ ਹੁੰਦਾ ਹੈ।ਅੱਜ ਕੱਲ ਹਰ ਘਰ ਦੀ ਲੜਕੀ ਪੜੀ ਲਿਖੀ ਹੋਣ ਕਰਕੇ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਆਪਣੀ ਭਰਜਾਈ ਲਈ ਸਮਾਂ ਬਹਤ ਥੋੜ੍ਹਾ ਹੁੰਦਾ ਹੈ।ਜਾ ਕਈ ਵਾਰ ਭਰਜਾਈ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਸਿਰਫ ਐਤਵਾਰ ਦਾ ਦਿਨ ਹੀ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਮਿਲਣ ਦਾ।ਦੋਸਤ ਭਰਜਾਈ ਕਈ ਵਾਰ ਵੱਡੀ ਹੁੰਦੀ ਹੈ ਕੋ ਮਾਂ ਸਮਾਨ ਹੁੰਦੀ ਹੈ ਜੋ ਕਿ ਬਹੁਤ ਖਿਆਲ ਰੱਖਦੀ ਹੈ।ਕਿਸੇ ਨੇ ਠੀਕ ਹੀ ਕਿਹਾ ਹੈ—
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।
ਕਈ ਵਾਰ ਨਣਦ ਛੋਟੀ ਹੋਣ ਕਾਰਨ ਕੁਆਰੀ ਹੁੰਦੀ ਹੈ । ਅਕਸਰ ਹੀ ਕੁਆਰੀ ਨਣਦ ਤੇ ਭਾਬੀ ਇੱਕੋ ਉਮਰ ਹਾਣ ਦੀਆਂ ਹੀ ਹੁੰਦੀਆਂ ਹਨ ।ਭਾਬੀ ਦੇ ਆ ਜਾਣ ਤੇ ਰਿਸ਼ਤੇ ਵਿੱਚ ਖਟਿਆਸ ਵੀ ਆ ਜਾਂਦੀ ਹੈ ।ਕਈ ਵਾਰ ਨਣਦ ਭਰਜਾਈ ਦੇ ਹਰ ਕੰਮ ਵਿੱਚ ਟੋਕਾ-ਟਾਕੀ ਕਰਦੀ ਹੈ ਭਰਜਾਈ ਨੂੰ ਪਸੰਦ ਹੀ ਨਹੀਂ ਕਰਦੀ।ਨਣਾਣ ਤੇ ਭਰਜਾਈ ਦਾ ਰਿਸ਼ਤਾ ਕਦੇ ਪਿਆਰ ਭਰਿਆ ਕਦੇ ਕੁੜੱਤਨ ਵਿੱਚ ਦੇਖਿਆਂ ਜਾ ਸਕਦਾ ਹੈ।ਕਈ ਵਾਰੀ ਤਾਂ ਨਣਦ ਆਪਣੇ ਭਰਾ ਨੂੰ ਭਾਬੀ ਖ਼ਿਲਾਫ਼ ਚੁੱਕ ਦਿੰਦੀ ਹੈ।ਤੇ ਉਹ ਲੜਾਈ ਝਗੜਾ ਕਰਦਾ ਹੈ।
ਇਸਦੇ ਉਲਟ ਜੇਕਰ ਸੁਭਾਵਿਕ ਹੀ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਵੇ ਤਾਂ ਉਹ ਸਮਝਦੀ ਹੈ ਕਿ ਜ਼ਰੂਰ

ਨਣਦ ਨੇ ਲੂਤੀ ਲਾਈ ਹੈ।

ਨਨਾਣੇ ਪੁਆੜੇ ਹੱਥੀਏ ,ਰਾਤੀਂ ਤੂੰ ਮੈਨੂੰ ਮਾਰ ਪਵਾਈ……

ਜੇਕਰ ਨਨਾਣ ਭਰਜਾਈ ਵਿੱਚ ਆਪਸੀ ਪਿਆਰ ਹੋਵੇ ਤਾਂ ਇਸ ਰਿਸ਼ਤੇ ਦੀ ਕੋਈ ਥਾਂ ਨਹੀਂ ਲੈ ਸਕਦਾ ।

ਭਾਬੀ ਤੇਰੇ ਰੰਗ ਵਰਗਾ …
ਮੈਨੂੰ ਬੇਰੀ ਹੇਠੋਂ ਬੇਰ ਥਿਆਇਆ……..

ਪਰ ਕਈ ਵਾਰ ਇਹ ਰਿਸ਼ਤਾ ਨਫ਼ਰਤ ਦਾ ਰੂਪ ਧਾਰ ਲੈਂਦਾ ਜਿਸ ਨਾਲ ਘਰ ਵਿੱਚ ਕਲੇਸ਼ ਬਣਿਆਂ ਰਹਿੰਦਾ ਹੈ ।ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ।ਜਿੱਥੇ ਨਨਾਣ ਭਰਜਾਈ ਆਪਸ ਵਿੱਚ ਸਹੇਲੀਆਂ ਭੈਣਾਂ ਵਾਂਗ ਰਹਿੰਦੀਆਂ ਹਨ ਉਸ ਘਰ ਵਿੱਚ ਪਿਆਰ ਦੇ ਫੁੱਲ ਮਹਿਕਦੇ ਹਨ ।ਜਿਸ ਘਰ ਵਿੱਚ ਰਿਸ਼ਤਾ ਤਣਾਅਪੂਰਨ ਰਹਿੰਦਾ ਹੈ ਉੱਥੇ ਘਰ ਨਰਕ ਵਾਂਗ ਜਾਪਦੇ ਹਨ ।ਨਨਾਣ ਭਰਜਾਈ ਦੇ ਰਿਸ਼ਤੇ ਨੂੰ ਲੈਕੇ ਬੋਲੀਆਂ ਵੀ ਘੜੀਆਂ ਜਾਦੀਆਂ ਹਨ-
ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ .........,

