ਪੰਜਾਬ

ਪਰਾਲੀ ਸਾੜਨ ‘ਤੇ ਕਿਸਾਨਾਂ ’ਤੇ ਧੜਾਧੜ ਕੀਤੇ ਜਾ ਦਰਜ ਪਰਚਿਆ ਦੀ ਕੀਤੀ ਨਿਖੇਧੀ

ਕਿਸਾਨ ਬੋਲੇ - ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਕੋਈ ਸੌਂਕ ਨਹੀਂ
ਧਰਮਕੋਟ, 10 ਨਵੰਬਰ( (ਜਸਵਿੰਦਰ  ਸਿੰਘ  ਰੱਖਰਾ)-
ਇੰਡੀਅਨ ਫਾਰਮਰ ਐਸੋਸੀਏਸ਼ਨ ਸਤਨਾਮ ਸਿੰਘ ਬਹਿਰੂ ਦੀ ਮੀਟਿੰਗ ਪਿੰਡ ਦਬੁਰਗੀ ਵਿਖੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਲਾਕੇ ਦੇ ਅਨੇਕਾ ਕਿਸਾਨ ਸ਼ਾਮਲ ਹੋਏ ਅਤੇ ਕਈ ਅਹਿਮ ਮੁੱਦੇ ਵਿਚਾਰੇ ਗਏ। ਜਥੇਬੰਦੀ ਨੇ ਕਿਹਾ ਕਿ ਪਰਾਲੀ ਸਾੜਨ ’ਤੇ ਜੋ ਕਿਸਾਨਾਂ ’ਤੇ ਪਰਚੇ ਕੀਤੇ ਜਾ ਰਹੇ ਹਨ ਉਹ ਸਰਾਸਰ ਗਲਤ ਅਤੇ ਨਿੰਦਣਯੋਗ ਹਨ। ਪਰਾਲੀ ਦੀ ਸਾਂਭ ਸੰਭਾਲ ਵਾਸਤੇ ਪੰਜਾਬ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਅਤੇ ਪਿੰਡਾਂ ਦੀਆਂ ਸੁਸਾਇਟੀ ਨੂੰ ਕੋਈ ਸੰਦ ਨਹੀਂ ਦਿੱਤੇ। ਜੇਕਰ ਕਿਸੇ ਪਿੰਡ ਵਿਚ ਇੱਕਾ ਦੁੱਕਾ ਮਸ਼ੀਨ ਹੈ ਤਾਂ 15-15 ਦਿਨ ਖੇਤਾਂ ਨੂੰ ਖਾਲੀ ਨਹੀਂ ਕਰਦੇ, ਜਿਸ ਕਾਰਣ ਦੀ ਬੀਜਾਈ ਲੇਟ ਹੋ ਰਹੀ ਹੈ। ਇਸ ਕਰ ਕੇ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਕੋਈ ਸੌਂਕ ਨਹੀਂ ਹੈ। ਜ਼ਿਆਦਾ ਧੂੰਆਂ ਹੋਣ ਦੇ ਕਾਰਨ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੀ ਤਾਰੀਕ ਲੇਟ ਕਰਨਾ ਹੈ। ਮੌਸਮ ਬਦਲਣ ਕਰ ਕੇ ਪਰਾਲੀ ਸ਼ੁੱਕ ਨਹੀਂ ਰਹੀ। ਦੂਜੇ ਪਾਸੇ ਝੋਨੇ ਦਾ ਮੁਕਚਰ ਬਹੁਤ ਆ ਰਿਹਾ ਹੈ। ਆੜਤੀਏ ਕਿਸਾਨ ਕਿਸਾਨਾਂ ਤੋਂ ਝੋਨੇ ਦੀ ਮੋਟੀ ਕਾਟ ਲੈ ਰਹੇ ਹਨ। ਕਿਸਾਨਾਂ ਦੀ ਲੁੱਟ ਹੋ ਹੀ ਹੈ, ਪਰ ਇਸ ਪਾਸੇ ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਸਗੋਂ ਪਰਾਲੀ ਦੇ ਬਹਾਨੇ ਬਣਾ ਕੇ ਖੇਤੀ ਕਾਰਪੋਰੇਟ ਘਰਾਣਿਆਂ ਨੂੰ ਪਰਮੋਟ ਕਰ ਰਹੀ ਹੈ ਅਤੇ ਖੇਤਾਂ ਨੂੰ ਕਾਰਪੋਰੇਟਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਦੁਕਾਨਦਾਰ ਅਤੇ ਫੈਕਟਰੀ ਡੀਏਪੀ ਦੇ ਨਾਲ ਵਾਧੂ ਸਮਾਨ ਨੈਨੋ ਯੂਰੀਆ ਆਦਿ ਦੇ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ। ਸਰਕਾਰ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਵੱਲ ਧਿਆਨ ਦੇਵੇ। ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਵਿਚ ਹਨ ਅਤੇ ਸਰਕਾਰ ਕਿਸਾਨਾਂ ’ਤੇ ਪਰਚੇ ਆਦਿ ਕਰ ਕੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ। ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਗੁਰਸ਼ਰਨ ਸਿੰਘ ਕਾਹਲੋ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਬੱਡੂਵਾਲ, ਖਜਾਨਚੀ ਪਰਸਨ ਸਿੰਘ, ਭਜ਼ਨ ਸਿੰਘ, ਜਸਵੀਰ ਸਿੰਘ, ਬਲਕਾਰ ਸਿੰਘ, ਪਿੱਪਲ  ਸਿੰਘ, ਨਿਰਵੈਰ ਸਿੰਘ, ਪਲਵਿੰਦਰ ਸਿੰਘ, ਚਰਨ ਸਿੰਘ, ਗੁਰਸ਼ਰਨ ਸਿੰਘ, ਡਾ .ਬਲਵਿੰਦਰ ਸਿੰਘ, ਗੁਰਲਾਲ ਸਿੰਘ ਆਦਿ ਸ਼ਾਮਲ ਹੋਏ।

