ਪੰਜਾਬ

ਮਨੁੱਖੀ ਅਧਿਕਾਰ ਰੱਖਿਆ ਕੌਂਸਲ ਭਾਰਤ ਵੱਲੋਂ ‘ਧੀਆਂ ਦੀ ਲੋਹੜੀ’ ਸਮਾਗਮ ਕਰਵਾਇਆ

ਧੀਆਂ ਦੀ ਲੋਹੜੀ ਮਨਾਉਣਾ ਅੱਜ ਸਮੇਂ ਦੀ ਮੁੱਖ ਲੋੜ- ਆਗੂ
ਮੁੱਲਾਂਪੁਰ ਦਾਖਾ 14 ਜਨਵਰੀ (ਸਤਵਿੰਦਰ ਸਿੰਘ ਗਿੱਲ)
–ਸਥਾਨਕ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਮਨੁੱਖੀ ਅਧਿਕਾਰ ਰੱਖਿਆ ਕੌਂਸਲ ਭਾਰਤ ਵੱਲੋਂ ਹਰਜਿੰਦਰ ਸਿੰਘ ਪਮਾਲ ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਐਂਟੀ ਕ੍ਰਾਈਮ ਪੰਜਾਬ ਪ੍ਰਧਾਨ, ਗੁਰਪ੍ਰੀਤ ਸਿੰਘ ਮੋਹਾਲੀ ਚੇਅਰਮੈਨ ਪੰਜਾਬ ਆਰ.ਟੀ.ਆਈ ਵਿੰਗ ਅਤੇ ਹਰਜਿੰਦਰ ਸਿੰਘ ਘੁਮਾਣ ਪੰਜਾਬ ਪ੍ਰਧਾਨ ਕਿਸਾਨ ਵਿੰਗ ਦੀ ਅਗਵਾਈ ਵਿੱਚ  ‘ਧੀਆਂ ਦੀ ਲੋਹੜੀ’ ਸਮਾਗਮ ਕਰਵਾਇਆ ਗਿਆ। ਲੋਹੜੀ ਸਮਾਗਮ ਵਿਚ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ, ਪਵਨਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਨੇ ਨੇ ਉਚੇਚੇ ਤੌਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਰਨਲ ਸਕੱਤਰ ਮੈਡਮ ਸੰਤੋਸ਼ ਰਾਣੀ ਅਤੇ ਸੈਕਟਰੀ ਤੇਜਿੰਦਰ ਕੌਰ ਰਕਬਾ ਸਮੇਤ ’ਤੇ ਸੰਸਥਾਂ ਦੀ ਵਾਇਸ ਚੇਅਰਮੈਨ ਮੈਡਮ ਖੁਸ਼ਮਿੰਦਰ ਕੌਰ ਮੁੱਲਾਂਪੁਰ ਵੀ ਪੁੱਜੇ। 
              ਇਸ ਮੌਕੇ ਇਲਾਕੇ ਭਰ ਦੀਆਂ ਸੈਕੜੇ ਨਵ ਜੰਮੀਆਂ ਧੀਆਂ ਦੇ ਸਨਮਾਨ ਸਮੇਂ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ, ਪਵਨਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ ਵਲੋਂ ਮੰਚ ਦੇ ਅਹੁਦੇਦਾਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਅੱਜ ਸਮੇਂ ਦੀ ਮੁੱਖ ਲੋੜ ਬਣ ਗਿਆ। ਲੜਕੀਆਂ ਦੀ ਗਿਣਤੀ ਲੜਕਿਆਂ ਦੇ ਬਰਾਬਰ ਕਰਨ ਲਈ ਅਜਿਹੇ ਸਮਾਗਮ ਸਹਾਈ ਬਣਨਗੇਂ। ਮੈਡਮ ਸੰਤੋਸ਼ ਰਾਣੀ ਨੇ ਕਿਹਾ ਕਿ ‘‘ ਧੀਆਂ ਦਾ ਸਤਿਕਾਰ ਕਰੋਂ, ਪੁੱਤਰਾਂ ਵਾਂਗੂ ਪਿਆਰ ਕਰੋਂ ਵਰਗੇ ਸ਼ਬਦਾਂ ਤੇ ਪਹਿਰਾ ਦੇਣਾ ਚਾਹੀਦਾ ਹੈ, ਮੰਚ ਵੱਲੋਂ ਜੋ ਨਵਜੰਮੀਆਂ ਬੱਚੀਆਂ ਲਈ ਉਪਰਾਲਾ ਕੀਤਾ ਗਿਆ ਉਸਦੀ ਜਿਨ੍ਹੀ ਵੀ ਪ੍ਰਸੰਸ਼ਾਂ ਕੀਤੀ ਜਾਵੇ ਘੱਟ ਹੈ।
           ਇਸ ਸਮੇਂ ਪ੍ਰਧਾਨ ਸੁਖਵਿੰਦਰ ਸਿੰਘ ਹਲਕਾ ਦਾਖਾ ਪ੍ਰਧਾਨ ਜਗਤਾਰ ਸਿੰਘ ਮੀਤ ਪ੍ਰਧਾਨ ਦਾਖਾ ਡਾਕਟਰ ਹਰਦੀਪ ਸਿੰਘ ਪਮਾਲ ਇਤਬਾਰ ਸਿੰਘ ਨੱਥੋਵਾਲ ਬਲਾਕ ਸਿੱਖਿਆ ਅਫ਼ਸਰ ਰਾਏਕੋਟ ਮਾਸਟਰ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਹਰਜਿੰਦਰ ਸਿੰਘ ਪਟਿਆਲਾ ਯੂਥ ਵਿੰਗ,  ਮਾਸਟਰ ਗੁਰਦੀਪ ਸਿੰਘ, ਗੁਰਮੀਤ ਸਿੰਘ ਮਨੀ ਪ੍ਰਧਾਨ ਯੂਥ ਵਿੰਗ ਲੁਧਿਆਣਾ-ਮੁੱਲਾਂਪੁਰ, ਦਵਿੰਦਰ ਵਰਮਾ ਜਿਲ੍ਹਾ ਪ੍ਰਧਾਨ, ਸੁਖਦੇਵ ਸਿੰਘ, ਜਸਮਨੀ ਸਿੰਘ ਮੋਹਾਲੀ , ਗੁਰਜੀਤ ਸਿੰਘ, ਮਨਦੀਪ ਸਿੰਘ ਜਸਵੀਰ ਸਿੰਘ ਨੋਨੀ, ਵੀਰਪਾਲ ਸਿੰਘ ਸਾਰੇ ਪਮਾਲ ਕਰਨੈਲ ਸਿੰਘ ਘੁਮਾਣ ਬਿਟੂ ਸਿੰਘ ਮੁੱਲਾਂਪੁਰ ਤੇ ਹੋਰ ਮੌਜੂਦ ਰਹੇ।

ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਿਚ ਵਾਧਾ 

ਜਗਰਾਉ/ ਸਿੱਧਵਾਂ ਬੇਟ, 14 ਜਨਵਰੀ (ਮਨਜੀਤ ਸਿੰਘ ਲੀਲਾਂ.) ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਮਿਤੀ 15 ਜਨਵਰੀ ਤੋਂ 21 ਜਨਵਰੀ  ਤੱਕ ਬੰਦ ਰਹਿਣਗੇ।
ਸੂਬੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਕੱਲ੍ਹ ਤੋਂ ਰੈਗੂਲਰ ਤੌਰ 'ਤੇ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਲੱਗਣਗੇ ਜਦਕਿ ਡਬਲ ਸ਼ਿਫ਼ਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ9 :00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ। ਡਬਲ ਸ਼ਿਫ਼ਟ ਵਾਲਾ ਕੋਈ ਵੀ ਸਕੂਲ ਸ਼ਾਮ 4:00 ਵਜੇ ਤੋਂ ਬਾਅਦ ਨਹੀਂ ਖੁੱਲ੍ਹੇਗਾ।
ਇਹ ਹੁਕਮ ਤੁਰੰਤ ਪ੍ਰਭਾਵ ਤੋਂ 21 ਜਨਵਰੀ ਤੱਕ ਲਾਗੂ ਰਹਿਣਗੇ।

ਉੱਘੇ ਲੇਖਕ ਸੂਦ ਵਿਰਕ ਨੂੰ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵਲੋਂ ਕੀਤਾ ਗਿਆ ਸਨਮਾਨਿਤ

ਬਠਿੰਡਾ, 14 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ ) ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਵੱਲੋਂ ਮਿਤੀ 13 ਜਨਵਰੀ 2024 ਦਿਨ ਸ਼ਨੀਵਾਰ ਨੂੰ ਕਰਵਾਏ ਗਏ ਲੋਹੜੀ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਅਤੇ ਆਪਣੀ ਖ਼ੂਬਸੂਰਤ ਰਚਨਾ "ਕੌੜਾ ਘੁੱਟ ਕਿਵੇਂ ਪੀ ਲਵਾਂ"
ਦੀ ਸਾਂਝ ਪਾਉਣ ਲਈ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਰਮ 'ਪ੍ਰੀਤ' ਪ੍ਰਬੰਧਕ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਨੇ ਕਿਹਾ ਕਿ ਲੇਖਕ ਮਹਿੰਦਰ ਸੂਦ ਵਿਰਕ ਨੂੰ ਸਨਮਾਨਿਤ ਕਰਨ ਤੇ ਅਸੀਂ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਾਂ। ਸੂਦ ਵਿਰਕ ਨੇ ਪ੍ਰਬੰਧਕ ਪਰਮ 'ਪ੍ਰੀਤ' ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ੳਅੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਅਸਮਾਨ ਦੀਆਂ ਬੁਲੰਦੀਆਂ ਤੱਕ ਜਾਏ। ਸੂਦ ਵਿਰਕ ਨੇ ਇਹ ਵੀ ਦਸਿਆ ਕਿ ਜਲਦ ਹੀ ਉਹਨਾਂ ਦੇ ਲਿਖੇ ਦੋ ਗੀਤ "ਮੇਰੇ ਮਾਲਕਾ" ਅਤੇ "ਮਿਹਨਤ ਕਰ" ਜਲਦ ਹੀ ਸਰੋਤਿਆਂ ਦੇ ਸਨਮੁੱਖ ਕਿਤੇ ਜਾਣ ਗਏ। ਉਹਨਾਂ ਨੂੰ ਪੂਰੀ ਆਸ ਹੈ ਕਿ ਸਰੋਤੇ ਇਹਨਾਂ ਗੀਤਾਂ ਨੂੰ ਵੀ ਭਰਪੂਰ ਪਿਆਰ ਬਖਸ਼ਣਗੇ।

ਪਿੰਡ ਦਾਦੂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ

ਤਲਵੰਡੀ ਸਾਬੋ/ਕਾਲਾਂਵਾਲੀ,14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨੇੜਲੇ ਪਿੰਡ ਦਾਦੂ ਦੇ ਗੁਰਦੁਆਰਾ ਦਸਮੇਸ਼ਸਰ ਸਾਹਿਬ ਤੋਂ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਗਏ। ਸੱਚਖੰਡ ਵਾਸੀ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦਸਮੇਸ਼ਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਵੇਰੇ 11:00 ਵਜੇ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਹੁੰਦਿਆਂ ਹੋਇਆ ਨਗਰ ਦੇ ਵੱਖ-ਵੱਖ ਪੜਾਵਾਂ 'ਤੇ ਪਹੁੰਚਿਆ। ਦਿੱਤੇ ਗਏ ਪ੍ਰੋਗਰਾਮ ਅਨੁਸਾਰ ਕਵੀਸ਼ਰੀ ਜਥਾ ਮਾਸਟਰ ਸੁਖਰਾਜ ਸਿੰਘ ਸੰਦੋਹਾ ਨੇ ਕਵੀਸ਼ਰੀ ਰਾਹੀਂ ਅਤੇ ਭਾਈ ਜੀਤ ਸਿੰਘ ਰੁਘੂਆਣਾ ਜਥੇ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਉੱਥੇ ਗਤਕਾ ਪਾਰਟੀ ਮੀਰੀ ਪੀਰੀ ਖਾਲਸਾ ਫੋਰਸ ਗੱਤਕਾ ਗਰੁੱਪ, ਖੁੱਡੀ ਕਲਾਂ ਦੇ ਸਿੰਘਾਂ ਨੇ ਆਪਣੇ ਗਤਕੇ ਦੇ ਜੌਹਰ ਦਿਖਾਏ, ਪਿੰਡ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਦੇ 'ਤੇ ਚਾਹ ਮਠਿਆਈ ਅਤੇ ਪਕੌੜਿਆਂ ਦੇ ਲੰਗਰ ਲਾਏ ਗਏ, ਗੁਰਦੁਆਰਾ ਦਸਮੇਸਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਨੇ ਸਮੂਹ ਸੰਗਤਾਂ ਨੂੰ ਇਸ ਸ਼ੁਭ ਮੌਕੇ ਤੇ ਦੂਰੋਂ ਨੇੜਿਓਂ ਸੰਗਤਾਂ ਦਾ  ਪਹੁੰਚਣ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦਿਤੀਆਂ। ਪੰਜ ਪਿਆਰਿਆਂ ਅਤੇ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨੂੰ ਸਿਰੋਪਾਓ ਨਾਲ ਨਗਰ ਦਾਦੂ ਦੀਆਂ ਸੰਗਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਹੀ ਬਾਬਾ ਦਰਸ਼ਨ ਸਿੰਘ ਜੀ ਨੇ ਵੱਖ-ਵੱਖ ਪੜਾਵਾਂ ਤੇ ਧਾਰਮਿਕ ਸਮਾਜਿਕ ਸਖਸ਼ੀਅਤਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਵੱਧ ਚੜ੍ਹਕੇ ਪ੍ਰੋਗਰਾਮ ਲਈ ਪ੍ਰੇਰਿਆ ਅਤੇ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਅੰਮ੍ਰਿਤ ਛਕੋ, ਸਿੰਘ ਸਜੋ ਦੀ ਅਪੀਲ ਕੀਤੀ। ਹਰ ਸਾਲ ਦੀ ਤਰ੍ਹਾਂ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਤਿਸ਼ਬਾਜੀ ਵੀ ਕੀਤੀ ਗਈ।

