ਸਿਆਸੀ ਸੀਰੀ ✍️. ਸਲੇਮਪੁਰੀ ਦੀ ਚੂੰਢੀ

1. ਸਿਆਸੀ ਸੀਰੀ
 ਪਿੰਡਾਂ ਵਿਚ ਜਿਮੀਂਦਾਰਾਂ ਵਲੋਂ ਖੇਤੀ ਦਾ ਧੰਦਾ ਕਰਵਾਉਣ ਲਈ 'ਸੀਰੀ' ਰੱਖੇ ਜਾਂਦੇ ਹਨ। ਸੀਰੀ ਆਮ ਤੌਰ 'ਤੇ ਮੱਜਬੀ ਜਾਂ ਰਵਿਦਾਸੀਆ ਵਰਗ ਨਾਲ ਕਾਮੇ ਹੁੰਦੇ ਹਨ। ਅਕਸਰ ਵੇਖਣ ਨੂੰ ਮਿਲਦਾ ਹੈ ਕਈ ਪਰਿਵਾਰ ਦਾ ਅਜਿਹੇ ਹਨ, ਜਿਹੜੇ ਪੀੜ੍ਹੀ ਦਰ ਪੀੜ੍ਹੀ ਸੀਰੀਪੁਣਾ ਕਰਦੇ ਆ ਰਹੇ ਹਨ। ਆਮ ਤੌਰ 'ਤੇ ਜਿਮੀਦਾਰ ਉਨ੍ਹਾਂ ਨੂੰ ਆਪਣੀ ਚੁੰਗਲ ਵਿੱਚੋਂ ਨਿਕਲਣ ਨਹੀਂ ਦਿੰਦੇ। ਸੀਰੀ ਦੇ ਘਰ ਜਦੋਂ ਵਿਆਹ ਸ਼ਾਦੀ ਹੁੰਦਾ ਹੈ ਤਾਂ ਜਿਮੀਂਦਾਰ ਕਰਜੇ ਦੇ ਰੂਪ ਵਿਚ ਉਸਨੂੰ ਪੈਸੇ ਦਿੰਦਾ ਹੈ, ਫਿਰ ਅੱਗਿਉਂ ਜਦੋਂ ਜਣੇਪਾ ਹੁੰਦਾ ਹੈ, ਫਿਰ ਡਾਕਟਰ ਨੂੰ ਪੈਸੇ ਦੇਣ ਲਈ ਸੀਰੀ ਨੂੰ ਕਰਜਾ ਚੁੱਕਣਾ ਪੈਂਦਾ ਹੈ। ਇਸ ਤਰ੍ਹਾਂ ਸੀਰੀ ਸਾਰੀ ਉਮਰ ਕਰਜੇ ਹੇਠ ਜਿੰਦਗੀ ਕੱਟਣ ਲਈ ਮਜਬੂਰ ਹੋਇਆ ਰਹਿੰਦਾ ਹੈ। ਬਿਮਾਰੀ ਦੀ ਸੂਰਤ ਵਿਚ ਜਾਂ ਕਿਸੇ ਦੀ ਮੌਤ ਹੋਣ ਰਸਮਾਂ ਪੂਰੀਆਂ ਕਰਨ ਲਈ ਸੀਰੀ ਕਰਜਾ ਚੁੱਕਦੇ ਹਨ। ਕਰਜਾ ਉਤਾਰਨ ਲਈ ਅੱਗਿਉਂ ਸੀਰੀ ਦੇ ਬੱਚੇ ਵੀ ਸੀਰੀਪੁਣਾ ਵਿਚ ਲੱਗ ਜਾਂਦੇ ਹਨ। ਕਈ ਵਾਰ ਜਦੋਂ ਪਿੰਡਾਂ ਵਿਚ ਅਨੂਸੂਚਿਤ ਜਾਤੀ ਨਾਲ ਸਬੰਧਿਤ ਸਰਪੰਚ / ਪੰਚ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਜਿਮੀਂਦਾਰ ਆਪਣੇ ਸੀਰੀ ਨੂੰ ਸਰਪੰਚ /ਪੰਚ ਬਣਾਉਣ ਲਈ ਲਈ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਖੇਤ ਕਾਮੇ ਤੋਂ ਸੀਰੀ 'ਸਿਆਸੀ ਸੀਰੀ' ਬਣ ਜਾਂਦਾ ਹੈ। ਸੀਰੀ ' ਸਰਪੰਚ' ਬਣਕੇ ਵੀ ਜਿਮੀਂਦਾਰ ਦੇ ਬਰਾਬਰ ਨਹੀਂ ਬੈਠ ਸਕਦਾ। ਪਿੰਡ ਵਿਚ ਜਦੋਂ ਕੋਈ ਲੜਾਈ / ਝਗੜਾ ਹੁੰਦਾ ਹੈ, ਤਾਂ ਸੀਰੀ ਸਰਪੰਚ ਆਪਣੇ ਜਿਮੀਂਦਾਰ ਤੋਂ ਇੱਕ ਇੰਚ ਬਾਹਰ ਜਾ ਕੇ ਵੀ ਆਪਣਾ ਫੈਸਲਾ ਨਹੀਂ ਸੁਣਾ ਸਕਦਾ, ਕਿਉਂਕਿ ਜਿਮੀਂਦਾਰ ਵਲੋਂ ਉਸ ਦੀ ਜਮੀਰ ਖਤਮ ਕਰ ਦਿੱਤੀ ਗਈ ਹੁੰਦੀ ਹੈ। ਇਹ ਹੀ ਹਾਲ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਅਨੂਸੂਚਿਤ ਜਾਤੀਆਂ 'ਚੋਂ ਬਣੇ ਵੱਡੀ ਗਿਣਤੀ ਵਿਧਾਇਕਾਂ / ਮੈਂਬਰ ਲੋਕ ਸਭਾ / ਮੈਂਬਰ ਰਾਜ ਸਭਾ ਅਤੇ ਕੈਬਨਿਟ ਮੰਤਰੀ / ਰਾਜ ਮੰਤਰੀਆਂ ਦਾ ਹੈ, ਜਿਹੜੇ ਆਪਣੇ ਜਮੀਰ ਨੂੰ ਮਾਰਕੇ ਆਪੋ ਆਪਣੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ 'ਸਿਆਸੀ ਸੀਰੀ' ਹਨ। ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਅਨੁਸੂਚਿਤ ਜਾਤੀਆਂ ਵਿਚੋਂ ਮੁੱਖ ਮੰਤਰੀ / ਉਪ ਮੁੱਖ ਮੰਤਰੀ ਬਣਾਉਣ ਲਈ ਨਵੇਂ ਪੈਂਤੜੇ ਖੇਡੇ ਜਾ ਰਹੇ ਹਨ। ਭਲਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਕਿ ਜਿਸ ਦੇਸ਼ ਵਿੱਚ ਰਾਸ਼ਟਰਪਤੀ ਅਨੂਸੂਚਿਤ ਦਾ ਹੋ ਕੇ 'ਸਿਆਸੀ ਸੀਰੀ' ਬਣਕੇ ਦਿਨ ਕਟੀ ਕਰ ਰਿਹਾ ਹੋਵੇ, ਉਸ ਦੇਸ਼ ਦੇ ਸੂਬਿਆਂ ਦੇ ਉਪ ਮੁੱਖ ਮੰਤਰੀ ਬਣਕੇ ਕੀ ਰੰਗ ਲਿਆਉਗੇ? 'ਸਿਆਸੀ ਸੀਰੀ' ਦਲਿਤ ਸਮਾਜ ਦੇ ਲੋਕਾਂ ਦੀ ਅਵਾਜ ਬਣਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। 
ਪੰਜਾਬ ਵਿੱਚ ਇਸ ਵੇਲੇ ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਲਗਭਗ 38 ਫੀਸਦੀ ਲੋਕਾਂ ਦੀ ਅਬਾਦੀ ਹੈ ਅਤੇ ਇਸ ਅਬਾਦੀ ਵਿੱਚ 24 ਫੀਸਦੀ ਅਬਾਦੀ ਮਜਬੀ ਸਿੱਖਾਂ / ਵਾਲਮੀਕੀਆਂ ਦੀ ਹੈ ਜਦਕਿ ਬਾਕੀ ਦੀ ਅਬਾਦੀ ਰਵਿਦਾਸੀਆ/ ਚਮਾਰ ਵਰਗ ਅਤੇ ਕੁਝ ਹੋਰ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕਾਂ ਦੀ ਹੈ। ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਇਸ ਵੇਲੇ ਸੱਭ ਤੋਂ ਵੱਧ ਤਰਸਯੋਗ ਹਾਲਤ ਮੱਜਬੀਆਂ/ ਵਾਲਮੀਕੀਆਂ ਦੀ ਬਣੀ ਹੋਈ ਹੈ। ਉਨ੍ਹਾਂ ਦੇ ਹੱਥਾਂ ਵਿਚ ਅੱਜ ਵੀ ਝਾੜੂ ਹਨ, ਉਹ ਅੱਜ ਵੀ ਸੀਰੀ ਰਲਣ ਲਈ ਮਜਬੂਰ ਹਨ।
ਅਨੂਸੂਚਿਤ ਜਾਤੀਆਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 'ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ' ਦੁਆਰਾ ਸੰਵਿਧਾਨ ਵਿੱਚ ਦਰਜ ਵਿਧਾਨ ਪਾਲਿਕਾ ਵਿੱਚ 'ਰਾਖਵਾਂਕਰਨ' ਬੰਦ ਹੋ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਤੱਕ ਰਾਖਵਾਂਕਰਨ ਦਾ ਲਾਭ ਲੈ ਕੇ ਜਿਨ੍ਹੇ ਵੀ ਵਿਧਾਇਕ / ਮੈਂਬਰ ਲੋਕ ਸਭਾ / ਰਾਜ ਸਭਾ /ਮੰਤਰੀ ਬਣੇ ਹਨ, ਸਿਰਫ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋਇਆ, ਬਾਕੀ ਸਮਾਜ ਜਿਥੇ ਖੜ੍ਹਾ ਹੈ, ਉਥੇ ਖੜ੍ਹਾ ਹੈ। ਪੰਜਾਬ ਵਿਚ ਇਥੋਂ ਦੇ ਸਦਾ ਰਾਜ ਸੱਤਾ 'ਤੇ ਕਾਬਜ ਰਹੇ 'ਜੱਟ' ਨੇ ਇਥੋਂ ਦੇ ਦਲਿਤ ਵਰਗ ਨੂੰ ਦਬਾ ਕੇ ਰੱਖਿਆ ਹੋਇਆ ਹੈ, ਜੋ ਹਾਲੇ ਵੀ ਜਾਰੀ ਹੈ, ਪਰ 'ਜੱਟ ਅਤੇ ਸੀਰੀ' ਦਾ ਰਿਸ਼ਤਾ 'ਨਹੁੰ ਅਤੇ ਮਾਸ ਵਾਲਾ ਰਿਸ਼ਤਾ' ਹੈ, ਨੇ ਸੀਰੀ ਦੀ ਜਮੀਰ ਨੂੰ ਮਾਰ ਕੇ ਰੱਖ ਦਿੱਤਾ ਹੈ।'ਸਿਆਸੀ ਸੀਰੀ'  ਦਲਿਤਾਂ ਦੀ ਜਿੰਦਗੀ ਵਿੱਚ ਕੋਈ ਵੀ ਬਦਲਾਅ ਲਿਆਉਣ ਲਈ ਸੁਸਰੀ ਵਾਂਗੂੰ ਗੂੜ੍ਹੀ ਨੀਂਦ ਸੁੱਤੇ ਪਏ ਹਨ।
-ਸੁਖਦੇਵ ਸਲੇਮਪੁਰੀ
09780620233
28 ਮਈ, 2021