ਆਰੀਆ ਕਾਲਜ ਗਰਲਜ਼  'ਚ 'ਦੀਵਾਲੀ ਮੇਲਾ' ਮਨਾਇਆ 

ਲੁਧਿਆਣਾ, 9 ਨਵੰਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ  ਦੀਵਾਲੀ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਦੇ ਇਸ ਮੇਲੇ ਦੀ ਸ਼ੁਰੂਆਤ ਪਵਿੱਤਰ ਜੋਤ ਜਗਾਉਣ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮਨੋਰੰਜਕ ਪੇਸ਼ਕਾਰੀਆਂ ਦਿੱਤੀਆਂ। ਜਿਸ ਵਿੱਚ ਕ੍ਰਿਸ਼ਨ ਡਾਂਸ, ਗਰੁੱਪ ਡਾਂਸ ਅਤੇ ਮਾਡਲਿੰਗ ਵਿਸ਼ੇਸ਼ ਰਹੀ। ਦੀਵਾਲੀ ਮੇਲੇ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਲਗਾਏ ਗਏ ਵੱਖ-ਵੱਖ ਖਾਣ-ਪੀਣ ਦੇ ਸਟਾਲ ਸਨ। ਇਨ੍ਹਾਂ ਸਟਾਲਾਂ ਨੇ ਮੇਲੇ ਦੀ ਰੌਣਕ ਵਧਾ ਦਿੱਤੀ। ਵੱਖ-ਵੱਖ ਪੇਸ਼ਕਾਰੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ 
ਸਨਮਾਨਿਤ ਕੀਤਾ ਗਿਆ। ਬੀ.ਏ ਪਹਿਲੇ ਸਾਲ ਦੀ ਵਿਦਿਆਰਥਣ ਚਾਹਤ ਨੂੰ ਮਿਸ ਦੀਵਾ ਦਾ ਤਾਜ ਪਹਿਨਾਇਆ ਗਿਆ। ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਦੇ ਕਲਾਤਮਕ ਹੁਨਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਜਿਹੇ ਸਮਾਗਮਾਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਅੰਤ ਵਿੱਚ ਕਾਲਜ ਇੰਚਾਰਜ ਪ੍ਰਿੰਸੀਪਲ ਡਾ: ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ  ਅਤੇ ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਲਈ ਕਿਹਾ।

ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ ਪ੍ਰਦਰਸ਼ਨੀ ਅਤੇ ਵਿਕਰੀ ਮੇਲਾ 

ਲੁਧਿਆਣਾ, 9 ਨਵੰਬਰ (ਟੀ. ਕੇ. ) - ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ  ਦੋ ਦਿਨਾ ਪ੍ਰਦਰਸ਼ਨੀ ਅਤੇ ਵਿਕਰੀ ਮੇਲੇ ਲਗਾਇਆ ਗਿਆ, ਜਿੱਥੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਵਸਤੂਆਂ ਨੂੰ ਪ੍ਰਦਰਸ਼ਨੀ ਅਤੇ ਵਿਕਰੀ ਲਈ ਲਗਾਇਆ ਗਿਆ।

ਮੇਲੇ ਦੌਰਾਨ ਸ਼ਹਿਰ ਦੇ ਲੋਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਜਿਨ੍ਹਾ ਦਿਵਿਆਂਗ ਸਿਖਿਆਰਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਹੌਸਲਾ ਅਫਜਾਈ ਵੀ ਕੀਤੀ।

ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰੀ ਆਸ਼ੀਸ਼ ਕੁੱਲੂ ਨੇ ਦੱਸਿਆ ਕਿ ਸੈਂਟਰ ਅਤੇ ਦਿਵਿਆਂਗ ਸਿਖਿਆਰਥੀਆਂ ਦੇ ਉਪਰਾਲਿਆਂ ਬਾਰੇ ਸਹਿਰ ਵਾਸੀਆਂ ਨੂੰ ਜਾਣੂ ਕਰਵਾਉਣ ਕਰਵਾਉਣ ਦੇ ਮੰਤਵ ਨਾਲ ਇਸ ਮੇਲਾ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਆਯੋਜਨ ਕੀਤੇ ਜਾਣਗੇ ਤਾਂ ਜੋ ਦਿਵਿਆਂਗ ਸਿਖਿਆਰਥੀਆਂ ਦਾ ਮਨੋਬਲ ਵੱਧਣ ਦੇ ਨਾਲ-ਨਾਲ ਉਹ ਸਮਾਜਿਕ ਤੌਰ 'ਤੇ ਵੀ ਸਵੈਮਾਣ ਨਾਲ ਆਪਣਾ ਜੀਵਨ ਵਸਰ ਕਰ ਸਕਣ।

ਜ਼ਿਕਰਯੋਗ ਹੈ ਕਿ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਲੁਧਿਆਣਾ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅਪਾਹਜ ਲੋਕਾਂ ਦੀ ਸਿਖਲਾਈ ਅਤੇ ਰੁਜ਼ਗਾਰ ਲਈ ਸਥਾਪਿਤ ਕੀਤੀ ਗਈ ਇੱਕ ਪ੍ਰਸਿੱਧ ਸੰਸਥਾ ਹੈ। ਇਹ ਕੇਂਦਰ ਰੁਜ਼ਗਾਰ ਰਜਿਸਟਰੇਸ਼ਨ ਪ੍ਰਦਾਨ ਕਰਦਾ ਹੈ, ਅਪਾਹਜ ਲੋਕਾਂ ਨੂੰ ਸਵੈ-ਰੁਜ਼ਗਾਰ, ਕਿੱਤਾਮੁਖੀ ਸਿਖਲਾਈ ਦਿੰਦਾ ਹੈ ਜਿਸ ਨਾਲ ਉਹ ਸਿਖਲਾਈ ਦੁਆਰਾ ਹੁਨਰ ਵਿਕਾਸ ਅਤੇ ਪੇਸ਼ੇਵਰ ਮਾਰਗਦਰਸ਼ਨ ਸੇਵਾਵਾਂ ਹਾਸਲ ਕਰਕੇ ਆਤਮ ਨਿਰਭਰ ਬਣਦੇ ਹਨ।

ਕੇਂਦਰੀ ਸੰਚਾਰ ਬਿਊਰੋ ਦੀ ਪ੍ਰਦਰਸ਼ਨੀ ਦੇ ਦੂਜੇ ਦਿਨ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਕੀਤਾ ਜਾਗਰੂਕ 

ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ 

ਲੁਧਿਆਣਾ, 9 ਨਵੰਬਰ (ਟੀ. ਕੇ.) ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ '9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ’ ਵਿਸ਼ੇ ’ਤੇ ਲਗਾਈ ਗਈ ਤਿੰਨ ਦਿਨਾ ਫੋਟੋ ਪ੍ਰਦਰਸ਼ਨੀ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ ਗਿਆ। ਲੋਕਤੰਤਰ ਦੀ ਖੁਸ਼ਹਾਲੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਸਮਾਗਮ ਦੌਰਾਨ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।


