ਸੰਪਾਦਕੀ

ਪੁੱਠਾ ਗੇੜਾ ✍️. ਸਲੇਮਪੁਰੀ ਦੀ ਚੂੰਢੀ 

ਪੁੱਠਾ ਗੇੜਾ
- ਹਿੰਦੂਤਵ ਨੂੰ ਚਲਾਉਣ ਵਾਲੀ ਆਰ ਐਸ ਐਸ ਦੀ ਕਮਾਨ ਹੇਠ ਚੱਲ ਰਹੀ ਭਾਜਪਾ ਵਲੋਂ ਇਤਿਹਾਸ ਨੂੰ ਮਿਥਿਹਾਸ ਜਦਕਿ ਮਿਥਿਹਾਸ ਨੂੰ ਇਤਿਹਾਸ ਵਿਚ ਤਬਦੀਲ ਕਰਨ ਲਈ ਜੋਰਾਂ - ਸ਼ੋਰਾਂ 'ਤੇ ਸਾਜਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ, ਤਾਂ ਜੋ ਭਾਰਤ ਨੂੰ ' ਹਿੰਦੂ ਰਾਸ਼ਟਰ' ਬਣਾਇਆ ਜਾ ਸਕੇ। ਫਿਲਮਾਂ ਵਿਚ ਕੰਮ ਕਰਨ ਵਾਲੀ ਕੰਗਣਾ ਰਣੌਤ ਜੋ ਪਿਛਲੇ ਦਿਨੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆਈ ਸੀ, ਨੇ ਸਿੱਖ ਗੁਰੂਆਂ ਨੂੰ 'ਹਿੰਦੂ' ਦਰਸਾ ਕੇ ਆਪਣੀ ਆਦਤ ਮੁਤਾਬਿਕ ਨਵਾਂ ਬਿਖੇੜਾ ਪੈਦਾ ਕਰ ਦਿੱਤਾ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਿਚ ਸ਼ਾਮਿਲ ਮਨੁੱਖੀ ਸਾਧਨ ਵਿਕਾਸ ਮਾਮਲਿਆਂ ਦੇ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਕਿ 'ਵਿਗਿਆਨੀ ਚਾਰਲਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਵਿਗਿਆਨਿਕ ਤੌਰ 'ਤੇ ਗਲਤ ਸੀ ਅਤੇ ਇਸ ਨੂੰ ਸਕੂਲ ਦੇ ਪਾਠ-ਕ੍ਰਮ ਵਿਚੋਂ ਕੱਢਣ ਦੀ ਲੋੜ ਹੈ।'ਉਨ੍ਹਾਂ ਅੱਗੇ ਕਿਹਾ ਕਿ 'ਸਾਡੇ ਪੂਰਵਜਾਂ ਨੇ ਕਿਤੇ ਨਹੀਂ ਕਿਹਾ ਕਿ ਉਨ੍ਹਾਂ ਨੇ ਬਾਂਦਰਾਂ ਤੋਂ ਮਨੁੱਖ ਬਣਦੇ ਵੇਖੇ ਹਨ।'
ਇਥੇ ਵਰਨਣਯੋਗ ਹੈ ਕਿ ਡਾਰਵਿਨ ਦਾ ਜੀਵ ਦੀ ਉਤਪਤੀ ਦਾ ਸਿਧਾਂਤ ਦੱਸਦਾ ਹੈ ਕਿ 'ਸਮੁੱਚੇ ਜੀਵਾਂ ਦੀਆਂ ਪ੍ਰਜਾਤੀਆਂ ਨੇ ਕੁਦਰਤੀ ਪ੍ਰਕਿਰਿਆ ਰਾਹੀਂ ਜੱਦੋਜਹਿਦ ਕਰਦਿਆਂ ਆਪਣੇ ਵੰਸ਼ ਨੂੰ ਅੱਗੇ ਵਧਾਇਆ ਹੈ।'
ਸੱਚ ਤਾਂ ਇਹ ਹੈ ਕਿ ਭਾਰਤ ਦੇ ਪੱਛੜੇਪਨ ਦਾ ਕਾਰਨ ਵੀ ਇਹ ਹੀ ਹੈ ਕਿ ਅਸੀਂ ਵਿਗਿਆਨ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ, ਅਸੀਂ ਇਤਿਹਾਸ ਵਿਚ ਨਹੀਂ ਬਲਕਿ ਮਿਥਿਹਾਸ ਵਿਚ ਵਿਸ਼ਵਾਸ ਨਹੀਂ ਅੰਧਵਿਸ਼ਵਾਸ ਰੱਖਦੇ ਹਾਂ। ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ 'ਧਰਮ ਨੇ ਸੱਭ ਕੁਝ ਜਾਣ ਲਿਆ ਹੈ, ਸਾਡੇ ਵੇਦ ਅਤੇ ਗ੍ਰੰਥ ਸੰਪੂਰਨ ਅਤੇ ਸਦੀਵੀ ਹਨ, ਇਨ੍ਹਾਂ ਵਿਚ ਜੋ ਲਿਖਿਆ ਗਿਆ ਹੈ, ਉਹ ਅਟੱਲ ਸੱਚ ਹੈ।' ਇਹ ਹੀ ਕਾਰਨ ਹੈ ਕਿ ਸਾਡੇ ਦੇਸ਼ ਵਿਚ ਵੇਦ - ਗ੍ਰੰਥਾਂ ਨੂੰ ਸੰਪੂਰਨ ਸੱਚ ਮੰਨ ਲਿਆ ਗਿਆ ਹੈ, ਇਸੇ ਭਰਮ ਕਰਕੇ ਇਥੋਂ ਦੇ ਲੋਕਾਂ ਵਿਚ ਖੋਜਾਂ ਕਰਨ ਲਈ 'ਖੋਜੀ ਬਿਰਤੀ' ਨਹੀਂ ਰਹੀ। ਅਸੀਂ ਡਾਕਟਰ, ਇੰਜੀਨੀਅਰ ਅਤੇ ਵਿਗਿਆਨੀ ਬਣਕੇ ਵੀ ਪੰਜਵੀਂ ਫੇਲ੍ਹ ਸਾਧ /ਬਾਬੇ ਕੋਲ ਜਾ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਜਾਂਦੇ ਹਾਂ। ਧਾਰਮਿਕ ਸਥਾਨਾਂ 'ਤੇ 10 ਰੁਪਏ ਦਾ ਮੱਥਾ ਟੇਕ ਕੇ ਅਮੀਰ ਅਤੇ ਯੱਗ ਕਰਕੇ ਮੀਂਹ ਪਵਾਉਣ ਬਾਰੇ ਸੋਚਦੇ ਹਾਂ। ਪੈਦਾ ਹੋ ਰਹੀਆਂ ਨਵੀਆਂ ਸਮੱਸਿਆਵਾਂ ਅਤੇ ਪ੍ਰਸ਼ਨਾਂ ਦੇ ਹੱਲ ਲਈ ਅਸੀਂ ਖੋਜ ਕਰਨ ਦੀ ਬਜਾਏ ਬਾਬਿਆਂ ਕੋਲ ਜਾਂਦੇ ਹਾਂ, ਪੁਰਾਤਨ ਗ੍ਰੰਥਾਂ ਨੂੰ ਫਰੋਲਦੇ ਹਾਂ। ਸਾਡੇ ਗ੍ਰੰਥ ਤਾਂ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ , ਸ਼ੂਦਰਾਂ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾਉਣ, ਸਤੀ ਪ੍ਰਥਾ ਨੂੰ ਚਲਾਉਣ ਅਤੇ ਜਾਤ-ਪਾਤ ਵਿਵਸਥਾ ਨੂੰ ਕਾਇਮ ਰੱਖਣ ਲਈ ਕਹਿੰਦੇ ਹਨ।
ਇਸ ਵੇਲੇ ਆਰ ਐਸ ਐਸ ਦੇਸ਼ ਵਿਚ ਸਿੱਖਾਂ, ਮੁਸਲਮਾਨਾਂ, ਬੋਧੀਆਂ, ਇਸਾਈਆਂ ਸਮੇਤ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਚਾਲਾਂ ਚੱਲਦੀ ਹੋਈ ਵਿੱਦਿਅਕ ਅਦਾਰਿਆਂ ਦੇ ਪਾਠ-ਕ੍ਰਮ ਵਿਚ ਵਿਗਿਆਨ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ 'ਹਿੰਦੂ ਗ੍ਰੰਥਾਂ' ਨੂੰ ਲਾਗੂ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ, ਜੋ ਭਾਰਤ ਦੇ ਹਿੱਤ ਵਿੱਚ ਨਹੀਂ ਹੋਵੇਗਾ। ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਸਾਡੇ ਅੰਦਰ ਨਵੀਆਂ ਖੋਜਾਂ ਕਰਨ ਦੀ ਜਿਗਿਆਸਾ ਖੁੰਢੀ ਹੋ ਚੁੱਕੀ ਹੈ। ਅਸੀਂ ਕੈਂਸਰ ਅਤੇ ਕੋਰੋਨਾ ਵਰਗੀਆਂ ਬੀਮਾਰੀਆਂ ਦਾ ਇਲਾਜ ਵੀ ਸਾਧਾਂ ਕੋਲ ਜਾ ਕੇ ਰਾਖ ਮੱਥੇ 'ਤੇ ਲਾ ਕੇ ਅਤੇ ਗੋਹਾ ਪਿੰਡੇ ਨੂੰ ਮਲਕੇ ਕਰਨਾ ਸੋਚਦੇ ਹਾਂ!
ਦੇਸ਼ ਦੇ ਹਿੰਦੂਤਵ ਨੂੰ ਵਿਗਿਆਨਕ ਸੋਚ ਅਧਾਰਿਤ ' ਸ੍ਰੀ ਗੁਰੂ ਗ੍ਰੰਥ ਸਾਹਿਬ ' ਦੀ ਵਿਚਾਰਧਾਰਾ ਮਾਫਕ ਨਹੀਂ ਹੈ ਅਤੇ ਨਾ ਹੀ 'ਬੋਧ-ਗ੍ਰੰਥ  ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕਿਉਂਕਿ ਇਹ 'ਮਾਨਵਤਾ' ਦੀ ਗੱਲ ਕਰਦੇ ਹਨ ਅਤੇ ਦੋਵੇਂ ਗ੍ਰੰਥ ਵਿਗਿਆਨਿਕ ਵਿਚਾਰਧਾਰਾ ਅਧਾਰਿਤ ਹਨ। ਹਿੰਦੂਤਵ' ਦੇਸ਼ ਵਿਚ ਮੁੜ ਤੋਂ 'ਮਨੂਸਿਮ੍ਰਤੀ' ਨੂੰ ਲਾਗੂ ਕਰਨਾ ਚਾਹੁੰਦਾ ਹੈ ਜੋ, ਅਮਾਨਵਤਾ' ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
7 ਜੂਨ, 2021.

ਸਿਆਸੀ ਸੀਰੀ ✍️.  ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ - 7
- ਕਿਸਾਨਾਂ ਵਲੋਂ ਕਿਸਾਨੀ ਦੀ ਹੋਂਦ ਬਚਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਇਸ ਸੰਘਰਸ਼ ਵਿਚ ਕੇਵਲ ਕਿਸਾਨ ਨਹੀਂ ਬਲਕਿ ਖੇਤ ਮਜਦੂਰ ਤਾਂ ਨਹੀਂ ਬਲਕਿ ਉਨ੍ਹਾਂ ਦੇ ਨੌਜਵਾਨ ਧੀਆਂ - ਪੁੱਤਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਬਹੁਤ ਸਾਰੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੇ ਦੱਸਿਆ ਕਿ ਉਹ ਤਾਂ ਦਿਹਾੜੀ ਛੱਡ ਕੇ ਦਿੱਲੀ ਨਹੀਂ ਜਾ ਸਕਦੇ ਪਰ ਉਹ ਆਪਣੇ ਬੱਚਿਆਂ ਨੂੰ ਜਰੂਰ ਭੇਜਦੇ ਹਨ। ਪੰਜਾਬ ਦਾ 'ਜੱਟ' ਜੋ ਸਿਰਫ ਆਪਣੇ ਆਪ ਨੂੰ 'ਕਿਸਾਨ' ਮੰਨਦਾ ਹੈ ਅਤੇ ਹੋਰ ਵਰਗ ਦੇ ਲੋਕ ਜਿਹੜੇ ਖੇਤੀ ਧੰਦੇ ਨਾਲ ਜੁੜੇ ਹੋਏ ਹਨ ਨੂੰ 'ਕਿਸਾਨ' ਮੰਨਣ ਲਈ ਤਿਆਰ ਨਹੀਂ ਹੈ, ਹਾਂ ਜੱਟ ਜਿਹੜਾ ਆਈ ਏ ਐਸ /ਆਈ ਪੀ ਐਸ ਜਾਂ ਹੋਰ ਉੱਚ ਅਧਿਕਾਰੀ ਜਾਂ ਮੁਲਾਜ਼ਮ ਹੈ, ਜਾਂ ਕੋਈ ਬਿਜਨਸ ਕਰਦਾ ਹੈ, ਖੇਤੀ ਨਹੀਂ ਕਰਦਾ, ਫਿਰ ਵੀ ਆਪਣੇ ਆਪ ਨੂੰ ਕਿਸਾਨ ਮੰਨਦਾ ਹੈ, ਇਹ ਕਾਰਨ ਹੈ ਕਿ ਜੱਟ ਨੇ ਹਮੇਸ਼ਾ ਖੇਤ ਮਜ਼ਦੂਰ ਜਿਸ ਵਿਚ ਵਿਸ਼ੇਸ਼ ਕਰਕੇ ਦਲਿਤ ਹੀ ਹਨ, ਨੂੰ ਗੁਲਾਮ ਬਣਾ ਕੇ ਰੱਖਣ ਲਈ ਮਾਨਸਿਕਤਾ ਬਣਾ ਕੇ ਰੱਖੀ ਹੈ ਅਤੇ ਜਦੋਂ ਅਸੀਂ ਧਾਰਮਿਕ ਸੰਸਥਾਵਾਂ ਦੀ ਗੱਲ ਕਰਦੇ ਹਾਂ ਤਾਂ ਉਥੇ ਵੀ ਦਲਿਤ ਸਮਾਜ ਨਾਲ 'ਵਿਤਕਰਾ' ਜਾਰੀ ਹੈ, ਹਾਲਾਂਕਿ ਗੁਰੂ ਸਾਹਿਬਾਨ ਵਲੋਂ ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਬਹੁਤ ਸੰਘਰਸ਼ ਕੀਤਾ ਗਿਆ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਸਿਰਫ ਨਾਟਕ ਕਰ ਰਹੇ ਹਾਂ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰੂ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਦੀ ਕਾਰਜਕਾਰਨੀ ਕਮੇਟੀ ਵਿਚ  ਮੱਜਬੀ ਸਿੱਖ ਜਾਤੀ ਨਾਲ ਸਬੰਧਿਤ ਇਕ ਮੈਂਬਰ ਲੰਮਾ ਸਮਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਰਿਹਾ ਨੇ ਦੱਸਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਲਿਤਾਂ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਨੂੰ ਬਿਆਨਿਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਉਪਰ 'ਹਮੇਸ਼ਾ ਉੱਚ ਜਾਤੀ ਦੇ ਲੋਕਾਂ ਦਾ ਖਾਸ ਕਰਕੇ 'ਜੱਟਾਂ' ਦਾ ਕਬਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਸ਼੍ਰੋਮਣੀ ਕਮੇਟੀ ਵਿਚ ਵੀ ਦਲਿਤ ਇੱਕ ਸੀਰੀ ਦੀ ਤਰ੍ਹਾਂ ਹੀ ਵਿਚਰ ਰਹੇ ਹਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਜਿਹੜੇ ਬੰਦਿਆਂ ਕੋਲ ਹੈ, ਉਹ ਕਿਸੇ ਵੀ ਕੀਮਤ 'ਤੇ ਦਲਿਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀਆਂ ਚਾਬੀਆਂ ਨਹੀਂ ਫੜਾਉਣਾ ਚਾਹੁੰਦੇ, ਹਾਲਾਂਕਿ ਗੁਰੂ ਸਾਹਿਬਾਨ ਵਲੋਂ ਤਿਆਰ ਕੀਤੀਆਂ ਫੌਜਾਂ ਵਿਚ ਦਲਿਤਾਂ ਵਲੋਂ ਜੋ ਕੁਰਬਾਨੀਆਂ ਕੀਤੀਆਂ ਗਈਆਂ ਅਤੇ ਤਸੀਹੇ ਝੱਲੇ ਗਏ ਹਨ, ਸਬੰਧੀ ਇਤਿਹਾਸ ਗਵਾਹ ਹੈ। ਇਥੇ ਹੀ ਬਸ ਨਹੀਂ 1984 ਵਿਚ ਜਦੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਫੌਜੀ ਹਮਲਾ ਹੋਇਆ ਤਾਂ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਵੱਡੀ ਗਿਣਤੀ ਵਿਚ ਦਲਿਤ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਤਸੀਹੇ ਝੱਲੇ। ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਅਤੇ ਕਾਂਗਰਸ, ਜਿਸ ਦੀ ਕਮਾਨ ਹਮੇਸ਼ਾ 'ਜੱਟ' ਦੇ ਹੱਥ ਵਿਚ ਰਹੀ ਹੈ, 1984 ਦੇ ਘਟਨਾਕ੍ਰਮ ਨੂੰ ਲੈ ਕੇ ਅਤੇ ਬਾਅਦ ਵਿਚ  ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਆਪੋ-ਆਪਣੇ ਢੰਗ ਨਾਲ ਪੱਤਾ ਖੇਡ ਕੇ ਸਫਲ ਰਾਜਨੀਤੀ ਕਰ ਰਹੇ ਹਨ। 
-ਸੁਖਦੇਵ ਸਲੇਮਪੁਰੀ
09780620233
5 ਜੂਨ, 2021

