ਪੰਜਾਬ

ਵੇਰਕਾ ਪਨੀਰ ਦੇ ਗਾਹਕਾਂ ਨੂੰ ਮਿਲੇਗਾ ਹੁਣ ਵੇਰਕਾ ਦਹੀਂ ਦਾ ਕੱਪ  ਫ੍ਰੀ 

 ਵੇਰਕਾ ਨੇ ਕੀਤਾ ਨਵੀਆਂ ਮੰਡੀਕਰਨ ਸਕੀਮਾਂ ਦਾ ਐਲਾਨ
ਮੁੱਲਾਂਪੁਰ ਦਾਖਾ, 03 ਫਰਵਰੀ (ਸਤਵਿੰਦਰ  ਸਿੰਘ ਗਿੱਲ)
ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਪ੍ਰਮੁੱਖ ਅਦਾਰੇ ਮਿਲਕਫ਼ੈਡ (ਵੇਰਕਾ) ਨੇ ਵੇਰਕਾ ਦੇ ਦੁੱਧ ਪਦਾਰਥਾਂ ਦੇ ਵਿਸਤਾਰ ਲਈ ਪੰਜਾਬ ਭਰ ਵਿੱਚ ਦੁੱਧ ਤੇ ਦੁੱਧ ਪਦਾਰਥਾਂ ਲਈ ਨਵੀਆਂ ਮੰਡੀਕਰਨ ਸਕੀਮਾਂ ਦਾ ਐਲਾਨ ਕੀਤਾ ਹੈ। ਵੇਰਕਾ ਦਾ 200 ਗ੍ਰਾਮ ਪਨੀਰ ਦਾ ਪੈਕਟ ਖ੍ਰੀਦਣ ਵਾਲੇ ਗ੍ਰਾਹਕ ਹੁਣ 125 ਗ੍ਰਾਮ ਵਾਲਾ ਦਹੀਂ ਦਾ ਕੱਪ ਫ੍ਰੀ ਵਿੱਚ ਪ੍ਰਾਪਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਵੇਰਕਾ ਨੇ ਇਹ ਫੈਸਲਾ ਵੇਰਕਾ ਨਾਲ ਜੁੜੇ ਉਪਭੋਗਤਾਂਵਾਂ ਦੇ ਦੁੱਧ ਪਦਾਰਥਾਂ ਦੇ ਖਰਚਿਆਂ ਦੇ ਮੱਦੇਨਜ਼ਰ ਰੱਖਦਿਆਂ ਲਿਆ ਹੈ। ਉਹਨਾਂ ਕਿਹਾ ਕਿ ਵੇਰਕਾ ਮਿਲਕ ਪਲਾਂਟਾਂ ਦਾ ਮੁੱਖ ਮਕਸਦ ਦੁੱਧ ਉਤਪਾਦਕਾਂ ਦੀ ਖੁਸ਼ਹਾਲੀ ਦੇ ਨਾਲ  ਗ੍ਰਾਹਕਾਂ ਨੂੰ ਵਾਜਬ ਮੁੱਲ ਤੇ ਦੁੱਧ ਤੇ ਦੁੱਧ ਪਦਾਰਥ ਉਪਲੱਭਦ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਇਸ ਸਮੇਂ ਦਹੀਂ , ਲੱਸੀ, ਮੱਖਣ, ਖੀਰ ਤੋਂ ਇਲਾਵਾ 2.50 ਲੱਖ ਲੀਟਰ ਪ੍ਰਤੀ ਦਿਨ ਪੈਕਡ ਦੁੱਧ ਦਾ ਆਪਣੇ ਸੰਬੰਧਿਤ ਖੇਤਰ ਵਿੱਚ ਮੰਡੀਕਰਣ ਕਰ ਰਿਹਾ ਹੈ । ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਵੇਰਕਾ ਦੁੱਧ ਵਿਕ੍ਰੇਤਾਵਾਂ ਨੂੰ ਉਤਸਾਹਿਤ ਕਰਨ ਲਈ ਦੁੱਧ ਦੀ ਵਿਕਰੀ ਤੇ ਵੀ ਇੱਕ ਸਕੀਮ ਸ਼ੂਰੂ ਕੀਤੀ ਗਈ ਹੈ ਜਿਸ ਤਹਿਤ ਪੰਜ ਪ੍ਰਤੀਸ਼ਤ ਤੋਂ ਦਸ ਪ੍ਰਤੀਸ਼ਤ ਦੀ ਵਿਕਰੀ ਦੇ ਵਾਧੇ, 10-15 ਪ੍ਰਤੀਸ਼ਤ ਦੇ ਵਾਧੇ , 15-20 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਤੋਂ ਜਿਆਦਾ ਦੁੱਧ ਦੀ ਵਿਕਰੀ ਤੇ ਵਾਧੇ ਲਈ ਵਿਕ੍ਰੇਤਾਵਾਂ ਨੂੰ ਇੰਸੇਨਟਿਵ ਦਿੱਤਾ ਜਾਵੇਗਾ। ਵੇਰਕਾ ਦੇ ਦੁੱਧ ਦੀ ਸ਼ਾਮ ਦੀ ਵਿਕਰੀ ਤੇ ਟਰੇ ਪਿੱਛੇ 5 ਰੁਪਏ ਦਾ ਇੰਸੇਨਟਿਵ ਵੀ ਦਿੱਤਾ ਜਾਵੇਗਾ। ਇਹ ਫੈਸਲਾ ਦੁਕਾਨਾਂ ਤੇ ਸ਼ਾਮ ਨੂੰ ਦੁੱਧ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।ਇਹ ਸਕੀਮ 2 ਫਰਵਰੀ ਤੋਂ 31 ਮਾਰਚ ਤੱਕ ਲਾਗੂ ਰਹੇਗੀ।

ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 'ਸਰਕਾਰ ਤੁਹਾਡੇ ਦੁਆਰ' ਸਕੀਮ ਤਹਿਤ ਲੱਗਣਗੇ ਵਿਸ਼ੇਸ਼ ਕੈਂਪ - ਐਸ.ਡੀ.ਐਮ. ਦੀਪਕ ਭਾਟੀਆ

ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ
-ਕਿਹਾ! ਕੈਂਪ ਦੌਰਾਨ ਪ੍ਰਾਪਤ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਨਿਬੇੜਾ
ਲੁਧਿਆਣਾ, 3 ਫਰਵਰੀ (ਸਤਵਿੰਦਰ ਸਿੰਘ ਗਿੱਲ) -
ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਸਰਕਾਰ ਤੁਹਾਡੇ ਦੁਆਰ' ਸਕੀਮ ਤਹਿਤ ਆਗਾਮੀ 5 ਫਰਵਰੀ ਤੋਂ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਨਾਗਰਿਕਾਂ ਨੂੰ ਇਸ ਦਾ ਲਾਭ ਮਿਲ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਦੀਪਕ ਭਾਟੀਆ ਵਲੋਂ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੈਂਪਾਂ ਦੀ ਤਿਆਰੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇਹ ਕੈਂਪ ਲੁਧਿਆਣਾ ਸ਼ਹਿਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਲਈ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਨਿਬੇੜਾ ਕਰਨ।ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਪ੍ਰਾਪਤ ਪ੍ਰਤੀਬੇਨਤੀਆਂ ਦਾ ਨਿਪਟਾਰਾ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ਵਿੱਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ਵਿੱਚ ਤਬਦੀਲੀ ਆਦਿ ਸ਼ਾਮਲ ਹਨ।ਮੀਟਿੰਗ ਦੌਰਾਨ ਮਾਲ ਵਿਭਾਗ, ਕਿਰਤ ਵਿਭਾਗ, ਪੀ.ਐਸ.ਪੀ.ਸੀ.ਐਲ., ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ ਸਣੇ ਵੱਖ ਵੱਖ ਵਿਭਾਗਾਂ ਦੇ ਸੀਨੀਆਰ ਅਧਿਕਾਰੀ ਮੌਜੂਦ ਸਨ ਅਤੇ ਉਹਨਾਂ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ।

ਪੰਜਾਬ ਦੇ ਹਜ਼ਾਰਾਂ ਸਕੂਲੀ ਵਿਦਿਆਰਥੀ ਪੀ. ਏ. ਯੂ. ਦਾ ਦੌਰਾ ਕਰ ਰਹੇ ਹਨ

ਲੁਧਿਆਣਾ, 03 ਫਰਵਰੀ(ਟੀ. ਕੇ.) ਬੀਤੇ ਦਿਨਾਂ ਤੋਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਰੀ ਵਿਦਿਅਕ ਯਾਤਰਾ ਪ੍ਰੋਗਰਾਮ ਤਹਿਤ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੇ ਪੀ ਏ ਯੂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਸਮਾਜਕ ਇਤਿਹਾਸ ਦੇ ਅਜਾਇਬ ਘਰ, ਉੱਪਲ ਮਿਊਜ਼ੀਅਮ, ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਅਤੇ ਹੋਰ ਥਾਵਾਂ ਵੇਖੀਆਂ। ਵਿਦਿਆਰਥੀਆਂ ਨਾਲ ਆਏ ਅਧਿਆਪਕਾਂ ਨੇ ਉਨ੍ਹਾਂ ਨੂੰ ਇਸ ਸੰਸਥਾ ਦੇ ਮਾਣਮੱਤੇ ਇਤਿਹਾਸ ਅਤੇ ਪੰਜਾਬ ਦੇ ਖੇਤੀ ਵਿਕਾਸ ਲਈ ਦਿੱਤੇ ਯੋਗਦਾਨ ਤੋਂ ਜਾਣੂ ਕਰਾਇਆ।ਵਿਦਿਆਰਥੀਆਂ ਨੇ ਪੀ ਏ ਯੂ ਦੇ ਅਕਾਦਮਿਕ ਅਤੇ ਖੇਤੀ ਖੋਜ ਢਾਂਚੇ ਬਾਰੇ ਜਾਣਕਾਰੀ ਹਾਸਿਲ ਕੀਤੀ। ਬਹੁਤ ਸਾਰੇ ਵਿਦਿਆਰਥੀ ਆਪਣੀਆਂ ਅੱਖਾਂ ਵਿੱਚ ਇਸ ਸੰਸਥਾ ਤੋਂ ਉਚੇਰੀ ਪੜ੍ਹਾਈ ਹਾਸਿਲ ਕਾਰਨ ਦਾ ਸੁਪਨਾ ਸੰਜੋ ਕੇ ਆਪਣੇ ਘਰੀਂ ਮੁੜੇ। ਵਿਦਿਆਰਥੀਆਂ ਨੇ ਸੰਚਾਰ ਕੇਂਦਰ ਪੁੱਜ ਕੇ ਖੇਤੀ ਸਾਹਿਤ ਨੂੰ ਜਾਣਿਆ, ਭੋਜਨ ਵਿਗਿਆਨ ਅਤੇ ਪ੍ਰੋਸੈਸਿੰਗ , ਖੇਤੀ ਕਾਰੋਬਾਰ, ਖੇਤੀ ਮਸ਼ੀਨਾਂ ਅਤੇ ਖੇਤੀ ਵਿਗਿਆਨ ਵਿਧੀਆਂ ਨੂੰ ਜਾਣਿਆ। ਕੁਝ ਵਿਦਿਆਰਥੀਆਂ ਨੇ ਕਿਸਾਨ ਮੇਲਾ ਵੇਖਣ ਲਈ ਫਿਰ  ਪੀ. ਏ. ਯੂ. ਆਉਣ ਦੀ ਇੱਛਾ ਪ੍ਰਗਟ ਕੀਤੀ।

ਮੀਂਹ-ਅਲਰਟ ਕੋਲਡ-ਡੇ-ਅਲਰਟ! ਸਲੇਮਪੁਰੀ ਦਾ ਮੌਸਮ-ਨਾਮਾ! 

