ਕੋਵੀਸ਼ੀਲਡ ਵੈਕਸੀਨ ਇੰਸਟੀਚਿਊਟ ਦਾ ਨਿਰਮਾਤਾ ਫੁਰਰ ✍️  ਸਲੇਮਪੁਰੀ ਦੀ ਚੂੰਢੀ

ਭਾਰਤ 'ਚ ਕੋਵਿਡ-19 ਤੋਂ ਅਗਾਉਂ ਬਚਾਅ ਲਈ ਲਗਾਈ ਜਾ ਰਹੀ  ਕੋਵਿਸ਼ੀਲ਼ਡ ਵੈਕਸੀਨ ਦੀ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਪਿਆਰਾ ਭਾਰਤ ਵਤਨ ਛੱਡ ਕੇ ਠੰਢੇ ਅਤੇ ਅਮੀਰ ਦੇਸ਼ ਬਰਤਾਨੀਆ 'ਚ ਉਡਾਰੀ ਮਾਰ ਗਿਆ ਹੈ। ਭਾਰਤੀ ਸਿਸਟਮ ਨੂੰ ਰੱਜ ਰੱਜ ਕੇ ਪਿਆਰ ਕਰਨ ਵਾਲੇ ਪੂਨਾਵਾਲਾ ਨੇ ਲੰਡਨ ਦੇ ਮਸ਼ਹੂਰ ਅਖਬਾਰ 'ਦਾ ਟਾਈਮਜ਼' ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਉਸ ਦੀ ਜਾਨ ਨੂੰ ਖਤਰਾ ਸੀ, ਕਿਉਂਕਿ ਉਸ ਉਪਰ ਵੈਕਸੀਨ ਦੀ ਸਪਲਾਈ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ, ਪਰ ਉਹ ਅਜਿਹਾ ਕਰਨ ਤੋਂ ਅਸਮਰੱਥ ਸੀ, ਜਿਸ ਕਰਕੇ ਉਸ ਨੇ ਭਾਰਤ ਨੂੰ ਅਲਵਿਦਾ ਕਹਿ ਦਿੱਤਾ ਹੈ। ਪੂਨਾਵਾਲਾ ਨੇ ਇਕੱਲੇ ਨੇ ਦੇਸ਼ ਨਹੀਂ ਛੱਡਿਆ ਬਲਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਲੰਡਨ ਲੈ ਕੇ ਚਲਿਆ ਗਿਆ ਹੈ। ਪੂਨਾਵਾਲਾ ਦਾ ਕਹਿਣਾ ਹੈ ਕਿ ਉਸ ਨੂੰ ਦੇਸ਼ ਦੇ ਸ਼ਕਤੀਸ਼ਾਲੀ ਲੋਕਾਂ ਵਲੋਂ  'ਧਮਕੀਆਂ' ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਉਹ ਦੇਸ਼ ਛੱਡ ਗਿਆ ਹੈ । ਜਾਪਦਾ ਹੈ ਕਿ ਸ਼ਾਇਦ ਪੂਨਾਵਾਲਾ ਦੇਸ਼ ਦਾ ਪਹਿਲਾ  ਬਿਜਨਸਮੈਨ ਨਹੀਂ ਜਿਹੜਾ ਭਾਰਤ ਛੱਡਕੇ ਵਿਦੇਸ਼ ਜਾ ਕੇ ਵਸਿਆ ਹੋਵੇ, ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਭਾਰਤੀ ਸਿਸਟਮ ਨੂੰ ਪਿਆਰ ਕਰਨ ਵਾਲੇ ਅਤੇ ਵੱਡੇ ਦੇਸ਼ ਭਗਤ ਅਖਵਾਉਣ ਵਾਲੇ ਵੱਡੇ ਵੱਡੇ ਕਈ ਬਿਜਨਸਮੈਨ ਦੇਸ਼ ਛੱਡ ਕੇ ਫੁਰਰ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੂਨਾਵਾਲਾ ਨੇ ਕੁਝ ਸਮਾਂ ਪਹਿਲਾਂ ਹੀ ਲੰਡਨ ਦੇ ਸਭ ਤੋਂ ਮਹਿੰਗੇ ਇਲਾਕਿਆਂ  'ਚ ਇੱਕ ਬਹੁਤ ਹੀ ਸ਼ਾਨਦਾਰ ਬੰਗਲਾ ਕਿਰਾਏ' ਤੇ ਲਿਆ ਸੀ, ਜਿਸ ਦਾ ਮਹੀਨਾਵਾਰ ਕਿਰਾਇਆ ਭਾਰਤੀ ਮੁਦਰਾ 'ਚ 2 ਕਰੋੜ ਰੁਪਏ ਬਣਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਉਸ ਨੂੰ 