ਉਤਮ ਚਾਰੇ ਡੇਅਰੀ ਖੇਤਰ ਦੇ ਵਿਕਾਸ ਲਈ ਬੁਨਿਆਦੀ ਲੋੜ - ਮਾਹਿਰ

ਲੁਧਿਆਣਾ, 30 ਜਨਵਰੀ(ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਲਈ ਉਤਮ ਚਾਰਿਆਂ ਦਾ ਉਤਪਾਦਨ, ਪ੍ਰਾਸੈਸਿੰਗ ਅਤੇ ਮੰਡੀਕਾਰੀ ਲਈ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਨਾਲ ਡੇਅਰੀ ਕਿਸਾਨ ਭਾਈਚਾਰੇ ਨੂੰ ਬਹੁਤ ਲਾਭ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਜੇ ਖੋਜ ਸੰਸਥਾਵਾਂ ਵੱਲੋਂ ਤਿਆਰ ਕੀਤੀਆਂ ਗਈਆਂ ਨਵੀਆਂ ਤਕਨਾਲੋਜੀਆਂ ਦਾ ਗਿਆਨ ਹੋਵੇਗਾ ਤਾਂ ਉਹ ਕਿਸਾਨੀ ਭਾਈਚਾਰੇ ਨੂੰ ਉੱਚਿਆਂ ਚੁੱਕਣ ਲਈ ਸਮੱਗਰ ਯੋਗਦਾਨ ਦੇ ਸਕਣਗੇ।
    ਸ. ਕਸ਼ਮੀਰ ਸਿੰਘ, ਸੰਯੁਕਤ ਨਿਰਦੇਸ਼ਕ, ਡੇਅਰੀ ਵਿਕਾਸ ਵਿਭਾਗ ਨੇ ਕਿਹਾ ਕਿ ਉਤਮ ਚਾਰੇ ਡੇਅਰੀ ਖੇਤਰ ਦੇ ਵਿਕਾਸ ਦੀ ਬੁਨਿਆਦੀ ਲੋੜ ਹਨ। ਉਨ੍ਹਾਂ ਕਿਹਾ ਕਿ ਖੇਤਰ ਵਿਚ ਕੰਮ ਕਰਨ ਵਾਲੇ ਸਾਡੇ ਅਧਿਕਾਰੀ ਕਿਸਾਨਾਂ ਨਾਲ ਨੇੜਲੇ ਸੰਬੰਧ ਰੱਖਦੇ ਹਨ ਅਤੇ ਬਹੁਤ ਕਿਸਮ ਦੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਨੂੰ ਕਿਸਾਨਾਂ ਤਕ ਲੈ ਕੇ ਜਾਣਾ ਸਾਡਾ ਇਕ ਵੱਡਾ ਉਦੇਸ਼ ਹੈ। ਡਾ. ਹਰਿੰਦਰ ਸਿੰਘ, ਚਾਰਾ ਖੋਜ ਮਾਹਿਰ ਨੇ ਚਾਰਿਆਂ ਦੀ ਪ੍ਰਾਸੈਸਿੰਗ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਹੇਅ ਬਨਾਉਣ ਸੰਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਸਲ ਦੀਆਂ ਕਿਸਮਾਂ ਦੀ ਚੋਣ, ਬਿਜਾਈ ਅਤੇ ਸੁਕਾਉਣ ਸੰਬੰਧੀ ਵੀ ਜਾਣਕਾਰੀ ਦਿੱਤੀ। ਡਾ. ਨਵਜੋਤ ਸਿੰਘ ਬਰਾੜ ਨੇ ਬਿਹਤਰ ਫਸਲ ਲੈਣ ਲਈ ਬਿਜਾਈ ਦੇ ਢੰਗ, ਸਿੰਚਾਈ, ਖਾਦ ਅਤੇ ਫਸਲ ਨੂੰ ਬਚਾਅ ਸੰਬੰਧੀ ਆਪਣੇ ਵਿਚਾਰ ਰੱਖੇ। ਡਾ. ਪਰਮਿੰਦਰ ਸਿੰਘ ਨੇ ਦੁੱਧ ਉਤਪਾਦਨ ਵਿਚ ਹਰੇ ਚਾਰਿਆਂ ਦੇ ਅਚਾਰ ਦੀ ਮਹੱਤਤਾ ਬਾਰੇ ਦੱਸਿਆ। ਅਚਾਰ ਬਨਾਉਣ ਦੀਆਂ ਬਿਹਤਰ ਤਕਨੀਕਾਂ ਬਾਰੇ ਵੀ ਉਨ੍ਹਾਂ ਨੇ ਸਿੱਖਿਅਤ ਕੀਤਾ। ਉਨ੍ਹਾਂ ਨੇ ਅਚਾਰ ਦੀ ਕਵਾਲਿਟੀ ਸੰਬੰਧੀ ਆਉਂਦੀਆਂ ਚੁਣੌਤੀਆਂ ਦੀ ਵੀ ਚਰਚਾ ਕੀਤੀ।
    ਡਾ. ਜੇ ਐਸ ਲਾਂਬਾ ਨੇ ਡੇਅਰੀ ਪਸ਼ੂਆਂ ਲਈ ਵਿਕਲਪ ਦੇ ਰੂਪ ਵਿਚ ਵਿਭਿੰਨ ਚਾਰਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਚਾਰਿਆਂ ਦੀ ਪੌਸ਼ਟਿਕਤਾ ਵਧਾਉਣ ਸੰਬੰਧੀ ਦੱਸਿਆ ਤਾਂ ਜੋ ਦੁਧਾਰੂਆਂ ਨੂੰ ਉੇਸਦਾ ਵਧੇਰੇ ਫਾਇਦਾ ਮਿਲ ਸਕੇ। ਇਨ੍ਹਾਂ ਅਧਿਕਾਰੀਆਂ ਨੂੰ ਯੂਨੀਵਰਸਿਟੀ ਡੇਅਰੀ ਫਾਰਮ ਦੇ ਚਾਰਾ ਅਤੇ ਅਚਾਰ ਖੇਤਰ ਦਾ ਦੌਰਾ ਵੀ ਕਰਵਾਇਆ ਗਿਆ।