ਲੁਧਿਆਣਾ - ਮੌਸਮ ਤੋਂ ਮਿਲੀ ਜਾਣਕਾਰੀ ਅਨੁਸਾਰ 
ਆਗਾਮੀ 3-4 ਫਰਬਰੀ ਨੂੰ ਇੱਕ ਹੋਰ ਐਕਟਿਵ ਪੱਛਮੀ ਸਿਸਟਮ ਪੰਜਾਬ  'ਚ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਣ ਜਾ ਰਿਹਾ ਹੈ, ਜਿਸ ਸਦਕਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਚ ਦੁਬਾਰਾ ਫਿਰ ਗਰਜ-ਚਮਕ ਨਾਲ਼ ਦਰਮਿਆਨਾ ਮੀਂਹ ਪਵੇਗਾ, ਜਦ ਕਿ  ਸੂਬੇ ਦੇ ਬਾਕੀ ਰਹਿੰਦੇ ਹਿੱਸਿਆਂ ਚ ਬੱਦਲਵਾਈ ਨਾਲ ਕਾਰਵਾਈ ਹਲਕੀ ਰਹੇਗੀ। 
 5 ਫਰਬਰੀ ਤੋਂ ਸਿਸਟਮ ਦੇ ਗੁਜਰ ਜਾਣ 'ਤੇ ਸ਼ੀਤ ਹਵਾਵਾਂ ਦੀ ਵਾਪਸੀ ਨਾਲ ਰਾਤਾਂ ਦੀ ਠਿਠੁਰਨ 'ਚ ਵਾਧਾ ਹੋਵੇਗਾ, ਧੁੰਦ ਤੇ ਧੁੰਦ ਦੇ ਬੱਦਲਾਂ ਦੇ ਰੂਪ ਚ ਮੀਂਹ ਦਾ ਅਸਰ 9 ਫਰਬਰੀ ਤੱਕ ਰਹੇਗਾ। ਹਾਲਾਂਕਿ ਉੱਤਰ-ਪੱਛਮੀ ਹਵਾਵਾਂ ਦੀ ਗਤੀ ਤੇਜ ਹੋਣ ਨਾਲ਼ ਦੇਰੀ ਨਾਲ ਹੀ ਸਹੀ ਪਰ ਚਿੱਟੀ ਧੁੱਪ ਨਿੱਕਲਦੀ ਰਹੇਗੀ। ਧੁੱਪ ਦੇ ਬਾਵਜੂਦ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਚ ਠੰਢੇ ਦਿਨ ਚਲਦੇ ਰਹਿਣਗੇ।
ਜਾਰੀ ਕਰਨ ਦਾ ਸਮਾਂ 4:45ਸ਼ਾਮ 
03 ਫਰਬਰੀ, 2024
ਪੰਜਾਬ-ਦਾ-ਮੌਸਮ!
ਧੰਨਵਾਦ ਸਹਿਤ।
-ਸੁਖਦੇਵ ਸਲੇਮਪੁਰੀ

ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਵਲੋਂ ਮੁਫ਼ਤ ਦਿਵਿਯਾਂਗਜਨ ਉਪਕਰਣ ਵੰਡ ਸਮਾਰੋਹ 

32 ਲਾਭਪਾਤਰੀਆਂ ਨੂੰ 50 ਸਹਾਇਕ ਉਪਕਰਣ ਕਰਵਾਏ ਮੁਹੱਈਆ
ਲੁਧਿਆਣਾ, 31 ਜਨਵਰੀ (ਟੀ. ਕੇ. ) -
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਘੱਟ ਗਿਣਤੀ ਅਧਿਕਾਰਤਾ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੌਤਮ ਜੈਨ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ, ਸ਼ਿਮਲਾਪੁਰੀ ਵਿਖੇ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਲਗਭਗ 32 ਦਿਵਯਾਂਗਜਨਾਂ ਨੂੰ ਸੇਲ ਸੀ.ਐਸ.ਆਰ. ਸਕੀਮ ਤਹਿਤ ਲਗਭਗ 9.31 ਲੱਖ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਜ਼ਿਲ੍ਹੇ ਵਿੱਚ ਪਹਿਲਾਂ 18 ਜਨਵਰੀ ਨੂੰ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ (ਏ.ਐਲ.ਆਈ.ਐਮ.ਸੀ.ਓ.) ਵਲੋਂ ਵਲੋਂ ਨਿਰਮਿਤ ਦਿਵਿਆਂਗਜਨਾਂ ਨੂੰ ਕੁੱਲ 50 ਸਹਾਇਕ ਉਪਕਰਣ ਵੰਡੇ ਗਏ ਜਿਸ ਵਿੱਚ 16 ਮੋਟਰਾਈਜ਼ਡ ਟਰਾਈਸਾਈਕਲ, 06 ਟਰਾਈਸਾਈਕਲ, 07 ਵਹੀਲ ਚੇਅਰ, 14 ਵਿਸਾਖੀਆਂ, 06 ਕੰਨਾਂ ਦੀ ਮਸ਼ੀਨਾਂ ਅਤੇ 01 ਸੀ.ਪੀ. ਚੇਅਰ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਅਲਿਮਕੋਂ ਵਲੋਂ ਦਿਵਿਆਂਗਜਨ ਵਿਅਕਤੀਆਂ ਦੇ ਜੀਵਨ ਨੂੰ ਸਸ਼ਕਤ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਇੱਕ ਨੇਕ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਇੱਕ ਦਿਲੀ ਕੋਸ਼ਿਸ਼ ਵਿੱਚ ਅਲਿਮਕੋ ਨੇ ਦਿਵਿਆਂਗਜਨ ਵਿਅਕਤੀਆਂ ਨੂੰ ਮੁਫਤ ਉਪਕਰਨਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਉਹਨਾਂ ਨੂੰ ਅਜਿਹੇ ਸਾਧਨ ਪ੍ਰਦਾਨ ਕਰਨਾ ਹੈ ਜੋ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੇ ਹਨ।

ਇਸ ਮੌਕੇ ਇੰਜੀ: ਸਰਦਾਰ ਰਜਿੰਦਰ ਸਿੰਘ ਸਿਆਣ, ਸ਼੍ਰੀ ਸਰਵਿੰਦਰ ਜੀਤ ਸਿੰਘ ਦੁਆ, ਡਿਪਟੀ ਜਨਰਲ ਮੈਨੇਜਰ ਸਟੀਲ ਅਥਾਰਟੀ (ਐਸ.ਏ.ਆਈ.ਐਲ.), ਜਿਨ੍ਹਾਂ ਵਲੋਂ ਸੀ.ਐਸ.ਆਰ. ਅਧੀਨ ਇਹ ਸਮਾਰੋਹ ਸਪਾਂਸਰ ਕੀਤਾ ਗਿਆ, ਵਲੋਂ ਸ਼ਿਰਕਤ ਕੀਤੀ ਗਈ. ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨ, ਲੁਧਿਆਣਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਵਲੋਂ ਸ਼੍ਰੀ ਸਰਵਿੰਦਰ ਜੀਤ ਸਿੰਘ ਦੁਆ, ਡਿਪਟੀ ਜਨਰਲ ਮੈਨੇਜਰ ਸਟੀਲ ਅਥਾਰਟੀ (ਐਸ.ਏ.ਆਈ.ਐਲ.) ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਸਾਰੇ ਸਹਾਇਕ ਉਪਕਰਨਾਂ ਨੂੰ ਬਣਾਇਆ ਅਤੇ ਸਮੇਂ ਸਿਰ ਦਿਵਿਆਂਗਜਨਾਂ ਨੂੰ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਬੇਹੱਦ ਥੋੜੇ ਸਮੇਂ ਵਿੱਚ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਦੀ ਐਸੈਸਮੈਂਟ ਕਰਵਾਉਣ ਦੇ ਨਾਲ-ਨਾਲ 10 ਦਿਨਾਂ ਦੇ ਅੰਦਰ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਦੀ ਵੰਡ ਵੀ ਕਰਵਾਈ।

ਕੈਂਪ ਮੌਕੇ ਅਲਿੰਮਕੋ ਦੀ ਟੀਮ ਵਲੋਂ ਸ਼੍ਰੀਮਤੀ ਕਨਿਕਾ ਮਹਿਤਾ (ਮਾਰਕੀਟਿੰਗ ਮੈਨੇਜਰ), ਤੁਸ਼ਾਰ ਚੌਧਰੀ (ਆੱਡੀਓਲੋਜਿਸਟ), ਮਨੋਜ ਕੁਮਾਰ (ਟੈਕਨੀਸ਼ਿਅਨ), ਗੁਰਜੰਟ ਸਿੰਘ (ਮੈਂਬਰ, ਲੋਕਲ ਲੈਵਲ ਕਮੇਟੀ), ਕੁਲਦੀਪ ਸਿੰਘ ਪ੍ਰਧਾਨ ਸਭ ਏਕਨੂਰ ਦਿਵਿਆਂਗ ਸੁਸਾਇਟੀ, ਸਰਬਜੀਤ ਸਿੰਘ (ਸਮਾਜ ਸੇਵੀ), ਕੌਰ ਸਿੰਘ ਗਰੇਵਾਲ (ਸਮਾਜ ਸੇਵੀ) ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।

ਪੀ.ਏ.ਯੂ. ਨੇ ਆਲੂ ਦੀਆਂ ਪ੍ਰਮਾਣਿਕ ਕਿਸਮਾਂ ਦਾ ਬੀਜ ਕਿਸਾਨਾਂ ਲਈ ਮੁਹੱਈਆ ਕੀਤਾ

ਲੁਧਿਆਣਾ 31 ਜਨਵਰੀ(ਟੀ. ਕੇ.) 
ਪੀ.ਏ.ਯੂ. ਵਿਖੇ ਆਲੂ ਦੀਆਂ ਕਿਸਮਾਂ, ਜਿਨ੍ਹਾਂ ਵਿਚ ਪੀ.ਪੀ.-102 (ਪੀ.ਏ.ਯੂ. ਦੀ ਨਵੀਂ ਕਿਸਮ), ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ| ਜਿਹੜੇ ਕਿਸਾਨ ਇਹਨਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੁੰਦੇ ਹਨ ਉਹ ਉੱਪਰ ਦੱਸੀਆਂ ਕਿਸਮਾਂ ਦਾ ਬੀਜ ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।

ਵਿਧਾਇਕ ਸਿੱਧੂ ਨੇ ਮੋਬਾਇਲ ਵੈਨ ਰਾਹੀਂ  ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਲੁਧਿਆਣਾ, 31 ਜਨਵਰੀ (ਟੀ. ਕੇ. ) - ਜ਼ਮੀਨੀ ਪੱਧਰ 'ਤੇ ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਪ੍ਰਸ਼ਾਸ਼ਕੀ ਸੇਵਾਵਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੋਬਾਇਲ ਵੈਨ ਰਾਹੀਂ, ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਾਰਡ ਨੰਬਰ 45 ਦਾ ਦੌਰਾ ਕੀਤਾ ਗਿਆ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਨਿਪਟਾਰਾ ਵੀ ਕਰਵਾਇਆ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਰਾਮਨਗਰ ਦੀ ਗਲੀ ਨੰਬਰ 23 ਦਾ ਦੌਰਾ ਕਰਦਿਆਂ ਵਿਧਾਇਕ ਸਿੱਧੂ ਨੇ ਦੁਹਰਾਇਆ ਕਿ 'ਮੋਬਾਇਲ ਦਫ਼ਤਰ ਵੈਨ' ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਜੇਕਰ ਹਲਕਾ ਆਤਮ ਨਗਰ ਦਾ ਕੋਈ ਵੀ ਵਸਨੀਕ ਉਨ੍ਹਾਂ ਦੇ ਦਫ਼ਤਰ ਜਾਂ ਕਿਸੇ ਵੀ ਸਰਕਾਰੀ ਦਫ਼ਤਰ ਵਿਖੇ ਪਹੁੰਚ ਕਰਨ ਤੋਂ ਅਸਮਰੱਥ ਹੈ ਤਾਂ 24 ਘੰਟੇ ਕਿਸੇ ਵੀ ਸਮੇਂ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਆਪਣੀ ਸਮੱਸਿਆ ਦੱਸ ਸਕਦਾ ਹੈ ਅਤੇ ਮੋਬਾਇਲ ਵੈਨ ਰਾਹੀਂ ਤੁਰੰਤ ਲੋੜਵੰਦ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮੁਸ਼ਕਿਲ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਸਨੀਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।