ਪਿੰਡ ਨੰਗਲਾ ਵਿਖੇ ਮਾਨਵ ਹਸਪਤਾਲ ਮਾਨਸਾ ਵੱਲੋਂ ਲਗਾਇਆ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ

ਤਲਵੰਡੀ ਸਾਬੋ, 07 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਨੰਗਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀਆਂ ਵੱਲੋਂ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਮਾਨਵ ਹਸਪਤਾਲ ਮਾਨਸਾ ਦੇ ਡਾਕਟਰ ਮਾਨਵ ਜਿੰਦਲ ਨੇ ਵੱਖ-ਵੱਖ ਪਿੰਡਾਂ ਦੇ ਮਰੀਜਾਂ ਦੀਆਂ ਹੱਡੀਆਂ ਅਤੇ ਜੋੜਾਂ ਸਬੰਧੀ ਬਿਮਾਰੀਆਂ ਜਾਂਚ ਕੀਤੀ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੀ ਸਮਾਪਤੀ ਤੋਂ ਬਾਅਦ ਡਾਕਟਰ ਮਾਨਵ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨੰਗਲਾ ਮੇਰਾ ਜੱਦੀ ਪੁਸ਼ਤੀ ਪਿੰਡ ਹੈ ਇਸ ਲਈ ਪਿੰਡ 'ਚ ਜੋੜਾਂ ਦੇ ਦਰਦਾਂ ਦੀ ਬਿਮਾਰੀ ਨਾਲ ਜੂਝ ਰਹੇ ਮਰੀਜਾਂ ਦੀ ਜਾਂਚ ਕਰਨ ਲਈ ਇਹ ਕੈਂਪ ਅਯੋਜਿਤ ਕੀਤਾ ਗਿਆ ਤਾਂ ਕਿ ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਦੇਣ ਦੇ ਨਾਲ ਨਾਲ ਟੈਸਟ ਵੀ ਕੀਤੇ ਜਾਣ ਜਿਹੜੇ ਕਿ ਬਹੁਤ ਹੀ ਸਸਤੇ ਰੇਟਾਂ 'ਚ ਕੀਤੇ ਜਾਣਗੇ ਅਤੇ ਇਹਨਾਂ ਮਰੀਜਾਂ ਨੂੰ ਦਵਾਈ ਤਿੰਨ ਮਹੀਨੇ ਮੁਫ਼ਤ ਦਿੱਤੀ ਜਾਵੇਗੀ। ਭਾਈ ਕਾਹਨ ਸਿੰਘ ਖਾਲਸਾ ਅਤੇ ਸਾਬਕਾ ਸਰਪੰਚ ਜੁਗਰਾਜ ਸਿੰਘ ਨੇ ਦੱਸਿਆ ਕਿ ਸਭ ਦੇ ਸਹਿਯੋਗ ਨਾਲ ਡਾਕਟਰ ਮਾਨਵ ਜਿੰਦਲ ਜਿਹੜੇ ਕਿ ਪਿੰਡ ਨੰਗਲਾ ਦੇ ਹਨ ਉਹਨਾਂ ਦੇ ਉਪਰਾਲੇ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਜਿਸ ਵਿਚ 250 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਡਾਕਟਰ ਮਾਨਵ ਜਿੰਦਲ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਮੌਕੇ ਭਾਈ ਮੰਦਰ ਸਿੰਘ, ਭੋਲਾ ਸਿੰਘ, ਪ੍ਰਗਟ ਸਿੰਘ, ਚਰਨਾ ਸਿੰਘ, ਸਤਨਾਮ ਸਿੰਘ, ਲੱਢਾ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ, ਗੁਰਜੀਵਨ ਸਿੰਘ, ਬਿੱਟੂ ਸਿੰਘ, ਗੁਰਤੇਜ ਸਿੰਘ ਨੰਬਰਦਾਰ, ਬਲਦੇਵ ਸਿੰਘ ਆਦਿ ਨੇ ਸੇਵਾ ਨਿਭਾਈ।

ਫ਼ੌਜੀ ਗਰੁੱਪ ਸੰਦੋਹਾ ਵੱਲੋਂ ਕਰਵਾਇਆ ਬੱਚਿਆਂ ਦਾ ਪਹਿਲਾ ਕੁਇਜ਼ ਮੁਕਾਬਲਾ

ਤਲਵੰਡੀ ਸਾਬੋ, 07 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿਖੇ ਫ਼ੌਜੀ ਗਰੁੱਪ ਸੰਦੋਹਾ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਪਹਿਲਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਉਪਦੇਸ਼ ਪਬਲਿਕ ਸਕੂਲ, ਸੰਤ ਫਤਹਿ ਸਿੰਘ ਸਕੂਲ ਮੌੜ ਅਤੇ ਸਰਕਾਰੀ ਹਾਈ ਸਕੂਲ ਸੰਦੋਹਾ ਦੇ ਬੱਚੇਆ ਨੇ ਭਾਗ ਲਿਆ। ਮੁਕਾਬਲੇ 'ਚ ਤੀਜੀ ਤੋਂ ਲੈ ਕੇ ਗਿਆਰਵੀਂ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਤੀਸਰੀ ਤੋਂ ਪੰਜਵੀਂ ਜਮਾਤ ਦੇ ਗਰੁੱਪ ਵਿਚੋਂ ਪਹਿਲਾ ਸਥਾਨ ਉਪਦੇਸ਼ ਪਬਲਿਕ ਸਕੂਲ, ਦੂਸਰਾ ਸੰਤ ਫਤਹਿ ਸਿੰਘ ਸਕੂਲ ਮੌੜ ਅਤੇ ਤੀਸਰਾ ਸਥਾਨ ਉਪਦੇਸ਼ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਛੇਵੀਂ ਤੋਂ ਨੌਵੀਂ ਜਮਾਤ ਦੇ ਗਰੁੱਪ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਉਪਦੇਸ਼ ਪਬਲਿਕ ਸਕੂਲ ਸੰਦੋਹਾ ਨੇ ਪ੍ਰਾਪਤ ਕੀਤਾ। ਸਮਾਜ ਸੇਵੀ ਤੇਜਿੰਦਰ ਸੰਦੋਹਾ ਨੇ ਦੱਸਿਆ ਕਿ ਪਿੰਡ ਵਿੱਚ ਅਜਿਹਾ ਮੁਕਾਬਲਾ ਪਹਿਲਾ ਮੁਕਾਬਲਾ ਸੀ। ਇਸ ਦਾ ਉਦਘਾਟਨ ਸੂਬੇਦਾਰ ਹਰਪਾਲ ਸਿੰਘ ਅਤੇ ਸੂਬੇਦਾਰ ਹਰਭਜਨ ਸਿੰਘ ਨੇ ਕੀਤਾ। ਇਨਾਮ ਵੰਡ ਸਮਾਰੋਹ ਵਿਚ ਰਿਟਾਇਰਡ ਡੀਈਓ ਸ੍ਰ. ਬਲਜੀਤ ਸਿੰਘ ਸੰਦੋਹਾ ਵੱਲੋਂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਬਲਵੀਰ ਸਿੰਘ ਭੋਲਾ ਫ਼ੌਜੀ, ਹਰਵਿੰਦਰ ਸਿੰਘ ਕਾਲੂ, ਸੰਦੀਪ ਸ਼ਰਮਾ, ਨਵੀ ਨੰਬਰਦਾਰ, ਤਾਰਾ ਮਾਨ, ਦਰਸ਼ੀ ਫ਼ੌਜੀ, ਗੁਰਮੀਤ ਸਿੰਘ ਫ਼ੌਜੀ, ਬਲਦੇਵ ਸਿੰਘ ਸੰਦੋਹਾ ਜਿਲਾ ਪ੍ਰਧਾਨ ਸਿੱਧੂਪੁਰ ਯੂਨੀਅਨ, ਗੋਰਾ ਸਿੰਘ ਫ਼ੌਜੀ, ਅਜੈਬ ਸਿੰਘ ਫ਼ੌਜੀ ਅਤੇ ਬਲਕਰਨ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਫ਼ੌਜੀ ਆਦਿ ਹਾਜਰ ਸਨ।

ਮੇਲੇ ਵਿਸ਼ੇ ਸਬੰਧੀ ਬੱਚਿਆਂ ਦੇ ਭਵਿੱਖ ਵਿੱਚ ਸਹਾਇਕ-ਪ੍ਰਿੰਸੀਪਲ

ਸਮਾਉਂ ਸਕੂਲ ਵਿਖੇ ਲਾਇਆ ਐਸਐਸ ਅਤੇ ਅੰਗਰੇਜੀ ਮੇਲਾ

ਭੀਖੀ, 7 ਜਨਵਰੀ( ਕਮਲ ਜਿੰਦਲ ) ਸਰਕਾਰੀ ਹਾਈ ਸਕੂਲ ਸਮਾਉਂ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਐਕਟੀਵਿਟੀਜ, ਚਾਰਟ ਮਾਡਲ ਆਦਿ ਬਣਾਏ ਗਏ ਅਤੇ ਉਨਾਂ ਨੂੰ ਬੜੇ ਹੀ ਵਿਸਥਾਰ ਪੂਰਵਕ ਸਮਝਾਇਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਦੇ ਸਰਪੰਚ ਪ੍ਰਮਜੀਤ ਕੌਰ ਦੇ ਪਤੀ ਕਿਸਾਨ ਆਗੂ ਕਾ. ਭੋਲਾ ਸਿੰਘ ਸਮਾਉਂ ਨੇ ਇਸ ਮੇਲੇ ਦਾ ਉਦਘਾਟਨ ਕੀਤਾ।ਇਸ ਮੌਕੇ ਸਕੂਲ ਮੁਖੀ ਹਰਜਿੰਦਰ ਸਿੰਘ, ਐਸਐਮਸੀ ਚੇਅਰਮੈਨ ਕਾਲਾ ਸਿੰਘ, ਰਣ ਸਿੰਘ ਤੋਤੀ ਕਾ, ਡਾ. ਪ੍ਰਗਟ ਸਿੰਘ ਚਹਿਲ ਵੀ ਉਨ੍ਹਾਂ ਨਾਲ ਸਨ।ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਿਦਆਰਥੀਆਂ ਦੇ ਭਵਿੱਖ ਵਿੱਚ ਰੋਲ ਮਾਡਲ ਅਦਾ ਕਰਦੇ ਹਨ ਤਾਂ ਕਿ ਬੱਚੇ ਆਪਣੇ ਵਿਸ਼ੇ ਪ੍ਰਤੀ ਜਾਗਰੂਕ ਹੋ ਸਕਣ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਿੰਦਰ ਸਿੰਘ ਇੰਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਭੀਖੀ ਵੱਲੋਂ ਬੱਚਿਆਂ ਵੱਲੋਂ ਦਿਖਾਈਆਂ ਐਕਟੀਵਿਟੀਜ ਦਾ ਮੁਆਇਨਾ ਕੀਤਾ ਗਿਆ ਅਤੇ ਬੱਚਿਆਂ ਨਾਲ ਗਿਆਨ ਪੂਰਵਕ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਰੰਗੋਲੀ ਬਣਾਈ ਗਈ, ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਇਹ ਰੰਗੋਲੀ ਵਿਿਦਆਰਥੀ ਨੇ ਅਤੇ ਈ.ਟੀ.ਟੀ. ਅਧਿਆਪਕਾ ਦੇ ਸਹਿਯੋਗ ਨਾਲ ਬਣਾਈ ਗਈ। ਸਕੂਲ ਮੁਖੀ ਅਤੇ ਆਏ ਮਹਿਮਾਨਾ ਨੇ ਹਰ ਇੱਕ ਮਾਡਲ ਨੂੰ ਬੜੇ ਧਿਆਨ ਨਾਲ ਦੇਖਿਆ। ਸਭ ਮਹਿਮਾਨਾਂ ਅਤੇ ਬੱਚਿਆਂ ਨੇ ਅੰਗਰੇਜੀ ਵਿਸ਼ੇ ਦੇ ਖੇਡ ਅਧਾਰਿਤ ਗਤੀਵਿਧੀਆ ਜਿਵੇਂ ਕਿ ਟੰਗ ਟਵਿਸਟਰ, ਰੋਲ ਪਲੇ, ਸਿਮਨ ਸੇਅਜ ਆਦਿ ਦਾ ਭਰਭੂਰ ਆਨੰਦ ਲਿਆ। ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋ ਕਰਨ ਲਈ ਸਮੂਹ ਅਧਿਆਪਕਾਂ ਦੁਆਰਾ ਵਿਿਦਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਵਿਿਦਆਰਥੀਆਂ ਵੱਲੋਂ ਆਦਿ ਮਾਨਵ ਅਤੇ ਮਹਾਂਸਾਗਰਾਂ ਨਾਲ ਸੰਬੰਧਿਤ ਐਕਟੀਵਿਟੀ ਦੀ ਪੇਸ਼ਕਾਰੀ ਕੀਤੀ ਗਈ ਜੋ ਕਿ ਵਿਸੇਸ਼ ਖਿੱਚ ਦਾ ਕੇਂਦਰ ਰਹੀ।ਇਸ ਮੌਕੇ ਹੋਰਨਾ ਤੋਂ ਇਲਾਵਾ ਮਾਤਾ ਪਿਤਾ ਅਤੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਵੀ ਇਸ ਸਮਾਜਿਕ ਸਿੱਖਿਆ ਅਤੇ ਅੰਗਰੇਜੀ ਮੇਲੇ ਦਾ ਖੂਬ ਆਨੰਦ ਮਾਣਿਆ।ਅਖੀਰ ਵਿੱਚ ਸਕੂਲ ਮੁਖੀ ਹਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਕ੍ਰਿਸ਼ਨ ਲਾਲ, ਨਮਿਸਤੋ ਦੇਵੀ, ਰਮਨ ਜਿੰਦਲ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਡੀਪੀਈ, ਪਰਮਿੰਦਰ ਰਾਣੀ, ਨੀਲਮ ਰਾਣੀ, ਨੀਰਜ ਗੁਪਤਾ, ਬਲਪ੍ਰੀਤ ਕੌਰ, ਰਾਜਵੰਸ਼ ਕੌਰ, ਪ੍ਦੀਪ ਕੁਮਾਰ, ਜਗਤਾਰ ਸਿੰਘ, ਜਤਿੰਦਰ ਗੋਇਲ, ਮਨਪ੍ਰੀਤ ਕੌਰ, ਮਨਦੀਪ ਕੁਮਾਰ, ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।