ਵਾਤਾਵਰਨ ਦੀ ਸੰਭਾਲ ਲਈ ਹਰਿਆਲੀ ਵਧਾਉਣ ਦਾ ਹੋਕਾ ✍️. ਅਮਨਜੀਤ ਸਿੰਘ ਖਹਿਰਾ 

ਵਿਸ਼ਵ ਵਾਤਾਵਰਨ ਦਿਵਸ ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਲਈ 1972 'ਚ ਸੰਯੁਕਤ ਰਾਸ਼ਟਰ ਵਲੋਂ ਮਹਾਸਭਾ ਦਾ ਆਯੋਜਨ ਕੀਤਾ ਗਿਆ। ਸੀ। ਚਰਚਾ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਦਾ ਸੁਝਾਅ ਦਿੱਤਾ ਗਿਆ ਅਤੇ ਇਸ ਦੇ 2 ਸਾਲ ਬਾਅਦ 5 ਜੂਨ 1974 ਨੂੰ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦਿਵਸ ਨੂੰ ਮਨਾਉਣ ਲਈ ਹਰ ਸਾਲ 143 ਦੇਸ਼ ਹਿੱਸਾ ਲੈਂਦੇ ਹਨ ਅਤੇ ਇਸ ਵਿਚ ਸਰਕਾਰੀ, ਸਮਾਜਿਕ ਅਤੇ ਵਪਾਰਕ ਲੋਕ ਵਾਤਾਵਰਣ ਦੀ ਸੁਰੱਖਿਆ, ਸਮੱਸਿਆ ਆਦਿ ਵਿਸ਼ੇ 'ਤੇ ਗੱਲ ਕਰਦੇ ਹਨ। ਭਾਰਤ ਵਿਚ ਵਾਤਾਵਰਨ ਸੁਰੱਖਿਆ ਐਕਟ 19 ਨਵੰਬਰ 1986 'ਚ ਲਾਗੂ ਕੀਤਾ ਗਿਆ।ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਵਾਤਾਵਰਨ ਨੂੰ ਬਚਾਉਣ ਲਈ ਅਸੀਂ ਕਿੰਨਾ ਕੁ ਸਹਿਯੋਗ ਕਰ ਰਹੇ, ਇਸ ਦਾ ਜਵਾਬ ਸ਼ਾਇਦ ਇਹ ਹੀ ਹੋਵੇਗਾ ਨਾ ਦੇ ਬਰਾਬਰ ਤੁਸੀਂ ਇਸ ਨੂੰ ਕੰਪੇਅਰ ਕਰਨ ਲਈ ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਤੇ ਕੱਲ੍ਹ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਦੇਖ ਲੈਣਾ ਜਿਨ੍ਹਾਂ ਵਾਤਾਵਰਨ ਦੀ ਸਾਂਭ ਸੰਭਾਲ ਅੱਜ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹੋ ਰਹੀ ਹੈ ਜੇਕਰ ਏਨੀ ਵਾਤਾਵਰਨ ਦੀ ਸੰਭਾਲ ਆਪਣੀ ਜ਼ਿੰਮੇਵਾਰੀ ਨਾਲ ਅਸੀਂ  ਸਾਰਾ ਸਾਲ ਕਰਦੇ ਅਤੇ ਆਪਣੇ ਆਲੇ ਦੁਆਲੇ ਨੂੰ ਜ਼ਿੰਮੇਵਾਰੀ ਨਾਲ ਦੇਖਦੇ ਸ਼ਾਇਦ ਅੱਜ ਸਾਨੂੰ ਵਧਦੇ ਪ੍ਰਦੂਸ਼ਨ ਕਾਰਨ ਮਨੁੱਖ ਦੀ ਹੋਂਦ ਨੂੰ ਖਤਰਾ ਨਾ ਹੁੰਦਾ । ਇਸ ਲਈ ਸਾਡੇ ਕੋਲ ਅਜੇ ਵੀ ਮੌਕਾ ਹੈ ਕਿ ਸੰਭਲ ਜਾਈਏ। ਜੇਕਰ ਮਨੁੱਖ ਨੂੰ ਖੁਦ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਇਕ ਦਰੱਖਤ ਜ਼ਰੂਰ ਲਾਵੇ + ਪਾਲੇ । ਹਵਾ ਪ੍ਰਦੂਸ਼ਨਕਾਰਨ ਮਨੁੱਖ ਦਾ ਸਾਹ ਲੈਣਾ ਅੌਖਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਅਤੇ ਜਲਵਾਯੂ ਸੰਕਟ ਵਿਚਾਲੇ ਤਾਲਮੇਲ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਵਾਤਾਵਰਣ ਪ੍ਰਦੂਸ਼ਨ ਕਾਰਨ ਹਰੇਕ ਸਾਲ ਲਗਭਗ 70 ਲੱਖ ਲੋਕਾਂ ਦੀ ਜਾਨ ਜਾਂਦੀ ਹੈ ਜੋ ਕਿਸੇ ਵੀ ਵਾਇਰਸ ਨਾਲੋਂ ਵੱਧ ਹਨ ਅਤੇ ਇਸ ਨਾਲ ਬੱਚਿਆਂ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ। ਮਨੁੱਖੀ ਗਤੀਵਿਧੀਆਂ ਕਾਰਨ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ ਹੈ, ਜਿਸ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਧਰਤੀ ਦਾ ਵੱਧਦਾ ਤਾਪਮਾਨ ਅਤੇ ਹਵਾ ਪ੍ਰਦੂਸ਼ਣ ਗਲੋਬਲ ਵਾਰਮਿੰਗ ਦਾ ਕਾਰਨ ਬਣਦੇ ਹਨ, ਜੋ ਕਿ ਇਕ ਵੱਡਾ ਖਤਰਾ ਹੈ। ਵਿਸ਼ਵ ਵਾਤਾਵਰਨ ਦਿਵਸ ਮੋਕੇ ਗ੍ਰੀਨ ਪੰਜਾਬ ਮਿਸ਼ਨ ਟੀਮ  ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈਆਂ ਦਿਤੀਆਂ ਤੇ ਵਾਤਾਵਰਨ ਨੂੰ ਬਚਾਉਣ ਲਈ ਕੀ ਕਦਮ ਚੁੱਕਣੇ ਚਾਹੀਦੇ ਹਨ ਉਨ੍ਹਾਂ ਬਾਰੇ ਘਰ ਘਰ ਹੋਕਾ ਦੇ ਕੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ । ਜਗਰਾਉਂ ਅੰਦਰ ਬਹੁਤ ਸਾਰੇ ਦਰੱਖਤਾਂ ਲਾਉਣ ਅਤੇ ਪਾਲਣ ਦੇ ਕੰਮ ਚੱਲ ਰਹੇ ਹਨ  । ਇਨ੍ਹਾਂ ਕੰਮਾਂ ਨੂੰ ਪੰਜਾਬ ਅਤੇ  ਦੁਨੀਆਂ ਅੰਦਰ ਫੈਲਾਉਣ ਲਈ ਆਓ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਲੱਗ ਕੇ ਆਪਣਾ ਬਣਦਾ ਯੋਗਦਾਨ ਪਾਓ। ਜਿੱਥੇ ਵੀ ਅਸੀਂ ਬੈਠੇ ਹਾਂ ਸਾਡਾ ਫ਼ਰਜ਼ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਵਾਤਾਵਰਨ ਸੁਰੱਖਿਆ ਦੇ ਉਪਾਵਾਂ ਨੂੰ ਲਾਗੂ ਕਰਨ ਲਈ ਹਰ ਉਮਰ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਮੈਂ ਅੱਜ ਦੁਨੀਆਂ ਵਿੱਚ ਵੱਸਣ ਵਾਲੇ ਵਾਤਾਵਰਨ ਪ੍ਰੇਮੀ  ਲੋਕਾਂ ਨੂੰ ਵਿਸ਼ਵ ਵਾਤਾਵਰਨ ਦਿਵਸ ਮੋਕੇ ਵਿਸ਼ਵ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਵਧਾਈ ਦਿੰਦਾ ਹਾਂ ਅਤੇ ਸਾਰੇ ਲੋਕ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾਉਂਦਾ ਹੋਇਆ ਇਹ ਕਹਿਣਾ ਚਾਹੁੰਦਾ ਹਾਂ  ਕੇ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਉਣਾ ਅਤੇ ਦਰੱਖਤਾਂ ਨੂੰ  ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਵਾਂਗੂੰ ਸਾਂਭਣ ਦੀ ਜ਼ਰੂਰਤ ਹੈ  । ਉਸ ਦੇ ਲਈ ਥੋੜੇ ਜਿਹੀ ਮਿਹਨਤ ਅਤੇ ਆਪਸੀ ਤਾਲਮੇਲ ਤੇ ਵਾਤਾਵਰਨ ਸੰਭਾਲ ਸੰਬੰਧੀ ਪਿਆਰ ਹੋਣਾ ਬਹੁਤ ਜਰੂਰੀ ਹੈ।ਗੁਰਬਾਣੀ ਦੇ ਅਨੁਸਾਰ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਫਲਸਫੇ ਤੇ ਚੱਲਣ ਦੀ ਜਰੂਰਤ ਹੈ।ਆਮ ਜਨਤਾ ਵੀ ਵਾਤਾਵਰਣ ਨੂੰ ਸਾਫ ਰੱਖਣ 'ਚ ਆਪਣਾ ਯੋਗਦਾਨ ਦੇ ਸਕਦੀ ਹੈ। ਵਾਤਾਵਰਨ ਪੇ੍ਮੀ ਸਤਪਾਲ ਸਿੰਘ ਦੇਹਡ਼ਕਾ, ਮਾਸਟਰ ਹਰਨਰਾਇਣ ਸਿੰਘ ਮੱਲੇਆਣਾ ਵੱਲੋਂ ਖਾਸ ਸੁਨੇਹਾ ਜਿਥੇ ਉਨ੍ਹਾਂ ਸੰਸਾਰ ਦੇ ਲੋਕਾਂ ਨੂੰ ਵਾਤਾਵਰਨ ਦਿਵਸ ਦੀਆਂ ਵਧਾਈਆਂ ਦਿਤੀਆਂ ਓਥੇ ਹੀ ਉਹਨਾ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਦੇ ਲਈ ਆਪਣੇ ਘਰਾਂ , ਖੇਤਾਂ ਚ ਥਾਂ ਦੇ ਅਨੁਸਾਰ ਬੂਟੇ ਲਗਾਉਣੇ ਚਾਹੀਦੇ ਹਨ। ਉਨਾਂ੍ਹ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਘਰਾਂ ਦੀ ਛੱਤ ਤੇ ਮਿਨੀ ਗਾਰਡਨ ਜ਼ਰੂਰ ਬਣਾਉਣਾ ਚਾਹੀਦਾ ਹੈ ਤੇ ਗਮਲਿਆਂ ਚ ਫੁੱਲਾਂ ਤੇ ਫਲਾਂ ਵਾਲੇ ਬੂਟੇ ਲਗਾਉਣੇ ਚਾਹੀਦੇ ਹਨ। ਉਨਾਂ੍ਹ ਦੱਸਿਆ ਕਿ ਬਹੁਤ ਸਾਰੇ ਬੂਟੇ ਅਜਿਹੇ ਹਨ ਜਿਨਾਂ ਨੂੰ ਘਰਾਂ ਚ ਲਗਾਉਣ ਨਾਲ ਘਰਾਂ ਦਾ ਵਾਤਾਵਰਨ ਸ਼ੁੱਧ ਹੁੰਦਾ ਹੈ । ਆਖਰ ਵਿੱਚ ਆਓ ਸਾਰੇ ਮਿਲਕੇ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਹਿੱਸਾ ਪਾਉਂਦੇ  ਅੱਜ ਵਾਤਾਵਰਣ ਦਿਵਸ ਉੱਪਰ ਪ੍ਰਣ ਕਰੀਏ ਕਿ ਅਸੀਂ ਹਰ ਮਨੁੱਖ ਇਕ ਬੂਟਾ ਲਾ ਕੇ ਉਸ ਨੂੰ ਪਾਲਣ ਦਾ ਜ਼ਿੰਮਾ ਚੁੱਕਦੇ ਹਾਂ । 

 

ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ✍️. ਵਾਤਾਵਰਣ ਪ੍ਰੇਮੀ ਸ਼ ਹਰਨਰਾਇਣ ਸਿੰਘ ਮੱਲੇਆਣਾ  

ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ  ਕਈ ਸਦੀਆਂ ਪਹਿਲਾਂ ਮਨੁੱਖ ਨੇ ਕੁਦਰਤ ਦੀ ਗੋਦ ਵਿੱਚ ਰਹਿੰਦਿਆਂ ਉਸ ਦੇ ਓਟ ਆਸਰੇ ਵਿਚ ਆਪਣੇ ਆਪ ਨੂੰ ਜਿਊਂਦੇ ਰੱਖਣ ਦਾ ਢੰਗ ਸਿੱਖ  ਲਿਆ ਸੀ ਮੁੱਢ ਕਦੀਮ ਤੋਂ ਕੁਦਰਤ ਮਨੁੱਖ ਦੀ ਹਮਦਰਦ ਤੇ ਰਖਵਾਲੀ ਰਹੀ ਹੈ  ਪਰ ਬੰਦੇ ਨੇ ਕੁਦਰਤ ਦੀ ਨੇਕੀ ਭੁਲਾ ਕੇ ਉਸ ਨਾਲ ਅਜਿਹੀ ਛੇੜਛਾੜ ਸ਼ੁਰੂ ਕਰ ਦਿੱਤੀ ਕਿ  ਕੁਦਰਤ ਹੁਣ ਮਨੁੱਖ ਨੂੰ ਉਸ ਦੇ ਕੀਤੇ ਮਾੜੇ ਕੰਮਾਂ ਦੀ ਸਜ਼ਾ ਦੇਣ ਦੇ ਦੇਣ ਤੇ ਤੁਲੀ ਨਜ਼ਰ ਆਉਂਦੀ ਹੈ  ਕਰੋਨਾ ਤੇ ਬਲੈਕ ਫੰਗਸ ਵਰਗੀਆਂ ਮਹਾਂਮਾਰੀਆਂ ਵੱਡੇ ਪੱਧਰ ਤੇ ਫੈਲ ਰਹੀਆਂ ਹਨ   ਵਿਗਿਆਨਕ ਕਾਢਾਂ ਨੇ ਮਨੁੱਖ ਨੂੰ ਸੰਵਾਰਿਆ ਹੈ ਪਰ ਮਨੁੱਖ ਦੁਆਰਾ ਵਿਗਿਆਨਕ ਦੀ ਦੁਰਵਰਤੋਂ ਨੇ ਕੁਦਰਤ ਨੂੰ ਕਰੂਪ ਕਰ ਦਿੱਤਾ ਹੈ  ਕੁਦਰਤ ਦਾ ਨਿਯਮ ਹੈ ਜੇ ਤਸੀ ਉਸ ਦੇ ਨਿਯਮਾਂ ਨੂੰ ਭੰਗ ਕਰੋਗੇ ਤਾਂ ਉਹ ਤੁਹਾਡੇ ਲਈ ਵਿਨਾਸ਼ਕਾਰੀ ਅਸਰ  ਦਿਖਾਵੇਗੀ ਕੁਦਰਤ ਦੇ ਵਿਕਰਾਲ ਰੂਪ ਵਿੱਚ ਸਾਹਮਣੇ ਬੰਦੇ ਦੀ ਹੋਂਦ ਹਸਤੀ ਅਤੇ ਵਿਗਿਆਨਕ ਸਿਖਰ ਬਹੁਤ ਛੋਟੀ ਨਜ਼ਰ ਆਵੇਗੀ  ਸਿੱਟੇ ਵਜੋਂ ਭੂਚਾਲ ਹੜ੍ਹ ਸੁਨਾਮੀ ਬੇ ਮੌਸਮੀ ਮੀਂਹ ਗਲੇਸ਼ੀਅਰਾਂ ਦਾ ਪਿਘਲਣਾ ਜਵਾਲਾਮੁਖੀ ਦਾ ਫਟਣਾ ਜੰਗਲਾਂ ਦੀ ਤਬਾਹੀ ਭੌਂ ਖੋਰ  ਬਨਸਪਤੀ ਅਤੇ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦਾ ਖ਼ਾਤਮਾ ਪਾਣੀਆਂ ਦਾ ਖਾਰੇ ਹੋ ਜਾਣਾ ਰੇਡੀਏਸ਼ਨ ਦਾ ਵਧਣਾ ਰੁੱਤਾਂ ਮੌਸਮਾਂ ਦੇ ਮਿਜ਼ਾਜ ਬਦਲਣੇ ਆਲਮੀ ਤਪਸ਼ ਸਾਰੀਆਂ ਨਿਸ਼ਾਨੀਆਂ ਮਨੁੱਖਤਾ ਦੀ ਤਬਾਹੀ ਵੱਲ ਸੰਕੇਤ ਕਰਦੀਆਂ ਹਨ  ਸਭ ਤੋਂ ਪਹਿਲਾਂ ਉੱਤਰਾਖੰਡ ਦੀ ਗੱਲ ਕਰੀਏ ਤਾਂ ਕੇਦਾਰ ਨਾਥ ਵਿੱਚ ਵਾਪਰੇ ਕੁਦਰਤੀ ਕਹਿਰ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ  ਹਿਲਾ ਕੇ ਰੱਖ ਦਿੱਤਾ ਸੀ ਪਹਾੜਾਂ ਨੂੰ ਚੀਰ ਕੇ ਬਣਾਈਆਂ ਸੜਕਾਂ ਲਗਾਤਾਰ ਦੌੜ ਰਹੇ ਵਾਹਨਾਂ ਦੇ ਭਾਰ ਅਤੇ ਬਿਨਾਂ ਰੋਕ ਟੋਕ  ਲੋਕਾਂ ਦੇ ਸੰਵੇਦਨਸ਼ੀਲ ਥਾਵਾਂ ਤੇ ਭਾਰੀ ਇਕੱਠ ਨੇ ਇਸ ਇਲਾਕੇ ਨੂੰ ਬਰਬਾਦੀ ਵੱਲ ਤੋਰਿਆਕੁਦਰਤੀ ਜਲ ਸਰੋਤਾਂ ਦੇ ਰਾਹ ਰੋਕੇ ਗਏ ਜਲ ਸਰੋਤਾਂ ਵਿੱਚ ਮਲਵੇ ਦੀ ਰਿਕਾਵਟ ਨੇ ਜਿਹੜਾ ਕਹਿਰ ਢਾਹਿਆ ਉਸ ਦਾ      ਅੰਦਾਜਾ ਲਾਉਣਾ ਅਸੰਭਵ ਹੈ ਇਸੇ ਕਰਕੇ ਜਦੋਂ ਕਿਦਾਰ ਨਾਥ ਦੇ ਉੱਪਰਲੇ ਹਿੱਸੇ ਵਿੱਚ ਬੱਦਲ ਫਟਿਆ ਤਾਂ ਪਾਣੀ ਹੀ ਪਾਣੀ ਦੀ ਰੋਡ ਨੂੰ ਰਾਹ ਨਾ ਮਿਲਣ ਕਰਕੇ ਉਹ ਹਿਮਾਲਿਅਨ ਸੁਨਾਮੀ ਦਾ ਰੂਪ ਧਾਰਨ ਕਰ  ਗਿਆ ਅਤੇ ਸਿੱਟੇ ਵਜੋਂ ਕੁਝ ਮਿੰਟਾਂ ਵਿੱਚ ਹੀ ਕੀਮਤੀ ਜਾਨਾਂ ਤੇ ਬਹੁਤ ਸਰਮਾਇਆ ਨਸ਼ਟ ਹੋ ਗਿਆ       ਅੱਜ ਪੰਜਾਬ ਦੀ ਮਾਲਵਾ ਪੱਟੀ ਕੈਂਸਰ ਪੀੜ੍ਹੀਤ  ਹੈ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ   ਪਾਣੀ ਵਿੱਚ ਯੂਰੇਨੀਅਮ ਦੀ ਵਧੇਰੇ ਮਾਤਰਾ ਹੋਣ ਕਰਕੇ ਬੱਚੇ ਅਪੰਗ ਪੈਦਾ ਹੋ ਰਹੇ ਹਨ ਪਰ ਇਸ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ  ਮਾਲਵੇ ਦੀਆਂ ਨਹਿਰਾਂ ਕੱਸੀਆਂ ਵਿੱਚ ਕਾਲੇ ਰੰਗ ਦਾ ਗਾੜ੍ਹਾ ਤਰਲ ਪਦਾਰਥ ਪਾਣੀ ਦੇ ਰੂਪ ਵਿੱਚ ਵਹਿ ਰਿਹਾ ਹੈ  ਇਸੇ ਕਰਕੇ ਪਾਣੀ ਨੂੰ ਥੋੜ੍ਹਾ ਬਹੁਤਾ ਸੋਧ ਕੇ ਪੀਣ ਲਈ ਦਿੱਤਾ ਜਾ ਰਿਹਾ ਹੈ  ਫ਼ਸਲਾਂ ਤੇ ਵਰਤੇ ਜਾ ਰਹੇ ਕੀਟਨਾਸ਼ਕਾਂ ਬਾਰੇ ਠੋਸ ਨਿਯਮ ਬਣਾਉਣੇ ਚਾਹੀਦੇ ਹਨ  ਖੇਤਾਂ ਵਿੱਚ ਪੰਦਰਾਂ ਲੱਖ ਤੋਂ ਵਧੇਰੇ ਪੰਪ ਧਰਤੀ ਦੀ ਹਿੱਕ ਚੀਰ ਕੇ ਅੰਨ੍ਹੇਵਾਹ ਪਾਣੀ ਕੱਢ ਰਹੇ ਹਨ ਇਸ ਨਾਲ  ਧਰਤੀ ਹੇਠਾਂ ਖਲਾਅ ਬਣ ਰਿਹਾ ਹੈ ਜੋ ਕਿ ਭੂਚਾਲਾਂ ਦੀ ਆਫਤ ਨੂੰ ਸੱਦਾ ਦੇ ਰਿਹਾ ਹੈ  ਪਾਣੀ ਨੂੰ ਰੀਚਾਰਜ ਕਰਨ ਵਾਲੀ ਨੀਤੀ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋਡ਼ ਹੈ  ਵੱਡੀ ਆਬਾਦੀ ਦੂਸ਼ਤ ਪਾਣੀ ਨਾਲ ਦੰਦਾਂ ਹੱਡੀਆਂ ਅਤੇ ਅਲਰਜੀ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਈ ਹੈ  ਪੰਜਾਬ ਵਿੱਚ ਜੰਗਲਾਂ ਹੇਠ ਰਕਬਾ ਜੋ ਤੇਤੀ ਫ਼ੀਸਦੀ ਹੋਣਾ ਚਾਹੀਦਾ ਹੈ ਉਹ ਵੀ ਦੋ ਹਜਾਰ ਉਨੀ ਦੀ ਗਣਨਾ ਅਨੁਸਾਰ ਘਟ ਕੇ  3.67ਫਫ਼ੀਸਦੀ ਰਹਿ ਗਿਆ ਹੈ ਜੰਗਲਾਂ ਦੀ ਕਟਾਈ ਜਾਂ ਰੁੱਖਾਂ ਦੀ ਕਟਾਈ ਬਿਨਾਂ ਰੋਕ ਟੋਕ ਜਾਰੀ ਹੈਪੰਜਾਬ ਦੇ ਦਰਿਆਵਾਂ ਨਹਿਰਾਂ ਕੱਸੀਆਂ ਵਿੱਚ ਉਦਯੋਗਾਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਪਰ ਸਰਕਾਰ ਚੁੱਪ ਹੈ   ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਦੁਨੀਆਂ ਦੇ ਔਸਤ ਤਾਪਮਾਨ ਵਿਚ 1.4 ਤੋ 6.4ਡਿਗਰੀ ਸੈਲਸੀਅਸ ਤਕ ਵਾਧਾ ਹੋਣ ਕਰ ਕੇ ਜੀਵਾਂ ਦੀਆਂ ਤੀਹ ਫ਼ੀਸਦੀ ਪ੍ਰਜਾਤੀਆਂਸਨ   2050ਖ਼ਤਮ ਹੋ ਜਾਣਗੀਆਂ      ਅੱਜ ਸਾਨੂੰ ਕੁਝ ਅਜਿਹੇ ਠੋਸ ਕਦਮ ਚੁੱਕਣੇ ਪੈਣਗੇ ਜਿਸ ਨਾਲ ਵਾਤਾਵਰਨ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ  ਖੇਤਾਂ ਵਿਚ ਮਸ਼ੀਨਾਂ ਕੀਟਨਾਸ਼ਕਾਂ ਅਤੇ ਰਸਾਇਣਕ ੋਓਰ ਵਰਕਾਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰ ਦਿੱਤਾ ਜਾਵੇ  ਸਗੋਂ ਇਨ੍ਹਾਂ ਦੀ ਥਾਂ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਪਹਿਲ ਦਿੱਤੀ ਜਾਵੇ  ਖੇਤੀ ਆਧਾਰਤ ਲਘੂ ਉਦਯੋਗਾਂ ਨੂੰ ਬੜ੍ਹਾਵਾ ਦੇਣਾ ਹੋਵੇਗਾ  ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣਾ ਜ਼ਰੂਰੀ ਹੈ ਘੱਟ ਕਾਰਬਨ ਨਿਕਾਸੀ ਤਕਨੀਕ ਨੂੰ ਪਹਿਲ ਦੇਣੀ ਹੋਵੇਗੀ  ਵਾਤਾਵਰਨ ਵਿਚ ਵਿਨਾਸ਼ ਦੀ ਕੀਮਤ ਤੇ ਮੁਨਾਫੇ ਤੇ ਆਧਾਰਤ ਪੂੰਜੀਵਾਦੀ ਵਿਵਸਥਾ ਦੇ ਖ਼ਿਲਾਫ਼ ਸੰਘਰਸ਼ ਇਸ ਦਿਸ਼ਾ ਵਿੱਚ  ਸਹੀ ਕਦਮ ਹੈ  ਉਨ੍ਹਾਂ ਦੀਆਂ  ਅਨਿਆਂ ਪੂਰਨ  ਪੂੰਜੀਵਾਦੀ ਵਿਵਸਥਾ ਦੇ ਖ਼ਾਤਮੇ ਅਤੇ ਇੱਕ ਨਿਆਂਪੂਰਨ ਸਮਾਜਵਾਦੀ ਵਿਵਸਥਾ ਦੇ ਨਿਰਮਾਣ ਨਾਲ ਹੀ ਵਾਤਾਵਰਨ ਦੀ  ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਰੁੱਖ ਲਾਉਣੇ ਤੇ ਲੱਗੇ ਹੋਏ ਬਚਾਉਣੇ ਸਾਡੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ  