ਉਤਮ ਚਾਰੇ ਡੇਅਰੀ ਖੇਤਰ ਦੇ ਵਿਕਾਸ ਲਈ ਬੁਨਿਆਦੀ ਲੋੜ - ਮਾਹਿਰ

ਲੁਧਿਆਣਾ, 30 ਜਨਵਰੀ(ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਲਈ ਉਤਮ ਚਾਰਿਆਂ ਦਾ ਉਤਪਾਦਨ, ਪ੍ਰਾਸੈਸਿੰਗ ਅਤੇ ਮੰਡੀਕਾਰੀ ਲਈ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਨਾਲ ਡੇਅਰੀ ਕਿਸਾਨ ਭਾਈਚਾਰੇ ਨੂੰ ਬਹੁਤ ਲਾਭ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਜੇ ਖੋਜ ਸੰਸਥਾਵਾਂ ਵੱਲੋਂ ਤਿਆਰ ਕੀਤੀਆਂ ਗਈਆਂ ਨਵੀਆਂ ਤਕਨਾਲੋਜੀਆਂ ਦਾ ਗਿਆਨ ਹੋਵੇਗਾ ਤਾਂ ਉਹ ਕਿਸਾਨੀ ਭਾਈਚਾਰੇ ਨੂੰ ਉੱਚਿਆਂ ਚੁੱਕਣ ਲਈ ਸਮੱਗਰ ਯੋਗਦਾਨ ਦੇ ਸਕਣਗੇ।
    ਸ. ਕਸ਼ਮੀਰ ਸਿੰਘ, ਸੰਯੁਕਤ ਨਿਰਦੇਸ਼ਕ, ਡੇਅਰੀ ਵਿਕਾਸ ਵਿਭਾਗ ਨੇ ਕਿਹਾ ਕਿ ਉਤਮ ਚਾਰੇ ਡੇਅਰੀ ਖੇਤਰ ਦੇ ਵਿਕਾਸ ਦੀ ਬੁਨਿਆਦੀ ਲੋੜ ਹਨ। ਉਨ੍ਹਾਂ ਕਿਹਾ ਕਿ ਖੇਤਰ ਵਿਚ ਕੰਮ ਕਰਨ ਵਾਲੇ ਸਾਡੇ ਅਧਿਕਾਰੀ ਕਿਸਾਨਾਂ ਨਾਲ ਨੇੜਲੇ ਸੰਬੰਧ ਰੱਖਦੇ ਹਨ ਅਤੇ ਬਹੁਤ ਕਿਸਮ ਦੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਨੂੰ ਕਿਸਾਨਾਂ ਤਕ ਲੈ ਕੇ ਜਾਣਾ ਸਾਡਾ ਇਕ ਵੱਡਾ ਉਦੇਸ਼ ਹੈ। ਡਾ. ਹਰਿੰਦਰ ਸਿੰਘ, ਚਾਰਾ ਖੋਜ ਮਾਹਿਰ ਨੇ ਚਾਰਿਆਂ ਦੀ ਪ੍ਰਾਸੈਸਿੰਗ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਹੇਅ ਬਨਾਉਣ ਸੰਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਸਲ ਦੀਆਂ ਕਿਸਮਾਂ ਦੀ ਚੋਣ, ਬਿਜਾਈ ਅਤੇ ਸੁਕਾਉਣ ਸੰਬੰਧੀ ਵੀ ਜਾਣਕਾਰੀ ਦਿੱਤੀ। ਡਾ. ਨਵਜੋਤ ਸਿੰਘ ਬਰਾੜ ਨੇ ਬਿਹਤਰ ਫਸਲ ਲੈਣ ਲਈ ਬਿਜਾਈ ਦੇ ਢੰਗ, ਸਿੰਚਾਈ, ਖਾਦ ਅਤੇ ਫਸਲ ਨੂੰ ਬਚਾਅ ਸੰਬੰਧੀ ਆਪਣੇ ਵਿਚਾਰ ਰੱਖੇ। ਡਾ. ਪਰਮਿੰਦਰ ਸਿੰਘ ਨੇ ਦੁੱਧ ਉਤਪਾਦਨ ਵਿਚ ਹਰੇ ਚਾਰਿਆਂ ਦੇ ਅਚਾਰ ਦੀ ਮਹੱਤਤਾ ਬਾਰੇ ਦੱਸਿਆ। ਅਚਾਰ ਬਨਾਉਣ ਦੀਆਂ ਬਿਹਤਰ ਤਕਨੀਕਾਂ ਬਾਰੇ ਵੀ ਉਨ੍ਹਾਂ ਨੇ ਸਿੱਖਿਅਤ ਕੀਤਾ। ਉਨ੍ਹਾਂ ਨੇ ਅਚਾਰ ਦੀ ਕਵਾਲਿਟੀ ਸੰਬੰਧੀ ਆਉਂਦੀਆਂ ਚੁਣੌਤੀਆਂ ਦੀ ਵੀ ਚਰਚਾ ਕੀਤੀ।
    ਡਾ. ਜੇ ਐਸ ਲਾਂਬਾ ਨੇ ਡੇਅਰੀ ਪਸ਼ੂਆਂ ਲਈ ਵਿਕਲਪ ਦੇ ਰੂਪ ਵਿਚ ਵਿਭਿੰਨ ਚਾਰਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਚਾਰਿਆਂ ਦੀ ਪੌਸ਼ਟਿਕਤਾ ਵਧਾਉਣ ਸੰਬੰਧੀ ਦੱਸਿਆ ਤਾਂ ਜੋ ਦੁਧਾਰੂਆਂ ਨੂੰ ਉੇਸਦਾ ਵਧੇਰੇ ਫਾਇਦਾ ਮਿਲ ਸਕੇ। ਇਨ੍ਹਾਂ ਅਧਿਕਾਰੀਆਂ ਨੂੰ ਯੂਨੀਵਰਸਿਟੀ ਡੇਅਰੀ ਫਾਰਮ ਦੇ ਚਾਰਾ ਅਤੇ ਅਚਾਰ ਖੇਤਰ ਦਾ ਦੌਰਾ ਵੀ ਕਰਵਾਇਆ ਗਿਆ।

ਪਨਬਸ ਅਤੇ ਪੀ. ਆਰ. ਟੀ. ਸੀ. ਉੱਚ ਅਧਿਕਾਰੀਆਂ ਵਲੋਂ ਮੁਲਾਜਮ ਮੰਗਾਂ ਹੱਲ ਕਰਨ ਦਾ  ਭਰੋਸਾ- ਸੂਬਾ ਪ੍ਰਧਾਨ 

ਚੰਡੀਗੜ੍ਹ /ਲੁਧਿਆਣਾ, 30 ਜਨਵਰੀ (ਟੀ. ਕੇ.) ਪੰਜਾਬ ਰੋਡਵੇਜ਼/ ਪਨਬਸ ਅਤੇ ਪੀ. ਆਰ. ਟੀ. ਸੀ. ਕਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਐਮ. ਡੀ. ਪਨਬੱਸ ਅਤੇ ਐਮ. ਡੀ. ਪੀ. ਆਰ. ਟੀ. ਸੀ. ਸਮੇਤ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਦਫਤਰ ਹੋਈ ਮੀਟਿੰਗ ਉਪਰੰਤ ਸਾਂਝਾ  ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਗਿਆ ਕਿ ਅੱਜ ਦੀ ਮੀਟਿੰਗ  ਵਿੱਚ ਸਾਰੀਆਂ ਮੰਗਾਂ (ਪੱਕਾ ਕਰਨ,ਕੰਟਰੈਕਟ ਤੇ ਕਰਨ,ਰਿਪੋਰਟਾਂ ਵਾਲੇ ਸਾਥੀਆਂ ਨੂੰ ਬਹਾਲ ਕਰਨ, ਸਾਰੇ ਮੁਲਾਜਮਾਂ ਦੀਆਂ ਤਨਖਾਹ ਵਿਚ ਵਾਧਾ ਕਰਨ ਦੀ ਮੰਗ , ਕੰਡੀਸ਼ਨਾਂ ਰੱਦ ਕਰਨ/ਸੋਧ  ਕਰਨ ਦੀ,5 ਫੀਸਦੀ ਤਨਖਾਹ ਦੇ ਏਰੀਅਰ ,ਟਿਕਟ ਦੀ ਜਿੰਮੇਵਾਰੀ ਸਵਾਰੀ ਦੀ, ਇਰਾਦਾ ਗਬਨ ਨਜਾਇਜ਼ ਰਿਪੋਰਟਾਂ ਰੱਦ ਕਰਨ,ਰਾਤਰੀ ਭੱਤੇ ਵਿੱਚ ਵਾਧਾ,ਟਿਕਟ ਮਸ਼ੀਨਾਂ ਨਵੀਆਂ ਲੈਣ,ਇਨਸੈਂਟਿਵ ਚਾਲੂ ਕਰਨ, ਢਾਬਿਆਂ ਦੀਆ ਰਿਪੋਰਟਾਂ ਨਾ ਕਰਨ ਸੰਬੰਧੀ,ਕੰਟਰੈਕਟ ਵਾਲੇ ਬਹਾਲ ਸੰਬਧੀ ਅਤੇ ਕੋਰਟ ਕੇਸ ਸਮੇਤ ਠੇਕੇਦਾਰ ਨਾਲ ਸੰਬੰਧਤ ਸਾਰੀਆਂ ਮੰਗਾਂ ' ਤੇ ਵਿਚਾਰ ਹੋਈ ਹੈ ਅਤੇ ਇਹਨਾਂ ਵਿੱਚੋ ਵਿਭਾਗ ਪੱਧਰ ਦੀਆਂ ਮੰਗਾਂ ਨੂੰ   ਦੋਨਾਂ ਹੀ ਐਮ. ਡੀਜ. ਵਲੋਂ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਸਮੇਂ ਦੀ ਮੰਗ ਕੀਤੀ ਗਈ ਹੈ ਕਿਉਂਕਿ ਦੋਨੋ ਹੀ ਅਧਿਕਾਰੀ ਨਵੇਂ ਨਿਯੁਕਤ ਹੋਏ ਹਨ ਇਸ ਲਈ ਯੂਨੀਅਨ ਵਲੋਂ ਵਿਭਾਗ ਪੱਧਰੀ ਦੀਆਂ ਮੰਗਾਂ' ਤੇ ਸਮਾਂ ਦਿੰਦੇ ਹੋਏ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਰੱਖੇ ਗਏ 1 ਫਰਵਰੀ ਦੇ ਧਰਨੇ ਨੂੰ ਮੁਲਤਵੀ ਕਰ ਦਿੱਤਾ  ਗਿਆ ਹੈ ਅਤੇ ਸਰਕਾਰ ਪੱਧਰ ਦੀਆਂ ਮੰਗਾਂ ਲਈ ਸਰਕਾਰ ਨਾਲ ਤੈਅ ਹੋਈ 1 ਫਰਵਰੀ ਦੀ ਮੀਟਿੰਗ ਵਿੱਚ ਜ਼ੇਕਰ ਸਰਕਾਰ ਨੇ ਕੋਈ ਠੋਸ ਹੱਲ ਨਾ ਕੱਢਿਆ ਤਾਂ ਹੜਤਾਲ ਸਮੇਤ ਸਾਰੇ ਸੰਘਰਸ਼ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਕਿਹਾ ਕਿ ਮੁਲਾਜਮਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਦੀ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ  29 ਜਨਵਰੀ ਦੀ ਸ਼ਾਮ ਨੂੰ ਪੱਟੀ ਵਿਖ਼ੇ ਪਨਬਸ ਅਤੇ ਪੀ. ਆਰ. ਟੀ. ਸੀ. ਵਿੱਚੋ ਕੱਢੇ ਗਏ ਮੁਲਜਮਾਂ ਵਲੋਂ ਦਿੱਤੇ ਜਾਂ ਰਹੇ ਸ਼ਾਂਤਮਈ ਧਰਨੇ ਉਤੇ ਬੈਠੇ ਮੁਲਾਜਮਾਂ ਤੇ ਪੱਟੀ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਲਾਠੀ ਚਾਰਜ ਦੀ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਲਾਠੀ ਚਾਰਜ ਕਰਨ ਦੀ ਬਜਾਏ ਇਹਨਾਂ ਮੁਲਾਜਮਾਂ ਦੀਆਂ ਮੰਗਾਂ ਦਾ ਜਲਦ ਹੱਲ ਕੱਢਿਆ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਠ,ਬਲਜੀਤ ਸਿੰਘ ਅੰਮ੍ਰਿਤਸਰ,ਜਲੌਰ ਸਿੰਘ ਜਗਰਾਓਂ,ਹਰਜਿੰਦਰ ਸਿੰਘ ਜਲੰਧਰ,ਗੁਰਪ੍ਰੀਤ ਸਿੰਘ ਢਿੱਲੋਂ ਮੁਕਤਸਰ,ਪਰਮਜੀਤ ਸਿੰਘ ਨਵਾਂ ਸ਼ਹਿਰ,ਜਗਜੀਤ ਸਿੰਘ,ਬਲਜਿੰਦਰ ਸਿੰਘ ਬਾਠ ਅਤੇ ਰਾਮਦਿਆਲ ਆਦਿ ਆਗੂ ਹਾਜਿਰ ਹੋਏ।

ਐਡਵੋਕੇਟ ਸੰਨੀ ਵਰਮਾ ਵਰਗੇ ਸਮਾਜਸੇਵੀਆਂ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ-. ਕੈਪਟਨ ਨਰੇਸ਼ ਵਰਮਾ.

