ਪੰਜਾਬ

ਫੁੱਲਾਂ ਦੀ ਖੇਤੀ ਬਾਰੇ ਸਰਦ ਰੁੱਤ ਸਕੂਲ ਸਮਾਪਤ ਹੋਇਆ

ਲੁਧਿਆਣਾ 23 ਫਰਵਰੀ(ਟੀ. ਕੇ.) ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਪ੍ਰਾਯੋਜਿਤ ਸਰਦ ਰੁੱਤ ਸਿਖਲਾਈ ਸਕੂਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ। ਇਸਦਾ ਸਿਰਲੇਖ ਫਲੋਰੀਕਲਚਰ ਦੀਆਂ ਵਿਕਸਿਤ ਤਕਨੀਕਾਂ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨ ਸੀ। ਇੱਕੋ ਦਿਨਾ ਸਰਦ ਰੁੱਤ ਸਕੂਲ ਵਿਚ ਭਾਗੀਦਾਰਾਂ, ਖੋਜਾਰਥੀਆਂ, ਸਿਖਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਰਾਜ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਭਾਸ਼ਣ ਅਤੇ ਦੌਰੇ ਕਰਵਾ ਕੇ ਫਲੋਰੀਕਲਚਰ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ।

ਡਾ: ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਫੁੱਲਾਂ ਦੀ ਖੇਤੀ ਵਿਚ ਬਿਹਤਰ ਸੰਭਾਵਨਾਵਾਂ ਲਈ ਰਾਹ ਪੱਧਰਾ ਕਰਨ ਹਿਤ ਸੰਸਥਾਵਾਂ ਵਿੱਚ ਗਿਆਨ ਅਤੇ ਤਕਨਾਲੋਜੀਆਂ ਦੇ ਪ੍ਰਸਾਰ ਲਈ ਸਰਦ ਰੁੱਤ ਸਕੂਲ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਦੀਆਂ ਨਵੀਨਤਮ ਕਿਸਮਾਂ ਅਤੇ ਤਕਨੀਕੀ ਤਰੱਕੀ ਬਾਰੇ ਜਾਗਰੂਕ ਕਰਨ ਵੱਲ ਵੀ ਧਿਆਨ ਦਿੱਤਾ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਹੋਰ ਉੱਦਮੀਆਂ ਨੂੰ ਇਸ ਖੇਤਰ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਵਿਸ਼ੇਸ਼ ਮਹਿਮਾਨ ਡਾ. ਜੇ.ਐਸ. ਅਰੋੜਾ, ਸਾਬਕਾ ਮੁਖੀ, ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿਭਾਗ, ਪੀਏਯੂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਲਾਹ ਦਿੱਤੀ ਕਿ ਭਾਗੀਦਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਡਾ: ਪਰਮਿੰਦਰ ਸਿੰਘ, ਮੁਖੀ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ, ਅਤੇ ਕੋਰਸ ਨਿਰਦੇਸ਼ਕ ਨੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਿਖਲਾਈ ਸਕੂਲ ਵਿੱਚ ਫੁੱਲਾਂ ਦੀ ਪੈਦਾਵਾਰ, ਸੁਰੱਖਿਅਤ ਖੇਤੀ, ਫੁੱਲਾਂ ਦੇ ਬੀਜ ਉਤਪਾਦਨ, ਨਰਸਰੀ ਪ੍ਰਬੰਧਨ ਆਦਿ ਵਿਸ਼ਿਆਂ 'ਤੇ ਕਈ ਭਾਸ਼ਣ ਦਿੱਤੇ ਗਏ। ਇਸ ਰਾਹੀਂ ਫਲੋਰੀਕਲਚਰ ਨੂੰ ਫਲੋਰੀ ਬਿਜ਼ਨਸ ਵਿੱਚ ਤਬਦੀਲ ਕਰਨ ਲਈ ਫਸਲਾਂ ਦਾ ਪ੍ਰਜਨਨ, ਤੁੜਾਈ ਤੋਂ ਪਹਿਲਾਂ ਅਤੇ ਤੁੜਾਈ ਤੋਂ ਬਾਅਦ ਪ੍ਰਬੰਧਨ, ਮੰਡੀਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਇਸ ਨੂੰ ਸਫਲ ਪ੍ਰੋਗਰਾਮ ਬਣਾਉਣ ਲਈ ਕੋਰਸ ਕੋਆਰਡੀਨੇਟਰਾਂ ਅਤੇ ਉਨ੍ਹਾਂ ਦੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਲੈਂਡਸਕੇਪਿੰਗ ਦੇ ਪ੍ਰੋਫੈਸਰ ਡਾ.ਆਰ.ਕੇ.ਦੁਬੇ ਨੇ ਸਭ ਦਾ ਧੰਨਵਾਦ ਕੀਤਾ। ਬਾਅਦ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੇ ਕਾਰਜ਼ਾਂ ਦੀ ਸਮੀਖਿਆ ਸਬੰਧੀ ਮੀਟਿੰਗ 

ਸਿੱਖਿਆ ਸਰਕਾਰ ਦੀ ਪ੍ਰਮੁੱਖ ਤਰਜੀਹ - ਡਿਪਟੀ ਕਮਿਸ਼ਨਰ

ਲੁਧਿਆਣਾ, 23 ਫਰਵਰੀ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿੱਖਿਆ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਕੋਈ ਵੀ ਵਿਦਿਆਰਥੀ ਸਕੂਲਾਂ ਤੱਕ ਪਹੁੰਚ ਤੋਂ ਵਾਂਝਾ ਨਾ ਰਹਿ ਜਾਵੇ। ਸਥਾਨਕ ਬੱਚਤ ਭਵਨ ਵਿਖੇ, ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ (ਡੀ.ਈ.ਡੀ.ਸੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹਰੇਕ ਬੱਚੇ ਲਈ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿ ਬੱਚੇ ਸੂਬਾ ਸਰਕਾਰ ਦੀ ਗਰੀਬ ਪੱਖੀ ਅਤੇ ਅਗਾਂਹਵਧੂ ਸਿੱਖਿਆ ਨੀਤੀ ਦਾ ਲਾਭ ਉਠਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਜਿਹੜੇ ਵਿਦਿਆਰਥੀ ਅਜੇ ਤੱਕ ਸਕੂਲਾਂ ਵਿੱਚ ਦਾਖਲ ਨਹੀਂ ਹੋਏ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇ। ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਨਵੰਬਰ-ਦਸੰਬਰ ਵਿੱਚ ਕੀਤੇ ਸਰਵੇਖਣ ਦੌਰਾਨ 219 ਬੱਚੇ ਸਕੂਲੋਂ ਬਾਹਰ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਇਸ ਸਾਲ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਚੱਲ ਰਹੇ ਨਿਰਮਾਣ ਕਾਰਜਾਂ, ਮਿਡ-ਡੇ-ਮੀਲ, ਐਸ.ਐਸ.ਏ., ਅਪਾਹਜਾਂ ਲਈ ਸਮਾਵੇਸ਼ੀ ਸਿੱਖਿਆ, ਯੂ.ਡੀ.ਆਈਜ਼ ਸਰਵੇਖਣ, ਅਨਾਜ, ਪਖਾਨੇ ਅਤੇ ਹੋਰਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਕੂਲਾਂ ਨੂੰ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਸਵੈ ਸਹਾਇਤਾ ਸਮੂਹਾਂ ਨੂੰ ਵਰਦੀਆਂ ਦੇ ਆਰਡਰ ਦੇਣ ਲਈ ਵੀ ਕਿਹਾ ਗਿਆ। ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਸਿੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਸ਼ਕਤ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਭਾਕਿਯੂ ਏਕਤਾ-ਉਗਰਾਹਾਂ ਵੱਲੋਂ 27 ਕਿਸਾਨ ਧਰਨਿਆਂ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ

ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਚਾਲੂ ਧਰਨੇ ਮੁਲਤਵੀ ਕਰਕੇ ਭਲਕੇ ਅਮਿਤ ਸ਼ਾਹ, ਖੱਟੜ ਅਤੇ ਡੀ ਜੀ ਪੀ ਹਰਿਆਣਾ ਦੇ ਪੁਤਲੇ ਸਾੜਨ ਅਤੇ ਸੰਘਰਸ਼ ਦੇ ਅਗਲੇ ਪੜਾਵਾਂ ਦਾ ਐਲਾਨ 

ਚੰਡੀਗੜ੍ਹ 22 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ  ) ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਲਾਏ ਗਏ 27 ਧਰਨਿਆਂ ਵਿੱਚ ਬੀਤੇ ਦਿਨ ਖਨੌਰੀ ਬਾਡਰ ਤੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਬੱਲ੍ਹੋ ਪਿੰਡ ਦੇ 21 ਸਾਲਾ ਨੌਜਵਾਨ ਸ਼ੁਭਕਰਨ ਸਿੰਘ  ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸੰਗਰਾਮੀ ਸ਼ਰਧਾਂਜਲੀ ਭੇਂਟ ਕਰਦਿਆਂ ਉਸਦੀ ਕੁਰਬਾਨੀ ਦੀ ਜੈਜੈਕਾਰ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਵੀ ਇਨ੍ਹਾਂ ਧਰਨਿਆਂ ਵਿੱਚ ਕੁੱਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਬੁਲਾਰਿਆਂ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ਼ ਗਹਿਰਾ ਅਫਸੋਸ ਸਾਂਝਾ ਕੀਤਾ ਗਿਆ ਅਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਸੰਯੁਕਤ ਕਿਸਾਨ ਮੋਰਚੇ ਦੇ ਤਾਜ਼ਾ ਫ਼ੈਸਲੇ ਮੁਤਾਬਕ ਚੱਲ ਰਹੇ ਧਰਨੇ ਮੁਲਤਵੀ ਕਰ ਕੇ ਕਿਸਾਨਾਂ ਨੂੰ ਸਿੱਧੀਆਂ ਗੋਲੀਆਂ ਮਾਰਨ ਦੇ ਫੌਰੀ ਜ਼ਿੰਮੇਵਾਰ ਕੇਂਦਰੀ ਮੰਤਰੀ ਅਮਿਤ ਸ਼ਾਹ ਸਮੇਤ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਤੇ ਡੀ ਜੀ ਪੀ ਦੇ ਪੁਤਲੇ ਪੂਰੇ ਦੇਸ਼ ਅੰਦਰ ਵੱਧ ਤੋਂ ਵੱਧ ਸ਼ਹਿਰਾਂ ਵਿੱਚ ਫੂਕੇ ਜਾਣਗੇ ਅਗਲੇ ਪੜਾਅ 'ਤੇ 26 ਫਰਵਰੀ ਨੂੰ ਮੁੱਖ ਹਾਈਵੇਅ ਮਾਰਗਾਂ ਉੱਤੇ ਲਾਈਨਾਂ ਵਿੱਚ ਮੀਲਾਂ ਬੱਧੀ ਟਰੈਕਟਰ ਖੜ੍ਹਾ ਕੇ ਢੁਕਵੀਂਆਂ ਥਾਂਵਾਂ 'ਤੇ ਡਬਲਯੂ ਟੀ ਓ ਦੇ ਦਿਓ ਕੱਦ ਪੁਤਲੇ ਫੂਕੇ ਜਾਣਗੇ।ਉਸ ਤੋਂ ਅਗਲੇ ਪੜਾਅ 'ਤੇ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕਰਨ ਲਈ ਕਿਸਾਨ ਮਜ਼ਦੂਰ ਕਾਫ਼ਲੇ ਸੈਂਕੜੇ ਮੀਲਾਂ ਦੀ ਪੈਦਲ ਯਾਤਰਾ ਰਾਹੀਂ ਦਿੱਲੀ ਪਹੁੰਚਣਗੇ।


            ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਅਤੇ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਜੀਤ ਕੌਰ ਬਰਨਾਲਾ ਤੇ ਦਵਿੰਦਰ ਕੌਰ ਛਾਲਾਂ ਤੋਂ ਇਲਾਵਾ ਜ਼ਿਲ੍ਹਾ/ਬਲਾਕ ਪੱਧਰੇ ਅਤੇ ਸਥਾਨਕ ਆਗੂ ਵੀ ਸ਼ਾਮਲ ਸਨ।ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਊਕਤ ਫੈਸਲਿਆਂ ਬਾਰੇ ਧਰਨਾਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਮੌਜੂਦਾ ਸੰਘਰਸ਼ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ , ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੇ ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਬਣਾਉਣ ਉੱਤੇ ਜ਼ੋਰ ਦਿੱਤਾ। ਇਸ ਮੰਗ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਦੀ ਪੈਰੋਕਾਰ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਬਾਹਰ ਆਵੇ। ਉਨ੍ਹਾਂ ਵਲੋਂ ਇਹ ਨੀਤੀਆਂ ਲਾਗੂ ਕਰ ਰਹੀਆਂ ਭਾਜਪਾ ਦੀਆਂ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਸਿੱਧੀਆਂ ਗੋਲੀਆਂ ਮਾਰ ਕੇ ਚੜ੍ਹਦੀ ਉਮਰ ਦੇ ਨੌਜਵਾਨ ਦੀ ਜਾਨ ਲੈਣ ਅਤੇ ਦਰਜਨਾਂ ਕਿਸਾਨਾਂ ਨੂੰ ਸਖ਼ਤ ਜ਼ਖ਼ਮੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਸੰਘਰਸ਼ਾਂ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਤਾਂ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ। ਆਗੂਆਂ ਨੇ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇ ਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।

ਪੀ.ਏ.ਯੂ. ਵਿਚ ਮਾਤ-ਭਾਸ਼ਾ ਸੰਬੰਧੀ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਵਿਸ਼ੇਸ਼ ਸਮਾਗਮ ਕਰਵਾਇਆ

ਲੁਧਿਆਣਾ, 22 ਫਰਵਰੀ(ਟੀ. ਕੇ.) 
 ਕੌਮਾਂਤਰੀ ਮਾਤ ਭਾਸ਼ਾ ਮੌਕੇ ਪੀ.ਏ.ਯੂ. ਦੇ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਵਿਦਿਆਰਥੀ ਕਵੀ ਦਰਬਾਰ ਆਯੋਜਿਤ ਕੀਤਾ। ਇਸ ਵਿਚ ਦੋ ਦਰਜਨ ਦੇ ਕਰੀਬ ਵਿਦਿਆਰਥੀ ਕਵੀਆਂ ਨੇ ਮਾਤ ਭਾਸ਼ਾ ਦੇ ਮਹਾਤਮ ਬਾਰੇ ਆਪਣੀਆਂ ਕਵਿਤਾਵਾਂ ਪੜ•ੀਆਂ। ਇਸ ਤੋਂ ਇਲਾਵਾ ਸੱਭਿਆਚਾਰ ਦੇ ਪੁਰਾਤਨ ਰੰਗਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਵਿਚ ਇਹਨਾਂ ਵਿਦਿਆਰਥੀਆਂ ਨੇ ਆਪਣੀ ਭਾਸ਼ਾ ਦੇ ਵਿਰਸੇ ਨੂੰ ਅਪਨਾਉਣ ਦਾ ਪ੍ਰਣ ਲਿਆ।

 
ਇਸ ਮੌਕੇ ਢਾਡੀ ਪ੍ਰੰਪਰਾ ਦੇ ਉੱਘੇ ਹਸਤਾਖਰ ਸ. ਸਤਿੰਦਰਪਾਲ ਸਿੰਘ ਸਿੱਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਸਿੱਧਵਾਂ ਨੇ ਆਪਣੀ ਭਾਸ਼ਾ ਨੂੰ ਅਪਨਾਉਣ ਲਈ ਇਹਨਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼-ਵਿਦੇਸ਼ ਵਿਚ ਪੰਜਾਬੀ ਬੋਲੀ ਦਾ ਮਹੱਤਵ ਵੱਧ ਰਿਹਾ ਹੈ ਅਤੇ ਇਹ ਨਾ ਸਿਰਫ ਪੰਜਾਬੀਆਂ ਦੀ ਪਛਾਣ ਦਾ ਮੁੱਦਾ ਹੈ ਬਲਕਿ ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਸਹੀ ਪ੍ਰਗਟਾਵਾ ਵੀ ਮਿਲਦਾ ਹੈ।

 
ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਕਿਹਾ ਕਿ ਕੋਈ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੇ ਪਰ ਜੋ ਜਾਇਕਾ ਆਪਣੀ ਮਾਤ ਭਾਸ਼ਾ ਬੋਲ ਕੇ ਆਉਂਦਾ ਹੈ ਉਹ ਹੋਰ ਭਾਸ਼ਾਵਾਂ ਵਿਚ ਨਹੀਂ ਆਉਂਦਾ। ਡਾ. ਬੈਂਸ ਨੇ ਕਿਸੇ ਵਿਅਕਤੀ ਨੂੰ ਮੱੁਢਲੀ ਭਾਸ਼ਾ ਮਾਤ ਭਾਸ਼ਾ ਵਿਚ ਦੇਣ ਅਤੇ ਇਸ ਰਾਹੀਂ ਸਰਵਪੱਖੀ ਵਿਕਾਸ ਦੀ ਗੱਲ ਕੀਤੀ।

 
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਪੀ.ਏ.ਯੂ. ਵੱਲੋਂ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਲਈ ਕੀਤੇ ਯਤਨਾਂ ਦਾ ਵੇਰਵਾ ਦਿੰਦਿਆਂ ਇਹਨਾਂ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਨੂੰ ਰੁਜ਼ਗਾਰ ਨਾਲ ਜੋੜ ਕੇ ਸਾਡੀ ਮਾਤ ਭਾਸ਼ਾ ਹੋਰ ਮਹੱਤਵਪੂਰਨ ਹੋ ਸਕਦੀ ਹੈ।