ਇਹ ਪ੍ਰਦਰਸ਼ਨੀ, ਜਿਹੜੀ ਪਿਛਲੇ ਸਾਲਾਂ ਦੌਰਾਨ ਭਾਰਤ ਵੱਲੋਂ ਵੱਖ-ਵੱਖ ਖੇਤਰਾਂ ਚ ਕੀਤੀ ਗਈ ਤਰੱਕੀ ਨੂੰ ਦਰਸਾਉਂਦੀ ਹੈ। ਨੌਜਵਾਨਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਜਾਣਕਾਰੀ ਦਾ ਭੰਡਾਰ ਹੈ।
ਅੱਜ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਐਜੂਕੇਸ਼ਨ ਸੈੱਲ ਦੇ ਅਧਿਕਾਰੀ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚਲਦਿਆਂ ਸਰੀਰ ਨੂੰ ਸੱਟ-ਫੇਟ ਲੱਗਣ ਦੇ ਖ਼ਤਰੇ ਸਮੇਤ ਕਾਨੂੰਨੀ ਪੇਸ਼ਗੀਆਂ ਚ ਫਸਣ ਬਾਰੇ ਵਿਸਥਾਰ ਚ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਚਲਦਿਆਂ ਪੰਜਾਬ ਸਮੇਤ ਦੇਸ਼ ਭਰ ਚ ਰੋਜ਼ਾਨਾ ਸੈਂਕੜੇ ਲੋਕ ਮੌਤ ਹੋ ਜਾਂਦੀ ਏ, ਉੱਥੇ ਜਿਨ੍ਹਾਂ ਨੌਜਵਾਨਾਂ ਕੋਲ ਘੱਟ ਉਮਰ ਕਾਰਨ ਜਾਂ ਵੈਸੇ ਹੀ ਲਾਇਸੰਸ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਦੁਰਘਟਨਾ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਵੇਲੇ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਦਾ  ਸਾਹਮਣਾ ਕਰਨਾ ਪੈਂਦਾ ਏ।
ਵੋਟਰ ਜਾਗਰੂਕਤਾ ਸਬੰਧੀ ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਆਪਣੀਆਂ ਪਹਿਲਾਂ ਤੋਂ ਬਣੀਆਂ ਵੋਟਾਂ ਵਿੱਚ ਕਿਸੇ ਤਰ੍ਹਾਂ ਦੀ ਗਲ਼ਤੀ ਦੀ ਸੁਧਾਈ ਕਰਵਾਉਣ ਅਤੇ ਨੌਜਵਾਨਾਂ ਨੂੰ ਆਪਣੀ ਨਵੀਂ ਵੋਟ ਬਣਾਉਣ ਦੇ ਆਨਲਾਈਨ ਤਰੀਕਿਆਂ ਬਾਰੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਹਰਨੂਰ ਕੌਰ ਅਤੇ ਜਗਦੀਪ ਸਿੰਘ ਵੱਲੋਂ ਜਾਗਰੂਕ ਕੀਤਾ ਗਿਆ।
ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫਸਰ ਵੀਰਪਾਲ ਕੌਰ ਨੇ ਵੀ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ रिंकी ਨੇ ਘਰੇਲੂ ਗੈਸ ਦੇ ਸੁਰੱਖਿਅਤ ਸੰਚਾਲਨ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦਾ ਸੰਚਾਲਨ ਬਿਊਰੋ ਦੇ ਖੇਤਰੀ ਸਹਾਇਕ ਗੁਰਕਮਲ ਸਿੰਘ ਨੇ ਕੀਤਾ। ਮਗਰੋਂ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਜਸਵਿੰਦਰ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਆਪਣੀ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੂੰ ਹਰ ਕੰਮ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ।

ਕੱਲ੍ਹ ਪ੍ਰਦਰਸ਼ਨੀ ਦੇ ਆਖਰੀ ਦਿਨ ਭਾਰਤ ਸਰਕਾਰ ਦੀ ਉੱਜਵਲਾ ਸਕੀਮ ਤਹਿਤ ਗੈਸ ਕੁਨੈਕਸ਼ਨ ਵੰਡੇ ਜਾਣਗੇ ਅਤੇ ਵਿਦਿਆਰਥੀਆਂ ਦੇ ਡਰਾਇੰਗ ਅਤੇ ਕਵਿਜ਼ ਮੁਕਾਬਲੇ ਵੀ ਕਰਵਾਏ ਜਾਣਗੇ।

ਪ੍ਰਸ਼ਾਸਨ ਵਲੋਂ ਪਰਾਲੀ ਸਾੜਨ ਵਿਰੁੱਧ ਵਿੱਢੀ ਮੁਹਿੰਮ 'ਚ ਲਿਆਂਦੀ ਹੋਰ ਤੇਜ਼ੀ, ਵੱਖ-ਵੱਖ ਟੀਮਾਂ ਖੇਤਾਂ ਦੀ ਅੱਗ ਬੁਝਾਉਣ ਲਈ ਮੌਕੇ 'ਤੇ ਡਟੀਆਂ

ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ 'ਤੇ ਕੀਤੇ ਜਾ ਰਹੇ ਦੌਰੇ
ਲੁਧਿਆਣਾ, 9 ਨਵੰਬਰ (ਟੀ. ਕੇ. ) -
ਪਰਾਲੀ ਸਾੜਨ ਦੀਆਂ ਘਟਨਾਵਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਿੱਥੇ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਖੇਤਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ।

ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨਾਲ ਮੌਕੇ 'ਤੇ ਪਹੁੰਚ ਕੇ ਹਵਾ ਪ੍ਰਦੂਸ਼ਣ ਦੀ ਰੋਕਥਾਮ ਦੇ ਉਪਾਅ ਵਜੋਂ ਅੱਗ 'ਤੇ ਕਾਬੂ ਪਾਇਆ। ਇਸੇ ਤਰ੍ਹਾਂ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਈ ਮਾਮਲਿਆਂ ਵਿੱਚ ਵਾਤਾਵਰਨ ਮੁਆਵਜ਼ਾ ਵੀ ਲਗਾਇਆ ਗਿਆ ਸੀ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਪਿਰਤ ਨੂੰ ਨੱਥ ਪਾਉਣ ਲਈ ਬਹੁਪੱਖੀ ਰਣਨੀਤੀ ਅਪਣਾਈ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਉਪ ਮੰਡਲ ਮੈਜਿਸਟ੍ਰੇਟ ਆਪਣੇ ਸਬੰਧਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਨਿਯਮਤ ਤੌਰ 'ਤੇ ਖੇਤਾਂ ਦਾ ਦੌਰਾ ਕਰ ਰਹੇ ਹਨ, ਜਦਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਰੁੱਧ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਅਜਿਹੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਸਮੁੱਚੇ ਜ਼ਿਲ੍ਹੇ ਵਿੱਚ ਕਲੱਸਟਰ ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜੋ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਨੂੰ ਵੀ ਯਕੀਨੀ ਬਣਾਉਣਗੇ।

ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਜਾਣਕਾਰੀ ਲੈਣ ਉਪਰੰਤ ਵਿਸ਼ੇਸ਼ ਟੀਮਾਂ ਨੇ ਅੱਜ ਪਿੰਡ ਕਮਾਲਪੁਰ, ਮਲੌਦ, ਅਸੀਨ ਕਲਾਂ, ਸਿੱਧੂਪੁਰ, ਗੋਪਾਲਪੁਰ, ਖੰਨਾ, ਰਾਏਕੋਟ, ਢੈਪਈ, ਰਸੂਲਪੁਰ ਜੰਡੀ, ਰਾਓਵਾਲ, ਮਦਾਰਪੁਰਾ, ਆਸੀ ਕਲਾਂ, ਮੰਡ ਸ਼ੇਰੀਆਂ, ਸੁਧਾਰ, ਰਾਏਕੋਟ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਟੀਮਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਜਦਕਿ ਇਨਫੋਰਸਮੈਂਟ ਟੀਮਾਂ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੇ ਪਿੰਡਾਂ ਵਿੱਚ ਜਨਤਕ ਮੁਨਿਆਦੀ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਲਗਾਤਾਰ ਮੀਟਿੰਗਾਂ ਵੀ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਸਪੱਸ਼ਟ ਤੌਰ 'ਤੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਜਿਸਦੇ ਤਹਿਤ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਾਂਝੇ ਤੌਰ 'ਤੇ ਮਿਸ਼ਨ 'ਤੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੰਬਾਈਨ ਅਪਰੇਟਰਾਂ ਨੂੰ ਵਾਢੀ ਦੇ ਕੰਮ ਨੂੰ ਅੰਜਾਮ ਦੇਣ ਲਈ ਆਪਣੀਆਂ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਜੋੜਨਾ ਲਾਜ਼ਮੀ ਹੈ ਜਿਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇਗੀ, ਭਾਰੀ ਜੁਰਮਾਨੇ ਕੀਤੇ ਜਾਣਗੇ ਅਤੇ ਕੰਬਾਈਨਾਂ ਨੂੰ ਜ਼ਬਤ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਨੰਬਰਦਾਰਾਂ ਨੂੰ ਸਬੰਧਤ ਖੇਤਰਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ ਅਤੇ ਜੇਕਰ ਕਿਸੇ ਵੀ ਕਿਸਮ ਦਾ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਮਸ਼ਰੂਮ ਕੰਪੋਸਟਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ

ਲੁਧਿਆਣਾ 9 ਨਵੰਬਰ(ਟੀ. ਕੇ.) ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਲੋਂ  ਡਾ. ਐਚ.ਐਸ. ਗਰਚਾ ਮਸ਼ਰੂਮ ਲੈਬਾਰਟਰੀਜ਼, ਮਾਈਕਰੋਬਾਇਓਲੋਜੀ ਵਿਭਾਗ ਵਿਚ ਮਸ਼ਰੂਮ ਕੰਪੋਸਟਿੰਗ ਯੂਨਿਟ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਸਮਾਗਮ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਕਿ ਸਾਇੰਸ ਕਾਲਜ ਦੇ ਡੀਨ ਡਾ: ਸ਼ੰਮੀ ਕਪੂਰ,  ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ.ਪੀ.ਕੇ.ਛੁਨੇਜਾ, ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲਅਤੇ ਜੰਗਲਾਤ ਕਾਲਜ, ਖੇਤੀਬਾੜੀ ਕਾਲਜ ਦੇ ਡੀਨ ਡਾ.ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ.ਮਨਜੀਤ ਸਿੰਘ, ਕਮਿਊਨਿਟੀ ਸਾਇੰਸਜ ਕਾਲਜ ਡਾ: ਕਿਰਨ ਬੈਂਸ, ਲਾਇਬ੍ਰੇਰੀਅਨ ਡਾ: ਯੋਗਿਤਾ ਸ਼ਰਮਾ, ਹੋਰ ਉੱਚ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ । ਇਸ ਤੋਂ ਇਲਾਵਾ ਸਾਬਕਾ ਰਜਿਸਟਰਾਰ ਡਾ.ਪੀ.ਕੇ. ਖੰਨਾ , ਡਾ.ਆਰ.ਪੀ. ਫੁਟੇਲਾ,ਸਾਬਕਾ ਸੀਨੀਅਰ ਮਾਈਕਰੋਬਾਇਓਲੋਜਿਸਟ ਅਤੇ ਡਾ ਐਚ.ਐਸ.ਸੋਢੀ ਸਾਬਕਾ ਪ੍ਰਿੰਸੀਪਲ ਮਾਈਕੋਲੋਜਿਸਟ ਨੇ ਵੀ ਸ਼ਿਰਕਤ ਕੀਤੀ। ਮਾਈਕ੍ਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ.ਜੀ.ਐਸ. ਕੋਚਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਸਾਰੇ ਜਾ ਰਹੇ ਮਸ਼ਰੂਮ ਕੰਪੋਸਟਿੰਗ ਯੂਨਿਟ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਇਸ ਮੌਕੇ 'ਤੇ ਬੋਲਦਿਆਂ ਮੁੱਖ ਮਹਿਮਾਨ ਡਾ: ਸਤਿਬੀਰ ਸਿੰਘ ਗੋਸਲ ਨੇ ਬਾਇਓਤਕਨਾਲੋਜੀ ਖਾਸ ਕਰਕੇ ਕਰਿਸਪਰ-ਸੀਏਐਸ ਦੀ ਵਰਤੋਂ ਕਰਦੇ ਹੋਏ ਖੁੰਬਾਂ ਦੇ ਗਰਮੀ ਪ੍ਰਤੀ ਅਤੇ ਬਿਮਾਰੀਆਂ ਬਾਰੇ ਸਹਿਣਸ਼ੀਲ ਕਿਸਮਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਖੁੰਬਾਂ ਦੇ ਉਤਪਾਦਨ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕਰਨ ਅਤੇ ਇਸ ਦੇ ਪਸਾਰ 'ਤੇ ਜ਼ੋਰ ਦਿੱਤਾ। ਮਾਈਕਰੋਬਾਇਓਲੋਜੀ ਵਿਭਾਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਾਮਨਾ ਕੀਤੀ ਕਿ ਇਹ ਮਸ਼ਰੂਮ ਕੰਪੋਸਟਿੰਗ ਯੂਨਿਟ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਕੰਪੋਸਟ ਮੁਹੱਈਆ ਕਰਵਾਏਗਾ ਜਿਸ ਨਾਲ ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ। 

ਡਾ. ਸ਼ੰਮੀ ਕਪੂਰ ਨੇ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਮਸ਼ਰੂਮ ਖੋਜ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਬਾਰੇ ਦੱਸਿਆ। ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਇੱਕ ਲਾਭਦਾਇਕ ਸਹਾਇਕ ਕਿੱਤਾ ਹੈ ਅਤੇ ਇਸ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਸਮਰੱਥਾ ਹੈ।

ਡਾ.ਜੀ.ਪੀ.ਐਸ. ਸੋਢੀ ਨੇ ਕਿਸਾਨਾਂ ਵਿੱਚ ਮਸ਼ਰੂਮ ਕੰਪੋਸਟ ਮਸ਼ਰੂਮ ਦੇ ਰੈਡੀ ਟੂ ਫਰੂਟ ਬੈਗ ਦੀ ਪ੍ਰਸਿੱਧੀ ਬਾਰੇ ਚਾਨਣਾ ਪਾਇਆ ਅਤੇ ਉਮੀਦ ਪ੍ਰਗਟਾਈ ਕਿ ਇਹ ਨਵੀਂ ਬਣੀ ਮਸ਼ਰੂਮ ਕੰਪੋਸਟਿੰਗ ਯੂਨਿਟ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਖਾਦ ਦੀ ਸਪਲਾਈ ਵਿੱਚ ਸੁਧਾਰ ਕਰੇਗੀ। 

