You are here

ਅਵਤਾਰ ਸਿੰਘ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ✍️ ਗਗਨਦੀਪ ਧਾਲੀਵਾਲ

ਸਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ-ਅਵਤਾਰ ਸਿੰਘ ਪਾਸ਼

ਦੋਸਤੋਂ ਪੰਜਾਬੀ ਸਾਹਿਤ ਜਗਤ ਵਿੱਚ ਅਨੇਕਾਂ ਹੀ ਸਾਹਿਤਕਾਰ ਪੈਦਾ ਹੋਏ ਹਨ ਜਿੰਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ।ਅਸੀਂ ਅੱਜ ਗੱਲ ਕਰਦੇ ਅਜਿਹੇ ਹੀ ਸਾਹਿਤਕਾਰ ਦੀ ਜਿਸਦੀਆਂ ਰਚਨਾਵਾਂ ,ਇਨਕਲਾਬੀ ਵਿਚਾਰ ਇਨਸਾਨ ਨੂੰ ਅੰਦਰੋਂ ਤੀਕ ਝੰਜੋੜ ਕੇ ਰੱਖ ਦਿੰਦੇ ਹਨ।ਉਸਦੀ ਆਤਮਾ ਨੂੰ ਹਲੂਣਦੇ ਹਨ।ਹੱਕਾਂ ਦੀ ਮੰਗ ਕਰਦੇ ਹਨ। ਅਜਿਹੇ ਸਾਹਿਤਕਾਰ ਦਾ ਨਾਂ ਹੈ ਅਵਤਾਰ ਸਿੰਘ ਪਾਸ਼ ।
ਅਵਤਾਰ ਪਾਸ਼ ਨੇ (1972 ਤੋਂ 1975 ਤੱਕ)
ਸਾਹਿਤ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ। ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ ਵਿੱਚ ਹੋਇਆ। ਪਾਸ਼ ਦੇ ਪਿਤਾ ਜੀ ਦਾ ਨਾਂ ਮੇਜਰ ਸੋਹਣ ਸਿੰਘ ਸੰਧੂ ਸੀ।ਜਦੋਂ ਅਵਤਾਰ ਪਾਸ਼ ਜਵਾਨੀ ਦੀ ਉਮਰ ਵਿੱਚ ਸੀ ਤਾਂ ਉਸ ਸਮੇਂ ਭਾਰਤ ਵਿੱਚ ਗਰੀਬੀ ਦਾ ਬਹੁਤ ਬੋਲ ਬਾਲਾ ਸੀ,ਇਸ ਤੋਂ ਪਾਸ਼ ਬਹੁਤ ਪ੍ਰਭਾਵਿਤ ਹੋਇਆ ।ਪਾਸ਼ ਨੇ ਅੱਲੜੇ ਉਮਰੇ ਹੀ ਭਾਰਤ ਦੇ ਗਰੀਬ ਲੋਕਾਂ ਦੇ ਹਾਲਤਾਂ ਨੂੰ ਦੇਖਦਿਆਂ ਵਿਦਰੋਹੀ ਕਵਿਤਾ ਲਿਖਣੀ ਸ਼ੁਰੂ ਕੀਤੀ।ਪਾਸ਼ ਦੀਆਂ ਕਵਿਤਾਵਾਂ ਦਾ ਵਿਸ਼ਾ ਜੁਝਾਰਵਾਦੀ ਸੀ । 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਹੋਇਆ। ਪਾਸ਼ ਦੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ —
ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮੁਖੌਟੇ ਪਾਈ
ਦੁਸ਼ਮਣ ਵੀ ਪਹਿਚਾਣ ਸਕਦਾ ਹਾਂ।

ਪਾਸ਼ ਦੀ ਸਭ ਤੋਂ ਮਹੱਤਵਪੂਰਨ ਤੇ ਸਚਾਈ ਬਿਆਨ ਕਰਦੀ ਕਵਿਤਾ —
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ,
ਘਰ ਤੋਂ ਨਿਕਲਣਾ ਕੰਮ ’ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ ,
ਸਾਡੇ ਸੁਪਨਿਆਂ ਦਾ ਮਰ ਜਾਣਾ।

