ਬਿੱਲੀ ਥੈਲਿਓੰ ਬਾਹਰ! ✍️  ਸਲੇਮਪੁਰੀ ਦੀ ਚੂੰਢੀ

ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਬਣੇ ਹਨ, ਉਸੇ ਦਿਨ ਤੋਂ ਹੀ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਅਤੇ ਵਿਦੇਸ਼ਾਂ ਵਿਚ ਬੈਠੇ ਮਨੂੰਵਾਦੀ ਵਿਚਾਰਧਾਰਾ ਪਾਲਣ ਵਾਲੇ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ , ਜਿਸ ਕਰਕੇ ਉਹ ਹਰ ਰੋਜ ਜਾਤੀਵਾਦ ਨੂੰ ਲੈ ਕੇ ਅੱਗ ਉੱਗਲਦੇ ਹਨ।  ਲੰਬੇ ਸਮੇਂ ਤੋਂ ਪੰਜਾਬ ਉਪਰ ਕਾਬਜ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਹੈ, ਜਿਸ ਦਾ ਸਬੂਤ ਹਰ ਰੋਜ ਸੋਸ਼ਲ ਮੀਡੀਆ ਉਪਰ ਘੁੰਮਦੀਆਂ ਪੋਸਟਾਂ ਅਤੇ ਵੀਡੀਓਜ ਤੋਂ ਸਪਸ਼ਟ ਹੋ ਰਿਹਾ ਹੈ। ਕੱਲ੍ਹ 1 ਅਕਤੂਬਰ 2021 ਨੂੰ ਜਦੋਂ ਆਪਣੇ ਆਪ ਨੂੰ  'ਪੰਜਾਬ ਦਾ ਵਾਰਿਸ' ਕਹਾਉਣ ਵਾਲਾ ਦੀਪ ਸਿੱਧੂ ਦਿੱਲੀ ਕਿਸਾਨ ਮੋਰਚਾ ਵਿਚ ਪਹੁੰਚਿਆ ਤਾਂ ਉਹ ਬਹੁਤ ਹੀ ਖੁਸ਼ ਮੂੜ ਵਿਚ  ਸਿੱਧਾ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕਰਦਾ ਹੋਇਆ ਇੱਕ ਸ਼ਰਾਬੀ ਜੋ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਇਆ ਹੋਇਆ ਆਪਣੇ ਆਪ ਨੂੰ ਬਹੁਤ, ਸਿਆਣਾ ਸਮਝਦਾ ਹੋਇਆ ਇੱਕ ਬਹਾਦਰ ਵਜੋਂ ਪੇਸ਼ ਕਰਦਾ ਹੋਇਆ ਮੌਜੂਦਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਲਈ ਜਾਤੀ-ਸੂਚਕ ਸ਼ਬਦ ਬੋਲਦਾ ਹੈ, ਨੂੰ ਗਲਤ ਕਹਿਣ ਦੀ ਬਜਾਏ ਆਖਦਾ ਹੈ ਕਿ 'ਬਜੁਰਗੋ ਤੁਸੀਂ ਗਲਤ ਹੋ ਕੇ ਵੀ ਠੀਕ ਹੋ।' ਜਾਣੀ ਕਿ ਦੀਪ ਸਿੱਧੂ ਬਿਮਾਰ ਮਾਨਸਿਕਤਾ ਵਾਲੇ ਦੀ ਜਾਤੀ-ਸੂਚਕ ਵਾਲੀ ਗੱਲ ਨੂੰ ਸਹੀ ਠਹਿਰਾਉਂਦਾ ਹੋਇਆ ਉਸ ਉਪਰ ਆਪਣੀ 'ਮੋਹਰ' ਲਾਉਂਦਾ ਹੈ।