ਸਿਆਸੀ ਸੀਰੀ ✍️.  ਸਲੇਮਪੁਰੀ ਦੀ ਚੂੰਢੀ

     ਸਿਆਸੀ ਸੀਰੀ-6
- ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਇਸ ਵਾਰ ਉਨ੍ਹਾਂ ਨੂੰ ਪਾਰਟੀ ਟਿਕਟ ਮਿਲਣ ਦੀ ਉਮੀਦ ਨਹੀਂ ਹੈ, ਉਹ ਹੁਣ ਹੋਰਨਾਂ ਸਿਆਸੀ ਪਾਰਟੀਆਂ ਵਿਚ ਜਾਣ ਲਈ ਤਰਲੋ-ਮੱਛੀ ਹੈ ਰਹੇ ਹਨ ਤਾਂ ਉਥੇ ਜਾ ਕੇ ਟਿਕਟ ਦੀ ਪ੍ਰਾਪਤੀ ਕਰਕੇ ਮੁੜ ਤੋਂ ਕੁਰਸੀ ਪ੍ਰਾਪਤ ਕੀਤੀ ਜਾ ਸਕੇ, ਹਾਲਾਂਕਿ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਜਾਣ ਵਾਲੇ ਆਗੂ ਇਹ ਗੱਲ ਕਹਿ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿ, 'ਉਸ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਘਾਣ ਹੁੰਦਾ ਵੇਖ ਕੇ ਪਾਰਟੀ ਛੱਡੀ ਹੈ'। ਸੱਚ ਤਾਂ ਇਹ ਹੈ ਕਿ ਜਦੋਂ ਕੋਈ ਆਗੂ ਆਪਣੀ ਪਾਰਟੀ ਛੱਡਦਾ ਹੈ ਤਾਂ ਉਹ ਦੇਸ਼ ਜਾਂ ਸੂਬੇ ਜਾਂ ਲੋਕ ਹਿੱਤ ਲਈ ਨਹੀਂ ਛੱਡਦਾ ਬਲਕਿ ਆਪਣੇ ਨਿੱਜੀ ਮੁਫਾਦਾਂ ਕਰਕੇ ਇਧਰੋਂ - ਉਧਰ ਚਲਿਆ ਜਾਂਦਾ ਹੈ, ਕਿਉਂਕਿ ਉਸ ਨੂੰ ਆਪਣੀ ਕੁਰਸੀ ਜਾਣ ਦਾ ਡਰ ਸਤਾਉਣ ਲੱਗਦਾ ਹੈ। ਸਾਡੇ ਦੇਸ਼ ਦੇ ਵਿਧਾਇਕਾਂ / ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਜਮੀਰ ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਆਗੂਆਂ ਦੀ ਤਰ੍ਹਾਂ ਨਹੀਂ, ਜਿਨ੍ਹਾਂ ਨੂੰ ਦੇਸ਼/ ਸਮਾਜ / ਲੋਕਾਂ ਦੇ ਹਿੱਤ ਪਿਆਰੇ ਹੋਣ। ਵਿਦੇਸ਼ਾਂ ਵਿਚ ਜਦੋਂ ਕਿਸੇ ਸਿਆਸੀ ਆਗੂ ਉਪਰ ਕੋਈ ਦੋਸ਼ ਲੱਗਦਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਂਦਾ ਹੈ, ਜਦਕਿ ਇਥੇ ਬਿਲਕੁਲ ਉਲਟ ਸਾਡੇ ਆਗੂ ਕੁਰਸੀ ਦੀਆਂ ਲੱਤਾਂ ਨੂੰ ਫੜ ਕੇ ਚਿੰਬੜ ਜਾਂਦੇ ਹਨ ਅਤੇ ਉਹ ਬੇਸ਼ਰਮ ਹੋਣ ਕਰਕੇ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦੀ ਆਤਮਾ ਮਰ ਚੁੱਕੀ ਹੁੰਦੀ ਹੈ, ਉਨ੍ਹਾਂ ਨੂੰ ਸਮਾਜ ਨਾਲ ਕੋਈ ਵੀ ਹਮਦਰਦੀ ਨਹੀਂ ਹੁੰਦੀ। ਖੈਰ ਇਸ ਵਾਰ ਕਿਸਾਨੀ ਮੁੱਦੇ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿਚ ਬਹੁਤ ਭੰਨ ਤੋੜ ਹੋਣ ਦੀ ਸੰਭਾਵਨਾ ਹੈ। ਇਸ ਵੇਲੇ ਪੰਜਾਬ ਦਾ 'ਜੱਟ' ਜੋ ਕਿਸਾਨੀ ਨਾਲ ਜੁੜਿਆ ਹੋਇਆ ਹੈ, ਨੇ ਬਿਲਕੁਲ ਚੁੱਪ ਵੱਟੀ ਹੋਈ ਹੈ, ਕਿਉਂਕਿ ਇਸ ਵੇਲੇ ਉਹ ਆਪਣੇ ਬਾਜੂਬਲ ਉਪਰ ਕਿਸਾਨੀ ਬਚਾਉਣ ਲਈ ਆਪਣੀ ਲੜਾਈ ਖੁਦ ਲੜ ਰਿਹਾ ਹੈ। ਪੰਜਾਬ ਦੇ ਕਿਸਾਨ ਦਾ ਵਿਸ਼ਵਾਸ ਕਾਂਗਰਸ ਅਤੇ ਅਕਾਲੀ ਦਲ ਤੋਂ ਉੱਠ ਚੁੱਕਿਆ ਹੈ, ਹਾਲਾਂਕਿ ਸੂਬੇ ਵਿਚ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਜੋ ਪੰਜਾਬ ਦੇ ਜੱਟ ਲਈ ਕੀਤਾ ਹੈ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ। ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ 'ਜੱਟ' ਰਿਹਾ ਹੈ, ਜਿਸ ਨੇ ਹਮੇਸ਼ਾ 'ਜੱਟਾਂ' ਦੀ ਬਿਹਤਰੀ ਲਈ ਕਲਿਆਣਕਾਰੀ ਯੋਜਨਾਵਾਂ ਉਲੀਕੀਆਂ ਹਨ, ਜਿਸ ਕਰਕੇ ਅੱਜ ਪੰਜਾਬ ਦਾ ਜੱਟ ਮਹਿੰਗੀਆਂ ਕਾਰਾਂ, ਕੋਠੀਆਂ ਦਾ ਮਾਲਕ ਬਣਿਆ ਹੋਇਆ ਹੈ, ਅਤੇ ਖੇਤੀ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸੀਰੀ ਰੱਖੇ ਹੋਏ ਹਨ, ਜਦਕਿ ਇਸ ਦੇ ਉਲਟ ਦਲਿਤਾਂ ਦੇ ਜੀਵਨ ਪੱਧਰ ਵਿਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਹਾਂ, ਦਲਿਤ ਵਰਗ ' ਚੋਂ ਡਾ ਭੀਮ ਰਾਓ ਅੰਬੇਦਕਰ ਸਦਕਾ ਬਣੇ ਵਿਧਾਇਕਾਂ /ਮੈਂਬਰ ਲੋਕ ਸਭਾ /ਮੈਂਬਰ ਰਾਜ ਸਭਾ ਅਤੇ ਮੰਤਰੀਆਂ ਦਾ ਜੀਵਨ ਪੱਧਰ ਜਰੂਰ ਉੱਚਾ ਹੋਇਆ ਹੈ। ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੂਬੇ ਵਿਚ ਕਾਫੀ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜਾਬ ਦਾ ਕਿਸਾਨ ਬਾਂਹ  ਫੜਾਉਣ ਤੋਂ ਆਨਾਕਾਨੀ ਕਰ ਰਿਹਾ ਹੈ। ਅਕਾਲੀਆਂ ਅਤੇ ਕਾਂਗਰਸ ਵਲੋਂ ਚੋਣਾਂ ਦੌਰਾਨ  ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ 1984 ਵਿਚ ਹਰਿਮੰਦਿਰ ਸਾਹਿਬ ਉਪਰ ਹੋਏ ਫੌਜੀ ਹਮਲੇ ਦਾ  ਜੋ ਹਰ ਵਾਰ ਪੱਤਾ ਖੇਡਿਆ ਜਾਂਦਾ ਸੀ, ਇਸ ਵਾਰ ਚੱਲਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਸੂਬੇ ਦੇ ਲੋਕ ਸਮਝ ਗਏ ਹਨ ਕਿ 'ਸੱਭ ਆਗੂ ਡਰਾਮਾ' ਕਰਦੇ ਹਨ। ਪੰਜਾਬ ਵਿਚ 'ਆਪ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਦਲ' ਵੀ ਆਪਣੀ ਹੋਂਦ ਨੂੰ ਲੈ ਕੇ ਹੱਥ ਪੱਲਾ ਮਾਰ ਰਿਹਾ ਹੈ ਜਦਕਿ ਭਾਜਪਾ ਵੀ ਸੂਬੇ ਦੇ ਕਿਸਾਨਾਂ ਖਾਸ ਕਰਕੇ ਖਾਸ ਜੱਟਾਂ ਅਤੇ ਦਲਿਤਾਂ ਨੂੰ ਆਪਣੇ ਨਾਲ ਜੋੜਨ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਤਰ੍ਹਾਂ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਕਿਸੇ ਦਲਿਤ ਨੂੰ 'ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ' ਬਣਾਉਣ ਲਈ ਬਿਆਨ ਦਿੱਤੇ ਜਾ ਰਹੇ ਹਨ। ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਹਨ ਅਤੇ ਇਨ੍ਹਾਂ ਸੀਟਾਂ ਵਿਚੋਂ 69 ਸੀਟਾਂ ਮਾਲਵਾ ਖੇਤਰ, 25 ਮਾਝਾ ਅਤੇ 23 ਦੁਆਬਾ ਖੇਤਰ ਨਾਲ ਸਬੰਧਿਤ ਹਨ। ਮਾਲਵਾ ਖੇਤਰ ਨਾਲ ਸਬੰਧਿਤ 69 ਸੀਟਾਂ ਵਿਚੋਂ 60 ਸੀਟਾਂ ਉਪਰ ਮੱਜਬੀ ਸਿੱਖਾਂ /ਵਾਲਮੀਕੀਆਂ ਦੀ 60 ਤੋਂ 80 ਫੀਸਦੀ ਵੋਟਾਂ ਹਨ, ਪਰ ਮਾਲਵਾ ਖੇਤਰ ਵਿਚ ਮੱਜਬੀ ਸਿੱਖਾਂ ਅਤੇ ਵਾਲਮੀਕੀਆਂ ਦੀ ਸਮਾਜਿਕ ਅਤੇ ਆਰਥਿਕ ਹਾਲਤ ਸੱਭ ਤੋਂ ਮਾੜੀ ਹੈ। ਉਹ ਅਜੇ ਵੀ ਗੁਲਾਮੀ ਭਰਿਆ ਜੀਵਨ ਕੱਟਣ ਲਈ ਮਜਬੂਰ ਹਨ ਜਦ ਕਿ ਦਲਿਤ ਸਮਾਜ ਵਿੱਚੋਂ ਬਣੇ ਵਿਧਾਇਕ /ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਤ੍ਰਾਸਦੀ ਇਹ ਹੈ ਕਿ ਉਹ 'ਸਿਆਸੀ ਸੀਰੀ' ਬਣਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਦਲਿਤ ਸਮਾਜ ਨਾਲ ਕੋਈ ਵੀ ਸਰੋਕਾਰ ਨਹੀਂ ਹੈ। ਅਕਾਲੀ ਦਲ /ਕਾਂਗਰਸ ਦੇ ਆਗੂ ਜਿਨ੍ਹਾਂ ਵਿਚ ਜੱਟਾਂ ਅਤੇ ਹੋਰ ਉੱਚ ਜਾਤੀ ਦੇ ਲੋਕਾਂ ਦਾ ਕਬਜ਼ਾ ਹੈ, ਦੇ ਵਿੱਚ ਦਲਿਤਾਂ ਨੂੰ ਛੱਡ ਕੇ ਬਾਕੀ ਦੇ ਆਗੂ 'ਸਿਆਸੀ ਸੀਰੀ' ਬਣਕੇ ਨਹੀਂ ਕੰਮ ਕਰਦੇ, ਉਹ ਸਿਰਫ ਜੇ ਡਰਦੇ ਹਨ ਤਾਂ ਮੌਕੇ ਦੀ ਸਰਕਾਰ ਦੇ 'ਵਿਜੀਲੈਂਸ ਵਿਭਾਗ' ਵਿਭਾਗ ਤੋਂ ਡਰਦੇ ਹੋਏ ਆਪਣੇ ਤੇਵਰ ਨਰਮ ਕਰ ਲੈਂਦੇ ਹਨ। ਪੰਜਾਬ ਵਿਚ ਇਸ ਵੇਲੇ 38 ਫੀਸਦੀ ਅਬਾਦੀ ਦਲਿਤ ਲੋਕਾਂ ਦੀ ਹੈ, ਜਿਸ ਵਿਚੋਂ 24 ਫੀਸਦੀ ਅਬਾਦੀ ਮੱਜਬੀ ਸਿੱਖਾਂ ਅਤੇ ਵਾਲਮੀਕੀਆਂ ਦੀ ਜਦਕਿ ਬਾਕੀ ਦੀ ਗਿਣਤੀ 14 ਫੀਸਦੀ ਅਬਾਦੀ ਰਵਿਦਾਸੀਆ ਵਰਗ ਸਮੇਤ ਹੋਰ ਅਨੂਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਵਿਚ ਆਉਂਦੇ ਲੋਕਾਂ ਦੀ ਹੈ। 
-ਸੁਖਦੇਵ ਸਲੇਮਪੁਰੀ
09780620233
3 ਜੂਨ, 2021

ਸਿਆਸੀ ਸੀਰੀ ✍️.  ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ - 5
- ਪੰਜਾਬ ਵਿਚ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਜੋੜ-ਤੋੜ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਲੋਂ ਦਲਿਤਾਂ ਨੂੰ ਭਰਮਾਉਣ ਲਈ ਨਵੇਂ ਪੱਤੇ ਵਰਤੇ ਜਾ ਰਹੇ ਹਨ। ਸਿਆਸੀ ਪਾਰਟੀਆਂ ਵਲੋਂ ਦਲਿਤਾਂ ਲਈ ਮੁੱਖ-ਮੰਤਰੀ ਅਤੇ ਉਪ ਮੁੱਖ ਮੰਤਰੀ ਵਰਗੇ ਅਹੁਦਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਸੁਪਰੀਮੋ ਉੱਚ ਜਾਤੀਆਂ ਖਾਸ ਕਰਕੇ 'ਜੱਟ' ਹੀ ਹਨ, ਭਲੀਭਾਂਤ ਜਾਣਦੇ ਹਨ ਕਿ ਇਸ ਵੇਲੇ ਪੰਜਾਬ ਦਾ ਜੱਟ ਕਿਸਾਨੀ ਮੁੱਦੇ ਨੂੰ ਲੈ ਕੇ ਕਿਸੇ ਵੀ ਸਿਆਸੀ ਪਾਰਟੀ ਨਾਲ ਚੱਲਣ ਦੀ ਬਜਾਏ ਚੁੱਪ ਵੱਟੀ ਬੈਠਾ ਹੈ, ਜਦਕਿ ਪੰਜਾਬ ਦਾ ਹਿੰਦੂ ਅੰਦਰੂਨੀ ਤੌਰ 'ਤੇ ਭਾਜਪਾ ਨਾਲ ਜੁੜਿਆ ਹੋਇਆ ਹੈ। ਫਿਰ ਇਕੱਲੇ ਦਲਿਤ ਹੀ ਰਹਿ ਗਏ ਹਨ, ਜਿਹੜੇ ਹਰ ਵਾਰ ਉੱਧਰ ਨੂੰ ਤੁਰ ਪੈਂਦੇ ਹਨ, ਜਿਹੜਾ ਉਨ੍ਹਾਂ ਨੂੰ 'ਮੁਫਤ ਕਣਕ-ਦਾਲ' ਦੇਈ ਜਾਵੇ। ਉਨ੍ਹਾਂ ਨੂੰ ਆਪਣੇ ਭਵਿੱਖ ਜਾਣੀ ਕਿ ਆਪਣੇ ਬੱਚਿਆਂ ਬਾਰੇ ਕੋਈ ਚਿੰਤਾ ਨਹੀਂ ਹੈ, ਉਹ ਉਨ੍ਹਾਂ ਕੋਲੋਂ ਸੀਰੀਪੁਣਾ ਛੁਡਵਾਉਣ ਲਈ ਕੋਈ ਉਚੇਚ ਨਹੀਂ ਕਰਦੇ, ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਧੀਆਂ - ਭੈਣਾਂ ਦੇ ਸਿਰਾਂ ਉਪਰ ਗੋਹੇ ਦਾ ਟੋਕਰਾ ਲੱਥੇ, ਹੱਥ ਵਿੱਚੋਂ ਝਾੜੂ ਛੁੱਟੇ, ਬੱਚਿਆਂ ਹੱਥੋਂ ਪਸ਼ੂ ਚਾਰਨ ਲਈ ਸੋਟੀ ਛੁੱਟੇ, ਜੱਟਾਂ ਦੇ ਘਰ ਸੀਰੀਪੁਣਾ ਤੋਂ ਖਹਿੜਾ ਛੁੱਟੇ, ਉਨ੍ਹਾਂ ਨੂੰ ਤਾਂ ਸਿਰਫ ਮੁਫਤ ਵਿਚ ਕਣਕ - ਦਾਲ ਅਤੇ ਬਿਜਲੀ ਮਿਲਣੀ ਚਾਹੀਦੀ ਹੈ। ਜਾਪਦਾ ਹੈ ਕਿ ਇਸ ਵਾਰ ਦਲਿਤਾਂ ਲਈ ਸਿਆਸੀ ਪਾਰਟੀਆਂ ਵਲੋਂ ਘਿਓ / ਖੰਡ / ਤੇਲ ਦੀ ਕੋਈ ਸਕੀਮ ਲਿਆਂਦੀ ਜਾ ਸਕਦੀ ਹੈ, ਤਾਂ ਜੋ ਪੰਜਾਬ ਦੀ ਵਾਗਡੋਰ 'ਜੱਟ' ਦੇ ਹੱਥ ਵਿਚ ਹੀ ਰਹੇ। ਭਲਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਦੀ ਉਨ੍ਹਾਂ ਨੇ ਕਿਸੇ ਦਲਿਤ ਨੂੰ ਪੰਜਾਬ ਦਾ ਮੁੱਖ ਸਕੱਤਰ ਜਾਂ ਪੁਲਿਸ ਮੁਖੀ ਲਗਾਇਆ? ਪੰਜਾਬ 'ਤੇ ਕਾਬਜ ਰਹੀਆਂ ਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਜਿਲ੍ਹਿਆਂ ਵਿੱਚ ਕਿਸੇ ਦਲਿਤ ਅਧਿਕਾਰੀ ਨੂੰ ਡੀ ਸੀ ਅਤੇ ਜਿਲ੍ਹਾ ਪੁਲਿਸ ਮੁਖੀ ਲਗਾਉਣ ਲਈ ਤਿਆਰ ਨਹੀਂ, ਹੋਰ ਤਾਂ ਹੋਰ ਵੱਡੇ ਥਾਣਿਆਂ ਵਿਚ ਦਲਿਤਾਂ ਨੂੰ ਐਸ ਐਚ ਓ ਲਗਵਾਉਣ ਤੋਂ ਗੁਰੇਜ ਕੀਤਾ ਜਾਂਦਾ ਹੈ। ਦਲਿਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਹੁਣ ਤੱਕ ਦਲਿਤਾਂ ਨੂੰ ਸੰਵਿਧਾਨਿਕ ਰੂਪ ਵਿਚ ਮਿਲਿਆ ਨੌਕਰੀਆਂ ਵਿੱਚ ਰਾਖਵਾਂਕਰਨ ਅਤੇ ਤਰੱਕੀਆਂ ਦੇਣ ਤੋਂ ਅੜਿੱਕੇ ਡਾਹੇ ਜਾ ਰਹੇ ਹਨ, ਪਿੰਡਾਂ ਵਿਚ ਸਰਪੰਚ ਬਣਨ ਤੋਂ ਰੋਕਿਆ ਜਾ ਰਿਹਾ ਹੈ, ਉਹ ਦਲਿਤਾਂ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਕਿਵੇਂ ਬਣਾਉਣਗੀਆਂ? ਜੇ ਮੰਨ ਵੀ ਲਿਆ ਜਾਵੇ ਤਾਂ ਕਮਾਨ ਤਾਂ 'ਉੱਚ ਜਾਤੀ' ਦੇ ਲੋਕਾਂ ਕੋਲ ਹੀ ਰਹੇਗੀ। ਮੁੱਖ ਮੰਤਰੀ /ਉਪ ਮੁੱਖ ਮੰਤਰੀ ਸਿਰਫ ਇਕ 'ਸੀਰੀ' ਦੀ ਤਰ੍ਹਾਂ ਕੰਮ ਕਰੇਗਾ। ਪੰਜਾਬ ਵਿਚ  ਸਰਕਾਰੀ ਨੌਕਰੀਆਂ ਵਿੱਚ ਦਲਿਤ ਮੁਲਾਜ਼ਮਾਂ ਨੂੰ ਤਰੱਕੀਆਂ ਨੂੰ ਲੈ ਕੇ ਸਾਲ 2014 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਗੈਰ-ਸੰਵਿਧਾਨਕ ਪੱਤਰ ਜਾਰੀ ਕਰਵਾ ਕੇ ਰੋਕ ਲਗਾ ਰੱਖੀ ਸੀ, ਅਤੇ ਉਸ ਪੱਤਰ ਨੂੰ ਕਾਇਮ ਰੱਖਣ ਲਈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵੀ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈ, ਦਲਿਤਾਂ ਨੂੰ ਤਰੱਕੀਆਂ ਦੇਣ ਤੋਂ ਵੰਚਿਤ ਕਰ ਕੇ ਰੱਖਿਆ ਹੋਇਆ ਹੈ।  ਦਲਿਤਾਂ ਨੂੰ ਆਪਣਾ ਭਵਿੱਖ ਕਣਕ-ਦਾਲ ਅਤੇ ਬਿਜਲੀ ਬਿੱਲਾਂ ਨੂੰ ਨਾ ਸਮਝਦੇ ਹੋਏ ਆਪਣੇ ਦਿਮਾਗ ਨਾਲ ਸੋਚ ਕੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਵੇਲੇ ਇੱਕ ਗੱਲ ਸਾਹਮਣੇ ਆਈ ਹੈ ਕਿ ਸਿਆਸੀ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਅਕਸਰ ਹੀ ਤਰ੍ਹਾਂ ਦੇ ਵਿੰਗ ਜਿਵੇਂ ਅਨੁਸੂਚਿਤ ਜਾਤੀ ਵਿੰਗ, ਪੱਛੜੀਆਂ ਸ਼੍ਰੇਣੀਆਂ ਵਿੰਗ, ਜਾਂ ਹੋਰ ਵੱਖ ਵੱਖ ਜਾਤੀਆਂ ਦੇ ਨਾਂ ਹੇਠ ਵਿੰਗ ਬਣਾਕੇ ਉਸ ਵਰਗ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਪਰ ਇਸ ਵਾਰ ਵਿੰਗਾਂ ਦੇ ਲੋਕ ਵਿੰਗਾਂ ਨੂੰ ਲੈ ਕੇ ਸੁਚੇਤ ਹੋ ਰਹੇ ਹਨ। ਅਕਾਲੀ ਦਲ ਬਾਦਲ ਵਲੋਂ ਪਿਛਲੇ ਦਿਨੀਂ 'ਰਾਜਪੂਤ ਭਾਈਚਾਰਾ' ਨਾਲ ਸਬੰਧਿਤ ਵਿੰਗ ਤਿਆਰ ਕਰਕੇ ਉਸ ਵਿੰਗ ਦਾ ਕੋਆਰਡੀਨੇਟਰ ਇੱਕ ਵਿਧਾਇਕ ਜੋ ਜੱਟ ਹੈ ਨੂੰ ਲਗਾ ਦਿੱਤਾ, ਨੂੰ ਲੈ ਕੇ ਰਾਜਪੂਤ ਭਾਈਚਾਰੇ ਵਿਚ ਵਿਰੋਧ ਖੜ੍ਹਾ ਹੋ ਗਿਆ। ਰਾਜਪੂਤਾਂ ਦਾ ਕਹਿਣਾ ਹੈ ਕਿ ਰਾਜਪੂਤ ਇੱਕ ਬਹਾਦਰ ਕੌਮ ਹੈ, ਜਿਹਡ਼ੀ ਆਪਣੇ ਚੰਗੇ /ਮਾੜੇ ਬਾਰੇ ਖੁਦ ਭਲੀ ਭਾਂਤ ਜਾਣੂੰ ਹੈ, ਫਿਰ ਰਾਜਪੂਤ ਭਾਈਚਾਰੇ ਦਾ ਵਿੰਗ ਬਣਾ ਕੇ ਕੋਆਰਡੀਨੇਟਰ ਕਿਸੇ 'ਜੱਟ' ਨੂੰ ਕਿਉਂ ਥੋਪਿਆ ਗਿਆ ਹੈ? ਰਾਜਪੂਤ ਭਾਈਚਾਰੇ ਵਲੋਂ ਬਗਾਵਤ ਦਾ ਚੁੱਕਿਆ ਗਿਆ ਝੰਡਾ ਇਕ ਬਹੁਤ ਵਧੀਆ ਪਹਿਲ ਕਦਮੀ ਹੈ, ਕਿਉਂਕਿ ਉਨ੍ਹਾਂ ਨੂੰ ਗਿਆਨ ਹੋ ਗਿਆ ਹੈ ਕਿ ਉਹ ਕਿਸੇ ਦੇ 'ਸੀਰੀ' ਬਣਕੇ ਕੰਮ ਨਹੀਂ ਕਰਨਗੇ, ਉਨ੍ਹਾਂ ਦੀ ਆਪਣੀ ਹੋਂਦ ਹੈ, ਜਿਸ ਨੂੰ ਉਹ ਜਿਉਂਦਾ ਰੱਖਣਗੇ। ਇਸੇ ਤਰ੍ਹਾਂ ਦਲਿਤਾਂ ਨੂੰ ਵੀ ਆਪਣੀ ਮਰੀ ਹੋਈ ਜਮੀਰ ਨੂੰ ਜਗਾਕੇ 'ਸੀਰੀਪੁਣਾ' ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ, ਉਹ ਜਿਸ ਵੀ ਸਿਆਸੀ ਪਾਰਟੀ ਵਿਚ ਹਨ, ਉਨ੍ਹਾਂ ਨੂੰ ਆਪਣੀ ਹੋਂਦ ਕਾਇਮ ਕਰਨੀ ਚਾਹੀਦੀ ਹੈ।
-ਸੁਖਦੇਵ ਸਲੇਮਪੁਰੀ
09780620233
2 ਜੂਨ, 2021

