ਪੀ.ਏ.ਯੂ. ਵਿਚ ਪੰਜਾਬ ਦੇ ਨੌਜਵਾਨਾਂ ਲਈ ਖੇਤੀ ਦਾ ਤਿਮਾਹੀ ਕੋਰਸ ਸ਼ੁਰੂ ਹੋਇਆ

ਲੁਧਿਆਣਾ 2 ਜਨਵਰੀ(ਟੀ. ਕੇ.) ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਦੇ ਨਵੇਂ ਬੈਚ ਦੀ ਸ਼ੁਰੂਆਤ ਕੀਤੀ ਗਈ। ਇਸ ਤਿਮਾਹੀ ਸਿਖਲਾਈ ਕੋਰਸ ਵਿੱਚ 32 ਸਿਖਿਆਰਥੀ ਭਾਗ ਲੈ ਰਹੇ ਹਨ।
ਇਸ ਕੋਰਸ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਿਖਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਕੋਰਸ ਦੀ ਮਹਤੱਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੋਰਸ ਵਿੱਚ ਖੇਤੀਬਾੜੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਲਈ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਖੇਤੀ ਨੂੰ ਸਿਰਫ਼ ਪੈਦਾਵਾਰ ਤੱਕ ਸੀਮਿਤ ਨਾ ਕਰਕੇ ਸਗੋਂ ਇੱਕ ਕਾਰੋਬਾਰ ਦੇ ਤੌਰ ਤੇ ਅੱਗੇ ਵਧਾਉਣਾ ਚਾਹੀਦਾ ਹੈ। ਉਹਨਾਂ ਨੇ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜ ਕੇ ਵੱਧ ਤੋਂ ਵੱਧ ਖੇਤੀ ਸੰਬੰਧੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੀ ਪ੍ਰੇਰਿਤ ਕੀਤਾ।

ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਮਿਤੀ ਜਨਵਰੀ 01, 2024 ਨੂੰ ਸ਼ੁਰੂ ਹੋਇਆ ਜੋ ਕਿ ਮਿਤੀ ਮਾਰਚ 28, 2024 ਤੱਕ ਚੱਲੇਗਾ। ਉਹਨਾਂ ਨੇ ਇਸ ਕੋਰਸ ਵਿੱਚ ਸ਼ਾਮਿਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਖਿਆਰਥੀ ਆਪਣੇ ਕਿੱਤੇ ਵਿੱਚ ਨਿਵੇਕਲਾਪਣ ਲਿਆ ਕੇ ਅਤੇ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਤਰਜੀਹ ਦੇ ਕੇ ਖੇਤੀਬਾੜੀ ਕਿੱਤੇ ਵਿੱਚ ਨਵੀਆਂ ਬੁਲੰਦੀਆਂ ਹਾਸਲ ਸਕਦੇ ਹਨ।

ਇਸ ਮੌਕੇ ਤੇ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਖੇਤੀ ਖੋਜ ਫਾਰਮਾਂ ਦੀ ਗਿਆਨਵਰਧਕ ਫੇਰੀ ਵੀ ਕਰਵਾਈ ਗਈ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਆਏ ਹੋਏ ਵਿਸ਼ੇਸ਼ ਮਹਿਮਾਨ, ਸਟਾਫ਼ ਮੈਂਬਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਿਖਿਆਰਥੀਆਂ ਨੂੰ ਇਸ ਕੋਰਸ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ।