ਸ਼੍ਰੀ ਅਨੰਦਪੁਰ ਸਾਹਿਬ ਮਤੇ ਦੇ ਬਾਨੀ 21ਵੀਂ ਸਦੀ ਦੇ ਲੋਹ ਪੁਰਸ਼-ਪ੍ਰਿਤਪਾਲ ਸਿਵੀਆ

ਟਕਸਾਲੀ ਅਕਾਲੀ ਯੁੱਗ ਦੇ ਆਖਰੀ ਚਿਰਾਗ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਯਾਦ ਕਰਦਿਆ....

ਦੇਸ਼ ਦੀ ਆਜਾਦੀ ਤੋਂ ਬਾਅਦ ਹਿਦੋਸਤਾਨ ਦੇ ਹਾਕਮਾਂ ਵਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਪੰਜਾਬ ਭਰ 'ਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਸੀ। ਸਿੱਖ ਲੀਡਰਾਂ ਦੇ ਹਾਸ਼ੀਏ 'ਚ ਚਲੇ ਜਾਣ ਤੋ ਬਾਅਦ ਦਿੱਲੀ ਦੀ ਹਕੂਮਤ ਨੇ ਦੇਸ਼ ਭਰ 'ਚ ਭਾਸ਼ਾ ਦੇ ਅਧਾਰਤ ਸੂਬਿਆਂ ਦੀ ਨਵੀ ਹੱਦਬੰਦੀ ਕੀਤੀ। ਪਰ ਪੰਜਾਬ ਵਾਰੀ ਮੀਗਣਾਂ ਪਾ ਕੇ ਲੰਗੜੇ ਸੂਬੇ ਦੀ ਮੰਗ ਮੰਨੀ। ਸਿੱਖ ਕੌਮ ਅੰਦਰ ਫੈਲੀ ਇਸ ਬੇਗਾਨੇਪੁਣੇ ਦੀ ਭਾਵਨਾ ਦੀ ਤਰਜਮਾਨੀ ਕਰਦਾ ਮਤਾ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰਕੇ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰ  ਰਹਿੰਦੀ ਦੁਨੀਆਂ ਤੱਕ ਆਪਣਾ ਨਾਮ ਅਮਰ ਕਰ ਗਿਆ। ਉਨ੍ਹਾਂ ਸਾਰੀ ਉਮਰ ਘਰ ਭਰਨ ਦੀ ਥਾਂ ਪੰਥ ਦੀ ਚੜਦੀ ਕਲਾ, ਖਾਲਸੇ ਦੇ ਬੋਲਬਾਲੇ ਦੇ ਸਿਧਾਂਤ ਤੇ ਪਹਿਰਾ ਦਿੱਤਾ।  ਭਾਵੇਂ ਅੱਜ ਸਿੱਖ ਕੌਮ ਦਾ ਅਣਮੋਲ ਹੀਰਾ ਸਰੀਰ ਕਰ ਕੇ ਇਸ ਦੁਨੀਆਂ ਤੋਂ ਸਾਡੇ ਕੋਲ ਨਹੀਂ ਹੈ ਪਰ ਉਨ੍ਹਾਂ ਵਲੋਂ ਪੰਥਪ੍ਰਸਤੀ ਦੀ ਪਾਈਆਂ ਲੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਤਿਕਾਰ ਨਾਲ ਯਾਦ ਕੀਤਾ ਅਤੇ ਮਾਣ ਨਾਲ ਪੜ੍ਹਿਆ ਜਾਵੇਗਾ।

