ਪੰਜਾਬ

ਮੁੱਖ ਮੰਤਰੀ ਮਾਨ ਅਤੇ ਹਮ-ਰੁਤਬਾ  ਕੇਜਰੀਵਾਲ ਵੱਲੋਂ ਲੁਧਿਆਣਾ 'ਚ ਨਾਗਰਿਕ ਕੇਂਦਰਿਤ ਸਕੀਮ ਦਾ ਆਗਾਜ਼

ਲੁਧਿਆਣਾ, 10 ਦਸੰਬਰ(ਟੀ. ਕੇ.) ਪੰਜਾਬ ਵਾਸੀਆਂ ਨੂੰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ 43 ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ 'ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ' ਸਕੀਮ ਦੀ ਸ਼ੁਰੂਆਤ ਕੀਤੀ। 
ਇਨ੍ਹਾਂ ਸੇਵਾਵਾਂ ਵਿੱਚ ਜਨਮ/ਐਨ.ਏ.ਸੀ. ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਐਂਟਰੀ ਵਿੱਚ ਸੋਧ, ਮੌਤ/ਐਨ.ਏ.ਸੀ. ਸਰਟੀਫਿਕੇਟ ਜਾਰੀ ਕਰਨਾ, ਜਨਮ ਸਰਟੀਫਿਕੇਟ ਦੀਆਂ ਕਈ ਕਾਪੀਆਂ, ਜਨਮ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟਰੇਸ਼ਨ, ਮੌਤ ਦੇ ਸਰਟੀਫਿਕੇਟ (ਸਿਹਤ) ਵਿੱਚ ਸੋਧ, ਆਮਦਨ ਦਾ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ ਕਰਨਾ, ਮਾਲ ਰਿਕਾਰਡ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਪ੍ਰਦਾਨ ਕਰਨਾ), ਭਾਰ-ਮੁਕਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਤਿਆਰ ਕਰਨ, ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਮੁਆਵਜ਼ੇ ਸਬੰਧੀ ਬਾਂਡ, ਬਾਰਡਰ ਏਰੀਏ ਸਬੰਧੀ ਸਰਟੀਫਿਕੇਟ, ਬੈਕਵਰਡ ਏਰੀਆ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲ) ਦੇ ਕਾਊਂਟਰ ਸਾਈਨ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, ਉਸਾਰੀ ਕਾਮੇ ਦੀ ਰਜਿਸਟ੍ਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, ਰਿਹਾਇਸ਼ੀ ਸਰਟੀਫਿਕੇਟ (ਪ੍ਰਸੋਨਲ), ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੀ.ਸੀ. ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ, ਹੋਰ ਪਛੜੀ ਸ਼੍ਰੇਣੀਆਂ ਸਬੰਧੀ ਸਰਟੀਫਿਕੇਟ (ਓ.ਬੀ.ਸੀ.), ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ (ਈ.ਡਬਲਿਊ.ਐਸ.) ਅਤੇ ਸ਼ਗਨ ਸਕੀਮ (ਕੇਸ ਨੂੰ ਮਨਜ਼ੂਰੀ ਲਈ) (ਸਮਾਜਿਕ ਨਿਆਂ), ਬਜ਼ੁਰਗਾਂ ਨੂੰ ਪੈਨਸ਼ਨ, ਵਿਧਵਾ/ਬੇਸਹਾਰਾ ਨਾਗਰਿਕਾਂ ਨੂੰ ਪੈਨਸ਼ਨ, ਅਪਾਹਜ ਨਾਗਰਿਕਾਂ ਨੂੰ ਪੈਨਸ਼ਨ, ਅਪੰਗਤਾ ਸਰਟੀਫਿਕੇਟ ਯੀ.ਡੀ.ਆਈ.ਡੀ. ਕਾਰਡ ਲਈ ਅਰਜ਼ੀ ਅਤੇ ਨਿਰਭਰ ਬੱਚਿਆਂ ਲਈ ਪੈਨਸ਼ਨ (ਸਮਾਜਿਕ ਸੁਰੱਖਿਆ), ਬਿਜਲੀ ਦੇ ਬਿੱਲ ਦਾ ਭੁਗਤਾਨ (ਪਾਵਰ), ਵਿਆਹ ਦੀ ਰਜਿਸਟ੍ਰੇਸ਼ਨ (ਲਾਜ਼ਮੀ), ਵਿਆਹ (ਆਨੰਦ) (ਘਰ) ਦੀ ਰਜਿਸਟ੍ਰੇਸ਼ਨ ਅਤੇ ਪੇਂਡੂ ਖੇਤਰ ਦਾ ਸਰਟੀਫਿਕੇਟ (ਪੇਂਡੂ) ਸ਼ਾਮਲ ਹਨ।
'ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ' ਸਕੀਮ ਤਹਿਤ ਦਰ ’ਤੇ ਜਾ ਕੇ ਸੇਵਾਵਾਂ ਪ੍ਰਦਾਨ ਕਰਨ (ਡੋਰ ਸਟੈੱਪ ਡਲਿਵਰੀ) ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਸਰਕਾਰ ਤੋਂ ਨਾਗਰਿਕ ਤੱਕ ਸੇਵਾਵਾਂ (ਗਵਰਮੈਂਟ-ਟੂ-ਸਿਟੀਜ਼ਨ) ਨਿਰਵਿਘਨ ਮੁਹੱਈਆ ਹੋਣਗੀਆਂ। ਇਹ ਪਹਿਲਕਦਮੀ ਸੂਬਾ ਦੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਸਾਰੀਆਂ 43 ਮਹੱਤਵਪੂਰਨ ਜੀ2ਸੀ ਸੇਵਾਵਾਂ-ਜਿਵੇਂ ਜਨਮ ਅਤੇ ਮੌਤ ਦੇ ਸਰਟੀਫਿਕੇਟ, ਆਮਦਨ, ਰਿਹਾਇਸ਼, ਜਾਤੀ, ਪੈਨਸ਼ਨ, ਬਿਜਲੀ ਬਿੱਲ ਭੁਗਤਾਨ ਅਤੇ ਹੋਰ ਸੇਵਾਵਾਂ ਪ੍ਰਦਾਨ ਕਰੇਗੀ। ਸੂਬੇ ਦੇ ਨਾਗਰਿਕ ਇੱਕ ਸਮਰਪਿਤ ਹੈਲਪਲਾਈਨ ਨੰਬਰ 1076 'ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ-ਮੁਲਾਕਾਤ ਦਾ ਸਮਾਂ ਤੈਅ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਨਾਗਰਿਕਾਂ ਨੂੰ ਸੇਵਾ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ, ਤੈਅ ਫੀਸਾਂ ਅਤੇ ਹੋਰਨਾਂ ਜ਼ਰੂਰਤਾਂ ਬਾਰੇ ਸੂਚਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਗਰਿਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ/ਸਮੇਂ ਬਾਰੇ ਐਸ.ਐਮ.ਐਸ. (ਮੋਬਾਇਲ ਸੰਦੇਸ਼) ਪ੍ਰਾਪਤ ਹੋਵੇਗਾ। ਇਸ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਕਰਮਚਾਰੀ ਟੈਬਲੈੱਟ ਦੇ ਨਾਲ ਨਿਰਧਾਰਤ ਸਮੇਂ 'ਤੇ ਉਨ੍ਹਾਂ ਦੇ ਘਰ/ਦਫ਼ਤਰ ਆਉਣਗੇ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨਗੇ ਅਤੇ ਫੀਸ ਲੈ ਕੇ ਰਸੀਦ ਦੇਣਗੇ। ਇਸ ਰਸੀਦ ਨਾਲ ਨਾਗਰਿਕ ਆਪਣੀ ਅਰਜ਼ੀ ਨੂੰ ਟਰੈਕ ਕਰ ਸਕਦੇ ਹਨ। ਇਸ ਸਕੀਮ ਨਾਲ ਨਾ ਸਿਰਫ਼ ਲੋਕਾਂ ਦੀ ਸਹੂਲਤ ਵਿੱਚ ਵਾਧਾ ਹੋਵੇਗਾ ਸਗੋਂ ਵਿਚੋਲਿਆਂ ਦੀ ਭੂਮਿਕਾ ਵੀ ਖ਼ਤਮ ਹੋਵੇਗੀ ਜਿਸ ਨਾਲ ਪਾਰਦਰਸ਼ਤਾ, ਕੁਸ਼ਲਤਾ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਯਕੀਨੀ ਬਣਾਇਆ ਜਾਵੇਗਾ।
ਨਾਗਰਿਕ ਅੱਜ ਭਾਵ 10 ਦਸੰਬਰ ਤੋਂ ਸੇਵਾ ਕੇਂਦਰਾਂ ਅਤੇ ਸਮਰਪਿਤ ਹੈਲਪਲਾਈਨ ਨੰਬਰ 1076 ਦੋਵਾਂ ਰਾਹੀਂ ਡੀ.ਐਸ.ਡੀ. ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹ ਸਕੀਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਸੂਬਾ ਸਰਕਾਰ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਾਗਰਿਕ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਆਸਾਨੀ ਨਾਲ ਅਤੇ ਨਿਰਵਿਘਨ ਢੰਗ ਨਾਲ ਕਰਵਾ ਸਕਣ। ਇਸ ਦੌਰਾਨ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੀ ਸਹੂਲਤ ਲਈ ਮੋਬਾਈਲ ਸਹਾਇਕਾਂ ਨੂੰ ਵੀ ਹਰੀ ਝੰਡੀ ਦਿੱਤੀ।

ਮਨੁੱਖੀ ਅਧਿਕਾਰ ਦਿਵਸ ਮੌਕੇ ਕਿਰਤੀ ਜਮਾਤ ਦੇ ਜਮਹੂਰੀ ਹੱਕਾਂ ਨੂੰ ਕੁਚਲਕੇ ਕਾਰਪੋਰੇਟਾਂ ਨੂੰ ਮਾਲੋਮਾਲ ਕਰਨ ਦੇ ਰਾਹ ਪਈਆਂ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ 

ਲੁਧਿਆਣਾ, 10 ਦਸੰਬਰ (  ਟੀ. ਕੇ.)   ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਅੱਜ ਵਿਸਵ ਮਨੁੱਖੀ ਅਧਿਕਾਰ ਦਿਵਸ ਮਨਾਉਂਦਿਆਂ ਸਰਕਾਰਾਂ ਵੱਲੋਂ ਇਹਨਾਂ ਅਧਿਕਾਰਾਂ ਨੂੰ ਖਤਮ ਕਰਨ ਵੱਲ ਵਧਣ ਖਿਲਾਫ ਜਬਰਦਸਤ ਨਾਅਰੇਬਾਜ਼ੀ  ਕੀਤੀ ਗਈ।  ਸਦੀਆਂ ਤੋਂ ਦੇਸ਼ ਦੀ ਰਾਜ ਕਰਤਾ ਸ਼੍ਰੇਣੀ ਵੱਲੋਂ ਕਿਰਤੀ ਸ਼੍ਰੇਣੀ ਨੂੰ ਗੁਲਾਮ ਬਣਾਕੇ ਮਨ ਮਰਜੀ ਦੀ ਉਜ਼ਰਤ ਦੇਣ ਅਤੇ ਤਰ੍ਹਾਂ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦੇ ਕੇ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਰੱਖੇ ਜਾਣ ਖਿਲਾਫ ਵੱਡੇ ਸੰਘਰਸ਼ ਲੜਨੇ ਪਏ ਹਨ। ਇਹਨਾਂ ਸ਼ੰਘਰਸ਼ਾਂ ਵਿੱਚ ਅਨੇਕਾਂ ਹੀ ਕਿਰਤੀਆਂ ਨੇ ਆਪਣੀਆਂ ਜਿਉਣ ਹਾਲਤਾਂ ਬੇਹਤਰ ਬਣਾਉਣ ਲਈ ਬੋਲਣ, ਪੜ੍ਹਣ ਲਿਖਣ , ਜੱਥੇਬੰਦੀ ਬਣਾਉਣ ਆਦਿ ਵਰਗੇ ਹੱਕ ਸ਼ਹਾਦਤਾਂ ਦੇ ਕੇ ਰਾਜ ਕਰਤਾ ਸ਼੍ਰੇਣੀ ਪਾਸੋਂ ਮਨੁੱਖੀ ਅਧਿਕਾਰਾਂ ਵਜੋਂ ਪ੍ਰਾਪਤ ਕੀਤੇ। ਹਰ ਇੱਕ ਲਈ ਜਿਉਣ ਲਈ ਕੁੱਲੀ, ਗੁੱਲੀ, ਜੁੱਲੀ ਵਰਗੇ ਅਧਿਕਾਰ ਪ੍ਰਾਪਤ ਕਰਨ ਅਤੇ ਹਰ ਇੱਕ ਲਈ ਬਰਾਬਰ ਦੀ ਸਿੱਖਿਆ ਅਤੇ ਚੰਗੀ ਸਿਹਤ ਲਈ ਲਗਾਤਾਰ ਸ਼ੰਘਰਸ਼ ਕਰਕੇ ਕੁੱਝ ਰਾਹਤਾਂ ਪ੍ਰਾਪਤ ਕੀਤੀਆਂ। ਪਰ ਅੱਜ ਲੰਮੇ ਸੰਘਰਸ਼ਾਂ ਦੁਆਰਾ ਪ੍ਰਾਪਤ ਕੀਤੇ ਮਨੁੱਖੀ ਹੱਕਾਂ ਉੱਪਰ ਅੱਜ ਦੀਆਂ ਸਰਕਾਰਾਂ ਵੱਲੋ ਕੋਹਾੜਾ ਚਲਾਕੇ ਵੱਡੇ ਪੂੰਜੀਪਤੀਆਂ/ ਕਾਰਪੋਰੇਟਾਂ ਨੂੰ ਦੇਸ਼ ਅਤੇ ਕਿਰਤੀ ਵਰਗ ਦੀ ਲੁੱਟ ਕਰਨ ਦੇ ਹਿੱਤ ਵਿੱਚ ਛਾਂਗਿਆ ਜਾ ਰਿਹਾ ਹੈ।ਨਵੀਂ ਤਕਨੀਕ ਅਤੇ ਮਸ਼ੀਨ ਦੀ ਵਰਤੋਂ ਆਮ ਮਨੁੱਖ ਦੇ ਹਿੱਤ ਵਿੱਚ ਕਰਨ ਦੀ ਬਜਾਏ ਉਸਨੂੰ ਵੱਡੇ ਮੁਨਾਫੇ ਕਮਾਉਣ ਲਈ ਵਰਤਿਆ ਜਾ ਰੀਹਾ ਹੈ। ਵੱਡੇ ਪੱਧਰ ਤੇ ਲੋਕਾਂ ਤੋਂ  ਸਿੱਖਿਆ ਅਤੇ ਰੋਜਗਾਰ ਆਦਿ ਵਰਗੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੀ ਵੱਡੀ ਜਨ ਸੰਖਿਆ ਲਈ ਦੋ ਡੰਗ ਦੀ ਰੋਟੀ ਖਾਣਾ ਵੀ ਦੁੱਭਰ ਹੋ ਗਿਆ ਹੈ।ਇਸ ਲਈ ਅੱਜ ਇਸ ਦਿਹਾੜੇ ਨੂੰ ਮਨਾਉਂਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਨੇ ਮੌਜੂਦਾ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਖਿਲਾਫ ਰੋਸ ਪ੍ਰਦਰਸਨ ਕਰਦਿਆਂ ਸਰਕਾਰੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਜਮਹੂਰੀ ਅਧਿਕਾਰ ਸਭਾ ਪੰਜਾਬ (ਲੁਧਿਆਣਾ) ਦੇ ਪ੍ਰਧਾਨ ਜਸਵੰਤ ਜੀਰਖ ਨੇ ਇਸ ਦਿਨ ਨੂੰ ਸਮਰਪਿਤ 23 ਦਸੰਬਰ ਨੂੰ ਇੱਥੇ ਹੀ ਹੋਣ ਵਾਲੇ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਘੇ ਗਾਂਧੀਵਾਦੀ ਸਮਾਜ ਚਿੰਤਕ ਹਿਮਾਸ਼ੂ ਕੁਮਾਰ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਪ੍ਰੋ: ਪ੍ਰਮਿੰਦਰ ਸਿੰਘ ਅੰਮ੍ਰਿਤਸਰ ਮੁੱਖ ਬੁਲਾਰਿਆਂ ਦੇ ਤੌਰ 'ਤੇ ਪਹੁੰਚ ਰਹੇ ਹਨ। ਇਸ ਮੌਕੇ ਡਾ: ਹਰਬੰਸ ਸਿੰਘ ਗਰੇਵਾਲ, ਮਾਸਟਰ ਸੁਰਜੀਤ ਸਿੰਘ, ਮਾਸਟਰ ਭਜਨ ਸਿੰਘ ਕੈਨੇਡਾ, ਐਡਵੋਕੇਟ ਹਰਪ੍ਰੀਤ ਜੀਰਖ, ਬਲਵਿੰਦਰ ਸਿੰਘ, ਕਰਤਾਰ ਸਿੰਘ,  ਰਾਕੇਸ਼ ਆਜ਼ਾਦ, ਅਰੁਣ ਕੁਮਾਰ, ਜਗਜੀਤ ਸਿੰਘ, ਸੁਬੇਗ ਸਿੰਘ,ਪ੍ਰਤਾਪ ਸਿੰਘ, ਮਾਨ ਸਿੰਘ, ਮਹੇਸ਼ ਕੁਮਾਰ ਆਦਿ ਸ਼ਾਮਲ ਸਨ।