ਜੁਆਲੋਜੀ ਦੇ ਪ੍ਰੋਫੈਸਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਵਿੰਦਰ ਕੋਚਰ ਨੇ ਸਭ ਦਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅੰਤ ਵਿਚ ਧੰਨਵਾਦ ਦੇ ਸ਼ਬਦ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਜਸਵਿੰਦਰ ਕੌਰ ਬਰਾੜ ਨੇ ਧੰਨਵਾਦ ਦੇ ਸ਼ਬਦ ਕਹੇ। ਸਮਾਰੋਹ ਦਾ ਸੰਚਾਲਨ ਕੁਮਾਰੀ ਪ੍ਰੀਤੀਮਨ ਅਤੇ ਸ਼੍ਰੀ ਤਰੁਨ ਕਪੂਰ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਖੇਤੀਬਾੜੀ ਕਾਲਜ ਦੇ ਸਾਬਕਾ ਡੀਨ ਡਾ. ਐੱਮ ਐੱਸ ਬਾਜਵਾ ਅਤੇ ਸਾਬਕਾ ਭੂਮੀ ਵਿਗਿਆਨੀ ਡਾ. ਆਈ ਐੱਮ ਛਿੱਬਾ ਵੱਲੋਂ ਲਿਖੀ ਕਿਤਾਬ ਪੰਜਾਬ ਖੇਤੀਬਾੜੀ: ਰੌਸ਼ਨ ਭਵਿੱਖ ਦੀ ਰੂਪਰੇਖਾ ਵੰਡੀ ਗਈ। ਵਿਦਿਆਰਥੀਆਂ ਨੇ ਕਵਿਤਾਵਾਂ ਦੇ ਨਾਲ-ਨਾਲ ਸਕਿੱਟ, ਮੋਨੋਲਾਗ, ਪ੍ਰਸ਼ਨੋਤਰੀ ਅਤੇ ਹੋਰ ਖੇਡਾਂ ਵੀ ਪੇਸ਼ ਕੀਤੀਆਂ।

ਸਾਉਣੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਗੋਸ਼ਟੀ ਆਰੰਭ ਹੋਈ

*ਪੀ.ਏ.ਯੂ. ਵਾਈਸ ਚਾਂਸਲਰ ਨੇ ਖੋਜ ਅਤੇ ਪਸਾਰ ਕਾਮਿਆਂ ਨੂੰ ਖੇਤੀ ਚੁਣੌਤੀਆਂ ਸਾਹਵੇਂ ਡਟਣ ਦਾ ਸੱਦਾ 

ਲੁਧਿਆਣਾ, 22 ਫਰਵਰੀ(ਟੀ. ਕੇ.) 
ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ  ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਆਉਂਦੀ ਸਾਉਣੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਦਿਨਾਂ ਗੋਸ਼ਟੀ ਆਰੰਭ ਹੋਈ। ਇਸ ਗੋਸ਼ਟੀ ਵਿਚ ਸਾਉਣੀ ਦੀਆਂ ਫ਼ਸਲਾਂ ਦੀਆਂ ਕਿਸਮਾਂ ਤੋਂ ਲੈ ਕੇ ਕਾਸ਼ਤ ਨਾਲ ਸੰਬੰਧਿਤ ਮੁੱਦਿਆਂ, ਕੀੜਿਆਂ, ਬਿਮਾਰੀਆਂ ਅਤੇ ਮਸ਼ੀਨਰੀ ਸੰਬੰਧੀ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਗੋਸ਼ਟੀ ਵਿਚ ਪੀ.ਏ.ਯੂ. ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀਆਂ ਤੋਂ ਬਿਨਾਂ ਖੇਤੀਬਾੜੀ ਵਿਭਾਗ ਪੰਜਾਬ ਅਤੇ ਹੋਰ ਅਦਾਰਿਆਂ ਦੇ ਪਸਾਰ ਕਰਮੀ ਹਿੱਸਾ ਲੈ ਰਹੇ ਹਨ।

 ਆਰੰਭਕ ਸੈਸ਼ਨ ਵਿਚ ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬ ਦੇ ਕੇਨ ਕਮਿਸ਼ਨਰ ਸ਼੍ਰੀ ਆਰ ਕੇ ਰਹੇਜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਉਹਨਾਂ ਨਾਲ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਮੰਚ ਤੇ ਮੌਜੂਦ ਰਹੇ। ਆਪਣੇ ਮੁੱਖ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਨੇ ਕਿਹਾ ਕਿ ਇਹ ਗੋਸ਼ਟੀ ਸਾਉਣੀ ਦੀਆਂ ਫਸਲਾਂ ਬਾਰੇ ਅਗਾਊਂ ਵਿਚਾਰ-ਚਰਚਾ ਦਾ ਮੌਕਾ ਹੈ। ਇਹ ਵਿਲੱਖਣ ਕਾਰਜ ਪੀ.ਏ.ਯੂ. ਅਤੇ ਪੰਜਾਬ ਦੇ ਪਸਾਰ ਕਰਮੀ ਮਿਲ ਕੇ ਇਕ ਰਵਾਇਤ ਵਾਂਗ ਕਰ ਰਹੇ ਹਨ ਅਤੇ ਇਸਦਾ ਉਸਾਰੂ ਪ੍ਰਭਾਵ ਪੰਜਾਬ ਦੀ ਖੇਤੀ ਦੇ ਵਿਕਾਸ ਉੱਪਰ ਦੇਖਣ ਨੂੰ ਮਿਲਿਆ ਹੈ। ਨਮਾਇਸ਼ਾਂ ਵਿਚ ਪ੍ਰਦਰਸ਼ਿਤ ਤਕਨਾਲੋਜੀਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਾਸ਼ਤ ਤਕਨੀਕਾਂ, ਕੀੜਿਆਂ, ਬਿਮਾਰੀਆਂ ਅਤੇ ਵਾਢੀ ਉਪਰੰਤ ਸਾਂਭ-ਸੰਭਾਲ ਦੇ ਸਾਰੇ ਮੁੱਦੇ ਇਸ ਗੋਸ਼ਟੀ ਦੌਰਾਨ ਵਿਚਾਰੇ ਜਾਣ ਦੀ ਪ੍ਰੰਪਰਾ ਹੈ। ਕਣਕ ਦੀ ਮੌਜੂਦਾ ਫਸਲ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਘੱਟ ਤਾਪਮਾਨ ਅਤੇ ਠੰਡ ਕਾਰਨ ਫਸਲ ਦੇ ਚੰਗੇ ਝਾੜ ਦੀ ਸੰਭਾਵਨਾ ਹੈ ਭਾਵੇਂ ਸੂਰਜੀ ਰੌਸ਼ਨੀ ਦਾ ਘੱਟ ਸਮਾਂ ਕਈ ਅੰਦੇਸ਼ੇ ਵੀ ਪੈਦਾ ਕਰਦਾ ਹੈ ਪਰ ਆਸ ਹੈ ਕਿ ਇਸ ਵਾਰ ਕੁਦਰਤ ਦੀ ਮਿਹਰ ਸਦਕਾ ਚੰਗੀ ਫਸਲ ਆਵੇਗੀ। ਡਾ. ਗੋਸਲ ਨੇ ਕਿਹਾ ਕਿ ਨੀਮ ਪਹਾੜੀ ਖੇਤਰਾਂ ਅਤੇ ਕੰਢੀ ਦੇ ਖਿੱਤੇ ਵਿਚ ਕਈ ਥਾਵਾਂ ਤੇ ਕਣਕ ਵਿਚ ਪੀਲੀ ਕੁੰਗੀ ਦੀਆਂ ਅਲਾਮਤਾਂ ਦੇਖਣ ਵਿਚ ਆਈਆਂ ਪਰ ਇਸਦਾ ਕਾਰਨ ਗੈਰ ਸਿਫ਼ਾਰਸ਼ੀ ਕਿਸਮਾਂ ਦੀ ਕਾਸ਼ਤ ਵਜੋਂ ਸਾਹਮਣੇ ਆਇਆ। ਉਹਨਾਂ ਕਿਹਾ ਕਿ ਪੀਲੀ ਕੁੰਗੀ ਦਾ ਸਾਹਮਣਾ ਕਰਨ ਵਾਲੀਆਂ ਅਤੇ ਸਿਫ਼ਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਹੀ ਕੀਤੀ ਜਾਵੇ। ਪੀ.ਏ.ਯੂ. ਦੀਆਂ ਵਧੇਰੇ ਪੌਸ਼ਕ ਤੱਤਾਂ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਡਾ. ਗੋਸਲ ਨੇ ਕੀਤੀ। ਉਹਨਾਂ ਨਾਲ ਹੀ ਕਿਹਾ ਕਿ ਕਰਨਾਲ ਬੰਟ ਤੋਂ ਬਚਾਅ ਲਈ ਬੀਜ ਦੀ ਸੋਧ ਜ਼ਰੂਰੀ ਹੈ ਅਤੇ ਗੁੱਲੀ ਡੰਡੇ ਦੀ ਰੋਕਥਾਮ ਨੂੰ ਚੁਣੌਤੀ ਵਾਂਗ ਲੈ ਕੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਲਾਗੂ ਕਰਨੀਆਂ ਲਾਜ਼ਮੀ ਹਨ। ਵਾਈਸ ਚਾਂਸਲਰ ਨੇ ਸਰਫੇਸ ਸੀਡਿੰਗ ਪ੍ਰਣਾਲੀ ਰਾਹੀਂ ਬੀਜੀ ਕਣਕ ਦੇ ਲਾਭ ਗਿਣਾਉਂਦਿਆਂ ਕਿਹਾ ਕਿ ਇਸ ਤਰਾਂ ਗੁੱਲੀਡੰਡੇ ਤੋਂ ਬਚਾਅ ਰਹਿੰਦਾ ਹੈ, ਕਣਕ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਡਿੱਗਣ ਤੋਂ ਬਚੀ ਰਹਿੰਦੀ ਹੈ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਹਨਾਂ ਕਿਹਾ ਕਿ ਸਰਫੇਸ ਸੀਡਿੰਗ ਰਾਹੀਂ ਬੀਜੀ ਕਣਕ ਦੇ ਟਰਾਇਲ ਉੱਚ ਅਧਿਕਾਰੀਆਂ ਨੂੰ ਦਿਖਾਏ ਜਾਣ ਤਾਂ ਜੋ ਹੋਰ ਕਿਸਾਨਾਂ ਨੂੰ ਇਸ ਦਿਸ਼ਾ ਵਿਚ ਪ੍ਰੇਰਿਤ ਕੀਤਾ ਜਾ ਸਕੇ। ਵੱਖ-ਵੱਖ ਫਸਲਾਂ ਜਿਵੇਂ ਦਾਲਾਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਕਾਸ਼ਤ ਵਧਾਉਣ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਨਿਸ਼ ਖੇਤਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਸੰਬੰਧ ਵਿਚ ਆਉਂਦੇ ਸਮੇਂ ਦੌਰਾਨ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਪੀ.ਏ.ਯੂ. ਦੀਆਂ ਸਰ੍ਹੋਂ ਦੀਆਂ ਕਿਸਮਾਂ ਬੀਜਣ ਦੀ ਗੱਲ ਕਰਦਿਆਂ ਕਿਹਾ ਕਿ ਮਾਹਿਰਾਂ ਨੇ ਇਸ ਵਿੱਚੋਂ ਕੜਵਾਹਟ ਅਤੇ ਫੈਟੀ ਤੇਜ਼ਾਬ ਦੇ ਤੱਤ ਘਟਾ ਦਿੱਤੇ ਹਨ। ਉਹਨਾਂ ਰਸੋਈ ਬਗੀਚੀ ਅਤੇ ਪੌਸ਼ਕ ਫਲਾਂ ਦੀ ਬਗੀਚੀ ਅਪਨਾਉਣ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਖਰਚ ਸੀਮਤ ਕਰਨ ਲਈ ਖੇਤੀ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਵੈ ਨਿਰਭਰ ਹੋਣਾ ਪਵੇਗਾ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਤੋਂ ਗੁਰੇਜ਼ ਕਰਨ ਲਈ ਡਾ. ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਇਸਦੀ ਕਾਸ਼ਤ ਕਰਨੀ ਹੀ ਹੋਵੇ ਤਾਂ ਤੁਪਕਾ ਸਿੰਚਾਈ ਵਿਧੀ ਅਪਨਾਈ ਜਾਵੇ। ਵਾਈਸ ਚਾਂਸਲਰ ਨੇ ਇਸਦੇ ਨਾਲ ਹੀ ਪਰਾਲੀ ਦੀ ਸੰਭਾਲ, ਸੰਯੁਕਤ ਕੀਟ ਪ੍ਰਬੰਧ, ਨਿੰਮ ਅਧਾਰਿਤ ਘਰੇਲੂ ਕੀਟ ਨਾਸ਼ਕ, ਸੰਯੁਕਤ ਪੋਸ਼ਕ ਪ੍ਰਬੰਧ ਅਤੇ ਜੀਵਾਣੂੰ ਖਾਦਾਂ ਸੰਬੰਧੀ ਪੀ.ਏ.ਯੂ. ਵੱਲੋਂ ਕੀਤੇ ਕਾਰਜਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕੀਤਾ। ਡਾ. ਗੋਸਲ ਨੇ ਕਿਹਾ ਕਿ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਪ੍ਰਵਾਸੀ ਕਿਸਾਨਾਂ ਨੇ ਖੇਤੀ ਨੂੰ ਖੇਤੀ ਕਾਰੋਬਾਰ ਵਾਂਗ ਅਪਨਾਉਣ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਸਨ, ਇਹੀ ਮਾਡਲ ਪੰਜਾਬ ਵਿਚ ਵੀ ਲਾਗੂ ਕਰਨਾ ਪਵੇਗਾ। ਉਹਨਾਂ ਨੇ ਮੁੱਲ ਵਾਧੇ ਲਈ ਮੁੱਢਲੀ ਪ੍ਰੋਸੈਸਿੰਗ ਵੱਲ ਕਿਸਾਨ ਨੂੰ ਮੋੜਨ ਹਿਤ ਪੀ.ਏ.ਯੂ. ਵੱਲੋਂ ਦਿੱਤੀ ਜਾਂਦੀ ਸਿਖਲਾਈ ਦੇ ਢਾਂਚੇ ਬਾਰੇ ਵੀ ਗੱਲ ਕੀਤੀ। ਡਾ. ਗੋਸਲ ਨੇ ਮੌਜੂਦਾ ਖੇਤੀ ਚੁਣੌਤੀਆਂ ਦੇ ਮੱਦੇਨਜ਼ਰ ਖੋਜ ਅਤੇ ਪਸਾਰ ਮਾਹਿਰਾਂ ਨੂੰ ਕਿਸਾਨੀ ਦੀ ਸੇਵਾ ਲਈ ਡੱਟ ਜਾਣ ਵਾਸਤੇ ਕਿਹਾ। ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਪਿਛਲੇ ਸਾਲ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ ਹੋਣ ਦੇ ਬਾਵਜੂਦ ਝੋਨੇ ਦੇ ਝਾੜ ਉੱਪਰ ਤਸੱਲੀ ਪ੍ਰਗਟਾਈ। ਉਹਨਾਂ ਸਿੱਧੀ ਬਿਜਾਈ ਨੂੰ ਤਰ ਵੱਤਰ ਤਕਨੀਕ ਦੇ ਰੂਪ ਵਿਚ ਵਿਕਸਿਤ ਕਰਨ, ਬਾਸਮਤੀ ਦੇ ਰਸਾਇਣਕ ਰਹਿੰਦ-ਖੂੰਹਦ ਨੂੰ ਕਾਬੂ ਕਰਨ ਲਈ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਜ਼ਮੀਨ ਦੀ ਸਖਤ ਤਹਿ ਤੋੜਨ ਲਈ ਚੀਜ਼ਲੰਿਗ ਦੀ ਸਿਫ਼ਾਰਸ਼ ਅਪਨਾਉਣ ਦੀ ਅਪੀਲ ਕੀਤੀ।