                 ਪੰਥ ਦੇ ਇਸ ਅਣਮੋਲ ਹੀਰੇ ਦਾ ਜਨਮ ਸਿੱਖ ਘੋਲਾਂ ਦੇ ਯੋਧੇ ਜੱਥੇਦਾਰ ਛਾਂਗਾ ਸਿੰਘ ਦੇ ਘਰ ਮਾਤਾ ਜਸਮੇਲ ਕੌਰ ਦੀ ਕੁੱਖੋਂ 1929 'ਚ ਪਿੰਡ ਚੱਕ ਜਿਲ੍ਹਾ ਲਾਇਲਪੁਰ ਪਾਕਿਸਤਾਨ 'ਚ ਹੋਇਆ। ਉਨ੍ਹਾਂ ਪੰਥਪ੍ਰਸਤ ਟਕਸਾਲੀ ਅਕਾਲੀ ਬਰਨਾਲਾ ਸਰਕਾਰ ਦੇ ਰਾਜ ਮੰਤਰੀ ਜਥੇਦਾਰ ਦਲੀਪ ਸਿੰਘ ਤਲਵੰਡੀ ਕਲਾਂ (ਲੁਧਿ:) ਦੀ ਸੰਗਤ 'ਚ ਸੁਰੂ ਕੀਤੇ ਆਪਣੇ ਰਾਜਨੀਤਿਕ ਸਫਰ ਦੋਰਾਨ 10 ਸਾਲ ਪਿੰਡ ਦੀ ਸਰਪੰਚੀ, 50 ਸਾਲ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਦੇ ਨਾਲ ਨਾਲ 1967 'ਚ ਰਾਏਕੋਟ ਤੋ ਵਿਧਾਇਕੀ ਅਤੇ 1980 'ਚ ਐਮ ਪੀ ਤੱਕ ਦਾ ਅਜਿੱਤ ਸਫਰ ਬੜੀ ਸ਼ਾਨ ਨਾਲ ਮੁਕੰਮਲ ਕੀਤਾ। 1970 ਦੀ ਬਾਦਲ ਸਰਕਾਰ 'ਚ ਆਪ ਨੂੰ ਕੈਬਨਿਟ ਮੰਤਰੀ ਦੇ ਪਦ ਦਾ ਮਾਣ ਬਖਸ਼ਿਆ। ਨਿਵਾਣਾ ਵੱਲ ਜਾ ਰਹੀ ਸਿੱਖ ਕੌਮ ਲਈ 1978 'ਚ ਜੱਥੇਦਾਰ ਤਲਵੰਡੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣਾ ਚੜਦੀ ਕਲਾ ਲੈ ਕੇ ਆਇਆ ਉਨ੍ਹਾਂ ਨੇ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰ, ਲਾਗੂ ਕਰਾਉਣ ਲਈ ਮੋਰਚਾ ਲਾ ਕੇਂਦਰ ਦੀ ਹੰਕਾਰੀ ਕਾਂਗਰਸ ਸਰਕਾਰ ਦੀ ਚੂਲਾ ਹਿਲਣ ਲਾ ਦਿੱਤੀਆਂ। ਸੰਨ 2000 'ਚ ਆਪ ਦਾ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਚੁਣੇ ਜਾਣਾ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਾਪਤੀਆਂ ਲਈ ਲਈ ਹਮੇਸ਼ਾਂ ਸੁਨਿਹਰੀ ਯੁੱਗ ਵਜੋਂ ਯਾਦ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਪਤਿੱਤਪੁਣੇ 'ਚ ਮਲੀਨ ਹੋ ਰਹੀ ਕੌਮ ਨੂੰ ਮੁੜ ਧਰਮ ਦੀ ਲੀਹਾਂ 'ਤੇ ਪਾ  ਬੁਲੰਦੀਆਂ ਤੇ ਪਹੁੰਚਾਇਆ।ਭਾਂਵੇਂ ਸਰੀਰ ਕਰਕੇ 19 ਸਤੰਬਰ 2014  ਨੂੰ ਸਿੱਖ ਕੌਮ ਦਾ ਅਨਮੋਲ ਹੀਰਾ ਆਪਣੇ ਸੁਆਸਾਂ ਦੀ ਪੂੰਜੀ ਸਮੇਟ ਉਸ ਅਕਾਲ ਪੁਰਖ ਦੀ ਨਿੱਘੀ ਗੋਦ 'ਚ ਜਾ ਵਿਰਾਜਿਆ। ਪਰ ਉਨ੍ਹਾਂ ਵਲੋਂ ਪਾਏ ਪੂਰਨਿਆਂ ਤੇ ਅੱਜ ਵੀ ਹਰ ਪੰਥ ਪ੍ਰਸਤ ਸਿੱਖ ਚੱਲਣਾ ਮਾਣ ਸਮਝੇਗਾ।

 ਜਰਨਲਿਸਟ ਪ੍ਰਿਤਪਾਲ ਸਿੰਘ ਸਿਵੀਆ