ਦਹਿਲੀਜ਼ ✍️. ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ

ਦਹਿਲੀਜ਼
ਕਿਸੇ ਦਾ ਵੀ ਦਿਲ ਦੀ ਦਹਿਲੀਜ਼ ਦੇ ਪੱਧਰ ਤੱਕ ਉੱਤਰ ਜਾਣਾ ਆਪਣੇ ਆਪ ਵਿੱਚ ਇੱਕ ਵਡਮੁੱਲੀ ਦਾਤ ਹੈ। ਕਿਤੇ ਨਾ ਕਿਤੇ ਤੁਹਾਡੇ ਵਿਚਾਰ ਜਦੋਂ ਦੂਸਰੇ ਵਿਅਕਤੀ ਦੇ ਵਿਚਾਰਾਂ ਨਾਲ਼ ਮੇਲ ਖਾਂਦੇ ਹਨ ਤਾਂ ਦਿਲ ਦੀ ਦਹਿਲੀਜ਼ ਤੇ ਦਸਤਕ ਹੋਣਾ ਸੁਭਾਵਿਕ ਹੋ ਜਾਂਦਾ ਹੈ। ਤੁਹਾਡੀ ਮਹੀਨਾਵਾਰ ਜਾਂ ਸਾਲਾਨਾ ਕਮਾਈ ਕਿੰਨੀ ਵੀ ਹੋਵੇ ਜਿਆਦਾ ਮਾਇਨੇ ਨਹੀਂ ਰੱਖਦੀ ਹੈ। ਹਾਂ, ਪੈਸਾ ਬਲਵਾਨ ਹੈ, ਲੋੜ ਮੁਤਾਬਿਕ ਮਾਇਆ ਹੋਣੀ ਵੀ ਚਾਹੀਦੀ ਹੈ, ਤਾਂ ਜ਼ੋ ਲੋੜੀਂਦੀਆਂ ਜ਼ਰੂਰੀ ਵਸਤਾਂ ਖ਼ਰੀਦੀਆਂ ਜਾ ਸਕਣ। ਸਾਲਾਨਾ ਵੇਤਨ ਚ ਵਾਧਾ ਜਾਂ ਤਰੱਕੀ ਕਿਤੇ ਨਾ ਕਿਤੇ ਮਨ ਨੂੰ ਖੁਸ਼ੀ ਦਿੰਦਾ ਹੈ। ਖੁਸ਼ੀ ਹੋਣੀ ਵੀ ਚਾਹੀਦੀ ਹੈ। ਪਰ ਇਸ ਤਰੱਕੀ ਦੇ ਦੌਰ ਵਿੱਚ ਜੋ ਅਹਿਮ ਗੱਲ ਦੇਖਣ ਚ ਆਉਂਦੀ ਹੈ ਕਿ ਜਿਵੇਂ ਹੀ ਕੋਈ ਤਰੱਕੀ ਦਾ ਰਾਹ ਫੜ ਲੈਂਦਾ ਹੈ ਤਾਂ ਅਕਸਰ ਹੀ ਇਨਸਾਨ ਦੀ ਧੌਣ ਦੀ ਹੱਡੀ ਚ ਬਲ ਵਧ ਜਾਂਦਾ ਹੈ ਅਰਥਾਤ ਹਉਮੈ ਵਧ ਜਾਂਦੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨਾਂ ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਹੁਣ ਤੱਕ ਰਹਿ ਕੇ ਓਹਨਾਂ ਤੋਂ ਕੁਝ ਸਿੱਖ ਕੇ ਅੱਗੇ ਵਧੇ ਹਾਂ, ਜੇਕਰ ਤਰੱਕੀ ਹੋਣ ਤੋਂ ਬਾਅਦ ਇਹ ਸਭ ਰਿਸ਼ਤੇ ਨਾਤੇ ਪਹਿਲਾਂ ਵਰਗੇ ਨਹੀਂ ਹਨ ਤਾਂ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਇਹ ਤਰੱਕੀ ਨਾਲ ਕਿੰਨੇ ਕੁ ਨਵੇਂ ਰਾਹ ਨਿਕਲਣ ਦੀ ਉਮੀਦ ਹੈ। ਜੇਕਰ ਇਹ ਸਭ ਦਾ ਇੱਕ ਗ੍ਰਾਫ ਤਿਆਰ ਕੀਤਾ ਜਾਵੇ, ਜਿਸ ਵਿਚ ਤੁਹਾਡੀ ਤਰੱਕੀ ਅਤੇ ਰਿਸ਼ਤੇ ਨਾਤਿਆਂ ਦੇ ਪੈਰਾਮੀਟਰ ਤੈਅ ਕੀਤੇ ਜਾਣ, ਉਦਾਹਰਨ ਦੇ ਤੌਰ ਤੇ ਜੇਕਰ ਮੇਲ ਜੋਲ/ ਰਿਸ਼ਤੇ ਨਾਤਿਆਂ ਵਾਲਾ ਗ੍ਰਾਫ ਡਿਗਦਾ ਜਾ ਰਿਹਾ ਹੈ, ਤਾਂ ਉਹ ਸਮਾਂ ਆਉਣਾ ਦੂਰ ਨਹੀਂ ਜਦੋਂ ਇਕੱਲਾਪਨ ਅੰਦਰੋ ਅੰਦਰੀ ਘੁਣ ਵਾਂਗ ਖਾਣ ਲੱਗ ਜਾਵੇਗਾ। ਤੁਹਾਡੇ ਦੁਆਰਾ ਬੋਲੇ ਗਏ ਬੋਲ ਸੁਣਨ ਵਾਲੇ ਦੇ ਦਿਲ ਚ ਘਰ ਕਰਨ ਵਾਲੇ ਹੋਣੇ ਚਾਹੀਦੇ ਹਨ, ਨਾਂ ਕਿ ਤੁਹਾਡੇ ਬੋਲਾਂ ਚ ਹਉਮੈ ਦੀ ਬਦਬੋ ਆਉਂਦੀ ਹੋਵੇ। ਬੁੱਲ੍ਹੇ ਸ਼ਾਹ ਜੀ ਬੋਲਣ ਬਾਰੇ ਲਿਖਦੇ ਹਨ ਕਿ
                                   
“ ਬੁੱਲ੍ਹਿਆ, ਮੰਦਿਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁੱਝ ਢਹਿੰਦਾ,
                                     
ਇੱਕ ਕਿਸੇ ਦਾ ਦਿਲ ਨਾ ਢਾਹਵੀਂ, ਰੱਬ ਦਿਲਾਂ ਵਿਚ ਰਹਿੰਦਾ।“
ਹੁਣ ਅਸੀਂ ਇਸ ਤੋਂ ਇਹ ਭਾਵ ਨਹੀਂ ਕੱਢਣਾ ਕਿ ਧਾਰਮਿਕ ਅਸਥਾਨ ਠੀਕ ਨਹੀਂ ਹਨ। ਸਭ ਧਰਮ ਅਤੇ ਧਾਰਮਿਕ ਅਸਥਾਨ ਸਨਮਾਨ ਯੋਗ ਹਨ। ਇੱਥੇ ਬੁੱਲ੍ਹੇ ਸ਼ਾਹ ਜੀ ਦਿਲ ਦੀ ਅਵਸਥਾ ਦੀ ਗੱਲ ਕਰਦੇ ਹਨ ਕਿ ਤੁਹਾਡੇ ਬੋਲ ਇੰਨੇ ਸ਼ਕਤੀਸ਼ਾਲੀ ਹਨ ਕਿ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਅਗਲੇ ਇਨਸਾਨ ਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ। ਸੋ, ਕੋਸ਼ਿਸ਼ ਕਰੀਏ ਕਿ ਰਲ ਮਿਲ ਕੇ ਪਿਆਰ ਨਾਲ ਰਹੀਏ। ਜਿਹੜੇ ਤੁਹਾਡੇ ਆਪਣੇ ਨੇ ਉਹਨਾਂ ਨੂੰ ਵੀ ਅਹਿਸਾਸ ਰਹੇ ਕਿ ਸਾਡਾ ਕੋਈ ਆਪਣਾ ਵੀ ਹੈ, ਜੋ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਗੱਲ ਨੂੰ ਸਮਝਦਾ ਹੈ। ਨਿਰਸਵਾਰਥ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਰਹੋ, ਚੰਗਾ ਪਰੋਸਦੇ ਰਹੋ ਤੇ ਆਨੰਦ ਮਾਣਦੇ ਰਹੋ। ਫਿਰ ਦੇਖੋ ਕਿ ਕਿਵੇਂ ਉਹ ਕਾਦਰ ਦੀ ਕੁਦਰਤ ਤੁਹਾਡੇ ਲਈ ਵੀ ਅਨੇਕਾਂ ਰਾਹ ਖੋਲਦੀ ਰਹੇਗੀ।
                           
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ 
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ-ਸੀਰੀ-4
- ਪਿਛਲੇ ਅੰਕਾਂ ਵਿਚ ਮੈਂ ਦਲਿਤ ਵਰਗ ਨਾਲ ਸਬੰਧਿਤ ਵਿਧਾਇਕਾਂ / ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤ੍ਰਾਸਦੀ ਬਾਰੇ ਲਿਖਿਆ ਸੀ ,ਕਿ ਉਹ  ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਵਲੋਂ ਸੰਵਿਧਾਨਿਕ ਰਾਖਵਾਂਕਰਨ ਦੀ ਦੇਣ ਸਦਕਾ, ਜਿਸ ਸਿਆਸੀ ਪਾਰਟੀ ਦੀ ਟਿਕਟ ਤੋਂ ਕੁਰਸੀ 'ਤੇ ਬਿਰਾਜਮਾਨ ਹੋਏ ਹਨ, ਦੇ ਵਿੱਚ ਉਨ੍ਹਾਂ ਦੀ ਆਪਣੀ ਕੋਈ ਵੀ ਹੋਂਦ ਨਹੀਂ ਹੈ ਅਤੇ ਉਹ ਆਪੋ ਆਪਣੀ ਪਾਰਟੀ ਵਿਚ ਬਤੌਰ 'ਸਿਆਸੀ ਸੀਰੀ' ਬਣਕੇ ਜਿੰਦਗੀ ਕੱਟ ਰਹੇ ਹਨ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ / ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਤੈਨਾਤ  ਦਲਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਇਹੀ ਤ੍ਰਾਸਦੀ ਹੈ। ਵੇਖਣ ਵਿਚ ਆਇਆ ਹੈ ਕਿ ਬਹੁਤੇ ਦਲਿਤ ਅਧਿਕਾਰੀ ਤਾਂ ਆਪਣੀ ਜਾਤ ਲੁਕੋ ਕੇ ਰੱਖ ਦੇ ਹਨ, ਉਹ ਆਪਣੇ ਪਿਛੇ ਕੋਈ ਅਜਿਹਾ ਗੋਤ ਵਗੈਰਾ ਲਿਖ ਲੈਂਦੇ ਹਨ, ਜਿਸ ਤੋਂ ਇਹ ਪ੍ਰਤੀਤ ਹੋਵੇ ਕਿ ਉਹ ਤਾਂ ਉੱਚ ਜਾਤੀ ਨਾਲ ਸਬੰਧਿਤ ਹੈ। ਇੱਕ ਵਾਰ ਦੀ ਗੱਲ ਹੈ ਕਿ ਮੈਂ ਇਕ ਆਈ ਏ ਐਸ ਅਧਿਕਾਰੀ ਜੋ ਦਲਿਤ ਸਮਾਜ ਨਾਲ ਸਬੰਧਤ ਰੱਖਦਾ ਸੀ, ਹੁਣ ਸੇਵਾ ਮੁਕਤ ਹੋ ਚੁੱਕਿਆ ਹੈ, ਦੇ ਦਫਤਰ ਵਿਚ ਅਚਾਨਕ ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਵੜਿਆ ਤਾਂ ਵੇਖਿਆ ਕਿ ਉਥੇ ਦਫਤਰ ਵਿਚ ਮੌਜੂਦ ਪੰਜਾਬ ਸਰਕਾਰ ਦੇ ਇਕ ਵਿਭਾਗ ਦਾ ਚੇਅਰਮੈਨ ਵੀ ਮੌਜੂਦ ਸੀ।ਦਲਿਤ ਆਈ ਏ ਐਸ ਅਧਿਕਾਰੀ ਆਪਣੇ ਹੀ ਦਫਤਰ ਵਿਚ ਬੈਠੇ ਚੇਅਰਮੈਨ ਦੇ ਗੋਡੇ ਫੜੀ ਬੈਠਾ ਸੀ। ਆਈ ਏ ਐਸ ਅਧਿਕਾਰੀ ਦੇ ਸੀਰੀਪੁਣਾ ਨਾਲ ਸਬੰਧਿਤ ਇਹ ਸਾਰਾ ਵਰਤਾਰਾ ਵੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ ਕਿ ਜਿਸ ਸਮਾਜ ਦੇ ਆਹਲਾ ਦਰਜੇ ਦੇ ਅਧਿਕਾਰੀਆਂ ਦੀ ਇਹ ਤ੍ਰਾਸਦੀ ਹੈ, ਉਥੇ ਇਸ ਸਮਾਜ ਦੇ ਆਮ ਲੋਕਾਂ ਨੂੰ  ਗੁਲਾਮਾਂ ਵਰਗੀ ਜਿੰਦਗੀ ਕੱਟਣੀ ਹੀ ਪਵੇਗੀ। ਲੁਧਿਆਣਾ ਜਿਲ੍ਹੇ ਵਿੱਚ ਹੈਬੋਵਾਲ ਵਾਲੇ ਪਾਸੇ ਪੰਜਾਬ ਸਰਕਾਰ ਵਲੋਂ ਸਮਾਜ ਦੇ ਦਲਿਤ ਵਰਗ ਲਈ 'ਮਹਾਰਿਸ਼ੀ ਵਾਲਮੀਕਿ ਨਗਰ' ਦੇ ਨਾਂ ਇਕ ਵੱਡ ਅਕਾਰੀ ਕਾਲੌਨੀ ਉਸਾਰੀ ਹੋਈ ਹੈ, ਜਿਸ ਵਿਚ ਦਲਿਤਾਂ ਦੀ ਵਿੱਤ ਮੁਤਾਬਿਕ ਉਨ੍ਹਾਂ ਲਈ 35-35 ਗਜ ਦੇ ਮਕਾਨ ਹਨ, ਜੋ ਉਨ੍ਹਾਂ ਨੂੰ ਸਰਕਾਰ ਵਲੋਂ ਕਿਸ਼ਤਾਂ 'ਤੇ ਮੁਹੱਈਆ ਕਰਵਾਏ ਗਏ ਸਨ। ਬਹੁਤ ਸਾਰੇ ਦਲਿਤ ਆਪਣੇ ਮਕਾਨ ਵੇਚ ਕੇ ਇੱਧਰ ਉੱਧਰ ਚਲੇ ਗਏ ਹਨ। ਇਸ ਵੇਲੇ ਇਸ ਨਗਰ ਵਿਚ ਬਹੁ ਗਿਣਤੀ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਦੋ ਦੋ ਤਿੰਨ ਤਿੰਨ ਮਕਾਨ ਖ੍ਰੀਦ ਕੇ ਆਪਣੀ ਰਿਹਾਇਸ਼ ਕੋਠੀਆਂ ਵਿਚ ਬਦਲ ਲਈ ਹੈ। ਇਸ ਨਗਰ ਵਿਚ ਇਸ ਵੇਲੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰ, ਇਨਕਮ ਟੈਕਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ /ਕਰਮਚਾਰੀਆਂ ਤੋਂ ਇਲਾਵਾ ਵਪਾਰੀ ਅਤੇ ਉੱਚ ਆਮਦਨ ਵਾਲੇ ਲੋਕਾਂ ਦਾ ਵਾਸਾ ਹੋ ਚੁੱਕਿਆ ਹੈ, ਜਿਸ ਕਰਕੇ ਇਸ ਵੇਲੇ ਇਥੇ ਰਹਿ ਰਹੇ ਲੋਕਾਂ ਨੇ 'ਮਹਾਰਿਸ਼ੀ ਵਾਲਮੀਕਿ ਨਗਰ' ਤੋਂ ਇਸ ਨਗਰ ਦਾ ਨਾਂ 'ਰਿਸ਼ੀ ਨਗਰ' ਬਣਾਕੇ ਰੱਖ ਦਿੱਤਾ ਹੈ ਤਾਂ ਜੋ ਉਨ੍ਹਾਂ ਦਾ 'ਸਮਾਜਿਕ ਰੁਤਬਾ' ਕਾਇਮ ਰਹਿ ਸਕੇ।ਇਸ ਵੇਲੇ ਮਹਾਰਿਸ਼ੀ ਵਾਲਮੀਕਿ ਨਗਰ ਵਿਚ ਜਮੀਨ ਬਹੁਤ ਮਹਿੰਗੀ ਹੋ ਚੁੱਕੀ ਹੈ। ਲੁਧਿਆਣਾ ਸ਼ਹਿਰ ਵਿੱਚ ਵਾਲਮੀਕਿ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਸਿਆਸੀ ਅਤੇ ਧਾਰਮਿਕ ਆਗੂ ਹਨ, ਜਿਨ੍ਹਾਂ ਦਾ ਕਾਫੀ ਨਾਂ ਹੈ, ਜੋ ਹਮੇਸ਼ਾ ਗੱਲਾਂ ਤਾਂ ਯੁੱਗ ਪਲਟਾਉਣ ਦੀਆਂ ਕਰਦੇ ਹਨ, ਪਰ ਉਹ ਉਨ੍ਹਾਂ ਅਖੌਤੀ ਉੱਚ ਜਾਤੀ ਦੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਵਾ ਸਕੇ, ਜਿਨ੍ਹਾਂ ਨੇ ' ਮਹਾਰਿਸ਼ੀ ਵਾਲਮੀਕਿ ਨਗਰ' ਦਾ ਨਾਂ ਬਦਲਾਅ ਕੇ 'ਰਿਸ਼ੀ ਨਗਰ' ਬਣਾ ਦਿੱਤਾ ਹੈ, ਫਿਰ ਇਹ 'ਸਿਆਸੀ ਸੀਰੀ' ਵਾਲਮੀਕੀਆਂ ਹੱਥੋਂ ਝਾੜੂ ਕਦੋਂ ਛੁਡਵਾਉਣਗੇ, ਇਨ੍ਹਾਂ ਤੋਂ ਦਲਿਤ ਸਮਾਜ ਕੀ ਆਸ ਰੱਖ ਸਕਦਾ ਹੈ। ਦਲਿਤ ਵਿਧਾਇਕਾਂ /ਮੈਂਬਰ ਲੋਕ ਸਭਾ /ਰਾਜ ਸਭਾ ਅਤੇ ਮੰਤਰੀਆਂ ਦੀ ਤਰ੍ਹਾਂ ਦਲਿਤ ਅਧਿਕਾਰੀਆਂ / ਕਰਮਚਾਰੀਆਂ ਦਾ ਵੀ ਇਹੀ ਹਾਲ ਹੈ, ਉਨ੍ਹਾਂ ਦੇ ਮੂੰਹ 'ਤੇ ਵੀ 'ਛਿਕਲੀ' ਅਤੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਉਹ ਤਾਂ ਡਰਦੇ ਮਾਰੇ ਡਾ ਅੰਬੇਦਕਰ ਸਾਹਿਬ ਦਾ ਨਾਂ ਲੈਣ ਵੀ ਤਿਆਰ ਨਹੀਂ ਹੁੰਦੇ, ਜਿਸ ਦੀ ਬਦੌਲਤ ਉਨ੍ਹਾਂ ਨੂੰ 'ਕੁਰਸੀ' ਨਸੀਬ ਹੋਈ ਹੈ। ਹੋਰ ਤਾਂ ਹੋਰ ਉਹ ਜਦੋਂ ਆਪਣੇ ਦਫਤਰਾਂ ਵਿਚ ਕੋਈ ਤਸਵੀਰ ਲਗਵਾਉਣ ਦੀ ਗੱਲ ਕਰਦੇ ਹਨ ਤਾਂ 'ਡਾ ਅੰਬੇਦਕਰ' ਦੀ ਤਸਵੀਰ ਲਗਵਾਉਣ ਤੋਂ ਸਹਿਮ ਜਾਂਦੇ ਹਨ।
-ਸੁਖਦੇਵ ਸਲੇਮਪੁਰੀ
09780620233
1 ਜੂਨ, 2021.