ਪੱਕਾ ਮੋਰਚਾ ਨੇ ਮਨਾਇਆ ਡਾ: ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ

ਲੁਧਿਆਣਾ, 10 ਦਸੰਬਰ (ਟੀ. ਕੇ.) ਰਿਜਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਦੀ ਲੁਧਿਆਣਾ ਇਕਾਈ  ਸਰਕਟ ਹਾਊਸ ਲੁਧਿਆਣਾ ਵਿਖੇ  ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦਾ 67ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਇਸ ਮੌਕੇ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਜਦੋਂਕਿ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਮੋਰਚਾ ਪ੍ਰਧਾਨ ਪ੍ਰੋਫ਼ੇਸਰ ਹਰਨੇਕ ਸਿੰਘ ਨੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੱਸਿਆ ਕਿ ਬਾਬਾ ਸਾਹਿਬ ਨੇ ਸਾਰੀ ਉਮਰ ਗਰੀਬ ਅਤੇ ਦਲਿਤ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤੇ । ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਮੋਰਚੇ ਦੀਆਂ ਸੰਵਿਧਾਨਿਕ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲਿਆਂ ਲੋਕ ਸਭ ਚੋਣਾਂ ਵਿੱਚ ਸਾਰੇ ਰਾਜਨੀਤਕ ਨੇਤਾਵਾਂ ਦਾ ਸਮਾਜ ਵਲੋਂ ਘਿਰਾਓ ਕਰਕੇ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਮੁੱਖ ਮਹਿਮਾਨ  ਕੇਵਲ ਸਿੰਘ ਨੇ ਸਾਰੇ ਐੱਸ. ਸੀ./ ਬੀ. ਸੀ. ਸਮਾਜ ਨੂੰ ਮੋਰਚੇ ਨਾਲ ਜੁੜਣ ਲਈ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਮੋਰਚੇ ਪ੍ਰਤੀ ਪਿੰਡ ਪੱਧਰ 'ਤੇ ਦਲਿਤ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਾਂਗੇ। ਇਸ ਮੌਕੇ ਮੋਰਚੇ ਦੀ ਲੁਧਿਆਣਾ ਇਕਾਈ ਵਲੋਂ ਮੁੱਖ ਮਹਿਮਾਨ ਨੂੰ ਬਾਬਾ ਸਾਹਿਬ ਦੀ ਤਸਵੀਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਮੋਰਚਾ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੰਜੀਵ ਏਕਲਵਿਆ ਲੁਧਿਆਣਾ, ਵਿਕੀ ਪ੍ਰੋਚਾ ਧੁਰੀ, ਦਰਸ਼ਨ ਸਿੰਘ ਧੁਰੀ,  ਸੁਰਿੰਦਰ ਕੁਮਾਰ, ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ, ਅਮਰੀਕ ਸਿੰਘ , ਚੰਦਨ ਅਤੇ  ਸ਼ਾਮ ਲਾਲ ਭੰਗੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜਗਮੋਹਨ ਚੌਹਾਨ, ਮੱਘਰ ਸਿੰਘ, ਐਡਵੋਕੇਟ ਜੰਗ ਸਿੰਘ, ਸੁਰਿੰਦਰ ਸਿੰਘ, ਸ਼ੇਰ ਸਿੰਘ, ਜ਼ਬਰ ਸਿੰਘ, ਗੁਰਮੀਤ ਰਾਮ, ਜਸਪਾਲ ਸਿੰਘ, ਸਤੀਸ਼ ਚੰਦਰ, ਬਨਵਾਰੀ ਲਾਲ, ਜੈ ਸਿੰਘ, ਲਖਬੀਰ ਸਿੰਘ ਬੋਬੀ, ਵਿਕਰਾਂਤ ਗਿੱਲ, ਵਿਜੈ, ਰੋਹਿਤ ਸੇਠੀ, ਪਵਨ ਟਾਂਕ, ਪ੍ਰਿੰਸ ਵਿਰਾਟ ਅਤੇ ਸਤੀਸ਼ ਚੰਦਰ ਹਾਜਰ ਸਨ।

ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਮਹਾਨ ਗੁਰਮਤਿ  ਸਮਾਗਮ ਆਯੋਜਿਤ

ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ-ਭੁਪਿੰਦਰ ਸਿੰਘ

ਲੁਧਿਆਣਾ 10 ਦਸੰਬਰ ( ਕਰਨੈਲ ਸਿੰਘ ਐੱਮ. ਏ.)   ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਦਸ਼ਮੇਸ਼ ਪਿਤਾ  ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ 

 ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥਿਆਂ

ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ   ਭਾਈ ਰਣਜੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਗੁਰਸੇਵਕ ਸਿੰਘ ਯੂ.ਐਸ.ਏ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਸੇਧ ਲੈ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ. ਭੁਪਿੰਦਰ ਸਿੰਘ ਨੇ ਕਿਹਾ ਕਿ ਦਸ਼ਮੇਸ਼ ਪਿਤਾ ਦੇ ਲਾਲ ਧੰਨ  ਧੰਨ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਵਿਰਸੇ ਵਿੱਚੋਂ ਮਿਲੀ ਸਿੱਖੀ ਦੀ ਗੁੜ੍ਹਤੀ ਸਦਕਾ ਆਪ ਜੀ ਆਪਣੇ ਧਰਮ ਵਿੱਚ ਪ੍ਰਪੱਕ ਰਹੇ ਅਤੇ ਸਿੱਖੀ ਸਿਦਕ ,ਅਣਖ ਤੇ ਗ਼ੈਰਤ ਨੂੰ ਬਹਾਲ ਰੱਖਦਿਆਂ ਜ਼ਬਰ ਦਾ ਮੁਕਾਬਲਾ ਪੂਰੀ ਦਲੇਰੀ ਨਾਲ ਕਰਕੇ  ਛੋਟੀ ਉਮਰ ਵਿੱਚ ਆਪਣੀ ਸ਼ਹਾਦਤ ਦੇ ਕੇ ਸਿੱਖੀ ਦੇ ਝੰਡੇ ਨੂੰ ਬੁਲੰਦ ਕੀਤਾ। ਜਿਸ ਦੇ ਸਦਕਾ ਸਮੁੱਚੀ ਲੋਕਾਈ ਗੁਰੂ ਸਾਹਿਬ  ਜੀ ਦੇ ਛੋਟੇ ਲਾਲਾਂ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਅਰਪਿਤ ਕਰਦੀ ਹੈ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ. ਭੁਪਿੰਦਰ ਸਿੰਘ  ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਰਣਜੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਗੁਰਸੇਵਕ ਸਿੰਘ ਯੂ.ਐਸ.ਏ ਵਾਲਿਆਂ ਤੇ ਉਨ੍ਹਾਂ ਦੇ ਕੀਰਤਨੀ ਜੱਥਿਆਂ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ. ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਾਜਦੀਪ ਸਿੰਘ ਯੂ.ਕੇ. ਅਤੇ ਭਾਈ ਰਾਜਵਿੰਦਰ ਸਿੰਘ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ  ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।  ਕੀਰਤਨ ਸਮਾਗਮ ਅੰਦਰ   ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ ਭੁਟੀਆਨੀ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ, ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ,  ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਹਲਕਾ ਸਾਹਨੇਵਾਲ ਦੇ ਐਮ.ਐਲ.ਏ .ਹਰਦੀਪ ਸਿੰਘ ਮੁੰਡੀਆਂ ਨੇ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ

ਲੁਧਿਆਣਾ ( ਕਰਨੈਲ ਸਿੰਘ ਐੱਮ.ਏ.) ਜੀ .ਕੇ. ਅਸਟੇਟ, ਭਾਮੀਆਂ ਖੁਰਦ ਦੇ ਇਲਾਕਾ ਨਿਵਾਸੀਆਂ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਐਮ.ਐਲ.ਏ ਹਰਦੀਪ ਸਿੰਘ ਮੁੰਡੀਆਂ ਨੂੰ ਉਹਨਾਂ ਦੇ ਘਰ ਜਾ ਕੇ ਆਪਣੇ ਇਲਾਕੇ ਦੀਆਂ ਮੰਗਾਂ ਸੰਬੰਧੀ ਦੱਸਿਆ । ਉਹਨਾਂ ਕਿਹਾ ਕਿ ਸਾਡੀ  ਪਹਿਲੀ ਮੰਗ ਜੀ. ਕੇ. ਅਸਟੇਟ, ਭਾਮੀਆਂ ਖੁਰਦ  ਦੀਆਂ ਸੜਕਾਂ ਬਣਾਈਆਂ ਜਾਣ।  ਦੂਜੀ ਮੰਗ ਡਾਇੰਗਾਂ  ਤੋਂ ਆ ਰਹੀ ਕਾਲੀ ਸਵਾਹ ਕਾਰਨ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ। ਘਰਾਂ ਦੀਆਂ ਛੱਤਾਂ ਤੇ ਧੋਤੇ ਕੱਪੜੇ ਕਾਲੇ ਸੁਆਹ ਹੋ ਜਾਂਦੇ ਹਨ। ਛੱਤਾਂ ਕਾਲਖ ਨਾਲ ਭਰ ਜਾਂਦੀਆਂ ਹਨ। ਤੀਜੀ ਮੰਗ ਬਿਜਲੀ ਬੰਦ ਹੋ ਜਾਣ ਤੇ ਕੋਈ ਸੁਣਵਾਈ ਨਹੀਂ ਹੁੰਦੀ, ਕਈ ਵਾਰ ਅੱਠ-ਅੱਠ ਘੰਟੇ ਤੱਕ ਬਿਜਲੀ ਨਹੀਂ ਆਉਂਦੀ। ਚੌਥੀ ਮੰਗ ਭਾਮੀਆਂ ਖੁਰਦ ਦੀ ਪੰਚਾਇਤੀ ਜ਼ਮੀਨ ਦਾ ਰਿਕਾਰਡ ਕਢਵਾਇਆ ਜਾਵੇ ਤੇ ਦੱਸਿਆ ਜਾਵੇ ਕਿ ਕੁੱਲ ਜ਼ਮੀਨ ਕਿੰਨੀ ਹੈ ਤੇ ਸਲਾਨਾ ਆਮਦਨ ਕਿੰਨੀ  ਹੈ। ਉਹਨਾਂ ਇਲਾਕਾ ਨਿਵਾਸੀਆਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਮੰਗਾਂ ਤੇ ਵਿਚਾਰ ਕਰਕੇ ਜਲਦੀ ਹੱਲ ਕੱਢਿਆ ਜਾਵੇਗਾ।

