ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ
ਦੋਸਤੋਂ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਰੀਤੀ ਰੀਵਾਜਾਂ ਨਿਯਮਾਂ ਅਨੁਸਾਰ ਇਕੱਠਾ ਜੀਵਨ ਜਿਊਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਦੋਸਤੋਂ ਅੰਤਰਰਾਸ਼ਟਰੀ ਪਰਿਵਾਰ ਦਿਵਸ 15 ਮਈ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਸੰਨ 1993 ਵਿਚ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਅਧਿਕਾਰਿਤ ਤੌਰ ’ਤੇ ਇਸ ਦੀ ਘੋਸ਼ਣਾ ਕੀਤੀ। ਦੋਸਤੋਂ ਪਰਿਵਾਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦਿ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵੀ ਮੌਜੂਦ ਹੁੰਦੇ ਹਨ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪ੍ਰਥਾ ਹੀ ਪ੍ਰਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ ਮੰਨੀ ਜਾਂਦੀ ਹੈ। ਸਾਰਿਆ ਦੀ ਸਾਂਝੀ ਜਾਇਦਾਦ ਹੁੰਦੀ ਹੈ।ਸਾਰੇ ਬਜ਼ੁਰਗ ਇਕੱਠੇ ਰਹਿੰਦੇ ਹਨ।ਹਰ ਇੱਕ ਆਪਣੀ ਜਿੰਮੇਵਾਰੀ ਅਨੁਸਾਰ ਕੰਮ ਕਰਦਾ ਹੈ।ਪਰਿਵਾਰ ਪਿਤਾ ਪੁਰਖੀ ਧਾਰਨਾ ‘ਤੇ ਅਧਾਰਿਤ ਹਨ।ਇਸ ਵਿੱਚ ਸਭ ਤੋਂ ਵੱਡਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ। ਪਰਿਵਾਰ ਦੇ ਸਾਰੇ ਮੈਬਰਾਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਘਰ ਘਰ ਹੋਵੇ ਨਾ ਕਿ ਮਕਾਨ। ਮਕਾਨ ਤਾਂ ਕੰਧਾਂ ਇੱਟਾਂ ਦਾ ਹੁੰਦਾ ਹੈ ਪਰ ਘਰ ਦਾ ਆਧਾਰ ਪਿਆਰ, ਸਤਿਕਾਰ ਅਤੇ ਨਿਮਰਤਾ ਤੇ ਟਿਕਿਆ ਹੋਣਾ ਚਾਹੀਦਾ ਹੈ। ਘਰ ਵਿੱਚ ਹੀ ਮਨੁੱਖ ਦੀਆਂ ਸੱਧਰਾਂ ਪਲਦੀਆਂ ਹਨ।ਪਰਿਵਾਰ ਇੱਕ ਬਗ਼ੀਚਾ ਹੁੰਦਾ ਹੈ ਜੇਕਰ ਬਗ਼ੀਚੇ ਦਾ ਹਰ ਫੁੱਲ ਖਿੜੇਗਾ ਤਾ ਹੀ ਬਗ਼ੀਚਾ ਸੋਹਣਾ ਲੱਗਦਾ ਹੈ ਹਰਿਆ ਭਰਿਆ ਰਹਿੰਦਾ ਹੈ।ਪਹਿਲਾ ਪਰਿਵਾਰ ਵਿੱਚ ਬਹੁਤ ਮੈਂਬਰ ਇੱਕਠੇ ਰਹਿੰਦੇ ਸਨ।ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਸੀ।ਕੰਮ ਦੀ ਸਮਾਨ ਬਰਾਬਰ ਵੰਡ ਕੀਤੀ ਹੁੰਦੀ ਸੀ।ਪਰਿਵਾਰ ਦੀ ਖ਼ੁਸ਼ਹਾਲੀ ਦਾ ਪਤਾ ਪਰਿਵਾਰ ਦੇ ਇਕੱਠ ਤੋਂ ਲੱਗਦਾ ਸੀ ਸਾਰੇ ਜਾਣੇ ਇੱਕੋ ਹੀ ਚੁੱਲੇ ਤੇ ਰੋਟੀ ਖਾਂਦੇ ਸਨ।ਬਜੁਰਗਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ।ਉਹਨਾ ਨਾਲ ਹੀ ਪਰਿਵਾਰ ਦੀ ਗੱਡੀ ਖੁਸ਼ੀ ਦੇ ਪਹੀਏ ਤੇ ਟਿਕੀ ਹੁੰਦੀ ਹੈ ਅਤੇ ਜੇਕਰ ਕੋਈ ਥੋੜੀ ਬਹੁਤੀ ਘਾਟ ਰਹਿ ਜਾਵੇ ਤਾਂ ਮਾਹੌਲ ਡਾਵਾਂਡੋਲ ਹੋ ਜਾਂਦਾ ਹੈ। ਪਤੀ-ਪਤਨੀ ਘਰੇਲੂ ਗੱਡੀ ਦੇ ਪਹੀਏ ਹੁੰਦੇ ਹਨ।
ਇਸ ਲਈ ਦੋਨਾਂ ਨੂੰ ਸਦਾ ਹੀ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ ਘਰ ਦਾ ਆਧਾਰ ਸੂਝਬੂਝ ਹੈ।ਪਰਿਵਾਰ ਨੂੰ ਸਮਾਜ ਦੀ ਇਕ ਛੋਟੀ ਇਕਾਈ ਕਿਹਾ ਜਾਦਾ ਹੈ ਜੋ ਬੱਚੇ ਦੇ ਸਮਾਜਿਕ, ਮਾਨਸਿਕ ਅਤੇ ਸੰਸਕ੍ਰਿਤਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ। ਪਰਿਵਾਰ ਸ਼ਬਦ ਪਰਿ ਅਤੇ ਵਾਰ ਤੋਂ ਬਣਿਆ ਹੈ ਪਰਿ ਦਾ ਅਰਥ ਹੈ ਚਾਰੇ ਪਾਸੇ ਅਤੇ ਵਾਰ ਭਾਵ ਦਿਨ, ਰੌਸ਼ਨੀ ਆਦਿ। ਪਰਿਵਾਰ ਤੋਂ ਭਾਵ ਜੋ ਆਪਣੀ ਸੰਸਕ੍ਰਿਤੀ, ਵਧੀਆ ਵਿਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਚਾਰੇ ਪਾਸੇ ਪਸਾਰਦਾ ਹੈ। ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਕਈ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ।ਕੁੱਝ ਮੁੱਖ ਰਿਸ਼ਤੇ ਇਸ ਤਰ੍ਹਾਂ ਹਨ। ਪਹਿਲੀ ਕਿਸਮ ਖੂਨ ਦੇ ਰਿਸ਼ਤਿਆਂ ਦੀ ਹੈ। ਦੂਜੀ ਕਿਸਮ ਜਨਮ ਦੁਆਰਾ ਰਿਸ਼ਤੇ ਹਨ। ਤੀਜੀ ਕਿਸਮ ਵਿਆਹ ਦੁਆਰਾ ਬਣਾਏ ਗਏ ਰਿਸ਼ਤੇ।ਚੌਥੀ ਕਿਸਮ ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ ਭਤੀਜਾ,ਤਾਇਆ / ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ।