 
ਪੰਜਾਬ ਦੇ ਕੇਨ ਕਮਿਸ਼ਨਰ ਸ਼੍ਰੀ. ਆਰ ਕੇ ਰਹੇਜਾ ਨੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦੇ ਆਪਸੀ ਸੰਵਾਦ ਦੀਆਂ ਪ੍ਰਾਪਤੀਆਂ ਦੇ ਹਵਾਲੇ ਨਾਲ ਖੇਤੀਬਾੜੀ ਵਿਭਾਗ ਦੇ ਕਾਰਜ ਅਤੇ ਖੋਜ ਦੇ ਮੁੱਦਿਆਂ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਬੌਣੇਪਣ ਦਾ ਵਾਇਰਸ ਇੱਕ ਮੁੱਦਾ ਬਣਿਆ ਰਿਹਾ ਹੈ ਪਰ ਪੀ.ਏ.ਯੂ. ਨੇ ਇਸ ਦਿਸ਼ਾ ਵਿਚ ਖੋਜ ਕਰਕੇ ਕਿਸਾਨਾਂ ਨੂੰ ਅਗਵਾਈ ਦਿੱਤੀ ਹੈ। ਸਿੱਧੀ ਬਿਜਾਈ ਬਾਰੇ ਸਰਕਾਰੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਰਹੇਜਾ ਨੇ ਇਸ ਤਕਨੀਕ ਹੇਠ ਰਕਬਾ ਵਧਾਉਣ ਲਈ ਕੋਸ਼ਿਸ਼ਾਂ ਕਰਨ ਦੀ ਗੱਲ ਕੀਤੀ। ਨਰਮੇ ਵਿਚ ਉਹਨਾਂ ਨੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਬੇਮੌਸਮੀ ਕੋਸ਼ਿਸ਼ਾਂ ਵਧਾਉਣ ਅਤੇ ਨਰਮੇ ਦੀ ਚੁਗਾਈ ਲਈ ਮਸ਼ੀਨੀ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਨੂੰ ਠੱਲ੍ਹ ਪਾਉਣ ਅਤੇ ਈਥਾਨੋਲ ਉਤਪਾਦਨ ਲਈ ਮੱਕੀ ਵਿਚ ਸਟਾਰਚ ਮਾਦੇ ਦੇ ਵਾਧੇ ਵਾਲੀਆਂ ਕਿਸਮਾਂ ਵੱਲ ਧਿਆਨ ਦੁਆਇਆ। ਇਸ ਤੋਂ ਇਲਾਵਾ ਉਹਨਾਂ ਨੇ ਮਿੱਠੀ ਚਰੀ ਦੀਆਂ ਕਿਸਮਾਂ ਦੀ ਖੋਜ ਅਤੇ ਮੰਡੀਕਰਨ ਬਾਰੇ ਵਿਸਥਾਰ ਨਾਲ ਸਰਵੇਖਣ ਲਈ ਅਰਥਸ਼ਾਸ਼ਤਰੀਆਂ ਨੂੰ ਪ੍ਰੇਰਿਤ ਕੀਤਾ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਸਾਉਣੀ ਰੁੱਤ ਲਈ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਵੀਆਂ ਕਿਸਮਾਂ ਵਿਚ ਉਹਨਾਂ ਨੇ ਪੂਸਾ ਬਾਸਮਤੀ 1847 ਦਾ ਜ਼ਿਕਰ ਕੀਤਾ ਜੋ ਕਰੀਬਨ 100 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਉਸਦਾ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਚਾਰਾ ਮੱਕੀ ਦੀ ਕਿਸਮਾ ਜੇ 1008 ਬਾਰੇ ਗੱਲ ਕਰਦਿਆਂ ਉਹਨਾਂ ਪੁਰਾਣੀਆਂ ਕਿਸਮਾਂ ਨਾਲੋਂ ਪਹਿਲਾਂ ਪੱਕਣ ਵਾਲੀ ਅਤੇ ਸਾਈਲੇਜ ਲਈ ਢੁੱਕਵੀਂ ਕਿਸਮ ਕਿਹਾ। ਖਰ੍ਹਵੇਂ ਅਨਾਜਾਂ ਵਿਚ ਬਾਜਰੇ ਦੀ ਕਿਸਮ ਪੀ ਸੀ ਬੀ 167 ਅਤੇ ਪੰਜਾਬ ਚੀਨਾ 1 ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਰਾਗੀ ਆਦਿ ਕਿਸਮਾਂ ਉੱਪਰ ਵੀ ਬਰੀਡਿੰਗ ਕਾਰਜ ਕੀਤਾ ਜਾ ਰਿਹਾ ਹੈ। ਉਤਪਾਦਨ ਤਕਨੀਕਾਂ ਵਿਚ ਡਾ. ਢੱਟ ਨੇ ਨਵੇਂ ਫਸਲੀ ਚੱਕਰਾਂ ਦੀ ਸਿਫ਼ਾਰਸ਼ ਸਾਂਝੀ ਕੀਤੀ ਜੋ ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਵੱਧ ਆਮਦਨ ਦੇਣ ਵਾਲੇ ਹਨ। ਇਸ ਤੋਂ ਇਲਾਵਾ ਸਿੱਧੀ ਬਿਜਾਈ ਵਾਲੇ ਝੋਨੇ ਲਈ ਰੂੜੀ ਦੀ ਖਾਦ, ਸੰਯੁਕਤ ਮੱਛੀ ਫਾਰਮਿੰਗ ਪ੍ਰਣਾਲੀ ਵਿਚ ਮੱਛੀ ਤਲਾਬ ਦੇ ਤਲਛਟ ਦੀ ਵਰਤੋਂ ਅਤੇ ਸੱਠੀ ਮੂੰਗੀ ਦੀ ਬਿਜਾਈ ਤੋਂ ਇਲਾਵਾ ਛੱਪੜਾਂ ਵਾਲੇ ਪਾਣੀ ਦੀ ਪਰਖ ਲਈ ਕਿੱਟ ਬਾਰੇ ਜਾਣਕਾਰੀ ਦਿੱਤੀ। ਪੌਦ ਸੁਰੱਖਿਆ ਤਕਨੀਕ ਵਿਚ ਉਹਨਾਂ ਨੇ ਜੈਵਿਕ ਅਤੇ ਗੈਰ ਜੈਵਿਕ ਹਾਲਤਾਂ ਵਿਚ ਝੋਨੇ ਅਤੇ ਬਾਸਮਤੀ ਦੇ ਬੂਟੇ ਦੇ ਟਿੱਡਿਆਂ ਦੇ ਹਮਲੇ ਦੀ ਰੋਕਥਾਮ, ਨਰਮੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ, ਮੱਕੀ ਵਿਚ ਫਾਲ ਆਰਮੀਵਰਮ ਦੀ ਰੋਕਥਾਮ ਅਤੇ ਛੋਲਿਆਂ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਖੇਤੀ ਮਸ਼ੀਨਰੀ ਵਿਚ ਉਹਨਾਂ ਰਿਮੋਟ ਵਾਲੇ ਪੈਡੀ ਟਰਾਂਸਪਲਾਂਟਰ ਅਤੇ ਸਪਰੇਅ ਲਈ ਡਰੋਨ ਸੰਬੰਧੀ ਕੀਤੀ ਖੋਜ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਹੋਰ ਤਕਨੀਕਾਂ ਵਿਚ ਸੋਇਆ ਪਾਊਡਰ ਤੋਂ ਤਿਆਰ ਦੁੱਧ ਅਤੇ ਮਿਲਟਸ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੀਆਂ ਤਕਨਾਲੋਜੀਆਂ ਗੋਸ਼ਟੀ ਵਿਚ ਪੇਸ਼ ਕੀਤੀਆਂ।

 
ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਹਨਾਂ ਕਿਹਾ ਕਿ ਇਹ ਗੋਸ਼ਟੀ ਇਤਿਹਾਸ ਵਿਚ ਪੰਜਾਬ ਦੀ ਕਿਸਾਨੀ ਨੂੰ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਉੱਨਤ ਤਕਨੀਕਾਂ ਤੋਂ ਜਾਣੂੰ ਕਰਾਉਂਦੀ ਰਹੀ ਹੈ। ਡਾ. ਭੁੱਲਰ ਨੇ ਪਸਾਰ ਮਾਹਿਰਾਂ ਨੂੰ ਨਿੱਠ ਕੇ ਵਿਚਾਰ-ਚਰਚਾ ਕਰਨ ਅਤੇ ਆਪਣੇ ਸੁਝਾਅ ਦੇਣ ਲਈ ਕਿਹਾ ਤਾਂ ਜੋ ਖੋਜ ਦੀ ਵਿਉਂਤਬੰਦੀ ਕੀਤੀ ਜਾ ਸਕੇ।

 
ਆਖਰ ਵਿਚ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਗੋਸ਼ਟੀ ਦੇ ਸਾਰਥਕ ਸਿੱਟਿਆਂ ਬਾਰੇ ਆਸ ਪ੍ਰਗਟ ਕੀਤੀ। ਸਮਾਰੋਹ ਦਾ ਸੰਚਾਲਨ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੀਤਾ।

ਪਹਿਲੇ ਤਕਨੀਕੀ ਸੈਸ਼ਨ ਵਿਚ ਝੋਨੇ ਅਤੇ ਨਰਮੇ ਦੀ ਕਾਸ਼ਤ ਬਾਰੇ ਵਿਚਾਰ-ਚਰਚਾ ਹੋਈ। ਦੂਸਰੇ ਤਕਨੀਕੀ ਸੈਸ਼ਨ ਦੌਰਾਨ ਤੇਲਬੀਜਾਂ, ਚਾਰਿਆਂ ਅਤੇ ਛੋਟੇ ਅਨਾਜਾਂ ਸੰਬੰਧੀ ਮਾਹਿਰਾਂ ਨੇ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।

 
ਕੱਲ ਇਸ ਗੋਸ਼ਟੀ ਦੇ ਦੂਸਰੇ ਦਿਨ ਤੀਜੇ ਤਕਨੀਕੀ ਸੈਸ਼ਨ ਵਿਚ ਕਮਾਦ, ਦਾਲਾਂ ਅਤੇ ਮੱਕੀ ਬਾਰੇ ਵਿਚਾਰ ਲਈ ਚਰਚਾ ਹੋਵੇਗੀ। ਚੌਥਾ ਸੈਸ਼ਨ ਖੇਤੀ ਇੰਜਨੀਅਰਿੰਗ, ਜੰਗਲਾਤ, ਮਾਈਕ੍ਰੋਬਾਇਆਲੋਜੀ, ਜੀਵ ਵਿਗਿਆਨ ਅਤੇ ਅਰਥ ਸਾਸ਼ਤਰ ਦੇ ਮੁੱਦਿਆਂ ਨੂੰ ਵਿਚਾਰਨ ਲਈ ਰੱਖਿਆ ਜਾਵੇਗਾ। ਅੰਤ ਵਿਚ ਵਿਚਾਰ-ਚਰਚਾ ਲਈ ਇਕ ਸੈਸ਼ਨ ਰੱਖਿਆ ਗਿਆ ਹੈ।

ਪੀ.ਏ.ਯੂ. ਵਿਚ ਖੇਤੀ ਮਸ਼ੀਨਰੀ ਬਾਰੇ ਸਰਦ ਰੁੱਤ ਸਿਖਲਾਈ ਸਫਲਤਾ ਨਾਲ ਨੇਪਰੇ ਚੜ੍ਹੀ

ਲੁਧਿਆਣਾ, 22 ਫਰਵਰੀ(ਟੀ. ਕੇ.) ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਲੋਂ ਸਰਦ ਰੁੱਤ ਸਿਖਲਾਈ ਸਕੂਲ ਅੱਜ ਸੰਪੰਨ ਹੋ ਗਿਆ। ਇਸ ਸਿਖਲਾਈ ਦੌਰਾਨ ਦੇਸ਼ ਭਰ ਦੀਆਂ ਵੱਖ ਵੱਖ ਖੇਤੀ ਸੰਸਥਾਵਾਂ ਤੋਂ ਡੇਢ ਦਰਜਨ ਦੇ ਕਰੀਬ ਸਿਖਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੇ ਵਧੀਕ ਨਿਰਦੇਸ਼ਕ ਜਨਰਲ ਡਾ. ਸੀਮਾ ਜੱਗੀ ਦਾ ਵਿਸ਼ੇਸ਼ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ। ਡਾ. ਜੱਗੀ ਨੇ ਆਪਣੇ ਸੰਦੇਸ਼ ਵਿਚ ਪੀ.ਏ.ਯੂ. ਦੀਆਂ ਮਸ਼ੀਨਰੀ ਸੰਬੰਧੀ ਖੋਜਾਂ ਅਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਇਸ ਸਿਖਲਾਈ ਨੂੰ ਫਸਲ਼ੀ ਰਹਿੰਦ-ਖੂੰਹਦ ਦੀ ਸੰਭਾਲ ਲਈ ਨਵਾਂ ਅਧਿਆਇ ਜੋੜਨ ਦਾ ਮੌਕਾ ਕਿਹਾ।
ਸਮਾਪਤੀ ਸਮਾਰੋਹ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਵਿਸ਼ੇਸ਼ ਭਾਸ਼ਣ ਵਿਚ ਇਸ ਸਿਖਲਾਈ ਸਕੂਲ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਦੀ ਰਹਿੰਦ ਖੂੰਹਦ ਦੀ ਸੰਭਾਲ ਨੂੰ ਤਕਨਾਲੋਜੀ ਦੇ ਆਸਰੇ ਸਮੱਸਿਆ ਤੋਂ ਸ਼ਕਤੀ ਬਣਾਇਆ ਜਾ ਸਕਦਾ ਹੈ। ਅਜੋਕਾ ਦੌਰ ਨਾ ਸਿਰਫ ਸੂਖਮ ਢੰਗਾਂ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਖੇਤੀ ਨੂੰ ਪ੍ਰਫੁੱਲਿਤ ਕਰਨ ਦਾ ਹੈ ਬਲਕਿ ਸੂਖਮ ਖੇਤੀ ਢੰਗਾਂ ਰਾਹੀਂ ਇਸਨੂੰ ਮੁੜ ਜੀਵੰਤ ਵਿਧੀਆਂ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਿਖਲਾਈ ਸਕੂਲ ਤੋਂ ਚਾਨਣ ਲੈ ਕੇ ਸਾਰੇ ਭਾਗੀਦਾਰ ਆਪਣੀਆਂ ਸੰਸਥਾਵਾਂ ਵਿੱਚ ਨਵੇਂ ਗਿਆਨ ਦਾ ਪ੍ਰਸਾਰ ਕਰਨਗੇ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀ ਮਸ਼ੀਨਰੀ ਮਾਹਿਰ ਡਾ ਗੁਰਸਾਹਿਬ ਸਿੰਘ ਮਨੇਸ ਨੇ ਪੀ ਏ ਯੂ ਵਲੋਂ ਖੇਤੀ ਰਹਿੰਦ ਖੂੰਹਦ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਕ ਇਸ ਸਿਖਲਾਈ ਰਾਹੀਂ ਦੂਰ ਦੂਰ ਤਕ ਪਹੁੰਚਣ ਦਾ ਸਬੱਬ ਬਣੇਗਾ।
ਇਸ ਸਮਾਰੋਹ ਵਿਚ ਸਵਾਗਤ ਦੇ ਸ਼ਬਦ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ  ਮਹੇਸ਼ ਕੁਮਾਰ ਨਾਰੰਗ ਨੇ ਕਹੇ। ਉਨ੍ਹਾਂ ਨੇ ਸਿਖਲਾਈ ਦੌਰਾਨ ਅਪਣਾਈਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਨੂੰ ਹੱਥੀਂ ਸਿਖਲਾਈ ਦੇ ਨਾਲ-ਨਾਲ ਵਿਹਾਰਕ ਭਾਸ਼ਣ ਅਤੇ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਦੌਰੇ ਵੀ ਕਰਵਾਏ ਗਏ। ਡਾ. ਨਾਰੰਗ ਨੇ ਦੱਸਿਆ ਕਿ ਇਸ ਸਿਖਲਾਈ ਦਾ ਉਦੇਸ਼ ਖੇਤੀ ਰਹਿੰਦ-ਖੂੰਹਦ ਦੀ ਸੰਭਾਲ ਲਈ ਹਰ ਤਰ੍ਹਾਂ ਦੇ ਢੰਗ ਤਰੀਕਿਆਂ ਨੂੰ ਰੌਸ਼ਨੀ ਵਿਚ ਲਿਆਉਣਾ ਸੀ ਤਾਂ ਜੋ ਵਾਤਾਵਰਨ ਪੱਖੀ ਸਥਿਰ ਖੇਤੀ ਲਈ ਰਾਹ ਪੱਧਰਾ ਕੀਤਾ ਜਾ ਸਕੇ। ਇਸ ਮੌਕੇ ਉੱਘੇ ਮਸ਼ੀਨਰੀ ਮਾਹਿਰ ਅਤੇ ਸੀਨੀਅਰ ਪ੍ਰੋਫੈਸਰ ਡਾ. ਹਰਮਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਿਖਲਾਈ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅੰਤ ਵਿਚ ਪ੍ਰਮਾਣ ਪੱਤਰ ਵੀ ਦਿੱਤੇ ਗਏ। ਮਹਾਂਰਾਸ਼ਟਰ ਤੋਂ ਡਾ. ਸਮਿਤਾ, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਤੋਂ ਡਾ. ਰਈਸ ਮਲਿਕ ਅਤੇ ਪੀ.ਏ.ਯੂ. ਤੋਂ ਡਾ. ਰੁਪਿੰਦਰ ਚੰਦੇਲ ਨੇ ਆਪਣੀਆਂ ਰਾਵਾਂ ਅਤੇ ਸੁਝਾਅ ਸਾਂਝੇ ਕੀਤੇ।
ਸਿਖਲਾਈ ਸਕੂਲ ਦੇ ਕੁਆਰਡੀਨੇਟਰ ਡਾ. ਅਰਸ਼ਦੀਪ ਸੰਘੇੜਾ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ। ਇਕ ਹੋਰ ਕੋਆਰਡੀਨੇਟਰ ਡਾ. ਮਨਪ੍ਰੀਤ ਸਿੰਘ ਨੇ ਸਮਾਰੋਹ ਦਾ ਸੰਚਾਲਨ ਕੀਤਾ। ਇਸ ਮੌਕੇ ਵਿਭਾਗ ਦੇ ਵੱਖ-ਵੱਖ ਅਧਿਆਪਕ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਸਾਬਕਾ ਸੈਨਿਕਾਂ ਦੀ ਮੀਟਿੰਗ ਵਿੱਚ ਇੱਕ ਰੈਂਕ ਇੱਕ ਪੈਨਸ਼ਨ ਸੰਬੰਧੀ ਵਿਚਾਰ ਚਰਚਾ ਹੋਈ