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

  ਸਿਆਸੀ ਸੀਰੀ-3
- ਪਿਛਲੇ ਅੰਕ-2 ਵਿਚ ਮੈਂ ਲਿਖਿਆ ਸੀ ਕਿ ਦੇਸ਼ ਵਿਚ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ / ਸਰਕਾਰੀ ਤੇ ਗੈਰ-ਸਰਕਾਰੀ ਮੁਲਾਜ਼ਮਾਂ / ਪੈਨਸ਼ਨਰਜ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਹਨ, ਦੀ ਕਮਾਨ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਦੇ ਹੱਥ ਵਿਚ ਹੈ ਅਤੇ ਇਨ੍ਹਾਂ ਜਥੇਬੰਦੀਆਂ / ਸੰਸਥਾਵਾਂ ਵਿੱਚ  ਅਨੁਸੂਚਿਤ ਜਾਤੀਆਂ/ ਜਨਜਾਤੀਆਂ ਨਾਲ ਸਬੰਧਿਤ ਕੰਮ ਕਰ ਰਹੇ ਆਗੂ ਜੁੱਤੀਆਂ ਚੱਟਣ ਲਈ ਮਜਬੂਰ ਹੁੰਦੇ ਹਨ, ਭਾਵ ਟ੍ਰੇਡ ਯੂਨੀਅਨਾਂ ਵਿਚ ਦਲਿਤ ਆਗੂ 'ਸਿਆਸੀ ਸੀਰੀ' ਬਣਕੇ ਵਿਚਰਦੇ ਹਨ, ਕਿਉਂਕਿ ਦਲਿਤਾਂ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੋਂ ਲਾਂਭੇ ਰੱਖਿਆ ਜਾਂਦਾ ਹੈ। ਅੱਜ ਮੈਂ ਧਾਰਮਿਕ ਅਦਾਰਿਆਂ ਵਿੱਚ ਦਲਿਤਾਂ ਦੇ 'ਸੀਰੀਪੁਣਾ' ਦੀ ਗੱਲ ਕਰਾਂਗਾ। ਜਿੰਦਗੀ ਦਾ ਹਕੀਕੀ ਸੱਚ ਹੈ ਕਿ ਸਿੱਖ ਧਰਮ ਦੇ ਮੋਢੀ ਗੁਰੂਆਂ ਨੇ ਜਦੋਂ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਵੇਖਿਆ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਜਾਤ-ਪਾਤ ਅਤੇ ਊਚ-ਨੀਚ ਦੀਆਂ ਕੰਧਾਂ ਜੋ ਬ੍ਰਾਹਮਣਵਾਦ ਅਤੇ ਮਨੂੰਵਾਦ ਨੇ ਖੜੀਆਂ ਕੀਤੀਆਂ ਸਨ, ਨੂੰ ਮਿਟਾਉਣ ਲਈ 'ਮਾਨਵਤਾ' ਦਾ ਸੁਨੇਹਾ ਦਿੱਤਾ ਪਰ ਅਫਸੋਸ 'ਸਿੱਖ ਧਰਮ' ਅੱਜ ਵੀ ਜਾਤ-ਪਾਤ ਅਤੇ ਊਚ-ਨੀਚ ਦੀ ਘੁੰਮਣ-ਘੇਰੀ ਵਿਚ ਬੁਰੀ ਤਰ੍ਹਾਂ ਗੜੁੱਚ ਹੈ।
ਜਥੇਦਾਰ ਭਾਈ ਸਾਹਿਬ ਜੁਗਿੰਦਰ ਸਿੰਘ ਵੇਦਾਂਤੀ ਜਦੋਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਬਣੇ ਤਾਂ ਉਹ ਲੁਧਿਆਣਾ ਜਿਲ੍ਹੇ ਵਿੱਚ ਪੈਂਦੇ ਪਿੰਡ ਵਲੀਪੁਰ ਕਲਾਂ ਨੇੜੇ ਹੰਬੜਾਂ ਵਿਖੇ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਘਰ ਆਏ। ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਜਥੇਦਾਰ ਸਾਹਿਬ ਦੇ ਸਨਮਾਨ ਵਿਚ ਜੋ ਸਮਾਗਮ ਰੱਖਿਆ ਗਿਆ ਸੀ, ਦੇ ਵਿੱਚ ਸ਼ਾਮਲ ਹੋਣ ਲਈ ਮੈਨੂੰ ਵੀ ਪਰਿਵਾਰ ਵਲੋਂ ਸੱਦਾ ਦਿੱਤਾ ਗਿਆ ਸੀ, ਕਿਉਂਕਿ ਉਸ ਪਰਿਵਾਰ ਨਾਲ ਮੇਰਾ ਵੀ ਬਹੁਤ ਪਿਆਰ ਹੈ। ਸਮਾਗਮ ਦੌਰਾਨ ਮੈਨੂੰ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਕੁਚਲਣ ਅਤੇ ਦਬਾਉਣ ਲਈ ਕੇਂਦਰ ਸਰਕਾਰ ਵਲੋਂ ਘੜੀਆਂ ਜਾ ਰਹੀਆਂ ਸਾਜਿਸ਼ਾਂ ਉਪਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਜਦੋਂ ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਇਹ ਪੁੱਛਿਆ ਕਿ 'ਸਿੱਖ ਕੌਮ' ਵਿਚ ਜਾਤ-ਪਾਤ ਨੂੰ ਖਤਮ ਕਰਨ ਲਈ ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹੋ, ਤੁਸੀਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪਿੰਡਾਂ ਵਿਚ ਜਾਤਾਂ-ਕੁਜਾਤਾਂ ਦੇ ਨਾਂ 'ਤੇ ਚੱਲ ਰਹੇ ਵੱਖ ਵੱਖ ਗੁਰਦੁਆਰਿਆਂ ਨੂੰ ਇੱਕ ਕਰਵਾਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕਦੇ ਹੋ, ਪਿੰਡਾਂ ਵਿਚ ਦਲਿਤਾਂ ਅਤੇ ਜੱਟਾਂ ਦੀਆਂ ਮੜੀਆਂ ਵੀ ਵੱਖਰੀਆਂ ਹਨ, ਨੂੰ ਇਕੱਠਾ ਕਰ ਸਕਦੇ ਹੋ। ਮੇਰੀ ਗੱਲ ਸੁਣ ਤੋਂ ਬਾਅਦ ਜਥੇਦਾਰ ਸਾਹਿਬ ਆਖਣ ਲੱਗੇ ਕਿ,"ਮੈਂ ਵੀ ਚਾਹੁੰਦਾ ਹਾਂ ਕਿ ਗੁਰਦੁਆਰੇ ਇਕੱਠੇ ਹੋਣ, ਮੜੀਆਂ ਸਾਂਝੀਆਂ ਹੋਣ, ਪਰ ਮੈਂ ਇਸ ਸਬੰਧੀ ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਅਸਮਰੱਥ ਹਾਂ, ਕਿਉਂਕਿ ਮੇਰੇ ਹੱਥ ਬੰਨ੍ਹੇ ਹੋਏ ਹਨ, ਉਪਰਲੇ ਜਾਤ-ਪਾਤ ਖਤਮ ਕਰਨ ਦੇ ਖਿਲਾਫ ਹਨ।" ਸੱਚ ਹੈ ਕਿ ਭਾਵੇਂ ਅਕਾਲ ਤਖਤ ਸਾਹਿਬ ਹੋਵੇ ਭਾਵੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕਮਾਨ ਹਮੇਸ਼ਾ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਹੱਥ ਵਿਚ ਹੀ ਰਹੀ ਅਤੇ ਕਦੀ ਵੀ ਇੰਨਾ ਸਿੱਖ ਸੰਸਥਾਵਾਂ ਤੋਂ ਸਿੱਖ ਧਰਮ ਵਿਚੋਂ ਜਾਤ-ਪਾਤ ਖਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਾਤ-ਪਾਤ ਦੇ ਚੱਕਰ ਤੋਂ ਮੁਕਤ ਨਹੀਂ ਹੈ,ਸਿੱਖ ਧਰਮ ਦੀਆਂ ਨੀਹਾਂ ਮਜਬੂਤ ਕਰਨ ਲਈ ਦਲਿਤਾਂ ਵਲੋਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਨੂੰ ਵਰਨਣ ਨਹੀਂ ਕੀਤਾ ਜਾ ਸਕਦਾ, ਪਰ ਸਿੱਖ ਧਰਮ ਦੇ ਠੇਕੇਦਾਰ ਦਲਿਤਾਂ ਨੂੰ ਆਪਣੇ 'ਸੀਰੀ' ਬਣਾਕੇ ਰੱਖਣ ਲਈ ਗੁਰਦੁਆਰਿਆਂ ਵਿਚ ਬੈਠ ਕੇ ਵਿਚਾਰਾਂ ਕਰਦੇ ਹਨ। 
-ਸੁਖਦੇਵ ਸਲੇਮਪੁਰੀ
09780620233
30 ਮਈ 2021

ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ-2
- ਬੀਤੇ ਦਿਨੀਂ ਮੈਂ ਲਿਖਿਆ ਸੀ ਕਿ ਅਨੂਸੂਚਿਤ ਜਾਤੀਆਂ /ਜਨਜਾਤੀਆਂ / ਪੱਛੜੇ ਕਬੀਲਿਆਂ ਨਾਲ ਸਬੰਧਿਤ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ /ਮੰਤਰੀ / ਚੇਅਰਮੈਨ ਹਨ, ਉਨ੍ਹਾਂ ਵਿਚੋਂ ਇਕ - ਅੱਧੇ ਨੂੰ ਛੱਡ ਕੇ ਬਾਕੀ ਸਾਰੇ ਹੀ ਆਪੋ-ਆਪਣੀ ਸਿਆਸੀ ਪਾਰਟੀ ਜਿਥੋਂ ਉਨ੍ਹਾਂ ਨੇ ਕੁਰਸੀ ਪ੍ਰਾਪਤ ਕੀਤੀ ਹੈ, ਦੇ ਵਿੱਚ ਉਹ 'ਸਿਆਸੀ ਸੀਰੀ' ਦੇ ਤੌਰ 'ਤੇ ਜਿੰਦਗੀ ਕੱਟਣ ਲਈ ਮਜਬੂਰ ਹਨ, ਕਿਉਂਕਿ ਜਿਸ ਸਮਾਜ ਵਿਚ ਉਹ ਪੈਦਾ ਹੋਏ ਹਨ ਅਤੇ ਜਿਸ ਸਮਾਜ ਵਿਚ ਰਾਖਵਾਂਕਰਨ ਦਾ ਲਾਭ ਉਠਾ ਕੇ ਅੱਗੇ ਹਨ, ਪ੍ਰਤੀ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਉਨ੍ਹਾਂ ਦੇ ਸਾਹਮਣੇ ਕੋਈ 'ਜਾਤੀ-ਸੂਚਕ' ਸ਼ਬਦਾਂ ਦੀ ਵਰਤੋਂ ਕਰਕੇ ਗਾਲ੍ਹਾਂ ਕੱਢੀ ਜਾਵੇ, ਉਹ ਗਰਦਨ ਸੁੱਟ ਕੇ ਸੁਣੀ ਜਾਂਦੇ ਹਨ। ਇਹ ਹੀ ਹਾਲ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ / ਟਰੱਕ ਯੂਨੀਅਨਾਂ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਜਥੇਬੰਦੀ ਜਾਂ ਸਮਾਜ ਸੇਵੀ ਸੰਸਥਾ ਹੈ, ਦੇ ਵਿੱਚ ਦਲਿਤ ਬਤੌਰ 'ਸੀਰੀ' ਕੰਮ ਕਰਦੇ ਰਹਿੰਦੇ ਹਨ। ਦਲਿਤਾਂ ਦਾ ਕੰਮ ਸਮਾਗਮ ਤੋਂ ਪਹਿਲਾਂ ਦਰੀਆਂ ਵਿਛਾਉਣਾ ਕੁਰਸੀਆਂ ਡਾਹੁਣੀਆਂ ਅਤੇ ਫਿਰ ਸਮਾਗਮ ਪਿਛੋਂ ਕੁਰਸੀਆਂ ਅਤੇ ਦਰੀਆਂ ਇਕੱਠੀਆਂ ਕਰਨਾ ਵੀ ਉਨ੍ਹਾਂ ਦੇ ਹਿੱਸੇ ਆਉਂਦਾ ਹੈ। ਗੱਲ ਕੀ ਦਲਿਤ ਕੇਵਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਵਿਚਰਦਿਆਂ ਹੀ 'ਸਿਆਸੀ ਸੀਰੀ' ਨਹੀਂ ਬਲਕਿ ਉਹ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ ਤੋਂ ਇਲਾਵਾ ਆਪਣੇ ਆਪ ਨੂੰ ਧਾਰਮਿਕ ਜਾਂ ਸਮਾਜ ਸੇਵੀ ਸੰਸਥਾਵਾਂ ਅਖਵਾਉਣ ਵਾਲੀਆਂ ਜੱਥੇਬੰਦੀਆਂ  ਦੇ ਵਿੱਚ ਉਹ 'ਸੀਰੀ' ਦੀ ਤਰ੍ਹਾਂ ਹੀ ਕੰਮ  ਕਰਨ ਲਈ ਮਜਬੂਰ ਹਨ। ਜਿਨ੍ਹੀਆਂ ਵੀ ਸਿਆਸੀ ਜਾਂ ਗੈਰ ਸਿਆਸੀ ਜਾਂ ਸਮਾਜ ਸੇਵੀ ਜਥੇਬੰਦੀਆਂ ਹਨ, ਦੇ ਪ੍ਰਧਾਨ,ਸਕੱਤਰ ਜਨਰਲ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵਰਗੇ ਮਹੱਤਵਪੂਰਨ ਅਹੁਦਿਆਂ ਤੋਂ ਦਲਿਤਾਂ ਨੂੰ ਲਾਂਭੇ ਰੱਖਿਆ ਜਾਂਦਾ ਹੈ, ਜੇ ਕੋਈ ਦਲਿਤ ਆਪਣੇ ਸਮਾਜ ਦੇ 'ਹੱਕ ਅਤੇ ਹਿੱਤ ਲਈ ਅਵਾਜ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਅਵਾਜ ਨੂੰ ਦਬਾ ਦਿੱਤਾ ਜਾਂਦਾ ਹੈ, ਪਹਿਲੀ ਗੱਲ ਤਾਂ ਦਲਿਤ ਆਪਣਾ ਮੂੰਹ ਬੰਦ ਹੀ ਰੱਖਦੇ ਹਨ। 
-ਸੁਖਦੇਵ ਸਲੇਮਪੁਰੀ
09780620233
29 ਮਈ, 2021

  ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

1. ਸਿਆਸੀ ਸੀਰੀ
 ਪਿੰਡਾਂ ਵਿਚ ਜਿਮੀਂਦਾਰਾਂ ਵਲੋਂ ਖੇਤੀ ਦਾ ਧੰਦਾ ਕਰਵਾਉਣ ਲਈ 'ਸੀਰੀ' ਰੱਖੇ ਜਾਂਦੇ ਹਨ। ਸੀਰੀ ਆਮ ਤੌਰ 'ਤੇ ਮੱਜਬੀ ਜਾਂ ਰਵਿਦਾਸੀਆ ਵਰਗ ਨਾਲ ਕਾਮੇ ਹੁੰਦੇ ਹਨ। ਅਕਸਰ ਵੇਖਣ ਨੂੰ ਮਿਲਦਾ ਹੈ ਕਈ ਪਰਿਵਾਰ ਦਾ ਅਜਿਹੇ ਹਨ, ਜਿਹੜੇ ਪੀੜ੍ਹੀ ਦਰ ਪੀੜ੍ਹੀ ਸੀਰੀਪੁਣਾ ਕਰਦੇ ਆ ਰਹੇ ਹਨ। ਆਮ ਤੌਰ 'ਤੇ ਜਿਮੀਦਾਰ ਉਨ੍ਹਾਂ ਨੂੰ ਆਪਣੀ ਚੁੰਗਲ ਵਿੱਚੋਂ ਨਿਕਲਣ ਨਹੀਂ ਦਿੰਦੇ। ਸੀਰੀ ਦੇ ਘਰ ਜਦੋਂ ਵਿਆਹ ਸ਼ਾਦੀ ਹੁੰਦਾ ਹੈ ਤਾਂ ਜਿਮੀਂਦਾਰ ਕਰਜੇ ਦੇ ਰੂਪ ਵਿਚ ਉਸਨੂੰ ਪੈਸੇ ਦਿੰਦਾ ਹੈ, ਫਿਰ ਅੱਗਿਉਂ ਜਦੋਂ ਜਣੇਪਾ ਹੁੰਦਾ ਹੈ, ਫਿਰ ਡਾਕਟਰ ਨੂੰ ਪੈਸੇ ਦੇਣ ਲਈ ਸੀਰੀ ਨੂੰ ਕਰਜਾ ਚੁੱਕਣਾ ਪੈਂਦਾ ਹੈ। ਇਸ ਤਰ੍ਹਾਂ ਸੀਰੀ ਸਾਰੀ ਉਮਰ ਕਰਜੇ ਹੇਠ ਜਿੰਦਗੀ ਕੱਟਣ ਲਈ ਮਜਬੂਰ ਹੋਇਆ ਰਹਿੰਦਾ ਹੈ। ਬਿਮਾਰੀ ਦੀ ਸੂਰਤ ਵਿਚ ਜਾਂ ਕਿਸੇ ਦੀ ਮੌਤ ਹੋਣ ਰਸਮਾਂ ਪੂਰੀਆਂ ਕਰਨ ਲਈ ਸੀਰੀ ਕਰਜਾ ਚੁੱਕਦੇ ਹਨ। ਕਰਜਾ ਉਤਾਰਨ ਲਈ ਅੱਗਿਉਂ ਸੀਰੀ ਦੇ ਬੱਚੇ ਵੀ ਸੀਰੀਪੁਣਾ ਵਿਚ ਲੱਗ ਜਾਂਦੇ ਹਨ। ਕਈ ਵਾਰ ਜਦੋਂ ਪਿੰਡਾਂ ਵਿਚ ਅਨੂਸੂਚਿਤ ਜਾਤੀ ਨਾਲ ਸਬੰਧਿਤ ਸਰਪੰਚ / ਪੰਚ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਜਿਮੀਂਦਾਰ ਆਪਣੇ ਸੀਰੀ ਨੂੰ ਸਰਪੰਚ /ਪੰਚ ਬਣਾਉਣ ਲਈ ਲਈ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਖੇਤ ਕਾਮੇ ਤੋਂ ਸੀਰੀ 'ਸਿਆਸੀ ਸੀਰੀ' ਬਣ ਜਾਂਦਾ ਹੈ। ਸੀਰੀ ' ਸਰਪੰਚ' ਬਣਕੇ ਵੀ ਜਿਮੀਂਦਾਰ ਦੇ ਬਰਾਬਰ ਨਹੀਂ ਬੈਠ ਸਕਦਾ। ਪਿੰਡ ਵਿਚ ਜਦੋਂ ਕੋਈ ਲੜਾਈ / ਝਗੜਾ ਹੁੰਦਾ ਹੈ, ਤਾਂ ਸੀਰੀ ਸਰਪੰਚ ਆਪਣੇ ਜਿਮੀਂਦਾਰ ਤੋਂ ਇੱਕ ਇੰਚ ਬਾਹਰ ਜਾ ਕੇ ਵੀ ਆਪਣਾ ਫੈਸਲਾ ਨਹੀਂ ਸੁਣਾ ਸਕਦਾ, ਕਿਉਂਕਿ ਜਿਮੀਂਦਾਰ ਵਲੋਂ ਉਸ ਦੀ ਜਮੀਰ ਖਤਮ ਕਰ ਦਿੱਤੀ ਗਈ ਹੁੰਦੀ ਹੈ। ਇਹ ਹੀ ਹਾਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਅਨੂਸੂਚਿਤ ਜਾਤੀਆਂ 'ਚੋਂ ਬਣੇ ਵੱਡੀ ਗਿਣਤੀ ਵਿਧਾਇਕਾਂ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ ਅਤੇ ਕੈਬਨਿਟ ਮੰਤਰੀ / ਰਾਜ ਮੰਤਰੀਆਂ ਦਾ ਹੈ, ਜਿਹੜੇ ਆਪਣੇ ਜਮੀਰ ਨੂੰ ਮਾਰਕੇ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ 'ਸਿਆਸੀ ਸੀਰੀ' ਹਨ। ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਅਨੁਸੂਚਿਤ ਜਾਤੀਆਂ ਵਿਚੋਂ ਮੁੱਖ ਮੰਤਰੀ / ਉਪ ਮੁੱਖ ਮੰਤਰੀ ਬਣਾਉਣ ਲਈ ਨਵੇਂ ਪੈਂਤੜੇ ਖੇਡੇ ਜਾ ਰਹੇ ਹਨ। ਭਲਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਕਿ ਜਿਸ ਦੇਸ਼ ਵਿੱਚ ਰਾਸ਼ਟਰਪਤੀ ਅਨੂਸੂਚਿਤ ਦਾ ਹੋ ਕੇ 'ਸਿਆਸੀ ਸੀਰੀ' ਬਣਕੇ ਦਿਨ ਕਟੀ ਕਰ ਰਿਹਾ ਹੋਵੇ, ਉਸ ਦੇਸ਼ ਦੇ ਸੂਬਿਆਂ ਦੇ ਉਪ ਮੁੱਖ ਮੰਤਰੀ ਬਣਕੇ ਕੀ ਰੰਗ ਲਿਆਉਗੇ? 'ਸਿਆਸੀ ਸੀਰੀ' ਦਲਿਤ ਸਮਾਜ ਦੇ ਲੋਕਾਂ ਦੀ ਅਵਾਜ ਬਣਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। 
ਪੰਜਾਬ ਵਿੱਚ ਇਸ ਵੇਲੇ ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਲਗਭਗ 38 ਫੀਸਦੀ ਲੋਕਾਂ ਦੀ ਅਬਾਦੀ ਹੈ ਅਤੇ ਇਸ ਅਬਾਦੀ ਵਿੱਚ 24 ਫੀਸਦੀ ਅਬਾਦੀ ਮਜਬੀ ਸਿੱਖਾਂ / ਵਾਲਮੀਕੀਆਂ ਦੀ ਹੈ ਜਦਕਿ ਬਾਕੀ ਦੀ ਅਬਾਦੀ ਰਵਿਦਾਸੀਆ/ ਚਮਾਰ ਵਰਗ ਅਤੇ ਕੁਝ ਹੋਰ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਦੀ ਹੈ। ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਇਸ ਵੇਲੇ ਸੱਭ ਤੋਂ ਵੱਧ ਤਰਸਯੋਗ ਹਾਲਤ ਮੱਜਬੀਆਂ/ ਵਾਲਮੀਕੀਆਂ ਦੀ ਬਣੀ ਹੋਈ ਹੈ। ਉਨ੍ਹਾਂ ਦੇ ਹੱਥਾਂ ਵਿਚ ਅੱਜ ਵੀ ਝਾੜੂ ਹਨ, ਉਹ ਅੱਜ ਵੀ ਸੀਰੀ ਰਲਣ ਲਈ ਮਜਬੂਰ ਹਨ।
ਅਨੂਸੂਚਿਤ ਜਾਤੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 'ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ' ਦੁਆਰਾ ਸੰਵਿਧਾਨ ਵਿੱਚ ਦਰਜ ਵਿਧਾਨ ਪਾਲਿਕਾ ਵਿੱਚ 'ਰਾਖਵਾਂਕਰਨ' ਬੰਦ ਹੋ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਤੱਕ ਰਾਖਵਾਂਕਰਨ ਦਾ ਲਾਭ ਲੈ ਕੇ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਰਾਜ ਸਭਾ /ਮੰਤਰੀ ਬਣੇ ਹਨ, ਸਿਰਫ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋਇਆ, ਬਾਕੀ ਸਮਾਜ ਜਿਥੇ ਖੜ੍ਹਾ ਹੈ, ਉਥੇ ਖੜ੍ਹਾ ਹੈ। ਪੰਜਾਬ ਵਿਚ ਇਥੋਂ ਦੇ ਸਦਾ ਰਾਜ ਸੱਤਾ 'ਤੇ ਕਾਬਜ ਰਹੇ 'ਜੱਟ' ਨੇ ਇਥੋਂ ਦੇ ਦਲਿਤ ਵਰਗ ਨੂੰ ਦਬਾ ਕੇ ਰੱਖਿਆ ਹੋਇਆ ਹੈ, ਜੋ ਹਾਲੇ ਵੀ ਜਾਰੀ ਹੈ, ਪਰ 'ਜੱਟ ਅਤੇ ਸੀਰੀ' ਦਾ ਰਿਸ਼ਤਾ 'ਨਹੁੰ ਅਤੇ ਮਾਸ ਵਾਲਾ ਰਿਸ਼ਤਾ' ਹੈ, ਨੇ ਸੀਰੀ ਦੀ ਜਮੀਰ ਨੂੰ ਮਾਰ ਕੇ ਰੱਖ ਦਿੱਤਾ ਹੈ।'ਸਿਆਸੀ ਸੀਰੀ'  ਦਲਿਤਾਂ ਦੀ ਜਿੰਦਗੀ ਵਿੱਚ ਕੋਈ ਵੀ ਬਦਲਾਅ ਲਿਆਉਣ ਲਈ ਸੁਸਰੀ ਵਾਂਗੂੰ ਗੂੜ੍ਹੀ ਨੀਂਦ ਸੁੱਤੇ ਪਏ ਹਨ।
-ਸੁਖਦੇਵ ਸਲੇਮਪੁਰੀ
09780620233
28 ਮਈ, 2021

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ ✍️  ਗਗਨਦੀਪ ਧਾਲੀਵਾਲ ਝਲੂਰ

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ
ਦੋਸਤੋ ਅੱਜ ਸਮਾਂ ਬਹੁਤ ਬਦਲ ਗਿਆ ਹੈ ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ।ਹੁਣ ਹੱਸਣ ਜਾ ਮੁਸਕਾਹਰਟ ਵੇਲੇ ਕਈਆਂ ਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਹੈ।ਕਿਉਕਿ ਅੱਜ ਕੱਲ ਦੇ ਲੋਕ ਹੱਸਣ ਦੇ ਵੀ ਬਹੁਤ ਗਲਤ ਅਰਥ ਕੱਢ ਲੈਂਦੇ ਹਨ।ਅੱਜ ਦੇ ਯੁੱਗ ਵਿੱਚ ਇੰਝ ਲੱਗਦਾ ਹੈ ਜਿਵੇਂ ਚਿਹਰਿਆਂ ਤੋਂ ਹਾਸਾ ਕਿਤੇ ਖੰਭ ਲਾ ਕੇ ਉੱਡ ਗਿਆ ਹੋਵੇ।ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਏਨਾ ਕੁ ਅਕਾ ਦਿੱਤਾ ਹੈ ਕਿ ਉਹ ਆਪ ਹੱਸਣਾ ਤਾਂ ਦੂਰ ਦੂਜਿਆਂ ਦਾ ਹੱਸਣਾ ਵੀ ਪਸੰਦ ਨਹੀਂ ਕਰਦਾ।ਦੋਸਤੋਂ ਹੱਸਣਾ ਤੇ ਰੋਣਾ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਹਨ।ਪਰ ਹੱਸਣਾ ਜ਼ਿੰਦਗੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਵਿਗਆਨੀਆ ਅਨੁਸਾਰ -“ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ”।ਜੋ ਲੋਕ ਜ਼ਿਆਦਾ ਹੱਸਦੇ ਹਨ ਉਹ ਦੁੱਖ ਨੂੰ ਸੌਖਾ ਸਹਿ ਲੈਂਦੇ ਹਨ। ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਦੁੱਖ ਨਹੀਂ ਜਾਂ ਉਹ ਮਾੜੇ ਸਮੇਂ ਵਿੱਚੋਂ ਨਹੀਂ ਗੁਜ਼ਰਦੇ,ਪਰ ਇਹ ਲੋਕ ਏਨੀ ਜਲਦੀ ਹੌਸਲਾ ਨਹੀਂ ਛੱਡਦੇ।ਹੱਸਣਾ ਉਹ ਚੀਜ਼ ਹੈ ਜਿਸਨੂੰ ਲੋਕ ਸਭ ਤੋਂ ਵੱਧ ਪਸੰਦ ਕਰਦੇ ਹਨ ਹੱਸਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਵੀ ਹੋ ਜਾਂਦਾ। ਹਰ ਕੋਈ ਖਿੜੇ ਹੋਏ ਚਿਹਰੇ ਨਾਲ ਹੀ ਬੋਲਣਾ ਪਸੰਦ ਕਰਦਾ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਦੁਨੀਆਂ ਸਾਡੇ ਨਾਲ ਹੱਸਦੀ ਹੈ।ਜਦਕਿ ਰੋਂਦੇ ਹੋਏ ਇਨਸਾਨ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ।ਸਾਨੂੰ ਹਮੇਸ਼ਾ ਜ਼ਿੰਦਗੀ ਦੇ ਔਖੇ ਪਲਾ ਵਿੱਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇੱਕ ਤਾਂ ਹੌਸਲਾ ਨਹੀਂ ਢਹਿੰਦਾ ਬਾਕੀ ਮੁਸ਼ਕਿਲ ਨੂੰ ਹੱਸ ਕੇ ਪਾਰ ਕਰਨ ਦਾ ਜਜ਼ਬਾ ਜ਼ਰੂਰ ਪੈਦਾ ਹੁੰਦਾ ਹੈ।ਕਈ ਲੋਕ ਬੜੇ ਹੱਸਮੁੱਖ ਹੁੰਦੇ ਹਨ ਜੋ ਹਮੇਸ਼ਾ ਆਪਣਾ ਦੁੱਖ ਛੁਪਾ ਕੇ ਰੱਖਦੇ ਹਨ ਉਹ ਮਹਿਲਫਿਲਾਂ ,ਵਿਆਹਾਂ -ਸ਼ਾਦੀਆਂ ਵਿੱਚ ਹਮੇਸ਼ਾ ਆਪਣੇ ਮੂੰਹ ਉੱਪਰ ਖ਼ੁਸ਼ੀ ਦਾ ਖੇੜਾ ਰੱਖਦੇ ਹਨ ਅੰਦਰੋਂ ਚਾਹੇ ਕਿੰਨੇ ਵੀ ਦੁਖੀ ਜਾਂ ਕੜੇ ਕਿਓਂ ਨਾ ਹੋਣ।ਅਜਿਹੇ ਲੋਕਾਂ ਦੇ ਦੋਸਤ ਤੇ ਚਾਹੁਣ ਵਾਲੇ ਬਹੁਤ ਹੁੰਦੇ ਹਨ। ਤੁਹਾਡੇ ਚਿਹਰੇ ਦੀ ਮੁਸਕਰਾਹਟ ਬਹੁਤ ਦੁੱਖਾਂ ਨੂੰ ਠੀਕ ਕਰਦੀ ਹੈ। ਦੋਸਤੋਂ ਜੋ ਲੋਕ ਹਮੇਸ਼ਾ ਹੱਸਦੇ ਰਹਿੰਦੇ ਹਨ ਉਹ ਟੈਨਸਨ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਸਮੇਂ ਤੱਕ ਖੁਸ਼ ਰਹਿੰਦੇ ਹਨ।ਉਹ ਤੰਦਰੁਸਤ ਵੀ ਰਹਿੰਦੇ ਹਨ।ਕੁੱਝ ਵਿਦਵਾਨਾਂ ਨੇ ਮੁਸਕਰਾਹਟ ਜਾਂ ਹਾਸੇ ਬਾਰੇ ਆਪਣੇ ਵਿਚਾਰ ਦਿੱਤੇ ਹਨ—
ਅਬਰਾਹਿਮ ਲਿੰਕਨ
"ਭੈਭੀਤ ਤਣਾਅ ਜੋ ਮੇਰੇ ਤੇ ਦਿਨ ਰਾਤ ਹੈ, ਜੇ ਮੈਂ ਹੱਸਦਾ ਨਹੀਂ ਤਾਂ ਮੈਨੂੰ ਮਰਨਾ ਚਾਹੀਦਾ ਹੈ."
ਹੈਨਰੀ ਵਾਰਡ ਬੀਚਰ ਦੇ ਅਨੁਸਾਰ —
"ਉਸ ਤੋਂ ਸਾਵਧਾਨ ਰਹੋ ਜੋ ਬੱਚੇ ਦੇ ਹਾਸੇ ਨੂੰ ਨਫ਼ਰਤ ਕਰਦਾ ਹੈ."
ਆਰਥਰ ਮਾਰਸ਼ਲ
"ਇਸ ਨੂੰ ਹੱਸੋ, ਇਸਨੂੰ ਹੱਸੋ; ਇਹ ਜ਼ਿੰਦਗੀ ਦੇ ਸਭ ਤੋਂ ਵਧੀਆ ਅਮੀਰ ਦਾ ਹਿੱਸਾ ਹੈ."ਦੋਸਤੋ ਹੱਸਣ ਦੇ ਕਈ ਫਾਇਦੇ ਵੀ ਹਨ ਜਿਵੇ ਕਿ ਹੱਸਣ ਨਾਲ ਮਨ ਵਿੱਚ ਸਕਾਰਤਮਕ ਸੋਚ  , ਆਪਣਾਪਨ ਦਾਂ ਅਹਿਸਾਸ ,ਵਰਗੇ ਵਿਚਾਰ ਪੈਦਾ ਹੁੰਦੇ ਹਨ ਕਦੇ ਇਕੱਲਾਪਨ ਮਹਿਸੂਸ ਨਹੀਂ ਹੁੰਦਾ।ਸਾਰਾ ਦਿਨ ਸੋਚ-ਸੋਚ ਕੇ ਦਿਮਾਗ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਹੋ ਜਾਂਦੀਆਂ ਹਨ । ਹੱਸਦੇ ਰਹਿਣ ਨਾਲ ਇਨਸਾਨ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਸਕਾਰਾਤਮਕ ਬਣ ਜਾਂਦਾ ਹੈ।ਹੱਸਣ ਵਾਲਾ ਵਿਅਕਤੀ ਉਮਰ ਜਿਆਦਾ ਭੋਗਦਾ ਹੈ ਉਸਦੇ ਮਨ ਵਿੱਚੋਂ ਮੌਤ ਦਾ ਭੈ ਨਿਕਲ ਜਾਂਦਾ  ਹੈ।ਜੋ ਇਨਸਾਨ ਹੱਸਦੇ ਰਹਿੰਦੇ ਹਨ ਉਹਨਾਂ ਦੇ ਸਰੀਰ ਨੂੰ ਰੋਗ ਬਹੁਤ ਘੱਟ ਲੱਗਦੇ ਹਨ।ਹੱਸਣ ਨਾਲ ਫੇਫੜਿਆਂ ਦੀ ਕਸਰਤ ਵੀ ਹੁੰਦੀ ਹੈ।ਸਾਨੂੰ ਸਾਰਿਆਂ ਨੂੰ ਮੁਸਕਰਾਹਟ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।'ਮਾਰਟਿਨ ਲੂਥਰ' ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।'ਇਬਰਾਹਿਮ ਲਿੰਕਨ' ਨੇ ਇਹ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ । ਦੋਸਤੋ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਸਭ ਤੋਂ ਪ੍ਰਭਾਵਸਾਲੀ ਸ਼ਖ਼ਸੀਅਤ ਲਈ ਹਰ ਰੋਜ਼ ਹੱਸਣਾ ਮੁਸਕੁਰਾਉਣਾ ਚਾਹੀਦਾ ਹੈ ਜੇ ਤੁਸੀੰ ਖ਼ੁਦ ਹੱਸ ਰਹੇ ਹੋ ਤੇ ਦੂਜਿਆਂ ਨੂੰ ਹਸਾ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ ਹੋਵੇਗਾ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੰਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ ਹਸਾਉਣ ਲਈ ਉਸ ਕੋਲ ਵਿਹਲ ਕਿਥੇ ਹੈ ? ਹਰ ਕੋਈ ਸਾਰਾ ਦਿਨ ਕਾਹਲੀ  ਅਤੇ ਤਣਾਉ ਭਰੇ ਜੀਵਨ ਦੇ ਕਾਰਨ ਦੌੜ-ਭੱਜ ਵਿੱਚ ਵਿਅਸਥ ਰਹਿੰਦਾ ਹੈ। ਹੱਸਣਾ ਤਾਂ ਰੂਹ ਦੀ ਖੁਰਾਕ ਹੈ ਜੋ ਲੋਕ ਖੁੱਲ੍ਹ ਕੇ ਹੱਸਦੇ ਤੇ ਮੁਸਕਰਾਉਂਦੇ ਹਨ ਉਹ ਹਮੇਸ਼ਾ ਅਰੋਗ ਰਹਿੰਦੇ ਹਨ ਤੇ ਲੰਮੀ ਉਮਰ ਭੋਗਦੇ ਹਨ।"ਆਓ ਸਾਰੇ ਅੱਜ ਤੋਂ ਪ੍ਰਣ ਕਰੀਏ ਕਿ ਬਾਕੀ ਰਹਿੰਦੀ ਜ਼ਿੰਦਗੀ ਹਸ ਕੇ ਬਤੀਤ ਕਰੀਏ ਤੇ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਰੰਗ ਬਖੇਰੀਏ।ਹਮੇਸ਼ਾ ਦੂਜਿਆਂ ਦੇ ਚਿਹਰਿਆਂ ਦੀ ਮੁਸਕਰਾਹਟ ਬਣੀਏ।

           

ਗਗਨਦੀਪ ਧਾਲੀਵਾਲ ਝਲੂਰ

 ਬਰਨਾਲਾ ਜਨਰਲ ਸਕੱਤਰ 

   ਮਹਿਲਾ ਕਾਵਿ ਮੰਚ 

ਨਫਰਤ ਦੀਆਂ ਕੰਧਾਂ ✍️ ਸਲੇਮਪੁਰੀ ਦੀ ਚੂੰਢੀ

ਨਫਰਤ ਦੀਆਂ ਕੰਧਾਂ
ਦੇਸ਼ ਵਿੱਚ ਪਹਿਲਾਂ ਵੀ ਰਿਸ਼ਵਤਖੋਰੀ, ਹੇਰਾ-ਫੇਰੀ, ਬੇਈਮਾਨੀ, ਧੋਖਾ-ਧੜੀ ਦਾ ਬੋਲਬਾਲਾ ਸੀ। ਸਰਕਾਰੀ ਗ੍ਰਾਂਟਾਂ ਵਿਚੋਂ ਕਮਿਸ਼ਨ ਖਾਣ ਦਾ ਸਿਲਸਿਲਾ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਓਦਾਂ ਈ ਬੇਰੋਕ ਜਾਰੀ ਹੈ। ਬੇਈਮਾਨ ਲੋਕ ਪਹਿਲਾਂ ਵੀ ਖਾਣ-ਪੀਣ ਵਸਤੂਆਂ ਵਿਚ ਮਿਲਾਵਟ ਕਰਦੇ ਸਨ, ਜਦਕਿ ਹੁਣ ਵੀ ਉਸੇ ਤਰ੍ਹਾਂ ਦਾ ਹੀ ਦੇਸ਼ ਵਿਚ ਮਾੜਾ ਵਰਤਾਰਾ ਹੈ। ਇਥੇ ਪਹਿਲਾਂ ਵੀ ਜਹਿਰ ਵਿਚ ਮਿਲਾਵਟ ਕੀਤੀ ਜਾਂਦੀ ਸੀ, ਅਤੇ ਹੁਣ ਵੀ ਅਸ਼ੁੱਧਤਾ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਪਰ ਇਸ ਵੇਲੇ ਦੇਸ਼ ਵਿਚ ਧਰਮ, ਫਿਰਕਿਆਂ, ਕਬੀਲਿਆਂ, ਨਕਸਲਵਾਦ ਅਤੇ ਜਾਤ-ਪਾਤ ਦੇ ਨਾਂ 'ਤੇ ਜਿੰਨੀਆਂ ਨਫਰਤ ਦੀਆਂ ਕੰਧਾਂ ਉੱਚੀਆਂ ਅਤੇ ਮਜਬੂਤ ਹੋਈਆਂ ਹਨ, ਪਹਿਲਾਂ ਨਾਲੋਂ ਕਿਤੇ ਜਿਆਦਾ ਹੈ। ਸਿਸਟਮ ਵਿਚ ਬੇਈਮਾਨੀ ਹੋਣ ਕਰਕੇ ਦੇਸ਼ ਵਿਚ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਢਾਂਚਾ ਬੁਰੀ ਤਰ੍ਹਾਂ ਲੜਖੜਾ ਚੁੱਕਿਆ ਹੈ, ਕਿਉਂਕਿ ਸੰਸਾਰ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਦੇ ਚੱਲਦਿਆਂ ਨਾ ਤਾਂ ਅਸੀਂ ਬੰਦੇ ਜਾ ਬਚਾਅ ਸਕੇ ਹਾਂ, ਨਾ ਧੰਦੇ ਬਚਾਅ ਸਕੇ ਹਾਂ! ਸਿਰਫ 'ਤੇ ਸਿਰਫ ਨਫਰਤ ਬਚਾਉਣ ਅਤੇ ਫੈਲਾਉਣ ਵਿਚ ਕਾਮਯਾਬ ਹੋਏ ਹਾਂ। 
-ਸੁਖਦੇਵ ਸਲੇਮਪੁਰੀ
25 ਮਈ, 2021
09780620233

