ਦੇਸ਼ ਵਿੱਚ  ਹੱਕਾਂ ਦੇ ਹੋ ਰਹੇ ਘਾਣ ਵਿਰੁੱਧ ਮਨੁੱਖੀ ਅਧਿਕਾਰ ਨੂੰ ਸਮਰਪਿਤ ਸੈਮੀਨਾਰ 23 ਨੂੰ 

ਲੁਧਿਆਣਾ, 18 ਦਸੰਬਰ ( ਟੀ. ਕੇ.)   ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਦੇਸ਼ ਵਿੱਚ ਆਮ ਲੋਕਾਂ ਦੇ ਮੂਲ ਜਮਹੂਰੀ ਅਧਿਕਾਰ ਕੁਚਲਣ, ਫਿਰਕੂ ਨਫਰਤ ਅਤੇ ਫਾਸ਼ੀਵਾਦੀ ਉਭਾਰ ਰਾਹੀਂ , ਉਹਨਾਂ ਦੀਆਂ ਜਿਉਣ ਹਾਲਤਾਂ ਵਿੱਚ ਆ ਰਹੇ ਨਿਘਾਰ ਪ੍ਰਤੀ ਚੇਤਨਾ ਮੁਹਿੰਮ ਚਲਾਉਣ ਬਾਰੇ ਚਰਚਾ ਕੀਤੀ ਗਈ।ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਜਸਵੰਤ ਜੀਰਖ ਦੀ ਪ੍ਰਧਾਨਗੀ ‘ਚ ਹੋਈ ਇਸ ਮੀਟਿੰਗ ਵਿੱਚ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ  ਸੈਮੀਨਾਰ, ਜੋ 23 ਦਸੰਬਰ ਨੂੰ ਇਸੇ ਯਾਦਗਾਰ ਵਿਖੇ ਹੋ ਰਿਹਾ ਹੈ, ਦੀ ਤਿਆਰੀ ਲਈ ਮੈਂਬਰਾਂ ਲਈ ਜੁੰਮੇਵਾਰੀਆਂ ਤੈਅ ਕੀਤੀਆਂ ਗਈਆਂ।ਇਸ ਸੈਮੀਨਾਰ ਦੇ ਮੁੱਖ ਬੁਲਾਰੇ  ਹਿਮਾਸ਼ੂ ਕੁਮਾਰ ਉੱਘੇ ਗਾਂਧੀਵਾਦੀ ਕਾਰਕੁੰਨ ਅਤੇ ਪ੍ਰੋ: ਪ੍ਰਮਿੰਦਰ ਸਿੰਘ ਸੇਵਾ ਮੁਕਤ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੇ ਕ੍ਰਮਵਾਰ ਵਿਸ਼ਿਆਂ, “ਆਦਿਵਾਸੀਆਂ ਦਾ ਜਲ - ਜੰਗਲ - ਜ਼ਮੀਨ ਲਈ ਸੰਘਰਸ਼ ਅਤੇ ਮਨੁੱਖੀ ਅਧਿਕਾਰ”  ਅਤੇ ਦੂਸਰਾ “ਭਾਰਤ ਵਿੱਚ ਫਾਸ਼ੀਵਾਦੀ ਉਭਾਰ ਅਤੇ ਸਾਮਰਾਜ ਵੱਲੋਂ ਥੋਪੀਆਂ ਜਾਂਦੀਆਂ ਨਿਹੱਕੀ ਜੰਗਾਂ ਵਿੱਚ ਮਨੁੱਖੀ ਘਾਣ”  ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ।ਸਰਕਾਰਾਂ ਵੱਲੋਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਗਰੀਬੀ, ਬੇਰੋਜ਼ਗਾਰੀ , ਹਰ ਇੱਕ ਲਈ ਬਰਾਬਰ ਦੀ ਸਿੱਖਿਆ, ਸਿਹਤ ਸਹੂਲਤਾਂ , ਨਸ਼ਿਆਂ , ਮਹਿੰਗਾਈ ਆਦਿ ਵਰਗੀਆਂ ਅਲਾਮਤਾਂ ਖਤਮ ਕਰਨ ਵਿੱਚ ਨਾਕਾਮ ਰਹਿਣ ਕਾਰਣ , ਇਹਨਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਉਹਨਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡਕੇ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਰੁਝਾਨ ਪੈਦਾ ਕੀਤਾ ਜਾ ਰਿਹਾ ਹੈ। ਉਪਰੋਕਤ ਸੈਮੀਨਾਰ ਜਿੱਥੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਸਿੱਖਿਅਤ ਕਰੇਗਾ, ਉੱਥੇ ਲੋਕਾਂ ਦੀ ਲੁੱਟ ਕਰਕੇ ਪੂੰਜੀਪਤੀਆਂ/ਕਾਰਪੋਰੇਟਾਂ ਨੂੰ ਵੱਡੀਆਂ ਰਾਹਤਾਂ ਦੇਣ ਵਾਲੇ ਹਾਕਮਾਂ ਦੇ ਚੇਹਰੇ ਵੀ ਬੇਪੜਦ ਕਰੇਗਾ।