ਨਣਦ ਤੇ ਭਰਜਾਈ ਦਾ ਰਿਸ਼ਤਾ ਸਹੇਲੀ ਤੇ ਭੈਣ ਵਰਗਾ ਹੁੰਦਾ ਹੈ ਭਰਜਾਈ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹੈ—

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ........,

ਦੋਸਤੋਂ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਨਨਾਣ ਦੀ ਮੁਖ਼ਤਿਆਰੀ ਹੁੰਦੀ ਹੈ ।ਉੱਥੇ ਅਕਸਰ ਹੀ ਘਰ ਬਰਬਾਦ ਹੋ ਜਾਂਦੇ ਹਨ।ਉਹ ਹਮੇਸ਼ਾ ਹੀ ਭਰਜਾਈ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਰਹਿੰਦੀ ਹੈ।ਠੀਕ ਹੀ ਕਿਹਾ ਹੈ ਕਿ-

ਉਹ ਘਰ ਨਹੀਂ ਵਸਦੇ,
ਜਿਥੇ ਨਣਦਾਂ ਦੀ ਸਰਦਾਰੀ ਹੋਵੇ।

ਸੱਸ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਬਾਬਲ ਦਾ ਘਰ ਛੱਡ ਕੇ ਆਈ ਨੂੰਹ ਨੂੰ ਆਪਣੀ ਧੀ ਬਣਾਵੇ ਤੇ ਘਰ ਦੀ ਜਿੰਮੇਵਾਰੀ ਸੌਂਪੇ।ਤਾਂ ਜੋ ਆਪਸੀ ਸਾਂਝ ਪਿਆਰ ਬਣਿਆ ਰਹੇ।ਨਣਦ ਭਰਜਾਈ ਦੇ ਰਿਸ਼ਤੇ ਦੀ ਖ਼ਾਸੀਅਤ ਇਹ ਵੀ ਹੈ ਕਿ ਨਣਦ ਕਈ ਵਾਰ ਭਰਜਾਈ ਦੀ ਹਿਮਾਇਤ ਵੀ ਕਰਦੀ ਹੈ।ਆਪਣੀ ਮਾਂ ਨੂੰ ਸਮਝਾਉਂਦੀ ਹੈ ਕਿ ਉਹ ਵੀ ਇਸ ਘਰ ਦੀ ਧੀ ਹੈ।ਕਈ ਵਾਰ ਭਰਜਾਈ ਵੀ ਨਣਦ ਨੂੰ ਗਾਲਾ ਤੋਂ ਬਣਾ ਦਿੰਦੀ ਹੈ।ਦੋਸਤ ਨਣਦ ਭਰਜਾਈ ਦਾ ਰਿਸ਼ਤਾ ਦੋਸਤੀ ਦਾ ਵੀ ਹੁੰਦਾ ਹੈ ਜੋ ਹਰ ਗੱਲ ਇੱਕ ਦੂਜੇ ਨੂੰ ਦੱਸਦੀਆਂ ਹਨ।ਦੋਸਤੋ ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਨਣਦ ਨੇ ਹਮੇਸ਼ਾ ਭਰਜਾਈ ਦੇ ਮੱਥੇ ਲੱਗਣਾ ਹੁੰਦਾ ਹੈ ਸੋ ਨਣਦ ਨੂੰ ਵੀ ਚਾਹੀਦਾ ਹੈ ਕਿ ਉਹ ਪਿਆਰ ਨਾਲ ਰਿਸ਼ਤਾ ਨਿਭਾਵੇ ।ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਸਹੁਰੇ ਘਰ ਆਉਣ ਸਾਰ ਅੱਡ ਹੋ ਜਾਂਦੀ ਹੈ ਨਿੱਕੀ ਨਿੱਕੀ ਗੱਲ ਤੇ ਨਣਦ ਨਾਲ ਖਾਰ ਖਾਦੀ ਹੈ ।ਜੇਕਰ ਭਰਜਾਈ ਨਣਦ ਨੂੰ ਆਪਣੀ ਸਹੇਲੀ ਜਾ ਭੈਣ ਬਣਾ ਲਵੇ ਤਾ ਰਿਸ਼ਤਾ ਉਮਰਾਂ ਤੀਕ ਨਿਭ ਜਾਵੇਗਾ।ਸੋ ਦੋਵਾਂ ਦਾ ਫਰਜ਼ ਬਣਦਾ ਹੈ ਕਿ ਇਹ ਰਿਸ਼ਤਾ ਦਿਲੋਂ ਪਿਆਰ ਸਤਿਕਾਰ ਨਾਲ ਨਿਭਾਇਆ ਜਾਵੇ ।ਜੇਕਰ ਇੱਕ ਦੂਜੇ ਦੀ ਕਦਰ ਕੀਤੀ ਜਾਵੇ ਤਾਂ ਹੀ ਰਿਸ਼ਤਾ ਚਿਰ ਸਥਾਈ ਨਿਭ ਸਕਦਾ ਹੈ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।