 

 

ਅੰਤਰਰਾਸ਼ਟਰੀ ਪਰਿਵਾਰ ਦਿਵਸ ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ

ਦੋਸਤੋਂ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਰੀਤੀ ਰੀਵਾਜਾਂ ਨਿਯਮਾਂ ਅਨੁਸਾਰ ਇਕੱਠਾ ਜੀਵਨ ਜਿਊਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਦੋਸਤੋਂ ਅੰਤਰਰਾਸ਼ਟਰੀ ਪਰਿਵਾਰ ਦਿਵਸ 15 ਮਈ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਸੰਨ 1993 ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਅਧਿਕਾਰਿਤ ਤੌਰ ’ਤੇ ਇਸ ਦੀ ਘੋਸ਼ਣਾ ਕੀਤੀ। ਦੋਸਤੋਂ ਪਰਿਵਾਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦਿ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵੀ ਮੌਜੂਦ ਹੁੰਦੇ ਹਨ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪ੍ਰਥਾ ਹੀ ਪ੍ਰਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ ਮੰਨੀ ਜਾਂਦੀ ਹੈ। ਸਾਰਿਆ ਦੀ ਸਾਂਝੀ ਜਾਇਦਾਦ ਹੁੰਦੀ ਹੈ।ਸਾਰੇ ਬਜ਼ੁਰਗ ਇਕੱਠੇ ਰਹਿੰਦੇ ਹਨ।ਹਰ ਇੱਕ ਆਪਣੀ ਜਿੰਮੇਵਾਰੀ ਅਨੁਸਾਰ ਕੰਮ ਕਰਦਾ ਹੈ।ਪਰਿਵਾਰ ਪਿਤਾ ਪੁਰਖੀ ਧਾਰਨਾ ‘ਤੇ ਅਧਾਰਿਤ ਹਨ।ਇਸ ਵਿੱਚ ਸਭ ਤੋਂ ਵੱਡਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ। ਪਰਿਵਾਰ ਦੇ ਸਾਰੇ ਮੈਬਰਾਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਘਰ ਘਰ ਹੋਵੇ ਨਾ ਕਿ ਮਕਾਨ। ਮਕਾਨ ਤਾਂ ਕੰਧਾਂ ਇੱਟਾਂ ਦਾ ਹੁੰਦਾ ਹੈ ਪਰ ਘਰ ਦਾ ਆਧਾਰ ਪਿਆਰ, ਸਤਿਕਾਰ ਅਤੇ ਨਿਮਰਤਾ ਤੇ ਟਿਕਿਆ ਹੋਣਾ ਚਾਹੀਦਾ ਹੈ। ਘਰ ਵਿੱਚ ਹੀ ਮਨੁੱਖ ਦੀਆਂ ਸੱਧਰਾਂ ਪਲਦੀਆਂ ਹਨ।ਪਰਿਵਾਰ ਇੱਕ ਬਗ਼ੀਚਾ ਹੁੰਦਾ ਹੈ ਜੇਕਰ ਬਗ਼ੀਚੇ ਦਾ ਹਰ ਫੁੱਲ ਖਿੜੇਗਾ ਤਾ ਹੀ ਬਗ਼ੀਚਾ ਸੋਹਣਾ ਲੱਗਦਾ ਹੈ ਹਰਿਆ ਭਰਿਆ ਰਹਿੰਦਾ ਹੈ।ਪਹਿਲਾ ਪਰਿਵਾਰ ਵਿੱਚ ਬਹੁਤ ਮੈਂਬਰ ਇੱਕਠੇ ਰਹਿੰਦੇ ਸਨ।ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਸੀ।ਕੰਮ ਦੀ ਸਮਾਨ ਬਰਾਬਰ ਵੰਡ ਕੀਤੀ ਹੁੰਦੀ ਸੀ।ਪਰਿਵਾਰ ਦੀ ਖ਼ੁਸ਼ਹਾਲੀ ਦਾ ਪਤਾ ਪਰਿਵਾਰ ਦੇ ਇਕੱਠ ਤੋਂ ਲੱਗਦਾ ਸੀ ਸਾਰੇ ਜਾਣੇ ਇੱਕੋ ਹੀ ਚੁੱਲੇ ਤੇ ਰੋਟੀ ਖਾਂਦੇ ਸਨ।ਬਜੁਰਗਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ।ਉਹਨਾ ਨਾਲ ਹੀ ਪਰਿਵਾਰ ਦੀ ਗੱਡੀ ਖੁਸ਼ੀ ਦੇ ਪਹੀਏ ਤੇ ਟਿਕੀ ਹੁੰਦੀ ਹੈ ਅਤੇ ਜੇਕਰ ਕੋਈ ਥੋੜੀ ਬਹੁਤੀ ਘਾਟ ਰਹਿ ਜਾਵੇ ਤਾਂ ਮਾਹੌਲ ਡਾਵਾਂਡੋਲ ਹੋ ਜਾਂਦਾ ਹੈ। ਪਤੀ-ਪਤਨੀ ਘਰੇਲੂ ਗੱਡੀ ਦੇ ਪਹੀਏ ਹੁੰਦੇ ਹਨ। 

ਇਸ ਲਈ ਦੋਨਾਂ ਨੂੰ ਸਦਾ ਹੀ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ ਘਰ ਦਾ ਆਧਾਰ ਸੂਝਬੂਝ ਹੈ।ਪਰਿਵਾਰ ਨੂੰ ਸਮਾਜ ਦੀ ਇਕ ਛੋਟੀ ਇਕਾਈ ਕਿਹਾ ਜਾਦਾ ਹੈ ਜੋ ਬੱਚੇ ਦੇ ਸਮਾਜਿਕ, ਮਾਨਸਿਕ ਅਤੇ ਸੰਸਕ੍ਰਿਤਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਤੋਂ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਪਸਾਰਦਾ ਹੈ। ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਕਈ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ।ਕੁੱਝ ਮੁੱਖ ਰਿਸ਼ਤੇ ਇਸ ਤਰ੍ਹਾਂ ਹਨ। ਪਹਿਲੀ ਕਿਸਮ ਖੂਨ ਦੇ ਰਿਸ਼ਤਿਆਂ ਦੀ ਹੈ। ਦੂਜੀ ਕਿਸਮ ਜਨਮ ਦੁਆਰਾ ਰਿਸ਼ਤੇ ਹਨ। ਤੀਜੀ ਕਿਸਮ ਵਿਆਹ ਦੁਆਰਾ ਬਣਾਏ ਗਏ ਰਿਸ਼ਤੇ।ਚੌਥੀ ਕਿਸਮ ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ ਭਤੀਜਾ,ਤਾਇਆ / ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ।

ਇਸ ਤੋਂ ਇਲਾਵਾ ਮੂਲ ਪਰਿਵਾਰ ਵਿੱਚ ਅੱਠ ਕਿਸਮ ਦੇ ਰਿਸ਼ਤੇ ਮਿਲਦੇ ਹਨ। ਜਿਵੇਂ ਪਤੀ-ਪਤਨੀ, ਪਿਉ-ਪੁੱਤਰ, ਪਿਉ-ਧੀ, ਮਾਂ-ਪੁੱਤਰ, ਮਾਂ ਧੀ, ਭਰਾ ਭਰਾ, ਭਰਾ-ਭੈਣ ਅਤੇ ਭੈਣ-ਭੈਣ ਦਾ ਰਿਸ਼ਤਾ ਮੂਲ ਰਿਸ਼ਤਾ ਹੈ। ਜਟਿਲ ਪਰਿਵਾਰ ਜਾਂ ਸੰਯੁਕਤ ਪਰਿਵਾਰ ਵਧੇਰੇ ਵਿਸ਼ਾਲ ਹੁੰਦੇ ਹਨ। ਪਰਿਵਾਰ ਵਿੱਚ ਭਾਈ-ਭਾਈ ਦਾ ਰਿਸ਼ਤਾ ਵੀ ਬਹੁਤ ਨਿੱਘਾ ਨਹੀਂ। ਹੁਣ ਸਭ ਕੁੱਝ ਬਦਲ ਗਿਆਂ ਹੈ।ਵਾਰਿਸ਼ ਸਾਹ ਭਰਾ ਦੇ ਰਿਸ਼ਤਿਆਂ ਬਾਰੇ ਲਿਖਿਆ ਹੈ ਕਿ ‘ਭਾਈ ਜਾਣ ਤਾਂ ਜਾਂਦੀਆਂ ਟੁੱਟ ਬਾਹਵਾਂ’ ਪਰ ਅਜਿਹੀਆਂ ਬਾਹਵਾਂ ਘੱਟ ਹੀ ਰਹਿ ਗਈਆਂ ਹਨ। ਭਰਾ-ਭਰਾ ਵਿਚਕਾਰ ਆਰਥਿਕ ਮਿਲਵਰਤਨ ਵੀ ਬਹੁਤ ਘੱਟ ਹੈ।ਘਰਾਂ ਜ਼ਮੀਨਾਂ ਦੀ ਵੰਡ ਨੂੰ ਲੈਕੇ ਲੜਾਈ ਝਗੜਾ ਹੋ ਰਿਹਾ ਹੈ। ਬਜ਼ੁਰਗਾਂ ਨੂੰ ਵੀ ਜ਼ਮੀਨਾਂ ਦੇ ਨਾਲ -ਨਾਲ ਵੰਡ ਲਿਆ ਹੈ।

ਸੰਯੁਕਤ ਪਰਿਵਾਰ ਟੁੱਟ ਗਏ ਹਨ। ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ। ਹੁਣ ਤਾਂ ਪਿੰਡਾਂ ਵਿੱਚ ਵੀ ਬਹੁਤ ਘੱਟ ਸੰਯੁਕਤ ਪਰਿਵਾਰ ਮਿਲਦੇ ਹਨ। ਇਸ ਕਿਸਮ ਦੇ ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਵੀ ਵਧੀਆ ਹੋ ਸਕਦਾ ਹੈ ਕੁਝ ਹੋਰ ਸਾਲਾਂ ਤੱਕ ਪੰਜਾਬ ਵਿੱਚ ਵੀ ਸਿਰਫ ਇਕਹਿਰੇ ਪਰਿਵਾਰ ਹੀ ਮਿਲਣਗੇ।ਮੈਕਾਈਵਰ ਅਤੇ ਪੇਜ ਪਰਿਵਾਰ ਦੇ ਅਨੁਸਾਰ “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਲਿੰਗਕ ਸਬੰਧਾਂ ਉੱਤੇ ਅਧਾਰਿਤ ਹੈ ਅਤੇ ਇੰਨਾਂ ਛੋਟਾ ਤੇ ਸਥਾਈ ਹੈ ਕਿ ਇਸ ਵਿੱਚ ਬੱਚਿਆ ਦੀ ਉਤਪਤੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਹੋ ਸਕਦਾ ਹੈ।” ਇਸ ਤੋਂ ਇਲਾਵਾ ਪਰਿਵਾਰ ਸੰਬੰਧੀ ਇੱਕ ਹੋਰ ਪਰਿਭਾਸ਼ਾ” ਮਜੂਮਦਾਰ ਦੇ ਸ਼ਬਦਾਂ ਵਿੱਚ, “ਪਰਿਵਾਰ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇੱਕ ਛੱਤ ਹੇਠਾਂ ਰਹਿੰਦੇ ਹਨ, ਰਕਤ ਨਾਲ ਸਬੰਧਤ ਹਨ ਅਤੇ ਸਵਾਰਥ ਅਰਥਾਤ ਪ੍ਰਸਪਰ ਲੈਣ ਦੇਣ ਦੇ ਅਧਾਰ ਉੱਤੇ ਇੱਕ ਕਿਸਮ ਦੀ ਚੇਤੰਨਤਾ ਅਨੁਭਵ ਕਰਦੇ ਹਨ”
ਪਰ ਅੱਜ ਪਰਿਵਾਰਕ ਸ਼ਬਦ ਆਮ ਤੌਰ ਤੇ ਉਸ ਜਗ੍ਹਾ ਤੱਕ ਫੈਲਦਾ ਹੈ ਜਿੱਥੇ ਲੋਕ ਉਹ ਬਚਾਉਣਾ ਸਿੱਖਦੇ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ , ਉਨ੍ਹਾਂ ਦੇ ਰਿਸ਼ਤੇਦਾਰੀ ਤੋਂ ਵੀ ਪਰੇ ਹੈ।
ਕਰੋਨਾ ਕਾਲ ਵਿੱਚ ਅੱਜ ਜੋ ਹਲਾਤ ਹਨ ਉਹਨਾਂ ਨੂੰ ਦੇਖਦਿਆਂ ਸਮਝਦਿਆਂ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਜਿੰਮੇਵਾਰੀ ਆਪਣੇ ਪਰਿਵਾਰ ਪ੍ਰਤੀ ਹੋਰ ਵੀ ਵੱਧ ਗਈ ਹੈ।ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਪੂਰੀ ਸਾਵਧਾਨੀ ਨਾਲ ਆਪਣੀਆਂ ਰੌਜ਼ਾਨਾ ਦੀਆਂ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ।ਪਰਿਵਾਰ ਦੇ ਮੁਖੀ ਦਾ ਫਰਜ ਬਣਦਾ ਹੈ ਕਿ ਪਰਿਵਾਰ ਦੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਧਿਆਨ ਰੱਖਣ।ਪਰਿਵਾਰ ਦਾ ਵਾਤਾਵਰਨ ਬੱਚਿਆਂ ਤੇ ਬਹੁਤ ਪ੍ਰਭਾਵ ਪਾਉਂਦਾ ਹੈ।ਇਸ ਲਈ ਮਾ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਲਈ ਅਜਿਹਾ ਵਾਤਾਵਰਨ ਪੈਦਾ ਕਰਨ ਉਹਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ।ਘਰ ਦੇ ਮਾਮਲਿਆਂ ਵਿੱਚ ਥੋੜ੍ਹਾ ਬਹੁਤਾ ਬੱਚਿਆ ਨੂੰ ਸਾਮਿਲ ਕਰਨਾ ਚਾਹੀਦਾ ਹੈ ਤਾ ਜੋ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ।ਬੱਚਿਆਂ ਸਾਹਮਣੇ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।ਆਪਣੇ ਕੰਮੋ ਵਿੱਚੋਂ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ।ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਮੱਸਿਆ ਸਾਰਿਆ ਦੀ ਸਮੱਸਿਆਂ ਹੁੰਦੀ ਹੈ।ਜੇਕਰ ਉਸਨੂੰ ਸਾਰੇ ਰਲ ਕੇ ਸੁਲਝਾਉਣ ਤਾਂ ਕੋਈ ਵੀ ਮੈਂਬਰ ਮੁਸੀਬਤ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ।ਸੋ ਆਓ ਸਾਰੇ ਰਲ ਕੇ ਪਰਿਵਾਰ ਦਾ ਵਧੀਆਂ ਮਾਹੌਲ ਸਿਰਜੀਏ ਤੇ ਇਸ ਫੁੱਲਾਂ ਦੀ ਫੁਲਵਾੜੀ ਨੂੰ ਹਮੇਸ਼ਾ ਟਹਿਕਦਾ ਮਹਿਕਦਾ ਰੱਖੀਏ।

ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ ✍️  ਮੋਹੀ ਅਮਰਜੀਤ ਸਿੰਘ 

ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ  

ਪੰਜਾਬੀ ਬੋਲੀ ਦੁਨੀਆਂ ਦੀ ਪੁਰਾਤਨ ਬੋਲਿਆਂ ਵਿਚੋਂ ਇਕ ਹੈ ਜੇਕਰ ਦੁਨੀਆਂ ਦੀ ਸਭ ਤੋਂ ਪੁਰਾਤਨ ਬੋਲੀ ਤਾਮਿਲ ਹੈ ਤਾਂ ਪੰਜਾਬੀ ਵੀ ਤਾਮਿਲ ਦੇ ਨੇੜ,ਤੇੜ ਹੀ ਹੈ । ਹਿੰਦੀ ਦਾ ਜਨਮ ਫ਼ਾਰਸੀ ਵਿਚੋਂ ਹੋਇਆ ਹੈ । ਤੇ ਉਤਰੀ ਭਾਰਤ ਦੇ ਸਕੂਲ,ਕਾਲਿਜ ਤੇ ਵਿਸ਼ਵ ਵਿਦਿਆਲਿਆ ਵਿਚ ਇਹ ਝੂਠ ਦਸਿਆ ਜਾਂਦਾ ਹੈ ਕਿ ਹਿੰਦੀ ਦਾ ਜਨਮ ਸੰਸਕ੍ਰਿਤ ਭਾਸ਼ਾ ਵਿਚੋਂ ਹੋਇਆ ਹੈ। ਵਿਚਾਰੇ ਅਧਿਆਪਕ ਓਹੀ ਕੁਸ਼ ਪੜਾਉਣ ਦੇ ਆ ਜੋ ਸਲੇਬਸ ਵਿਚ ਸ਼ਪਿਆ ਹੋਇਆ ।ਪੰਜਾਬੀ ਬੋਲੀ ਸੰਸਕ੍ਰਿਤ ਤੋਂ ਵੀ ਸਦੀਆਂ ਪੁਰਾਣੀ ਹੈ।ਹਿੰਦੀ ਦੁਨੀਆਂ ਵਿਚ ਕਿਤੇ ਵੀ ਨਹੀਂ ਬੋਲੀ ਜਾਂਦੀ ਲਿਖੀ ਜਾਂਦੀ ਹੈ।ਜਦੋਂ ਹਿੰਦੀ ਲਿਖੀ ਨੂੰ ਪੜਿਆ ਜਾਂਦਾ ਹੈ ਤਾਂ ਬੋਲਣ ਵਿਚ ਓਸ ਦਾ ਉਚਾਰਣ ਉਰਦੂ ਹੁੰਦਾ ਹੈ।ਬਹੁਤ ਸਾਰੇ ਅਧਿਆਪਕ ਇਹ ਗ਼ਲਤ ਸਿਖਿਆ ਦਿੰਦੇ ਆ ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਭਾਰਤ ਵਿਚ ਅਜ ਦੋ ਭਾਸ਼ਾਵਾਂ ਸਭ ਤੌਂ ਜ਼ਿਆਦਾ ਬੋਲੀਆਂ ਜਾਂਦੀਆਂ,ਇਕ ਇੰਗਲਿਸ਼ ਤੇ ਦੂਜੀ ਉਰਦੂ । ਭਾਰਤ ਵਿਚ ਅਜ ਜੋ ਨੈਸ਼ਨਲ ਚੈਨਲ ਦੇਖੇ ਤੇ ਸੁਣੇ ਜਾਂਦੇ ਆ ਜਿਵੇਂ ਕੇ ਡੀ ਡੀ ਨੈਸ਼ਨਲ, ਆਜ਼ ਤਕ,ਜ਼ੀ ਨਿਊਜ਼ ਤੇ ਹੋਰ ਇਹ ਹਿੰਦੀ ਨਹੀਂ ਮੇਰੀ ਸਮਝ ਮੁਤਾਬਕ ਉਰਦੂ ਬੋਲਦੇ ਹਨ । ਆਹ ਜੋ ਭਾਰਤ ਵਿਚ ਬੌਲੀਵੁੱਡ ਫਿਲਮਾਂ ਬਣਦੀਆ ਇਹ 1947 ਤੋਂ ਪਹਿਲਾਂ   ਇਸ ਦਾ ਮੁਖ ਕੇਂਦਰ ਲਹੌਰ ਹੁੰਦਾ ਸੀ ਜਦੋ 1947 ਤੌ ਬਾਦ ਬੌਲੀਵੁੱਡ  ਫਿਲਮਾਂ ਦਾ ਕੇਂਦਰ ਬੰਬਾ ਬਣ ਗਿਆ ਤਾਂ ਫਿਲਮਾਂ ਓਸੇ ਬੋਲੀ ਵਿਚ ਬਨਣ ਲਗੀਆ ਪਰ ਇਸ ਨੂੰ ਇਹ ਆਖਣ ਲਗਗੇ ਕਿ ਬੌਲੀਵੁੱਡ  ਭਾਰਤ ਦੀਆਂ ਫਿਲਮਾਂ ਹਿੰਦੀ ਵਿਚ ਹਨ ਜਦੋਂ ਕਿ ਭਾਰਤੀ ਫਿਲਮਾਂ ਉਰਦੂ ਵਿਚ ਬਣਦਿਆਂ ਹਨ। ਇਸ ਤੌਂ ਇਹ ਸਿਧ ਹੁੰਦਾ ਹੈ ਕਿ ਜੋ ਅਸੀਂ  ਸਮਝ ਰਹੇ ਆ ਓਹ ਸਚ ਨਹੀਂ ਹੈ। ਭਾਸ਼ਾ ਪਰਤੀ ਸਾਨੂੰ ਹੁਣ ਤਕ ਹਨੇਰੇ ਵਿਚ ਰਖਿਆ ਗਿਆ ਹੈ।ਭਾਰਤ ਦੀ ਜੰਤਾ ਓਹੀ ਸਚ ਸਮਝ ਰਹੀ ਹੈ ਜੋ ਓਹਨਾਂ ਅਗੇ ਪਰੋਸਿਆ ਜਾ ਰਿਹਾ ਹੈ ।ਇਸ ਦੇ ਸਭ ਤੌਂ ਵਡੇ ਦੋਸ਼ੀ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕ ਸਾਹਿਬਾਨ ਹਨ ਜੋ ਸਚ ਨੂੰ ਸਾਹਮਣੇ ਨਹੀਂ ਲਿਆ ਸਕੇ...