ਸਰਬ ਸਾਂਝੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਹੋਈ

ਲੁਧਿਆਣਾ (ਕਰਨੈਲ ਸਿੰਘ ਐੱਮ.ਏ .) ‌‌ ਸਰਬ ਸਾਂਝੀ ਵੈਲਫੇਅਰ ਸੁਸਾਇਟੀ  ਦੀ ਮੀਟਿੰਗ ਬੀਤੇ ਦਿਨੀਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਅਰਬਨ ਅਸਟੇਟ  ਵਿਖੇ ਹੋਈ, ਜਿਸ ਵਿੱਚ ਗਿਆਨੀ ਫਤਿਹ ਸਿੰਘ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਅੰਦਰ ਸੂਹੀ ਰਾਗ ਵਿੱਚ ਦਰਜ ਚਾਰ ਲਾਵਾਂ ਦਾ ਮਹੱਤਵ ਵਿਸਥਾਰ ਸਹਿਤ ਦੱਸਿਆ ਉਹਨਾਂ ਕਿਹਾ ਕਿ ਅਨੰਦ ਕਾਰਜ ਸਮੇਂ ਗੁਰਦੁਆਰਿਆਂ ਵਿੱਚ ਇਹਨਾਂ ਚਾਰ ਲਾਵਾਂ ਦਾ ਹੀ ਪਾਠ ਕੀਤਾ ਜਾਂਦਾ ਹੈ। ਜਦੋਂ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ  ਵਿੱਚੋਂ ਵਾਰੀ -ਵਾਰੀ ਚਾਰ ਲਾਵਾਂ ਦਾ ਪਾਠ ਪੜ੍ਹਦੇ ਹਨ ਤਾਂ ਰਾਗੀ ਸਿੰਘ ਕੀਰਤਨ  ਤੇ ਚਾਰ ਲਾਵਾਂ ਦਾ ਪਾਠ ਵਾਰੀ-ਵਾਰੀ ਕਰਦੇ ਹਨ ਅਤੇ ਲੜਕਾ ਲੜਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ  ਨਤਮਸਤਕ ਹੋ ਕੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹਨ। ਉਹਨਾਂ ਕਿਹਾ ਕਿ ਪਹਿਲੀ ਲਾਂਵ ਦਾ ਮਤਲਬ ਧਰਮ ਕਮਾਇਆ ਹੈ ,ਦੂਜੀ ਲਾਂਵ ਦਾ ਮਤਲਬ ਜਿਵੇਂ ਸਤਿਗੁਰੂ ਜੀ ਕਹਿੰਦੇ ਹਨ ਉਸੇ ਤਰ੍ਹਾਂ ਕਰਨਾ ਹੈ, ਤੀਜੀ ਲਾਂਵ ਵਿੱਚ ਵੈਰਾਗ ਬਾਰੇ ਦੱਸਿਆ ਹੈ । ਚੌਥੀ ਲਾਂਵ ਵਿੱਚ ਪ੍ਰਭੂ ਮਿਲਾਪ  ਦਾ ਜ਼ਿਕਰ ਕੀਤਾ ਹੈ । ਡਾਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਮਹਾਰਾਜ ਦੇ ਦੱਸੇ ਉਪਦੇਸ਼  ਤੇ ਚੱਲਣਾ ਚਾਹੀਦਾ ਹੈ । ਜਿਸ ਤਰ੍ਹਾਂ ਲਾਵਾਂ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ,ਉਸ ਤਰ੍ਹਾਂ ਸਾਨੂੰ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਅੱਜ ਵਿਆਹ ਸ਼ਾਦੀਆਂ ਤੇ ਜੋ ਲੜਾਈ ਝਗੜੇ ਹੋ ਰਹੇ ਹਨ ,ਉਨ੍ਹਾਂ ਤੋਂ ਬਚਿਆ ਜਾ ਸਕੇ।  ਇਸ ਮੌਕੇ ਗੁਰਦੇਵ ਸਿੰਘ ਸਰਪ੍ਰਸਤ , ਡਾਕਟਰ ਅੰਮ੍ਰਿਤਪਾਲ ਸਿੰਘ ਚੇਅਰਮੈਨ ,ਵਰਿੰਦਰ ਸਿੰਘ ਖਜ਼ਾਨਚੀ, ਗਿਆਨੀ ਫਤਿਹ ਸਿੰਘ ,ਹਰਬੰਸ ਸਿੰਘ ਸਲੂਜਾ, ਹਰਪਾਲ ਸਿੰਘ, ਗੁਰਦੇਵ ਸਿੰਘ ਵਿਰਦੀ ,ਮਲੂਕ ਸਿੰਘ, ਰਣਜੀਤ ਸਿੰਘ ਸੈਣੀ ਤੇ ਐਸ. ਐਸ. ਗੰਭੀਰ ਮੈਂਬਰ ਹਾਜ਼ਰ ਸਨ।

ਧੰਨ ਧੰਨ ਬਾਬਾ ਅਟੱਲ ਰਾਇ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਅਤੇ ਸੇਵਾ ਸਮਾਗਮ 20 ਤੋਂ

ਲੁਧਿਆਣਾ ( ਕਰਨੈਲ ਸਿੰਘ ਐੱਮ. ਏ.) ਬਾਬਾ ਅਟੱਲ ਰਾਇ ਗੁਰਮਤਿ ਪ੍ਰਚਾਰ ਲੋਕ ਭਲਾਈ ਸਸਾਇਟੀ ਅੰਮ੍ਰਿਤਸਰ ਵੱਲੋਂ ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ ਦੇ ਪਾਵਨ ਆਗਮਨ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਗੁਰਮਤਿ ਅਤੇ ਸੇਵਾ ਸਮਾਗਮ 20, 21 ਅਤੇ 22 ਦਸੰਬਰ ਨੂੰ ਗੁਰਦੁਆਰਾ ਸੰਤ ਬਾਬਾ ਕਰਮ ਸਿੰਘ ਜੀ, ਹੋਤੀ ਮਰਦਾਨ, ਗਲੀ ਗੱਡਿਆਂ ਵਾਲੀ, ਚੌਕ ਮੰਨਾ ਸਿੰਘ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਸਜਾਇਆ ਜਾ ਰਿਹਾ ਹੈ। 20 ਦਸੰਬਰ ਨੂੰ ਮਹਾਨ ਗੁਰਮਤਿ ਸਮਾਗਮ ਦੁਪਹਿਰ 2 ਵਜੇ ਤੋਂ ਸ਼ਾਮ 5-30 ਵਜੇ ਤੱਕ ਹੋਵੇਗਾ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮਹੰਤ ਸੁਰਿੰਦਰ ਸਿੰਘ ਜੀ 'ਸੇਵਾਪੰਥੀ' ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ । ਸ੍ਰੀ ਸੁਖਮਨੀ ਸਾਹਿਬ ਦਾ ਪਾਠ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਅਤੇ ਹੋਰ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ। 21 ਅਤੇ 22 ਦਸੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5-30 ਵਜੇ ਤੱਕ ਮਹਾਨ ਸੇਵਾ ਸਮਾਗਮ ਹੋਵੇਗਾ ਜਿਸ ਵਿੱਚ 600 ਬੇਸਹਾਰਾ, ਵਿਧਵਾ ਬੀਬੀਆਂ ਨੂੰ ਰਾਸ਼ਨ ਵੰਡਣ ਦੀ ਸੇਵਾ ਕੀਤੀ ਜਾਵੇਗੀ। ਜਿਨ੍ਹਾਂ ਬੀਬੀਆਂ ਨੂੰ ਰਾਸ਼ਨ ਦੀ ਪਰਚੀ ਮਿਲੇਗੀ ਸਿਰਫ ਉਹਨਾਂ ਨੂੰ ਹੀ ਰਾਸ਼ਨ ਦਿੱਤਾ ਜਾਵੇਗਾ। ਸੇਵਾ ਕਾਰਜ ਦੀ ਆਰੰਭਤਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਰਨਗੇ। ਸਮਾਗਮ ਦਾ ਸਿੱਧਾ ਪ੍ਰਸਾਰਣ ਯੂ ਟਿਊਬ ,ਬਾਣੀ ਡੋਟ ਨੈਟ ਤੇ ਹੋਵੇਗਾ ।

ਸਰਦੀਆਂ ਦੇ ਮੌਸਮ ਵਿੱਚ ਮੱਛੀ ਪਾਲਣ ਸਬੰਧੀ ਵਿਸ਼ੇਸ਼ ਖ਼ਿਆਲ ਰੱਖਣਾ ਬਹੁਤ ਜ਼ਰੂਰੀ-ਮਾਹਿਰ 

ਲੁਧਿਆਣਾ, 07 ਦਸੰਬਰ(ਟੀ. ਕੇ.) ਮੱਛੀਆਂ ਠੰਢੇ ਖੂਨ ਵਾਲਾ ਜੀਵ ਹਨ ਇਸ ਲਈ ਸਰਦੀਆਂ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਪੈਂਦੀ ਹੈ।ਇਸ ਮੌਸਮ ਵਿੱਚ ਇਨ੍ਹਾਂ ਦੀ ਰੋਗਾਂ ਤੋਂ ਬਚਣ ਦੀ ਸਮਰੱਥਾ ਵੀ ਘਟ ਜਾਂਦੀ ਹੈ ਜਿਸ ਕਾਰਣ ਬਿਮਾਰੀਆਂ ਦਾ ਹਮਲਾ ਹੋਣ ਦਾ ਖਤਰਾ ਵਧ ਜਾਂਦਾ ਹੈ।ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਦੇ ਡੀਨ, ਡਾ. ਮੀਰਾ.ਡੀ. ਆਂਸਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਮੱਛੀਆਂ ਦੇ ਤਲਾਬਾਂ ਵਿੱਚ ਪਾਣੀ ਦੀ ਉਪਰਲੀ ਸਤਹਿ ਦਾ ਤਾਪਮਾਨ ਹੇਠਲੀ ਸਤਹਿ ਨਾਲੋਂ ਘੱਟ ਹੁੰਦਾ ਹੈ ਇਸ ਲਈ ਮੱਛੀਆਂ ਹੇਠਲੇ ਪਾਣੀ ਵਿੱਚ ਰਹਿਣਾ ਚਾਹੁੰਦੀਆਂ ਹਨ।ਇਸ ਲਈ ਸਰਦੀਆਂ ਦੇ ਮੌਸਮ ਵਿੱਚ ਤਲਾਬਾਂ ਵਿੱਚ ਘੱਟੋ ਘੱਟ 6 ਫੁੱਟ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਜਿਸ ਨਾਲ ਕਿ ਮੱਛੀਆਂ ਆਰਾਮ ਨਾਲ ਪਾਣੀ ਦੀ ਹੇਠਲੀ ਨਿੱਘੀ ਸਤਹਿ ਵਿੱਚ ਰਹਿ ਸਕਦੀਆਂ ਹਨ।ਸਰਦੀਆਂ ਵਿੱਚ ਦਿਨ ਛੋਟੇ ਹੋ ਜਾਂਦੇ ਹਨ ਅਤੇ ਰੌਸ਼ਨੀ ਵੀ ਘੱਟ ਮਿਲਦੀ ਹੈ।ਇਸ ਲਈ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ, ਕਈ ਵਾਰ ਬੱਦਲਵਾਈ ਦਾ ਮੌਸਮ ਹੋਣ ਕਾਰਣ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।ਇਸ ਲਈ ਜ਼ਰੂਰੀ ਹੈ ਕਿ ਅਜਿਹੇ ਮੌਸਮ ਵਿੱਚ ਤਲਾਬਾਂ ਵਿਚ ਤਾਜ਼ਾ ਪਾਣੀ ਪਾਉਂਦੇ ਰਿਹਾ ਜਾਵੇ। ਜੇਕਰ ਤਲਾਬਾਂ ਦੇ ਕਿਨਾਰੇ `ਤੇ ਰੁੱਖ ਹਨ ਤਾਂ ਉਨ੍ਹਾਂ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਡਿਗਦੇ ਪੱਤਿਆਂ ਨੂੰ ਤਾਲਾਬ ਤੋਂ ਬਾਹਰ ਕੱਢ ਦਿੱਤਾ ਜਾਏ।ਇਹ ਵੀ ਵੇਖਿਆ ਗਿਆ ਹੈ ਕਿ ਇਸ ਮੌਸਮ ਵਿੱਚ ਕਈ ਪਰਜੀਵੀ, ਅਤੇ ਉੱਲੀ ਆਦਿ ਵੀ ਮੱਛੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਸ ਵਾਸਤੇ ਲੋੜੀਂਦੀਆਂ ਤੇ ਸਹੀ ਦਵਾਈਆਂ ਡਾਕਟਰ ਦੀ ਸਲਾਹ ਨਾਲ ਵਰਤ ਲੈਣੀਆਂ ਚਾਹੀਦੀਆਂ ਹਨ।ਤਾਲਾਬ ਨੂੰ ਪ੍ਰਤੀ ਏਕੜ 1-2 ਕਿਲੋ ਲਾਲ ਦਵਾਈ ਪਾ ਕੇ ਸਾਫ ਰੱਖਣਾ ਚਾਹੀਦਾ ਹੈ।
    ਮੱਛੀਆਂ ਦੀ ਖਾਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੂਰੀ ਮਿਕਦਾਰ ਦੀ ਪਾਈ ਫੀਡ ਪੂਰਨ ਤੌਰ ’ਤੇ ਖਾਧੀ ਨਹੀਂ ਜਾਂਦੀ ਅਤੇ ਉਹ ਤਾਲਾਬ ਦੇ ਥੱਲੇ ਬੈਠ ਜਾਂਦੀ ਹੈ ਜਿਸ ਨਾਲ ਤਾਲਾਬ ਦੇ ਪਾਣੀ ਦੀ ਕੁਆਲਿਟੀ ਵੀ ਖਰਾਬ ਹੁੰਦੀ ਹੈ ਇਸ ਲਈ ਖੁਰਾਕ ਦੀ ਮਾਤਰਾ ਵੀ ਘਟਾ ਦੇਣੀ ਚਾਹੀਦੀ ਹੈ। ਜੇ ਤਾਪਮਾਨ 10 ਡਿਗਰੀ ਤੋਂ ਥੱਲੇ ਚਲਾ ਜਾਵੇ ਤਾਂ ਖੁਰਾਕ ਪਾਉਣੀ ਬੰਦ ਕਰ ਦੇਣੀ ਚਾਹੀਦੀ ਹੈ। ਪਾਣੀ ਵਿੱਚ ਪੈਦਾ ਹੋਣ ਵਾਲੀ ਕਾਈ ਜਾਂ ਬਨਸਪਤੀ ਨੂੰ ਸਾਫ ਕਰਦੇ ਰਹਿਣਾ ਚਾਹੀਦਾ ਹੈ। ਤਾਲਾਬ ਵਿੱਚ ਆਕਸੀਜਨ ਦੀ ਮਾਤਰਾ ਵਧਾਉਣ ਲਈ ਏਰੀਏਟਰ ਵੀ ਚਲਾਉਣਾ ਚਾਹੀਦਾ ਹੈ।ਪਾਣੀ ਦੇ ਖਾਰੇ ਅਤੇ ਤੇਜ਼ਾਬੀਪਣ ਦੀ ਜਾਂਚ ਵੀ ਬਹੁਤ ਜ਼ਰੂਰੀ ਹੈ। ਇਸ ਜਾਂਚ ਦੇ ਨਾਲ ਅਸੀਂ ਪਾਣੀ ਵਿੱਚ ਇਨ੍ਹਾਂ ਮਾਦਿਆਂ ਨੂੰ ਸੰਤੁਲਿਤ ਕਰ ਸਕਦੇ ਹਾਂ। ਡਾ. ਮੀਰਾ ਨੇ ਕਿਹਾ ਕਿ ਮੱਛੀ ਪਾਲਕ ਇਨ੍ਹਾਂ ਨੁਕਤਿਆਂ ਦੀ ਵਰਤੋਂ ਕਰਕੇ ਜਿੱਥੇ ਮੱਛੀਆਂ ਦੀ ਸਿਹਤ ਅਤੇ ਉਤਪਾਦਨ ਨੂੰ ਠੀਕ ਰੱਖ ਸਕਦੇ ਹਨ ਉਥੇ ਆਪਣੇ ਆਰਥਿਕ ਲਾਭ ਨੂੰ ਕਾਇਮ ਰੱਖ ਸਕਦੇ ਹਨ।

ਪੀ.ਏ.ਯੂ. ਵਿੱਚ ਮਹਿਕਾਂ ਵੰਡਦਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਆਰੰਭ ਹੋਇਆ

ਲੁਧਿਆਣਾ, 07 ਦਸੰਬਰ(ਟੀ. ਕੇ.) ਪੀ ਏ ਯੂ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅੱਜ ਸ਼ੁਰੂ ਹੋਇਆ। ਇਸ ਸ਼ੋਅ ਨੂੰ ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਆਰਗੇਨਾਈਜ਼ੇਸ਼ਨ ਵਲੋਂ ਸਾਂਝੇ ਤੌਰ `ਤੇ ਕਰਾਇਆ ਜਾ ਰਿਹਾ ਹੈ। ਇਹ ਸ਼ੋਅ ਆਧੁਨਿਕ ਪੰਜਾਬੀ ਕਵਿਤਾ ਦੇ ਉੱਘੇ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ ।

ਇਸ ਸ਼ੋਅ ਦੇ ਮੁੱਖ ਮਹਿਮਾਨ ਪੀ ਏ ਯੂ ਵਿਚ ਫਲੋਰੀਕਲਚਰ ਦੇ ਸਾਬਕਾ ਪ੍ਰੋਫੈਸਰ ਅਤੇ ਰਾਸ਼ਟਰੀ ਪੱਧਰ ਤੇ ਫਲੋਰੀਕਲਚਰ ਦੇ ਸਲਾਹਕਾਰ ਡਾ ਏ ਪੀ ਐਸ ਗਿੱਲ ਸਨ। ਉਨ੍ਹਾਂ ਨੇ ਗੁਲਦਾਉਦੀ ਦੀਆਂ ਏਨੀਆਂ ਕਿਸਮਾਂ ਦਾ ਮੇਲਾ ਲਾਉਣ ਲਈ ਪੀ ਏ ਯੂ ਦੀ ਪ੍ਰਸ਼ੰਸਾ ਕਰਦਿਆਂ ਫੁੱਲਾਂ ਦੀ ਖੇਤੀ ਸੰਬੰਧੀ ਯੂਨੀਵਰਸਿਟੀਆਂ ਵਲੋਂ ਕੀਤੀਆਂ ਜਾ ਰਹੀਆਂ ਖੋਜਾਂ ਪ੍ਰਤੀ ਤਸੱਲੀ ਪ੍ਰਗਟਾਈ।

ਇਸ ਸ਼ੋਅ ਦੀ ਪ੍ਰਧਾਨਗੀ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸੁਹਜ ਅਤੇ ਸਹਿਜ ਮਨੁੱਖੀ ਹੋਂਦ ਫੁੱਲਾਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਨੇ ਮਨੁੱਖ ਦੀਆਂ ਭਾਵਨਾਵਾਂ ਤੇ ਕੁਦਰਤ ਦੇ ਆਪਸੀ ਜੁੜਾਵ ਦੀ ਗੱਲ ਕੀਤੀ ਤੇ ਅਜੋਕੇ ਤਣਾਅ ਭਰੇ ਮਾਹੌਲ ਵਿਚ ਫੁੱਲਾਂ ਰਾਹੀਂ ਸੁੰਦਰਤਾ ਮਾਨਣ ਅਤੇ ਤਣਾਅ ਤੋਂ ਮੁਕਤੀ ਦਾ ਰਾਹ ਸੁਝਾਇਆ। ਡਾ ਗੋਸਲ ਨੇ ਕਿਹਾ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਕੁਦਰਤ ਪ੍ਰੇਮੀ ਭਾਈ ਵੀਰ ਸਿੰਘ ਜੀ ਨੇ ਕੁਦਰਤ ਨੂੰ ਆਪਣੀ ਕਾਵਿਕਾਰੀ ਦਾ ਮਾਧਿਅਮ ਬਣਾਇਆ ਤੇ ਗੁਲਦਾਉਦੀ ਦੇ ਫੁੱਲਾਂ ਬਾਰੇ ਜੀਵੰਤ ਕਵਿਤਾ ਲਿਖੀ। 

ਵਾਈਸ ਚਾਂਸਲਰ ਨੇ ਕਿਹਾ ਕਿ ਫੁੱਲਾਂ ਬਾਰੇ ਸਿਰਫ ਕਵਿਤਾਵਾਂ ਪੜ੍ਹਨੀਆਂ ਹੀ ਲਾਜ਼ਮੀ ਨਹੀਂ ਬਲਕਿ ਫੁੱਲਾਂ ਨੂੰ ਆਪਣੇ ਘਰਾਂ, ਵਿਹੜਿਆਂ ਅਤੇ ਖੇਤਾਂ ਵਿਚ ਲਾਉਣਾ ਸੁੰਦਰਤਾ ਨੂੰ ਪ੍ਰਸਾਰਿਤ ਕਰਨਾ ਹੈ। ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਆਪਣੀ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਵਪਾਰਕ ਫੁੱਲਾਂ ਦੀ ਖੇਤੀ ਰਾਹੀਂ ਮੁਨਾਫੇ ਬਾਰੇ ਪੀ ਏ ਯੂ ਦੀਆਂ ਸਿਫਾਰਿਸ਼ਾਂ ਉੱਪਰ ਅਮਲ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ । ਉਹਨਾਂ ਕਿਹਾ ਕਿ ਇਹ ਫ਼ਸਲੀ ਵਿਭਿੰਨਤਾ ਲਈ ਇੱਕ ਵਿਹਾਰਕ ਬਦਲ ਵੀ ਹੈ।

ਡਾ. ਗੋਸਲ ਨੇ ਕਿਹਾ ਕਿ ਉਹ ਏਨੇ ਰੰਗਾਂ, ਵੰਨਾਂ ਅਤੇ ਕਿਸਮਾਂ ਦੀਆਂ ਗੁਲਦਾਉਦੀ ਦੀਆਂ ਕਿਸਮਾਂ ਦੇਖ ਕੇ ਬੜੇ ਪ੍ਰਸੰਨ ਹੋਏ ਹਨ। ਉਨ੍ਹਾਂ ਨੇ ਸ਼ਹਿਰ ਦੇ ਨਾਲ ਨਾਲ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਤੇ ਫੁੱਲਾਂ ਦੇ ਇਸ ਮੇਲੇ ਤੋਂ ਸੁੰਦਰਤਾ ਅਤੇ ਸੁਹਜ ਦਾ ਸੁਨੇਹਾ ਆਪਣੇ ਨਾਲ ਲੈ ਕੇ ਜਾਣ। 

ਭਿੰਨ-ਭਿੰਨ ਰੰਗਾਂ ਵਿੱਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਮੋਹ ਲਿਆ । ਸ਼ੋਅ ਦੌਰਾਨ ਵੱਖ ਵੱਖ ਗੁਲਦਸਤਿਆਂ ਵਿੱਚ ਸਜੀਆਂ ਕਿਸਮਾਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀਆਂ ਸਨ । 

ਸ਼ੋਅ ਦੇ ਕੁਆਰਡੀਨੇਟਰ ਅਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੀ.ਏ.ਯੂ.ਕੋਲ ਗੁਲਦਾਉਦੀ ਦੀਆਂ 200 ਦੇ ਕਰੀਬ ਕਿਸਮਾਂ ਦਾ ਜਰਮਪਲਾਜ਼ਮ ਹੈ, ਹੁਣ ਤਕ ਵਿਭਾਗ ਨੇ 17 ਕਿਸਮਾਂ ਦਾ ਵਿਕਾਸ ਕੀਤਾ ਸੀ। ਇਸ ਵਰ੍ਹੇ ਗੁਲਦਾਉਦੀ ਦੀਆਂ 19 ਨਵੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ।  ਪੰਜਾਬ ਵਿੱਚ ਆਮ ਖੇਤੀ ਅਤੇ ਗਮਲਿਆਂ ਲਈ ਜਾਰੀ ਕੀਤੀਆਂ ਗਈਆਂ ਕਿਸਮਾਂ ਸ਼ਾਮਿਲ ਹਨ। ਵਿਭਾਗ ਇਸ ਫੁੱਲ ਬਾਰੇ ਖੋਜ ਕਰਨ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਨੂੰ ਲੈਂਡਸਕੇਪ ਦੀ ਵਰਤੋਂ ਅਤੇ ਵਪਾਰਕ ਖੇਤੀ ਲਈ ਗੁਲਦਾਉਦੀ ਦੇ ਫੁੱਲ ਉਗਾਉਣ ਲਈ ਪ੍ਰੇਰਿਤ ਕਰਨਾ ਹੈ। 

ਇਸ ਸ਼ੋਅ ਦੇ ਇੰਚਾਰਜ ਡਾ ਸਿਮਰਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਵਰਗਾਂ ਵਿਚ 4 ਹਜ਼ਾਰ ਤੋਂ ਵਧੇਰੇ ਗਮਲੇ ਪ੍ਰਦਰਸ਼ਿਤ ਹੋਏ ਹਨ।ਉਨ੍ਹਾਂ ਕਿਹਾ ਕਿ  ਇਸ ਸ਼ੋਅ ਦੌਰਾਨ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਲਈ ਗੁਲਦਸਤੇ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਇਨਾਮ ਵੰਡ ਸਮਾਰੋਹ 7 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ।

ਕੈਂਪਸ ਦੇ ਅੰਦਰ ਅਤੇ ਬਾਹਰੋਂ ਵੱਡੀ ਗਿਣਤੀ ਵਿੱਚ ਲੋਕ ਸ਼ੋਅ ਨੂੰ ਦੇਖਣ ਲਈ ਪਹੁੰਚੇ। ਇਹ ਸ਼ੋਅ 7 ਦਸੰਬਰ ਤੱਕ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ। ਸੈਲਾਨੀਆਂ ਲਈ ਗੁਲਦਾਉਦੀ ਦੀਆਂ ਅਨੇਕ ਰੰਗਾਂ ਵਾਲੀਆਂ ਕਿਸਮਾਂ ਸ਼ੋਅ ਦਾ ਮੁੱਖ ਆਕਰਸ਼ਣ ਹਨ।

ਇਸ ਮੌਕੇ ਪੀ ਏ ਯੂ ਦੇ ਕਾਲਜਾਂ ਦੇ ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ , ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ।

ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸੰਵਿਧਾਨ ਨਿਰਮਾਤਾ ਡਾ.  ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ

ਲੁਧਿਆਣਾ, 6 ਦਸੰਬਰ (ਟੀ. ਕੇ.) ਅੰਬੇਡਕਰ ਨਵਯੁਵਕ ਦਲ ਵੱਲੋਂ ਸੰਵਿਧਾਨ ਦੀਨਿਰਮਾਤਾ ਡਾ. ਬੀ.ਆਰ ਅੰਬੇਡਕਰ  ਦਾ ਪ੍ਰੀਨਿਰਵਾਣ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਜਲੰਧਰ ਬਾਈਪਾਸ ਨੇੜੇ ਅੰਬੇਡਕਰ ਭਵਨ ਵਿਖੇ ਸਮਾਗਮ ਕਰਵਾਇਆ ਗਿਆ|  ਜਿੱਥੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ, ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਪਣੇ ਪੱਧਰ 'ਤੇ ਨਸ਼ਿਆਂ ਖਿਲਾਫ ਕੰਮ ਕਰ ਰਿਹਾ ਹੈ, ਪਰ ਇਸ ਜੰਗ ਨੂੰ ਫੈਸਲਾਕੁੰਨ ਨਤੀਜੇ 'ਤੇ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ਮੁਹੱਲਾ, ਵਾਰਡ, ਪਿੰਡ, ਤਹਿਸੀਲ, ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਇਕਜੁੱਟ ਹੋਣਾ ਪਵੇਗਾ, ਤਾਂ ਜੋ ਗੁਰੂਆਂ ਅਤੇ ਪੀਰਾਂ ਦੀ ਧਰਤੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।  ਇਸ ਦੌਰਾਨ ਉਨ੍ਹਾਂ ਨੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਦੀ ਵੀ ਸਾਂਝਾ ਕੀਤਾ ਅਤੇ ਲੋਕਾਂ ਨੂੰ ਇਸ ਸੋਚ 'ਤੇ ਅੱਗੇ ਵਧਣ ਦੀ ਅਪੀਲ ਵੀ ਕੀਤੀ |  ਲਵਲੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ 'ਤੇ ਚੱਲ ਕੇ ਹੀ ਅਸੀਂ ਆਪਣੀ ਅਤੇ ਦੂਜਿਆਂ ਦੀ ਭਲਾਈ ਨੂੰ ਯਕੀਨੀ ਬਣਾ ਸਕਦੇ ਹਾਂ।
ਦਲ ਦੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ, ਤਾਂ ਜੋ ਸਮਾਜ ਨੂੰ ਹੋਰ ਉਚਾਈਆਂ ਵੱਲ ਲਿਜਾਇਆ ਜਾ ਸਕੇ।  ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਦੇ ਪਿਛੜੇ ਅਤੇ ਕਮਜ਼ੋਰ ਵਰਗਾਂ ਲਈ ਲੜਾਈ ਲੜੀ | ਉਨ੍ਹਾਂ ਦੀਆਂ ਕੁਰਬਾਨੀਆਂ ਕਾਰਨ ਅੱਜ ਪੂਰਾ ਦੇਸ਼ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।  ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਦੇ ਯਸ਼ ਦੀਆਂ ਗਾਥਾਵਾਂ ਹਮੇਸ਼ਾ ਗੂੰਜਦੀਆਂ ਰਹਿਣਗੀਆਂ।
ਇਸੇ ਤਰ੍ਹਾਂ ਯੂਥ ਪ੍ਰਧਾਨ ਕੁਲਵੰਤ ਸਿੰਘ ਪੱਪੀ ਨੇ ਵੀ ਨੌਜਵਾਨਾਂ ਨੂੰ ਡਾ ਅੰਬੇਡਕਰ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਅਤੇ ਉਸ 'ਤੇ ਅਮਲ ਕਰਨ ਲਈ ਕਿਹਾ, ਤਾਂ ਜੋ ਅਸੀਂ ਆਪਣੇ ਸਮਾਜ, ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਸਕੀਏ।
ਇਸ ਤੋਂ ਪਹਿਲਾਂ, ਅੰਬੇਡਕਰ ਨਵਯੁਵਕ ਦਲ ਦੀ ਤਰਫੋਂ ਜਲੰਧਰ ਬਾਈਪਾਸ ਚੌਕ ਵਿਖੇ ਸਥਾਪਿਤ ਡਾ. ਅੰਬੇਡਕਰ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
ਸਮਾਰੋਹ ਮੌਕੇ ਹੋਰਨਾਂ ਤੋਂ ਇਲਾਵਾ, ਜਿਲੇਦਾਰ ਰਾਓ ਕੁਸ਼ਭਾਕਰ, ਮੁਨਸ਼ੀ ਰਾਮ ਹਰਖ, ਸ਼ਿਵ ਸ਼ੰਕਰ ਪ੍ਰਜਾਪਤੀ, ਕਾਨੂੰਨੀ ਸਲਾਹਕਾਰ, ਐਡਵੋਕੇਟ ਆਰ.ਐਲ ਸੁਮਨ, ਮਹਿਲਾ ਪ੍ਰਧਾਨ ਰਾਜ ਕੁਮਾਰੀ, ਤਨਿਸ਼ਕ ਕਨੌਜੀਆ, ਊਸ਼ਾ ਦੇਵੀ, ਕਲਪਨਾ ਦੇਵੀ, ਕੌਸਲਿਆ ਦੇਵੀ, ਮੀਤ ਪ੍ਰਧਾਨ ਲਲਨ ਬੌਧ, ਰਵੀ ਨਿਸ਼ਾਦ, ਸੂਬਾਲਾਲ ਯਾਦਵ, ਯੂਥ ਪ੍ਰਧਾਨ ਪੱਪੀ (ਕੁਲਵੰਤ ਸਿੰਘ), ਮੀਤ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਛੋਟੇਲਾਲ ਪਾਲ, ਰਾਜਕੁਮਾਰ, ਖਜ਼ਾਨਚੀ ਹਰਕੇਸ਼ ਕੁਮਾਰ, ਸਹਾਇਕ ਜੈ ਭੀਮ ਕੁਮਾਰ, ਸੰਗਠਨ ਸਕੱਤਰ ਕਾਲੀਚਰਨ, ਸੰਗਠਨ ਸਕੱਤਰ ਇੰਦਲ ਪ੍ਰਸਾਦ, ਸੰਯੁਕਤ ਸਕੱਤਰ ਬ੍ਰਿਜਲਾਲ, ਰਾਮਲਾਲ ਚੌਰਸੀਆ, ਖੇਤਰੀ ਸਕੱਤਰ- ਜਨਕਪੁਰੀ - ਸੁਰੇਸ਼ ਕੁਮਾਰ, ਮੱਕੜ ਕਲੋਨੀ, ਰਾਮ ਸਕਲ ਜੀ, ਸ਼ੇਰਪੁਰ, ਕੈਲਾਸ਼ ਨਗਰ- ਮਨੋਜ ਕੁਮਾਰ, ਸੱਭਿਆਚਾਰਕ ਸਕੱਤਰ- ਰਾਮ ਸੂਰਤ, ਵਿਨੋਦ ਭਾਰਤੀ ਆਦਿ ਹਾਜ਼ਰ ਸਨ।

ਪੰਜਾਬ ਮੁਲਾਜਮ ਤੇ ਪੈਨਸ਼ਨਰ ਫਰੰਟ ਵੱਲੋਂ ਦਫਤਰੀ ਕਾਮਿਆਂ ਦੀ ਮੁਕੰਮਲ ਹਮਾਇਤ ਦਾ ਐਲਾਨ

ਲੁਧਿਆਣਾ, 6 ਦਸੰਬਰ (ਟੀ. ਕੇ.) ਪੰਜਾਬ ਮੁਲਾਜਮ ਅਤੇ ਪੈਨਸ਼ਨਰ ਫਰੰਟ ਸ਼ਾਖਾ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਪੈਨਸ਼ਨ ਭਵਨ, ਲੁਧਿਆਣਾ ਵਿਖੇ ਕਨਵੀਨਰ ਗੁਰਮੇਲ ਸਿੰਘ ਮੈਲਡੇ ਦੀ ਪ੍ਰਧਾਨਗੀ ਹੇਠ ਹੋਈ, ਜਿਸ  ਵਿਚ ਵੱਖ ਵੱਖ ਫੈਡਰੇਸ਼ਨਾਂ ਅਤੇ ਪੈਨਸ਼ਨਰ ਯੂਨੀਅਨ ਦੇ ਆਗੂ ਸ਼ਾਮਿਲ ਹੋਏ।ਇਸ ਮੌਕੇ ਪੈਨਸ਼ਨਰ ਇਨਫਰਮੇਸ਼ਨ ਸੈਂਟਰ ਦੇ ਚੇਅਰਮੈਨ ਦਲੀਪ ਸਿੰਘ, ਸਾਬਕਾ ਚੇਅਰਮੈਨ ਅਤੇ ਕਨਵੀਨਰ ਸੁਸ਼ੀਲ ਕੁਮਾਰ ਨਿਰਭੈ ਸਿੰਘ ਪ ਸ ਸ ਫੈਡਰੇਸ਼ਨ ਚੰਡੀਗੜ੍ਹ, ਸੁਰਿੰਦਰ ਸਿੰਘ ਬੈਂਸ, ਅਸ਼ੋਕ ਕੁਮਾਰ ਮੱਟੂ, ਸ਼ੇਰ ਸਿੰਘ ਪੈਨਸ਼ਨ ਜੁਆਇਟ ਫਰੰਟ ਦੇ ਆਗੂ ਕੁਲਵੰਤ ਸਿੰਘ ਪੰਜਾਬ ਪੈਨਸ਼ਨ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਸੀਲੋਂ , ਨਿਰਮਲ ਸਿੰਘ ਲਲਤੋਂ, ਹਰਜਿੰਦਰ ਸਿੰਘ ਲਲਤੋਂ, ਅਸ਼ੋਕ ਕੁਮਾਰ, ਮਦਨ ਲਾਲ ਸ਼ਰਮਾ, ਕੁਲਭੂਸ਼ਨ ਕੁਮਾਰ, ਗੁਰਦਿਆਲ ਸਿੰਘ, ਸ਼ਾਮ ਸੁੰਦਰ, ਹਰਜੀਤ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਮੌਕੇ ਮੀਟਿੰਗ ਵਿੱਚ ਪੰਜਾਬ ਮੁਲਾਜਮਾਂ ਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਵੱਲੋਂ ਸੰਘਰਸ਼ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿਲ੍ਹਾ ਮੁਲਾਜਮ ਫਰੰਟ ਦੀ ਤਿਆਰੀ ਕਨਵੈਨਸ਼ਨ ਅਗਲੇ ਹਫਤੇ ਕੀਤੀ ਜਾਵੇਗੀ।ਇਸ ਮੌਕੇ ਗੁਰਮੇਲ ਸਿੰਘ ਮੈਲਡੇ , ਦਲੀਪ ਸਿੰਘ, ਨਿਰਭੈ ਸਿੰਘ ਤੇ ਸੁਸ਼ੀਲ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ-ਪੈਨਸ਼ਨ ਦੀ ਮੰਗਾਂ ਪੂਰੀਆਂ ਕਰਨ ਤੋਂ ਮੁਨਕਰ ਹੈ। ਪੈਨਸ਼ਨਰਾਂ ਦੀ 2.59 ਗੁਣਾਂਕ ਦਾ ਪੈਨਸ਼ਨ ਸੋਧ ਫਾਰਮੂਲਾ ਲਾਗੂ ਕਰਨ, ਡੀ .ਏ ਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਬਕਾਏ ਦੇਣ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਰਹੀ ਹੈ।ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਫਰੰਟ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਗਾਹਾਂ ਵੱਲ ਕਾਲੇ ਝੰਡੇ ਲੈ ਕੇ ਮਾਰਚ ਕੀਤੇ ਜਾਣਗੇ।

ਇਸ ਮੌਕੇ ਮੀਟਿੰਗ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੀ ਪੂਰੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਸਾਂਝਾ ਫਰੰਟ ਲੁਧਿਆਣਾ ਵੱਲੋਂ ਹਰ ਰੋਜ ਸਾਂਝੇ ਤੌਰ ਤੇ ਵੱਡੀ ਗਿਣਤੀ ਵਿੱਚ ਪੀ.ਐਸ.ਐਮ.ਐਸ.ਯੂ ਵਲੋਂ ਕੀਤੀ ਜਾਂਦੀ ਰੋਸ ਰੈਲੀ ਵਿੱਚ ਵੱਡਾ ਜੱਥਾ ਸ਼ਾਮਲ ਹੋਇਆ ਕਰੇਗਾ। ਜੇਕਰ ਸਰਕਾਰ ਮਨਿਸਟਰੀਅਲ ਸਟਾਫ ਨਾਲ ਕੋਈ ਬੇਇਨਸਾਫੀ ਕਰੇਗੀ ਤਾਂ ਸਾਂਝਾ ਫਰੰਟ ਅਤੇ ਪੈਨਸ਼ਨਰ ਯੂਨੀਅਨਾਂ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨਗੀਆਂ।

ਕਿਰਤ ਹੱਕ ਲਾਗੂ ਕਰਵਾਉਣ ਲਈ 28 ਦਿਨਾਂ ਤੋਂ ਸੰਘਰਸ਼ ਕਰ ਰਹੇ ਮਾਰਸ਼ਲ ਮਸ਼ੀਨਜ ਮਜਦੂਰ ਅੱਜ ਵੀ  ਧਰਨੇ ਵਿੱਚ ਡਟੇ ਰਹੇ

ਲੁਧਿਆਣਾ, 6 ਦਸੰਬਰ(ਟੀ. ਕੇ.) ਮਾਰਸ਼ਲ ਮਸ਼ੀਨਜ ਲਿਮਿਟਡ ਫੈਕਟਰੀ ਦੇ ਮਜਦੂਰ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ 28ਵੇਂ ਦਿਨ ਵੀ ਧਰਨੇ ਵਿੱਚ ਡਟੇ ਰਹੇ। ਅੱਜ ਮਜਦੂਰਾਂ ਨੇ ਕਿਰਤ ਵਿਭਾਗ ਦੇ ਦਫਤਰ ਵਿਖੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਮਜਦੂਰ ਜਥੇਬੰਦੀ ਦੀ ਸਿਰਮੌਰ ਆਗੂ ਗਗਨਦੀਪ ਕੌਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਕਿਰਤ ਵਿਭਾਗ ਦਫਤਰ ਵਿੱਚ ਏ.ਐਲ.ਸੀ, ਕਿਰਤ ਇੰਸਪੈਕਟਰ ਜਾਂ ਕੋਈ ਵੀ ਜਿੰਮੇਵਾਰ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਨਾ ਹੀ ਮਾਲਕ-ਮੈਨੇਜਮੈਂਟ ਵੱਲੋਂ ਕੋਈ ਨੁਮਾਇੰਦਾ ਪਹੁੰਚਿਆ ਜਦ ਕਿ ਵਾਅਦਾ ਕੀਤਾ ਗਿਆ ਸੀ ਕਿ ਮਜ਼ਦੂਰਾਂ ਦੇ ਇੱਕ ਹਿੱਸੇ ਦੇ ਬਕਾਏ ਦਾ ਹਿਸਾਬ ਅੱਜ ਪੇਸ਼ ਕੀਤਾ ਜਾਵੇਗਾ। ਸੰਘਰਸ਼ਸ਼ੀਲ ਮਜਦੂਰਾਂ ਨੇ ਅੱਜ ਫੇਰ ਹੋਈ ਵਾਅਦਾ-ਖਿਲਾਫੀ ਵਿਰੁੱਧ ਰੋਸ ਜਤਾਇਆ ਹੈ। ਉਨ੍ਹਾਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 9 ਨਵੰਬਰ ਤੋਂ ਹੜਤਾਲ ’ਤੇ ਬੈਠੇ ਮਜਦੂਰਾਂ ਦੀ ਮੰਗ ਹੈ ਕਿ ਝੂਠੇ ਦੋਸ਼ਾਂ ਤਹਿਤ ਕੰਮ ਤੋਂ ਕੱਢੇ ਗਏ ਆਗੂਆਂ ਦੀ ਬਹਾਲੀ ਹੋਵੇ, ਤਨਖਾਹ ਵਾਧਾ, ਬੋਨਸ ਭੁਗਤਾਨ ਆਦਿ ਕਿਰਤ ਹੱਕ ਲਾਗੂ ਹੋਣ। ਜੇਕਰ ਕਿਰਤ ਵਿਭਾਗ ਕਿਰਤ ਕਨੂੰਨਾਂ ਤਹਿਤ ਇਹ ਕੰਪਨੀ ਨਹੀਂ ਚਲਵਾ ਸਕਦਾ ਤਾਂ ਉਹਨਾਂ ਦੀ ਨੌਕਰੀ ਦੌਰਾਨ ਗਰੈਚੂਇਟੀ, ਬੋਨਸ, ਬਕਾਇਆ ਤਨਖਾਹ, ਕਮਾਈਆਂ ਛੁੱਟੀਆਂ ਦੇ ਪੈਸਿਆਂ ਦਾ ਸਾਰਾ ਹਿਸਾਬ ਦੇ ਦਿੱਤਾ ਜਾਵੇ। ਅੱਜ ਮਾਲਕ ਨੇ 12 ਆਗੂਆਂ ਦਾ ਲਿਖਤੀ ਹਿਸਾਬ ਕਿਰਤ ਵਿਭਾਗ ਅੱਗੇ ਪੇਸ਼ ਕੀਤਾ ਹੈ। ਮਜਦੂਰਾਂ ਦਾ ਕਹਿਣਾ ਹੈ ਕਿ ਸਾਰਿਆਂ ਦਾ ਹਿਸਾਬ ਬਣਾਇਆ ਜਾਵੇ ਅਤੇ ਕੰਮ ’ਤੇ ਲੱਗਣ ਦੀ ਅਸਲ ਤਰੀਕ ਅਤੇ ਅਸਲ ਪੈਮਾਨਿਆਂ ਤਹਿਤ ਹਿਸਾਬ ਬਣਾਇਆ ਜਾਵੇ। ਮਾਲਕਾਂ ਵੱਲੋਂ ਪੇਸ਼ ਕੀਤੇ ਗਏ ਹਿਸਾਬ ਵਿੱਚ ਕਈ ਕਮੀਆਂ ਅਤੇ ਹੇਰਾ-ਫੇਰੀਆਂ ਕੀਤੀਆਂ ਗਈਆਂ ਹਨ।
ਅੱਜ ਦੇ ਧਰਨੇ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਅਦਾਰਾ ਲਲਕਾਰ ਵੱਲੋਂ ਰਾਜਵਿੰਦਰ ਸਿੰਘ, ਮਾਰਸ਼ਲ ਮਸ਼ੀਨ ਯੂਨੀਅਨ ਵੱਲੋਂ ਰੁਪਿੰਦਰ ਸਿੰਘ, ਤਿਲਕਧਾਰੀ, ਮੰਗਾ ਸਿੰਘ ਅਤੇ ਪਵਨ ਕੁਮਾਰ, ਨੌਜਵਾਨ ਭਾਰਤ ਸਭਾ ਵੱਲੋਂ ਸੰਜੂ ਨੇ ਵੀ ਸੰਬੋਧਨ ਕੀਤੇ।

ਵਿੱਤੀ ਸਹਾਇਤਾ ਰਾਹੀਂ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ 

ਪੀ.ਐਮ.ਐਫ.ਐਮ.ਈ. ਸਕੀਮ ਅਧੀਨ ਭਾਗੀਦਾਰਾਂ ਨੂੰ ਸਬਸਿਡੀ ਵਾਲੇ ਕਰਜ਼ਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਵੀ ਕੀਤੀ ਅਪੀਲ
ਲੁਧਿਆਣਾ, 6 ਦਸੰਬਰ (ਟੀ. ਕੇ. ) -
ਅੱਜ ਸਥਾਨਕ ਬੱਚਤ ਭਵਨ ਵਿਖੇ ਪੀ.ਐਮ.ਐਫ.ਐਮ.ਈ. ਸਕੀਮ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਮ ਲੋਕਾਂ/ਸੈਲਫ ਹੈਲਪ ਗਰੁੱਪਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। 

