ਪੁੱਠਾ ਗੇੜਾ ✍️. ਸਲੇਮਪੁਰੀ ਦੀ ਚੂੰਢੀ 

ਪੁੱਠਾ ਗੇੜਾ
- ਹਿੰਦੂਤਵ ਨੂੰ ਚਲਾਉਣ ਵਾਲੀ ਆਰ ਐਸ ਐਸ ਦੀ ਕਮਾਨ ਹੇਠ ਚੱਲ ਰਹੀ ਭਾਜਪਾ ਵਲੋਂ ਇਤਿਹਾਸ ਨੂੰ ਮਿਥਿਹਾਸ ਜਦਕਿ ਮਿਥਿਹਾਸ ਨੂੰ ਇਤਿਹਾਸ ਵਿਚ ਤਬਦੀਲ ਕਰਨ ਲਈ ਜੋਰਾਂ - ਸ਼ੋਰਾਂ 'ਤੇ ਸਾਜਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ, ਤਾਂ ਜੋ ਭਾਰਤ ਨੂੰ ' ਹਿੰਦੂ ਰਾਸ਼ਟਰ' ਬਣਾਇਆ ਜਾ ਸਕੇ। ਫਿਲਮਾਂ ਵਿਚ ਕੰਮ ਕਰਨ ਵਾਲੀ ਕੰਗਣਾ ਰਣੌਤ ਜੋ ਪਿਛਲੇ ਦਿਨੀਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆਈ ਸੀ, ਨੇ ਸਿੱਖ ਗੁਰੂਆਂ ਨੂੰ 'ਹਿੰਦੂ' ਦਰਸਾ ਕੇ ਆਪਣੀ ਆਦਤ ਮੁਤਾਬਿਕ ਨਵਾਂ ਬਿਖੇੜਾ ਪੈਦਾ ਕਰ ਦਿੱਤਾ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਿਚ ਸ਼ਾਮਿਲ ਮਨੁੱਖੀ ਸਾਧਨ ਵਿਕਾਸ ਮਾਮਲਿਆਂ ਦੇ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਕਿ 'ਵਿਗਿਆਨੀ ਚਾਰਲਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਵਿਗਿਆਨਿਕ ਤੌਰ 'ਤੇ ਗਲਤ ਸੀ ਅਤੇ ਇਸ ਨੂੰ ਸਕੂਲ ਦੇ ਪਾਠ-ਕ੍ਰਮ ਵਿਚੋਂ ਕੱਢਣ ਦੀ ਲੋੜ ਹੈ।'ਉਨ੍ਹਾਂ ਅੱਗੇ ਕਿਹਾ ਕਿ 'ਸਾਡੇ ਪੂਰਵਜਾਂ ਨੇ ਕਿਤੇ ਨਹੀਂ ਕਿਹਾ ਕਿ ਉਨ੍ਹਾਂ ਨੇ ਬਾਂਦਰਾਂ ਤੋਂ ਮਨੁੱਖ ਬਣਦੇ ਵੇਖੇ ਹਨ।'
ਇਥੇ ਵਰਨਣਯੋਗ ਹੈ ਕਿ ਡਾਰਵਿਨ ਦਾ ਜੀਵ ਦੀ ਉਤਪਤੀ ਦਾ ਸਿਧਾਂਤ ਦੱਸਦਾ ਹੈ ਕਿ 'ਸਮੁੱਚੇ ਜੀਵਾਂ ਦੀਆਂ ਪ੍ਰਜਾਤੀਆਂ ਨੇ ਕੁਦਰਤੀ ਪ੍ਰਕਿਰਿਆ ਰਾਹੀਂ ਜੱਦੋਜਹਿਦ ਕਰਦਿਆਂ ਆਪਣੇ ਵੰਸ਼ ਨੂੰ ਅੱਗੇ ਵਧਾਇਆ ਹੈ।'
ਸੱਚ ਤਾਂ ਇਹ ਹੈ ਕਿ ਭਾਰਤ ਦੇ ਪੱਛੜੇਪਨ ਦਾ ਕਾਰਨ ਵੀ ਇਹ ਹੀ ਹੈ ਕਿ ਅਸੀਂ ਵਿਗਿਆਨ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ, ਅਸੀਂ ਇਤਿਹਾਸ ਵਿਚ ਨਹੀਂ ਬਲਕਿ ਮਿਥਿਹਾਸ ਵਿਚ ਵਿਸ਼ਵਾਸ ਨਹੀਂ ਅੰਧਵਿਸ਼ਵਾਸ ਰੱਖਦੇ ਹਾਂ। ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ 'ਧਰਮ ਨੇ ਸੱਭ ਕੁਝ ਜਾਣ ਲਿਆ ਹੈ, ਸਾਡੇ ਵੇਦ ਅਤੇ ਗ੍ਰੰਥ ਸੰਪੂਰਨ ਅਤੇ ਸਦੀਵੀ ਹਨ, ਇਨ੍ਹਾਂ ਵਿਚ ਜੋ ਲਿਖਿਆ ਗਿਆ ਹੈ, ਉਹ ਅਟੱਲ ਸੱਚ ਹੈ।' ਇਹ ਹੀ ਕਾਰਨ ਹੈ ਕਿ ਸਾਡੇ ਦੇਸ਼ ਵਿਚ ਵੇਦ - ਗ੍ਰੰਥਾਂ ਨੂੰ ਸੰਪੂਰਨ ਸੱਚ ਮੰਨ ਲਿਆ ਗਿਆ ਹੈ, ਇਸੇ ਭਰਮ ਕਰਕੇ ਇਥੋਂ ਦੇ ਲੋਕਾਂ ਵਿਚ ਖੋਜਾਂ ਕਰਨ ਲਈ 'ਖੋਜੀ ਬਿਰਤੀ' ਨਹੀਂ ਰਹੀ। ਅਸੀਂ ਡਾਕਟਰ, ਇੰਜੀਨੀਅਰ ਅਤੇ ਵਿਗਿਆਨੀ ਬਣਕੇ ਵੀ ਪੰਜਵੀਂ ਫੇਲ੍ਹ ਸਾਧ /ਬਾਬੇ ਕੋਲ ਜਾ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਜਾਂਦੇ ਹਾਂ। ਧਾਰਮਿਕ ਸਥਾਨਾਂ 'ਤੇ 10 ਰੁਪਏ ਦਾ ਮੱਥਾ ਟੇਕ ਕੇ ਅਮੀਰ ਅਤੇ ਯੱਗ ਕਰਕੇ ਮੀਂਹ ਪਵਾਉਣ ਬਾਰੇ ਸੋਚਦੇ ਹਾਂ। ਪੈਦਾ ਹੋ ਰਹੀਆਂ ਨਵੀਆਂ ਸਮੱਸਿਆਵਾਂ ਅਤੇ ਪ੍ਰਸ਼ਨਾਂ ਦੇ ਹੱਲ ਲਈ ਅਸੀਂ ਖੋਜ ਕਰਨ ਦੀ ਬਜਾਏ ਬਾਬਿਆਂ ਕੋਲ ਜਾਂਦੇ ਹਾਂ, ਪੁਰਾਤਨ ਗ੍ਰੰਥਾਂ ਨੂੰ ਫਰੋਲਦੇ ਹਾਂ। ਸਾਡੇ ਗ੍ਰੰਥ ਤਾਂ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣ , ਸ਼ੂਦਰਾਂ ਦੇ ਕੰਨਾਂ ਵਿਚ ਸਿੱਕੇ ਢਾਲ ਕੇ ਪਾਉਣ, ਸਤੀ ਪ੍ਰਥਾ ਨੂੰ ਚਲਾਉਣ ਅਤੇ ਜਾਤ-ਪਾਤ ਵਿਵਸਥਾ ਨੂੰ ਕਾਇਮ ਰੱਖਣ ਲਈ ਕਹਿੰਦੇ ਹਨ।
ਇਸ ਵੇਲੇ ਆਰ ਐਸ ਐਸ ਦੇਸ਼ ਵਿਚ ਸਿੱਖਾਂ, ਮੁਸਲਮਾਨਾਂ, ਬੋਧੀਆਂ, ਇਸਾਈਆਂ ਸਮੇਤ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਚਾਲਾਂ ਚੱਲਦੀ ਹੋਈ ਵਿੱਦਿਅਕ ਅਦਾਰਿਆਂ ਦੇ ਪਾਠ-ਕ੍ਰਮ ਵਿਚ ਵਿਗਿਆਨ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ 'ਹਿੰਦੂ ਗ੍ਰੰਥਾਂ' ਨੂੰ ਲਾਗੂ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ, ਜੋ ਭਾਰਤ ਦੇ ਹਿੱਤ ਵਿੱਚ ਨਹੀਂ ਹੋਵੇਗਾ। ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਸਾਡੇ ਅੰਦਰ ਨਵੀਆਂ ਖੋਜਾਂ ਕਰਨ ਦੀ ਜਿਗਿਆਸਾ ਖੁੰਢੀ ਹੋ ਚੁੱਕੀ ਹੈ। ਅਸੀਂ ਕੈਂਸਰ ਅਤੇ ਕੋਰੋਨਾ ਵਰਗੀਆਂ ਬੀਮਾਰੀਆਂ ਦਾ ਇਲਾਜ ਵੀ ਸਾਧਾਂ ਕੋਲ ਜਾ ਕੇ ਰਾਖ ਮੱਥੇ 'ਤੇ ਲਾ ਕੇ ਅਤੇ ਗੋਹਾ ਪਿੰਡੇ ਨੂੰ ਮਲਕੇ ਕਰਨਾ ਸੋਚਦੇ ਹਾਂ!
ਦੇਸ਼ ਦੇ ਹਿੰਦੂਤਵ ਨੂੰ ਵਿਗਿਆਨਕ ਸੋਚ ਅਧਾਰਿਤ ' ਸ੍ਰੀ ਗੁਰੂ ਗ੍ਰੰਥ ਸਾਹਿਬ ' ਦੀ ਵਿਚਾਰਧਾਰਾ ਮਾਫਕ ਨਹੀਂ ਹੈ ਅਤੇ ਨਾ ਹੀ 'ਬੋਧ-ਗ੍ਰੰਥ  ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਕਿਉਂਕਿ ਇਹ 'ਮਾਨਵਤਾ' ਦੀ ਗੱਲ ਕਰਦੇ ਹਨ ਅਤੇ ਦੋਵੇਂ ਗ੍ਰੰਥ ਵਿਗਿਆਨਿਕ ਵਿਚਾਰਧਾਰਾ ਅਧਾਰਿਤ ਹਨ। ਹਿੰਦੂਤਵ' ਦੇਸ਼ ਵਿਚ ਮੁੜ ਤੋਂ 'ਮਨੂਸਿਮ੍ਰਤੀ' ਨੂੰ ਲਾਗੂ ਕਰਨਾ ਚਾਹੁੰਦਾ ਹੈ ਜੋ, ਅਮਾਨਵਤਾ' ਦੇ ਅਧਾਰਿਤ ਹੈ। 
-ਸੁਖਦੇਵ ਸਲੇਮਪੁਰੀ
09780620233
7 ਜੂਨ, 2021.