ਬ੍ਰਮਿੰਘਮ ਦੇ ਇਲਾਕੇ ਸਟੋਰਬਿ੍ਜ਼ ਦੀ ਗਿਆਨ ਕੌਰ ਭੰਡਾਲ ਦੇ ਕਤਲ ਦੋਸ਼ 'ਚ ਪਤੀ ਗਿ੍ਫ਼ਤਾਰ

ਲਮਿੰਗਟਨ ਸਪਾ/ਬ੍ਰਮਿੰਘਮ,ਫ਼ਰਵਰੀ 2020-(ਰਵਿਦਾਰਪਾਲ ਸਿੰਘ)- 

ਬੀਤੀ 23 ਜਨਵਰੀ ਨੂੰ ਬ੍ਰਮਿੰਘਮ ਦੇ ਇਲਾਕੇ ਸਟੋਰਬਿ੍ਜ਼ ਦੀ ਟ੍ਰੈਹਰਨਸ ਡਰਾਈਵ 'ਤੇ ਰਹਿਣ ਵਾਲੀ 82 ਸਾਲਾ ਗਿਆਨ ਕੌਰ ਭੰਡਾਲ ਦੀ ਲਾਸ਼ ਮਿਲੀ ਸੀ, ਜਿਸ ਦੇ ਕਤਲ ਦੇ ਸ਼ੱਕ ਹੇਠ ਉਸ ਦੇ ਪਤੀ ਪਰਗਣ ਸਿੰਘ ਭੰਡਾਲ (82) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨੇ ਕਤਲ ਤੋਂ ਇਨਕਾਰ ਕੀਤਾ ਹੈ | ਉਸ ਨੂੰ ਲਮਿੰਗਟਨ ਸਪਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਫੌਹੜੀਆਂ ਦੇ ਆਸਰੇ ਅਦਾਲਤ 'ਚ ਪੇਸ਼ ਹੋਏ ਪਰਗਣ ਸਿੰਘ ਭੰਡਾਲ ਨੂੰ ਦੁਭਾਸ਼ੀਏ ਦੀ ਮਦਦ ਨਾਲ ਨਾਂਅ ਅਤੇ ਜਨਮ ਤਰੀਕ ਪੁੱਛੀ ਗਈ | ਇਸਤਗਾਸਾ ਧਿਰ ਦੇ ਵਕੀਲ ਬਲਦੇਵ ਸਿੰਘ ਅਟਵਾਲ ਨੇ ਅਦਾਲਤ ਨੂੰ ਦੱਸਿਆ ਕਿ 23 ਜਨਵਰੀ ਨੂੰ ਸਵੇਰੇ 11:13 ਵਜੇ ਵੈਸਟ ਮਿਡਲੈਂਡ ਐਬੂਲੈਂਸ ਸਰਵਿਸ ਨੂੰ ਭੰਡਾਲ ਦੇ ਬੇਟੇ ਨੇ ਲਾਸ਼ ਬਾਰੇ ਸੂਚਿਤ ਕੀਤਾ ਸੀ | ਡਾਕਟਰੀ ਜਾਂਚ 'ਚ ਸਾਹਮਣੇ ਆਇਆ ਕਿ ਗਿਆਨ ਕੌਰ ਦੇ ਸਰੀਰ 'ਤੇ ਸੱਟਾਂ ਲੱਗੀਆਂ ਹੋਈਆਂ ਸਨ, ਬਾਂਹ ਟੁੱਟੀ ਸੀ ਅਤੇ ਵੱਖੀਆਂ ਵੀ ਜ਼ਖ਼ਮੀ ਸਨ | ਪੁਲਿਸ ਨੇ ਪਰਗਣ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ, ਜਿਸ ਦੀ ਅਗਲੀ ਸੁਣਵਾਈ ਵਾਰਿਕ ਕਰਾਊਨ ਕੋਰਟ 'ਚ ਹੋਵੇਗੀ |