 

 

 ਮੋਹੀ ਅਮਰਜੀਤ ਸਿੰਘ 

      ਡਾਇਰੈਕਟਰ 

ਨਾਟ ਕਲਾ ਕੇਂਦਰ ਜਗਰਾਓਂ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਗਗਨਦੀਪ ਧਾਲੀਵਾਲ ਝਲੂਰ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —
ਮਾਂ ਦੇ ਲਈ ਸੱਭ ਨੂੰ ਛੱਡ ਦਿਓ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੀ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ
ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋੲੀ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,
ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

ਗਗਨਦੀਪ ਧਾਲੀਵਾਲ ।

ਆਓ ਜਾਣੀਏ ਸੱਚਰ ਫ਼ਾਰਮੂਲਾ ਕੀ ਸੀ ?

ਪੰਜਾਬ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱਚਰ ਨੇ 1 ਅਕਤੂਬਰ 1949 ਈ. ਇੱਕ ਘੋਸ਼ਣਾ ਕੀਤੀ ਜਿਸ ਨੂੰ ਸੱਚਰ ਫ਼ਾਰਮੂਲਾ ਕਿਹਾ ਜਾਂਦਾ ਹੈ।ਭੀਮ ਸੈਨ ਸੱਚਰ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲੀ ਵਾਰ 13 ਅਪਰੈਲ 1949 ਤੋਂ 18 ਅਕਤੂਬਰ 1949 ਤੱਕ ਰਹੇ ਅਤੇ ਦੂਜੀ ਵਾਰ 17 ਅਪਰੈਲ 1952 ਤੋਂ 23 ਜਨਵਰੀ 1956 ਤੱਕ ਰਹੇ ।ਭੀਮ ਸੈਨ ਸੱਚਰ ਭਾਰਤੀ ਰਾਸ਼ਟਰੀ ਕਾਗਰਸ ਦੇ ਮੈਂਬਰ ਰਹੇ ਸਨ।1921 ਵਿੱਚ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਵੀ ਚੁਣੇ ਗਏ ਸਨ। ਉਹਨਾਂ ਇਸ ਫ਼ਾਰਮੂਲੇ ਅਨੁਸਾਰ ਪੰਜਾਬ ਨੂੰ ਭਾਸ਼ਾ ਦੇ ਅਧਾਰ ‘ਤੇ ਦੋ ਭਾਗਾਂ ਪੰਜਾਬੀ ਭਾਸ਼ਾਈ ਤੇ ਹਿੰਦੀ ਭਾਸ਼ਾਈ ਵਿੱਚ ਵੰਡਿਆ ਗਿਆ ।ਪੰਜਾਬੀ ਭਾਸ਼ਾਈ ਖੰਡ ਵਿੱਚ ਹੁਸ਼ਿਆਰਪੁਰ ਅੰਮ੍ਰਿਤਸਰ,ਗੁਰਦਾਸਪੁਰ,ਜਲੰਧਰ,ਅਬਾਲਾ,ਲੁਧਿਆਣਾ,ਆਦਿ ਜ਼ਿਲ੍ਹੇ ਦੀਆਂ ਰੋਪੜ ਅਤੇ ਖਰੜ ਤਹਿਸੀਲਾਂ (ਚੰਡੀਗੜ੍ਹ ਨੂੰ ਛੱਡ ਕੇ )ਸ਼ਾਮਿਲ ਸੀ।ਹਿੰਦੀ ਭਾਸ਼ਾਈ ਖੰਡ ਵਿੱਚ ਰੋਹਤਕ ,ਗੁੜਗਾਂਵ ,ਕਰਨਾਲ,ਕਾਂਗੜਾ,
ਹਿਸਾਰ (ਹਿਸਾਰ ਜ਼ਿਲ੍ਹੇ ਦੀ ਸਿਰਸਾ ਤਹਿਸੀਲ ਅਤੇ ਅੰਬਾਲਾ ਦੀ ਜਗਾਧਰੀ ਅਤੇ ਨਰਾਇਣਗੜ੍ਹ ਦੀਆਂ ਤਹਿਸੀਲਾਂ ਛੱਡ ਕੇ )ਸ਼ਾਮਿਲ ਸਨ।ਅੰਬਾਲਾ,ਚੰਡੀਗੜ੍ਹ ,ਸ਼ਿਮਲਾ ਅਤੇ ਸਿਰਸਾ ਨੂੰ ਦੋ ਭਾਸ਼ਾ ਖੰਡ ਘੋਸ਼ਿਤ ਕਰ ਦਿੱਤਾ ਗਿਆ।ਸੱਚਰ ਫ਼ਾਰਮੂਲੇ ਦੇ ਅਨੁਸਾਰ ਹਿੰਦੀ ਭਾਸ਼ਾਈ ਤੇ ਪੰਜਾਬੀ ਭਾਸ਼ਾਈ ਖੰਡ ਵਿੱਚ ਸਾਰੇ ਸਕੂਲਾਂ ਵਿੱਚ ਮੈਟ੍ਰਿਕ ਸ਼੍ਰੇਣੀ ਤੱਕ ਪੜ੍ਹਾਈ ਦਾ ਮਾਧਿਅਮ ਹਿੰਦੀ ਅਤੇ ਪੰਜਾਬੀ ਭਾਸ਼ਾ ਰੱਖਿਆ ਗਿਆ ਤੇ ਉਨ੍ਹਾਂ ਵਿੱਚ ਪ੍ਰਾਇਮਰੀ ਸਤਰ ਦੀ ਆਖਰੀ ਸ਼੍ਰੇਣੀ (ਪੰਜਵੀਂ ਤੱਕ ) ਤੋਂ ਦਸਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੂੰ ਦੂਸਰੀ ਭਾਸ਼ਾ ਦੇ ਰੂਪ ਵਿੱਚ ਪੰਜਾਬੀ (ਹਿੰਦੀ ਭਾਸ਼ਾ ਖੰਡ ਦੇ ਲਈ)ਤੇ ਹਿੰਦੀ (ਪੰਜਾਬੀ ਖੰਡ ਦੇ ਲਈ) ਨੂੰ ਜ਼ਰੂਰੀ ਵਿਸ਼ੇ ਦੇ ਰੂਪ ਵਿੱਚ ਪੜ੍ਹਾਉਣ ਦਾ ਪ੍ਰਬੰਧ ਕੀਤਾ ਗਿਆ।ਵਿਦਿਆਰਥੀਆਂ ਦੀ ਸਿੱਖਿਆ ਦਾ ਮਾਧਿਅਮ ਉਹਨਾਂ ਦੇ ਮਾਤਾ-ਪਿਤਾ ਨਿਰਧਾਰਿਤ ਕਰਨਗੇ।ਇਹ ਫ਼ਾਰਮੂਲਾ ਪ੍ਰਾਈਵੇਟ ਸਕੂਲਾਂ ਉੱਤੇ ਲਾਗੂ ਨਹੀਂ ਹੋਣਾ ਸੀ।

ਗਗਨਦੀਪ ਕੌਰ 

ਚੜ੍ਹਦੀ ਕਲਾਂ ✍️ ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ 

ਸਾਡੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ. ਕਿਸੇ ਦਿਨ ਦੀ ਸ਼ੁਰੂਆਤ ਹੀਣ ਭਾਵਨਾ ਨਾਲ ਕਰੀ ਜਾਵੇ
ਤਾ ਸਾਰਾ ਦਿਨ ਦਾ ਆਨੰਦ ਵਿਗੜ ਜਾਂਦਾ ਹੈ. ਵਿਚਾਰ ਸਾਡੇ ਸਰੀਰ ਤੇ ਗਹਿਰਾ ਅਸਰ ਪਾ ਜਾਂਦੇ ਹਨ. ਜਦੋਂ ਕਦੀ ਵੀ ਇਹ ਮਹਿਸੂਸ ਕੀਤਾ ਜਾਂਦਾ
ਹੈ ਕਿ ਸਰੀਰ ਚ ਊਰਜਾ ਦੀ ਕਮੀ ਹੈ ਤਾ ਸੱਚ ਮੁੱਚ ਹੀ ਸਰੀਰ ਦਿਮਾਗ ਨੂੰ ਉਸੇ ਤਰਾਂ ਦਾ ਸੁਨੇਹਾ ਲਾ ਦਿੰਦਾ ਹੈ, ਫਿਰ ਸਾਰਾ ਦਿਨ ਆਲਸ ਚ ਹੀ
ਗੁਜਰ ਜਾਂਦਾ.
ਪਰ ਜੇਕਰ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾਂ ਨਾਲ ਇਕ ਸ਼ੁਕਰਾਨੇ ਨਾਲ ਕੀਤੀ ਜਾਵੇ ਤਾ ਸਰੀਰ ਚ ਊਰਜਾ ਦੀ ਕਮੀ ਨਹੀਂ ਰਹਿੰਦੀ. ਇਹ
ਸ਼ੁਰੂਆਤ ਦਿਨ ਦੇ ਹਰ ਕੰਮ ਚ ਮੋਹਰੀ ਹੋਰ ਲਈ ਕਾਫੀ ਹੈ. ਸਿੱਟੇ ਵਜੋਂ ਸਾਰਥਕ ਢੰਗ ਨਾਲ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ.
ਛੋਟੀਆਂ ਛੋਟੀਆਂ ਗੱਲਾਂ ਕਰਕੇ ਕਿਸੇ ਨਾਲ ਬਦਲੇ ਦੀ ਭਾਵਨਾ ਰੱਖਣਾ ਵੀ ਕਿਤੇ ਨਾ ਕਿਤੇ ਅੰਦਰੂਨੀ ਊਰਜਾ ਤੇ ਖੁਸ਼ੀ ਘੱਟ ਵਿਚ ਘਾਤਕ ਸਿੱਧ
ਹੁੰਦਾ ਹੈ.
ਜਦੋ ਇਹੀ ਬਦਲੇ ਖੋਰੀ ਦੀ ਭਾਵਨਾ ਰੋਜਾਨਾ ਦੇ ਕੰਮਾਂ ਚ ਆਂ ਘੁਸਦੀ ਹੈ ਤਾ ਇਨਸਾਨ ਰੋਜ ਅੰਦਰੋਂ ਅੰਦਰੀ ਘਟਨਾ ਸ਼ੁਰੂ ਹੋ ਜਾਂਦਾ ਹੈ. ਇਸੇ ਦੀ
ਵਜ੍ਹਾ ਨਾਲ ਸਰੀਰ ਚ ਕਈ ਪ੍ਰਕਾਰ ਦੇ ਵਿਕਾਰ ਉਤਪੰਨ ਹੁੰਦੇ ਹਨ . ਜਿੰਨਾ ਚ ਰਕਤ ਚਾਪ ਚ ਵਾਦਾ ਅਤੇ ਦਿਮਾਗੀ ਪਰੇਸ਼ਾਨੀਆਂ ਮੁੱਖ
ਸ਼ਾਮਿਲ ਹਨ. ਅਕਸਰ ਹੀ ਕਈ ਇਨਸਾਨ ਢਹਿੰਦੀ ਕਲਾਂ ਵਾਲੀ ਗੱਲ ਕਰਦੇ ਹਨ ਜੇ ਓਹਨਾ ਨੂੰ ਪੁੱਛਿਆ ਜਾਵੇ ਕੀ ਹਾਲ ਚਾਲ ਹੈ .. ਤਾ ਜਵਾਬ
ਬੜਾ ਹੀ ਢਿੱਲਾ ਹੁੰਦਾ. ਅਜਿਹੇ ਇਨਸਾਨ ਨਾਲ ਰਾਬਤਾ ਕਾਇਮ ਕਰਕੇ ਵੀ ਕੋਈ ਬਹੁਤਾ ਰਾਜੀ ਨਹੀਂ ਹੁੰਦਾ. ਤੁਹਾਡੇ ਵਿਚਾਰ ਅਤੇ ਤੁਹਾਡੇ ਕੰਮ
ਦੀ ਚਾਲ ਢਾਲ ਨਾਲ ਆਪਸ ਚ ਗੂੜ੍ਹਾ ਸੰਬੰਧ ਹੈ.
ਇਹ ਹੁਣ ਸਾਡੇ ਤੇ ਹੈ ਕੀ ਅਸੀਂ ਕਿਸ ਸ਼ਰ੍ਰੇਣੀ ਚ ਸ਼ਾਮਿਲ ਹੋਣਾ ਹੈ. ਬੇ ਲੋੜੇ-ਬੋਜ ਤੇ ਬਦਲੇ ਦੀਆ ਭਾਵਨਾਵਾਂ ਨੂੰ ਦੂਰ ਰੱਖ ਕੇ ਚੜ੍ਹਦੀ ਕਲਾਂ
ਵਾਲੀ ਪ੍ਰਵਿਰਤੀ ਅਪਣਾਈ ਜਾਵੇ ਤਾ ਜਿੰਦਗੀ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਜਿਓਆ ਜਾ ਸਕਦਾ ਹੈ. ਫ਼ੈਸਲਾ ਸਾਡੇ ਆਵਦੇ ਹੱਥ ਚ ਆ.
ਤੁਹਾਡਾ ਚੜ੍ਹਦੀ ਕਲਾਂ ਚ ਰਹਿਣਾ ਕਿਸੇ ਲਈ ਸੇਧ ਵੀ ਬਣ ਸਕਦਾ ਹੈ. ਖੁਸ਼ ਰਹਿ ਕੇ ਸਚਾਰੂ ਢੰਗ ਨਾਲ ਕੰਮ ਨੂੰ ਤੋਰਨਾ ਹੀ ਅਸਲ ਜ਼ਿੰਦਗੀ ਦਾ
ਗਹਿਣਾ ਹੈ.

ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਕੋਵੀਸ਼ੀਲਡ ਵੈਕਸੀਨ ਇੰਸਟੀਚਿਊਟ ਦਾ ਨਿਰਮਾਤਾ ਫੁਰਰ ✍️  ਸਲੇਮਪੁਰੀ ਦੀ ਚੂੰਢੀ

ਭਾਰਤ 'ਚ ਕੋਵਿਡ-19 ਤੋਂ ਅਗਾਉਂ ਬਚਾਅ ਲਈ ਲਗਾਈ ਜਾ ਰਹੀ  ਕੋਵਿਸ਼ੀਲ਼ਡ ਵੈਕਸੀਨ ਦੀ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਪਿਆਰਾ ਭਾਰਤ ਵਤਨ ਛੱਡ ਕੇ ਠੰਢੇ ਅਤੇ ਅਮੀਰ ਦੇਸ਼ ਬਰਤਾਨੀਆ 'ਚ ਉਡਾਰੀ ਮਾਰ ਗਿਆ ਹੈ। ਭਾਰਤੀ ਸਿਸਟਮ ਨੂੰ ਰੱਜ ਰੱਜ ਕੇ ਪਿਆਰ ਕਰਨ ਵਾਲੇ ਪੂਨਾਵਾਲਾ ਨੇ ਲੰਡਨ ਦੇ ਮਸ਼ਹੂਰ ਅਖਬਾਰ 'ਦਾ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਉਸ ਦੀ ਜਾਨ ਨੂੰ ਖਤਰਾ ਸੀ, ਕਿਉਂਕਿ ਉਸ ਉਪਰ ਵੈਕਸੀਨ ਦੀ ਸਪਲਾਈ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ, ਪਰ ਉਹ ਅਜਿਹਾ ਕਰਨ ਤੋਂ ਅਸਮਰੱਥ ਸੀ, ਜਿਸ ਕਰਕੇ ਉਸ ਨੇ ਭਾਰਤ ਨੂੰ ਅਲਵਿਦਾ ਕਹਿ ਦਿੱਤਾ ਹੈ। ਪੂਨਾਵਾਲਾ ਨੇ ਇਕੱਲੇ ਨੇ ਦੇਸ਼ ਨਹੀਂ ਛੱਡਿਆ ਬਲਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਲੰਡਨ ਲੈ ਕੇ ਚਲਿਆ ਗਿਆ ਹੈ। ਪੂਨਾਵਾਲਾ ਦਾ ਕਹਿਣਾ ਹੈ ਕਿ ਉਸ ਨੂੰ ਦੇਸ਼ ਦੇ ਸ਼ਕਤੀਸ਼ਾਲੀ ਲੋਕਾਂ ਵਲੋਂ  'ਧਮਕੀਆਂ' ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਉਹ ਦੇਸ਼ ਛੱਡ ਗਿਆ ਹੈ । ਜਾਪਦਾ ਹੈ ਕਿ ਸ਼ਾਇਦ ਪੂਨਾਵਾਲਾ ਦੇਸ਼ ਦਾ ਪਹਿਲਾ  ਬਿਜਨਸਮੈਨ ਨਹੀਂ ਜਿਹੜਾ ਭਾਰਤ ਛੱਡਕੇ ਵਿਦੇਸ਼ ਜਾ ਕੇ ਵਸਿਆ ਹੋਵੇ, ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਭਾਰਤੀ ਸਿਸਟਮ ਨੂੰ ਪਿਆਰ ਕਰਨ ਵਾਲੇ ਅਤੇ ਵੱਡੇ ਦੇਸ਼ ਭਗਤ ਅਖਵਾਉਣ ਵਾਲੇ ਵੱਡੇ ਵੱਡੇ ਕਈ ਬਿਜਨਸਮੈਨ ਦੇਸ਼ ਛੱਡ ਕੇ ਫੁਰਰ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਕੁਝ ਸਮਾਂ ਪਹਿਲਾਂ ਹੀ ਲੰਡਨ ਦੇ ਸਭ ਤੋਂ ਮਹਿੰਗੇ ਇਲਾਕਿਆਂ  'ਚ ਇੱਕ ਬਹੁਤ ਹੀ ਸ਼ਾਨਦਾਰ ਬੰਗਲਾ ਕਿਰਾਏ' ਤੇ ਲਿਆ ਸੀ, ਜਿਸ ਦਾ ਮਹੀਨਾਵਾਰ ਕਿਰਾਇਆ ਭਾਰਤੀ ਮੁਦਰਾ 'ਚ 2 ਕਰੋੜ ਰੁਪਏ ਬਣਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਉਸ ਨੂੰ 3 ਹਜ਼ਾਰ ਕਰੋੜ ਰੁਪਏ ਦਾ "ਕਰਜ਼ਾ" ਦਿੱਤਾ ਸੀ। ਇਸ ਵੇਲੇ ਜਦੋਂ ਦੇਸ਼ ਕੋਰੋਨਾ ਦੀ ਭੱਠੀ ਵਿਚ ਸੜ ਰਿਹਾ ਹੈ,ਹਰ ਰੋਜ ਹਜਾਰਾਂ ਮਰੀਜ ਦਮ ਤੋੜ ਰਹੇ ਹਨ, ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਨਹੀਂ ਮਿਲ ਰਹੀ, ਵੈਂਟੀਲੇਟਰ ਨਹੀਂ ਮਿਲ ਰਹੇ, ਸਿਵੇ ਲਾਸ਼ਾਂ ਨਹੀਂ ਝੱਲ ਰਹੇ, ਸਸਕਾਰ ਕਰਦਿਆਂ ਕਰਦਿਆਂ ਸਿਵਿਆਂ ਦੀਆਂ ਛੱਤਾਂ ਲਾਲ ਹੋ ਗਈਆਂ ਹਨ, ਦੇ ਚੱਲਦਿਆਂ ਕੋਵੀਸ਼ੀਲਡ ਵੈਕਸੀਨ ਜਿਸ ਦੇ ਸਰੀਰਕ ਅਸਰ ਸਬੰਧੀ ਦੇਸ਼ ਦੀ ਕੇਂਦਰ ਸਰਕਾਰ ਵਲੋਂ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ,ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਮੁੱਖੀ ਦਾ 'ਭਗੌੜਾ' ਹੋ ਜਾਣਾ 'ਭਾਰਤੀ ਸਿਸਟਮ' ਦੀ ਕਾਰਗੁਜ਼ਾਰੀ ਉਪਰ ਬਹੁਤ ਵੱਡਾ ਸੁਆਲੀਆ ਚਿੰਨ੍ਹ ਹੈ। ਪੂਨਾਵਾਲਾ ਨੂੰ ਦੇਸ਼ ਛੱਡਣ ਲਈ ਕਿਸ ਨੇ ਮਜਬੂਰ ਕੀਤਾ, ਜਾਂ ਕਿਸ ਨੇ ਉਸ ਦੀ ਮਦਦ ਕੀਤੀ ਜਾਂ ਉਹ ਖੁਦ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ, ਦੀ ਅਸਲੀਅਤ ਬਾਰੇ ਜਲਦੀ ਸੱਚ ਸਾਹਮਣੇ ਆ ਜਾਵੇਗਾ, ਪਰ 'ਭਾਰਤੀ ਸਿਸਟਮ' ਅਤੇ ਉਸ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ 'ਮੀਡੀਆ' ਹਮੇਸ਼ਾਂ ਸੱਚ ਨੂੰ ਦਬਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਤੱਤਪਰ ਰਹਿੰਦਾ ਹੈ। ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਵਿਕਰੀ ਦੌਰਾਨ ਕਿੰਨਾ ਮੁਨਾਫ਼ਾ ਕਮਾਇਆ ਅਤੇ ਦੇਸ਼ ਦੇ ਖਜਾਨੇ ਵਿਚ ਲੋਕਾਂ ਦੀ ਕਮਾਈ ਦੇ ਪਏ ਪੈਸਿਆਂ ਵਿਚੋਂ ਲਿਆ ਕਰਜਾ ਕਿੰਨਾ ਮੋੜਿਆ ਦੇ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਵੇਲੇ ਪੂਨਾਵਾਲਾ ਵਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦਾ ਬਹਾਨਾ ਬਣਾ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਛੱਡ ਕੇ 'ਭਗੌੜਾ' ਹੋ ਜਾਣਾ ਬਹੁਤ ਹੀ ਦੁਖਦਾਇਕ ਅਤੇ ਅਫਸੋਸਜਨਕ ਖਬਰ ਹੈ!


-ਸੁਖਦੇਵ ਸਲੇਮਪੁਰੀ
09780620233
2 ਮਈ, 2021