ਭਾਰਤੀ ਮੂਲ ਦੇ ਸਭ ਤੋਂ ਲੰਬੇ ਸਮੇਂ ਦੇ ਸੰਸਦ ਮੈਂਬਰ ਕੀਥ ਵਾਜ਼ 6 ਮਹੀਨੇ ਲਈ ਮੁਅੱਤਲ

ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-  ਬਰਤਾਨਵੀ ਸੰਸਦ ਨੇ ਭਾਰਤੀ ਮੂਲ ਦੇ ਸੰਸਦ ਮੈਂਬਰ ਕੀਥ ਵਾਜ਼ ਨੂੰ 6 ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ | ਸੰਸਦ ਦੀ ਸਟੈਂਡਰਡ ਕਮੇਟੀ ਵਲੋਂ ਮਰਦ ਯੌਨ ਕਰਮਚਾਰੀਆਂ ਲਈ ਕੋਕੀਨ ਖਰੀਦਣ ਲਈ ਪੇਸ਼ਕਸ਼ ਕਰਨ ਦੇ ਦੋਸ਼ਾਂ ਬਾਰੇ ਕੀਥ ਵਾਜ਼ ਿਖ਼ਲਾਫ਼ ਜਾਂਚ ਕੀਤੀ ਗਈ ਸੀ | ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ ਕੀਥ ਵਾਜ਼ ਨੇ ਜਾਂਚ ਦੌਰਾਨ ਸਹਿਯੋਗ ਨਹੀਂ ਦਿੱਤਾ | ਰਿਪੋਰਟ ਵਿਚ ਕੋਕੀਨ ਖਰੀਦਣ ਦੀ ਪੇਸ਼ਕਸ਼ ਲਈ ਵਾਜ਼ ਨੂੰ ਦੋਸ਼ੀ ਪਾਇਆ ਗਿਆ ਸੀ, ਜਿਸ ਲਈ ਕਮੇਟੀ ਵਲੋਂ 6 ਮਹੀਨੇ ਲਈ ਸੰਸਦ ਤੋਂ ਮੁਅੱਤਲ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ, ਜਿਸ ਨੂੰ ਹੁਣ ਸੰਸਦ ਮੈਂਬਰਾਂ ਨੇ ਵੋਟਾਂ ਪਾ ਕੇ ਮਨਜ਼ੂਰੀ ਦਿੰਦਿਆਂ ਉਕਤ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ | 62 ਸਾਲਾ ਲੇਬਰ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਕੀਥ ਵਾਜ਼ ਭਾਰਤੀ ਮੂਲ ਦੇ ਸਭ ਤੋਂ ਲੰਮੇਂ ਸਮੇਂ ਤੱਕ ਬਤੌਰ ਸੰਸਦ ਮੈਂਬਰ ਸੇਵਾਵਾਂ ਦੇਣ ਵਾਲੇ ਭਾਰਤੀ ਹਨ | ਸਟੈਂਡਰਡ ਕਮੇਟੀ ਦੀ ਚੇਅਰਪਰਸਨ ਕੇਟ ਗਰੀਨ ਨੇ ਕਿਹਾ ਹੈ ਕਿ ਉਨ੍ਹਾਂ ਹਾਊਸ ਦੇ ਆਗੂ ਨੂੰ ਲਿਖਤੀ ਰੂਪ ਵਿਚ ਕਿਹਾ ਹੈ ਕਿ ਜੇ ਵਾਜ਼ ਦੁਬਾਰਾ ਸੰਸਦ ਮੈਂਬਰ ਚੁਣੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮੁੜ ਮੁਅੱਤਲ ਕਰਕੇ 6 ਮਹੀਨੇ ਦੀ ਸਜ਼ਾ ਪੂਰੀ ਕੀਤੀ ਜਾਵੇ | ਇਸ ਦਾ ਮਤਲਬ ਹੈ ਕਿ 12 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਜੇ ਕੀਥ ਵਾਜ਼ ਮੁੜ ਸੰਸਦ ਮੈਂਬਰ ਬਣਦੇ ਹਨ, ਤਾਂ ਵੀ ਮੁਸੀਬਤਾਂ ਉਨ੍ਹਾਂ ਦਾ ਪਿੱਛਾ ਨਹੀਂ ਛੱਡਣਗੀਆਂ | ਜ਼ਿਕਰਯੋਗ ਹੈ ਕਿ ਕੀਥ ਵਾਜ਼ 1987 ਤੋਂ ਲੈਸਟਰ ਈਸਟ ਤੋਂ ਸੰਸਦ ਮੈਂਬਰ ਚੱਲੇ ਆ ਰਹੇ ਹਨ |