ਫੋਟੋ-ਮੇਲੇ ਦਾ ਉਦਘਾਟਨ ਕਰਦੇ ਹੋਏ ਕਿਸਾਨ ਆਗੂ ਭੋਲਾ ਸਿੰਘ ਸਮਾਉਂ।

ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਦੇਵੇਗੀ ਡਰਾਇਵਰਾਂ ਦਾ ਸਾਥ-ਬਰ੍ਹੇ, ਗੁੜੱਦੀ, ਕੋਟੜਾ

ਭੀਖੀ, 7 ਜਨਵਰੀ(‌ਕਮਲ ਜਿੰਦਲ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਰੋਇਲ ਰੈਸਟੋਰੈਂਟ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਹਰਦੀਪ ਸਿੰਘ ਬਰ੍ਹੇ ਅਤੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗੁੜੱਦੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਡਾ. ਸੁਨੀਲ ਬਾਂਸਲ ਐਮਡੀ ਮੈਡੀਸਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਦੌਰਾਨ ਡਾ. ਸੁਨੀਲ ਬਾਂਸਲ ਨੇ ਵੱਖ ਵੱਖ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗੁੜੱਦੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਟਰੱਕ ਡਰਾਇਵਰਾਂ ਲਈ ਜੋ ਤਾਨਾਸ਼ਾਹੀ ਕਾਨੂੰਨ ਪਾਸ ਕੀਤਾ ਹੈ ਜਥੇਬੰਦੀ ਉਸਦਾ ਸਖਤ ਵਿਰੋਧ ਕਰਦੀ ਹੈ।ਉਨ੍ਹਾਂ ਕਿਹਾ ਕਿ ਅਗਰ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀ ਉਸ ਦਾ ਸਖਤ ਵਿਰੋਧ ਕਰੇਗੀ ਅਤੇ ਟਰੱਕ ਡਰਾਇਵਰਾਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇਗੀ।ਬਲਾਕ ਪ੍ਰਧਾਨ ਡਾ. ਪ੍ਰਗਟ ਸਿੰਘ ਕਣਕਵਾਲ ਨੇ ਕਿਹਾ ਕਿ ਜਥੇਬੰਦੀ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਦਾ ਸਾਥ ਨਹੀਂਂ ਦੇਵੇਗੀ।ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਇਮਾਨਦਾਰੀ ਨਾਲ ਕੰਮ ਕਰਦੀ ਹੈ ਤੇ ਹਮੇਸ਼ਾ ਕਰਦੀ ਰਹੇਗੀ। ਜਿਲ੍ਹਾ ਪ੍ਰਧਾਨ ਡਾ, ਹਰਦੀਪ ਸਿੰਘ ਬਰ੍ਹੇ ਨੇ ਕਿਹਾ ਕਿ ਪੰਜਾਬ ਸਰਕਾਰ  ਪਿੰਡਾਂ ਅੰਦਰ ਪ੍ਰੈਕਟਿਸ ਕਰਦੇ ਡਾਕਟਰਾਂ ਵੱਲ ਵੀ ਧਿਆਨ ਦੇਵੇ ਤਾਂ ਕਿ ਉਨਾਂ ਨੂੰ ਕਿਸੇ ਤਰਾਂ ਵੀ ਪ੍ਰੈਕਟਿਸ ਦਾ ਅਧਿਕਾਰ ਮਿਲ ਸਕੇ।ਇਸ ਮੌਕੇ ਚੇਅਰਮੈਨ ਪਾਲ ਦਾਸ ਗੁੜੱਦੀ, ਜਿਲ੍ਹਾ ਸਕੱਤਰ ਡਾ. ਬਲਜੀਤ ਸਿੰਘ ਪਰੋਚਾ, ਡਾ. ਹਰਜਿੰਦਰ ਸਿੰਘ, ਅਮਨ ਪਿੱਪਲੀਆਂ, ਤੇਜਾ ਸਿੰਘ ਕਲੀਪੁਰ, ਪ੍ਰਧਾਨ ਗੁਰਤੇਜ ਸਿੰਘ ਕੋਟੜਾ, ਡਾ. ਗੋਰਾ ਲਾਲ, ਡਾ. ਮਹਾਂਵੀਰ, ਤੇਜਾ ਸਿੰਘ, ਡਾ. ਹਰਪ੍ਰੀਤ ਸਿੰਘ, ਜੱਗੀ ਫਲੇੜਾ, ਕੁਲਦੀਪ ਸ਼ਰਮਾ, ਕੁਲਦੀਪ ਮੰਦਰਾ, ਵਿੱਕੀ ਟਾਹਲੀਆਂ, ਗਗਨਦੀਪ, ਕਰਮਜੀਤ ਸਿੰਘ, ਡਾ. ਰਿੰਕੂ ਗੁਰਨੇ, ਨਿਰਮਲ ਹਨੀ ਦੋਦੜਾ ਅਤੇ ਡਾ. ਬਲਕਰਨ ਸਿੰਘ ਹਾਜਰ ਸਨ।

ਫੋਟੋ-ਮੀਟਿੰਗ ਦੌਰਾਨ ਹਾਜਰ ਮੈਡੀਕਲ ਪ੍ਰੈਕਟੀਸ਼ਨਰ।

ਪੀ.ਏ.ਯੂ. ਦੇ ਵਿਦਿਆਰਥੀ ਨੇ ਕੌਮਾਂਤਰੀ ਕਾਨਫਰੰਸ ਵਿਚ ਦੂਜਾ ਇਨਾਮ ਜਿੱਤਿਆ

ਲੁਧਿਆਣਾ 2 ਜਨਵਰੀ(ਟੀ. ਕੇ.) ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੇ ਵਿਦਿਆਰਥੀ ਚਰਨਜੀਤ ਕੌਰ ਨੇ ਬੀਤੇ ਦਿਨੀਂ ਸੱਤਵੀਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਦੂਜਾ ਇਨਾਮ ਹਾਸਲ ਕੀਤਾ। ਚਰਨਜੀਤ ਕੌਰ ਨੂੰ ਇਹ ਇਨਾਮ ਪੋਸਟਰ ਬਨਾਉਣ ਲਈ ਪ੍ਰਦਾਨ ਕੀਤਾ ਗਿਆ। ਇਹ ਕਾਨਫਰੰਸ ਸਥਿਰ ਖੇਤੀ ਅਤੇ ਸਹਾਇਕ ਵਿਗਿਆਨਾਂ ਦੇ ਵਿਸ਼ੇ ਤੇ ਬੀਤੇ ਦਿਨੀਂ ਕਰਵਾਈ ਗਈ ਸੀ। ਇਸ ਵਿਚ ਚਰਨਜੀਤ ਕੌਰ ਅਤੇ ਸੁਰੇਖਾ ਭਾਟੀਆ ਵੱਲੋਂ ਲਿਖਿਆ ਗਿਆ ਪੇਪਰ ਪੇਸ਼ ਕੀਤਾ ਗਿਆ। ਧਿਆਨ ਰਹੇ ਕਿ ਕੁਮਾਰੀ ਚਰਨਜੀਤ ਕੌਰ ਗਾਜਰਾਂ ਅਤੇ ਆਲੂਆਂ ਦੇ ਪੱਤਾ ਪ੍ਰੋਟੀਨ ਦੀ ਪਛਾਣ ਅਤੇ ਵਖਰੇਵੇਂ ਦੇ ਨਾਲ-ਨਾਲ ਭੋਜਨ ਉਤਪਾਦਾਂ ਉੱਤੇ ਇਸ ਪ੍ਰੋਟੀਨ ਨੂੰ ਲਾਗੂ ਕਰਨ ਦੇ ਵਿਸ਼ੇ ਤੇ ਆਪਣਾ ਖੋਜ ਕਾਰਜ ਕਰ ਰਹੀ ਹੈ। ਉਸਦੇ ਨਿਗਰਾਨ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਮਾਹਿਰ ਡਾ. ਸੁਰੇਖਾ ਭਾਟੀਆ ਹਨ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਬਾਇਓਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਨੇ ਇਸ ਪ੍ਰਾਪਤੀ ਲਈ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਵਧਾਈ ਦਿੱਤੀ।

ਪੀ.ਏ.ਯੂ. ਵਿਚ ਪੰਜਾਬ ਦੇ ਨੌਜਵਾਨਾਂ ਲਈ ਖੇਤੀ ਦਾ ਤਿਮਾਹੀ ਕੋਰਸ ਸ਼ੁਰੂ ਹੋਇਆ

ਲੁਧਿਆਣਾ 2 ਜਨਵਰੀ(ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਦੇ ਨਵੇਂ ਬੈਚ ਦੀ ਸ਼ੁਰੂਆਤ ਕੀਤੀ ਗਈ। ਇਸ ਤਿਮਾਹੀ ਸਿਖਲਾਈ ਕੋਰਸ ਵਿੱਚ 32 ਸਿਖਿਆਰਥੀ ਭਾਗ ਲੈ ਰਹੇ ਹਨ।
ਇਸ ਕੋਰਸ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਿਖਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਕੋਰਸ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੋਰਸ ਵਿੱਚ ਖੇਤੀਬਾੜੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਲਈ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਖੇਤੀ ਨੂੰ ਸਿਰਫ਼ ਪੈਦਾਵਾਰ ਤੱਕ ਸੀਮਿਤ ਨਾ ਕਰਕੇ ਸਗੋਂ ਇੱਕ ਕਾਰੋਬਾਰ ਦੇ ਤੌਰ ਤੇ ਅੱਗੇ ਵਧਾਉਣਾ ਚਾਹੀਦਾ ਹੈ। ਉਹਨਾਂ ਨੇ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜ ਕੇ ਵੱਧ ਤੋਂ ਵੱਧ ਖੇਤੀ ਸੰਬੰਧੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੀ ਪ੍ਰੇਰਿਤ ਕੀਤਾ।

ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਿਤੀ ਜਨਵਰੀ 01, 2024 ਨੂੰ ਸ਼ੁਰੂ ਹੋਇਆ ਜੋ ਕਿ ਮਿਤੀ ਮਾਰਚ 28, 2024 ਤੱਕ ਚੱਲੇਗਾ। ਉਹਨਾਂ ਨੇ ਇਸ ਕੋਰਸ ਵਿੱਚ ਸ਼ਾਮਿਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਖਿਆਰਥੀ ਆਪਣੇ ਕਿੱਤੇ ਵਿੱਚ ਨਿਵੇਕਲਾਪਣ ਲਿਆ ਕੇ ਅਤੇ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਤਰਜੀਹ ਦੇ ਕੇ ਖੇਤੀਬਾੜੀ ਕਿੱਤੇ ਵਿੱਚ ਨਵੀਆਂ ਬੁਲੰਦੀਆਂ ਹਾਸਲ ਸਕਦੇ ਹਨ।

ਇਸ ਮੌਕੇ ਤੇ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਖੇਤੀ ਖੋਜ ਫਾਰਮਾਂ ਦੀ ਗਿਆਨਵਰਧਕ ਫੇਰੀ ਵੀ ਕਰਵਾਈ ਗਈ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਆਏ ਹੋਏ ਵਿਸ਼ੇਸ਼ ਮਹਿਮਾਨ, ਸਟਾਫ਼ ਮੈਂਬਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਿਖਿਆਰਥੀਆਂ ਨੂੰ ਇਸ ਕੋਰਸ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ।

ਪੀ.ਏ.ਯੂ. ਦੇ ਵਿਦਿਆਰਥੀ ਨੂੰ ਮਾਣਮੱਤੀ ਫੈਲੋਸ਼ਿਪ ਹਾਸਲ ਹੋਈ

ਲੁਧਿਆਣਾ 2 ਫਰਵਰੀ(ਟੀ. ਕੇ.) ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵਿਚ ਪੀ ਐੱਚ ਡੀ ਦੇ ਖੋਜਾਰਥੀ ਜਸਵੀਰ ਕੌਰ ਨੂੰ ਇੰਡੀਅਨ ਕੌਂਸਲ ਆਫ ਸ਼ੋਸ਼ਲ ਸਾਇੰਸ ਰਿਸਰਚ ਦੀ ਲੰਬੀ ਮਿਆਦ ਦੀ ਡੋਕਟਰਲ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਕੁਮਾਰੀ ਜਸਵੀਰ ਕੌਰ ਨੂੰ ਡਾਕਟਰਲ ਖੋਜ ਕਾਰਜ ਦੌਰਾਨ ਇਹ ਫੈਲੋਸ਼ਿਪ ਮਿਲਦੀ ਰਹੇਗੀ। ਜਸਵੀਰ ਕੌਰ ਆਪਣਾ ਪੀ ਐੱਚ ਡੀ ਖੋਜ ਕਾਰਜ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਹੋਏ ਮੈਰੀਟੋਰੀਅਸ ਵਿਦਿਆਰਥੀਆਂ ਦੀ ਕਿੱਤਾ ਚੋਣ ਦੇ ਫੈਸਲੇ ਸੰਬੰਧੀ ਆਪਣਾ ਖੋਜ ਕਾਰਜ ਕਰ ਰਹੀ ਹੈ। ਇਹ ਕਾਰਜ ਡਾ. ਸੁਖਦੀਪ ਕੌਰ ਮਾਨਸ਼ਾਹੀਆ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਪੇਂਡੂ ਪਿਛੋਕੜ ਦੇ ਵਿਦਿਆਰਥੀਆਂ ਵੱਲੋਂ ਕੈਰੀਅਰ ਦੀ ਚੋਣ ਸੰਬੰਧੀ ਲਏ ਫੈਸਲੇ ਅਤੇ ਉਹਨਾਂ ਦਾ ਪ੍ਰਦਰਸ਼ਨ ਵੀ ਵਿਸ਼ਲੇਸ਼ਣ ਦਾ ਅਧਾਰ ਬਣੇਗਾ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਵਿਦਿਆਰਥਣ ਅਤੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਜਿਲਾ ਤਰਨਤਾਰਨ ਦੇ ਪਿੰਡ ਉਦੋਕੇ, ਉੱਘੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਧਾਰੀਵਾਲ

ਉੱਘੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਧਾਰੀਵਾਲ ਲੋੜਵੰਦ ਪਰਿਵਾਰਾਂ ਨੂੰ 21ਸੋ ਕਿੱਟ ਰਾਸ਼ਨ ਦੀ ਵੰਡ ਚੁੱਕੇ ਮਰੀਜ਼ਾਂ ਦੀ ਮੈਡੀਕਲ ਸਹਾਇਤਾ ਧੀਆਂ ਵਿਆਹ ਅਨੇਕਾਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ 

ਤਰਨਤਾਰਨ(ਹਰਪਾਲ ਸਿੰਘ,ਦਲਬੀਰ ਸਿੰਘ)ਜਿਲਾ ਤਰਨਤਾਰਨ ਦੇ ਪਿੰਡ ਉਦੋਕੇ ਉੱਘੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਧਾਰੀਵਾਲ ਵੱਲੋਂ ਹੁਣ ਤੱਕ 21ਸੋ ਕਿੱਟਾ ਰਾਸ਼ਨ ਦੀਆਂ ਵੰਡ ਚੁੱਕੇ ਹਰ ਮਹੀਨੇ 55 ਪਰਿਵਾਰਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਅਨੇਕਾਂ ਮਰੀਜ਼ਾਂ ਮੈਡੀਕਲ  ਸਹਾਇਤਾ ਲੋੜਵੰਦ ਪਰਿਵਾਰਾਂ ਦੇ ਲੇਟਰਿੰਗ ਬਾਥਰੂਮ ਕੋਠਿਆਂ ਦੀ ਬਣਾਏ ਗੁਰੂ ਘਰਾਂ ਦੇ ਕਾਰ ਸੇਵਾ ਸਹਿਯੋਗ ਕੀਤਾ ਇਸ ਦੇ ਨਾਲ ਗੁਰੂ ਘਰਾ ਵਿੱਚ ਕੈਮਰਿਆਂ ਦੀ ਸੇਵਾ ਵਾਤਾਵਰਨ ਦੀ ਸੰਭਾਲ ਸੈਂਕੜੇ ਰੁੱਖ ਲਗਾਉਣ ਦੀ ਸੇਵਾ ਖੇਡਾਂ ਖੇਡਦੇ ਬੱਚਿਆਂ ਦੀ ਸਹਾਇਤਾ ਸਲਾਈ ਕਢਾਈ ਕੈਂਪ ਰਾਹੀਂ ਭੈਣਾਂ ਦੀ ਸਹਾਇਤਾ ,ਕਈ ਧੀਆਂ ਦੇ ਆਪਣੇ ਹੱਥੀਂ ਆਨੰਦ ਕਾਰਜ ਵਿਆਹਾਂ ਦੀ ਸੇਵਾ ਲੋੜਵੰਦ ਪਰਿਵਾਰਾਂ ਅੱਖਾਂ ਦੇ ਫ੍ਰੀ ਕੈਂਪ ਫ੍ਰੀ ਐਨਕਾ 20 ਤੋ ਵੱਧ ਵਾਰ ਗੁਰਮਤਿ ਕਲਾਸਾਂ ਸਮਾਗਮਾਂ ਲਗਵਾਏ ਵੱਖ ਵੱਖ ਪਿੰਡਾਂ ਵਿੱਚ ਸਿੱਖ਼ੀ ਦਾ ਪ੍ਰਚਾਰ ਦੀ ਸੇਵਾਵਾਂ ਇਹ ਸਭ ਸੇਵਾਵਾਂ ਭਾਈ ਗੁਰਭੇਜ ਸਿੰਘ ਦੇ ਆਪਣੇ ਪਰਿਵਾਰ ਵੱਲੋਂ 2016 ਤੋਂ ਨਿਸ਼ਕਾਮ ਧਰਮ ਨਿਰਪੱਖ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਚਲਾਈਆਂ ਜਾ ਰਹੀਆ ਹਨ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਈ ਗੁਰਭੇਜ ਸਿੰਘ ਧਾਰੀਵਾਲ ਕਿਹਾ ਜਿਨ੍ਹਾਂ ਚਿਰ ਗੁਰੂ ਸਾਹਿਬ ਜੀ ਚਾਹੁਣਗੇ ਦਾਸ ਸੇਵਾ ਕਰਦਾ ਰਹੇਗਾ ਕਿਉਂਕਿ ਜੇ ਗੁਰੂ ਸਾਹਿਬ ਜੀ ਭਾਵੇਂ ਤਾਂ ਸੇਵਾਵਾਂ ਚੱਲ ਸਕਦੀਆਂ ਹਨ ਨਹੀਂ ਤੇ ਨਹੀਂ ਸਿੱਖ ਹੋਣ ਦੇ ਨਾ ਤੇ ਗੁਰੂ ਸਾਹਿਬ ਜੀ ਹੀ ਡਿਊਟੀ ਲਗਾਈਂ ਹੈ ਇਹਨਾਂ ਸਭਨਾਂ ਸੇਵਾਵਾਂ ਦੀ ਸਭਨਾਂ ਜੀਆਂ ਵਿੱਚ ਵਾਹਿਗੁਰੂ ਜੀ ਆਪਣੇ ਹੀ ਵੱਸਦੇ ਸਭਨਾਂ ਜੀਵਾਂ ਨੂੰ ਰਿਜ਼ਕ ਵਾਹਿਗੁਰੂ ਜੀ ਆਪ ਹੀ ਦਿੰਦੇ ਸਭਨਾਂ ਦਾ ਮਾਂ ਪਿਉ ਵਾਹਿਗੁਰੂ ਜੀ ਆਪ ਹਨ ਸਭਨਾਂ ਦੀ ਹਰ ਜ਼ਰੂਰਤ ਦੇਖ ਭਾਲ ਆਪ ਕਰਦੇ ਸਭਨਾਂ ਰਿਜ਼ਕ ਆਪ ਦਿੰਦੇ ਕਿਸੇ ਨਾਂ ਕਿਸੇ ਬਹਾਨੇ ਦਾਸ ਕੁੱਝ ਨਹੀਂ ਕਰ ਸਕਦਾ ਨਾ ਕਰਨ ਜੋਗ ਹੈ ਇਹ ਤਾਂ ਸਭ ਕੁੱਝ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਕਰਵਾ ਰਹੇ ਹਨ ਵੱਡਿਆਈਆ ਵਾਹਿਗੁਰੂ ਜੀ ਦੀਆਂ ਦਾਸ ਦੀਆਂ ਭੁਲਾ ਚੁੱਕਾ ਮਾਫ਼ ਕਰਨਾ ਜੀ।

ਸ਼ਾਹਿਬਜਾਦਿਆਂ ਦੀ ਸ਼ਹਾਦਤ ਤੇ ਬੰਦੀ ਸਿੰਘਾਂ ਰਿਹਾਈ ਨੂੰ ਲੈਕੇ ਬੀਕੇਯੂ (ਡਕੌਂਦਾ) ਨੇ ਕੀਤੀ ਅਰਦਾਸ

ਰਾਏਕੋਟ, 31 ਦਸੰਬਰ (ਜਨ ਸ਼ਕਤੀ ਨਿਊਜ਼ ਪੰਜਾਬ) ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਉਪਰੰਤ ਸਮੂਹ ਮੈਂਬਰਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਦਾ ਕਿਲ੍ਹਾ ਛੱਡਣ ਉਪਰੰਤ ਪਰਿਵਾਰ ਵਿਛੋੜਾ ਪੈ ਜਾਣ ਤੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਮਾਲਪੁਰਾ ਨੇ ਕਿਹਾ ਕਿ ਸਿੱਖ ਪੰਥ ਦੀ ਇਸ ਦੇਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਾਰਨ ਅਤੇ ਬਾਅਦ ਵਿੱਚ ਅੰਗਰੇਜ਼ਾਂ ਤੋਂ ਭਾਰਤ ਅਜ਼ਾਦ ਕਰਵਾਉਣ ਵਿੱਚ ਵੱਡਾ ਰੋਲ ਰਿਹਾ ਹੈ ਪਰ ਕੇੰਦਰ ਸਰਕਾਰਾਂ ਹਮੇਸ਼ਾ ਹੀ ਪੰਜਾਬ ਤੇ ਸਿੱਖ ਕੌਮ ਨੂੰ ਅਣਗੌਲਿਆ ਕਰਦੀਆਂ ਆ ਰਹੀਆ ਹਨ। ਜਿਸ ਦੀ ਤਾਜ਼ਾ ਉਦਾਹਰਣ ਪੰਜਾਬ ਦੀ ਝਾਕੀ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਤੇ ਨਾ ਸ਼ਾਮਿਲ ਕਰਨਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਬਾਉਣ ਲਈ ਸਮੇਂ ਸਮੇਂ ਤੇ ਨਵੇਂ ਨਵੇਂ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ।  ਜ਼ਿਲ੍ਹਾ ਸੀਨੀ.ਮੀਤ ਪ੍ਰਧਾਨ ਜਗਰੂਪ ਸਿੰਘ ਹਸਨਪੁਰ,ਰਾਜਵੀਰ ਸਿੰਘ ਘੁਡਾਣੀ,ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਮਨਜਿੰਦਰ ਸਿੰਘ ਮੋਰਕਰੀਮਾਂ ਤੇ ਚਮਕੌਰ ਸਿੰਘ ਗਿੱਲ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਜਾਣਬੁੱਝ ਧੱਕੇ ਨਾਲ ਬੱਲੋਵਾਲ ਤੋਂ ਬਠਿੰਡਾ ਰੋਡ ਲਈ ਜਮੀਨ ਖੋਹਣਾ ਚਾਹੁੰਦੀ ਹੈ ਜੋ ਕਿ ਹਰਗਿੱਜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਅਧਿਕਾਰੀ ਧੱਕਾ ਕਰਦਾ ਨਜ਼ਰ ਆਇਆ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਜਨ.ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਮਾ.ਭੁਪਿੰਦਰ ਸਿੰਘ ਬੋਪਾਰਾਏ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਕਾਉੰਕੇ, ਅਮਨਦੀਪ ਸਿੰਘ ਲਲਤੋਂ, ਹਰਜੀਤ ਸਿੰਘ ਜਨੇਤਪੁਰਾ,ਗੁਰਸੇਵਕ ਸਿੰਘ ਦਾਖਾ,ਜਗਤਾਰ ਸਿੰਘ ਐਤੀਆਣਾ,ਜੰਗੀਰ ਸਿੰਘ ਲੀਹਾਂ,ਗਗਨਦੀਪ ਸਿੰਘ ਪਮਾਲੀ,ਗਗਨਦੀਪ ਸਿੰਘ ਘੁਡਾਣੀ,ਬੂਟਾ ਸਿੰਘ ਸਮਰਾ ਡੱਲਾ,ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਗੁਰਵਿੰਦਰ ਸਿੰਘ ਪੱਖੋਵਾਲ,ਅਮਰਜੀਤ ਸਿੰਘ ਲੀਲ, ਸੁਖਦੇਵ ਸਿੰਘ ਲੇਹਲ, ਕੁਲਵਿੰਦਰ ਸਿੰਘ ਟਿੱਬਾ,ਸਾਧੂਸਿੰਘ ਚੱਕ ਭਾਈਕਾ, ਹਰਚੰਦ ਸਿੰਘ ਢੋਲਣ(ਸਾਰੇ ਬਲਾਕ ਪ੍ਰਧਾਨ), ਜਸਵਿੰਦਰ ਸਿੰਘ ਮੰਡਿਆਣੀ, ਤੇਜਿੰਦਰ ਸਿੰਘ ਲੀਹਾਂ, ਦੇਸਰਾਜ ਸਿੰਘ ਕਮਾਲਪੁਰਾ,
ਬਲਕਾਰ ਸਿੰਘ ਬੋਪਾਰਾਏ ਖੁਰਦ, ਗੁਰਜੀਤ ਸਿੰਘ ਬੋਪਾਰਾਏ, ਪ੍ਰਦੀਪ ਸਿੰਘ ਸੁਖਾਣਾ,ਸੁਖਚੈਨ ਸਿੰਘ ਧੂਰਕੋਟ, ਅਜੈਬ ਸਿੰਘ ਬੁੱਟਰ, ਗੁਰਤੇਜ ਸਿੰਘ ਤੇਜੂ,ਕੁਲਵੀਰ ਸਿੰਘ, ਦਰਸ਼ਨ ਸਿੰਘ ਜਲਾਲਦੀਵਾਲ,ਸਿਵਦੇਵ ਸਿੰਘ ਕਾਲਸਾਂ,ਜਗਦੇਵ ਸਿੰਘ ਰਾਮਗੜ੍ਹ ਸਿਵੀਆ, ਦਰਸ਼ਨ ਸਿੰਘ ਝੋਰੜਾਂ,ਹਾਕਮ ਸਿੰਘ ਬਿੰਜਲ, ਕੇਹਰ ਸਿੰਘ ਬੁਰਜ ਨਕਲੀਆਂ,ਦਲਵੀਰ ਸਿੰਘ ਬੁਰਜ ਕਲਾਰਾ, ਗੁਰਪ੍ਰੀਤ ਸਿੰਘ ਰਾਜੋਆਣਾ, ਤਾਰੀ ਬਿੰਜਲ, ਸੁਖਪਾਲ ਸਿੰਘ ਨਿੱਕਾ ਭੈਣੀ,ਜਸਭਿੰਦਰ ਸਿੰਘ ਕਿਸ਼ਨਗੜ੍ਹ, ਮਨਦੀਪ ਸਿੰਘ ਰਾਜਗੜ੍ਹ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ,ਸਰਪੰਚ ਕਰਨੈਲ ਸਿੰਘ ਜਨੇਤਪੁਰਾ,ਬਲਜਿੰਦਰ ਸਿੰਘ ਜੌਹਲਾਂ,ਮਨਜਿੰਦਰ ਸਿੰਘ ਜੱਟਪੁਰਾ,ਲਖਵੀਰ ਸਿੰਘ ਬਾਂਗੜੀ, ਗੁਰਜੀਤ ਸਿੰਘ ਕੈਲੇ,ਹਰਦੀਪ ਸਿੰਘ ਸਰਾਭਾ,ਨੰਬਰਦਾਰ ਮਨਜੀਤ ਸਿੰਘ ਸੁਖਾਣਾ,ਮਾਸਟਰ ਸਿਵਦੇਵ ਸਿੰਘ ਨੂਰਪੁਰਾ,ਗੁਰਮੀਤ ਸਿੰਘ ਉਮਰਪੁਰਾ, ਜਸਵੰਤ ਸਿੰਘ ਜਲਾਲਦੀਵਾਲ, ਸਰਪੰਚ ਬਲਵੀਰ ਸਿੰਘ ਅੱਚਰਵਾਲ, ਕਰਮਜੀਤ ਸਿੰਘ ਭੋਲਾ,