ਲੁਧਿਆਣਾ (ਰੁਪਿੰਦਰ ਰਮਨ, ਸਾਹਨੇਵਾਲ) ਸਾਬਕਾ ਸੈਨਿਕ ਅਤੇ ਸਮਾਜ ਸੇਵੀ ਐਸੋਸੀਏਸ਼ਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਉਮੈਦਪੁਰ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਅਰਜਨ ਦੇਵ ਜੀ ਸਾਹਨੇਵਾਲ ਵਿਖੇ ਹੋਈ.ਇਸ ਮੀਟਿੰਗ ਵਿੱਚ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ, ਸਮੂਹ ਸੈਨਿਕਾਂ ਵੱਲੋਂ ਇੱਕ ਰੈਂਕ ਇੱਕ ਪੈਨਸ਼ਨ ਦੇ ਮੁੱਦੇ ਤੇ ਬੋਲਦਿਆਂ ਕੇਂਦਰ ਸਰਕਾਰ ਦੇ ਰਵਈਏ ਦੀ ਤਿੱਖੀ ਆਲੋਚਨਾ ਕੀਤੀ ਗਈ, ਪ੍ਰਧਾਨ ਕੈਪਟਨ ਅਮਰੀਕ ਸਿੰਘ ਉਮੈਦਪੁਰ ਨੇ ਕਿਹਾ ਕਿ ਇੱਕ ਰੈਂਕ ਇੱਕ ਪੈਨਸ਼ਨ ਵਿੱਚ ਬਹੁਤ ਸਾਰੀਆਂ ਕਮੀਆਂ ਹਨ.ਕੇਂਦਰ ਸਰਕਾਰ ਵੱਲੋਂ ਖ਼ਾਨਾਪੂਰਤੀ ਕਰਕੇ ਜੇ.ਸੀ .ਓ ਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਇੱਕ ਰੈਂਕ ਇੱਕ ਪੈਨਸ਼ਨ ਵਿੱਚ ਸਾਰੀਆਂ ਕਮੀਆਂ ਨੂੰ ਦੂਰ ਕਰਕੇ ਹੀ ਇੱਕ ਰੈਂਕ ਇੱਕ ਪੈਨਸ਼ਨ -2ਲਾਗੂ ਹੋਣੀ ਚਾਹੀਦੀ ਹੈ.ਜੰਤਰ -ਮੰਤਰ ਦਿੱਲੀ ਵਿੱਚ ਸਾਬਕਾ ਸੈਨਿਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਸਾਬਕਾ ਸੈਨਿਕ ਅਤੇ ਸਮਾਜ ਸੇਵੀ ਐਸੋਸੀਏਸ਼ਨ ਲੁਧਿਆਣਾ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ,ਇਸ ਮੌਕੇ ਤੇ ਸਾਬਕਾ ਸੈਨਿਕਾਂ ਨੇ ਇੱਕ ਸੁਰ ਹੋ ਕੇ ਅਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਦੇ ਨਾ - ਪੱਖੀ ਰਵਈਏ ਦੀ ਨਿੰਦਿਆ ਕੀਤੀ ਗਈ...
ਇਸ ਮੌਕੇ ਤੇ ਸੈਨਿਕਾਂ ਦੀ ਕਮੇਟੀ ਦੀ ਚੋਣ ਕੀਤੀ ਗਈ, ਪ੍ਰਧਾਨ ਕੈਪਟਨ ਅਮਰੀਕ ਸਿੰਘ ਉਮੈਦਪੁਰ ਅਤੇ ਸੂਬੇਦਾਰ ਮੇਜਰ ਗੁਲਜ਼ਾਰ ਵੱਲੋਂ ਮੌਜੂਦਾ ਸਮੇਂ ਹਲਾਤਾਂ ਬਾਰੇ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਉਂਦਿਆਂ ਹੋਇਆ ਬੱਚਿਆਂ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੁਝਾਅ ਦਿੱਤੇ ਗਏ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਦੁਰਵਰਤੋ ਰੋਕਣ ਸਬੰਧੀ ਸਭਨਾਂ ਨੂੰ ਪ੍ਰੇਰਿਆ ਗਿਆ.......ਇਸ ਮੀਟਿੰਗ ਵਿੱਚ ਕੈਪਟਨ ਸੁਰਜੀਤ ਸਿੰਘ, ਕੈਪਟਨ ਕੁਲਦੀਪ ਸਿੰਘ ਕਨੇਚ, ਕੈਪਟਨ ਅਮਰ ਸਿੰਘ, ਸੂਬੇਦਾਰ ਮੇਜਰ ਗੁਲਜ਼ਾਰ ਸਿੰਘ, ਸੂਬੇਦਾਰ ਮੇਜਰ ਰਾਜਿੰਦਰ ਸਿੰਘ ਬਰਵਾਲਾ, ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਮਲਕੀਤ ਸਿੰਘ, ਹੌਲਦਾਰ ਬਲਬੀਰ ਸਿੰਘ, ਹੌਲਦਾਰ ਪ੍ਰੀਤਮ ਸਿੰਘ ਸਿੱਧੂ, ਹੌਲਦਾਰ ਮਦਨ ਸਿੰਘ, ਹੌਲਦਾਰ ਜਸਬੀਰ ਸਿੰਘ, ਹੌਲਦਾਰ ਜਸਮਿੰਦਰ ਸਿੰਘ, ਹੌਲਦਾਰ ਰਾਮ ਸਿੰਘ, ਹੌਲਦਾਰ ਪ੍ਰਕਾਸ਼ ਸਿੰਘ ,ਨਾਇਕ ਕੁਲਦੀਪ ਸਿੰਘ, ਕੈਸ਼ੀਅਰ ਜਗਤਾਰ ਸਿੰਘ, ਨਾਇਕ ਮੇਜ਼ਰ ਸਿੰਘ, ਨਾਇਕ ਭਾਗ ਸਿੰਘ, ਨਾਇਕ ਮਲੂਕ ਸਿੰਘ ਆਦਿ ਹਾਜ਼ਰ ਸਨ

ਸੀਟੀ ਯੂਨੀਵਰਸਿਟੀ ਦੇ ਡਾ. ਸਤਵੀਰ ਸਿੰਘ ਨੇ ਰੇਡੀਏਸ਼ਨ ਐਕਸਪੋਜ਼ਰ ਤੇ ਗਲੋਬਲ ਰਿਸਰਚ ਇਨੀਸ਼ੀਏਟਿਵ ਦੀ ਕੀਤੀ ਅਗਵਾਈ

ਮੁੱਲਾਂਪੁਰ ਦਾਖਾ 22 ਫਰਵਰੀ ( ਸਤਵਿੰਦਰ ਸਿੰਘ ਗਿੱਲ) - ਟੋਕੀਓ ਮੈਟਰੋਪੋਲੀਟਨ ਯੂਨੀਵਰਸਿਟੀ, ਜਾਪਾਨ, ਅਤੇ ਸੀਟੀ ਯੂਨੀਵਰਸਿਟੀ, ਲੁਧਿਆਣਾ ਦੇ ਵਿਚਕਾਰ ਸਾਂਝੇਦਾਰੀ ਕੀਤੀ ਗਿਆ ਜਿਸ ਦੇ ਜ਼ਰੀਏ ਉੱਘੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਜਪਾਨ ਸੋਸਾਇਟੀ ਆਫ ਪ੍ਰਮੋਸ਼ਨਲ ਸਾਇੰਸ (JSPS) ਅਤੇ ਏਸ਼ੀਆ ਅਫਰੀਕਾ ਵਾਤਾਵਰਣ ਰੇਡੀਏਸ਼ਨ ਰਿਸਰਚ ਨੈੱਟਵਰਕ ਦੁਆਰਾ ਫੰਡ ਕੀਤੇ ਗਏ ਅੰਤਰਰਾਸ਼ਟਰੀ ਖੋਜ ਪ੍ਰੋਜੈਕਟਾਂ ਵਿੱਚ ਸਰਗਰਮੀ ਨਾਲ ਕਮ ਕੀਤਾ ਗਿਆ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਖੇਤਰੀ ਸਰਵੇਖਣ 'ਤੇ ਵਿਸ਼ੇਸ਼ ਜ਼ੋਰ ਦੇ ਕੇ, ਰੇਡੀਏਸ਼ਨ ਐਕਸਪੋਜ਼ਰ ਦੇ ਵਿਰੁੱਧ ਸਿਹਤ ਪ੍ਰਬੰਧਨ ਵਿੱਚ ਯੋਗਦਾਨ ਪਾਇਆ ਗਿਆ। ਟੋਕੀਓ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਰੇਡੀਓਲੌਜੀਕਲ ਸਾਇੰਸਜ਼ ਵਿਭਾਗ ਦੇ ਪ੍ਰੋ. ਕਾਜ਼ੂਮਾਸਾ ਇਨੂਏ ਦੇ ਹਾਲ ਹੀ ਦੇ ਦੌਰੇ ਦੌਰਾਨ, ਪ੍ਰੋ. ਐਸ ਕੇ ਸਾਹੂ ਅਤੇ ਉਹਨਾਂ ਦੀ ਲੈਬ ਦੇ ਤਿੰਨ ਖੋਜਕਰਤਾਵਾਂ ਦੇ ਨਾਲ ਇੱਕ ਵਿਆਪਕ ਚਰਚਾ ਕੀਤੀ ਗਈ। ਚਰਚਾ ਦੌਰਾਨ ਹਾਜ਼ਰ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ, ਪ੍ਰੋ ਵਾਈਸ-ਚਾਂਸਲਰ ਡਾ. ਅਭਿਸ਼ੇਕ ਤ੍ਰਿਪਾਠੀ ਅਤੇ ਡਾ: ਸਤਵੀਰ ਸਿੰਘ ਸ਼ਾਮਲ ਸਨ।
          ਸੀਟੀ ਯੂਨੀਵਰਸਿਟੀ ਦੀ ਖੋਜ ਟੀਮ ਦੇ ਮੁੱਖ ਮੈਂਬਰ ਡਾ. ਸਤਵੀਰ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੇ ਖੇਤਰੀ ਸਰਵੇਖਣ ਦੌਰਾਨ ਅਹਿਮ ਭੂਮਿਕਾ ਨਿਭਾਈ। ਟੀਮ ਨੇ ਆਪਣੇ ਖੋਜ ਯਤਨਾਂ ਦੇ ਹਿੱਸੇ ਵਜੋਂ ਧਰਤੀ ਹੇਠਲੇ ਪਾਣੀ ਅਤੇ ਮਿੱਟੀ ਦੇ ਨਮੂਨੇ ਇਕੱਠੇ ਕੀਤੇ। ਚੱਲ ਰਹੇ ਪ੍ਰੋਜੈਕਟਾਂ ਵਿੱਚ ਡਾ. ਸਤਵੀਰ ਸਿੰਘ ਦੀ ਮੁਹਾਰਤ ਅਤੇ ਯੋਗਦਾਨ ਸ਼ਲਾਘਾਯੋਗ ਰਿਹਾ , ਜੋ ਕਿ ਸੀਟੀ ਯੂਨੀਵਰਸਿਟੀ ਦੀ ਅਤਿ-ਆਧੁਨਿਕ ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਖੋਜ ਟੀਮ ਵਿੱਚ ਟੋਕੀਓ ਮੈਟਰੋਪੋਲੀਟਨ ਯੂਨੀਵਰਸਿਟੀ ਤੋਂ ਪ੍ਰੋ. ਇਨੂਏ ਅਤੇ ਟੋਕੀਓ ਮੈਟਰੋਪੋਲੀਟਨ ਯੂਨੀਵਰਸਿਟੀ ਤੋਂ ਨਟਰਾਜਨ, ਪ੍ਰੋ. ਐਸ ਕੇ ਸਾਹੂ ਅਤੇ ਇਟੋ, ਸੈਂਟਰਲ ਯੂਨੀਵਰਸਿਟੀ, ਗੜ੍ਹਵਾਲ ਤੋਂ ਪ੍ਰੋ. ਆਰ ਸੀ ਰਾਮੋਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ. ਬੀ. ਐੱਸ. ਬਾਜਵਾ, ਅਤੇ ਕੇਂਦਰੀ ਯੂਨੀਵਰਸਿਟੀ, ਗੜ੍ਹਵਾਲ ਤੋਂ ਸ੍ਰੀ ਅਭਿਸ਼ੇਕ ਸ਼ਾਮਲ ਸਨ। ਇਹ ਯਤਨ ਯੂਰੇਨੀਅਮ ਦੇ ਜ਼ਹਿਰ ਵਰਗੇ ਨਾਜ਼ੁਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਗਲੋਬਲ ਭਾਈਵਾਲੀ ਦੀ ਮਹੱਤਤਾ ਮੁੱਖ ਰੱਖਦਿਆਂ ਕੀਤੇ ਗਏ। ਖੋਜ ਗਤੀਵਿਧੀਆਂ ਤੋਂ ਇਲਾਵਾ, ਜਾਪਾਨੀ ਟੀਮ ਨੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ, ਜਲੰਧਰ ਦੀ 9ਵੀਂ ਕਨਵੋਕੇਸ਼ਨ ਵਿੱਚ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ, ਜਿਸ ਨਾਲ ਦੋਵਾਂ ਸੰਸਥਾਵਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਏ।

ਬਾਰ ਐਸੋਸੀਏਸ਼ਨ ਰੋਪੜ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਕੀਤੇ ਅਣਮਨੁੱਖੀ ਅੱਤਿਆਚਾਰ ਵਿਰੁੱਧ ਰੋਸ ਪ੍ਰਦਰਸ਼ਨ

ਰੋਪੜ, 22 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਲੱਗਭਗ ਇੱਕ ਹਫ਼ਤੇ ਤੋਂ ਸ਼ੰਭੂ ਤੇ ਖਨੋਰੀ (ਪੰਜਾਬ/ਹਰਿਆਣਾ) ਬਾਰਡਰਾਂ 'ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ/ਮਜ਼ਦੂਰਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਟਕਰਾਅ-ਪੂਰਨ ਸਥਿਤੀ ਦੇ ਚਲਦਿਆਂ ਬਲਾਂ ਵੱਲੋਂ ਛੱਡੀਆਂ ਰਬੜ ਦੀਆਂ ਗੋਲ਼ੀਆਂ, ਅੱਥਰੂ ਗੈਸ ਦੀ ਬੰਬਾਰੀ ਤੇ ਲਾਠੀਚਾਰਜ ਕਾਰਨ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਵਾਸੀ ਪਿੰਡ: ਬੱਲੋਂ (ਬਠਿੰਡਾ) ਦੀ ਮੌਤ ਅਤੇ ਦਰਜਣਾਂ ਹੀ ਪ੍ਰਦਰਸ਼ਨਕਾਰੀਆਂ ਦੇ ਫੱਟੜ ਹੋਣ ਕਾਰਨ ਵੱਖੋ-ਵੱਖ ਚਿੰਤਕ ਧਿਰਾਂ ਵੱਲੋਂ 'ਹਾਅ ਦੇ ਨਾਅਰੇ' ਵਜੋਂ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਤਹਿਤ ਬਾਰ ਐਸੋਸੀਏਸ਼ਨ ਰੋਪੜ ਵੱਲੋਂ ਪ੍ਰਧਾਨ ਐਡਵੋਕੇਟ ਮਨਦੀਪ ਮੋਦਗਿੱਲ ਦੀ ਅਗਵਾਈ ਵਿੱਚ 22 ਫਰਵਰੀ ਵੀਰਵਾਰ ਨੂੰ ਸਾਰੇ ਦਿਨ ਦਾ ਕੰਮ ਰੋਕ ਕੇ ਆਪਣਾ ਵਿਰੋਧ ਜਾਹਿਰ ਕੀਤਾ। ਇਸ ਮੌਕੇ ਐਡਵੋਕੇਟ ਡੀ.ਐੱਸ. ਦਾਰਾ (ਇੰਚਾਰਜ), ਐਡਵੋਕੇਟ ਹੇਮੰਤ ਚੌਧਰੀ, ਐਡਵੋਕੇਟ ਐੱਮ.ਐੱਸ. ਢੀਂਡਸਾ, ਐਡਵੋਕੇਟ ਪਰਗਟ ਸਿੰਘ ਕਮਾਲਪੁਰੀ, ਐਡਵੋਕੇਟ ਵਿਕਰਮ ਭਨੋਟ, ਐਡਵੋਕੇਟ ਪੰਕਜ ਸ਼ਰਮਾ, ਐਡਵੋਕੇਟ ਅਰਵਿੰਦ ਰਿਸ਼ੀ, ਐਡਵੋਕੇਟ ਪਰਿੰਕਸ਼ਿਤ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

