ਪਿੰਡ ਦਾਦੂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ

ਤਲਵੰਡੀ ਸਾਬੋ/ਕਾਲਾਂਵਾਲੀ,14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨੇੜਲੇ ਪਿੰਡ ਦਾਦੂ ਦੇ ਗੁਰਦੁਆਰਾ ਦਸਮੇਸ਼ਸਰ ਸਾਹਿਬ ਤੋਂ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਗਏ। ਸੱਚਖੰਡ ਵਾਸੀ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦਸਮੇਸ਼ਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਵੇਰੇ 11:00 ਵਜੇ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਹੁੰਦਿਆਂ ਹੋਇਆ ਨਗਰ ਦੇ ਵੱਖ-ਵੱਖ ਪੜਾਵਾਂ 'ਤੇ ਪਹੁੰਚਿਆ। ਦਿੱਤੇ ਗਏ ਪ੍ਰੋਗਰਾਮ ਅਨੁਸਾਰ ਕਵੀਸ਼ਰੀ ਜਥਾ ਮਾਸਟਰ ਸੁਖਰਾਜ ਸਿੰਘ ਸੰਦੋਹਾ ਨੇ ਕਵੀਸ਼ਰੀ ਰਾਹੀਂ ਅਤੇ ਭਾਈ ਜੀਤ ਸਿੰਘ ਰੁਘੂਆਣਾ ਜਥੇ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਉੱਥੇ ਗਤਕਾ ਪਾਰਟੀ ਮੀਰੀ ਪੀਰੀ ਖਾਲਸਾ ਫੋਰਸ ਗੱਤਕਾ ਗਰੁੱਪ, ਖੁੱਡੀ ਕਲਾਂ ਦੇ ਸਿੰਘਾਂ ਨੇ ਆਪਣੇ ਗਤਕੇ ਦੇ ਜੌਹਰ ਦਿਖਾਏ, ਪਿੰਡ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਦੇ 'ਤੇ ਚਾਹ ਮਠਿਆਈ ਅਤੇ ਪਕੌੜਿਆਂ ਦੇ ਲੰਗਰ ਲਾਏ ਗਏ, ਗੁਰਦੁਆਰਾ ਦਸਮੇਸਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਨੇ ਸਮੂਹ ਸੰਗਤਾਂ ਨੂੰ ਇਸ ਸ਼ੁਭ ਮੌਕੇ ਤੇ ਦੂਰੋਂ ਨੇੜਿਓਂ ਸੰਗਤਾਂ ਦਾ  ਪਹੁੰਚਣ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਵਧਾਈਆਂ ਦਿਤੀਆਂ। ਪੰਜ ਪਿਆਰਿਆਂ ਅਤੇ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨੂੰ ਸਿਰੋਪਾਓ ਨਾਲ ਨਗਰ ਦਾਦੂ ਦੀਆਂ ਸੰਗਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਹੀ ਬਾਬਾ ਦਰਸ਼ਨ ਸਿੰਘ ਜੀ ਨੇ ਵੱਖ-ਵੱਖ ਪੜਾਵਾਂ ਤੇ ਧਾਰਮਿਕ ਸਮਾਜਿਕ ਸਖਸ਼ੀਅਤਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਵੱਧ ਚੜ੍ਹਕੇ ਪ੍ਰੋਗਰਾਮ ਲਈ ਪ੍ਰੇਰਿਆ ਅਤੇ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਅੰਮ੍ਰਿਤ ਛਕੋ, ਸਿੰਘ ਸਜੋ ਦੀ ਅਪੀਲ ਕੀਤੀ। ਹਰ ਸਾਲ ਦੀ ਤਰ੍ਹਾਂ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਤਿਸ਼ਬਾਜੀ ਵੀ ਕੀਤੀ ਗਈ।