8 ਦਸੰਬਰ 21 ਨੂੰ ਕੇਂਦਰ ਵੱਲੋਂ ਮੰਨੀਆਂ ਤੇ ਹੋਰ ਅਹਿਮ ਮੰਗਾਂ ਲਈ ਨਵੇਂ ਦਿੱਲੀ ਮੋਰਚੇ ਵਾਸਤੇ ਤਿਆਰੀ ਮੁਹਿੰਮ ਤੇਜ਼ 

ਮੁੱਲਾਂਪੁਰ ਦਾਖਾ 26 ਦਸੰਬਰ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਜਿਲ੍ਹਾ  ਕਾਰਜਕਾਰੀ ਕਮੇਟੀ ਵੱਲੋਂ ਕੇਂਦਰ ਦੀ ਫਿਰਕੂ ਫਾਸ਼ੀ ਤੇ ਕਿਸਾਨ- ਮਜ਼ਦੂਰ ਵਿਰੋਧੀ ਜ਼ਾਲਮ ਮੋਦੀ ਹਕੂਮਤ ਵਿਰੁੱਧ ਲੱਗਣ ਵਾਲੇ ਨਵੇਂ ਦਿੱਲੀ ਮੋਰਚੇ ਦੀ ਸੰਜੀਦਾ ਤੇ ਵੱਡੀ ਤਿਆਰੀ ਵਜੋਂ ਅੱਜ ਤੋਂ ਪਿੰਡ- ਪਿੰਡ ਜਨਤਕ ਮੁਹਿੰਮ ਵਿੱਢ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਨਵਾਂ ਦਿੱਲੀ ਮੋਰਚਾ ਹੇਠ ਲਿਖੀਆਂ ਮੁੱਖ ਮੰਗਾਂ 'ਤੇ ਕੇਂਦਰਿਤ ਕੀਤਾ ਜਾਵੇਗਾ :-1.8 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਨਾਲ ਹੋਏ ਕੇਂਦਰ ਸਰਕਾਰ ਦੇ ਸਮਝੌਤੇ 'ਚ ਮੰਨੀ ਹੋਈ ਮੰਗ ਮੁਤਾਬਕ 23 ਫਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਵਾਲਾ ਤੇ ਦਾਣਾ-ਦਾਣਾ ਖਰੀਦਣ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਬਣਾਇਆ ਜਾਵੇ। 2.ਦਿੱਲੀ ਮੋਰਚੇ ਦੌਰਾਨ ਅਤੇ ਇਸ ਤੋਂ ਪਿੱਛੋਂ ਅੱਜ ਤੱਕ ਕਿਸਾਨਾਂ ਸਿਰ ਬਣਾਏ ਸਾਰੇ ਕੇਂਦਰੀ/ ਸੂਬਾਈ ਪੁਲਿਸ ਕੇਸ ਬਿਨਾਂ ਕਿਸੇ ਦੇਰੀ ਤੋਂ ਖਾਰਜ ਕੀਤੇ ਜਾਣ। 3. ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਸਾਜਿਸ਼ਕਾਰ ਅਜੇ ਮਿਸ਼ਰਾ ਟੈਨੀ (ਕੇਦਰੀ ਗ੍ਰਹਿ ਰਾਜ ਮੰਤਰੀ) ਨੂੰ ਫੌਰੀ ਬਰਖਾਸਤ ਕਰਕੇ ਗ੍ਰਫਤਾਰ ਕੀਤਾ ਜਾਵੇ।   4. ਦੇਸ਼ ਭਰ ਦੇ ਕਿਸਾਨਾਂ- ਮਜ਼ਦੂਰਾਂ ਸਿਰ ਚੜ੍ਹੇ 13 ਲੱਖ ਕਰੋੜ ਰੁ: ਦੇ ਸਾਰੇ ਬੈਂਕਾਂ ਦੇ ਕਰਜਿਆਂ 'ਤੇ ਲਕੀਰ ਮਾਰੀ ਜਾਵੇ। 5. ਪਰਾਲੀ ਪ੍ਰਬੰਧਨ ਲਈ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਪ੍ਰਤੀ ਏਕੜ ਪੂਰੇ ਮੁਆਵਜੇ ਦੀ ਅਦਾਇਗੀ ਕੀਤੀ ਜਾਵੇ।        6. ਚਿੱਪ ਵਾਲੇ ਕਾਰਪੋਰੇਟੀ ਸਮਾਰਟ ਬਿਜਲੀ ਮੀਟਰ ਬੰਦ ਕਰਕੇ ਪਹਿਲੇ ਇਲੈਕਟਰੋਨਿਕ ਮੀਟਰ ਹੀ ਚਾਲੂ ਰੱਖੇ ਜਾਣ ਤੇ ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ।
7. ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦਸ ਹਜ਼ਾਰ  ਰੁ: ਪ੍ਰਤੀ ਮਹੀਨਾ ਪੈਨਸ਼ਨ (60 ਸਾਲ ਦੀ ਆਯੂ ਹੋਣ 'ਤੇ)ਲਾਜਮੀ ਚਾਲੂ ਕੀਤੀ ਜਾਵੇ।
8. ਮਗਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਤੇ ਪੂਰੀ ਉਜਰਤ ਯਕੀਨੀ ਬਣਾਈ ਜਾਵੇ।
    ਅੱਜ ਇਲਾਕੇ ਦੇ ਪਿੰਡਾਂ ਤਲਵੰਡੀ ਕਲਾਂ , ਸਵੱਦੀ ਕਲਾਂ ,ਬਿਰਕ,ਢੱਟ,ਕੁਲਾਰ, ਬਰਸਾਲ ਤੇ  ਸੰਗਤਪੁਰਾ ਵਿਖੇ  ਕਿਸਾਨ,ਮਜ਼ਦੂਰ ਤੇ ਨੌਜਵਾਨ ਵੀਰਾਂ ਦੇ ਭਰਵੇੰ ਤੇ ਵਿਸ਼ਾਲ ਇਕੱਠ ਕੀਤੇ ਗਏ। ਜਿਨ੍ਹਾਂ ਨੂੰ ਜੱਥੇਬੰਦੀ ਦੇ ਆਗੂਆਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ , ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ,ਵਿਜੇ ਕੁਮਾਰ ਪੰਡੋਰੀ ,ਡਾਕਟਰ ਗੁਰਮੇਲ ਸਿੰਘ ਕੁਲਾਰ, ਗੁਰਸੇਵਕ ਸਿੰਘ ਸੋਨੀ ਸਵੱਦੀ, ਕਵੀਸਰ ਰਾਮ ਸਿੰਘ ਹਠੂਰ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ।
     ਆਗੂਆਂ ਨੇ ਐਲਾਨ ਕੀਤੇ ਕਿ ਜੇਕਰ ਉਪਰੋਕਤ 8 ਦਸੰਬਰ 2021 ਦੇ ਲਿਖਤੀ  ਸਮਝੌਤੇ ਵਾਲੀਆਂ ਮੰਨੀਆਂ ਮੰਗਾਂ ਕੇਂਦਰ ਨੇ ਫੌਰੀ ਨਾ ਲਾਗੂ ਕੀਤੀਆਂ ਅਤੇ ਨਵੀਆਂ ਅਹਿਮ ਮੰਗਾਂ ਨਾ ਮੰਨੀਆਂ, ਤਾਂ 2020-21 ਵਾਲੇ ਦਿੱਲੀ ਮੋਰਚੇ ਤੋਂ ਵੀ ਭਾਰੀ ਨਵਾਂ ਦਿੱਲੀ ਮੋਰਚਾ ਲੱਗੇਗਾ, ਜਿਸ ਦੇ ਸਿੱਟਿਆਂ ਦੀ ਜੁੰਮੇਵਾਰੀ ਕੇਵਲ ਤੇ ਕੇਵਲ ਕੇਂਦਰ ਸਰਕਾਰ ਸਿਰ ਹੋਵੇਗੀ।
     ਅੱਜ ਦੇ ਕਾਫਲੇ 'ਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਨਰਪਿੰਦਰ ਸਿੰਘ ਸਵੱਦੀ ,ਪਰਮਜੀਤ ਸਿੰਘ ਤਲਵੰਡੀ, ਹਰਵਿੰਦਰ ਸਿੰਘ ਤਲਵੰਡੀ, ਗੁਰਪਾਲ ਸਿੰਘ ਤਲਵੰਡੀ ਬਲਵਿੰਦਰ ਸਿੰਘ ਤਲਵੰਡੀ , ਸੁਖਦੇਵ ਸਿੰਘ ਤਲਵੰਡੀ , ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਅਮਰਜੀਤ ਸਿੰਘ ਗੁੜੇ,ਜਸਵੰਤ ਸਿੰਘ ਮਾਨ,ਅਵਤਾਰ ਸਿੰਘ ਤਾਰ,ਜੱਥੇਦਾਰ ਗੁਰਮੇਲ ਸਿੰਘ ਢੱਟ,ਅਵਤਾਰ ਸਿੰਘ ਸੰਗਤਪੁਰਾ, ਤੇਜਿੰਦਰ ਸਿੰਘ  ਬਿਰਕ ਖਾਸ  ਤੌਰ ਤੇ ਸ਼ਾਮਿਲ ਸਨ।

23 ਤੋਂ 25 ਦਸੰਬਰ ਤੱਕ ਜੋੜ-ਮੇਲੇ ’ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ
                     ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਆਪਣੇ ਦੋਵੇਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਮੁਗ਼ਲ ਫ਼ੌਜਾਂ ਨਾਲ ਜੂਝਦਿਆਂ ਛੱਡ ਕੇ 8 ਪੋਹ ਸੰਮਤ 1761 ਬਿਕਰਮੀ, ਸੰਨ 1704 ਈ: ਦੀ ਰਾਤ ਨੂੰ ਨੰਗੇ ਪੈਰੀਂ, ਲਹੂ-ਲੁਹਾਨ, ਫਟੇ ਹੋਏ ਬਸਤਰ, ਪੈਰਾਂ ਵਿੱਚ ਛਾਲੇ, ਸਿਰ ਉੱਤੇ ਤਾਜ ਨਹੀਂ, ਹੱਥ ਵਿੱਚ ਬਾਜ਼ ਨਹੀਂ, ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ। ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਉਪਰੰਤ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਦਰਖ਼ਤ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ, ਹੱਥ ਵਿੱਚ ਨੰਗੀ ਸ਼ਮਸ਼ੀਰ (ਕਿ੍ਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ।ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਹਨ। ਜਾਨ ਤੋਂ ਪਿਆਰੇ ਸਿੰਘ ਵਿੱਛੜ ਗਏ। ਪਰ ਇੰਨਾ ਕੁਝ ਹੋਣ ਤੇ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲ੍ਹਿਆ ਸਗੋਂ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਇਹਨਾਂ ਸ਼ਬਦਾਂ ਨਾਲ ਯਾਦ ਕੀਤਾ।


ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ॥੧॥
(ਦਸਮ ਗ੍ਰੰਥ ਸਾਹਿਬ ਜੀ, ਅੰਗ ੭੧੦-੭੧੧)