ਇਸ ਸਮੇਂ ਦੇਸ਼ ਦੇ ਕਮਾਊ ਅਦਾਰੇ ਜੋ ਇਹਨਾਂ ਕਾਰਪੋਰੇਟਾਂ ਕੋਲ ਵੇਚਕੇ ਦੇਸ਼ ਨੂੰ ਕੰਗਾਲ ਕੀਤਾ ਜਾ ਰਿਹਾ ਹੈ, ਜਿਸ ਕਾਰਣ ਲੋਕਾਂ ਦਾ ਜਿਉਣ ਪੱਧਰ ਹੋਰ ਨਿੱਘਰ ਰਿਹਾ ਹੈ ਅਤੇ ਕਾਰਪੋਰੇਟ ਹੋਰ ਮਾਲੋਮਾਲ ਹੋ ਰਹੇ ਹਨ, ਬਾਰੇ ਚਿੰਤਾ ਪ੍ਰਗਟਾਈ ਗਈ।ਵਿਸ਼ਵ ਪੱਧਰ ਤੇ ਸਾਮਰਾਜੀ ਰਾਜ ਪ੍ਰਬੰਧ ਹੇਠ ਨਿਹੱਕੀਆਂ ਜੰਗਾਂ ਰਾਹੀਂ ਗਰੀਬ ਦੇਸ਼ਾਂ ਦੀ ਲੁੱਟ ਤੇਜ ਕਰਨ ਲਈ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਹੋਰ  ਲੋਕ ਪੱਖੀ ਜੱਥੇਬੰਦੀਆਂ, ਵਿਅਕਤੀਆਂ ਨੂੰ ਵੀ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕਰਨ ਬਾਰੇ ਤੈਅ ਕੀਤਾ ਗਿਆ। ਇਸ ਸਮੇਂ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਉਸਾਰੀ ਗਈ ਇਸ ਯਾਦਗਾਰ ਨੂੰ ਲੋਕ ਪੱਖੀ ਗਤੀਵਿਧੀਆਂ ਲਈ ਹੋਰ ਪ੍ਰਭਾਵਸ਼ਾਲੀ ਤੇ ਪ੍ਰੇਰਣਾਦਾਇਕ  ਬਣਾਉਣ ਲਈ ਜੁਟਾਏ ਜਾ ਰਹੇ ਯਤਨਾਂ , ਜਿਹਨਾਂ ਵਿੱਚ ਚਾਰ ਦਿਵਾਰੀ ਉੱਚੀ ਕਰਨ, ਸਮਾਗਮਾਂ ਲਈ ਕੁਰਸੀਆਂ ਦਾ ਪ੍ਰਬੰਧ ਕਰਨ ਅਤੇ ਹਰ ਪਾਸੇ ਸ਼ਹੀਦਾਂ ਦੇ ਵਿਚਾਰ ਪ੍ਰਗਟਾਉਂਦੀਆਂ ਲਿਖਤਾਂ ਰਾਹੀਂ ਲੋਕਾਂ ਵਿੱਚ ਦੇਸ਼ ਪ੍ਰਤੀ ਭਾਵਨਾਵਾਂ ਜਗਾਉਣ, ਅੰਧਵਿਸ਼ਵਾਸਾਂ , ਰਿਸ਼ਵਤਖੋਰੀ ਅਤੇ ਨਸ਼ਿਆਂ ਆਦਿ ਤੋਂ ਛੁਟਕਾਰਾ ਪਾਉਣ ਵੱਲ ਸੇਧਤ ਕਰਨਾ ਸ਼ਾਮਲ ਹਨ, ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
ਮੀਟਿੰਗ ਵਿੱਚ ਸੂਬਾ ਉੱਪ ਪ੍ਰਧਾਨ ਪ੍ਰੋ ਏ ਕੇ ਮਲੇਰੀ, ਡਾ ਹਰਬੰਸ ਗਰੇਵਾਲ, ਮਾ ਭਜਨ ਸਿੰਘ ਕੈਨੇਡਾ, ਮਾ ਚਰਨ ਸਿੰਘ ਨੂਰਪੁਰਾ, ਮਾ ਸੁਰਜੀਤ ਸਿੰਘ, ਪ੍ਰਮਜੀਤ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਬਲਵਿੰਦਰ ਸਿੰਘ.ਰਾਕੇਸ਼ ਆਜ਼ਾਦ, ਅਰੁਣ ਕੁਮਾਰ, ਜਤਿੰਦਰ ਕੁਮਾਰ, ਮੀਨਾਖਸ਼ੀ ਉਰਫ ਮੀਨੂੰ, ਕਰਤਾਰ ਸਿੰਘ ਸਮੇਤ ਹੋਰ ਹਮਦਰਦ ਵੀ ਸ਼ਾਮਲ ਸਨ।