120 ਬੋਤਲਾ ਨਜਾਇਜ ਸ਼ਰਾਬ ਸਮੇਤ ਔਰਤ ਤੇ ਮਰਦ ਕਾਬੂ

ਮੁੱਲਾਂਪੁਰ ਦਾਖਾ 22 ਫਰਵਰੀ (ਸਤਵਿੰਦਰ ਸਿੰਘ ਗਿੱਲ) - ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ, ਮਾਣਯੋਗ ਡੀ.ਐੱਸ.ਪੀ ਜਤਿੰਦਰਪਾਲ ਸਿੰਘ ਖਹਿਰਾ ਦੀ ਰਹਿਨੁਮਾਈ ’ਚ ਦਾਖਾ ਪੁਲਿਸ ਵੱਲੋਂ ਚਲਾਈ ਨਸ਼ਿਆਂ ਖਿਲਾਫ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਅੱਜ ਸਵਿਫਟ ਗੱਡੀ ਵਿੱਚ ਸਵਾਰ ਮਰਦ/ਔਰਤ ਨੂੰ ਨਜਾਇਜ ਸ਼ਰਾਬ ਸਮੇਤ ਦਾਖਾ ਪੁਲਿਸ ਨੇ ਕਾਬੂ ਕੀਤਾ । ਫੜ੍ਹੇ ਗਏ ਕਥਿਤ ਦੋਸ਼ੀਆਂ ਨੇ ਇਹ ਨਜਾਇਜ਼ ਸ਼ਰਾਬ ਜਗਰਾਓ ਇਲਾਕੇ ਅੰਦਰ ਵੇਚਣੀ ਸੀ।
           ਏ.ਐੋੱਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖਬਰ ਪਾਸੋਂ ਇਤਲਾਹ ਮਿਲੀ ਕਿ ਥਾਣਾ ਸਦਰ ਦੇ ਅਧੀਂਨ ਪੈਂਦੇ ਪਿੰਡ ਰਾਮਗੜ੍ਹ ਭੁੱਲਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੰਮੀ ਪੁੱਤਰ ਲਾਲ ਸਿੰਘ, ਔਰਤ ਮਹਿੰਦਰਪਾਲ ਕੌਰ ਪਤਨੀ ਜੰਗੀਰ ਸਿੰਘ ਜੋ ਕਿ ਨਜਾਇਜ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ। ਅੱਜ ਨਜਾਇਜ ਸ਼ਰਾਬ ਜੋ ਕਿ ਲੁਧਿਆਣਾ ਦੀ ਤਰਫੋਂ ਆਪਣੀ ਕਾਰ ਨੰਬਰ ਪੀ.ਬੀ 29 ਏ.ਡੀ 7987 ਤੇ ਲਿਆ ਰਹੇ ਹਨ, ਜੇਕਰ ਇਨ੍ਹਾਂ ਨੂੰ ਫੜ੍ਹਿਆ ਜਾਵੇ ਤਾਂ ਇਨ੍ਹਾਂ ਕੋਲੋ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ, ਉਨ੍ਹਾਂ ਦੀ ਟੀਮ ਵੱਲੋਂ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪਿੰਡ ਬੱਦੋਵਾਲ ਲਾਗੇ ਨਾਕਾ ਲਾਇਆ ਜਦ ਉਕਤ ਗੱਡੀ ਆਈ ਤਾਂ ਉਸਦੀ ਤਲਾਸ਼ੀ ਲਈ ਤਾਂ ਗੱਡੀ ਵਿੱਚ ਰੱਖੀ ਨਜਾਇਜ 120 ਬੋਤਲਾਂ ਅੰਗਰੇਜੀ ਸ਼ਰਾਬ (ਡਾੱਲਰ) ਬਰਾਮਦ ਕੀਤੀ। ਇਨ੍ਹਾਂ ਦੋਵਾਂ ਖਿਲਾਫ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਮੁੱਲਾਂਪੁਰ ਦਾਖਾ 22 ਫਰਵਰੀ (ਸਤਵਿੰਦਰ ਸਿੰਘ ਗਿੱਲ) - ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ, ਮਾਣਯੋਗ ਡੀ.ਐੱਸ.ਪੀ ਜਤਿੰਦਰਪਾਲ ਸਿੰਘ ਖਹਿਰਾ ਦੀ ਰਹਿਨੁਮਾਈ ’ਚ ਦਾਖਾ ਪੁਲਿਸ ਵੱਲੋਂ ਚਲਾਈ ਨਸ਼ਿਆਂ ਖਿਲਾਫ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਅੱਜ ਸਵਿਫਟ ਗੱਡੀ ਵਿੱਚ ਸਵਾਰ ਮਰਦ/ਔਰਤ ਨੂੰ ਨਜਾਇਜ ਸ਼ਰਾਬ ਸਮੇਤ ਦਾਖਾ ਪੁਲਿਸ ਨੇ ਕਾਬੂ ਕੀਤਾ । ਫੜ੍ਹੇ ਗਏ ਕਥਿਤ ਦੋਸ਼ੀਆਂ ਨੇ ਇਹ ਨਜਾਇਜ਼ ਸ਼ਰਾਬ ਜਗਰਾਓ ਇਲਾਕੇ ਅੰਦਰ ਵੇਚਣੀ ਸੀ।
           ਏ.ਐੋੱਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖਬਰ ਪਾਸੋਂ ਇਤਲਾਹ ਮਿਲੀ ਕਿ ਥਾਣਾ ਸਦਰ ਦੇ ਅਧੀਂਨ ਪੈਂਦੇ ਪਿੰਡ ਰਾਮਗੜ੍ਹ ਭੁੱਲਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੰਮੀ ਪੁੱਤਰ ਲਾਲ ਸਿੰਘ, ਔਰਤ ਮਹਿੰਦਰਪਾਲ ਕੌਰ ਪਤਨੀ ਜੰਗੀਰ ਸਿੰਘ ਜੋ ਕਿ ਨਜਾਇਜ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ। ਅੱਜ ਨਜਾਇਜ ਸ਼ਰਾਬ ਜੋ ਕਿ ਲੁਧਿਆਣਾ ਦੀ ਤਰਫੋਂ ਆਪਣੀ ਕਾਰ ਨੰਬਰ ਪੀ.ਬੀ 29 ਏ.ਡੀ 7987 ਤੇ ਲਿਆ ਰਹੇ ਹਨ, ਜੇਕਰ ਇਨ੍ਹਾਂ ਨੂੰ ਫੜ੍ਹਿਆ ਜਾਵੇ ਤਾਂ ਇਨ੍ਹਾਂ ਕੋਲੋ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ, ਉਨ੍ਹਾਂ ਦੀ ਟੀਮ ਵੱਲੋਂ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪਿੰਡ ਬੱਦੋਵਾਲ ਲਾਗੇ ਨਾਕਾ ਲਾਇਆ ਜਦ ਉਕਤ ਗੱਡੀ ਆਈ ਤਾਂ ਉਸਦੀ ਤਲਾਸ਼ੀ ਲਈ ਤਾਂ ਗੱਡੀ ਵਿੱਚ ਰੱਖੀ ਨਜਾਇਜ 120 ਬੋਤਲਾਂ ਅੰਗਰੇਜੀ ਸ਼ਰਾਬ (ਡਾੱਲਰ) ਬਰਾਮਦ ਕੀਤੀ। ਇਨ੍ਹਾਂ ਦੋਵਾਂ ਖਿਲਾਫ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੋਦੀ ਹਕੂਮਤ ਦੀ ਹਿਟਲਰਸ਼ਾਹੀ ਖਿਲਾਫ ਰੋਸ ਵਜੋਂ ਚੋਕੀਮਾਨ ਟੋਲ ਪਲਾਜ਼ਾ ਕੀਤਾ ਲੋਕਾਂ ਲਈ ਫਰੀ

ਮੁੱਲਾਂਪੁਰ ਦਾਖਾ 22 ਫਰਵਰੀ (ਸਤਵਿੰਦਰ  ਸਿੰਘ ਗਿੱਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਅਤੇ ਮੋਦੀ ਸਰਕਾਰ ਦੀ ਹਿਟਲਰਸ਼ਾਹੀ ਖਿਲਾਫ ਪੰਜਾਬ ਭਰ ’ਚ ਟੋਲ ਪਲਾਜੇ ਪਰਚੀ ਮੁਕਤ ਕਰਵਾਏ ਗਏ।  ਇਸੇ ਲੜੀ ਤਹਿਤ  ਚੋਕੀਮਾਨ ਟੋਲ ਪਲਾਜੇ ਤੇ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪਰਚੀ ਮੁਕਤ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰਾਂ ਨੇ ਇਥੇ ਰੈਲੀ ਕਰਕੇ ਪਲਾਜੇ ਤੇ ਕੋਈ ਵੀ ਪਰਚੀ ਨਾ ਕਟਣ ਦਿੱਤੀ। 
              ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਤਰਸੇਮ ਸਿੰਘ ਬਲਾਕ ਪ੍ਰਧਾਨ, ਇੰਦਰਜੀਤ ਸਿੰਘ ਧਾਲੀਵਾਲ ਜਗਰਾਓ ਜਿਲ੍ਹਾ ਸਕੱਤਰ, ਬੇਅੰਤ ਸਿੰਘ ਬਲਾਕ ਪ੍ਰਧਾਨ, ਸੰਤੋਖ ਸਿੰਘ ਖਾਲਸਾ, ਹਰਬੰਸ ਸਿੰਘ ਬੀਰਮੀ, ਦੇਸ਼ਰਾਜ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ ਬੁਰਜ ਮਾਨ ਕੌਰ, ਬੰਤ ਸਿੰਘ ਭਰੋਵਾਲ ਖੁਰਦ,  ਕਿਸਾਨ ਆਗੂ ਬਲਰਾਜ ਸਿੰਘ ਕੋਟ ਉਮਰਾ, ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ਸ਼ੀਲ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੀ ਪੰਜ ਫਸਲਾਂ ਦੀ ਪੰਜ ਸਾਲ ਠੇਕਾ ਕੰਪਨੀਆਂ ਵਲੋਂ ਖਰੀਦ ਪਰਪੋਜ਼ਲ ਰੱਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਂਝੇ ਅਤੇ ਵਿਸ਼ਾਲ ਸੰਘਰਸ਼ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਉਨਾਂ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣ ਦੇ ਜਾਬਰ ਤਰੀਕਿਆਂ ਦਾ ਜੋਰਦਾਰ ਖੰਡਨ ਕਰਦਿਆਂ ਖੱਟਰ ਤੇ ਮੋਦੀ ਸਰਕਾਰ ਨੂੰ ਸਰਕਾਰੀ ਗੁੰਡਾਗਰਦੀ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ।  ਉਨਾਂ ਕਿਹਾ ਕਿ ਇਸ ਹਾਲਤ ਚ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਹਦਾਇਤ ਤੱਕ ਜਾ ਕੇ ਇਸ ਤਾਨਾਸ਼ਾਹ ਸਰਕਾਰ ਦਾ ਗਰੂਰ ਚਕਨਾਚੂਰ ਕਰਨ ਲਈ ਮਜਬੂਰ ਹੋਵੇਗਾ। ਉਨਾਂ ਕਿਹਾ ਕਿ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਹੁਣ ਤਕ ਤਿੰਨ ਕਿਸਾਨ ਜਾਨਾਂ ਗਵਾ ਚੁਕੇ ਹਨ। ਉਨਾਂ ਕਿਹਾ ਬਠਿੰਡਾ ਜਿਲ੍ਹੇ ਦੇ ਪਿੰਡ ਬੱਲੋ ਦੇ 21 ਸਾਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਵਿਛੋੜੇ ’ਤੇ ਸ਼ਰਧਾਂਜਲੀ ਭੇਂਟ ਕੀਤੀ।

ਸ਼ੰਭੂ ਬਾਰਡਰ ਤੇ ਸਰਕਾਰੀ ਜਬਰ ਨਾਲ ਇੱਕ ਹੋਰ ਕਿਸਾਨ ਸ਼ਹੀਦ ਅਤੇ ਦਰਜਨਾਂ ਜ਼ਖ਼ਮੀ

ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਭਾਜਪਾ ਸਰਕਾਰ ਦੇ ਜਬਰ ਦੀ ਸਖਤ ਨਿੰਦਾ ਅਤੇ ਪੀੜਤ ਪਰਿਵਾਰਾਂ ਨਾਲ਼ ਡੂੰਘੀ ਹਮਦਰਦੀ

ਚੰਡੀਗੜ੍ਹ 21 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ ) ਅੱਜ ਫਿਰ ਦਿੱਲੀ ਵੱਲ ਵਧ ਰਹੇ ਕਿਸਾਨਾਂ ਉੱਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੋਲੀਆਂ ਤੇ ਅੱਥਰੂ ਗੈਸ ਵਰ੍ਹਾਉਣ ਦੇ ਜਾਬਰ ਹੱਲੇ ਨਾਲ ਇੱਕ ਹੋਰ ਕਿਸਾਨ ਸ਼ਹੀਦ ਅਤੇ ਦਰਜਨਾਂ ਸਖ਼ਤ ਜ਼ਖ਼ਮੀ ਹੋ ਗਏ। ਕਿਸਾਨ ਵਿਰੋਧੀ ਹਕੂਮਤ ਦੇ ਬਾਰ ਬਾਰ ਬੋਲੇ ਜਾ ਰਹੇ ਜਾਬਰ ਹੱਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸ਼ਹੀਦ ਦੇ ਪਰਿਵਾਰ ਅਤੇ ਜ਼ਖਮੀ ਕਿਸਾਨਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਹੱਕੀ ਕਿਸਾਨ ਮੰਗਾਂ ਲਈ ਉਨ੍ਹਾਂ ਦੇ ਜਾਨਹੂਲਵੇਂ ਘੋਲ਼ ਦੇ ਮੋਢੇ ਨਾਲ ਮੋਢਾ ਲਾ ਕੇ ਸੰਯੁਕਤ ਕਿਸਾਨ ਮੋਰਚੇ ਦੁਆਰਾ ਕੀਤਾ ਜਾ ਰਿਹਾ ਟੌਲ ਪਲਾਜਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਦੇ ਘਿਰਾਓ ਵਾਲ਼ਾ ਤਾਲਮੇਲਵਾਂ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਭਲਕੇ 22 ਫਰਵਰੀ ਨੂੰ ਕੌਮੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿੱਚ ਹਾਲਾਤ ਨਾਲ਼ ਢੁੱਕਵਾਂ ਫੈਸਲਾ ਲਿਆ ਜਾਵੇਗਾ।
           ਉਨ੍ਹਾਂ ਇਹ ਵੀ ਦੱਸਿਆ ਕਿ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬੀਤੇ ਦਿਨ ਤੋਂ ਮੋਹਾਲੀ ਜ਼ਿਲ੍ਹੇ ਵਿੱਚ ਜ਼ੀਰਕਪੁਰ ਬਨੂੜ ਰੋਡ ਤੇ ਸਥਿਤ ਟੌਲ ਪਲਾਜ਼ਾ ਪਰਚੀ-ਮੁਕਤ ਕਰਨ ਨਾਲ 14 ਜ਼ਿਲਿਆਂ ਵਿੱਚ ਟੌਲ ਮੁਕਤ ਧਰਨੇ 24 ਥਾਂਵਾਂ 'ਤੇ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਵਿਰੋਧ ਪ੍ਰਦਰਸ਼ਨ ਤਿੰਨ ਥਾਵਾਂ ਤੇ ਅੱਜ ਵੀ ਹੋਰ ਵਧੇਰੇ ਜੋਸ਼ ਨਾਲ ਜਾਰੀ ਰਹੇ। ਇਨ੍ਹਾਂ ਵਿੱਚ ਸੈਂਕੜਿਆਂ ਦੀ ਤਾਦਾਦ ਵਿਚ ਔਰਤਾਂ ਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਮਜ਼ਦੂਰ ਸ਼ਾਮਲ ਹੋਏ। ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਉਕਤ ਦੋਨਾਂ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਜ਼ਿਲ੍ਹਾ/ਬਲਾਕ ਪੱਧਰੇ ਅਤੇ ਸਥਾਨਕ ਆਗੂ ਵੀ ਸ਼ਾਮਲ ਸਨ। ਸਭਨਾਂ ਬੁਲਾਰਿਆਂ ਨੇ ਮੋਦੀ ਭਾਜਪਾ ਸਰਕਾਰ ਨੂੰ ਤਾੜਨਾ ਕੀਤੀ ਕਿ ਕਿਸਾਨ ਹੁਣ ਭਖਦੀਆਂ ਕਿਸਾਨੀ ਮੰਨਵਾ ਕੇ ਹੀ ਦਮ ਲੈਣਗੇ। ਬੁਲਾਰਿਆਂ ਨੇ ਮੌਜੂਦਾ ਸੰਘਰਸ਼ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ,ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ , ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੇ ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਬਣਾਉਣ ਉੱਤੇ ਜ਼ੋਰ ਦਿੱਤਾ।ਉਨ੍ਹਾਂ ਵਲੋਂ ਭਾਜਪਾ ਦੀ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ ਤੇ ਡ੍ਰੋਨ ਰਾਹੀਂ ਗੋਲੀਬਾਰੀ ਤੋਂ ਇਲਾਵਾ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡਣ ਤੇ ਇੰਟਰਨੈਟ ਜਾਮ ਕਰਨ ਵਰਗੇ ਤਾਨਾਸ਼ਾਹੀ ਹੱਥਕੰਡਿਆਂ ਕਿਸਾਨਾਂ ਦੀਆਂ ਜਾਨਾਂ ਲੈਣ ਦੀ ਸਖ਼ਤ ਨਿਖੇਧੀ ਕੀਤੀ ਗਈ। ਇਹ ਮੰਗ ਵੀ ਜ਼ੋਰ ਨਾਲ ਉਭਾਰੀ ਗਈ ਕਿ ਸਾਮਰਾਜ ਪੱਖੀ ਲੁਟੇਰਾ ਨੀਤੀਆਂ ਦੀ ਜੜ੍ਹ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਸ ਦੀਆਂ ਨੀਤੀਆਂ ਦੇਸ਼ ਭਰ ਦੇ ਕਿਰਤੀ ਕਿਸਾਨਾਂ ਨੂੰ ਅਤੇ ਪੇਂਡੂ ਸੱਭਿਆਚਾਰ ਨੂੰ ਤਬਾਹ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਸੰਘਰਸ਼ਾਂ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਤਾਂ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ। ਆਗੂਆਂ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇ ਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।

ਸੰਘਰਸ਼ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ,    ਜਬਰ ਦੇ ਜੋਰ ਕਿਸਾਨ ਆਵਾਜ਼ ਨੂੰ ਦਬਾਉਣ ਦੇ ਕਦਮ ਫੌਰੀ ਰੋਕੇ ਕੇਂਦਰ ਸਰਕਾਰ- ਭਾਕਿਯੂ (ਏਕਤਾ-ਉਗਰਾਹਾਂ)

