ਦਹਿਲੀਜ਼
ਕਿਸੇ ਦਾ ਵੀ ਦਿਲ ਦੀ ਦਹਿਲੀਜ਼ ਦੇ ਪੱਧਰ ਤੱਕ ਉੱਤਰ ਜਾਣਾ ਆਪਣੇ ਆਪ ਵਿੱਚ ਇੱਕ ਵਡਮੁੱਲੀ ਦਾਤ ਹੈ। ਕਿਤੇ ਨਾ ਕਿਤੇ ਤੁਹਾਡੇ ਵਿਚਾਰ ਜਦੋਂ ਦੂਸਰੇ ਵਿਅਕਤੀ ਦੇ ਵਿਚਾਰਾਂ ਨਾਲ਼ ਮੇਲ ਖਾਂਦੇ ਹਨ ਤਾਂ ਦਿਲ ਦੀ ਦਹਿਲੀਜ਼ ਤੇ ਦਸਤਕ ਹੋਣਾ ਸੁਭਾਵਿਕ ਹੋ ਜਾਂਦਾ ਹੈ। ਤੁਹਾਡੀ ਮਹੀਨਾਵਾਰ ਜਾਂ ਸਾਲਾਨਾ ਕਮਾਈ ਕਿੰਨੀ ਵੀ ਹੋਵੇ ਜਿਆਦਾ ਮਾਇਨੇ ਨਹੀਂ ਰੱਖਦੀ ਹੈ। ਹਾਂ, ਪੈਸਾ ਬਲਵਾਨ ਹੈ, ਲੋੜ ਮੁਤਾਬਿਕ ਮਾਇਆ ਹੋਣੀ ਵੀ ਚਾਹੀਦੀ ਹੈ, ਤਾਂ ਜ਼ੋ ਲੋੜੀਂਦੀਆਂ ਜ਼ਰੂਰੀ ਵਸਤਾਂ ਖ਼ਰੀਦੀਆਂ ਜਾ ਸਕਣ। ਸਾਲਾਨਾ ਵੇਤਨ ਚ ਵਾਧਾ ਜਾਂ ਤਰੱਕੀ ਕਿਤੇ ਨਾ ਕਿਤੇ ਮਨ ਨੂੰ ਖੁਸ਼ੀ ਦਿੰਦਾ ਹੈ। ਖੁਸ਼ੀ ਹੋਣੀ ਵੀ ਚਾਹੀਦੀ ਹੈ। ਪਰ ਇਸ ਤਰੱਕੀ ਦੇ ਦੌਰ ਵਿੱਚ ਜੋ ਅਹਿਮ ਗੱਲ ਦੇਖਣ ਚ ਆਉਂਦੀ ਹੈ ਕਿ ਜਿਵੇਂ ਹੀ ਕੋਈ ਤਰੱਕੀ ਦਾ ਰਾਹ ਫੜ ਲੈਂਦਾ ਹੈ ਤਾਂ ਅਕਸਰ ਹੀ ਇਨਸਾਨ ਦੀ ਧੌਣ ਦੀ ਹੱਡੀ ਚ ਬਲ ਵਧ ਜਾਂਦਾ ਹੈ ਅਰਥਾਤ ਹਉਮੈ ਵਧ ਜਾਂਦੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨਾਂ ਦੋਸਤਾਂ, ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਹੁਣ ਤੱਕ ਰਹਿ ਕੇ ਓਹਨਾਂ ਤੋਂ ਕੁਝ ਸਿੱਖ ਕੇ ਅੱਗੇ ਵਧੇ ਹਾਂ, ਜੇਕਰ ਤਰੱਕੀ ਹੋਣ ਤੋਂ ਬਾਅਦ ਇਹ ਸਭ ਰਿਸ਼ਤੇ ਨਾਤੇ ਪਹਿਲਾਂ ਵਰਗੇ ਨਹੀਂ ਹਨ ਤਾਂ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਇਹ ਤਰੱਕੀ ਨਾਲ ਕਿੰਨੇ ਕੁ ਨਵੇਂ ਰਾਹ ਨਿਕਲਣ ਦੀ ਉਮੀਦ ਹੈ। ਜੇਕਰ ਇਹ ਸਭ ਦਾ ਇੱਕ ਗ੍ਰਾਫ ਤਿਆਰ ਕੀਤਾ ਜਾਵੇ, ਜਿਸ ਵਿਚ ਤੁਹਾਡੀ ਤਰੱਕੀ ਅਤੇ ਰਿਸ਼ਤੇ ਨਾਤਿਆਂ ਦੇ ਪੈਰਾਮੀਟਰ ਤੈਅ ਕੀਤੇ ਜਾਣ, ਉਦਾਹਰਨ ਦੇ ਤੌਰ ਤੇ ਜੇਕਰ ਮੇਲ ਜੋਲ/ ਰਿਸ਼ਤੇ ਨਾਤਿਆਂ ਵਾਲਾ ਗ੍ਰਾਫ ਡਿਗਦਾ ਜਾ ਰਿਹਾ ਹੈ, ਤਾਂ ਉਹ ਸਮਾਂ ਆਉਣਾ ਦੂਰ ਨਹੀਂ ਜਦੋਂ ਇਕੱਲਾਪਨ ਅੰਦਰੋ ਅੰਦਰੀ ਘੁਣ ਵਾਂਗ ਖਾਣ ਲੱਗ ਜਾਵੇਗਾ। ਤੁਹਾਡੇ ਦੁਆਰਾ ਬੋਲੇ ਗਏ ਬੋਲ ਸੁਣਨ ਵਾਲੇ ਦੇ ਦਿਲ ਚ ਘਰ ਕਰਨ ਵਾਲੇ ਹੋਣੇ ਚਾਹੀਦੇ ਹਨ, ਨਾਂ ਕਿ ਤੁਹਾਡੇ ਬੋਲਾਂ ਚ ਹਉਮੈ ਦੀ ਬਦਬੋ ਆਉਂਦੀ ਹੋਵੇ। ਬੁੱਲ੍ਹੇ ਸ਼ਾਹ ਜੀ ਬੋਲਣ ਬਾਰੇ ਲਿਖਦੇ ਹਨ ਕਿ
“ ਬੁੱਲ੍ਹਿਆ, ਮੰਦਿਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁੱਝ ਢਹਿੰਦਾ,
ਇੱਕ ਕਿਸੇ ਦਾ ਦਿਲ ਨਾ ਢਾਹਵੀਂ, ਰੱਬ ਦਿਲਾਂ ਵਿਚ ਰਹਿੰਦਾ।“
ਹੁਣ ਅਸੀਂ ਇਸ ਤੋਂ ਇਹ ਭਾਵ ਨਹੀਂ ਕੱਢਣਾ ਕਿ ਧਾਰਮਿਕ ਅਸਥਾਨ ਠੀਕ ਨਹੀਂ ਹਨ। ਸਭ ਧਰਮ ਅਤੇ ਧਾਰਮਿਕ ਅਸਥਾਨ ਸਨਮਾਨ ਯੋਗ ਹਨ। ਇੱਥੇ ਬੁੱਲ੍ਹੇ ਸ਼ਾਹ ਜੀ ਦਿਲ ਦੀ ਅਵਸਥਾ ਦੀ ਗੱਲ ਕਰਦੇ ਹਨ ਕਿ ਤੁਹਾਡੇ ਬੋਲ ਇੰਨੇ ਸ਼ਕਤੀਸ਼ਾਲੀ ਹਨ ਕਿ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਅਗਲੇ ਇਨਸਾਨ ਤੇ ਕਿਸ ਤਰ੍ਹਾਂ ਅਸਰ ਕਰ ਸਕਦੇ ਹਨ। ਸੋ, ਕੋਸ਼ਿਸ਼ ਕਰੀਏ ਕਿ ਰਲ ਮਿਲ ਕੇ ਪਿਆਰ ਨਾਲ ਰਹੀਏ। ਜਿਹੜੇ ਤੁਹਾਡੇ ਆਪਣੇ ਨੇ ਉਹਨਾਂ ਨੂੰ ਵੀ ਅਹਿਸਾਸ ਰਹੇ ਕਿ ਸਾਡਾ ਕੋਈ ਆਪਣਾ ਵੀ ਹੈ, ਜੋ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਗੱਲ ਨੂੰ ਸਮਝਦਾ ਹੈ। ਨਿਰਸਵਾਰਥ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਰਹੋ, ਚੰਗਾ ਪਰੋਸਦੇ ਰਹੋ ਤੇ ਆਨੰਦ ਮਾਣਦੇ ਰਹੋ। ਫਿਰ ਦੇਖੋ ਕਿ ਕਿਵੇਂ ਉਹ ਕਾਦਰ ਦੀ ਕੁਦਰਤ ਤੁਹਾਡੇ ਲਈ ਵੀ ਅਨੇਕਾਂ ਰਾਹ ਖੋਲਦੀ ਰਹੇਗੀ।
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413