ਪ੍ਰੋਗਰਾਮ ਵਿੱਚ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰ, ਕਿਸਾਨ ਉਤਪਾਦਕ ਸੰਸਥਾਵਾਂ ਦੇ ਨੁਮਾਇੰਦਿਆਂ, ਉਭਰਦੇ ਉੱਦਮੀ ਅਤੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਸਮੇਤ 75 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ। ਸਕੀਮ ਦੇ ਵੱਖ-ਵੱਖ ਹਿੱਸਿਆਂ ਸਮੇਤ 35 ਫੀਸਦ ਸਬਸਿਡੀ, ਸਾਂਝਾ ਬੁਨਿਆਦੀ ਢਾਂਚਾ ਅਤੇ ਪ੍ਰੋਸੈਸਿੰਗ ਲਾਈਨਾਂ ਸਥਾਪਤ ਕਰਨ ਲਈ ਐਫ.ਪੀ.ਓਜ/ਐਫ.ਪੀ.ਸੀਜ/ ਐਸ.ਐਚ.ਜੀ/ ਉਤਪਾਦਕ ਸਹਿਕਾਰੀ/ ਸਰਕਾਰੀ ਏਜੰਸੀਆਂ ਨੂੰ 10 ਲੱਖ ਤੋਂ 3 ਕਰੋੜ ਰੁਪਏ, ਪਹਿਲਾਂ ਹੀ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਅਤੇ ਮੁਫਤ ਤਕਨੀਕੀ ਅਤੇ ਕਾਰੋਬਾਰੀ ਸਿਖਲਾਈ ਸ਼ੁਰੂ ਕਰ ਰਹੇ ਸੈਲਫ ਹੈਲਪ ਗਰੁੱਪਾਂ ਦੇ ਪ੍ਰਤੀ ਮੈਂਬਰ ਨੂੰ ਬੀਜ ਪੂੰਜੀ ਵਜੋਂ 40000 ਰੁਪਏ ਤੱਕ ਦੀ ਰਾਸ਼ੀ ਅਤੇ ਲੈਂਡਹੋਲਡਿੰਗ ਸਹਾਇਤਾ ਬਾਰੇ ਲੰਮੀ ਚਰਚਾ ਕੀਤੀ ਗਈ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ 'ਚ ਡੇਅਰੀ ਸਟੇਕਹੋਲਡਰ ਵਰਕਸ਼ਾਪ ਲੱਗੀ 

ਲੁਧਿਆਣਾ, 6 ਦਸੰਬਰ (ਟੀ. ਕੇ. ) - ਸੈਂਟਰ ਆਫ ਐਕਸੀਲੈਂਸ ਫਾਰ ਡੇਅਰੀ ਸਕਿੱਲ ਇਨ ਇੰਡੀਆ (ਸੀ.ਈ.ਡੀ.ਐਸ.ਆਈ.) ਵਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਵਿੱਚ ਕੈਟਲ ਫੀਡ ਮੈਨੂਫੈਕਚਰਿੰਗ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੁਨੀਵਰਸਿਟੀ ਵਿਖੇ ਪਸ਼ੂ ਪੋਸ਼ਣ ਵਿੱਚ ਮੌਕਿਆਂ ਅਤੇ ਚੁਣੌਤੀਆਂ ਬਾਰੇ ਡੇਅਰੀ ਸਟੇਕਹੋਲਡਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਸੈਂਟਰ ਆਫ਼ ਐਕਸੀਲੈਂਸ ਫਾਰ ਡੇਅਰੀ ਸਕਿੱਲਜ਼ ਇਨ ਇੰਡੀਆ (ਸੀ.ਈ.ਡੀ.ਐਸ.ਆਈ.), ਜੋ ਕਿ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਚੱਲ ਰਹੀ ਐਗਰੀਕਲਚਰ ਸਕਿੱਲ ਕੌਂਸਲ ਆਫ਼ ਇੰਡੀਆ (ਏ.ਐਸ.ਸੀ.ਆਈ.) ਦੀ ਇੱਕ ਅਨਿੱਖੜਵੀਂ ਪਹਿਲਕਦਮੀ ਹੈ, ਦਾ ਉਦੇਸ਼ ਭਾਰਤੀ ਡੇਅਰੀ ਖੇਤਰ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਨੂੰ ਵਧਾਉਣਾ ਹੈ।

ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਦੇ ਕੈਟਲ ਫੀਡ ਨਿਰਮਾਤਾ, ਮਿਲਕਫੈੱਡ ਕੈਟਲ ਫੀਡ ਪਲਾਂਟਾਂ ਅਤੇ ਮਿਲਕ ਯੂਨੀਅਨਾਂ ਦੇ ਨੁਮਾਇੰਦੇ, ਮਾਰਕਫੈੱਡ ਕੈਟਲ ਫੀਡ ਪਲਾਂਟ, ਗਡਵਾਸੂ ਦੇ ਵਿਗਿਆਨੀ, ਸੈਂਟਰ ਆਫ ਐਕਸੀਲੈਂਸ ਫਾਰ ਡੇਅਰੀ ਸਕਿੱਲਜ਼ ਇਨ ਇੰਡੀਆ ਦੇ ਅਧਿਕਾਰੀ, ਕੋਰਟੇਵਾ, ਕੇਮਿਨ, ਕਾਰਗਿਲ, ਆਈ.ਟੀ.ਸੀ., ਐਕਸੀਲੈਂਸ ਇੰਟਰਪ੍ਰਾਈਜਿਜ਼, ਅਡਵਾਂਟਾ ਅਤੇ ਹੋਰ ਕਈ ਕੰਪਨੀਆਂ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਗਡਵਾਸੂ ਦੇ ਵਿਗਿਆਨੀ ਨੇ ਪਸ਼ੂ ਖੁਰਾਕ ਦੀ ਰਚਨਾ ਅਤੇ ਕਾਨੂੰਨੀ ਪਾਲਣਾ ਨਾਲ ਸਬੰਧਤ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਪਸ਼ੂ ਖੁਰਾਕ ਬਣਾਉਣ ਵਾਲੇ ਉਦਯੋਗ ਦੇ ਨੁਮਾਇੰਦਿਆਂ ਨੇ ਕੱਚੇ ਮਾਲ ਅਤੇ ਗੁਣਵੱਤਾ ਦੀਆਂ ਵਧਦੀਆਂ ਕੀਮਤਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ। ਚਾਰੇ ਦੇ ਉਤਪਾਦਨ ਅਤੇ ਸੰਭਾਲ ਦੇ ਮਾਹਿਰਾਂ ਨੇ ਚਾਰੇ ਦੇ ਸੰਸ਼ੋਧਨ ਰਾਹੀਂ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਰਣਨੀਤੀਆਂ ਦਾ ਸੁਝਾਅ ਦਿੱਤਾ।

ਸੀ.ਈ.ਡੀ.ਐਸ.ਆਈ. ਦੇ ਮਾਹਿਰਾਂ ਨੇ ਜੀ.ਐਚ.ਜੀ. ਨੂੰ ਘਟਾਉਣ, ਪਸ਼ੂਆਂ ਦੇ ਚਾਰੇ ਅਤੇ ਕੱਚੇ ਮਾਲ ਦੀਆਂ ਰਚਨਾਵਾਂ 'ਤੇ ਡਾਟਾਬੇਸ ਬਣਾਉਣ ਅਤੇ ਨੀਤੀ ਨਿਰਮਾਣ ਵਿੱਚ ਵਰਤੋਂ ਲਈ ਮਾਹਿਰਾਂ ਨਾਲ ਸਾਂਝਾ ਕਰਨ ਲਈ ਰਣਨੀਤੀਆਂ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ। ਆਮ ਤੌਰ 'ਤੇ, ਭਾਗੀਦਾਰਾਂ ਨੇ ਫੀਡ ਅਤੇ ਚਾਰੇ ਵਿੱਚ ਮਾਈਕੋਟੌਕਸਿਨ ਦੇ ਵਧ ਰਹੇ ਪੱਧਰ ਦੇ ਵਿਰੁੱਧ ਲੜਨ ਦਾ ਫੈਸਲਾ ਕੀਤਾ।

ਇਹ ਵਰਕਸ਼ਾਪ ਘੱਟ ਲਾਗਤਾਂ 'ਤੇ ਦੁੱਧ ਉਤਪਾਦਕਤਾ ਵਧਾਉਣ ਲਈ ਪਸ਼ੂ ਖੁਰਾਕ ਨਿਰਮਾਣ ਉਦਯੋਗ ਨੂੰ ਮਜ਼ਬੂਤ ਕਰਨ, ਗੁਣਵੱਤਾ ਵਿੱਚ ਸੁਧਾਰ ਅਤੇ ਦੁੱਧ ਉਤਪਾਦਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀਆਂ ਰੁਕਾਵਟਾਂ ਅਤੇ ਮੌਕਿਆਂ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਰਕਸ਼ਾਪ ਰਾਹੀਂ ਕੈਟਲ ਫੀਡ ਉਦਯੋਗ, ਕਿਸਾਨਾਂ, ਅਕਾਦਮੀਆਂ ਅਤੇ ਸੀ.ਈ.ਡੀ.ਐਸ.ਆਈ. ਦੇ ਮਿਸ਼ਨ ਨਾਲ ਜੁੜੇ ਪੇਸ਼ੇਵਰਾਂ ਵਿਚਕਾਰ ਗਿਆਨ ਅਤੇ ਵਿਚਾਰਾਂ ਦੇ ਇੱਕ ਅਰਥਪੂਰਨ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ।

ਇਹ ਵਰਕਸ਼ਾਪ ਦੁੱਧ ਉਤਪਾਦਨ ਅਤੇ ਡੇਅਰੀ ਉਦਯੋਗ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਨ ਵਾਲੀਆਂ 6 ਡੇਅਰੀ ਸਟੇਕਹੋਲਡਰ ਵਰਕਸ਼ਾਪਾਂ ਦੀ ਲੜੀ ਵਿੱਚ 5ਵੀਂ ਸੀ।

8 ਮਹੀਨੇ ਬਾਅਦ ਅੱਜ ਮੁੜ ਰੋਕੇ ਚਿੱਪ ਵਾਲੇ ਬਿਜਲੀ ਮੀਟਰ

ਪਾਵਰ ਕਾਮ ਅਧਿਕਾਰੀਆਂ ਨੂੰ ਮਿਲਿਆ ਦਸ਼ਮੇਸ਼ ਯੂਨੀਅਨ ਦਾ ਜੁਝਾਰੂ ਵਫ਼ਦ 

ਮੁੱਲਾਂਪੁਰ ਦਾਖਾ 6 ਦਸੰਬਰ (ਸਤਵਿੰਦਰ ਸਿੰਘ ਗਿੱਲ ) 22 ਮਾਰਚ 2023 ਤੋਂ ਬਾਅਦ ਅੱਜ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ  ਲੁਧਿਆਣਾ ਨੇ ਸਬਡਵੀਜ਼ਨ ਲਲਤੋਂ ਕਲਾਂ  ਦੇ ਪਿੰਡਾਂ ਲਲਤੋਂ ਖੁਰਦ ਤੇ ਲਲਤੋਂ ਕਲਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣ ਤੋਂ ਪਾਵਰਕਾਮ ਅਧਿਕਾਰੀਆਂ ਨੂੰ ਮੁੜ ਰੋਕ ਦਿੱਤਾ ਹੈ। ਵਰਨਯੋਗ ਹੈ ਕਿ ਅੱਜ ਤੋਂ ਕਰੀਬ 8 ਮਹੀਨੇ ਪਹਿਲਾਂ, ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਵੱਡਾ ਕਾਫਲਾ ਲਾਮਬੰਦ ਕਰਕੇ ਦੋਨੋਂ ਪਿੰਡਾਂ ਦੀਆਂ ਜਲ ਸਪਲਾਈ ਟੈਂਕੀਆਂ 'ਤੇ ਬਿਜਲੀ ਮਹਿਕਮੇ ਵੱਲੋਂ ਲਾਏ ਚਿੱਪ ਵਾਲੇ ਸਮਾਰਟ ਮੀਟਰ ਪੁੱਟ ਕੇ, ਬਿਜਲੀ ਦਫਤਰ ਜਮਾਂ ਕਰਵਾ ਕੇ ,ਇਸ ਮੁਹਿੰਮ ਨੂੰ ਬਰੇਕਾਂ ਲਾ ਦਿੱਤੀਆਂ ਸਨ। ਪ੍ਰੰਤੂ ਪਿਛਲੇ ਦਿਨਾਂ ਤੋਂ ਮਹਿਕਮੇ ਵੱਲੋਂ ਚੋਰੀ ਛਿਪੇ ਜਾਂ ਭੋਲੇ ਭਾਲੇ ਕਿਸਾਨਾਂ- ਮਜ਼ਦੂਰਾਂ ਨੂੰ ਗੁਮਰਾਹ ਕਰਕੇ ਚਿੱਪ ਵਾਲੇ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ।
    ਇਸ ਮਹਿਮ ਦੇ ਵਿਰੋਧ ਵਿੱਚ ਅੱਜ ਐਕਸੀਅਨ ਸ੍ਰੀ ਮਨਿੰਦਰ ਕੁਮਾਰ ਤੇ ਐੱਸ. ਡੀ. ਓ. ਇੰਦਰਪਾਲ ਸਿੰਘ ਨੂੰ ਵਾਰੀ- ਵਾਰੀ ਦਸਮੇਸ਼ ਯੂਨੀਅਨ ਦੇ ਆਗੂਆਂ ਵਰਕਰਾਂ ਤੇ ਹਮਦਰਦਾਂ ਦਾ ਜੁਝਾਰੂ ਵਫ਼ਦ ਮਿਲਿਆ ।  
         ਵਫ਼ਦ ਨੇ ਦਲੀਲਾਂ ਦਿੱਤੀਆਂ ਕਿ ਦੇਸ਼ ਦੀਆਂ ਨਿਜੀ ਬਿਜਲੀ ਕਾਰਪੋਰੇਟਾਂ ਦੀ ਮੰਗ ਅਨੁਸਾਰ,( ਸਾਰੇ ਬਿਜਲੀ ਬੋਰਡਾਂ ਨੂੰ ਖਰੀਦਣ ਤੋਂ ਪਹਿਲਾਂ ਉਹਨਾਂ ਦੀ ਪ੍ਰੀ- ਪੇਡ ਪ੍ਰਣਾਲੀ ਦੀ ਪੂਰਵ- ਸ਼ਰਤ ਅਨੁਸਾਰ )ਕੇਂਦਰ ਦੀ ਫਿਰਕੂ ਫਾਸ਼ੀ ਤੇ ਲੋਕ ਵਿਰੋਧੀ ਮੋਦੀ ਹਕੂਮਤ ਦੇ ਅਦੇਸਾਂ ਅਨੁਸਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਮਾਰਚ 23'ਚ ਦਿੱਤੀ ਸਹਿਮਤੀ ਅਨੁਸਾਰ ,ਰਚੀ ਜਾ ਰਹੀ ਚਿੱਪ ਮੀਟਰਾਂ ਦੀ ਸਾਜਿਸ਼ ਨੂੰ ਕਦਾਚਿਤ ਵੀ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ। ਸੋ ਸੰਯੁਕਤ ਕਿਸਾਨ  ਮੋਰਚਾ ਭਾਰਤ ਦੀ ਪੰਜਾਬ ਬਰਾਂਚ ਦੀਆਂ ਸਮੂਹ ਜਥੇਬੰਦੀਆਂ ਦੇ ਫੈਸਲੇ ਦੀ ਰੌਸ਼ਨੀ ਵਿੱਚ ਇਹ ਮੀਟਰ ਲਗਾਉਣੇ ਬੰਦ ਕੀਤੇ ਜਾਣ,ਨਹੀਂ ਤਾਂ ਬਿਜਲੀ ਦਫਤਰਾਂ ਮੂਹਰੇ ਸਖਤ ਐਕਸ਼ਨ ਵਿੱਢ ਦਿੱਤੇ ਜਾਣਗੇ।
      ਐਕਸੀਅਨ ਨੇ ਯਕੀਨ ਦੁਆਇਆ ਕਿ ਜਥੇਬੰਦੀ ਦਾ ਮੈਮੋਰੈਂਡਮ ਤੁਰੰਤ ਉੱਪਰ ਭੇਜ ਕੇ ਯੋਗ ਕਾਰਵਾਈ ਯਕੀਨੀ ਬਣਾਈ ਜਾਵੇਗੀ। 
    ਐਸ.ਡੀ.ਓ  ਨੇ ਯਕੀਨ ਦੁਆਇਆ ਕਿ ਆਮ ਜਨਤਾ ਨਾਲ ਤੇ ਜਥੇਬੰਦੀ ਨਾਲ ਕੋਈ ਟਕਰਾਅ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਦੀ ਮੰਗ ਅਨੁਸਾਰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਗਾਉਣ ਤੋਂ ਰੋਕ ਦਿੱਤੇ ਜਾਣਗੇ।
   ਇਸ ਤੋਂ ਇਲਾਵਾ ਐੱਸ. ਡੀ .ਓ . ਨੇ ਯਕੀਨ ਦੁਆਇਆ ਕਿ ਲਲਤੋਂ ਖੁਰਦ ਦੀ ਬਿਜਲੀ ਸਪਲਾਈ ਨੂੰ ਅੰਡਰਲੋਡ ਕਰਨ ਦੇ ਸਾਲ ਭਰ ਤੋਂ ਲਟਕਦੇ ਕਾਰਜ ਨੂੰ ਪੂਰਾ ਕਰਨ ਲਈ ਨਵਾਂ ਟਰਾਂਸਫਾਰਮਰ ਇਕ ਹਫਤੇ ਦੇ ਅੰਦਰ- ਅੰਦਰ ਲਾਜ਼ਮੀ ਲਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ "ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰੀ ਲਾਇਬਰੇਰੀ" ਦਾ ਨਾਮ ਦਰਜ ਕਰਨ ਸਬੰਧੀ ਲੋੜੀਂਦੀ ਕਾਰਵਾਈ ਜਰੂਰ ਨੇਪਰੇ ਚਾੜ ਦਿੱਤੀ ਜਾਵੇਗੀ।
      ਅੱਜ ਦੇ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਗਰਾਜ ਸਿੰਘ ਰਾਜਾ ,ਪਰਮਿੰਦਰ ਸਿੰਘ ਪਿੰਦੀ ,ਰਣਜੀਤ ਸਿੰਘ ਜੀਤੂ ,ਸਾਬਕਾ ਥਾਣੇਦਾਰ ਗੁਰਚਰਨ ਸਿੰਘ, ਸਰਬਜੀਤ ਸਿੰਘ ,ਜਤਿੰਦਰ ਸਿੰਘ, ਵਿਸਾਖਾ ਸਿੰਘ , ਜੋਬਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਡਿਪਲੋਮਾ ਇੰਜੀਨੀਅਰਜ਼ ਵਲੋਂ ਕਾਰਜਕਾਰੀ ਇੰਜੀਨੀਅਰ ਤਰਨਜੀਤ ਸਿੰਘ ਅਰੋੜਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼  ਸਨਮਾਨ