ਇਸ ਤੋਂ ਇਲਾਵਾ ਮੂਲ ਪਰਿਵਾਰ ਵਿੱਚ ਅੱਠ ਕਿਸਮ ਦੇ ਰਿਸ਼ਤੇ ਮਿਲਦੇ ਹਨ। ਜਿਵੇਂ ਪਤੀ-ਪਤਨੀ, ਪਿਉ-ਪੁੱਤਰ, ਪਿਉ-ਧੀ, ਮਾਂ-ਪੁੱਤਰ, ਮਾਂ ਧੀ, ਭਰਾ ਭਰਾ, ਭਰਾ-ਭੈਣ ਅਤੇ ਭੈਣ-ਭੈਣ ਦਾ ਰਿਸ਼ਤਾ ਮੂਲ ਰਿਸ਼ਤਾ ਹੈ। ਜਟਿਲ ਪਰਿਵਾਰ ਜਾਂ ਸੰਯੁਕਤ ਪਰਿਵਾਰ ਵਧੇਰੇ ਵਿਸ਼ਾਲ ਹੁੰਦੇ ਹਨ। ਪਰਿਵਾਰ ਵਿੱਚ ਭਾਈ-ਭਾਈ ਦਾ ਰਿਸ਼ਤਾ ਵੀ ਬਹੁਤ ਨਿੱਘਾ ਨਹੀਂ। ਹੁਣ ਸਭ ਕੁੱਝ ਬਦਲ ਗਿਆਂ ਹੈ।ਵਾਰਿਸ਼ ਸਾਹ ਭਰਾ ਦੇ ਰਿਸ਼ਤਿਆਂ ਬਾਰੇ ਲਿਖਿਆ ਹੈ ਕਿ ‘ਭਾਈ ਜਾਣ ਤਾਂ ਜਾਂਦੀਆਂ ਟੁੱਟ ਬਾਹਵਾਂ’ ਪਰ ਅਜਿਹੀਆਂ ਬਾਹਵਾਂ ਘੱਟ ਹੀ ਰਹਿ ਗਈਆਂ ਹਨ। ਭਰਾ-ਭਰਾ ਵਿਚਕਾਰ ਆਰਥਿਕ ਮਿਲਵਰਤਨ ਵੀ ਬਹੁਤ ਘੱਟ ਹੈ।ਘਰਾਂ ਜ਼ਮੀਨਾਂ ਦੀ ਵੰਡ ਨੂੰ ਲੈਕੇ ਲੜਾਈ ਝਗੜਾ ਹੋ ਰਿਹਾ ਹੈ। ਬਜ਼ੁਰਗਾਂ ਨੂੰ ਵੀ ਜ਼ਮੀਨਾਂ ਦੇ ਨਾਲ -ਨਾਲ ਵੰਡ ਲਿਆ ਹੈ।
ਸੰਯੁਕਤ ਪਰਿਵਾਰ ਟੁੱਟ ਗਏ ਹਨ। ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ। ਹੁਣ ਤਾਂ ਪਿੰਡਾਂ ਵਿੱਚ ਵੀ ਬਹੁਤ ਘੱਟ ਸੰਯੁਕਤ ਪਰਿਵਾਰ ਮਿਲਦੇ ਹਨ। ਇਸ ਕਿਸਮ ਦੇ ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਵੀ ਵਧੀਆ ਹੋ ਸਕਦਾ ਹੈ ਕੁਝ ਹੋਰ ਸਾਲਾਂ ਤੱਕ ਪੰਜਾਬ ਵਿੱਚ ਵੀ ਸਿਰਫ ਇਕਹਿਰੇ ਪਰਿਵਾਰ ਹੀ ਮਿਲਣਗੇ।ਮੈਕਾਈਵਰ ਅਤੇ ਪੇਜ ਪਰਿਵਾਰ ਦੇ ਅਨੁਸਾਰ “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਲਿੰਗਕ ਸਬੰਧਾਂ ਉੱਤੇ ਅਧਾਰਿਤ ਹੈ ਅਤੇ ਇੰਨਾਂ ਛੋਟਾ ਤੇ ਸਥਾਈ ਹੈ ਕਿ ਇਸ ਵਿੱਚ ਬੱਚਿਆ ਦੀ ਉਤਪਤੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਹੋ ਸਕਦਾ ਹੈ।” ਇਸ ਤੋਂ ਇਲਾਵਾ ਪਰਿਵਾਰ ਸੰਬੰਧੀ ਇੱਕ ਹੋਰ ਪਰਿਭਾਸ਼ਾ” ਮਜੂਮਦਾਰ ਦੇ ਸ਼ਬਦਾਂ ਵਿੱਚ, “ਪਰਿਵਾਰ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇੱਕ ਛੱਤ ਹੇਠਾਂ ਰਹਿੰਦੇ ਹਨ, ਰਕਤ ਨਾਲ ਸਬੰਧਤ ਹਨ ਅਤੇ ਸਵਾਰਥ ਅਰਥਾਤ ਪ੍ਰਸਪਰ ਲੈਣ ਦੇਣ ਦੇ ਅਧਾਰ ਉੱਤੇ ਇੱਕ ਕਿਸਮ ਦੀ ਚੇਤੰਨਤਾ ਅਨੁਭਵ ਕਰਦੇ ਹਨ”
ਪਰ ਅੱਜ ਪਰਿਵਾਰਕ ਸ਼ਬਦ ਆਮ ਤੌਰ ਤੇ ਉਸ ਜਗ੍ਹਾ ਤੱਕ ਫੈਲਦਾ ਹੈ ਜਿੱਥੇ ਲੋਕ ਉਹ ਬਚਾਉਣਾ ਸਿੱਖਦੇ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ , ਉਨ੍ਹਾਂ ਦੇ ਰਿਸ਼ਤੇਦਾਰੀ ਤੋਂ ਵੀ ਪਰੇ ਹੈ।
ਕਰੋਨਾ ਕਾਲ ਵਿੱਚ ਅੱਜ ਜੋ ਹਲਾਤ ਹਨ ਉਹਨਾਂ ਨੂੰ ਦੇਖਦਿਆਂ ਸਮਝਦਿਆਂ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਜਿੰਮੇਵਾਰੀ ਆਪਣੇ ਪਰਿਵਾਰ ਪ੍ਰਤੀ ਹੋਰ ਵੀ ਵੱਧ ਗਈ ਹੈ।ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਪੂਰੀ ਸਾਵਧਾਨੀ ਨਾਲ ਆਪਣੀਆਂ ਰੌਜ਼ਾਨਾ ਦੀਆਂ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ।ਪਰਿਵਾਰ ਦੇ ਮੁਖੀ ਦਾ ਫਰਜ ਬਣਦਾ ਹੈ ਕਿ ਪਰਿਵਾਰ ਦੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਧਿਆਨ ਰੱਖਣ।ਪਰਿਵਾਰ ਦਾ ਵਾਤਾਵਰਨ ਬੱਚਿਆਂ ਤੇ ਬਹੁਤ ਪ੍ਰਭਾਵ ਪਾਉਂਦਾ ਹੈ।ਇਸ ਲਈ ਮਾ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਲਈ ਅਜਿਹਾ ਵਾਤਾਵਰਨ ਪੈਦਾ ਕਰਨ ਉਹਨਾਂ ਦਾ ਬਹੁਪੱਖੀ ਵਿਕਾਸ ਹੋ ਸਕੇ।ਘਰ ਦੇ ਮਾਮਲਿਆਂ ਵਿੱਚ ਥੋੜ੍ਹਾ ਬਹੁਤਾ ਬੱਚਿਆ ਨੂੰ ਸਾਮਿਲ ਕਰਨਾ ਚਾਹੀਦਾ ਹੈ ਤਾ ਜੋ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋ ਸਕੇ।ਬੱਚਿਆਂ ਸਾਹਮਣੇ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।ਆਪਣੇ ਕੰਮੋ ਵਿੱਚੋਂ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ।ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਮੱਸਿਆ ਸਾਰਿਆ ਦੀ ਸਮੱਸਿਆਂ ਹੁੰਦੀ ਹੈ।ਜੇਕਰ ਉਸਨੂੰ ਸਾਰੇ ਰਲ ਕੇ ਸੁਲਝਾਉਣ ਤਾਂ ਕੋਈ ਵੀ ਮੈਂਬਰ ਮੁਸੀਬਤ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ।ਸੋ ਆਓ ਸਾਰੇ ਰਲ ਕੇ ਪਰਿਵਾਰ ਦਾ ਵਧੀਆਂ ਮਾਹੌਲ ਸਿਰਜੀਏ ਤੇ ਇਸ ਫੁੱਲਾਂ ਦੀ ਫੁਲਵਾੜੀ ਨੂੰ ਹਮੇਸ਼ਾ ਟਹਿਕਦਾ ਮਹਿਕਦਾ ਰੱਖੀਏ।