ਜਗਰਾਉਂ,30 ਜਨਵਰੀ ( ਅਮਿਤ ਖੰਨਾ ) ਇੱਕ ਪਿਤਾ ਦੇ ਲਈ ਉਸਦੇ ਜਵਾਨ ਪੁੱਤ ਦੀ ਮੌਤ ਸਭ ਤੋੰ ਵੱਡਾ ਦੁੱਖ ਹੁੰਦਾ ਹੈ. ਕਈ ਵਾਰ ਪਿਤਾ ਗ਼ਮ ਚ ਢੇਰੀ ਢਾਹ ਬੈਠਦਾ. ਪਰ ਜਗਰਾਓਂ ਚ ਸਮਾਜ ਸੇਵੀ ਹਿੰਮਤ ਵਰਮਾ ਨੇ ਅਪਣੇ ਜਵਾਨ ਪੁੱਤ ਦੇ ਵਿਛੋੜੇ ਦੇ ਦੁੱਖ ਨੁੰ ਜਰੂਰਤਮੰਦਾ ਦੇ ਸੁੱਖ ਚ ਤਬਦੀਲ ਕਰਕੇ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ. ਸੰਨੀ ਵਰਮਾ ਬੁੱਕ ਬੈਂਕ ਜਗਰਾਓਂ ਦਾ ਹੋਣਹਾਰ ਪ੍ਰੋਜੈਕਟ ਡਾਇਰੈਕਟਰ ਸੀ ਜਿਸਨੇ ਆਪਣੀ ਅਗਵਾਈ ਚ ਬੁੱਕ ਬੈਂਕ ਸੋਸਾਇਟੀ ਜਗਰਾਉਂ ਦੇ ਹਜ਼ਾਰਾਂ ਬੱਚਿਆ ਨੁੰ ਕਿਤਾਬਾਂ, ਕਾਪੀਆਂ ਅਤੇ ਫੀਸਾਂ ਉਪਲੱਵਧ ਕਰਾਕੇ ਪੜਾਈ ਜਾਰੀ ਰੱਖਣ ਚ ਸਹਾਇਤਾ ਕੀਤੀ. ਉਸਦੇ ਬਹੁਤ ਵੱਡੇ ਸੁਪਨੇ ਸੀ. ਉਸਦੇ ਇਹ ਸਾਰੇ ਸੁਪਨਿਆਂ ਨੁੰ ਸਾਕਾਰ ਕਰਨ ਲਈ ਸੰਨੀ ਦੇ ਪਿਤਾ ਸਮਾਜਸੇਵੀ ਹਿੰਮਤ ਵਰਮਾ ਬੁੱਕ ਬੈਂਕ ਲਾਇਬ੍ਰੇਰੀ ਨੁੰ ਬੱਚਿਆਂ ਅਤੇ ਸਮਾਜ ਸੇਵੀ ਕੰਮਾਂ ਲਈ ਨਵਾਂ ਰੂਪ ਦੇ ਰਹੇ ਨੇ.ਇਸ ਤੋੰ ਪਹਿਲਾਂ ਉਹਨਾਂ ਦੇ ਪਿਤਾ ਸਵਰਗੀ ਬਾਬੂ ਸਿੰਘ ਸਰਾਫ ਦੀ ਯਾਦ ਵਿੱਚ ਸਮਾਜ ਸੇਵੀ ਕੰਮ ਹੋ ਰਹੇ ਨੇ. ਇਸ ਮੌਕੇ ਸਵੱਛ ਭਾਰਤ ਅਭਿਆਨ ਜਗਰਾਉਂ ਦੇ ਬ੍ਰਾਂਡ ਅੰਬੇਸਡਰ ਕੈਪਟਨ ਨਰੇਸ਼ ਵਰਮਾ ਨੇ ਸੰਨੀ ਵਰਮਾ ਦੀ ਸਲਾਨਾ ਬਰਸੀ ਤੇ ਵਰਕਰਾਂ ਨੂੰ ਰਾਸ਼ਨ ਵੰਡਿਆ. ਉਹਨਾਂ ਕਿਹਾ ਕਿ ਸਵਰਗੀ ਸਨੀ ਵਰਮਾ ਦੇ ਸੁਪਨਿਆਂ ਨੁੰ ਪੂਰਾ ਕਰਨ ਲਈ ਉਹ ਹਿੰਮਤ ਵਰਮਾ ਦੇ ਨਾਲ ਹਮੇਸ਼ਾ ਖੜ੍ਹਣਗੇ. ਇਸ ਮੌਕੇ ਉਹਨਾਂ ਨਾਲ ਜਤਿੰਦਰ ਬਾਂਸਲ ਅਤੇ ਹਰਪਾਲ ਸਿੰਘ ਖੁਰਾਣਾ ਹਾਜਿਰ ਸੀ. ਸਭ ਨੇ ਐਡਵੋਕੇਟ ਸਨੀ ਵਰਮਾ ਨੁੰ ਸ਼ਰਧਾ ਦੇ ਫੁੱਲ ਭੇਂਟ ਕੀਤੇ.

ਸਿਵਿਲ ਹਸਪਤਾਲ ਮੋਗਾ ਵਿਖੇ ਲੋਕਾਂ ਨੂੰ ਨਸ਼ੇ ਪ੍ਰਤੀ ਕੀਤਾ ਜਾਗਰੂਕ

ਨਸ਼ੇ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਰਲ ਕੇ ਯਤਨ ਕਰਨ ਦੀ ਲੋੜ ਹੈ - ਡਾਕਟਰ ਸੀ ਪੀ ਸਿੰਘ

ਮੋਗਾ ,  (ਜਸਵਿੰਦਰ ਸਿੰਘ ਰੱਖਰਾ   ) ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਦੇ ਹੁਕਮ ਅਨੁਸਾਰ ਅਤੇ ਐੱਸ ਐਮ ਓ  ਡਾਕਟਰ ਸੁਖਪ੍ਰੀਤ ਬਰਾੜ ਅਤੇ  ਡਾਕਟਰ ਰਾਕੇਸ਼ ਬਾਲੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾਦੇ  ਦਿਸ਼ਾ ਨਿਰਦੇਸ਼ਾ ਅਨੁਸਾਰ  ਲੋਕਾਂ ਨੂੰ ਨਸ਼ੇ ਦੇ ਮਾੜੇ ਪਰਭਾਵਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੁਕਤਾ ਕੀਤੀ  ਜਾ ਰਹੀ ਹੈ।  ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਸਿਵਿਲ ਹਸਪਤਾਲ਼ ਦੇ ਓਟ ਸੈਂਟਰ ਵਲੋ  ਲੋਕਾਂ ਨੂੰ ਨਸ਼ੇ ਦੇ ਮਾੜੇ ਪਰਭਾਵ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।
          ਇਸ ਬਾਰੇ ਮਾਨਸਿਕ ਰੋਗਾ ਦੇ ਮਾਹਿਰ ਅਤੇ ਮੈਡੀਕਲ ਅਫ਼ਸਰ ਓਟ ਕੇਂਦਰ ਡਾਕਟਰ ਸੀ ਪੀ ਸਿੰਘ  ਨੇ  ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ।
                      ਓਟ  ਕੇਂਦਰ ਦੇ ਕੌਂਸਲਰ ਪੂਜਾ ਰਿਸ਼ੀ ਸਿਵਿਲ ਹਸਪਤਾਲ਼ ਮੋਗਾ ਨੇ  ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਸੇਬਾ ਕੇਂਦਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ਼ ਚਲਾਇਆ ਜਾ ਰਿਹਾ ਹੈ । ਇਨ੍ਹਾਂ ਕੇਂਦਰਾ ਵਿਚ ਇਲਾਜ ਦੇ ਨਾਲ ਨਾਲ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਉਨ੍ਹਾਂ ਦੀ ਕਾਊਂਸਲਿਂਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਮਜਬੂਤ ਹੋ ਸਕਣ । ਜਿਸ ਨਾਲ ਸਮਾਜ ਦੀ ਸੋਚ ਨੂੰ ਕਾਫ਼ੀ ਹਦ ਤੱਕ ਬਦਲਿਆ ਗਿਆ ਹੈ ।
     ਇਸ ਮੌਕੇ ਪੂਜਾ ਰਿਸ਼ੀ ਕਾਉਂਸਲਰ   ਨੇ ਅਪੀਲ ਕੀਤੀ ਕਿ ਆਮ ਲੋਕ ਵੀ ਸਰਕਾਰ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ  ਆਪਣਾ ਸਹਿਯੋਗ ਦੇਣ ਤਾਂ ਜੋ  ਨਸ਼ਾ ਪੀੜ੍ਹਤ ਲੋਕਾ ਨੂੰ ਇਸ ਨਸ਼ਿਆਂ ਰੂਪੀ ਦਲਦਲ ਤੋਂ ਬਚਾਇਆ ਜਾ ਸਕੇ ਅਤੇ । ਉਹਨਾਂ ਕਿਹਾ ਕਿ ਇਸ ਬਿਮਾਰੀ ਲਈ ਸਾਰੇ ਸਮਾਜ ਨੂੰ ਇਕੱਠਾ ਤੇ ਜਾਗਰੂਕ ਹੋਣ ਦੀ ਲੋੜ ਹੈ।

ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹੈ

ਲੁਧਿਆਣਾ, 19 ਜਨਵਰੀ (ਟੀ. ਕੇ. ) - ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ, ਜਨਵਰੀ ਮਹੀਨੇ ਵਿੱਚ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਪ੍ਰੋਗਰਾਮ ਕਰਕੇ 'ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਹਫ਼ਤਾ - 2024' ਮਨਾਇਆ ਜਾ ਰਿਹਾ ਹੈ।

ਬੀਤੀ 16 ਜਨਵਰੀ ਨੂੰ, ਇਸ ਜਾਗਰੂਕਤਾ ਸੈਸ਼ਨ ਦਾ ਆਯੋਜਨ ਸਥਾਨਕ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਲੁਧਿਆਣਾ ਵਿਖੇ ਕੀਤਾ ਗਿਆ, ਜਿਸ ਵਿੱਚ ਸ੍ਰੀ ਜਸਬੀਰ ਸਿੰਘ, ਮੁਖੀ - ਟਰੈਫਿਕ ਐਜੂਕੇਸ਼ਨ ਸੈੱਲ, ਲੁਧਿਆਣਾ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।

ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਲੈਂਦੇ ਹਨ। ਮਨੁੱਖੀ ਲਾਗਤ ਬੇਅੰਤ ਹੈ ਕਿਉਂਕਿ ਇਹ ਮ੍ਰਿਤਕ/ਜ਼ਖਮੀ ਵਿਅਕਤੀਆਂ ਦੇ ਪਰਿਵਾਰਾਂ 'ਤੇ ਆਰਥਿਕ ਬੋਝ ਪਾਉਂਦੀ ਹੈ। ਅਜਿਹੀ ਸਥਿਤੀ ਵਿੱਚ ਸੜਕ ਸੁਰੱਖਿਆ ਪ੍ਰਤੀ ਸਮੂਹਿਕ ਜਾਗਰੂਕਤਾ ਦੀ ਲੋੜ ਹੈ ਅਤੇ ਇਸ ਉਦੇਸ਼ ਲਈ ਭਾਰਤ ਸਰਕਾਰ ਵਲੋਂ ਹਰ ਸਾਲ ਜਨਵਰੀ ਮਹੀਨੇ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮਨਾਇਆ ਜਾਂਦਾ ਹੈ।

ਸ਼੍ਰੀ ਸੁਭਾਸ਼ ਚੰਦਰ, ਜੇ.ਡੀ., ਐਨ.ਐਸ.ਟੀ.ਆਈ. ਨੇ ਕਿਹਾ ਕਿ 'ਸਹੀ ਹੈਲਮੇਟ ਪਹਿਨਣਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ'।

ਇਸ ਤੋਂ ਇਲਾਵਾ ਜ਼ਿਲ੍ਹਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ ਲੁਧਿਆਣਾ ਨੇ ਕਿਹਾ ਕਿ ਸੜਕ ਸੁਰੱਖਿਆ ਸੈਸ਼ਨ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।

ਇਸ ਮੌਕੇ ਵਿਦਿਆਰਥੀਆਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਲਈ ਬਣਾਏ ਗਏ ਇਸ ਪੋਰਟਲ ਦਾ ਲਾਭ ਉਠਾ ਸਕਣ। ਵਿਦਿਆਰਥੀਆਂ ਨੂੰ 'ਮਾਈ ਭਾਰਤ' ਲੋਗੋ ਵਾਲੀਆਂ ਟੀ-ਸ਼ਰਟਾਂ, ਕੈਪਾਂ ਅਤੇ ਬੈਜ ਵੀ ਵੰਡੇ ਗਏ।

ਗਣਤੰਤਰ ਦਿਵਸ ਮੌਕੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਕਾਮੇ ਲੁਧਿਆਣਾ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਭਗਵੰਤ ਮਾਨ ਸਰਕਾਰ ਨੂੰ ਘੇਰਨਗੇ

ਲੁਧਿਆਣਾ ਦੀਆਂ ਸੜਕਾਂ 'ਤੇ ਕਾਲੇ ਝੰਡੇ ਲਹਿਰਾ ਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ - ਆਗੂ 
ਲੁਧਿਆਣਾ, 19 ਜਨਵਰੀ (ਟੀ. ਕੇ.)
ਲੋਕ ਸਭਾ ਚੋਣਾਂ ਨੇੜੇ ਆਉਣ ਨੂੰ ਲੈ ਕੇ ਮੁਲਾਜਮ ਜੱਥੇਬੰਦੀਆਂ ਖਾਸ ਤੌਰ 'ਤੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਮੁਲਾਜਮਾਂ ਨੇ 26 ਜਨਵਰੀ ਨੂੰ ਲੁਧਿਆਣਾ ਵੱਲ  ਰੁਖ ਕਰ ਲਿਆ ਹੈ। ਸਿਹਤ ਵਿਭਾਗ ਵਿੱਚ ਯੋਗ ਪ੍ਣਾਲੀ ਰਾਹੀ ਭਰਤੀ ਕੀਤੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ ਪੰਦਰ੍ਹਾਂ ਵੀਹ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਲੀਡਰ ਸੱਤਾ ਦੇ ਨਸ਼ੇ ਵਿੱਚ ਆਪਣੇ ਵਾਅਦਿਆ ਤੋਂ ਨਜ਼ਰਾਂ ਫੇਰਦੇ ਨਜ਼ਰ ਆ ਰਹੇ ਹਨ । ਕਾਂਗਰਸ ਸਰਕਾਰ ਵੇਲੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਮੁਲਾਜ਼ਮਾਂ ਦੇ ਧਰਨਿਆਂ ਦੇ ਵਿਚ ਸ਼ਾਮਿਲ ਹੋ ਕੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੇ ਸਬਜ਼ਬਾਗ ਦਿਖਾਏ, ਪਰ  ਜਦ  ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਵਾਰੀ ਆਈ ਤਾਂ ਪਿਛਲੇ 2 ਸਾਲਾਂ ਦੌਰਾਨ ਕੀਤੀਆਂ ਗਈਆਂ ਲੱਗਭੱਗ 22-23 ਦੇ ਕਰੀਬ ਮੀਟਿੰਗਾਂ ਵਿਚ ਵੀ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਮੀਟਿੰਗਾਂ ਦੌਰਾਨ ਬਸ ਲਾਰਿਆਂ ਦੀ ਪੰਡ ਦੇ ਸਿਵਾ ਕੁਝ ਵੀ ਨਹੀਂ ਦਿੱਤਾ ਗਿਆ।ਇਹਨਾਂ ਗੱਲਾਂ ਦਾ ਪ੍ਰਗਟਾਵਾ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਵਾਹਿਦ, ਸੂਬਾ ਸਕੱਤਰ ਗੁਲਸ਼ਨ ਸ਼ਰਮਾ ਫਰੀਦਕੋਟ,ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ ਅਤੇ ਕਿਰਨਜੀਤ ਕੌਰ ਵਲੋਂ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ ਗਿਆ । ਉਹਨਾਂ ਕਿਹਾ ਕਿ ਆਪਣੇ ਭਵਿੱਖ ਅਤੇ ਹੋਂਦ ਨੂੰ ਬਚਾਉਣ ਲਈ ਸਿਹਤ ਵਿਭਾਗ ਦੀ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੂਨੀਅਨ ਗਣਤੰਤਰ ਦਿਵਸ  ਮੌਕੇ  26 ਜਨਵਰੀ ਨੂੰ ਲੁਧਿਆਣਾ ਵਿਖੇ ਹੋ ਰਹੇ ਸੂਬਾ ਪੱਧਰੀ ਸਮਾਗਮ ਦੇ ਮੌਕੇ  ਮਾਨ ਸਰਕਾਰ ਦੀ ਪੋਲ ਖੋਲ ਰੈਲੀ ਕਰੇਗੀ। ਰੈਲੀ ਦੌਰਾਨ ਲੁਧਿਆਣਾ ਦੀਆਂ ਸੜਕਾਂ 'ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਰਕਾਰ ਦੀ ਲਾਰੇਬਾਜੀ ਅਤੇ ਵਾਅਦਾ ਖਿਲਾਫ਼ੀ ਬਾਰੇ ਕਾਲੇ ਝੰਡੇ ਲਹਿਰਾ ਕੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ  ਇਹ ਉਹ ਮੁਲਾਜ਼ਮ ਹਨ ਜਿਨ੍ਹਾਂ ਨੇ ਨਿਗੂਣੀਆਂ ਤਨਖਾਹਾਂ ਹੋਣ ਦੇ ਬਾਵਜੂਦ ਸਰਕਾਰ ਨੂੰ ਆਪਣੀ ਜਾਨ ਤੇ ਖੇਡ ਕੇ ਕਰੋਨਾ ਦੀ ਜੰਗ ਜਿੱਤ ਕੇ ਦਿੱਤੀ । ਕੁੰਭ ਕਰਨੀ ਨੀਂਦ ਸੁੱਤੀ ਪਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਲੁਧਿਆਣੇ ਵਿਖੇ ਨੈਸ਼ਨਲ ਹੈਲਥ ਮਿਸ਼ਨ ਦੇ 10000 ਸਿਹਤ ਕਰਮਚਾਰੀਆਂ ਵੱਲੋਂ ਇਹਨਾਂ ਦੇ ਲਾਰਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਜਿੱਥੇ ਜਿੱਥੇ ਵੀ ਇਹਨਾਂ  ਦੇ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਕਰਨਗੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਉਹਨਾਂ ਦਾ ਘਿਰਾਓ ਕਰਨਗੇ। ਜਿਕਰਯੋਗ ਹੈ ਕਿ ਪਿਛਲੇ ਡੇਢ-ਦੋ ਸਾਲ ਦੌਰਾਨ ਯੂਨੀਅਨ ਦੀਆਂ ਮੌਜੂਦਾ ਸਰਕਾਰ ਦੇ ਮੰਤਰੀਆਂ, ਸਿਹਤ ਮੰਤਰੀਆਂ,ਅਧਿਕਾਰੀਆਂ ਨਾਲ ਲੱਗਭੱਗ 22-23 ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਸਰਕਾਰ ਵੱਲੋਂ ਇਹਨਾਂ ਕਰਮਚਾਰੀਆਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਜਿਵੇਂ ਕਿ ਰੈਗੂਲਰਾਈਜੇਸ਼ਨ, ਹਰਿਆਣਾ ਵਾਂਗ ਪੇਅ ਸਕੇਲ ਦੇਣਾਂ, ਸਿਹਤ ਬੀਮਾ ਅਤੇ ਬਰਾਬਰ ਯੋਗਤਾ-ਬਰਾਬਰ ਕੰਮ-ਬਰਾਬਰ ਤਨਖਾਹਾਂ ਦੇ ਸਿਧਾਂਤ ਅਨੁਸਾਰ ਗੁਜਾਰੇ ਯੋਗ ਤਨਖਾਹਾਂ ਦੇਣਾ ਆਦਿ ਬਾਰੇ ਭੇਦਭਰੀ ਚੁੱਪ ਵੱਟ ਲਈ ਹੈ, ਜਿਸ ਕਰਕੇ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨਿਭਾ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ 10000 ਮੁਲਾਜਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਪੰਜਾਬ ਭਰ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਅੱਧੀ ਅਧੂਰੀ "ਭਲਾਈ ਨੀਤੀ" ਵੀ ਚਿੱਟਾ ਹਾਥੀ ਸਾਬਿਤ ਹੁੰਦੀ ਦਿਖਾਈ ਦੇ ਰਹੀ ਅਤੇ ਲੱਗਦਾ ਹੈ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਪਹਿਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਵਿੱਚ ਵੀ ਠੇਕਾ ਪ੍ਥਾ ਦੇ ਨਾਮ ਤੇ ਸਰਕਾਰੀ ਬੰਧੂਆ ਮਜਦੂਰੀ ਜਾਰੀ ਰਹੇਗੀ। ਇਸ ਵੇਲੇ ਉਹਨਾਂ ਨਾਲ ਅਵਤਾਰ ਸਿੰਘ ਮਾਨਸਾ,ਅਮਨਦੀਪ ਸਿੰਘ ਮਾਨਸਾ, ਨੀਤੂ ਸ਼ਰਮਲ ਹੁਸਿ਼ਆਰਪੁਰ,ਸੰਦੀਪ ਕੌਰ ਬਰਨਾਲਾ,ਰਣਜੀਤ ਕੌਰ ਬਠਿੰਡਾ ,ਦੀਪਿਕਾ ਸ਼ਰਮਾ ਪਠਾਨਕੋਟ ,ਹਰਪਾਲ ਸਿੰਘ ਸੋਢੀ,ਡਾਕਟਰ ਪ੍ਰਭਜੋਤ ਕਪੂਰਥਲਾ, ਰਵਿੰਦਰ ਸਿੰਘ ਫਾਜ਼ਿਲਕਾ,ਡਾਕਟਰ ਸੁਮਿਤ ਕਪਾਹੀ ਜਲੰਧਰ ਅਤੇ ਸਮੂਹ ਸੂਬਾ ਕਮੇਟੀ ਮੈਂਬਰ ਹਾਜਰ ਸਨ।

ਪੁਲਿਸ ਕਮਿਸ਼ਨਰੇਟ  ਵੱਲੋਂ ਸਾਈਬਰ ਜਾਗਰੂਕਤਾ ਅਭਿਯਾਨ ਦਾ ਆਗਾਜ਼ 

ਆਨਲਾਈਨ ਧੋਖਾਧੜੀ ਤੋਂ ਬਚਾਅ ਲਈ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਕੀਤਾ ਜਾਰੀ
ਲੁਧਿਆਣਾ, 19 ਜਨਵਰੀ (ਟੀ. ਕੇ.)
ਕੁਲਦੀਪ ਸਿੰਘ ਚਾਹਲ ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ  ਵੱਲੋਂ ਇਕ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਜਾਰੀ ਕਰਕੇ ਸਾਈਬਰ ਜਾਗਰੂਕਤਾ ਅਧਿਆਨ ਦੀ ਸ਼ੁਰੂਆਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ  ਦੀ ਅਗਵਾਈ ਹੇਠ  ਰਾਜ ਕੁਮਾਰ ਬਜਾੜ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਅਤੇ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੀ ਟੀਮ ਵੱਲੋਂ  ਕੁੰਦਨ ਵਿਦਿਆ ਮੰਦਿਰ ਸਿਵਲ ਲਾਈਨ ਲੁਧਿਆਣਾ ਵਿਖੇ ਪ੍ਰੋਗਰਾਮ ਕਰਕੇ ਕੀਤੀ ਗਈ, ਜਿਸ ਵਿੱਚ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਾਰੀ ਕੀਤੇ ਗਏ ਕੈਲੰਡਰ ਵਿੱਚ ਇਸ ਸਾਲ ਆਮ ਨਾਗਰਿਕਾਂ ਅਤੇ ਬੱਚਿਆਂ ਨੂੰ ਸਾਈਬਰ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾਣ ਵਾਲੇ ਸੈਮੀਨਾਰਾਂ ਦੀ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਤਰ੍ਹਾਂ ਦੇ ਸਾਈਬਰ ਅਪਰਾਧਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਜਿਸਦੀ ਲੜੀ ਵਿੱਚ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਦੀ ਟੀਮ ਵੱਲੋਂ ਸਕੂਲੀ ਬੱਚਿਆਂ ਨੂੰ ਦੱਸਿਆ ਕਿ ਆਪਣਾ ਨਿੱਜੀ ਡਾਟਾ ਕਿਵੇਂ ਬਚਾਇਆ ਜਾ ਸਕਦਾ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕਿਵੇਂ ਬਚਿਆ ਜਾ ਸਕੇ। ਸੋਸ਼ਲ ਮੀਡੀਆ ਪਲੇਟਫਾਰਮ ਪਰ ਕਿਵੇਂ ਆਪਣੇ ਅਕਾਉਂਟਾਂ ਨੂੰ ਸੁਰੱਖਿਅਤ ਰੱਖਿਆ ਜਾਵੇ, ਕੋਈ ਵੀ ਫੋਟੋ/ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਉਸਨੂੰ ਜਾਣ ਲਿਆ ਜਾਵੇ ਕਿ ਉਹ ਸ਼ੇਅਰ ਕਰਨ ਯੋਗ ਹੈ ਜਾਂ ਨਹੀਂ, ਅਣਜਾਣ ਨੰਬਰਾਂ ਤੋਂ ਆਈਆਂ ਵੀਡੀਓ ਕਾਲਾਂ ਤੋਂ ਸਾਵਧਾਨ ਰਿਹਾ ਜਾਵੇ, ਕਿਸੇ ਵੀ ਵਿਅਕਤੀ ਜਾਂ ਅਧਿਆਪਕ ਦਾ ਕੋਈ ਫਰਜੀ ਸੋਸ਼ਲ ਮੀਡੀਆਂ ਅਕਾਊਂਟ ਨਾ ਬਣਾਇਆ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਚਾਈਲਡ ਪੋਰਨੋਗ੍ਰਾਫੀ ਕੰਨਟੈਂਟ ਨੂੰ ਅਪਲੋਡ ਨਾ ਕਰਨ ਅਤੇ ਅੱਗੇ ਨਾ ਭੇਜਣ ਸਬੰਧੀ ਹਦਾਇਤ ਕੀਤੀ ਗਈ ਤਾਂ ਜੋ ਇਸ ਸਬੰਧੀ ਬੱਚਿਆਂ ਖਿਲਾਫ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਬਚਾਇਆ ਜਾ ਸਕੇ।
 ਕਮਿਸ਼ਨਰ ਪੁਲਿਸ  ਵੱਲੋਂ ਇਸਦੀ ਲੜੀ ਵਿਚ ਦੱਸਿਆ ਗਿਆ ਕਿ ਡਿਜੀਟਲ ਤਕਨੀਕ ਵਿੱਚ ਵਧ ਰਹੀ ਤਰੱਕੀ ਦੇ ਨਾਲ-ਨਾਲ, ਸਾਈਬਰ ਕ੍ਰਾਈਮ ਵਿਰੁੱਧ ਲੜਾਈ ਵੀ ਪੁਲਿਸ ਲਈ ਵੱਡੀ ਚੁਣੌਤੀ ਬਣ ਗਈ ਹੈ। ਬੇਸ਼ੱਕ ਪੁਲਿਸ ਅਧਿਕਾਰੀ ਦਿਨ ਰਾਤ ਮਿਹਨਤ ਕਰਕੇ ਸਾਈਬਰ ਕ੍ਰਾਈਮ ਕਰਨ ਵਾਲਿਆਂ 'ਤੇ ਨਕੇਲ ਕੱਸਣ ਵਿੱਚ ਕਾਮਯਾਬ ਹੋ ਰਹੇ ਹਨ, ਪ੍ਰੰਤੂ ਫਿਰ ਵੀ ਆਮ ਜਨਤਾ ਦਾ ਜਾਗਰੂਕ ਹੋਣਾ ਸਮੇਂ ਦੀ ਜਰੂਰਤ ਹੈ। ਆਮ ਜਨਤਾ ਦੇ ਜਾਗਰੂਕ ਹੋਣ ਤੋਂ ਬਿਨਾਂ ਸਾਈਬਰ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ। ਕਮਿਸ਼ਨਰ ਪੁਲਿਸ  ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਰੀ ਕੈਲੰਡਰ ਵਿਚ ਸਾਂਝੀ ਕੀਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਦਿਨ ਰਾਤ ਮਿਹਨਤ ਕਰਕੇ ਕਮਾਈ ਪੂੰਜੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੱਡੇ ਸਮਾਜਿਕ ਹਿੱਤ ਨੂੰ ਮੁੱਖ ਰੱਖਦਿਆਂ, ਕੈਲੰਡਰ ਵਿੱਚ ਦਰਸਾਏ ਕੁਝ ਲੋੜੀਂਦੇ ਸੁਝਾਅ ਅਪਣਾਉਣ ਨਾਲ ਸਾਈਬਰ ਕ੍ਰਾਈਮ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਅਣਜਾਣ ਨੰਬਰਾਂ ਤੋਂ ਆਏ ਕੇ.ਵਾਈ.ਸੀ. ਲਿੰਕ 'ਤੇ ਕਲਿਕ ਨਾ ਕੀਤਾ ਜਾਵੇ, ਲੁਭਾਵਣੇ ਇਸ਼ਤਿਹਾਰਾਂ ਤੋਂ ਬਚਿਆ ਜਾਵੇ, ਔਖੇ ਪਾਸਵਰਡ ਦੀ ਵਰਤੋਂ ਕੀਤੀ ਜਾਵੇ, ਕਿਸੇ ਵੀ ਵਿਅਕਤੀ ਨਾਲ ਆਪਣਾ ਪਾਸਵਰਡ ਸਾਂਝਾ ਨਾ ਕੀਤਾ ਜਾਵੇ, ਹਰ ਤਿੰਨ ਮਹੀਨੇ ਦੇ ਵਖਵੇ ਮਗਰੋਂ ਆਪਣੇ ਪਾਸਵਰਡ ਬਦਲੀ ਕਰਨਾ ਵਗੈਰਾ ਯਕੀਨੀ ਬਣਾਇਆ ਜਾਵੇ।

ਪੀ.ਏ.ਯੂ. ਨੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਦੇ ਗੁਰ ਦੱਸੇ

ਲੁਧਿਆਣਾ 19 ਜਨਵਰੀ(ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ  ‘ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਪੱਧਰ ਤੇ ਸਾਂਭ-ਸੰਭਾਲ ਕਰਨ ਸਬੰਧੀ’ ਪੰਜ ਦਿਨਾਂ ਸਿਖਲਾਈ ਕੋਰਸ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ| ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 17 ਸਿਖਿਆਰਥੀਆਂ ਨੇ ਭਾਗ ਲਿਆ| ਡਾ. ਪ੍ਰੇਰਨਾ ਕਪਿਲਾ,  ਕੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਬਨਾਉਣ ਦੀ ਜਾਣਕਾਰੀ ਦਿਤੀ ਗਈ ਜਿਵੇਂ ਕਿ ਆਵਲਾ ਕੈਂਡੀ, ਗਾਜਰਾਂ ਦਾ ਮੁਰੱਬਾ, ਟਮਾਟਰ ਜੂਸ, ਟਮਾਟਰ ਪਿਉਰੀ ਤੇ ਸੌਸ , ਸ਼ੁਕਐਸ਼ ਤੇ ਨੈਕਟਰ, ਪਾਪੜ ਵੜੀਆਂ, ਫਰੂਟ ਜੈਮ, ਅਮਰੂਦ ਦੀ ਜੈਲੀ, ਸਬਜ਼ੀਆਂ ਦਾ ਰਲਿਆ ਮਿਲਿਆ ਆਚਾਰ ਆਦਿ |ਡਾ. ਅਰਸ਼ਦੀਪ ਸਿੰਘ, ਤਕਨੀਕੀ ਕੋਆਰਡੀਨੇਟਰ ਨੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਣਾ ਬਹੁਤ ਮਹੱਤਵ ਪੂਰਨ ਹੈ| ਉਹਨਾ ਸਿਖਿਆਰਥੀਆਂ ਨੂੰ ਵਪਾਰਿਕ ਪੱਧਰ ਤੇ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ| ਸਿਖਿਆਰਥੀ ਘਰੇਲੂ ਪੱਧਰ ਤੇ ਵੀ ਆਪਣੇ ਪਰਿਵਾਰਾਂ ਲਈ ਸ਼ੁਧ ਅਤੇ ਪੌਸ਼ਟਿਕ ਪਕਵਾਨ ਪ੍ਰਦਾਨ ਕਰ ਸਕਦੇ ਹਨ| ਜਿਹੜੇ ਸਿਖਿਆਰਥੀ ਇਸ ਧੰਦੇ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਸਾਡੇ ਵਿਭਾਗ ਤੋਂ ਮਦਦ ਲੈ ਸਕਦੇ ਹਨ|ਇਸ ਕੋਰਸ ਦੌਰਾਨ ਵੱਖ-ਵੱਖ ਮਾਹਰਾਂ ਡਾ. ਹਨੂੰਮਾਨ ਬੋਬੜੇ, ਡਾ. ਵਿਕਾਸ ਕੁਮਾਰ, ਡਾ. ਜਗਬੀਰ ਰੀਹਲ, ਡਾ. ਸੁਖਪ੍ਰੀਤ ਕੌਰ ਅਤੇ ਡਾ. ਨੇਹਾ ਬੱਬਰ ਨੇ ਅਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ| ਇਸ ਕੋਰਸ ਦੇ ਕੋ-ਕੋਆਰਡੀਨੇਟਰ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ|