ਲੁਧਿਆਣਾ, 3 ਨਵੰਬਰ (ਟੀ. ਕੇ. )ਲੋਕ ਨਿਰਮਾਣ ਵਿਭਾਗ  (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ/ ਕਾਰਜਕਾਰੀ  ਇੰਜੀਨੀਅਰ (ਪਦ ਉੱਨਤ ਜੇਈ ਕਾਡਰ ) ਦੀ ਨੁਮਾਇੰਦਾ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਸਰਕਲ ਲੁਧਿਆਣਾ ਵੱਲੋਂ ਕਾਰਜਕਾਰੀ ਇੰਜੀਨੀਅਰ ਤਰਨਜੀਤ ਸਿੰਘ ਅਰੋੜਾ ,ਪ੍ਰਾਂਤਕ ਮੰਡਲ ਲੁਧਿਆਣਾ ਦਾ ਸੇਵਾ ਮੁਕਤੀ ਉਪਰੰਤ ਇੱਕ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਡੀ: ਈ: ਏ: ,ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਅਤੇ ਇੰਜ: ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ ਡੀ: ਈ: ਏ: ਪੰਜਾਬ ਵੱਲੋਂ ਇੰਜ: ਅਰੋੜਾ ਦੀਆਂ ਵਿਭਾਗ ਪ੍ਰਤੀ ਅਤੇ ਬਤੌਰ ਵਿੱਤ ਸਕੱਤਰ ਡੀ: ਈ: ਏ: ਲੁਧਿਆਣਾ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ- ਪੂਰਵਕ ਚਾਨਣਾ ਪਾਇਆ ਗਿਆ। ਇਸ ਵਿਦਾਇਗੀ ਪਾਰਟੀ ਵਿੱਚ ਇੰਜ: ਸਤਵੰਤ ਸਿੰਘ ਭਾਟੀਆ ਉਪ ਮੰਡਲ  ਇੰਜੀਨੀਅਰ (ਸੇਵਾ ਮੁਕਤ) ਇੰਜੀ: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ , ਇੰਜੀ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਵੱਲੋ ਇੰਜੀ: ਅਰੋੜਾ ਦੀਆਂ ਵਿਭਾਗ, ਪ੍ਰਸ਼ਾਸਨ ਅਤੇ ਜੱਥੇਬੰਦੀ  ਪ੍ਰਤੀ ਪੂਰੀ ਤਨਦੇਹੀ, ਲਗਨ ਨਾਲ  ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਪ੍ਰਸ਼ੰਸਾ ਕੀਤੀ ਗਈ । ਇੰਜੀ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ: ਵਰਿੰਦਰ ਕੁਮਾਰ ਜੱਖੂ ਸੂਬਾ ਜੱਥੇਬੰਦਕ ਸਕੱਤਰ, ਇੰਜ: ਅਨਿਲ ਮਿਨਹਾਸ,ਇੰਜ: ਰਾਜ ਕੁਮਾਰ ਪ੍ਰਾਂਤਕ ਮੰਡਲ, ਇੰਜ: ਇੰਦਰਜੀਤ ਸਿੰਘ ਸਮਰਾਲਾ , ਇੰਜ: ਗੁਰਪ੍ਰੀਤ ਸਿੰਘ ਧੀਰ , ਇੰਜ: ਅਮਨਦੀਪ ਸਿੰਘ ਬਿਜਲੀ ਵਿੰਗ, ਇੰਜ: ਜਗਵੀਰ ਸਿੰਘ-ਬਿਜਲੀ ਵਿੰਗ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰਜ਼) ਵੱਲੋਂ ਇੰਜ:ਅਰੋੜਾ ਦੀਆਂ ਸਾਰੀਆਂ ਵਿਭਾਗੀ ਅਤੇ ਪ੍ਸ਼ਾਸਨਿਕ  ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸ਼ੰਸ਼ਾ ਕੀਤੀ ਗਈ। ਇਸ ਸਮਾਗਮ ਵਿੱਚ ਇੰਜ:ਪਵਨ ਕੁਮਾਰ, ਇੰਜ: ਬਲਜੀਤ ਸਿੰਘ, ਇੰਜੀ: ਜਸਪ੍ਰੀਤ ਸਿੰਘ, ਇੰਜ: ਸੰਦੀਪ ਸਿੰਘ ਬਿਜਲੀ ਵਿੰਗ , ਇੰਜੀ: ਰਾਜਿੰਦਰ ਕੁਮਾਰ ਪਾਠਕ  (ਸਾਰੇ ਹੀ ਜੂਨੀਅਰ /ਸਹਾਇਕ ਇੰਜੀਨੀਅਰਜ਼) ਆਦਿ ਵੱਲੋਂ ਕਾਰਜਕਾਰੀ ਇੰਜੀਨੀਅਰ ਅਰੋੜਾ ਦੀਆਂ ਮਹੱਤਵਪੂਰਨ  ਵਿਭਾਗੀ ਸੇਵਾਵਾਂ  ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਡੀ: ਈ: ਏ: ਲੁਧਿਆਣਾ ਦੇ ਸਮੂਹ ਮੈਂਬਰਾਨ ਤੇ ਅਹੁਦੇਦਾਰਾਂ ਵੱਲੋਂ ਸੇਵਾ ਮੁਕਤ ਹੋਏ ਕਾਰਜਕਾਰੀ  ਇੰਜੀਨੀਅਰ ਇੰਜ: ਅਰੋੜਾ ਨੂੰ ਵਿਸ਼ੇਸ਼  ਯਾਦਗਾਰੀ ਸਨਮਾਨ ਚਿੰਨ, ਸ਼ਾਲ ਆਦਿ ਭੇਟ ਕਰਕੇ  ਸਨਮਾਨਿਤ ਕੀਤਾ ਗਿਆ। ਡੀ: ਈ: ਏ: ਵੱਲੋਂ ਕੀਤੀ ਗਈ  ਵਿਦਾਇਗੀ ਪਾਰਟੀ ਲਈ ਧੰਨਵਾਦ ਕਰਦਿਆਂ ਇੰਜ: ਅਰੋੜਾ ਵੱਲੋਂ ਜੱਥੇਬੰਦਕ ਕਾਰਜ਼ਾ  ਲਈ ਹਰ ਸਮੇਂ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ ਗਿਆ।

ਇਨਵੈਸਟ ਪੰਜਾਬ ਤਹਿਤ ਲੁਧਿਆਣਾ 'ਚ ਕਾਹਲੋਂ ਡਿਵੈਲਪਰਜ ਵਲੋਂ 66 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਜਲਦ ਸ਼ੁਰੂਆਤ

1500 ਤੋਂ ਵੱਧ ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਢਾਈ ਕਰੋੜ ਦੀ ਲਾਗਤ ਵਾਲੇ ਪੁੱਲ ਦੇ ਮੁੰਕਮਲ ਹੋਣ ਨਾਲ ਆਵਾਜਾਈ ਹੋਵੇਗੀ ਸੁਖਾਵੀਂ
ਲੁਧਿਆਣਾ, 3 ਦਸੰਬਰ (ਟੀ. ਕੇ. ) -
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਦੇ ਚੱਲਦਿਆਂ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਇਨਵੈਸਟ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੰਪਨੀਆਂ ਦੇ ਨਾਲ ਰਾਬਤਾ ਕਰਕੇ ਪੰਜਾਬ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਕਾਹਲੋਂ ਡਿਵੈਲਪਰਜ ਵਲੋਂ ਲੁਧਿਆਣਾ ਵਿੱਚ 66 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸੇ ਪ੍ਰੋਜੈਕਟ ਅਧੀਨ ਸਿੱਧਵਾਂ ਨਹਿਰ ਦੇ ਲੁਹਾਰਾ ਪੁੱਲ ਨੇੜੇ ਇੱਕ ਨਵੇਂ ਪੁੱਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ 'ਤੇ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਆਵੇਗੀ, ਦਾ ਵੈਲਕਮ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋ ਵੱਲੋਂ ਕੀਤਾ ਗਿਆ। ਇਸ ਦਾ ਰਸਮੀ ਤੌਰ 'ਤੇ ਨੀਂਹ ਪੱਥਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ।

ਇਸ ਮੌਕੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਗੁਰਮੇਲ ਸਿੰਘ ਚੇਅਰਮੈਨ ਸੰਗਰੂਰ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰਕ ਸ਼ਖਸ਼ੀਅਤਾਂ ਵੀ ਮੌਜੂਦ ਰਹੀਆਂ।

ਇਸ ਮੌਕੇ ਬੋਲਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਵਿੱਚ ਇਹ ਪਹਿਲਾ ਇਨਵੈਸਟਰ ਪ੍ਰੋਜੈਕਟ ਹੈ ਜਿਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਉਨ੍ਹਾਂ ਲੁਹਾਰਾ ਨਜ਼ਦੀਕ ਨਵੇਂ ਬਣਨ ਜਾ ਰਹੇ ਢਾਈ ਕਰੋੜ ਦੀ ਲਾਗਤ ਵਾਲੇ ਪੁੱਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਈ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਜਿੱਥੇ ਨਿਵੇਸ਼ ਕਰ ਰਹੀਆਂ ਨੇ ਉੱਥੇ ਇਸ ਕਮਰਸ਼ੀਅਲ ਪ੍ਰੋਜੈਕਟ ਦੇ ਸਥਾਪਤ ਹੋਣ ਨਾਲ 1500 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ 45 ਦਿਨਾਂ ਵਿੱਚ ਇਸ ਪੁੱਲ ਨੂੰ ਮੁਕੰਮਲ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਇਸ ਪੁੱਲ ਦੇ ਜ਼ਰੀਏ ਕਾਫੀ ਸਹੂਲਤ ਮਿਲੇਗੀ।

ਇਸ ਪ੍ਰੋਜੈਕਟ ਦੇ ਪ੍ਰਬੰਧਕ ਗੁਰਬੀਰ ਸਿੰਘ ਕਾਹਲੋ ਨੇ ਕਿਹਾ ਕਿ ਵਿਦੇਸ਼ੀ ਤਰਜ ਤੇ ਇਸ ਪ੍ਰੋਜੈਕਟ ਨੂੰ ਇੱਥੇ ਲਿਆਂਦਾ ਗਿਆ ਹੈ ਜੋ ਕਮਰਸ਼ੀਅਲ ਹੈ ਅਤੇ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ 20 ਦਸੰਬਰ ਤੋਂ ਇਸ ਪੁੱਲ ਦੀ ਸ਼ੁਰੂਆਤ ਹੋਵੇਗੀ ਅਤੇ ਇਹ ਪੁਲ 40 ਫੁੱਟ ਚੌੜਾ ਹੋਵੇਗਾ। 