ਦੀਪ ਸਿੱਧੂ ਜੋ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਅਖਵਾਉਣ ਲਈ 'ਪੰਜਾਬ ਦੇ ਵਾਰਸ ' ਨਾਂ ਦੀ ਸੰਸਥਾ ਦੀ 3 ਅਕਤੂਬਰ, 2021 ਤੋਂ ਸ਼ੁਰੂਆਤ ਕਰਨ ਲਈ ਡੌਂਡੀ ਪਿੱਟ ਰਿਹਾ ਹੈ, ਅਸਲ ਵਿਚ ਉਹ ਕਿਸਾਨਾਂ ਦਾ ਨਹੀਂ ਕੇਵਲ 'ਜੱਟਾਂ' ਦਾ ਵਾਰਸ ਬਣਨ ਲਈ ਤਰਲੋਮੱਛੀ ਹੋ ਰਿਹਾ ਹੈ।  ਸਿੱਧੂ ਇਸ ਗੱਲ ਤੋਂ ਵੀ ਨਾਵਾਕਫ ਜਾਪਦਾ ਹੈ ਕਿ ਕਿਸਾਨ ਕੇਵਲ 'ਜੱਟ' ਨਹੀਂ ਬਲਕਿ ਹੋਰ ਵੀ ਜਮਾਤਾਂ ਦੇ ਲੋਕ ਹਨ, ਜੋ ਉਸ ਨੂੰ ਹਜਮ ਨਹੀਂ ਹੋ ਰਿਹਾ। ਉਹ ਇਹ ਗੱਲ ਭੁੱਲ ਚੁੱਕਿਆ ਹੈ ਕਿ ਪੰਜਾਬ ਵਿਚ ਸਿਰਫ ਇਕ ਜਾਤ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਜਮਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ, ਜੋ ਪੰਜਾਬ ਨੂੰ ਹਮੇਸ਼ਾ ਹੱਸਦਾ - ਵੱਸਦਾ ਵੇਖਣਾ ਲੋਚਦੇ ਹੋਏ ਭਾਰਤ ਨੂੰ ਮੁੰਦਰੀ ਮੰਨਦੇ ਹੋਏ ਪੰਜਾਬ ਨੂੰ ਮੁੰਦਰੀ ਦਾ ਬਹੁ-ਮੁੱਲਾ ਨਗ ਆਖਦੇ ਹਨ।
ਇਹ ਗੱਲ ਬਿਲਕੁਲ ਸੱਚੀ ਹੈ ਕਿ ਜਦੋਂ ਵੀ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਜਾਂ ਸੜਕਾਂ 'ਤੇ ਧਰਨੇ ਲਾਏ ਹਨ, ਤਾਂ ਖੇਤ ਮਜ਼ਦੂਰਾਂ ਸਮੇਤ ਭੁੱਖਮਰੀ ਦੀ ਚਾਦਰ ਹੇਠ ਦਿਨ ਕੱਟੀ ਕਰ ਰਹੀ ਜਮਾਤ  ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ । ਹੁਣ ਵੀ ਡੇਢ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਹਰ ਥਾਂ ਭਾਵੇਂ ਦਿੱਲੀ ਦਾ ਕਿਸਾਨ ਮੋਰਚਾ ਹੋਵੇ, ਭਾਵੇਂ ਟੋਲ ਪਲਾਜ਼ਾ ਬੰਦ ਕਰਨੇ ਹੋਣ ਗਰੀਬ ਜਮਾਤ ਹਰ ਵੇਲੇ ਨਾਲ ਖੜ੍ਹੀ ਹੈ, ਪਰ ਪੰਜਾਬ ਉਪਰ ਹਮੇਸ਼ਾ ਤੋਂ ਭਾਰੂ ਰਹੇ ਲੋਕਾਂ ਦੀ ਬਿਮਾਰ ਮਾਨਸਿਕਤਾ ਨਹੀਂ ਬਦਲੀ, ਉਹ ਜਦੋਂ ਧਰਨੇ ਉਪਰ ਬੈਠਦੇ ਹਨ ਤਾਂ 'ਕਿਸਾਨ' ਅਖਵਾਉਂਦੇ ਹਨ, ਅਤੇ ਜਦੋਂ ਵਾਪਸ ਪਿੰਡ ਆਉਂਦੇ ਹਨ ਤਾਂ 'ਜੱਟ' ਬਣਕੇ ਗਰੀਬ ਜਮਾਤ ਨੂੰ ਦਬਕੇ ਮਾਰ ਕੇ ਦਬਾਉਣਾ ਸ਼ੁਰੂ ਕਰ ਦਿੰਦੇ ਹਨ। ਉਹ ਗੀਤਾਂ, ਕਹਾਣੀਆਂ, ਨਾਵਲਾਂ ਅਤੇ ਫਿਲਮਾਂ ਵਿਚ ਵਾਰ ਵਾਰ 'ਜੱਟ' ਸ਼ਬਦ ਦੀ ਵਰਤੋਂ ਕਰਕੇ ਦੂਜੀਆਂ ਜਮਾਤਾਂ ਨੂੰ ਦਬਾਉਣ ਲਈ ਰੋਅਬ ਪਾਉਂਦੇ ਹਨ, ਹਾਲਾਂਕਿ ਪੰਜਾਬ ਤਾਂ ' ਗੁਰੂਆਂ ਦੇ ਨਾਂ 'ਤੇ ਜਿਉਂਦਾ ਹੈ।' ਪੰਜਾਬ ਦਾ ' ਜੱਟ' ਕਿਸਾਨ ਆਪਣੇ ਆਪ ਨੂੰ 'ਸਿੱਖ' ਕਹਾਉਂਦਾ ਹੈ ਜਦਕਿ ਹੋਰ ਜਮਾਤਾਂ ਦੇ ਲੋਕਾਂ ਨੂੰ 'ਸਿੱਖ' ਮੰਨਣ ਨੂੰ ਤਿਆਰ ਹੀ ਨਹੀਂ, ਇਸੇ ਲਈ ਤਾਂ ਪਿੰਡਾਂ ਵਿਚ ਗੁਰਦੁਆਰੇ ਤਾਂ ਵੱਖਰੇ ਹੈ ਹੀ ਹਨ, ਮੜੀਆਂ ਵੀ ਵੱਖਰੀਆਂ ਹਨ । ਦੀਪ ਸਿੱਧੂ ਦੀ ਲਾਈਵ ਵੀਡੀਓ ਵਿਚ ਪੰਜਾਬ ਦਾ ਇਕ ਕਿਸਾਨ  ਜੋ ਆਪਣੇ ਆਪ ਨੂੰ ਪੰਜਾਬ ਦਾ ਵਾਰਸ ਕਹਾਉਂਦਾ ਹੈ, ਸ਼ਰਾਬ ਨਾਲ ਰੱਜਿਆ ਹੋਇਆ ਪੰਜਾਬ ਦੇ 'ਜੱਟ' ਕਿਸਾਨਾਂ ਦੀ ਅੰਦਰੂਨੀ ਅਵਾਜ ਨੂੰ ਉਜਾਗਰ ਕਰਦਾ ਹੈ, ਕਿ ਹੁਣ ਉਨ੍ਹਾਂ ਅੱਗੇ ਕਿਸਾਨ ਮਸਲੇ ਨਹੀਂ ਬਲਕਿ ਪੰਜਾਬ ਦੀ ਵਾਗਡੋਰ ਕਿਸੇ ਗਰੀਬ ਜਮਾਤੀ ਦੇ ਪੜ੍ਹੇ ਲਿਖੇ ਇਨਸਾਨ ਦੇ ਹੱਥ ਵਿਚ ਆਉਣਾ ਵੱਡਾ ਮਸਲਾ ਬਣ ਚੁੱਕਿਆ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੇਸ਼ ਦੀ ਵਾਗਡੋਰ ਕਿਸੇ ਗਰੀਬ ਜਮਾਤ ਦੇ ਇਨਸਾਨ ਦੇ ਹੱਥ ਵਿਚ ਹੋਵੇ। ਜੇ ਅੱਜ ਪੰਜਾਬ ਦੇ ਜਾਂ ਦੇਸ਼ ਦੇ ਆਰਥਿਕ ਹਾਲਾਤ ਮਾੜੇ ਹੋਏ ਹਨ, ਦੇ ਲਈ ਸਦੀਆਂ ਤੋਂ ਲਤਾੜੇ ਵਰਗ ਦੇ ਲੋਕਾਂ ਨੂੰ ਮਿਲ ਰਹੇ ਰਾਖਵੇਂਕਰਨ  ਕਰਕੇ ਨਹੀਂ ਬਲਕਿ ਦੇਸ਼ ਦੀ ਅਜਾਦੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੇ ਸੂਬਿਆਂ ਉਪਰ ਕਾਬਜ ਰਹੇ ਮਨੂੰਵਾਦੀ ਵਿਚਾਰਧਾਰਾ ਵਾਲੇ 'ਉੱਚ ਜਾਤੀ' ਦੇ ਲੋਕਾਂ ਕਰਕੇ ਹੈ।
(ਲੇਖਕ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ)
-ਸੁਖਦੇਵ ਸਲੇਮਪੁਰੀ
09780620233
6 ਅਕਤੂਬਰ, 2021.