23 ਤੋਂ 25 ਦਸੰਬਰ ਤੱਕ ਜੋੜ-ਮੇਲੇ ’ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ
                     ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਆਪਣੇ ਦੋਵੇਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਮੁਗ਼ਲ ਫ਼ੌਜਾਂ ਨਾਲ ਜੂਝਦਿਆਂ ਛੱਡ ਕੇ 8 ਪੋਹ ਸੰਮਤ 1761 ਬਿਕਰਮੀ, ਸੰਨ 1704 ਈ: ਦੀ ਰਾਤ ਨੂੰ ਨੰਗੇ ਪੈਰੀਂ, ਲਹੂ-ਲੁਹਾਨ, ਫਟੇ ਹੋਏ ਬਸਤਰ, ਪੈਰਾਂ ਵਿੱਚ ਛਾਲੇ, ਸਿਰ ਉੱਤੇ ਤਾਜ ਨਹੀਂ, ਹੱਥ ਵਿੱਚ ਬਾਜ਼ ਨਹੀਂ, ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ। ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਉਪਰੰਤ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਦਰਖ਼ਤ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ, ਹੱਥ ਵਿੱਚ ਨੰਗੀ ਸ਼ਮਸ਼ੀਰ (ਕਿ੍ਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ।ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਹਨ। ਜਾਨ ਤੋਂ ਪਿਆਰੇ ਸਿੰਘ ਵਿੱਛੜ ਗਏ। ਪਰ ਇੰਨਾ ਕੁਝ ਹੋਣ ਤੇ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲ੍ਹਿਆ ਸਗੋਂ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਇਹਨਾਂ ਸ਼ਬਦਾਂ ਨਾਲ ਯਾਦ ਕੀਤਾ।


ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ॥੧॥
(ਦਸਮ ਗ੍ਰੰਥ ਸਾਹਿਬ ਜੀ, ਅੰਗ ੭੧੦-੭੧੧)

ਇੱਥੇ ਹੀ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪਹੁੰਚੇ। ਗੁਰੂ ਸਾਹਿਬ ਦੇ ਬਸਤਰ ਲੀਰੋ-ਲੀਰ ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਬੜੇ ਪਿਆਰ ਨਾਲ ਹੌਸਲਾ ਦਿੱਤਾ। ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਕੀਤਾ। ਉਸ ਸਮੇਂ ਨੇੜੇ ਬਾਗ਼ ਦਾ ਰਾਖਾ ਉਧਰ ਆ ਗਿਆ। ਉਸ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਉੱਥੇ ਬੈਠੇ ਵੇਖਿਆ ਤਾਂ ਉਸ ਨੇ ਬਾਗ਼ ਦੇ ਮਾਲਕ ਤੇ ਗੁਰੂ ਜੀ ਦੇ ਦੋ ਸ਼ਰਧਾਲੂ ਭਰਾਵਾਂ ਗੁਲਾਬੇ ਤੇ ਪੰਜਾਬੇ ਨੂੰ ਜਾ ਦੱਸਿਆ। ਉਹ ਦੋਵੇਂ ਭਰਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ।
                ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਚਮਕੌਰ ਸਾਹਿਬ ਤੋਂ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਮਤ 1761 ਵਿੱਚ ਗੁਲਾਬ ਚੰਦ ਮਸੰਦ ਦੇ ਘਰ ਠਹਿਰੇ ਸਨ। ਗੁਲਾਬੇ ਦੇ ਘਰ ਵਾਲੀ ਥਾਂ ਤੇ ਗੁਰਦੁਆਰਾ (ਚਰਨ ਕੰਵਲ) ਨਹੀਂ ਬਣਾਇਆ ਗਿਆ। ਗੁਲਾਬੇ ਦੇ ਬਾਗ਼ ਵਿੱਚ ਜਿੱਥੇ ਕਲਗ਼ੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ ਅਤੇ ਜਿਸ ਥਾਂ ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਚਮਕੌਰ ਸਾਹਿਬ ਤੋਂ ਆ ਕੇ ਸਤਿਗੁਰੂ ਨੂੰ ਮਿਲੇ, ਉੱਥੇ ਚਰਨ ਕੰਵਲ ਹੈ, ਜੋ ਕਸਬੇ ਤੋਂ ਇੱਕ ਮੀਲ ਪੂਰਬ ਵੱਲ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਲਗਾਈ 270 ਵਿੱਘੇ ਜ਼ਮੀਨ ਹੈ।