ਇਸ ਮੌਕੇ ਅਜੇਪਾਲ ਸਿੰਘ, ਰੋਮਨ ਕਾਹਲੋਂ, ਸਤਿੰਦਰ ਸਿੰਘ ਚੱਠਾ ਧੂਰੀ, ਮਾਓ ਹਰਰਤਨਵੀਰ ਸਿੰਘ ਘੁੰਮਣ, ਗੁਰਮੇਲ ਸਿੰਘ ਅੜੈਚਾਂ, ਸੈਂਟਰਲ ਬੈਂਕ ਦੇ ਜਨਰਲ ਮੈਨੇਜਰ ਸ਼ੀਸ਼ ਰਾਮ, ਰਾਜੀਵ ਸ਼ਰਮਾ ਰੀਜਨਲ ਮੈਨੇਜਰ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਗਗਨਦੀਪ ਸਿੰਘ ਸਰਪੰਚ ਬ੍ਰਹਮਜਰਾ, ਮਾਸਟਰ ਹਰੀ ਸਿੰਘ, ਵਿਕਰਮਜੀਤ ਸਿੰਘ, ਸਤਪਾਲ ਸਿੰਘ ਲੁਹਾਰਾ ਸਾਬਕਾ ਕੌਂਸਲਰ, ਸ਼ਿੰਗਾਰਾ ਸਿੰਘ ਦਾਦ, ਨੀਲਮ ਲਖਨਪਾਲ, ਡਾਕਟਰ ਸਰਬਜੀਤ ਸਿੰਘ ਨਾਰੰਗਵਾਲ ਨਾਈਟ ਐਂਗਲ ਨਰਸਿੰਗ ਕਾਲਜ, ਸਰਬਜੀਤ ਗਰੀਨ ਵਰਲਡ, ਲਾਡੀ ਸੰਗੋਵਾਲ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ ਲਾਡੀ, ਸੁਰਜੀਤ ਸਿੰਘ ਧਮੀਜਾ, ਰਵੀ ਝਾਮਟ, ਬਲਰਾਜ ਸਿੰਘ ਸੋਨੂੰ, ਪਰਮਿੰਦਰ ਸਿੰਘ ਲਲਤੋਂ, ਬਲਾਕ ਪ੍ਰਧਾਨ ਮਨਜੀਤ ਸਿੰਘ ਬੁਟਾਹਰੀ ਸਾਹਿਬ, ਜੀ ਸਿੰਘ, ਸਾਬੀ, ਸੋਨੀ ਗਿੱਲ, ਸੁਖਬੀਰ ਸਿੰਘ ਕਾਲਾ ਸਾਬਕਾ ਕੌਂਸਲਰ, ਜਸਵੰਤ ਸਿੰਘ ਛਾਪਾ, ਇੰਦਰਜੀਤ ਸਿੰਘ ਬੋਪਾਰਾਏ, ਮਨਜੀਤ ਸਿੰਘ ਗਿੱਲ ਕਨੇਡਾ, ਹਰਦੇਵ ਗਰੇਵਾਲ ਕਨੇਡਾ, ਆਰਕੀਟੈਕਟ ਸੋਨੀਕਾ, ਰਾਜਦੀਪ ਸਿੰਘ ਇੰਜੀਨੀਅਰ, ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।

ਕੋਟਨਿਸ ਐਕੂਪੰਕਚਰ ਹਸਪਤਾਲ ਵਲੋਂ ਏਡਜ਼ ਵਿਰੁੱਧ ਜਾਗਰੂਕਤਾ ਰੈਲੀ

ਲੁਧਿਆਣਾ, 3 ਦਸੰਬਰ (ਟੀ. ਕੇ.)  ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚਲਾਏ ਜਾ ਰਹੇ ਓ.ਡੀ.ਆਈ.ਸੀ. ਕੇਂਦਰ ਅਤੇ ਟੀ.ਆਈ. ਪ੍ਰੋਜੈਕਟ ਵੱਲੋਂ ਵਿਸ਼ਵ ਏਡਜ਼ ਦਿਵਸ ਦੇ ਸੰਦਰਭ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨਾਂ ਅਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਸਪਤਾਲ ਦੇ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਜਾਣਕਾਰੀ ਦੀ ਘਾਟ ਅਤੇ ਗਲਤ ਸੇਧਾਂ ਹਨ।ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਲੜਕੀਆਂ ਵੀ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਸ਼ੇ ਕਰਨ ਲਈ ਵਰਤੀਆਂ ਜਾਂਦੀਆਂ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਨਾਲ ਐਚ.ਆਈ.ਵੀ./ਏਡਜ਼, ਹੈਪੇਟਾਈਟਸ ਅਤੇ ਹੋਰ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੁਧਿਆਣਾ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਐਚ.ਆਈ.ਵੀ. ਅਤੇ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਉਨ੍ਹਾਂ ਇਲਾਕਿਆਂ ਵਿਚ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲੇ ਜਾਣ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਮੁੜ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਨ੍ਹਾਂ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ  ਦਾ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਉਪੇਂਦਰ ਸਿੰਘ, ਡਾ: ਰਘੁਵੀਰ ਸਿੰਘ, ਗਗਨਦੀਪ ਕੁਮਾਰ (ਏਰੀਆ ਕੋਆਰਡੀਨੇਟਰ), ਮਨੀਸ਼ਾ (ਸੈਂਟਰ ਇੰਚਾਰਜ) ਆਦਿ ਨੇ ਨਸ਼ਾ ਛੁਡਾਊ ਰੈਲੀ ਦੀ ਨੁਮਾਇੰਦਗੀ ਕੀਤੀ | ਇਸ ਮੌਕੇ ਨਸ਼ਾ ਮੁਕਤ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਕਾਮਰੇਡ ਅੰਮ੍ਰਿਤਪਾਲ ਦੇ ਸ਼ਰਧਾਂਜਲੀ ਸਮਾਗਮ ‘ਚ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉੱਠੀ

ਲੁਧਿਆਣਾ, 3 ਦਸੰਬਰ (ਟੀ. ਕੇ. ) ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਕਾਮਰੇਡ ਅੰਮ੍ਰਿਤਪਾਲ ਪੀ. ਏ. ਯੂ. ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਤੇ ਸਮਾਜ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ।
ਕਾਮਰੇਡ ਅਮ੍ਰਿਤਪਾਲ ਨੂੰ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਤੇ ਇਨਕਲਾਬੀ ਗੀਤਾਂ ਰਾਹੀਂ ਸ਼ਰਧਾਜਲੀ ਭੇਂਟ ਕਰਨ ਉਪਰੰਤ “ਸਾਮਰਾਜੀ ਜੰਗਾਂ ਤੇ ਫਲਸਤੀਨ ਉੱਤੇ ਅਮਰੀਕਾ -ਇਜਰਾਇਲ ਦਾ ਹਮਲਾ” ਵਿਸ਼ੇ ਤੇ ਗੱਲ-ਬਾਤ ਕਰਦਿਆਂ ਬੂਟਾ ਸਿੰਘ ਨੇ ਕਿਹਾ ਫਿਲਿਸਤੀਨੀ ਲੋਕਾਂ ਉੱਤੇ ਹਮਲਾ ਸਾਮਰਾਜੀ ਦੇਸ਼ਾਂ ਦੀ ਆਪਸੀ ਖਿੱਚੋਤਾਣ ਦਾ ਨਤੀਜਾ ਹੈ ਤੇ ਇਜਰਾਇਲ ਨੂੰ ਅਮਰੀਕੀ ਸਾਮਰਾਜ ਦੀ ਪੂਰੀ ਸਹਿ ਪ੍ਰਾਪਤ ਹੈ। ਇਸ ਹਮਲੇ ਦਾ ਸਭ ਤੋਂ ਜਾਲਮ ਪੱਖ ਇਹ ਰਿਹਾ ਕਿ ਇਜ਼ਰਾਇਲ ਨੇ ਇਸ ਹਮਲੇ ਵਿੱਚ ਫੌਜੀ ਟਿਕਾਣਿਆਂ ਦੀ ਥਾਂ ਸਕੂਲਾਂ, ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਲਿਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਉਣ ਵਾਲੀਆਂ ਨਸਲਾਂ ਨੂੰ ਨਿਸ਼ਾਨਾ ਬਣਾਉਣਾ ਵਹਿਸ਼ੀਪੁਣੇ ਦੀ ਹੱਦ ਹੈ। ਸਾਮਰਾਜੀ ਮੁਲਕ ਆਪਣੇ ਤੋਂ ਛੋਟੇ ਮੁਲਕਾਂ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੀ ਮੰਡੀ ਅਤੇ ਕੁਦਰਤੀ ਸੋਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ ਅਜਿਹੇ ਹਮਲਿਆਂ ਨੂੰ ਦੱਬੇ ਕੁਚਲੇ ਲੋਕਾਂ ਦਾ ਏਕਾ ਹੀ ਠੱਲ ਪਾ ਸਕਦਾ ਹੈ ਜਿਸ ਤਰਾਂ ਮੋਦੀ ਹੁਕੂਮਤ ਨੂੰ ਕਿਸਾਨਾਂ ਅਤੇ ਲੋਕਾਂ ਦੇ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਸ ਲੈਣੇ ਪਏ ਇਸੇ ਤਰਾਂ ਮਿਹਨਤਕਸ਼ ਲੋਕਾਂ ਦਾ ਏਕਾ ਹੀ ਇਹਨਾਂ ਹਮਲਿਆਂ ਨੂੰ ਰੋਕ ਸਕਦਾ ਹੈ। ਸੈਮੀਨਾਰ ਤੋਂ ਮਗਰੋਂ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਸਾਮਰਾਜੀ ਦੇਸ਼ਾਂ ਵੱਲੋਂ ਜੰਗਾਂ ਦਾ ਮਾਹੌਲ ਸਿਰਜਣ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਾਮਰੇਡ ਅੰਮ੍ਰਿਤਪਾਲ ਦੀ ਪਤਨੀ ਮਧੂ, ਬੇਟੀਆਂ ਮੀਨੂੰ ਅਤੇ ਨਿਸ਼ਾ ਸਮੇਤ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡਾ. ਮੋਹਣ, ਕੰਵਲਜੀਤ ਖੰਨਾ, ਰਾਕੇਸ਼ ਆਜ਼ਾਦ, ਮਾਸਟਰ ਭਜਨ ਕੈਨੇਡਾ , ਕਰਨਲ ਜਗਦੀਸ਼ ਬਰਾੜ, ਜਸਵੰਤ ਜ਼ੀਰਖ, ਸੁਰਿੰਦਰ, ਰਵਿਤਾ, ਕਰਮਜੀਤ ਸਿੰਘ ਆਦਿ ਹਾਜਰ ਸਨ

ਵੈਟਨਰੀ ਯੂਨੀਵਰਸਿਟੀ 'ਚ ਕੁੱਤਿਆਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦੌਰਾਨ ਦਰਸ਼ਕਾਂ ਦਾ ਹੋਇਆ ਰੱਜ ਕੇ ਮਨੋਰੰਜਨ 

ਲੁਧਿਆਣਾ 3 ਦਸੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ, ਲੁਧਿਆਣਾ ਪੱਛਮੀ ਨੇ ਬਤੌਰ ਮੁੱਖ ਮਹਿਮਾਨ ਕੀਤਾ। ਉਨ੍ਹਾਂ ਨੇ ਸਮਾਜ ਦੇ ਵਿਕਾਸ ਦੌਰਾਨ ਘਰੇਲੂ ਜਾਨਵਰਾਂ ਅਤੇ ਸਾਥੀ ਜਾਨਵਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਹਥਿਆਰਬੰਦ ਬਲਾਂ ਵਿਚ ਕੁੱਤਿਆਂ ਦੇ ਯੋਗਦਾਨ ਬਾਰੇ ਗੱਲ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਸ਼ੂਧਨ ਖੇਤਰ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸਰਾਹਨਾ ਕੀਤੀ ਅਤੇ ਇਸ ਡਾਗ ਸ਼ੋਅ ਰਾਹੀਂ ਕੁੱਤਿਆਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਹਿਤ ਆਯੋਜਨ ਦੀ ਸ਼ਲਾਘਾ ਕੀਤੀ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਸੰਬੋਧਨ ਵਿਚ ਮਨੁੱਖ ਅਤੇ ਕੁੱਤੇ ਦੇ ਲੰਮੇ ਰਿਸ਼ਤੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਇਹ ਰਿਸ਼ਤਾ ਹੋਰ ਮਹੱਤਵਪੂਰਨ ਹੋ ਗਿਆ ਹੈ ਅਤੇ ਲੋਕ ਪਾਲਤੂ ਜਾਨਵਰਾਂ ਨੂੰ ਪਰਿਵਾਰਿਕ ਮੈਂਬਰਾਂ ਵਾਂਗ ਰੱਖਦੇ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਇਸ ਖੇਤਰ ਦੇ ਵਿਕਾਸ ਲਈ ਨਵੀਆਂ ਨੀਤੀਆਂ ਬਨਾਉਣ ਵਿਚ ਸਹਾਈ ਹੁੰਦੀਆਂ ਹਨ।
    ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਤਵੰਤਿਆਂ ਅਤੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਬੜੇ ਵਧੀਆ ਕਿਸਮ ਦੇ ਨਸਲੀ ਮੁਕਾਬਲੇ ਕਰਵਾਏ ਗਏ। ਡਾ. ਐਚ ਐਸ ਢੱਲਾ ਨੂੰ ਉੱਤਰੀ ਭਾਰਤ ਵਿਚ ਪਹਿਲਾ ਡਾਗ ਪਾਰਕ ਸਥਾਪਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕ ਸੋਵੀਨਰ ਵੀ ਜਾਰੀ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਸੀਮਾ ਸੁਰੱਖਿਆ ਬੱਲ ਦੇ ਡਾਗ ਸਕਵੈਡ ਦਾ ਵਿਸ਼ੇਸ਼ ਪ੍ਰਦਰਸ਼ਨ ਵੀ ਕੀਤਾ ਗਿਆ।
    ਡਾ. ਧੀਰਜ ਗੁਪਤਾ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ 100 ਤੋਂ ਵੱਧ ਮਾਲਕਾਂ ਨੇ ਆਪਣੇ ਕੁੱਤਿਆਂ ਦਾ ਪ੍ਰਦਰਸ਼ਨ ਕੀਤਾ। ਡਾ. ਇੰਦਰਜੀਤ ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਯੂਨੀਵਰਸਿਟੀ ਵਿਖੇ ਕੁੱਤਿਆਂ ਦੀਆਂ ਬਿਮਾਰੀਆਂ ਦਾ ਸਫਲ ਇਲਾਜ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਮੌਕੇ ਪਾਲਤੂ ਜਾਨਵਰ ਦੇ ਸ਼ੌਕੀਨਾਂ ਅਤੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਮੌਜੂਦ ਸੀ। ਉਦਯੋਗਾਂ ਵੱਲੋਂ ਖੁਰਾਕ, ਸਿਹਤ ਪੂਰਕ ਅਤੇ ਹੋਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਇਨ੍ਹਾਂ ਜਾਨਵਰਾਂ ਪ੍ਰਤੀ ਸਮਾਜ ਵਿਚ ਸੁਹਿਰਦਤਾ ਅਤੇ ਜਾਗਰੂਕਤਾ ਲਿਆਉਂਦੇ ਹਨ। ਉਨ੍ਹਾਂ ਨੇ ਡਾਗ ਸ਼ੋਅ ਦੇ ਆਯੋਜਨ ਵਿਚ ਹਿੱਸਾ ਪਾਉਣ ਲਈ ਸਾਰੀਆਂ ਭਾਈਵਾਲ ਧਿਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ।