ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

ਸਿਆਸੀ ਸੀਰੀ-2
- ਬੀਤੇ ਦਿਨੀਂ ਮੈਂ ਲਿਖਿਆ ਸੀ ਕਿ ਅਨੂਸੂਚਿਤ ਜਾਤੀਆਂ /ਜਨਜਾਤੀਆਂ / ਪੱਛੜੇ ਕਬੀਲਿਆਂ ਨਾਲ ਸਬੰਧਿਤ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ /ਮੰਤਰੀ / ਚੇਅਰਮੈਨ ਹਨ, ਉਨ੍ਹਾਂ ਵਿਚੋਂ ਇਕ - ਅੱਧੇ ਨੂੰ ਛੱਡ ਕੇ ਬਾਕੀ ਸਾਰੇ ਹੀ ਆਪੋ-ਆਪਣੀ ਸਿਆਸੀ ਪਾਰਟੀ ਜਿਥੋਂ ਉਨ੍ਹਾਂ ਨੇ ਕੁਰਸੀ ਪ੍ਰਾਪਤ ਕੀਤੀ ਹੈ, ਦੇ ਵਿੱਚ ਉਹ 'ਸਿਆਸੀ ਸੀਰੀ' ਦੇ ਤੌਰ 'ਤੇ ਜਿੰਦਗੀ ਕੱਟਣ ਲਈ ਮਜਬੂਰ ਹਨ, ਕਿਉਂਕਿ ਜਿਸ ਸਮਾਜ ਵਿਚ ਉਹ ਪੈਦਾ ਹੋਏ ਹਨ ਅਤੇ ਜਿਸ ਸਮਾਜ ਵਿਚ ਰਾਖਵਾਂਕਰਨ ਦਾ ਲਾਭ ਉਠਾ ਕੇ ਅੱਗੇ ਹਨ, ਪ੍ਰਤੀ ਉਨ੍ਹਾਂ ਦੀ ਜਮੀਰ ਮਰ ਚੁੱਕੀ ਹੈ। ਉਨ੍ਹਾਂ ਦੇ ਸਾਹਮਣੇ ਕੋਈ 'ਜਾਤੀ-ਸੂਚਕ' ਸ਼ਬਦਾਂ ਦੀ ਵਰਤੋਂ ਕਰਕੇ ਗਾਲ੍ਹਾਂ ਕੱਢੀ ਜਾਵੇ, ਉਹ ਗਰਦਨ ਸੁੱਟ ਕੇ ਸੁਣੀ ਜਾਂਦੇ ਹਨ। ਇਹ ਹੀ ਹਾਲ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ / ਟਰੱਕ ਯੂਨੀਅਨਾਂ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਜਥੇਬੰਦੀ ਜਾਂ ਸਮਾਜ ਸੇਵੀ ਸੰਸਥਾ ਹੈ, ਦੇ ਵਿੱਚ ਦਲਿਤ ਬਤੌਰ 'ਸੀਰੀ' ਕੰਮ ਕਰਦੇ ਰਹਿੰਦੇ ਹਨ। ਦਲਿਤਾਂ ਦਾ ਕੰਮ ਸਮਾਗਮ ਤੋਂ ਪਹਿਲਾਂ ਦਰੀਆਂ ਵਿਛਾਉਣਾ ਕੁਰਸੀਆਂ ਡਾਹੁਣੀਆਂ ਅਤੇ ਫਿਰ ਸਮਾਗਮ ਪਿਛੋਂ ਕੁਰਸੀਆਂ ਅਤੇ ਦਰੀਆਂ ਇਕੱਠੀਆਂ ਕਰਨਾ ਵੀ ਉਨ੍ਹਾਂ ਦੇ ਹਿੱਸੇ ਆਉਂਦਾ ਹੈ। ਗੱਲ ਕੀ ਦਲਿਤ ਕੇਵਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਵਿਚਰਦਿਆਂ ਹੀ 'ਸਿਆਸੀ ਸੀਰੀ' ਨਹੀਂ ਬਲਕਿ ਉਹ ਟ੍ਰੇਡ ਯੂਨੀਅਨਾਂ / ਮੁਲਾਜ਼ਮ ਅਤੇ ਪੈਨਸ਼ਨਰਜ ਜਥੇਬੰਦੀਆਂ ਤੋਂ ਇਲਾਵਾ ਆਪਣੇ ਆਪ ਨੂੰ ਧਾਰਮਿਕ ਜਾਂ ਸਮਾਜ ਸੇਵੀ ਸੰਸਥਾਵਾਂ ਅਖਵਾਉਣ ਵਾਲੀਆਂ ਜੱਥੇਬੰਦੀਆਂ  ਦੇ ਵਿੱਚ ਉਹ 'ਸੀਰੀ' ਦੀ ਤਰ੍ਹਾਂ ਹੀ ਕੰਮ  ਕਰਨ ਲਈ ਮਜਬੂਰ ਹਨ। ਜਿਨ੍ਹੀਆਂ ਵੀ ਸਿਆਸੀ ਜਾਂ ਗੈਰ ਸਿਆਸੀ ਜਾਂ ਸਮਾਜ ਸੇਵੀ ਜਥੇਬੰਦੀਆਂ ਹਨ, ਦੇ ਪ੍ਰਧਾਨ,ਸਕੱਤਰ ਜਨਰਲ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਵਰਗੇ ਮਹੱਤਵਪੂਰਨ ਅਹੁਦਿਆਂ ਤੋਂ ਦਲਿਤਾਂ ਨੂੰ ਲਾਂਭੇ ਰੱਖਿਆ ਜਾਂਦਾ ਹੈ, ਜੇ ਕੋਈ ਦਲਿਤ ਆਪਣੇ ਸਮਾਜ ਦੇ 'ਹੱਕ ਅਤੇ ਹਿੱਤ ਲਈ ਅਵਾਜ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਅਵਾਜ ਨੂੰ ਦਬਾ ਦਿੱਤਾ ਜਾਂਦਾ ਹੈ, ਪਹਿਲੀ ਗੱਲ ਤਾਂ ਦਲਿਤ ਆਪਣਾ ਮੂੰਹ ਬੰਦ ਹੀ ਰੱਖਦੇ ਹਨ। 
-ਸੁਖਦੇਵ ਸਲੇਮਪੁਰੀ
09780620233
29 ਮਈ, 2021