            ਭਾਈ ਗੁਲਾਬੇ ਤੇ ਪੰਜਾਬੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸਤਿਕਾਰ ਨਾਲ ਉਹਨਾਂ ਨੂੰ ਘਰ ਲਿਆ ਕੇ ਪਹਿਲਾਂ ਇਸ਼ਨਾਨ ਕਰਵਾਇਆ ਅਤੇ ਫਿਰ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ। ਘੋੜਿਆਂ ਦੇ ਸੌਦਾਗਰ (ਵਪਾਰੀ) ਭਾਈ ਗਨੀ ਖਾਂ, ਨਬੀ ਖਾਂ (ਜੋ ਕਾਬਲ ਤੋਂ ਵਧੀਆ ਨਸਲ ਦੇ ਘੋੜੇ ਲਿਆ ਕੇ ਦਿਆ ਕਰਦੇ ਸਨ) ਨੂੰ ਜਦੋਂ ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ । ਭਾਈ ਗਨੀ ਖਾਂ , ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ, ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਅਤੇ ਕਾਜ਼ੀ ਚਿਰਾਗ਼ ਸ਼ਾਹ ਵੀ ਮੌਜੂਦ ਦੱਸੇ ਜਾਂਦੇ ਹਨ। ਇੱਥੇ ਹੀ ਗੁਰੂ ਜੀ ਨੇ ਮਾਤਾ ਹਰਦੇਈ ਨੂੰ ਦਰਸ਼ਨ ਦਿੱਤੇ ਅਤੇ ਮਾਤਾ ਜੀ ਵੱਲੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੋਸ਼ਾਕ (ਚੋਲਾ) ਗ੍ਰਹਿਣ ਕਰਨ ਉਪਰੰਤ ਲਲਾਰੀ ਕੋਲੋਂ ਨੀਲੇ ਰੰਗ ਵਿੱਚ ਰੰਗਵਾਇਆ।  

     ‌         ਇੱਥੋਂ ਗੁਰੂ ਸਾਹਿਬ ਨੀਲੇ ਬਸਤਰ ਧਾਰਨ ਕਰਕੇ ਸਿਰ ਤੇ ਢਿੱਲਾ ਜਿਹਾ ਪਰਨਾ ਅਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ਉੱਚ ਦੇ ਪੀਰ ਦੇ ਭੇਖ ਵਿੱਚ ਬਾਣਾ ਬਣਾ ਕੇ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਪਲੰਘ ਨੂੰ ਪਿਛਲੇ ਪਾਸਿਓਂ ਚੁੱਕ ਲਿਆ ਅਤੇ ਤੁਰ ਪਏ। ਭਾਈ ਮਾਨ ਸਿੰਘ ਉੱਚ ਦੇ ਪੀਰ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਫ਼ੌਜ ਨੇ ਰੋਕ ਲਿਆ। ਮੁਗ਼ਲ ਜਰਨੈਲ ਦਿਲਾਵਰ ਖਾਂ ਨੇ ਪੁੱਛਿਆ ਕਿ ਪਲੰਘ ਤੇ ਕੌਣ ਹੈ? ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ ਕਿ ਸਾਡੇ ਉੱਚ ਦੇ ਪੀਰ ਹਨ। ਨੇੜੇ ਦੇ ਪਿੰਡ ਨੂਰਪੁਰ ਦੇ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਇਹ ਉੱਚ ਦੇ ਪੀਰ ਹਨ। ਇਹਨਾਂ ਨੂੰ ਨਾ ਰੋਕਿਆ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ।
              ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਅਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਾਲ (ਸਮਾਂ) ਨੌਕਰ ਰਹੇ ਹਨ। ਜਦ ਚਮਕੌਰ ਸਾਹਿਬ ਤੋਂ ਚੱਲ ਕੇ ਕਲਗ਼ੀਧਰ ਪਾਤਸ਼ਾਹ ਮਾਛੀਵਾੜਾ ਆਏ ਤਦ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਹਰ ਪਿੰਡ ਤੱਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਹਨਾਂ ਨੂੰ ਵਿਦਾ ਕਰਨ ਵੇਲੇ (ਸਮੇਂ) ਹੁਕਮਨਾਮਾ ਬਖ਼ਸ਼ਿਆ, ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ।