ਚੰਡੀਗੜ੍ਹ 21 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ    ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਝੋਨੇ ਅਤੇ ਕਣਕ ਦੀ ਖੇਤੀ ਦੇ ਬਦਲ ਵਜੋਂ 5 ਫਸਲਾਂ ਬੀਜਣ ਵਾਲਿਆਂ ਨੂੰ ਠੇਕਾ ਖੇਤੀ ਰਾਹੀਂ 5 ਸਾਲ ਐਮ.ਐਸ.ਪੀ ਦੁਆਉਣ ਦੀ ਕੇਂਦਰ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰਨ ਦੇ ਫੈਸਲੇ ਦਾ ਭਰਪੂਰ ਸੁਆਗਤ ਕੀਤਾ ਗਿਆ ਹੈ। ਇਸ ਬਾਰੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਕਿਹਾ ਗਿਆ ਹੈ ਕਿ ਐਮ.ਐਸ.ਪੀ ਦੇ ਮਸਲੇ ਦਾ ਇੱਕੋ-ਇੱਕ ਹੱਲ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਅ ਕੇ 23 ਫਸਲਾਂ ਉਪਰ ਐਮ.ਐਸ.ਪੀ ਰਾਹੀਂ ਫਸਲਾਂ ਦੀ ਖ੍ਰੀਦ ਨੂੰ ਯਕੀਨੀ ਕਰਦਾ ਕਾਨੂੰਨ ਬਣਾਉਣਾ ਹੈ। ਅਸੀਂ ਕਿਸਾਨਾਂ ਦੀਆਂ ਵਾਜਬ ਮੰਗਾਂ ਉਪਰ ਚੱਲ ਰਹੇ ਸ਼ਾਂਤਮਈ ਸੰਘਰਸ਼ ਨੂੰ ਬਾਹੂ ਬਲ ਦੇ ਜ਼ੋਰ ਦਬਾਉਣ ਦੇ ਕੇਦਰ ਸਰਕਾਰ ਦੇ ਕਦਮਾਂ ਦਾ ਡਟਵਾਂ ਵਿਰੋਧ ਕਰਦੇ ਹਾਂ। 
           ਦੂਜੀ ਗੱਲ ਸੰਘਰਸ਼ਸ਼ੀਲ ਕਿਸਾਨਾ ਦਾ ਜਮਹੂਰੀ ਹੱਕ ਹੈ ਕਿ ਉਹ ਆਵਦੀਆਂ ਹੱਕੀ ਮੰਗਾਂ ਦੀ ਆਵਾਜ਼ ਨੂੰ ਮੁਲਕ ਅਤੇ ਦੁਨੀਆਂ ਭਰ ਦੇ ਲੋਕਾਂ ਤੱਕ ਅਤੇ ਮੁਲਕਾਂ ਦੇ ਹਾਕਮਾਂ ਤੱਕ ਪਹੁੰਚਾਉਣ ਲਈ ਕਿਸ ਥਾਂ ਅਤੇ ਕਿਸ ਘੋਲ਼ ਰੂਪ ਦੀ ਚੋਣ ਕਰਦੇ ਹਨ। ਕੇਂਦਰੀ ਹਕੂਮਤ ਉਂਪਰ ਕਾਬਜ ਭਾਰਤੀ ਜਨਤਾ ਪਾਰਟੀ ਕਿਸਾਨੀ ਦੀ ਮੁਲਕ ਪੱਧਰ 'ਤੇ ਉੱਭਰ ਚੁੱਕੀ ਤਾਕਤ ਨੂੰ ਹਿੰਸਕ ਤਰੀਕੇ ਨਾਲ ਦਬਾਅ ਕੇ ਸਾਮਰਾਜੀ ਕਾਰਪੋਰੇਟ ਜਮਾਤ ਨੂੰ ਲੋਕ ਸਭਾ ਚੋਣਾਂ ਮੌਕੇ ਮੁੜ ਸਬੂਤ ਦੇਣਾ ਚਾਹੁੰਦੀ ਹੈ ਕਿ ਭਾਜਪਾ ਹੀ ਮੁਲਕ ਦੀ ਕਾਰਪੋਰੇਟ ਜਮਾਤ ਤੇ ਸਾਮਰਾਜ ਦੇ ਹਿੱਤਾਂ ਦੀ ਖਰੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ। ਅਸੀਂ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਉਹ ਅਜਿਹੀ ਮਾਅਰਕੇਬਾਜ ਸਿਆਸਤ ਦਾ ਪੱਲਾ ਫੜਕੇ ਅੱਗ ਨਾਲ ਨਾ ਖੇਡ੍ਹਣ ਅਤੇ ਮੌਜੂਦਾ ਹੱਕੀ ਕਿਸਾਨ ਘੋਲ ਉਪਰ ਕਿਸੇ ਵੀ ਕਿਸਮ ਦੇ ਹਿੰਸਕ ਵਾਰ ਦਾ ਗੰਭੀਰ ਸਿਆਸੀ ਖਮਿਆਜਾ ਭੁਗਤਣ ਲਈ  ਤਿਆਰ ਹੋ ਜਾਣ। ਅਜਿਹੀ ਕਿਸੇ ਵੀ ਅਣਸੁਖਾਵੀਂ ਹਾਲਤ ਵਿਚ ਅਸੀਂ ਕਿਸਾਨ ਘੋਲ ਦੀ ਸਾਂਝੀ ਦਾਬ ਨੂੰ ਮਜਬੂਤ ਕਰਨ ਅਤੇ ਜਬਰ ਦਾ ਮੂੰਹ ਮੋੜਨ ਲਈ ਪੂਰੀ ਸ਼ਕਤੀ ਨਾਲ ਮੈਦਾਨ ਵਿਚ ਮੌਜੂਦ ਹਾਂ ਤੇ ਤਿਆਰ-ਬਰ-ਤਿਆਰ ਹਾਂ। ਉਹ ਇਹ ਯਾਦ ਰੱਖਣ ਕਿ ਉਹ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਹਮਾਇਤੀਆਂ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਵੜਨ ਵਾਲੇ ਰਾਹਾਂ ਵਿਚ ਅੰਗਿਆਰ ਵਿਛਾਅ ਰਹੇ ਹੋਣਗੇ। ਅਜਿਹੇ ਜਾਬਰ ਕਦਮਾਂ ਰਾਹੀਂ ਇਸ ਸੰਘਰਸ਼ ਦਾ ਤਾਅ ਘਟਣ ਵਾਲਾ ਨਹੀਂ ਹੈ। ਇਸਦਾ ਘੇਰਾ ਵੀ ਘਟਣ ਵਾਲਾ ਨਹੀਂ ਹੈ। ਇਸ ਸਮੇਂ ਸੰਯੁਕਤ ਕਿਸਾਨ ਮੋਰਚਾ ਮੁਲਕ ਪੱਧਰ ‘ਤੇ ਇਸ ਘੋਲ ਨਾਲ ਤਾਲਮੇਲਵੀਂ ਸੰਘਰਸ਼ ਸਾਂਝ ਨੂੰ ਮਜਬੂਤ ਕਰਨ ਵਿੱਚ ਜੁਟਿਆ ਹੋਇਆ ਹੈ। ਕਿਸਾਨ ਸੰਘਰਸ਼ ਦੇ ਮੈਦਾਨ ਵਿਚ ਸ਼ਾਮਲ ਸਾਰੀਆਂ ਟੁਕੜੀਆਂ ਦਾ ਮੁਲਕ ਪੱਧਰਾ ਸਾਂਝਾ ਟਾਕਰਾ ਭਾਰਤੀ ਜਨਤਾ ਪਾਰਟੀ ਦੀਆਂ ਕਾਰਪੋਰੇਟ ਪੱਖੀ ਵਫਾਦਾਰੀਆਂ ਅਤੇ ਗਿਣਤੀਆਂ ਮਿਣਤੀਆਂ ਨੂੰ ਹੂੰਝਕੇ ਰੱਖ ਦੇਵੇਗਾ।
          ਹਾਈਕੋਰਟ ਵੱਲੋਂ ਟਰੈਕਟਰਾਂ ਨੂੰ ਆਵਾਜਾਈ ਲਈ ਵਰਤਣ ਖਿਲਾਫ਼ ਜਿਸ ਟਰਾਂਸਪੋਰਟ ਐਕਟ ਦਾ ਵੇਰਵਾ ਦਿੱਤਾ ਗਿਆ ਹੈ ਉਸ ਵਿਤਕਰੇ ਪੂਰਨ, ਦਕਿਆਨੂਸੀ ਤੇ ਪਿਛਾਖੜੀ ਐਕਟ ਨੂੰ ਰੱਦ ਕਰਨ ਲਈ ਵਿਧਾਨਕ ਕਦਮ ਚੁੱਕਣ ਦੀ ਮੰਗ ਕਰਦੇ ਹਾਂ। ਕਾਰਪੋਰੇਟਾਂ ਦੇ ਹਿਤਾਂ ਦੀ ਹਿੰਸਕ ਢੰਗਾਂ ਨਾਲ ਪੂਰਤੀ ਕਰਨ ਵਾਲੀ ਕੇਂਦਰ ਸਰਕਾਰ ਦੀ ਸਾਰ ਲੈਣਾ ਤੇ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਬੁਲੰਦ ਕਰਨਾ ਅਤੇ ਰਾਖੀ ਕਰਨਾ ਹੀ ਨਿਆਂਪਾਲਿਕਾ ਦਾ ਧਰਮ ਹੋਣਾ ਚਾਹੀਦਾ ਹੈ। ਇਸ ਤੋਂ ਹਟਵੇਂ ਰਾਹ ਤੁਰਨ ਦੀਆਂ ਗੰਭੀਰ ਅਰਥ ਸੰਭਾਵਨਾਵਾ ਹੋਣਗੀਆਂ।

ਸਯੁੰਕਤ ਕਿਸਾਨੀ ਮੋਰਚੇ ਦੇ ਫ੍ਰੀ ਟੋਲ  ਦੇ ਦੂਸਰੇ ਦਿਨ ਕਿਸਾਨੀ ਰੰਗ 'ਚ ਰੰਗਿਆ ਟੋਲ ਪਲਾਜ਼ਾ ਰਕਬਾ 

 ਭਾਕਿਯੂ ਡਕੌਂਦਾ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ'ਚ ਟੋਲ ਪਲਾਜੇ ਤੇ ਵੱਡੀ ਗਿਣਤੀ ਡਟੇ 'ਚ ਵੱਖ ਵੱਖ ਜਥੇਬੰਦੀਆਂ ਦੇ ਕਿਸਾਨ ਆਗੂ 

ਗੁਰੂਸਰ ਸੁਧਾਰ,21 ਫਰਵਰੀ ( ਗੁਰਕਿਰਤ ਜਗਰਾਓਂ ਮਨਜਿੰਦਰ ਗਿੱਲ ):- ਸੰਯੁਕਤ ਕਿਸਾਨ ਮੋਰਚੇ ਵੱਲੋਂ ਟੋਲ ਫ੍ਰੀ ਦੇ ਦੂਸਰੇ ਦਿਨ ਗੁਰੂਸਰ ਸੁਧਾਰ ਨੇੜਲਾ ਰਕਬਾ ਟੋਲ ਪਲਾਜ਼ਾ ਕਿਸਾਨੀ ਰੰਗ 'ਚ ਰੰਗਿਆ ਨਜ਼ਰ ਆਇਆ। ਅੱਜ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ'ਚ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾ 'ਚ ਜ਼ਿਲ੍ਹਾ ਪ੍ਰਧਾਨ ਰਾਜੇਵਾਲ ਤਰਲੋਚਨ ਸਿੰਘ ਬਰਮ੍ਹੀ,ਭਾਕਿਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਕਾਦੀਆ ਗੁਰਜੀਤ ਸਿੰਘ ਰਿੰਟਾ,ਜ਼ਿਲ੍ਹਾ ਪ੍ਰਧਾਨ ਲੱਖੋਵਾਲ ਜੋਗਿੰਦਰ ਸਿੰਘ ਮਲਸੀਹਾਂ ਬਾਜਣ ਅਤੇ ਬਲਜੀਤ ਸਿੰਘ ਗਰੇਵਾਲ ਜਰਨਲ ਸੈਕਟਰੀ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਵੱਲੋਂ ਆਪਣੇ  ਕਿਸਾਨ ਸਾਥੀਆਂ ਨਾਲ ਗੂਰੂਸਰ ਨੇੜਲੇ ਰਕਬਾ ਟੋਲ ਪਲਾਜ਼ਾ ਆਮ ਲੋਕਾਂ ਲਈ ਦੂਜੇ ਦਿਨ ਵੀ ਟੋਲ ਫ੍ਰੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਕੌਂਦਾ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਮੀਤ ਪ੍ਰਧਾਨ ਹਰਬਖਸੀਸ ਸਿੰਘ ਰਾਏ ਚੱਕ ਭਾਈਕਾ ਅਤੇ ਬਲਜੀਤ ਸਿੰਘ ਗਰੇਵਾਲ ਪ੍ਰਧਾਨ ਰਣਬੀਰ ਸਿੰਘ, ਅਤੇ ਮਨਪ੍ਰੀਤ ਸਿੰਘ ਗੋਂਦਵਾਲ ਅਤੇ ਨੇ ਕਿਹਾ ਕਿ ਕੇਂਦਰ ਸਰਕਾਰ ਅੱਜ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਦੀ ਕਾਰਵਾਈ ਨਾ ਕਰੇ ਕਿਉਂਕਿ ਅਜਿਹਾ ਕਰਨ ਨਾਲ ਕੇਂਦਰੀ ਫੋਰਸਾਂ ਅਤੇ ਹਰਿਆਣਾ ਪੁਲਿਸ ਨਾਲ ਕਿਸਾਨ ਜਥੇਬੰਦੀਆਂ ਦੇ ਨੌਜਵਾਨਾਂ ਅਤੇ ਆਗੂਆਂ ਨਾਲ ਟਕਰਾਓ ਪੈਦਾ ਹੋਵੇਗਾ ਜਿਸਦੇ ਚੱਲਦਿਆਂ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ, ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ  ਹੋਇਆਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਨ । ਉਨ੍ਹਾਂ ਕਿਹਾ ਕਿ ਅਸੀਂ ਸਯੁੰਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਪੂਰਨ ਰੂਪ ਵਿੱਚ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਕਰ ਰਹੀਆਂ ਆਪਣੀਆਂ ਕਿਸਾਨੀ ਭਰਾਵਾਂ ਦੇ ਜਥੇਬੰਦੀਆਂ ਦੇ ਨਾਲ ਖੜ੍ਹੇ ਹਾਂ ।ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਕਾਦੀਆਂ ਇੰਦਰਜੀਤ ਸਿੰਘ ਗੋਗੀ,ਸੁਖਵਿੰਦਰ ਸਿੰਘ ਬੱਬੀ, ਬਲਾਕ ਸੁਧਾਰ ਪ੍ਰਧਾਨ ਕਾਦੀਆਂ ਗੁਰਪ੍ਰੀਤ ਸਿੰਘ ਅੱਬੂਵਾਲ, ਅਮਨਦੀਪ ਸਿੰਘ ਰਾਏਕੋਟ , ਬਲਾਕ ਪ੍ਰਧਾਨ ਕਮਲਜੀਤ ਸਿੰਘ ਰੂਪਾਂਪੱਤੀ,ਗੁਰਦੀਪ ਸਿੰਘ ਰੂਪਾਂਪੱਤੀ, ਜਮੂਹਰੀ ਕਿਸਾਨ ਸਭਾ ਦੇ ਬਲਰਾਜ ਕੋਟਉਮਰਾਂ, ਕੁਲਦੀਪ ਸਿੰਘ ਰੂਪਾਂਪੱਤੀ, ਬਲਾਕ ਪ੍ਰਧਾਨ ਸੁਧਾਰ ਡਕੌਂਦਾ ਜਗਤਾਰ ਸਿੰਘ ਐਤੀਆਣਾ,ਜ਼ਿਲ੍ਹਾ ਪ੍ਰਧਾਨ ਰਾਜੇਵਾਲ ਤਰਲੋਚਨ ਸਿੰਘ ਬਰਮੀਂ,ਬਲਾਕ ਪ੍ਰਧਾਨ ਰਾਜੇਵਾਲ ਮਨਪ੍ਰੀਤ ਸਿੰਘ ਗੋਂਦਵਾਲ, ਬਲਾਕ ਪ੍ਰਧਾਨ ਸੁਧਾਰ ਰਣਵੀਰ ਸਿੰਘ ਬੋਪਾਰਾਏ ਕਲਾਂ,ਅਵਤਾਰ ਸਿੰਘ ਬਰਮੀਂ,ਸਿੰਕਦਰ ਸਿੰਘ ਬੋਪਾਰਾਏ, ਮਨਦੀਪ ਸਿੰਘ ਰਿੰਕੂ ਯੂਥ ਪ੍ਰਧਾਨ, ਪਿੰਸੀਪਲ ਕੁਲਵੰਤ ਸਿੰਘ ਭੈਣੀ ਦਰੇੜਾ, ਨੰਬਰਦਾਰ ਪ੍ਰਧਾਨ ਹਰਦੇਵ ਸਿੰਘ ਭੈਣੀ ਦਰੇੜਾ, ਨਾਲ  ਬਲਜੀਤ ਸਿੰਘ ਗਰੇਵਾਲ ਜਰਨਲ ਸੈਕਟਰੀ ਕੁੱਲ ਹਿੰਦ ਕਿਸਾਨ ਸਭਾ    ਕਿਸਾਨ ਆਗੂ ਬੱਗਾ ਸਿੰਘ ਬੜੈਚ, ਹਰਦੀਪ ਸਿੰਘ ਟੂਸੇ , ਸੁਖਦੇਵ ਸਿੰਘ ਸਿਵੀਆਂ, ਅਵਤਾਰ ਸਿੰਘ, ਹਰਪ੍ਰੀਤ ਸਿੰਘ,ਸੁਖਚੈਨ ਸਿੰਘ ਐਤੀਆਣਾ,ਚੂੜ ਸਿੰਘ ,ਮਨਦੀਪ ਸਿੰਘ,ਕਾਲਾ ਸਿੰਘ, ਸੁਖਦੇਵ ਸਿੰਘ ਐਤੀਆਣਾ, ਕਮਲਜੀਤ ਸਿੰਘ ਰੂਪਾ ਪੱਤੀ,ਡਾ.ਤੇਜਾ ਸਿੰਘ , ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ,ਹਰਧੀਰ ਸਿੰਘ ਧੂਰਕੋਟ ਕੁਲਵੰਤ ਸਿੰਘ ਹੇਰਾਂ, ਜਗਤਾਰ ਸਿੰਘ ਆਦਿ ਹਾਜ਼ਿਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਅੱਜ ਦੇ ਧਰਨਿਆਂ ਵਿੱਚ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ 14ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ,