ਬਠਿੰਡਾ ਦੇ ਤਕਨੀਕੀ ਮਾਹਿਰਾਂ ਨੇ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ

ਲੁਧਿਆਣਾ 19 ਜਨਵਰੀ(ਟੀ. ਕੇ.) ਆਈ ਐਫ ਐਫ ਡੀ ਸੀ, ਬਠਿੰਡਾ ਦੇ ਤਕਨੀਕੀ ਮਾਹਿਰਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਇੱਕ ਰੋਜਾ ਟ੍ਰੇਨਿੰਗ ਅਤੇ ਗਿਆਨਵਰਧਕ ਦੌਰਾ ਕੀਤਾ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਫੇਰੀ ਵਿੱਚ ਸ਼੍ਰੀ ਐਸ.ਪੀ. ਸਿੰਘ, ਐਮ ਡੀ, ਆਈ ਐਫ ਐਫ ਡੀ ਸੀ, ਬਠਿੰਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਤੋਂ ਇਲਾਵਾ ਸ਼੍ਰੀ ਕੇ.ਐਸ. ਸੰਧੂ, ਚੀਫ, ਆਈ ਐਫ ਐਫ ਡੀ ਸੀ, ਪੰਜਾਬ, ਡਾ. ਐਸ.ਐਸ. ਬਲ, ਸਾਇੰਸਦਾਨ, ਸ਼੍ਰੀ ਗੰਗਾ ਰਾਮ, ਡਿਪਟੀ ਜਨਰਲ ਮੈਨੇਜਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ|  ਉਹਨਾਂ ਦੱਸਿਆ ਕਿ ਇਸ ਫੇਰੀ ਵਿੱਚ 24 ਖੇਤੀ ਤਕਨੀਕੀ ਮਾਹਿਰਾਂ ਨੇ ਭਾਗ ਲਿਆ| ਉਹਨਾਂ ਅੱਗੇ ਦੱਸਿਆ ਕਿ ਡਾ. ਦੀਪਕ ਅਰੋੜਾ ਨੇ ਸਬਜੀਆਂ ਦੇ ਉੱਤਮ ਬੀਜਾਂ ਦੀ ਪੈਦਾਵਾਰ ਦੇ ਸੰਬੰਧ ਵਿੱਚ ਅਤੇ ਡਾ. ਖੁਸ਼ਦੀਪ ਧਰਨੀ ਨੇ ਖੇਤੀਬਾੜੀ ਵਿੱਚ ਮਾਰਕਿਟਿੰਗ ਦੀ ਮਹਤੱਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ| ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ, ਸ਼੍ਰੀ ਐਸ ਪੀ ਸਿੰਘ, ਸ਼੍ਰੀ ਕੇ.ਐਸ. ਸੰਧੂ, ਡਾ. ਐਸ.ਐਸ. ਬੱਲ ਅਤੇ ਆਏ ਹੋਏ ਤਕਨੀਕੀ ਮਾਹਿਰਾਂ ਦਾ ਧੰਨਵਾਦ ਕੀਤਾ|    

ਖੇਤੀਬਾੜੀ ਯੂਨੀਵਰਸਿਟੀ ਵਿੱਚ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਸਿਖਲਾਈ ਕੋਰਸ ਸ਼ੁਰੂ

ਲੁਧਿਆਣਾ 19 ਜਨਵਰੀ(ਟੀ. ਕੇ.) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਹਾਇਤਾ ਨਾਲ  21 ਦਿਨਾ ਸਰਦ ਰੁੱਤ ਸਿਖਲਾਈ ਦੀ ਸ਼ੁਰੂਆਤ ਕੀਤੀ।ਡਾ: ਮਾਨਵ ਇੰਦਰਾ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪ੍ਰੋਗਰਾਮ ਦਾ ਉਦਘਾਟਨ ਡਾ: ਪਰਵਿੰਦਰ ਸ਼ੇਰੋਂ, ਨਿਰਦੇਸ਼ਕ ਅਟਾਰੀ, ਲੁਧਿਆਣਾ ਅਤੇ ਡਾ: ਮਨਜੀਤ ਸਿੰਘ, ਡੀਨ ਖੇਤੀ ਇੰਜਨੀਅਰਿੰਗ ਕਾਲਜ ਨੇ ਕੀਤਾ।
ਮੁੱਖ ਮਹਿਮਾਨ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਅਜੋਕੇ ਸਮੇਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਰਾਜ ਦੇ ਕਿਸਾਨਾਂ ਦੀ ਭਲਾਈ ਅਤੇ ਖੇਤੀ ਦੇ ਵਿਕਾਸ ਲਈ ਵਿਗਿਆਨਕ ਯਤਨਾਂ ਦਾ ਉਲੇਖ ਵੀ ਕੀਤਾ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਤੋਂ ਆਏ ਸਿਖਿਆਰਥੀਆਂ ਨੂੰ ਇਸ ਸਰਦ ਰੁੱਤ ਸਿਖਲਾਈ ਕੋਰਸ ਤੋਂ ਨਵੇਂ ਉੱਭਰ ਰਹੇ ਖੇਤਰ ਏ.ਆਈ., ਆਈ.ਓ.ਟੀ., ਡਿਜ਼ੀਟਲ ਟੈਕਨਾਲੋਜੀ ਵਿੱਚ ਗਿਆਨ ਵਧਾਉਣ ਲਈ ਜ਼ੋਰ ਦਿੱਤਾ ਅਤੇ ਖੇਤੀਬਾੜੀ ਜਲ ਪ੍ਰਬੰਧਨ ਲਈ ਇਸ ਗਿਆਨ ਨੂੰ ਲਾਗੂ ਕਰਨ ਦੀ ਗੱਲ ਕੀਤੀ।

ਡਾ. ਪਰਵਿੰਦਰ ਸ਼ੇਰੋਂ , ਨਿਰਦੇਸ਼ਕ ਅਟਾਰੀ ਨੇ ਸਾਵਧਾਨ ਕੀਤਾ ਕਿ ਏ ਆਈ ਇੱਕ ਉੱਭਰ ਰਹੀ ਨਵੀਂ ਡਿਜੀਟਲ ਤਕਨਾਲੋਜੀ ਹੈ, ਇਸ ਲਈ ਵਿਗਿਆਨੀਆਂ ਨੂੰ ਇਸ ਦੇ ਫਾਇਦੇ ਅਤੇ ਨੁਕਸਾਨ ਦੋਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਵਿਕਾਸ ਲਈ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਾਣੀ ਇਕ ਅਹਿਮ ਸਰੋਤ ਹੈ ਅਤੇ ਇਸ ਦੀ ਸੰਭਾਲ ਸਮੇਂ ਦੀ ਲੋੜ ਹੈ।

ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ.ਜੇ.ਪੀ. ਸਿੰਘ ਨੇ ਸਰਦੀਆਂ ਦੇ ਸਕੂਲ ਦੀ ਮਹੱਤਤਾ ਬਾਰੇ ਦੱਸਦਿਆਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਾਣ-ਪਛਾਣ ਕਰਵਾਈ।

 ਡਾ: ਅਮੀਨਾ ਰਹੇਜਾ, ਵਿਗਿਆਨੀ, ਮਿੱਟੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਚਾਰੇ ਜਾਣ ਵਾਲੇ ਵਿਸ਼ਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।

 ਇਸ ਸਿਖਲਾਈ ਦੇ 21 ਦਿਨਾਂ ਦੌਰਾਨ ਖੇਤੀ ਵਿੱਚ ਜਲ ਸਰੋਤ ਪ੍ਰਬੰਧਨ ਲਈ ਏ ਆਈ ਦੇ ਵਿਸ਼ੇ 'ਤੇ ਵੱਖ-ਵੱਖ ਲੈਕਚਰ ਕਰਵਾਏ ਜਾਣਗੇ।

 ਡਾ. ਮਨਜੀਤ ਸਿੰਘ, ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ ਨੇ ਸਿਖਿਆਰਥੀਆਂ ਨੂੰ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਇਤਿਹਾਸ ਅਤੇ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਵਿੱਚ ਇਸਦੀ ਵਰਤੋਂ ਬਾਰੇ ਜਾਣੂ ਕਰਵਾਇਆ।
ਅੰਤ ਵਿਚ ਡਾ: ਸਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਕੋਰਸ ਦੇ ਤਕਨੀਕੀ ਕੁਆਰਡੀਨੇਟਰ ਡਾ ਚੇਤਨ ਸਿੰਗਲਾ ਹਨ। ਕੋਰਸ ਵਿੱਚ ਦੇਸ਼ ਦੀਆਂ ਉੱਘੀਆਂ ਸੰਸਥਾਵਾਂ ਤੋਂ ਸਿਖਿਆਰਥੀ ਭਾਗ ਲੈ ਰਹੇ ਹਨ ।

ਰੂਰਲ ਹੈਲਥ ਫ਼ਾਰਮੇਸੀ ਅਫ਼ਸਰ 26 ਜਨਵਰੀ ਨੂੰ ਲੁਧਿਆਣਾ ਕਰਨਗੇ ਭਗਵੰਤ ਮਾਨ ਸਰਕਾਰ ਦਾ ਵਿਰੋਧ

ਲੁਧਿਆਣਾ, 19 ਜਨਵਰੀ (ਟੀ. ਕੇ.)  ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸਿਏਸ਼ਨ ਪੰਜਾਬ ਨੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਇੱਕ ਵਾਰ ਫ਼ੇਰ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕਰ ਦਿੱਤਾ।
ਪੰਜਾਬ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਕੱਚੇ ਮੁਲਾਜ਼ਮਾਂ ਦੇ ਤੌਰ 'ਤੇ ਕੰਮ ਕਰ ਰਹੇ ਇਹ ਹੈਲਥ ਫ਼ਾਰਮੇਸੀ ਅਫ਼ਸਰ ਪਿਛਲੇ 18 ਸਾਲਾਂ ਤੋਂ ਮਜ਼ਦੂਰਾਂ ਤੋਂ ਵੀ ਘੱਟ ਦਿਹਾੜੀ ਤੇ ਡਿਸਪੈਂਸਰੀਆਂ ਦਾ ਕੰਮ ਸਾਂਭ ਰਹੇ ਹਨ  ਪਰ ਵਕਤ ਦੀਆਂ ਸਰਕਾਰਾਂ ਨੇ ਇਨ੍ਹਾਂ ਦੀ ਤਨਖ਼ਾਹ ਵਿੱਚ ਕਦੀ ਵੀ ਸੰਤੋਸ਼ਜਨਕ ਵਾਧਾ ਨਹੀਂ ਕੀਤਾ। ਹਾਲ ਇਹ ਹੈ ਕਿ ਨਵੰਬਰ 2020 ਤੋਂ ਬਾਅਦ ਇਨ੍ਹਾਂ ਦੀ ਤਨਖ਼ਾਹ ਜੋ ਕਿ ਸਿਰਫ਼ 11000 ਰੁਪਏ ਪ੍ਰਤੀ ਮਹੀਨਾ ਹੈ, ਉਸ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ। ਜਦਕਿ ਇਨ੍ਹਾਂ ਤੋਂ ਹਰ ਤਰ੍ਹਾਂ ਦੇ ਹੰਗਾਮੀ ਹਲਾਤਾਂ ਭਾਵੇਂ ਉਹ ਕਰੋਨਾ ਕਾਲ ਦੀਆਂ ਰਿਸਕੀ ਡਿਊਟੀਆਂ ਹੋਣ ਜਾਂ ਹੜ੍ਹਾਂ ਆਦਿ ਵਿੱਚ ਦੂਰ ਦੁਰਾਡੇ ਲੱਗੀਆਂ ਡਿਊਟੀਆਂ ਕਰਵਾਈਆਂ ਜਾਂਦੀਆਂ ਹਨ ,ਪਰ ਇਨ੍ਹਾਂ ਨੂੰ ਤਨਖ਼ਾਹ ਜਾਂ ਇੰਸੈਟਿਵ ਦੇਣ ਲੱਗਿਆ ਸਰਕਾਰ ਆਪਣਾ ਖਾਲੀ ਖ਼ਜਾਨਾ ਵਿਖਾ ਦਿੰਦੀ ਹੈ।
2022 ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਕਰ ਕੇ ਬਣੀ ਭਗਵੰਤ ਮਾਨ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਵਾਂਗ ਇਨ੍ਹਾਂ ਦਾ ਨਾ ਸਿਰਫ਼ ਸ਼ੋਸ਼ਣ ਜਾਰੀ ਰੱਖਿਆ ਬਲਕਿ ਆਮ ਆਦਮੀ ਕਲੀਨਿਕਾਂ ਵਿੱਚ ਜ਼ਬਰੀ ਡਿਊਟੀਆਂ ਇਹ ਕਹਿ ਕਿ ਕਰਵਾਈਆਂ ਕਿ ਮੁਲਾਜ਼ਮਾਂ ਦੀ ਤਨਖ਼ਾਹ ਵਧਾਈ ਜਾਏਗੀ ਇੱਕ ਵਾਰ ਡਿਊਟੀਆਂ ਜੁਆਇਨ ਕਰ ਲਵੋ, ਪਰ ਇਹ ਵੀ ਝੂਠਾ ਲਾਰਾ ਸਾਬਤ ਹੋਇਆ।
ਐਸੋਸੀਏਸ਼ਨ ਦੇ ਚੇਅਰਮੈਨ  ਜੋਤ ਰਾਮ ਮਦਨੀਪੁਰ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ 16 ਮਈ 2023 ਨੂੰ ਜ਼ਾਰੀ ਕੀਤੀ ਨੀਤੀ , ਜਿਸ ਦੀ ਕਿ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਉਹ ਵੀ ਲਾਗੂ ਨਹੀਂ ਕੀਤੀ, ਬਲਕਿ ਇਸ ਨੀਤੀ ਨੂੰ ਠੰਢੇ ਬਸਤੇ ਵਿੱਚ ਪਾ ਕੇ ਕੱਚੇ ਮੁਲਾਜ਼ਮਾਂ ਨਾਲ ਕੋਝਾ ਮਜਾਕ ਕੀਤਾ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ 25 ਜਨਵਰੀ ਤੱਕ ਸਰਕਾਰ ਰੂਰਲ ਹੈਲਥ ਫ਼ਾਰਮੇਸੀ ਅਫ਼ਸਰਾਂ ਦੇ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੇ ਸੂਬਾ ਪੱਧਰੀ ਗਣਤੰਤਰ ਦਿਵਸ ਮੌਕੇ ਉਹ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ ਤੇ ਇਸ ਦਿਨ ਨੂੰ ਗੁਲਾਮੀ ਦਿਵਸ ਵੱਜੋਂ ਮਨਾਉਣਗੇ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਆਗੂ ਸਵਰਤ ਸ਼ਰਮਾ ਪਟਿਆਲਾ, ਹਰਿਦਰ ਸਿੰਘ  ਧੂੰਦਾ ਤਰਨਤਾਰਨ,ਰੀਨਾ ਰਾਏ ਮੋਹਾਲੀ, ਵਰਿੰਦਰ ਮੋਹਾਲੀ,ਨਵਜੋਤ ਕੌਰ ਅੰਮਿਤਸਰ, ਅਮਨਦੀਪ ਪੱਟੀ,ਰਮਨ ਸ਼ਰਮਾ ਪੱਟੀ, ਦੀਪਕ ਸ਼ਰਮਾ ਹੁਸ਼ਿਆਰਪੁਰ, ਮਨੀਸ਼ ਅੰਮਿਤਸਰ,  ਸੰਦੀਪ ਜਲੰਧਰ, ਗੁਰਵਿੰਦਰ ਸਿੰਘ ਨੀਰ, ਪ੍ਰਿੰਸ ਸੰਗਰੂਰ, ਜਗਮੋਹਨ ਸ਼ਰਮਾ ਬਠਿੰਡਾ, ਅਸ਼ੀਸ਼ ਫ਼ਾਜਿਲਕਾ ਮੌਜੂਦ ਸਨ।