3 ਹਜ਼ਾਰ ਕਰੋੜ ਰੁਪਏ ਦਾ "ਕਰਜ਼ਾ" ਦਿੱਤਾ ਸੀ। ਇਸ ਵੇਲੇ ਜਦੋਂ ਦੇਸ਼ ਕੋਰੋਨਾ ਦੀ ਭੱਠੀ ਵਿਚ ਸੜ ਰਿਹਾ ਹੈ,ਹਰ ਰੋਜ ਹਜਾਰਾਂ ਮਰੀਜ ਦਮ ਤੋੜ ਰਹੇ ਹਨ, ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਨਹੀਂ ਮਿਲ ਰਹੀ, ਵੈਂਟੀਲੇਟਰ ਨਹੀਂ ਮਿਲ ਰਹੇ, ਸਿਵੇ ਲਾਸ਼ਾਂ ਨਹੀਂ ਝੱਲ ਰਹੇ, ਸਸਕਾਰ ਕਰਦਿਆਂ ਕਰਦਿਆਂ ਸਿਵਿਆਂ ਦੀਆਂ ਛੱਤਾਂ ਲਾਲ ਹੋ ਗਈਆਂ ਹਨ, ਦੇ ਚੱਲਦਿਆਂ ਕੋਵੀਸ਼ੀਲਡ ਵੈਕਸੀਨ ਜਿਸ ਦੇ ਸਰੀਰਕ ਅਸਰ ਸਬੰਧੀ ਦੇਸ਼ ਦੀ ਕੇਂਦਰ ਸਰਕਾਰ ਵਲੋਂ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ,ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਮੁੱਖੀ ਦਾ 'ਭਗੌੜਾ' ਹੋ ਜਾਣਾ 'ਭਾਰਤੀ ਸਿਸਟਮ' ਦੀ ਕਾਰਗੁਜ਼ਾਰੀ ਉਪਰ ਬਹੁਤ ਵੱਡਾ ਸੁਆਲੀਆ ਚਿੰਨ੍ਹ ਹੈ। ਪੂਨਾਵਾਲਾ ਨੂੰ ਦੇਸ਼ ਛੱਡਣ ਲਈ ਕਿਸ ਨੇ ਮਜਬੂਰ ਕੀਤਾ, ਜਾਂ ਕਿਸ ਨੇ ਉਸ ਦੀ ਮਦਦ ਕੀਤੀ ਜਾਂ ਉਹ ਖੁਦ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ, ਦੀ ਅਸਲੀਅਤ ਬਾਰੇ ਜਲਦੀ ਸੱਚ ਸਾਹਮਣੇ ਆ ਜਾਵੇਗਾ, ਪਰ 'ਭਾਰਤੀ ਸਿਸਟਮ' ਅਤੇ ਉਸ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਾ 'ਮੀਡੀਆ' ਹਮੇਸ਼ਾਂ ਸੱਚ ਨੂੰ ਦਬਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਤੱਤਪਰ ਰਹਿੰਦਾ ਹੈ। ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਵਿਕਰੀ ਦੌਰਾਨ ਕਿੰਨਾ ਮੁਨਾਫ਼ਾ ਕਮਾਇਆ ਅਤੇ ਦੇਸ਼ ਦੇ ਖਜਾਨੇ ਵਿਚ ਲੋਕਾਂ ਦੀ ਕਮਾਈ ਦੇ ਪਏ ਪੈਸਿਆਂ ਵਿਚੋਂ ਲਿਆ ਕਰਜਾ ਕਿੰਨਾ ਮੋੜਿਆ ਦੇ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਵੇਲੇ ਪੂਨਾਵਾਲਾ ਵਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦਾ ਬਹਾਨਾ ਬਣਾ ਕੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਛੱਡ ਕੇ 'ਭਗੌੜਾ' ਹੋ ਜਾਣਾ ਬਹੁਤ ਹੀ ਦੁਖਦਾਇਕ ਅਤੇ ਅਫਸੋਸਜਨਕ ਖਬਰ ਹੈ!


-ਸੁਖਦੇਵ ਸਲੇਮਪੁਰੀ
09780620233
2 ਮਈ, 2021