    ‌ ‌ ‌ ਇਸ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਅਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ ਸਤਿਕਾਰ ਨਾਲ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸੰਭਾਲਿਆ ਹੋਇਆ ਹੈ। ਗਨੀ ਖਾਂ, ਨਬੀ ਖਾਂ ਦੇ ਘਰ ਉਹਨਾਂ ਦੀਆਂ ਸਮਾਧਾਂ ਬਣੀਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ।
      ਭਾਈ ਸੰਤੋਖ ਸਿੰਘ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਦੀ ਜੰਗ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ ਪੰਜ ਸੌ ਮੋਹਰਾਂ ਦੀ ਮੰਨਤ ਮੰਨੀ ਸੀ। ਉਹ ਪੰਜ ਸੌ ਮੋਹਰਾਂ ਗੁਰੂ ਜੀ ਨੇ ਦਿਲਾਵਰ ਖਾਂ ਪਾਸੋਂ ਮੰਗ ਕੇ ਆਪਣੇ ਆਪ ਨੂੰ ਉੱਚ ਦਾ ਪੀਰ ਸਿੱਧ ਕੀਤਾ, ਜਿੱਥੇ ਫ਼ੌਜਾਂ ਨੇ ਗੁਰੂ ਸਾਹਿਬ ਨੂੰ ਰੋਕਿਆ, ਉੱਥੇ ਗੁਰਦੁਆਰਾ ਕਿ੍ਰਪਾਨ ਭੇਟ ਸਸ਼ੋਭਿਤ ਹੈ। ਇੱਥੋਂ ਚੱਲ ਕੇ ਪਿੰਡ ਘੁਲਾਲ, ਫਿਰ ਲੱਲਾ ਵਿਖੇ ਦੋ ਪਹਿਰ ਵਿਸ਼ਰਾਮ ਕਰਨ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਕਟਾਣਾ ਸਾਹਿਬ ਪਹੁੰਚੇ। ਗੁਰੂ ਜੀ ਨੇ ਇੱਥੇ ਹੀ ਪਲੰਘ ਰਖਵਾਇਆ ਤੇ ਅਰਦਾਸ ਕਰਕੇ ਦੇਗ਼ ਕਰਵਾਈ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਅੱਜ ਵੀ ਉਹ ਇਤਿਹਾਸਕ ਖੂਹ ਅਤੇ ਜੰਡ ਮੌਜੂਦ ਹਨ। ਗੁਰੂ ਸਾਹਿਬ ਦਾ ਹੱਥ ਲਿਖਤ ਹੁਕਮਨਾਮਾ ਵੀ ਇੱਥੇ ਮੌਜੂਦ ਹੈ। ਗੁਰਦੁਆਰਾ ਸ੍ਰੀ ਚਰਨ ਕੰਵਲ ਮਾਛੀਵਾੜਾ, ਸਮਰਾਲਾ-ਮਾਛੀਵਾੜਾ ਲਿੰਕ ਸੜਕ ਤੇ ਲੁਧਿਆਣਾ ਤੋਂ 38 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਦੂਰ ਹੈ।
         ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ) ਵਿਖੇ 23, 24 ਤੇ 25, ਦਸੰਬਰ 8, 9 ਤੇ 10 ਪੋਹ ਦਿਨ ਸ਼ਨੀਵਾਰ, ਐਤਵਾਰ ਤੇ ਸੋਮਵਾਰ ਨੂੰ ਤਿੰਨ ਰੋਜ਼ਾ ਜੋੜ-ਮੇਲ ਮਨਾਇਆ ਜਾ ਰਿਹਾ ਹੈ। 23 ਦਸੰਬਰ ਨੂੰ ਅਖੰਡ-ਪਾਠ ਆਰੰਭ ਹੋਵੇਗਾ। 24 ਦਸੰਬਰ ਨੂੰ ਵਿਸ਼ੇਸ਼ ਦੀਵਾਨ ਸਜੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਵੀ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 25 ਦਸੰਬਰ ਨੂੰ ਅਖੰਡ-ਪਾਠ ਦੀ ਸਮਾਪਤੀ ਹੋਵੇਗੀ। ਇਸੇ ਦਿਹਾੜੇ ਸਵੇਰੇ 11 ਵਜੇ ਨਗਰ-ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਵੇਗਾ ਜੋ ਨਗਰ ਦੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਮਾਪਤ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।


ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।