ਪੰਜਾਬ ਦੇ ਹਜ਼ਾਰਾਂ ਸਕੂਲੀ ਵਿਦਿਆਰਥੀ ਪੀ. ਏ. ਯੂ. ਦਾ ਦੌਰਾ ਕਰ ਰਹੇ ਹਨ

ਲੁਧਿਆਣਾ, 03 ਫਰਵਰੀ(ਟੀ. ਕੇ.) ਬੀਤੇ ਦਿਨਾਂ ਤੋਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਰੀ ਵਿਦਿਅਕ ਯਾਤਰਾ ਪ੍ਰੋਗਰਾਮ ਤਹਿਤ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੇ ਪੀ ਏ ਯੂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਸਮਾਜਕ ਇਤਿਹਾਸ ਦੇ ਅਜਾਇਬ ਘਰ, ਉੱਪਲ ਮਿਊਜ਼ੀਅਮ, ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਅਤੇ ਹੋਰ ਥਾਵਾਂ ਵੇਖੀਆਂ। ਵਿਦਿਆਰਥੀਆਂ ਨਾਲ ਆਏ ਅਧਿਆਪਕਾਂ ਨੇ ਉਨ੍ਹਾਂ ਨੂੰ ਇਸ ਸੰਸਥਾ ਦੇ ਮਾਣਮੱਤੇ ਇਤਿਹਾਸ ਅਤੇ ਪੰਜਾਬ ਦੇ ਖੇਤੀ ਵਿਕਾਸ ਲਈ ਦਿੱਤੇ ਯੋਗਦਾਨ ਤੋਂ ਜਾਣੂ ਕਰਾਇਆ।ਵਿਦਿਆਰਥੀਆਂ ਨੇ ਪੀ ਏ ਯੂ ਦੇ ਅਕਾਦਮਿਕ ਅਤੇ ਖੇਤੀ ਖੋਜ ਢਾਂਚੇ ਬਾਰੇ ਜਾਣਕਾਰੀ ਹਾਸਿਲ ਕੀਤੀ। ਬਹੁਤ ਸਾਰੇ ਵਿਦਿਆਰਥੀ ਆਪਣੀਆਂ ਅੱਖਾਂ ਵਿੱਚ ਇਸ ਸੰਸਥਾ ਤੋਂ ਉਚੇਰੀ ਪੜ੍ਹਾਈ ਹਾਸਿਲ ਕਾਰਨ ਦਾ ਸੁਪਨਾ ਸੰਜੋ ਕੇ ਆਪਣੇ ਘਰੀਂ ਮੁੜੇ। ਵਿਦਿਆਰਥੀਆਂ ਨੇ ਸੰਚਾਰ ਕੇਂਦਰ ਪੁੱਜ ਕੇ ਖੇਤੀ ਸਾਹਿਤ ਨੂੰ ਜਾਣਿਆ, ਭੋਜਨ ਵਿਗਿਆਨ ਅਤੇ ਪ੍ਰੋਸੈਸਿੰਗ , ਖੇਤੀ ਕਾਰੋਬਾਰ, ਖੇਤੀ ਮਸ਼ੀਨਾਂ ਅਤੇ ਖੇਤੀ ਵਿਗਿਆਨ ਵਿਧੀਆਂ ਨੂੰ ਜਾਣਿਆ। ਕੁਝ ਵਿਦਿਆਰਥੀਆਂ ਨੇ ਕਿਸਾਨ ਮੇਲਾ ਵੇਖਣ ਲਈ ਫਿਰ  ਪੀ. ਏ. ਯੂ. ਆਉਣ ਦੀ ਇੱਛਾ ਪ੍ਰਗਟ ਕੀਤੀ।