ਇੱਥੇ ਹੀ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪਹੁੰਚੇ। ਗੁਰੂ ਸਾਹਿਬ ਦੇ ਬਸਤਰ ਲੀਰੋ-ਲੀਰ ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਬੜੇ ਪਿਆਰ ਨਾਲ ਹੌਸਲਾ ਦਿੱਤਾ। ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਕੀਤਾ। ਉਸ ਸਮੇਂ ਨੇੜੇ ਬਾਗ਼ ਦਾ ਰਾਖਾ ਉਧਰ ਆ ਗਿਆ। ਉਸ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਉੱਥੇ ਬੈਠੇ ਵੇਖਿਆ ਤਾਂ ਉਸ ਨੇ ਬਾਗ਼ ਦੇ ਮਾਲਕ ਤੇ ਗੁਰੂ ਜੀ ਦੇ ਦੋ ਸ਼ਰਧਾਲੂ ਭਰਾਵਾਂ ਗੁਲਾਬੇ ਤੇ ਪੰਜਾਬੇ ਨੂੰ ਜਾ ਦੱਸਿਆ। ਉਹ ਦੋਵੇਂ ਭਰਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ।
                ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਚਮਕੌਰ ਸਾਹਿਬ ਤੋਂ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਮਤ 1761 ਵਿੱਚ ਗੁਲਾਬ ਚੰਦ ਮਸੰਦ ਦੇ ਘਰ ਠਹਿਰੇ ਸਨ। ਗੁਲਾਬੇ ਦੇ ਘਰ ਵਾਲੀ ਥਾਂ ਤੇ ਗੁਰਦੁਆਰਾ (ਚਰਨ ਕੰਵਲ) ਨਹੀਂ ਬਣਾਇਆ ਗਿਆ। ਗੁਲਾਬੇ ਦੇ ਬਾਗ਼ ਵਿੱਚ ਜਿੱਥੇ ਕਲਗ਼ੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ ਅਤੇ ਜਿਸ ਥਾਂ ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਚਮਕੌਰ ਸਾਹਿਬ ਤੋਂ ਆ ਕੇ ਸਤਿਗੁਰੂ ਨੂੰ ਮਿਲੇ, ਉੱਥੇ ਚਰਨ ਕੰਵਲ ਹੈ, ਜੋ ਕਸਬੇ ਤੋਂ ਇੱਕ ਮੀਲ ਪੂਰਬ ਵੱਲ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਲਗਾਈ 270 ਵਿੱਘੇ ਜ਼ਮੀਨ ਹੈ।
            ਭਾਈ ਗੁਲਾਬੇ ਤੇ ਪੰਜਾਬੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸਤਿਕਾਰ ਨਾਲ ਉਹਨਾਂ ਨੂੰ ਘਰ ਲਿਆ ਕੇ ਪਹਿਲਾਂ ਇਸ਼ਨਾਨ ਕਰਵਾਇਆ ਅਤੇ ਫਿਰ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ। ਘੋੜਿਆਂ ਦੇ ਸੌਦਾਗਰ (ਵਪਾਰੀ) ਭਾਈ ਗਨੀ ਖਾਂ, ਨਬੀ ਖਾਂ (ਜੋ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲਿਆ ਕੇ ਦਿਆ ਕਰਦੇ ਸਨ) ਨੂੰ ਜਦੋਂ ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ । ਭਾਈ ਗਨੀ ਖਾਂ , ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ, ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਅਤੇ ਕਾਜ਼ੀ ਚਿਰਾਗ਼ ਸ਼ਾਹ ਵੀ ਮੌਜੂਦ ਦੱਸੇ ਜਾਂਦੇ ਹਨ। ਇੱਥੇ ਹੀ ਗੁਰੂ ਜੀ ਨੇ ਮਾਤਾ ਹਰਦੇਈ ਨੂੰ ਦਰਸ਼ਨ ਦਿੱਤੇ ਅਤੇ ਮਾਤਾ ਜੀ ਵੱਲੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੋਸ਼ਾਕ (ਚੋਲਾ) ਗ੍ਰਹਿਣ ਕਰਨ ਉਪਰੰਤ ਲਲਾਰੀ ਕੋਲੋਂ ਨੀਲੇ ਰੰਗ ਵਿੱਚ ਰੰਗਵਾਇਆ।  

     ‌         ਇੱਥੋਂ ਗੁਰੂ ਸਾਹਿਬ ਨੀਲੇ ਬਸਤਰ ਧਾਰਨ ਕਰਕੇ ਸਿਰ ਤੇ ਢਿੱਲਾ ਜਿਹਾ ਪਰਨਾ ਅਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ਉੱਚ ਦੇ ਪੀਰ ਦੇ ਭੇਖ ਵਿੱਚ ਬਾਣਾ ਬਣਾ ਕੇ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਪਲੰਘ ਨੂੰ ਪਿਛਲੇ ਪਾਸਿਓਂ ਚੁੱਕ ਲਿਆ ਅਤੇ ਤੁਰ ਪਏ। ਭਾਈ ਮਾਨ ਸਿੰਘ ਉੱਚ ਦੇ ਪੀਰ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਫ਼ੌਜ ਨੇ ਰੋਕ ਲਿਆ। ਮੁਗ਼ਲ ਜਰਨੈਲ ਦਿਲਾਵਰ ਖਾਂ ਨੇ ਪੁੱਛਿਆ ਕਿ ਪਲੰਘ ਤੇ ਕੌਣ ਹੈ? ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ ਕਿ ਸਾਡੇ ਉੱਚ ਦੇ ਪੀਰ ਹਨ। ਨੇੜੇ ਦੇ ਪਿੰਡ ਨੂਰਪੁਰ ਦੇ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਇਹ ਉੱਚ ਦੇ ਪੀਰ ਹਨ। ਇਹਨਾਂ ਨੂੰ ਨਾ ਰੋਕਿਆ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ।
              ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਅਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਾਲ (ਸਮਾਂ) ਨੌਕਰ ਰਹੇ ਹਨ। ਜਦ ਚਮਕੌਰ ਸਾਹਿਬ ਤੋਂ ਚੱਲ ਕੇ ਕਲਗ਼ੀਧਰ ਪਾਤਸ਼ਾਹ ਮਾਛੀਵਾੜਾ ਆਏ ਤਦ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਹਰ ਪਿੰਡ ਤੱਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਹਨਾਂ ਨੂੰ ਵਿਦਾ ਕਰਨ ਵੇਲੇ (ਸਮੇਂ) ਹੁਕਮਨਾਮਾ ਬਖ਼ਸ਼ਿਆ, ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ।
    ‌ ‌ ‌ ਇਸ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਅਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ ਸਤਿਕਾਰ ਨਾਲ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸੰਭਾਲਿਆ ਹੋਇਆ ਹੈ। ਗਨੀ ਖਾਂ, ਨਬੀ ਖਾਂ ਦੇ ਘਰ ਉਹਨਾਂ ਦੀਆਂ ਸਮਾਧਾਂ ਬਣੀਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ।
      ਭਾਈ ਸੰਤੋਖ ਸਿੰਘ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਦੀ ਜੰਗ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ ਪੰਜ ਸੌ ਮੋਹਰਾਂ ਦੀ ਮੰਨਤ ਮੰਨੀ ਸੀ। ਉਹ ਪੰਜ ਸੌ ਮੋਹਰਾਂ ਗੁਰੂ ਜੀ ਨੇ ਦਿਲਾਵਰ ਖਾਂ ਪਾਸੋਂ ਮੰਗ ਕੇ ਆਪਣੇ ਆਪ ਨੂੰ ਉੱਚ ਦਾ ਪੀਰ ਸਿੱਧ ਕੀਤਾ, ਜਿੱਥੇ ਫ਼ੌਜਾਂ ਨੇ ਗੁਰੂ ਸਾਹਿਬ ਨੂੰ ਰੋਕਿਆ, ਉੱਥੇ ਗੁਰਦੁਆਰਾ ਕਿ੍ਰਪਾਨ ਭੇਟ ਸਸ਼ੋਭਿਤ ਹੈ। ਇੱਥੋਂ ਚੱਲ ਕੇ ਪਿੰਡ ਘੁਲਾਲ, ਫਿਰ ਲੱਲਾ ਵਿਖੇ ਦੋ ਪਹਿਰ ਵਿਸ਼ਰਾਮ ਕਰਨ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਕਟਾਣਾ ਸਾਹਿਬ ਪਹੁੰਚੇ। ਗੁਰੂ ਜੀ ਨੇ ਇੱਥੇ ਹੀ ਪਲੰਘ ਰਖਵਾਇਆ ਤੇ ਅਰਦਾਸ ਕਰਕੇ ਦੇਗ਼ ਕਰਵਾਈ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਅੱਜ ਵੀ ਉਹ ਇਤਿਹਾਸਕ ਖੂਹ ਅਤੇ ਜੰਡ ਮੌਜੂਦ ਹਨ। ਗੁਰੂ ਸਾਹਿਬ ਦਾ ਹੱਥ ਲਿਖਤ ਹੁਕਮਨਾਮਾ ਵੀ ਇੱਥੇ ਮੌਜੂਦ ਹੈ। ਗੁਰਦੁਆਰਾ ਸ੍ਰੀ ਚਰਨ ਕੰਵਲ ਮਾਛੀਵਾੜਾ, ਸਮਰਾਲਾ-ਮਾਛੀਵਾੜਾ ਲਿੰਕ ਸੜਕ ਤੇ ਲੁਧਿਆਣਾ ਤੋਂ 38 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਦੂਰ ਹੈ।
         ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ) ਵਿਖੇ 23, 24 ਤੇ 25, ਦਸੰਬਰ 8, 9 ਤੇ 10 ਪੋਹ ਦਿਨ ਸ਼ਨੀਵਾਰ, ਐਤਵਾਰ ਤੇ ਸੋਮਵਾਰ ਨੂੰ ਤਿੰਨ ਰੋਜ਼ਾ ਜੋੜ-ਮੇਲ ਮਨਾਇਆ ਜਾ ਰਿਹਾ ਹੈ। 23 ਦਸੰਬਰ ਨੂੰ ਅਖੰਡ-ਪਾਠ ਆਰੰਭ ਹੋਵੇਗਾ। 24 ਦਸੰਬਰ ਨੂੰ ਵਿਸ਼ੇਸ਼ ਦੀਵਾਨ ਸਜੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਵੀ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 25 ਦਸੰਬਰ ਨੂੰ ਅਖੰਡ-ਪਾਠ ਦੀ ਸਮਾਪਤੀ ਹੋਵੇਗੀ। ਇਸੇ ਦਿਹਾੜੇ ਸਵੇਰੇ 11 ਵਜੇ ਨਗਰ-ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਵੇਗਾ ਜੋ ਨਗਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਮਾਪਤ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।


ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।

 

ਸਃ ਜਗਦੇਵ ਸਿੰਘ ਜੱਸੋਵਾਲ ਨੂੰ ਉਨ੍ਹਾਂ ਦੀ ਨੌਵੀਂ ਬਰਸੀ ਮੌਕੇ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਕ ਕ ਬਾਵਾ  ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ

 

ਲੁਧਿਆਣਾ, 22 ਦਸੰਬਰ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਪੰਜਾਬ ਵਿੱਚ ਸੱਭਿਆਚਾਰਕ ਮੇਲਿਆਂ ਦੀ ਲਹਿਰ ਆਰੰਭ ਕਰਨ ਵਾਲੇ ਕਰਮਯੋਗੀ ਤੇ ਸਿਰਕੱਢ ਸਿਆਸਤਦਾਨ ਸਃ ਜਗਦੇਵ ਸਿੰਘ ਜੱਸੋਵਾਲ ਬਾਨੀ ਚੇਅਰਮੈਨ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੀ ਨੌਵੀਂ ਬਰਸੀ ਮੌਕੇ ਪ੍ਰੋਃ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ,ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ,ਸਃ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸਃ ਅਮਰਿੰਦਰ ਸਿੰਘ ਜੱਸੋਵਾਲ ਜਨਰਲ ਸਕੱਤਰ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ ਤੇ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ ਸਮੇਤ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। 
ਸ਼ਹੀਦ ਭਗਤ ਸਿੰਘ ਨਗਰ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਸ਼੍ਰੀ ਕ ਕ ਬਾਵਾ ਨੇ ਕਿਹਾ ਕਿ ਸਾਡੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਉਨ੍ਹਾਂ ਸਿਆਸਤ ਦੇ  ਨਾਲ ਨਾਲ ਵਿਰਸਾ ਸੰਭਾਲ ਤੇ ਪੰਜਾਬ ਦੇ ਸੱਭਿਆਚਾਰਕ ਵਿਕਾਸ ਦਾ ਪਾਠ ਪੜ੍ਹਾਇਆ। ਉਹ ਆਪ ਡਬਲ ਪੋਸਟ ਗਰੈਜੂਏਟ ਹੋਣ ਤੋਂ ਇਲਾਵਾ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਲਾਅ ਪਾਸ ਗੋਲਡ ਮੈਡਲਿਸਟ ਸਨ। ਦੇਸ਼  ਵਿੱਚ ਪਹਿਲੀ ਵਾਰ 1967 ਵਿੱਚ ਗੈਰ ਕਾਂਗਰਸੀ ਯੂਨਾਈਟਿਡ ਸਰਕਾਰ ਬਣਾਉਣ ਦੇ ਉਹ ਮੁੱਖ ਯੋਜਨਾਕਾਰ ਸਨ। ਜਸਟਿਸ ਗੁਰਨਾਮ ਸਿੰਘ ਦੇ ਸਿਆਸੀ ਸਲਾਹਕਾਰ ਵਜੋਂ ਉਨ੍ਹਾਂ ਪੇਂਡੂ ਵਿਕਾਸ ਲਈ ਲਿੰਕ ਸੜਕਾਂ ਉਸਾਰਨ ਦਾ ਵਿਚਾਰ ਦੇ ਕੇ ਪੇਂਡੂ ਵਿਕਾਸ ਦਾ ਮੁੱਢ ਬੰਨ੍ਹਿਆ। 1980 ਵਿੱਚ ਰਾਏਕੋਟ ਤੋਂ ਵਿਧਾਇਕ ਬਣ ਕੇ ਉਨ੍ਹਾਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਬੱਸੀਆਂ ਕੋਠੀ ਦੀ ਸੰਭਾਲ ਬਾਰੇ ਵਿਚਾਰ ਗੋਸ਼ਟੀਆਂ ਤੇ ਵਿਰਾਸਤੀ ਮੇਲੇ ਕਰਕੇ ਲੋਕਾਂ ਨੂੰ ਇਸ ਸਥਾਨ ਦੀ ਅਹਿਮੀਅਤ ਬਾਰੇ ਸੁਚੇਤ ਕੀਤਾ। 
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਃ ਜਗਦੇਵ ਸਿੰਘ ਜੱਸੋਵਾਲ ਨੇ 30 ਅਪਰੈਲ 1935 ਨੇ 22 ਦਸੰਬਰ 2014 ਦੇ ਜੀਵਨ ਕਾਲ ਦੌਰਾਨ ਅਨੇਕਾਂ ਵੱਡੇ ਕਾਰਜ ਕੀਤੇ। ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੀ ਸਥਾਪਨਾ ਕਰਕੇ ਉਹ ਇਸ ਦੇ ਬਾਨੀ ਚੇਅਰਮੈਨ ਬਣੇ।
ਪਿਤਾ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਅਤੇ ਮਾਤਾ ਅਮਰ ਕੌਰ ਦੇ ਪੰਜ ਪੁੱਤਰਾਂ ਵਿੱਚੋਂ ਵਿਚਕਾਰਲੇ ਸਃ ਜਗਦੇਵ ਸਿੰਘ ਜੱਸੋਵਾਲ ਦੇ ਜੀਵਨ ਸੰਗਰਾਮ ਬਾਰੇ ਨਿੰਦਰ ਘੁਗਿਆਣਵੀ ਨੇ ਯਾਦਾਂ ਆਧਾਰਿਤ ਕਈ ਕਿਤਾਬਾਂ ਲਿਖੀਆਂ ਹਨ। 
ਜਿੰਨ੍ਹਾਂ ਵਿੱਚੋਂ ਬਾਪੂ ਖੁਸ਼ ਹੈ ਪ੍ਰਮੁੱਖ ਹੈ। 
ਇਕਬਾਲ ਮਾਹਲ ਨੇ “ਹਨੇਰੀਆਂ ਰਾਤਾਂ ਦਾ ਜੁਗਨੂੰ” ਟੈਲੀ ਫਿਲਮ ਜਗਦੇਵ ਸਿੰਘ ਜੱਸੋਵਾਲ ਦੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਬਣਾਈ ਹੋਈ ਹੈ। 
ਪਾਲਮ ਵਿਹਾਰ ਪੱਖੋਵਾਲ ਰੋਡ ਲੁਧਿਆਣਾ ਵਿੱਚ ਪੰਜਾਬੀ ਵਿਰਾਸਤ ਭਵਨ ਸੱਭਿਆਚਾਰਕ ਅਤੇ ਕਲਾ ਸਰਗਰਮੀਆਂ ਲਈ ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਹੋਂਦ ਵਿੱਚ ਆਇਆ ਸੀ। ਇਸ ਦੀ ਉਸਾਰੀ ਲਈ ਦੋਸਤਾਂ ਨੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰਸਟ ਬਣਾਇਆ। ਪ੍ਰੋਃ ਮੋਹਨ ਸਿੰਘ ਮੇਲਾ 1978 ਚ ਆਰੰਭ ਕਰਕੇ 2014 ਤੀਕ ਚਲਾਇਆ। 
ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦੀ ਬਗੀਚੀ ਦੇ ਹੀ ਬੂਟੇ ਹਾਂ ਜੋ ਅੱਜ ਵੀ ਉਨ੍ਹਾਂ ਦੀ ਯਾਦ ਵਿੱਚ ਜਿਉਂਦੇ ਹਾਂ। 
ਇਸ ਮੌਕੇ ਤ੍ਰੈਲੋਚਨ ਲੋਚੀ, ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਉਨ੍ਹਾਂ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ। 
ਪੰਜਾਬੀ ਸਾਹਿੱਤ ਅਕਾਡਮੀ ਗੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਤੇ ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਸਃ ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿੱਤ ਅਕਾਡਮੀ ਦੇ ਆਜੀਵਨ ਮੈਂਬਰ ਰਹੇ ਅਤੇ ਇਥੇ ਪ੍ਰੋਃ ਮੋਹਨ ਸਿੰਘ ਮੇਲਾ ਲਾ ਕੇ ਉਨ੍ਹਾਂ ਪੂਰੇ ਵਿਸ਼ਵ ਨੂੰ ਦੱਸਿਆ ਕਿ ਸ਼ਾਇਰਾਂ ਦੀ ਯਾਦ ਵਿੱਚ ਏਡੇ ਵੱਡੇ ਵੱਡੇ ਮੇਲੇ ਲਾਏ ਜਾ ਸਕਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਃ ਮੋਹਨ ਸਿੰਘ ਦੀ ਸਮੁੱਚੀ ਰਚਨਾ ਪ੍ਰਕਾਸ਼ਿਤ ਕਰਵਾਉਣਾ ਵੀ ਉਨ੍ਹਾਂ ਦਾ ਹੀ ਉੱਦਮ ਸੀ ਜਿਸ ਦੀ ਪੈਰਵੀ ਉਹ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਃ ਪਰਗਟ ਸਿੰਘ ਗਰੇਵਾਲ ਤੋਂ ਉਹ ਕਰਵਾਉਂਦੇ ਰਹੇ। 
ਇਸ ਮੌਕੇ ਸੁਰਗਵਾਸ ਹੋਏ ਵਿਸ਼ਵ ਪ੍ਰਸਿੱਧ ਪੰਜਾਬੀ ਚਿਤਰਕਾਰ ਤੇ ਲੇਖਕ ਇਮਰੋਜ਼ ਤੇ ਲੁਧਿਆਣਾ ਦੇ ਪ੍ਰਸਿੱਧ ਪੱਤਰਕਾਰ ਕੁਲਦੀਪ ਭਾਟੀਆ ਨੂੰ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। 