ਕੇਂਦਰ ਸਰਕਾਰ ਵੱਲੋਂ 5 ਫਸਲਾਂ 'ਤੇ ਐਮ ਐਸ ਪੀ ਵਾਲੀ ਚਾਲਬਾਜ਼ ਪੇਸ਼ਕਸ਼ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਕਿਹਾ ਸਹੀ 
ਚੰਡੀਗੜ੍ਹ 20 ਫਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ )
ਸਾਰੀਆਂ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੇ ਕਰਜ਼ਾ ਮੁਕਤੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਪੰਜਾਬ-ਹਰਿਆਣਾ ਬਾਡਰਾਂ 'ਤੇ ਡਟੇ ਹੋਏ ਕਿਸਾਨਾਂ ਨਾਲ਼ ਤਾਲਮੇਲਵੀਂ ਸੰਘਰਸ਼ ਏਕਤਾ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਤਿੰਨ ਭਾਜਪਾ ਆਗੂਆਂ ਵਿਰੁੱਧ ਅਤੇ 13 ਜ਼ਿਲ੍ਹਿਆਂ ਵਿੱਚ 23 ਥਾਂਈਂ ਟੌਲ ਮੁਕਤ ਧਰਨੇ ਅੱਜ ਚੌਥੇ ਦਿਨ ਵੀ ਹੋਰ ਵਧੇਰੇ ਜੋਸ਼ ਨਾਲ ਜਾਰੀ ਰਹੇ ਅਤੇ 22 ਫਰਵਰੀ ਤੱਕ ਬਾਦਸਤੂਰ ਜਾਰੀ ਰਹਿਣਗੇ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਦੇ ਧਰਨਿਆਂ ਦੌਰਾਨ ਜ਼ਮੀਨੀ ਘੋਲ਼ ਦੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਉਨ੍ਹਾਂ ਦੀ 14ਵੀਂ ਬਰਸੀ ਮੌਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ, ਜਿਨ੍ਹਾਂ ਨੂੰ ਮੌਕੇ ਦੀ ਬਾਦਲ ਸਰਕਾਰ ਦੇ ਪਾਲ਼ੇ ਹੋਏ ਗੁੰਡਾ ਅਨਸਰਾਂ ਵੱਲੋਂ ਰਾਹ ਜਾਂਦੇ ਗੁੰਡਾ ਹਮਲੇ ਰਾਹੀਂ ਸ਼ਹੀਦ ਕੀਤਾ ਗਿਆ ਸੀ। ਉਨ੍ਹਾ ਵੱਲੋਂ ਬੀਤੇ ਦਿਨ ਕੇਂਦਰੀ ਮੰਤਰੀਆਂ ਦੁਆਰਾ ਕਿਸਾਨ ਆਗੂਆਂ ਨਾਲ ਮੀਟਿੰਗ ਸਮੇਂ ਕਿਸਾਨਾਂ ਦੀ ਹੱਕੀ ਮੰਗ ਨੂੰ ਝੋਨੇ ਦੀ ਥਾਂ ਫ਼ਸਲੀ ਵਿਭਿੰਨਤਾ ਤੱਕ ਸੀਮਤ ਕਰਕੇ ਸਿਰਫ਼ 5 ਫਸਲਾਂ ਦੀ ਐੱਮ ਐੱਸ ਪੀ 'ਤੇ ਖਰੀਦ ਦੀ ਗਰੰਟੀ ਲਈ ਸਰਕਾਰੀ ਖਰੀਦ ਏਜੰਸੀਆਂ ਨਾਲ਼ 5 ਸਾਲ ਦਾ ਠੇਕਾ ਕਰਨ ਦੀ ਪੇਸ਼ਕਸ਼ ਨੂੰ ਸੰਬੰਧਿਤ ਕਿਸਾਨ ਆਗੂਆਂ ਵੱਲੋਂ ਰੱਦ ਕਰਨ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ ਗਿਆ। ਉਨ੍ਹਾ ਕਿਹਾ ਕਿ ਇਸ ਤਜਵੀਜ਼ ਰਾਹੀਂ ਸਰਕਾਰ ਉਸੇ ਠੇਕਾ-ਮੰਡੀ ਵਾਲੇ ਕਾਲੇ ਕਾਨੂੰਨ ਨੂੰ ਮੜ੍ਹਨ ਦੀ ਧੋਖੇਭਰੀ ਸਿਆਸੀ ਚਾਲ ਚੱਲ ਰਹੀ ਹੈ ਜਿਹੜਾ ਕਾਨੂੰਨ ਜਾਨਹੂਲਵੇਂ ਦਿੱਲੀ ਘੋਲ਼ ਰਾਹੀਂ ਦੂਜੇ ਦੋ ਕਾਲੇ ਕਾਨੂੰਨਾਂ ਸਮੇਤ ਰੱਦ ਕਰਵਾਇਆ ਗਿਆ ਸੀ। ਕਿਉਂਕਿ ਪਹਿਲਾਂ ਵੀ ਅਜਿਹੇ ਖਰੀਦ ਠੇਕੇ ਮਾਪਦੰਡਾਂ ਦੀਆਂ ਨਜਾਇਜ਼ ਸ਼ਰਤਾਂ ਮੜ੍ਹ ਕੇ ਬੇਅਸਰ ਕੀਤੇ ਜਾਂਦੇ ਰਹੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਅੰਨ੍ਹੀ ਲੁੱਟ ਕੀਤੀ ਜਾਂਦੀ ਰਹੀ ਹੈ। ਐੱਮ ਐੱਸ ਪੀ ਦਾ ਫਾਰਮੂਲਾ ਏ2+ਐਫ ਐਲ ਦੀ ਤਜਵੀਜ਼ ਵੀ ਕਿਸਾਨ ਹਿਤਾਂ ਨਾਲ਼ ਸਰਾਸਰ ਠੱਗੀ ਹੈ। ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਸੀ2+50% ਫਾਰਮੂਲੇ ਅਨੁਸਾਰ ਸਾਰੀਆਂ 23 ਫਸਲਾਂ ਦੇ ਲਾਭਕਾਰੀ ਐੱਮ ਐੱਸ ਪੀ ਮਿਥਣ ਤੇ ਮੁਕੰਮਲ ਖਰੀਦ ਦੀ ਗਰੰਟੀ ਦਾ ਕਾਨੂੰਨ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਸੱਦ ਕੇ ਤੁਰਤ ਪਾਸ ਕੀਤਾ ਜਾਵੇ, ਜਿਵੇਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਵੇਲ਼ੇ ਕਿਸਾਨਾਂ ਦੀ ਮੰਗ 'ਤੇ ਪਾਰਲੀਮੈਂਟ ਇਜਲਾਸ ਸੱਦਿਆ ਗਿਆ ਸੀ। ਇਸ ਤੋਂ ਵੀ ਅੱਗੇ ਫ਼ਸਲੀ ਖਰੀਦ ਲਈ ਬਜਟ ਵਿੱਚ ਪੂਰੀ ਰਕਮ ਜੁਟਾਉਣ ਲਈ ਕਾਰਪੋਰੇਟਾਂ ਦੀ ਹਰ ਸਾਲ ਕਈ ਕਈ ਲੱਖ ਕ੍ਰੋੜ ਦੀ ਕਰਜ਼ਾ-ਮਾਫੀ ਰੱਦ ਕੀਤੀ ਜਾਵੇ ਅਤੇ ਉਨ੍ਹਾਂ ਸਮੇਤ ਵੱਡੇ ਜਗੀਰਦਾਰਾਂ ਸੂਦਖੋਰਾਂ ਉੱਤੇ ਭਾਰੀ ਸਿੱਧੇ ਟੈਕਸ ਲਾਏ ਜਾਣ। ਉਨ੍ਹਾਂ ਕਿਹਾ ਕਿ ਉਸ ਮੌਕੇ ਕਿਸਾਨੀ ਮੰਗਾਂ ਸੰਬੰਧੀ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਕਿਸੇ ਵੀ ਹਾਲਤ ਵਿੱਚ ਸਰਕਾਰ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਬੋਧਨਕਰਤਾ ਮੁੱਖ ਆਗੂਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਹੋਰ ਸੂਬਾ/ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਉਨ੍ਹਾਂ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਹੁਣ ਭਖਦੀਆਂ ਕਿਸਾਨੀ ਮੰ ਕੇ ਹੀ ਕਿਸਾਨ ਦਮ ਲੈਣਗੇ। ਬੁਲਾਰਿਆਂ ਨੇ ਮੌਜੂਦਾ ਸੰਘਰਸ਼ ਦੀਆਂ ਹੋਰ ਮੰਗਾਂ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ , ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੇ ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਬਣਾਉਣ ਉੱਤੇ ਜ਼ੋਰ ਦਿੱਤਾ।ਉਨ੍ਹਾਂ ਵਲੋਂ ਭਾਜਪਾ ਦੀ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ ਤੇ ਡ੍ਰੋਨ ਰਾਹੀਂ ਗੋਲੀਬਾਰੀ ਤੋਂ ਇਲਾਵਾ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡਣ ਤੇ ਇੰਟਰਨੈਟ ਜਾਮ ਕਰਨ ਵਰਗੇ ਤਾਨਾਸ਼ਾਹੀ ਹੱਥਕੰਡਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਹ ਮੰਗ ਵੀ ਜ਼ੋਰ ਨਾਲ ਉਭਾਰੀ ਗਈ ਕਿ ਸਾਮਰਾਜ ਪੱਖੀ ਲੁਟੇਰਾ ਨੀਤੀਆਂ ਦੀ ਜੜ੍ਹ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਸ ਦੀਆਂ ਨੀਤੀਆਂ ਦੇਸ਼ ਭਰ ਦੇ ਕਿਰਤੀ ਕਿਸਾਨਾਂ ਨੂੰ ਅਤੇ ਪੇਂਡੂ ਸੱਭਿਆਚਾਰ ਨੂੰ ਤਬਾਹ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ। ਆਗੂਆਂ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।

ਮੋਦੀ ਹਕੂਮਤ ਦੀ ਹਿਟਲਰਸ਼ਾਹੀ ਖਿਲਾਫ ਰੋਸ ਵਜੋਂ ਚੋਕੀਮਾਨ ਟੋਲ ਪਲਾਜ਼ਾ ਕੀਤਾ ਫਰੀ

ਮੁੱਲਾਂਪੁਰ ਦਾਖਾ,20 ਫਰਵਰੀ ( ਸਤਵਿੰਦਰ ਸਿੰਘ ਗਿੱਲ) ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਅਤੇ ਮੋਦੀ ਸਰਕਾਰ ਦੀ ਹਿਟਲਰਸ਼ਾਹੀ ਖਿਲਾਫ ਪੰਜਾਬ ਭਰ ਚ ਟੋਲਪਲਾਜੇ ਪਰਚੀ ਮੁਕਤ ਕਰਵਾਏ ਗਏ।  ਇਸੇ ਲੜੀ ਚ ਚੋਕੀਮਾਨ ਟੋਲ ਪਲਾਜੇ ਤੇ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਫ੍ਰੀ ਕਰ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰਾਂ ਨੇ ਇਥੇ ਰੈਲੀ ਕਰਕੇ ਪਲਾਜੇ ਤੇ ਕੋਈ ਵੀ ਪਰਚੀ ਨਾ ਕਟਣ ਦਿੱਤੀ।  ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਰਾਜ ਸਿੰਘ ਕੋਟ ਉਮਰਾ, ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਦੋਧਰ ,ਅਮਨ ਚੋਕੀਮਾਨ, ਅਵਤਾਰ ਸਿੰਘ ਬਿਲੂ ਵਲੈਤੀਆ, ਗੁਰਮੇਲ ਸਿੰਘ ਕੁਲਾਰ,ਚਮਕੌਰ ਸਿੰਘ ਚਚਰਾੜੀ ,ਕੁਲਦੀਪ ਸਿੰਘ ਕਾਉਂਕੇ ਆਦਿ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ਸ਼ੀਲ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੀ ਪੰਜ ਫਸਲਾਂ ਦੀ ਪੰਜ ਸਾਲ ਠੇਕਾ ਕੰਪਨੀਆਂ ਵਲੋਂ ਖਰੀਦ ਪਰਪੋਜ਼ਲ ਰੱਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਂਝੇ ਅਤੇ ਵਿਸ਼ਾਲ ਸੰਘਰਸ਼ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਉਨਾਂ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣ ਦੇ ਜਾਬਰ ਤਰੀਕਿਆਂ ਦਾ ਜੋਰਦਾਰ ਖੰਡਨ ਕਰਦਿਆਂ ਖੱਟਰ ਤੇ ਮੋਦੀ ਸਰਕਾਰ ਨੂੰ ਸਰਕਾਰੀ ਗੁੰਡਾਗਰਦੀ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ।  ਉਨਾਂ ਕਿਹਾ ਕਿ ਇਸ ਹਾਲਤ ਚ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਹਦਾਇਤ ਤਕ ਜਾ ਕੇ ਇਸ ਤਾਨਾਸ਼ਾਹ ਸਰਕਾਰ ਦਾ ਗਰੂਰ ਚਕਨਾਚੂਰ ਕਰਨ ਲਈ ਮਜਬੂਰ ਹੋਵੇਗਾ। ਉਨਾਂ ਕਿਹਾ ਕਿ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਹੁਣ ਤਕ ਤਿੰਨ ਕਿਸਾਨ ਜਾਨਾਂ ਗਵਾ ਚੁਕੇ ਹਨ।ਉਨਾਂ ਵਿਛੋੜਾ ਦੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਗੁਰਮੇਲ ਸਿੰਘ ਰੂਮੀ,ਗੁਰਤੇਜ ਸਿੰਘ ਲੱਖਾ, ਕੁੰਡਾ ਸਿੰਘ ਕਾਉਂਕੇ,ਅਮਰੀਕ ਸਿੰਘ ਤਲਵੰਡੀ, ਦੀਵਾਨ ਸਿੰਘ ਕੋਟ ਉਮਰਾ ਆਦਿ ਹਾਜਰ ਸਨ।

ਸ਼ਹੀਦ ਪਿਆਰਾ ਸਿੰਘ ਗਾਲਬ ਦੀ ਬਰਸੀ ਤੇ ਸ਼ਰਧਾਂਜਲੀ ਸਮਾਗਮ 

ਜਗਰਾਓ, 20 ਫ਼ਰਵਰੀ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਅੱਜ ਤੋਂ ਠੀਕ ਅੱਧੀ ਸਦੀ ਪਹਿਲਾਂ 20 ਫਰਵਰੀ 1974 ਨੂੰ ਜਗਰਾਂਓ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਪਿਆਰਾ ਸਿੰਘ ਗਾਲਬ ਦੀ ਯਾਦਗਾਰ ਚ ਪਿੰਡ ਚ ਸਿਥਤ ਯਾਦਗਾਰ ਤੇ ਝੰਡਾ ਝੁਲਾਉਣ ਦੀ ਰਸਮ ਨਿਭਾਈ ਗਈ।  ਪੰਜਾਹ ਸਾਲ ਪਹਿਲਾਂ ਉਸ ਸਮੇਂ ਤੇਲ ਦੀ ਕਿੱਲਤ ਤੇ ਕਾਲਾਬਜ਼ਾਰੀ ਖਿਲਾਫ ਲੜੇ ਗਏ ਸੰਘਰਸ਼ ਦੋਰਾਨ ਜਗਰਾਂਓ ਪੁਲਸ ਵਲੋਂ ਵਾਹੀਕਾਰਾ ਯੂਨੀਅਨ ਪੰਜਾਬ ਦੀ ਅਗਵਾਈ ਚ ਕਿਸਾਨ ਮਜਦੂਰ ਮੁਜਾਹਰਾ ਕਰਕੇ ਤੇਲ ਦੀ ਬਲੈਕ ਅਤੇ ਨਕਲੀ ਥੁੜ ਖਤਮ ਕਰਨ ਦੀ ਮੰਗ ਕਰ ਰਹੇ ਸਨ। ਉਸ ਸਮੇਂ ਕਾਂਗਰਸ ਸਰਕਾਰ ਦੇ ਰਾਜਕਾਲ ਦੋਰਾਨ ਅਜ ਦੀ ਭਾਜਪਾ ਦੇ ਰਾਜ ਵਾਂਗ ਹੀ ਇਲਾਕੇ ਭਰ ਚ ਜਬਰ ਦਾ ਝੱਖੜ ਝੂਲਇਆ ਗਿਆ ਸੀ। 
ਸ਼ਹੀਦੀ ਯਾਦਗਾਰ ਤੇ ਝੰਡਾ ਝੁਲਾਉਣ ਦੀ ਰਸਮ ਸ਼ਹੀਦ ਦੇ ਭਰਾ ਵਰਿਆਮ ਸਿੰਘ ਨੇ ਨਾਰਿਆਂ ਦੀ ਗੂੰਜ ਚ ਨਿਭਾਈ। ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪਿਛਲੇ ਸਤਹਤਰ 
ਸਾਲਾਂ ਚ ਕਿਸਾਨਾਂ ਮਜਦੂਰਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਹੈ।ਮੋਦੀ ਸਰਕਾਰ ਦੇ ਰਾਜਕਾਲ ਚ ਅਮੀਰਾਂ ਨੂੰ ਗੱਫੇ ਤੇ ਗਰੀਬਾਂ ਨੂੰ ਧੱਕੇ ਹੀ ਮਿਲੇ ਹਨ। ਐਮ ਐਸ ਪੀ ਹਾਸਲ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ,  ਮਜਦੂਰਾਂ ਕਿਸਾਨਾਂ ਦੇ ਕਰਜਿਆਂ ਤੇ ਯਕਮੁਸ਼ਤ ਲਕੀਰ ਫੇਰਨ ਆਦਿ ਮੰਗਾਂ ਪ੍ਰਤੀ ਸਰਕਾਰ ਦਾ ਰਵੱਈਆ ਕੱਟੜ ਤੇ ਜਾਬਰ ਹੈ। ਉਨਾਂ ਕਿਹਾ ਕਿ ਹਰਾਉਣਾ ਦੇ ਬਾਰਡਰਾਂ ਤੇ ਲੜ ਰਹੇ ਕਿਸਾਨਾਂ ਤੇ ਜਬਰ ਦੇ ਖਿਲਾਫ ਤਿੰਨ ਦਿਨ ਪੂਰੇ ਪੰਜਾਬ ਚ ਟੋਲ ਪਲਾਜੇ ਫ੍ਰੀ ਕੀਤੇ ਜਾ ਰਹੇ ਹਨ। ਆਉਂਦੇ ਦਿਨਾਂ ਚ ਸਰਕਾਰ ਦੀਆਂ ਚਾਲਾਂ ਖਿਲਾਫ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਮੋਦੀ ਨੇ ਪਹਿਲੇ ਸੰਘਰਸ਼ਾਂ ਤੋਂ ਸਬਕ ਨਹੀਂ ਸਿਖਿਆ ਹੈ ਤਾਂ ਹੀ ਇਸ ਵੇਰ  ਆਰਪਾਰ ਦੀ ਲੜਾਈ ਲੜੀ ਜਾਵੇਗੀ।ਇਸ ਸਮੇਂ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ,,ਮੀਤ ਪ੍ਰਧਾਨ ਪਰਮਿੰਦਰ ਸਿੰਘ ਪਿੱਕਾ , ਜਗਨ ਨਾਥ ਸੰਘਰਾਓ, ਚਰਨਜੀਤ ਸਿੰਘ ਸ਼ੇਖਦੋਲਤ ਆਦਿ ਆਗੂ ਹਾਜਰ ਸਨ।

ਆਈ.ਟੀ.ਆਈ. ਉਟਾਲਾਂ ਵਿਖੇ ਕੈਰੀਅਰ ਟਾਕ ਕਰਵਾਈ 

ਲੁਧਿਆਣਾ, 20 ਫਰਵਰੀ (ਟੀ. ਕੇ. ) - ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.) ਦੀ ਅਗਵਾਈ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.), ਉਟਾਲਾਂ ਵਿਖੇ ਕੈਰੀਅਰ ਟਾਕ  ਕਰਵਾਇਆ ਗਿਆ, ਜਿਸ ਵਿੱਚ ਕਰੀਬ 42 ਸਿਖਿਆਰਥੀਆਂ ਨੇ ਭਾਗ ਲਿਆ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌੌਰ ਵੱਲੋਂ ਪ੍ਰਾਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਰੀਅਰ ਟਾਕ ਦਾ ਮੁੱਖ ਉਦੇਸ਼ ਪ੍ਰਾਰਥੀਆਂ ਦਾ ਮਾਰਗ ਦਰਸ਼ਨ ਕਰਨਾ ਹੈ ਤਾਂ ਜੋੋ ਭਵਿੱਖ ਵਿੱਚ ਉਨ੍ਹਾਂ ਨੂੰ ਸਹੀ ਕੈਰੀਅਰ ਚੁਣਨ ਵਿੱਚ ਮਦਦ ਹੋ ਸਕੇ। ਆਈ.ਟੀ.ਆਈ. ਦੇ ਇੰਸਟਰੱਕਟਰ ਸੁਖਬੀਰ ਸਿੰਘ, ਲਵਨੀਸ਼ ਸ਼ਰਮਾ (ਵਾਈ.ਪੀ.), ਅਨੁਜ ਕਿਸ਼ੋਰ ਦੱਤਾ (ਕਰੀਅਰ ਕਾਉਂਸਲਰ) ਡੀ.ਬੀ.ਈ.ਈ., ਲੁਧਿਆਣਾ ਨੇ ਪ੍ਰਾਰਥੀਆਂ ਨੂੰ ਕੈਰੀਅਰ ਸਬੰਧੀ ਜਾਣਕਾਰੀ ਦਿੱਤੀ। ਪ੍ਰਾਰਥੀਆਂ ਨੂੰ ਡੀ.ਬੀ.ਈ.ਈ. ਲੁਧਿਆਣਾ ਵਿਖੇ ਦਿੱਤੀ ਜਾਣ ਵਾਲੀਆ ਸਹੂਲਤਾਵਾਂ, ਆਈ.ਟੀ.ਆਈ. ਕੋਰਸ ਕਰਨ ਤੋੋਂ ਬਾਅਦ ਨਿਕਲਦੀਆ ਸਰਕਾਰੀ ਅਤੇ ਪ੍ਰਾਇਵੇਟ ਨੌਕਰੀ ਅਪਰੈਂਟਸ਼ਿਪ ਦੇ ਕੋੋਰਸ ਤੋਂ ਇਲਾਵਾ ਸਕਿੱਲ ਟ੍ਰੇਨਿੰਗ ਕੋੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ ਲੁਧਿਆਣਾ ਵਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਕੈਰੀਅਰ ਟਾਕ ਲਗਾਤਾਰ ਆਯੋਜਤ ਕੀਤੇ ਜਾਂਦੇ ਰਹਿਣਗੇ, ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।

"ਸਤਿਗੁਰਾਂ ਦੀ ਕਾਂਸ਼ੀ" ਧਾਰਮਿਕ ਗੀਤ ਦਾ ਪੋਸਟਰ ਸਾਈਂ ਪੱਪਲ ਸ਼ਾਹ ਜੀ ਵਲੋਂ ਕੀਤਾ ਗਿਆ ਰਿਲੀਜ਼

"ਸਤਿਗੁਰਾਂ ਦੀ ਕਾਂਸ਼ੀ" ਧਾਰਮਿਕ ਗੀਤ ਦਾ ਪੋਸਟਰ ਪਿੰਡ ਭਰੋ ਮਜ਼ਾਰਾ ਵਿਖੇ ਸਾਈਂ ਪੱਪਲ ਸ਼ਾਹ ਜੀ ਭਰੋਮਜ਼ਾਰਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਨੂੰ ਗਾਇਕ ਮਾਹੀ ਜਮਾਲਪੁਰੀ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗਾਇਆ ਹੈ।ਇਸ ਗੀਤ ਦਾ ਫਿਲਮਾਂਕਣ ਡੇਰਾ ਬਾਬਾ ਬਸਾਓ ਦਾਸ ਜੀ ਈਸਪੁਰ ਵਿਖੇ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ ਹੈ।ਇਹ ਧਾਰਮਿਕ ਗੀਤ ਪੰਜਾਬ ਦੇ ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿਖਿਆ ਹੋਇਆ ਹੈ। ਇਸ ਗੀਤ ਦੇ ਨਿਰਮਾਤਾ ਜਸਵਿੰਦਰ ਸੂਦ ਅਤੇ ਬਲਜਿੰਦਰ ਸੂਦ ਹਨ।ਇਸ ਗੀਤ ਦਾ ਮਿਊਜ਼ਿਕ ਤੇ ਵੀਡਿਓ ਪ੍ਰੀਤ ਬਲਿਹਾਰ ਨੇ ਕੀਤਾ ਹੈ।ਇਸ ਗੀਤ ਦੀ ਪੇਸ਼ਕਸ਼ ਪਾਲ ਜਲੰਧਰੀ ਅਤੇ ਮਹਿੰਦਰ ਸੂਦ ਵਿਰਕ ਵਲੋਂ ਕੀਤੀ ਗਈ ਹੈ। ਇਹ ਗੀਤ ਪਾਲ ਜਲੰਧਰੀ ਵੀ ਕੇ ਰਿਕਾਰਡ ਵਲੋਂ ਜਲਦ ਹੀ ਕੀਤਾ ਜਾਵੇਗਾ ਰਿਲੀਜ਼। ਗਾਇਕ ਮਾਹੀ ਜਮਾਲਪੁਰੀ ਦਾ ਇਹ ਪਹਿਲਾ ਧਾਰਮਿਕ ਗੀਤ ਸੰਗਤਾਂ ਦੀ ਕਚਹਿਰੀ ਵਿੱਚ ਰੱਖ ਰਹੇ ਹਾਂ ਜੀ ਉਮੀਦ ਕਰਦੇ ਹਾਂ ਕਿ ਸੰਗਤਾਂ "ਸਤਿਗੁਰਾਂ ਦੀ ਕਾਂਸ਼ੀ" ਧਾਰਮਿਕ ਗੀਤ ਨੂੰ ਭਰਪੂਰ ਪਿਆਰ ਬਖਸ਼ਣਗੇ।

ਭਾਰਤੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਰੁੱਧ ਤਾਕਤ ਦੀ ਵਰਤੋਂ ਦੀ ਨਿੰਦਾ: ਏਸ਼ੀਆਯੂਰਪੀਅਨ ਸਿੱਖ ਸੰਗਠਨ

ਨਵੀਂ ਦਿੱਲੀ, 20 ਫਰਵਰੀ, (ਮਨਪ੍ਰੀਤ ਸਿੰਘ ਖਾਲਸਾ)  - 13 ਫਰਵਰੀ, 2024 ਤੋਂ ਭਾਰਤ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਭਾਰਤੀ ਸੁਰੱਖਿਆ ਬਲਾਂ ਵੱਲੋਂ ਵਰਤੀ ਗਈ ਅਤਿ ਸ਼ਕਤੀ ਦੀ ਰਿਪੋਰਟ ਤੋਂ ਬਾਅਦ ਯੂਰਪੀਅਨ ਸਿੱਖ ਆਰਗੇਨਾਈਜ਼ੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਜੋ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਦੀ ਮੰਗ ਕਰ ਰਹੇ ਹਨ।  ਉਹਨਾਂ ਦੀਆਂ ਫਸਲਾਂ ਲਈ, 2020-2021 ਦੇ ਵਿਆਪਕ ਭਾਰਤੀ ਕਿਸਾਨਾਂ ਦੇ ਅੰਦੋਲਨ ਦੀ ਯਾਦ ਦਿਵਾਉਂਦਾ ਹੈ, ਨੂੰ ਕਥਿਤ ਤੌਰ 'ਤੇ ਗੰਭੀਰ ਅਤੇ ਹਿੰਸਕ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਹੈ।
ਘਟਨਾਵਾਂ ਦੇ ਇੱਕ ਦੁਖਦਾਈ ਮੋੜ ਵਿੱਚ, ਇਹ ਦੱਸਿਆ ਗਿਆ ਹੈ ਕਿ ਭਾਰਤੀ ਬਲਾਂ ਦੁਆਰਾ ਪੈਲੇਟ ਗੰਨ ਦੀ ਵਰਤੋਂ ਦੇ ਨਤੀਜੇ ਵਜੋਂ ਪ੍ਰਦਰਸ਼ਨਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਘੱਟੋ ਘੱਟ ਤਿੰਨ ਕਿਸਾਨ ਅੰਨ੍ਹੇ ਹੋ ਗਏ ਹਨ। ਭੀੜ ਨਿਯੰਤਰਣ ਦਾ ਇਹ ਤਰੀਕਾ, ਪਹਿਲਾਂ ਕਸ਼ਮੀਰ ਦੇ ਵਿਵਾਦਗ੍ਰਸਤ ਖੇਤਰਾਂ ਵਿੱਚ ਦੇਖਿਆ ਗਿਆ ਸੀ, ਆਪਣੀ ਅਸਹਿਮਤੀ ਜ਼ਾਹਰ ਕਰਨ ਵਾਲੇ ਨਾਗਰਿਕਾਂ ਵਿਰੁੱਧ ਘਾਤਕ ਤਾਕਤ ਦੀ ਇੱਕ ਪਰੇਸ਼ਾਨੀ ਵਾਲੀ ਵਰਤੋਂ ਨੂੰ ਦਰਸਾਉਂਦਾ ਹੈ।
ਯੂਰਪ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀ ਯੂਰਪੀਅਨ ਸਿੱਖ ਸੰਸਥਾ ਨੇ ਇਸ ਮੁੱਦੇ ਨੂੰ ਯੂਰਪੀਅਨ ਪਾਰਲੀਮੈਂਟ ਦੇ ਸਾਹਮਣੇ ਲਿਆ ਕੇ ਤੁਰੰਤ ਕਾਰਵਾਈ ਕੀਤੀ ਹੈ। ਸੰਗਠਨ ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਨ ਅਤੇ ਯੂਰਪੀਅਨ ਯੂਨੀਅਨ ਦੀ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਵਿਆਪਕ ਢਾਂਚੇ ਦੇ ਅੰਦਰ ਭਾਰਤੀ ਕਿਸਾਨਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਯੂਰਪੀਅਨ ਸੰਸਦ ਦੇ ਮੈਂਬਰਾਂ ਨਾਲ ਜੁੜਨ ਦੀ ਯੋਜਨਾ ਬਣਾਈ ਹੈ।
ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ, ਯੂਰਪੀਅਨ ਸਿੱਖ ਆਰਗੇਨਾਈਜ਼ੇਸ਼ਨ ਨੇ ਯੂਰਪ ਅਤੇ ਭਾਰਤ ਵਿਚ ਕਿਸਾਨ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਵਿਚ ਬਿਲਕੁਲ ਅੰਤਰ 'ਤੇ ਜ਼ੋਰ ਦਿੱਤਾ। ਯੂਰਪ ਵਿੱਚ, ਕਿਸਾਨਾਂ ਦੇ ਵਿਰੋਧ ਕਰਨ ਅਤੇ ਆਪਣੇ ਹਿੱਤਾਂ ਦੀ ਵਕਾਲਤ ਕਰਨ ਦੇ ਅਧਿਕਾਰ ਅਕਸਰ ਹਿੰਸਾ ਅਤੇ ਦਮਨ ਦੀ ਬਜਾਏ ਗੱਲਬਾਤ ਅਤੇ ਗੱਲਬਾਤ ਨਾਲ ਮਿਲਦੇ ਹਨ। ਇਹ ਅਸਮਾਨਤਾ ਭਾਰਤੀ ਕਿਸਾਨਾਂ ਨਾਲ ਸਲੂਕ ਕਰਨ ਅਤੇ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਧਿਆਨ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ।
ਬੈਲਜੀਅਮ ਵਿੱਚ ਕਿਸਾਨ ਭਾਈਚਾਰੇ ਵੱਲੋਂ ਆਪਣੇ ਭਾਰਤੀ ਹਮਰੁਤਬਾ ਪ੍ਰਤੀ ਸਮਰਥਨ ਮੁੱਦੇ ਦੀ ਵਿਸ਼ਵਵਿਆਪੀ ਪ੍ਰਕਿਰਤੀ ਦਾ ਪ੍ਰਮਾਣ ਹੈ, ਜੋ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਵਿਸ਼ਵਵਿਆਪੀ ਅਧਿਕਾਰ ਅਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਸਰਕਾਰੀ ਜਵਾਬਦੇਹੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਜਿਵੇਂ-ਜਿਵੇਂ ਸਥਿਤੀ ਵਿਕਸਤ ਹੁੰਦੀ ਹੈ, ਯੂਰਪੀਅਨ ਸਿੱਖ ਸੰਗਠਨ ਵੱਲੋਂ ਭਾਰਤੀ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਜਾਂਚ ਕਰਵਾਉਣ ਦੇ ਯਤਨ ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਸੰਗਠਨ ਦਾ ਯੂਰਪੀਅਨ ਯੂਨੀਅਨ ਦੇ ਅੰਦਰ ਐਕਸ਼ਨ ਦਾ ਸੱਦਾ, ਤਾਕਤ ਅਤੇ ਦਮਨ ਦੀ ਅਸਾਧਾਰਣ ਵਰਤੋਂ ਦੇ ਵਿਰੁੱਧ, ਆਪਣੀ ਰੋਜ਼ੀ-ਰੋਟੀ ਅਤੇ ਅਧਿਕਾਰਾਂ ਲਈ ਲੜ ਰਹੇ ਲੋਕਾਂ ਨਾਲ ਵਿਸ਼ਵਵਿਆਪੀ ਏਕਤਾ ਲਈ ਇੱਕ ਵਿਆਪਕ ਅਪੀਲ ਨੂੰ ਦਰਸਾਉਂਦਾ ਹੈ।