ਦੋਸਤੋਂ ਜਦੋਂ ਦੀ ਪਾਸ਼ ਦੀ ਪਹਿਲੀ ਕਿਤਾਬ ਆਈ ਸੀ ਉਦੋਂ ਪਾਸ ਦੀ ਉਮਰ 20 ਸਾਲ ਤੋ ਘੱਟ ਸੀ ।ਪਾਸ ਦੀ ਪਹਿਲੀ ਕਿਤਾਬ ਲੋਹ ਕਥਾ 1970 ਵਿੱਚ ਛਪੀ ਸੀ।ਇਸ ਤੋਂ ਬਾਅਦ ਸਿਆੜ ਨਾਮੀ ਪਰਚੇ ਦੀ ਸਥਾਪਨਾ ਕੀਤੀ । ਪਾਸ਼ ਦੀ ਪ੍ਰਗਤੀਵਾਦੀ ਵਿਤਾ ਵਿਦਿਆਰਥੀਆਂ, ਕਮਿਊਨਿਸਟਾਂ ਅਤੇ ਖੱਬੇ-ਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ। ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਦੋਸਤੋਂ ਪਾਸ਼ ਹਮੇਸ਼ਾ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਂਸਲਾ ਰੱਖਦਾ ਰਿਹਾ।
ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, "ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।
ਦੋਸਤੋ ਇੱਕ ਵਾਰ ਪਾਸ਼ 1967 ਵਿੱਚ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ।ਪਰ ਉਸਨੇ ਇਹ ਨੌਕਰੀ ਜਲਦੀ ਹੀ ਛੱਡ ਦਿੱਤੀ ਸੀ।ਜਦੋਂ ਪਾਸ ਨੌਂਵੀਂ ਜਮਾਤ ਵਿੱਚ ਪੜਦਾ ਸੀ ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ।
1967 ਵਿੱਚ ਪਾਸ਼ ਨਕਸਲਬਾੜੀ ਵਿੱਚ ਸ਼ਾਮਿਲ ਹੋ ਗਿਆ। ਪਾਸ ਮਾਰਕਸਵਾਦ ਤੋ ਪ੍ਰਭਾਵਿਤ ਹੋਇਆ।
ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ "ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉੱਪਰੰਤ 10 ਮਈ, 1970 ਨੂੰ ਪਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ" ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਕੀ। 1973 ਵਿੱਚ 'ਸਿਆੜ' ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ 'ਉਡਦੇ ਬਾਜਾਂ ਮਗਰ' ਛਪੀ। ਕੁਝ ਸਮਾਂ 'ਦੇਸ-ਪ੍ਰਦੇਸ' (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ 'ਸਵੈ-ਜੀਵਨੀ' 'ਫਲਾਇੰਗ ਸਿੱਖ’ ਲਿਖ ਕੇ ਦਿੱਤੀ ।
ਪਾਸ਼ ਨੇ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦੇ ਹੋਇਆ ਇਸਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਤੇ ਉਸ ਦੇ ਤੱਤੇ ਖੂਨ'ਚੋਂ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ ਹੋਈ ਪੈਦਾ ਹੋਈ ।ਦੋਸਤੋਂ ਮੈਨੂੰ ਵੀ ਪਾਸ਼ ਦੇ ਵਿਚਾਰਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫੇਰੀ ਉੱਤੇ ਸੀ। ਇੱਥੋਂ ਉਸ ਨੇ ਐਂਟੀ 47 ਫਰੰਟ ਨਾਮੀ ਪਰਚਾ ਕੱਢਿਆ। ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਦੀ, ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ। ਇਸ ਕਾਰਨ 23 ਮਾਰਚ 1988 ਨੂੰ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ।ਪਾਸ਼ ਨੇ ਕਈ ਮਹੱਤਵਪੂਰਨ ਕਿਤਾਬਾ ਸਾਹਿਤ ਦੀਆਂ ਝੋਲੀ ਵਿੱਚ ਪਾਈਆ ਜਿਵੇ ਕਿ ਲੋਹ ਕਥਾ (1970),ਉਡਦੇ ਬਾਜਾ ਮਗਰ (1973,ਸਾਡੇ ਸਮਿਆਂ ਵਿੱਚ (1978), ਅਤੇ ਖਿੱਲਰੇ ਹੋਏ ਵਰਕੇ ਆਦਿ ।ਅੱਜ ਵੀ ਪਾਸ਼ ਦੇ ਵਿਚਾਰ ਤੇ ਉਹਨਾਂ ਦੀਆ ਕਵਿਤਾਵਾਂ ਪੰਜਾਬੀ ਸਾਹਿਤ ਦੀ ਸ਼ਾਨ ਹਨ। ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਦੀ ਗੁਲਾਮੀ ਦੇ ਸੰਦ ਵਜੋਂ ਪਹਿਚਾਣ ਕੀਤੀ ਹੈ।ਇਸ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ।
ਗਗਨਦੀਪ ਧਾਲੀਵਾਲ ।