ਸਃ ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਸਃ ਅਮਰਿੰਦਰ ਸਿੰਘ ਜੱਸੋਵਾਲ ਨੇ ਧੰਨਵਾਦ ਦੇ ਸ਼ਬਦ ਕਹੇ।

ਏਡਜ਼ ਕੰਟਰੋਲ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ ) ਵਲੋਂ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ 20  ਨੂੰ 

ਸੰਘਰਸ਼ ਮੰਗਾਂ ਮੰਨਣ ਤੱਕ ਜਾਰੀ ਰੱਖਣ ਦਾ ਅਹਿਦ -ਦਿਓਲ 
ਲੁਧਿਆਣਾ 18 ਦਸੰਬਰ ( ਟੀ. ਕੇ. )
ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ ) ਵਲੋਂ ਪੰਜਾਬ ਭਰ ਵਿੱਚ 20 ਦਸੰਬਰ ਨੂੰ  ਐਚ. ਆਈ. ਵੀ. /ਏਡਜ਼ ਕਾਊੰਸਲਿੰਗ ਟੈਸਟਿੰਗ , ਏਡਜ਼ ਦੇ ਰੋਗੀਆਂ ਦੀ ਦਵਾਈਆਂ ,ਨਸ਼ੇ ਦੇ ਮਰੀਜਾਂ ਨੂੰ ਦਵਾਈਆਂ ਦੇਣ ਦਾ ਕੰਮ ਕਾਜ ,ਗੁਪਤ ਰੋਗ ਦੇ ਮਰੀਜਾਂ ਨੂੰ ਦਵਾਈਆਂ ਦੇਣ ਅਤੇ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਐੱਚ. ਆਈ. ਵੀ. ਏਡਜ਼ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਹੈਡਕੁਆਰਟਰ 38 ਬੀ ਪਰਿਆਸ ਬਿਲਡਿੰਗ ਚੰਡੀਗੜ੍ਹ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ l  ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ, ਜਨਰਲ ਸਕੱਤਰ ਗੁਰਜੰਟ ਸਿੰਘ ਅਤੇ ਪ੍ਰਮੁੱਖ ਸਲਾਹਕਾਰ ਅਤੇ ਸਾਬਕਾ ਪ੍ਰਧਾਨ ਮਹਿੰਦਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਭਰ ਦੇ ਕਰਮਚਾਰੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਹੱਕੀ ਮੰਗਾਂ ਲਈ ਕਈ ਵਾਰ ਸਰਕਾਰ ਅਤੇ ਵਿਭਾਗ ਨੂੰ ਅਪੀਲਾਂ ਕੀਤੀਆਂ ਗਈਆਂ ਪ੍ਰੰਤੂ  ਪਿਛਲੇ ਸਾਲ ਭਰ ਤੋਂ ਸਰਕਾਰ ਅਤੇ ਵਿਭਾਗ ਵੱਲੋਂ ਕਰਮਚਾਰੀਆਂ ਦੇ ਹਿੱਤ  ਵਿੱਚ ਸਹਿਮਤੀ ਬਣੇ ਮੁੱਦਿਆਂ ਉਪਰ ਵੀ ਕੋਈ ਫੈਸਲਾ ਨਹੀਂ ਲਿਆ ਗਿਆ, ਬਲਕਿ ਕਰਮਚਾਰੀ ਵਿਰੋਧੀ ਫੈਸਲਾ ਲੈ ਕੇ ਲੰਬੇ ਸਮੇਂ ਤੋਂ ਸਥਾਪਿਤ 21 ਕਾਊੰਸਲਿੰਗ ਅਤੇ ਟੈਸਟਿੰਗ ਸੈਂਟਰ ਬੰਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ l  ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਕਰਮਚਾਰੀ ਨਿੱਤ ਵਿਭਾਗ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਕੇ ਏ. ਸੀ. ਆਰ. ਦੇ ਨਾਮ ਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ l  ਸਿਹਤ ਮੰਤਰੀ ਵੀ ਕਈ ਵਾਰ ਵਿਭਾਗ ਦੀ ਤਾਨਾਸ਼ਾਹੀ ਅਫਸਰਸ਼ਾਹੀ ਅੱਗੇ ਬੇਵੱਸ ਨਜ਼ਰ ਆਏ l ਕਰਮਚਾਰੀਆਂ ਵੱਲੋਂ ਟੈਸਟਿੰਗ ਘੱਟ ਹੋਣ ਲਈ ਵਿਭਾਗ ਵੱਲੋਂ ਭੇਜੀ ਜਾਂਦੀ ਟੈਸਟ ਕਿੱਟਾਂ ਦੀ ਘਾਟ ਬਾਰੇ ਲਿਖਣ ਤੇ ਉਹਨਾਂ ਨੂੰ ਧਮਕਾਉਣਾ ਅਤੇ ਮਾਨਸਿਕ ਤੌਰ ਤੇ ਤੰਗ ਕਰਨਾ ਆਮ ਗੱਲ ਹੈ l ਵਿਭਾਗ ਦੇ ਕਈ ਕਰਮਚਾਰੀ ਡਿਊਟੀ ਨਿਭਾਉਂਦਿਆਂ ਮੌਤ ਦੇ ਮੂੰਹ ਜਾ ਪਏ ਪ੍ਰੰਤੂ ਕਿਸੇ ਨੂੰ ਵੀ ਕੋਈ ਆਰਥਿਕ ਮੱਦਦ ਜਾਂ ਬੀਮਾ ਸਹੂਲਤ ਨਹੀਂ ਮਿਲੀ l ਰੈਗੂਲਰ ਪੋਰਟਲ ਵਿੱਚ ਅਪਲਾਈ ਕਰਨ ਦੀ ਸਮਾਂ ਸੀਮਾ ਵਿੱਚ ਵਾਧਾ ਕਰਨ ਦੀ ਮੰਗ ਜੋਕਿ ਟੀਚਿੰਗ ਵਿਭਾਗ ਨੂੰ ਦੋ ਵਾਰ ਮਿਲ ਚੁੱਕੀ ਹੈ ਨੂੰ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ l ਵੋਟਾਂ ਤੋਂ ਪਹਿਲਾਂ 20 ਫੀਸਦੀ ਤਨਖਾਹ ਵਿੱਚ ਵਾਧਾ ਕਰਨ ਰੈਗੂਲਰ ਕਰਨ ਆਦਿ ਵਾਅਦਿਆਂ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਇਹਨਾਂ ਕਰਮਚਾਰੀਆਂ ਨਾਲ ਵਾਰ ਵਾਰ ਵਾਅਦੇ ਕਰਕੇ ਲਾਰੇ ਤੇ ਲਾਰੇ ਹੀ ਰਹੀ ਸੀ ਹੁਣ ਪਹਿਲਾਂ ਤੋਂ ਸਥਾਪਿਤ ਸੈਂਟਰ ਬੰਦ ਕਰਕੇ ਦੂਰ ਦੁਰਾਡੇ ਭੇਜਣ ਨਾਲ ਭਵਿੱਖ ਪ੍ਰਤੀ ਚਿੰਤਾ ਵਿੱਚ ਪਏ ਇਹਨਾਂ ਕਰਮਚਾਰੀਆਂ ਨੇ 20 ਦਸੰਬਰ ਨੂੰ ਚੰਡੀਗੜ੍ਹ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ  ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਲਗਾਤਾਰ ਧਰਨਾ ਜਾਰੀ ਰੱਖਿਆ ਜਾਵੇਗਾ ਜਿਸਦੀ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ l

ਦੇਸ਼ ਵਿੱਚ  ਹੱਕਾਂ ਦੇ ਹੋ ਰਹੇ ਘਾਣ ਵਿਰੁੱਧ ਮਨੁੱਖੀ ਅਧਿਕਾਰ ਨੂੰ ਸਮਰਪਿਤ ਸੈਮੀਨਾਰ 23 ਨੂੰ 

ਲੁਧਿਆਣਾ, 18 ਦਸੰਬਰ ( ਟੀ. ਕੇ.)   ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਦੇਸ਼ ਵਿੱਚ ਆਮ ਲੋਕਾਂ ਦੇ ਮੂਲ ਜਮਹੂਰੀ ਅਧਿਕਾਰ ਕੁਚਲਣ, ਫਿਰਕੂ ਨਫਰਤ ਅਤੇ ਫਾਸ਼ੀਵਾਦੀ ਉਭਾਰ ਰਾਹੀਂ , ਉਹਨਾਂ ਦੀਆਂ ਜਿਉਣ ਹਾਲਤਾਂ ਵਿੱਚ ਆ ਰਹੇ ਨਿਘਾਰ ਪ੍ਰਤੀ ਚੇਤਨਾ ਮੁਹਿੰਮ ਚਲਾਉਣ ਬਾਰੇ ਚਰਚਾ ਕੀਤੀ ਗਈ।ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਜਸਵੰਤ ਜੀਰਖ ਦੀ ਪ੍ਰਧਾਨਗੀ ‘ਚ ਹੋਈ ਇਸ ਮੀਟਿੰਗ ਵਿੱਚ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ  ਸੈਮੀਨਾਰ, ਜੋ 23 ਦਸੰਬਰ ਨੂੰ ਇਸੇ ਯਾਦਗਾਰ ਵਿਖੇ ਹੋ ਰਿਹਾ ਹੈ, ਦੀ ਤਿਆਰੀ ਲਈ ਮੈਂਬਰਾਂ ਲਈ ਜੁੰਮੇਵਾਰੀਆਂ ਤੈਅ ਕੀਤੀਆਂ ਗਈਆਂ।ਇਸ ਸੈਮੀਨਾਰ ਦੇ ਮੁੱਖ ਬੁਲਾਰੇ  ਹਿਮਾਸ਼ੂ ਕੁਮਾਰ ਉੱਘੇ ਗਾਂਧੀਵਾਦੀ ਕਾਰਕੁੰਨ ਅਤੇ ਪ੍ਰੋ: ਪ੍ਰਮਿੰਦਰ ਸਿੰਘ ਸੇਵਾ ਮੁਕਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੇ ਕ੍ਰਮਵਾਰ ਵਿਸ਼ਿਆਂ, “ਆਦਿਵਾਸੀਆਂ ਦਾ ਜਲ - ਜੰਗਲ - ਜ਼ਮੀਨ ਲਈ ਸੰਘਰਸ਼ ਅਤੇ ਮਨੁੱਖੀ ਅਧਿਕਾਰ”  ਅਤੇ ਦੂਸਰਾ “ਭਾਰਤ ਵਿੱਚ ਫਾਸ਼ੀਵਾਦੀ ਉਭਾਰ ਅਤੇ ਸਾਮਰਾਜ ਵੱਲੋਂ ਥੋਪੀਆਂ ਜਾਂਦੀਆਂ ਨਿਹੱਕੀ ਜੰਗਾਂ ਵਿੱਚ ਮਨੁੱਖੀ ਘਾਣ”  ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ।ਸਰਕਾਰਾਂ ਵੱਲੋਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਗਰੀਬੀ, ਬੇਰੋਜ਼ਗਾਰੀ , ਹਰ ਇੱਕ ਲਈ ਬਰਾਬਰ ਦੀ ਸਿੱਖਿਆ, ਸਿਹਤ ਸਹੂਲਤਾਂ , ਨਸ਼ਿਆਂ , ਮਹਿੰਗਾਈ ਆਦਿ ਵਰਗੀਆਂ ਅਲਾਮਤਾਂ ਖਤਮ ਕਰਨ ਵਿੱਚ ਨਾਕਾਮ ਰਹਿਣ ਕਾਰਣ , ਇਹਨਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਉਹਨਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡਕੇ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਰੁਝਾਨ ਪੈਦਾ ਕੀਤਾ ਜਾ ਰਿਹਾ ਹੈ। ਉਪਰੋਕਤ ਸੈਮੀਨਾਰ ਜਿੱਥੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਸਿੱਖਿਅਤ ਕਰੇਗਾ, ਉੱਥੇ ਲੋਕਾਂ ਦੀ ਲੁੱਟ ਕਰਕੇ ਪੂੰਜੀਪਤੀਆਂ/ਕਾਰਪੋਰੇਟਾਂ ਨੂੰ ਵੱਡੀਆਂ ਰਾਹਤਾਂ ਦੇਣ ਵਾਲੇ ਹਾਕਮਾਂ ਦੇ ਚੇਹਰੇ ਵੀ ਬੇਪੜਦ ਕਰੇਗਾ।ਇਸ ਸਮੇਂ ਦੇਸ਼ ਦੇ ਕਮਾਊ ਅਦਾਰੇ ਜੋ ਇਹਨਾਂ ਕਾਰਪੋਰੇਟਾਂ ਕੋਲ ਵੇਚਕੇ ਦੇਸ਼ ਨੂੰ ਕੰਗਾਲ ਕੀਤਾ ਜਾ ਰਿਹਾ ਹੈ, ਜਿਸ ਕਾਰਣ ਲੋਕਾਂ ਦਾ ਜਿਉਣ ਪੱਧਰ ਹੋਰ ਨਿੱਘਰ ਰਿਹਾ ਹੈ ਅਤੇ ਕਾਰਪੋਰੇਟ ਹੋਰ ਮਾਲੋਮਾਲ ਹੋ ਰਹੇ ਹਨ, ਬਾਰੇ ਚਿੰਤਾ ਪ੍ਰਗਟਾਈ ਗਈ।ਵਿਸ਼ਵ ਪੱਧਰ ਤੇ ਸਾਮਰਾਜੀ ਰਾਜ ਪ੍ਰਬੰਧ ਹੇਠ ਨਿਹੱਕੀਆਂ ਜੰਗਾਂ ਰਾਹੀਂ ਗਰੀਬ ਦੇਸ਼ਾਂ ਦੀ ਲੁੱਟ ਤੇਜ ਕਰਨ ਲਈ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਹੋਰ  ਲੋਕ ਪੱਖੀ ਜੱਥੇਬੰਦੀਆਂ, ਵਿਅਕਤੀਆਂ ਨੂੰ ਵੀ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕਰਨ ਬਾਰੇ ਤੈਅ ਕੀਤਾ ਗਿਆ। ਇਸ ਸਮੇਂ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਉਸਾਰੀ ਗਈ ਇਸ ਯਾਦਗਾਰ ਨੂੰ ਲੋਕ ਪੱਖੀ ਗਤੀਵਿਧੀਆਂ ਲਈ ਹੋਰ ਪ੍ਰਭਾਵਸ਼ਾਲੀ ਤੇ ਪ੍ਰੇਰਣਾਦਾਇਕ  ਬਣਾਉਣ ਲਈ ਜੁਟਾਏ ਜਾ ਰਹੇ ਯਤਨਾਂ , ਜਿਹਨਾਂ ਵਿੱਚ ਚਾਰ ਦਿਵਾਰੀ ਉੱਚੀ ਕਰਨ, ਸਮਾਗਮਾਂ ਲਈ ਕੁਰਸੀਆਂ ਦਾ ਪ੍ਰਬੰਧ ਕਰਨ ਅਤੇ ਹਰ ਪਾਸੇ ਸ਼ਹੀਦਾਂ ਦੇ ਵਿਚਾਰ ਪ੍ਰਗਟਾਉਂਦੀਆਂ ਲਿਖਤਾਂ ਰਾਹੀਂ ਲੋਕਾਂ ਵਿੱਚ ਦੇਸ਼ ਪ੍ਰਤੀ ਭਾਵਨਾਵਾਂ ਜਗਾਉਣ, ਅੰਧਵਿਸ਼ਵਾਸਾਂ , ਰਿਸ਼ਵਤਖੋਰੀ ਅਤੇ ਨਸ਼ਿਆਂ ਆਦਿ ਤੋਂ ਛੁਟਕਾਰਾ ਪਾਉਣ ਵੱਲ ਸੇਧਤ ਕਰਨਾ ਸ਼ਾਮਲ ਹਨ, ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
ਮੀਟਿੰਗ ਵਿੱਚ ਸੂਬਾ ਉੱਪ ਪ੍ਰਧਾਨ ਪ੍ਰੋ ਏ ਕੇ ਮਲੇਰੀ, ਡਾ ਹਰਬੰਸ ਗਰੇਵਾਲ, ਮਾ ਭਜਨ ਸਿੰਘ ਕੈਨੇਡਾ, ਮਾ ਚਰਨ ਸਿੰਘ ਨੂਰਪੁਰਾ, ਮਾ ਸੁਰਜੀਤ ਸਿੰਘ, ਪ੍ਰਮਜੀਤ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਬਲਵਿੰਦਰ ਸਿੰਘ.ਰਾਕੇਸ਼ ਆਜ਼ਾਦ, ਅਰੁਣ ਕੁਮਾਰ, ਜਤਿੰਦਰ ਕੁਮਾਰ, ਮੀਨਾਖਸ਼ੀ ਉਰਫ ਮੀਨੂੰ, ਕਰਤਾਰ ਸਿੰਘ ਸਮੇਤ ਹੋਰ ਹਮਦਰਦ ਵੀ ਸ਼ਾਮਲ ਸਨ।

ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ 

ਲੁਧਿਆਣਾ, 18 ਦਸੰਬਰ (ਟੀ. ਕੇ.) ਡਾ: ਕੋਟਨਿਸ ਐਕੂਪੰਕਚਰ ਹਸਪਤਾਲ, ਸਲੇਮ ਟਾਬਰੀ, ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ  7ਵੀਂ ਸੀਨੀਅਰ ਨੈਸ਼ਨਲ ਰੌਕ ਬਾਲ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਅਤੇ 6ਵੀਂ ਸਬ ਜੂਨੀਅਰ ਨੈਸ਼ਨਲ ਰੌਕ ਬਾਲ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ।  ਕੈਂਪ ਵਿੱਚ ਇਕਬਾਲ ਸਿੰਘ ਗਿੱਲ (ਆਈ.ਪੀ.ਐਸ.) ਅਤੇ  ਜਸਵੰਤ ਸਿੰਘ ਛਾਪਾ (ਮੁਖੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਕਬਾਲ ਸਿੰਘ ਗਿੱਲ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਜਦਕਿ ਜਸਵੰਤ ਸਿੰਘ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰੈਕਸੂਟ ਦੇ ਕੇ ਸਨਮਾਨਿਤ ਕੀਤਾ | ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿੱਚ ਘਿਰੀ ਹੋਈ ਹੈ ਤਾਂ ਇਨ੍ਹਾਂ ਬੱਚਿਆਂ ਨੇ ਕੌਮੀ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾ ਕੇ ਹੀ ਅਸੀਂ ਆਪਣੇ ਗੁਰੂਆਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ, ਜਿਸ ਲਈ ਅਸੀਂ ਹਮੇਸ਼ਾ ਯਤਨਸ਼ੀਲ ਰਹਾਂਗੇ। ਇਸ ਸੈਮੀਨਾਰ ਵਿੱਚ ਮੁਲਤਾਨੀ ਢਾਬਾ, ਸਰਹਿੰਦ ਵੱਲੋਂ ਮੁਫ਼ਤ ਭੋਜਨ ਦੀ ਸੇਵਾ ਕੀਤੀ ਗਈ। ਇਸ ਮੌਕੇ ਧਰਮਵੀਰ ਸਿੰਘ ਧਾਮੀ (ਪ੍ਰਧਾਨ ਪੰਜਾਬ ਰੌਕ ਬਾਲ), ਜਗਦੀਸ਼ ਸਿਡਾਨਾ, ਅਸ਼ਵਨੀ, ਦਿਨੇਸ਼ ਰਾਠੌਰ, ਡੀ.ਪੀ. ਸ਼ਰਮਾ, ਅਮਰਜੀਤ ਸਿੰਘ (ਟਰੇਨਰ), ਸੰਜੇ, ਰਾਜਵਿੰਦਰ, ਸਾਨੀਆ ਸ਼ਰਮਾ ਅਤੇ ਡਾ: ਕੋਟਨਿਸ ਹਸਪਤਾਲ ਦਾ ਸਮੁੱਚਾ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ |

ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਲਈ ਹੋਈਆਂ ਰਵਾਨਾ

ਲੁਧਿਆਣਾ 17 ਦਸੰਬਰ ( ਕਰਨੈਲ ਸਿੰਘ ਐੱਮ.ਏ.)  ਸਾਕਾ ਸਰਹਿੰਦ ਅਤੇ ਸਾਕਾ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਜੱਥੇਦਾਰ ਜਗਤਾਰ ਸਿੰਘ ਦੀ ਅਗਵਾਈ ਵਿੱਚ ਸੰਗਤਾਂ ਸਿੱਖ ਇਤਿਹਾਸ ਨਾਲ ਜੁੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਢੋਲੇਵਾਲ ਤੋਂ ਅੰਮ੍ਰਿਤ ਵੇਲੇ ਬੱਸਾਂ ਰਾਹੀਂ ਰਵਾਨਾ ਹੋਏ। ਇਸ ਮੌਕੇ ਜਗਤਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਹਾੜਿਆਂ ਦੌਰਾਨ ਗੁਰੂ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਅਤੇ ਬਹੁਤ ਸਾਰੇ ਗੁਰੂ ਦੇ ਲਾਡਲੇ ਸਿੰਘ ਸ਼ਹੀਦ ਹੋਏ। ਜਿਸ ਦੇ ਮੱਦੇਨਜ਼ਰ ਸੰਗਤਾਂ ਨੂੰ ਇਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬ  ਗੁਰਦੁਆਰਾ ਕਮਾ-ਮਾਸ਼ਕੀ, ਗੁਰਦੁਆਰਾ ਭੱਠਾ ਸਾਹਿਬ ਰੋਪੜ, ਗੰਗੂ ਪੰਡਤ ਦਾ ਘਰ, ਕੋਤਵਾਲੀ ਸਾਹਿਬ ਮੋਰਿੰਡਾ, ਫਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ ਸਰਹਿੰਦ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਜਗਤਾਰ ਸਿੰਘ, ਲਛਮਣ ਸਿੰਘ, ਬਲਵੰਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ, ਬਖਸ਼ੀਸ ਸਿੰਘ, ਤਰਨਜੀਤ ਸਿੰਘ, ਨਾਨਕ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ, ਚੰਦ ਸਿੰਘ, ਗੁਰਵਿੰਦਰ ਬਾਵਾ, ਤੇਜਿੰਦਰ ਸਿੰਘ ਭੈਣੀ, ਭਗਵੰਤ ਸਿੰਘ, ਵਚਿੱਤਰ ਸਿੰਘ, ਤਜਿੰਦਰ ਸਿੰਘ, ਕੁਲਵੰਤ ਕੌਰ, ਨੀਲਮ, ਸੁੱਖਪ੍ਰੀਤ ਕੌਰ, ਰੂਪ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ, ਹਰਜੀਤ ਕੌਰ, ਗੁਰਦੇਵ ਸਿੰਘ ਦੇਵਗਨ, ਪਵਨਜੀਤ ਸਿੰਘ, ਮਨਪ੍ਰੀਤ ਕੌਰ, ਕੁਲਦੀਪ ਕੌਰ, ਨਰਿੰਦਰ ਕੌਰ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ।

ਫੋਟੋ: ਯਾਤਰਾ ਲਈ ਰਵਾਨਾ ਹੋਣ ਸਮੇ ਜਗਤਾਰ ਸਿੰਘ, ਲਛਮਣ ਸਿੰਘ, ਬਲਵੰਤ ਸਿੰਘ, ਬਖਸ਼ੀਸ ਸਿੰਘ, ਤਰਨਜੀਤ ਸਿੰਘ, ਕੁਲਵੰਤ ਕੌਰ, ਸੁੱਖਪ੍ਰੀਤ ਕੌਰ, ਰੂਪ ਕੌਰ ਤੇ ਹੋਰ