ਕਾਲਜ ਵਿਚ ਭਾਰਤੀ ਫੌਜ ਦਿਵਸ ਮਨਾਇਆ 

ਲੁਧਿਆਣਾ, 15 ਜਨਵਰੀ(ਟੀ. ਕੇ. ) ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ,  ਐਨਸੀਸੀ ਵਿੰਗ ਨੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ,  ਮਾਡਲ ਟਾਊਨ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ  ਅੱਜ ਕਾਲਜ ਕੈਂਪਸ ਵਿੱਚ ਭਾਰਤੀ ਫੌਜ ਦਿਵਸ ਮਨਾਇਆ। ਵਿਦਿਆਰਥੀਆਂ ਨੇ ‘ਯੀਅਰ ਆਫ ਟੈਕਨਾਲੋਜੀ ਐਬਸੌਰਪਸ਼ਨ’ ਵਿਸ਼ੇ ’ਤੇ ਰੈਲੀ ਅਤੇ ਸੈਮੀਨਾਰ ਵਿੱਚ ਹਿੱਸਾ ਲਿਆ।
ਕੈਡਿਟਾਂ ਨੇ ਅਨੁਸ਼ਾਸਨ, ਵਚਨਬੱਧਤਾ ਅਤੇ ਜੋਸ਼ ਦਾ ਪ੍ਰਦਰਸ਼ਨ ਕੀਤਾ, ਜੋ ਕਿ ਭਾਰਤੀ ਫੌਜ ਲਈ ਉਨ੍ਹਾਂ ਦੇ ਸਨਮਾਨ ਨੂੰ ਦਰਸਾਉਂਦਾ ਹੈ। ਯੂਨਿਟ ਦੇ ਸਟਾਫ਼ ਹੈਵ. ਮਨਦੀਪ ਸਿੰਘ ਨੇ ਕੈਡਿਟਾਂ ਨੂੰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਪਿ੍ੰਸੀਪਲ ਡਾ: ਮਨੀਤਾ ਕਾਹਲੋਂ ਨੇ ਕੈਡਿਟਾਂ ਵਿਚ ਮਾਣ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਪੈਦਾ ਕਰਨ ਲਈ ਹਥਿਆਰਬੰਦ ਬਲਾਂ ਦੁਆਰਾ ਕੀਤੀਆਂ ਕੁਰਬਾਨੀਆਂ ਬਾਰੇ ਗੱਲ ਕੀਤੀ।

ਸਾਂਝੇ ਫੋਰਮ ਦੇ ਸੱਦੇ 'ਤੇ 13 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਨਵੇਂ ਦਿੱਲੀ ਮੋਰਚੇ ਲਈ ਜ਼ੋਰਦਾਰ ਤਿਆਰੀਆਂ -ਦਸਮੇਸ਼ ਯੂਨੀਅਨ 

ਮੁੱਲਾਂਪੁਰ ਦਾਖਾ 15 ਜਨਵਰੀ(ਸਤਵਿੰਦਰ ਸਿੰਘ ਗਿੱਲ) ਉੱਤਰੀ ਭਾਰਤ ਦੀਆਂ 18 ਕਿਸਾਨ ਜੱਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ )ਦੇ ਸਾਂਝੇ ਫੋਰਮ ਵੱਲੋਂ 2 ਜਨਵਰੀ ਨੂੰੰ ਜੰਡਿਆਲਾ ਗੁਰੂ ਤੇ 6 ਜਨਵਰੀ ਨੂੰ ਬਰਨਾਲਾ ਮਹਾਂ ਰੈਲੀਆਂ 'ਚ ਕੀਤੇ ਐਲਾਨਾਂ ਦੀ ਰੌਸ਼ਨੀ ਵਿੱਚ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਜ਼ਿਲ੍ਹਾ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਉਪਰੋਕਤ ਪ੍ਰੋਗਰਾਮ ਨੂੰ ਭਰਵੇਂ  ਤੇ ਡੂੰਘੇ ਰੂਪ ਵਿੱਚ ਸੰਜੀਦਗੀ ਤੇ ਬਰੀਕੀ ਨਾਲ ਵਿਚਾਰਿਆ ਗਿਆ। 6 ਜਨਵਰੀ ਨੂੰ ਬਰਨਾਲਾ ਮਹਾਂ ਰੈਲੀ ਲਈ ਰਵਾਨਾ ਹੋਏ ਵੱਡੇ ਕਾਫਲੇ ਦੇ ਜੁਝਾਰੂ ਕਿਸਾਨ- ਮਜ਼ਦੂਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
  ਅੱਜ ਦੀ ਵਿਸ਼ੇਸ਼ ਮੀਟਿੰਗ ਨੂੰ ਜਥੇਬੰਦੀ ਦੇ ਆਗੂਆਂ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਜੱਥੇਦਾਰ ਗੁਰਮੇਲ ਸਿੰਘ ਢੱਟ,ਅਵਤਾਰ ਸਿੰਘ ਬਿੱਲੂ ਵਲੈਤੀਆ, ਡਾ. ਗੁਰਮੇਲ ਸਿੰਘ ਕੁਲਾਰ ਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਸੰਬੋਧਨ ਕਰਦਿਆਂ ਵਰਨਣ ਕੀਤਾ ਕਿ 13 ਫਰਵਰੀ ਤੋਂ ਲਗਾਏ ਜਾਣ ਵਾਲੇ ਨਵੇਂ ਦਿੱਲੀ ਮੋਰਚੇ ਦੀ ਵੱਡੀ ਤਿਆਰੀ- ਮੁਹਿੰਮ ਦੇ ਅੰਗ ਵਜੋਂ ਪ੍ਰਚਾਰ ਤੇ ਲਾਮਬੰਦੀ ਲਈ ਪਿੰਡ ਕਮੇਟੀ ਮੀਟਿੰਗਾਂ, ਇਲਾਕਾ ਕਮੇਟੀ ਮੀਟਿੰਗਾਂ, ਪਿੰਡਾਂ ਦੇ ਵੱਡੇ ਇਕੱਠਾਂ ਤੇ ਇਲਾਕੇ ਦੇ ਵਿਸ਼ਾਲ ਇਕੱਠਾਂ ਦਾ ਸਿਲਸਿਲਾ ਬਕਾਇਦਾ 8 ਜਨਵਰੀ ਤੋਂ ਵਿੱਢ ਦਿੱਤਾ ਗਿਆ ਹੈ, ਜਿਸ ਨੂੰ ਕੱਲ੍ਹ  ਤੋਂ ਹੋਰ ਤੇਜ਼ ਕਰ ਦਿੱਤਾ ਜਾਵੇਗਾ।
      ਆਗੂਆਂ ਨੇ ਵਿਆਖਿਆ ਕੀਤੀ ਕਿ ਨਵਾਂ ਦਿੱਲੀ ਮੋਰਚਾ ਦੇਸ਼ ਦੇ ਕਿਸਾਨਾਂ ਦੀਆਂ ਕੁੱਲ ਫਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਵਾਉਣ, ਅੱਜ ਤੱਕ ਕਿਸਾਨਾਂ ਸਿਰ ਮੜੇ ਪੁਲਿਸ ਕੇਸ ਰੱਦ ਕਰਵਾਉਣ, ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਫੌਰੀ ਗਿਰਫਤਾਰ ਕਰਵਾਉਣ, 13 ਲੱਖ ਕਰੋੜ ਰੁ: ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲਕੀਰ  ਮਰਵਾਉਣ, ਖੇਤੀ ਸੈਕਟਰ ਨੂੰ ਪ੍ਰਦੂਸ਼ਣ ਐਕਟ 'ਚੋਂ ਬਾਹਰ ਕਰਵਾਉਣ, ਚਿੱਪ ਵਾਲੇ ਸਮਾਰਟ ਮੀਟਰਾਂ ਸਮੇਤ ਬਿਜਲੀ ਸੈਕਟਰ ਦਾ ਹਰ ਤਰ੍ਹਾਂ ਦਾ ਨਿੱਜੀਕਰਨ ਬੰਦ ਕਰਵਾਉਣ, ਸਾਮਰਾਜੀ ਸੰਸਥਾ ਵਿਸ਼ਵ ਵਪਾਰ ਸੰਸਥਾ ਦੀ ਮੈਂਬਰੀ 'ਚੋਂ ਭਾਰਤ ਨੂੰ ਬਾਹਰ ਕਰਵਾਉਣ ਵਾਲੀਆਂ ਅਹਿਮ ਮੰਗਾਂ ਉੱਪਰ ਕੇਂਦਰਿਤ ਕੀਤਾ ਜਾਵੇਗਾ।
    ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ ,ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਬਹਾਦਰ ਸਿੰਘ ਕੁੁਲਾਰ, ਵਿਜੇ ਕੁਮਾਰ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਗੁੁਰਦੀਪ ਸਿੰਘ ਮੰਡਿਆਣੀ ,ਜਸਪਾਲ ਸਿੰਘ ਮੰਡਿਆਣੀ, ਬਲਤੇਜ ਸਿੰਘ ਤੇਜੂ ਸਿੱਧਵਾਂ, ਗੁਰਮੀਤ ਸਿੰਘ ਵਿਰਕ ,ਸੁੁਖਦੇਵ ਸਿੰਘ ਤਲਵੰਡੀ ,ਸੁਰਜੀਤ ਸਿੰਘ ਸਵੱਦੀ, ਨੰਬਰਦਾਰ ਕੁਲਦੀਪ ਸਿੰਘ ਸਵੱਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।