ਅੰਤ ਵਿੱਚ, ਡਾ: ਸ਼ਿਵਾਨੀ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ: ਜਸਪ੍ਰੀਤ ਕੌਰ ਨੇ ਕੀਤਾ।

ਪੀ ਏ ਯੂ ਦਾ ਯੁਵਕ ਮੇਲਾ ਸੱਭਿਆਚਾਰਕ ਰੰਗ ਬਿਖੇਰਦਾ ਸਮਾਪਤ ਹੋਇਆ

ਵਿਦਿਆਰਥੀਆਂ ਨੇ ਸ਼ਾਨਦਾਰ  ਪੇਸ਼ਕਾਰੀਆਂ ਰਾਹੀਂ ਸਮਾਜਕ ਕੁਰੀਤੀਆਂ ਉੱਪਰ ਪਾਇਆ ਚਾਨਣਾ 

ਲੁਧਿਆਣਾ 9 ਨਵੰਬਰ(ਟੀ. ਕੇ.) ਪੀ ਏ ਯੂ ਵਿਚ ਬੀਤੇ ਦਿਨਾਂ ਤੋਂ ਜਾਰੀ ਯੁਵਕ ਮੇਲਾ ਅੱਜ ਅਭੁੱਲ ਯਾਦਾਂ ਸਿਰਜਦਾ ਆਪਣੇ ਸਿਖ਼ਰ ਤੇ ਪੁੱਜ ਗਿਆ। ਅੱਜ ਇਸ ਮੇਲੇ ਦੇ ਆਖਰੀ ਦਿਨ ਕਲਾਤਮਕ ਤੇ ਲੋਕ ਨਾਚਾਂ ਦਾ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਿੱਧੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਪੂਰੇ ਕੈਂਪਸ ਨੂੰ ਲੋਕ ਰੰਗ ਵਿਚ ਰੰਗ ਦਿੱਤਾ। ਅੱਜ ਦੇ ਇਸ ਦਿਨ ਦੇ ਮੁੱਖ ਮਹਿਮਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ ਮਨਦੀਪ ਸਿੰਘ ਸਿੱਧੂ ਸਨ।  ਉਨ੍ਹਾਂ ਨਾਲ ਮੈਡਮ ਧਨਪ੍ਰੀਤ ਕੌਰ ਆਈ ਪੀ ਐਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਰਹੇ।

ਸ ਮਨਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਪੀ ਏ ਯੂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਰੰਗ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਦੇਸ਼ ਲਈ ਭਰਪੂਰ ਅਨਾਜ ਹੀ ਪੈਦਾ ਨਹੀਂ ਕੀਤਾ ਬਲਕਿ ਪੰਜਾਬ ਨੂੰ ਬੜੇ ਉੱਚੇ ਕੱਦ ਦੇ ਕਲਾਕਾਰ ਵੀ ਦਿੱਤੇ ਹਨ। ਸ ਸਿੱਧੂ ਨੇ ਅਜੋਕੇ ਦੌਰ ਵਿਚ ਵਿਦਿਆਰਥੀਆਂ ਵਿਚ ਕਲਾਤਮਕ ਅਤੇ ਅਕਾਦਮਿਕ ਰੁਚੀਆਂ ਦਾ ਸੁਮੇਲ ਹੋਣ ਨੂੰ ਜ਼ਰੂਰੀ ਕਿਹਾ। ਉਨ੍ਹਾਂ ਅਨੁਸਾਰ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਉਸਦਾ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਲਾਜ਼ਮੀ ਹੈ। ਸ ਸਿੱਧੂ ਨੇ ਕਿਹਾ ਕਿ ਜਿੱਤ ਹਾਰ ਦੀ ਭਾਵਨਾ ਵੀ ਸ਼ਖ਼ਸੀ ਵਿਕਾਸ ਨੂੰ ਹੁਲਾਰਾ ਦੇਣ ਤਕ ਰਹਿਣੀ ਚਾਹੀਦੀ ਹੈ ਨਾ ਕਿ ਇਸਨੂੰ ਨਿੱਜੀ ਹਉਂਮੈਂ ਦਾ ਕੋਈ ਮਸਲਾ ਬਣਾਇਆ ਜਾਵੇ। ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੇ ਵਿਦਿਆਰਥੀ ਆਪਣੇ ਵਿਰਸੇ ਬਾਰੇ ਜਾਗਰੂਕ ਹਨ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਰਸੇ ਤੇ ਵਾਤਾਵਰਨ ਦੀ ਸੰਭਾਲ ਅੱਜ ਦੇ ਸਭ ਤੋਂ ਉਭਰਵੇਂ ਮੁੱਦੇ ਹਨ। ਡਾ ਗੋਸਲ ਨੇ ਲੋਕ ਕਲਾਵਾਂ ਨਾਲ ਜੁੜਨ ਵਾਲੇ ਕਲਾਕਾਰਾਂ ਨੂੰ ਕਿਸੇ ਕੌਮ ਦਾ ਅਨਮੋਲ ਸਰਮਾਇਆ ਕਿਹਾ ਤੇ ਆਸ ਪ੍ਰਗਟ ਕੀਤੀ ਕਿ ਪੀ ਏ ਯੂ ਦੇ ਵਿਦਿਆਰਥੀ ਇਸ ਖੇਤਰ ਵਿਚ ਪ੍ਰਾਪਤੀਆਂ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਸ ਅਨੁਸ਼ਾਸਨ ਨਾਲ ਇਹ ਮੇਲਾ ਨੇਪਰੇ ਚੜ੍ਹਿਆ ਹੈ ਉਸ ਲਈ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਦੀ ਤਾਰੀਫ਼ ਕੀਤੀ ਜਾਣੀ ਬਣਦੀ ਹੈ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਨੂੰ ਵਿਚ ਧੰਨਵਾਦ ਕਰਦਿਆਂ ਇਸ ਯੁਵਕ ਮੇਲੇ ਦੀ ਸਫ਼ਲਤਾ ਲਈ ਨਾਲ ਜੁੜੇ ਸਾਰੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਦੇ ਨਾਲ ਮਹਿਮਾਨਾਂ ਅਤੇ ਜੱਜਮੈਂਟ ਨਾਲ ਜੁੜੇ ਮਾਹਿਰਾਂ ਦਾ ਧਨਵਾਦ ਕੀਤਾ।
ਅੱਜ ਦੇ ਸਮਾਗਮਾਂ ਵਿੱਚ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਅਮਨਪ੍ਰੀਤ ਸਿੰਘ ਬਰਾੜ, ਸਾਬਕਾ ਪੁਲਿਸ ਅਧਿਕਾਰੀ ਸ ਗੁਰਪ੍ਰੀਤ ਸਿੰਘ ਤੂਰ, ਉੱਘੇ ਅਦਾਕਾਰ ਮਲਕੀਤ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਆਦਿ ਹਸਤੀਆਂ ਦੇ ਨਾਲ ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਗੈਰ ਅਧਿਆਪਨ ਅਮਲੇ ਦੇ ਲੋਕ ਭਾਰੀ ਗਿਣਤੀ ਵਿੱਚ ਮੌਜੂਦ ਰਹੇ।

ਕੱਲ੍ਹ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੀ ਕੰਗਨਾ ਅਤੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੰਸ਼ ਸ਼ਰਮਾ ਨੂੰ ਕ੍ਰਮਵਾਰ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਅਦਾਕਾਰ  ਚੁਣਿਆ ਗਿਆ।

 
           ਖੇਤੀ ਇੰਜਨੀਅਰਿੰਗ ਕਾਲਜ ਦੇ ਅਰਸ਼ਦੀਪ ਅਤੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਰਿਉਮਨੀ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸਰਵੋਤਮ ਡਾਂਸਰ ਐਲਾਨਿਆ ਗਿਆ।

            ਖੇਤੀਬਾੜੀ ਕਾਲਜ ਦੀ ਵਿਦਿਆਰਥੀ ਗਾਇਤਰੀ ਗੁਪਤਾ, ਬਾਗਬਾਨੀ ਕਾਲਜ ਦੀ ਮੀਨਾਕਸ਼ੀ ਅਤੇ ਬੇਸਿਕ ਸਾਈਂਸਿਜ਼ ਕਾਲਜ ਦੇ ਗੁਰਵਿੰਦਰ ਸਿੰਘ ਮੋਨੋ ਐਕਟਿੰਗ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।

           ਸਮੂਹ ਲੋਕ ਨਾਚਾਂ ਵਿੱਚ ਖੇਤੀਬਾੜੀ ਕਾਲਜ , ਕਮਿਊਨਟੀ ਸਾਇੰਸ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ।

ਮਾਈਮ ਵਿੱਚ, ਬਾਗਬਾਨੀ ਅਤੇ ਜੰਗਲਾਤ ਕਾਲਜ  ਨੇ ਪਹਿਲਾ ਇਨਾਮ ਜਿੱਤਿਆ, ਜਦੋਂ ਕਿ ਖੇਤੀਬਾੜੀ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਜਿੱਤਿਆ।

ਇੱਕ ਝਾਕੀ ਨਾਟਕ ਵਿੱਚ ਪਹਿਲੇ ਤਿੰਨ ਸਥਾਨ ਖੇਤੀਬਾੜੀ ਕਾਲਜ , ਖੇਤੀ ਇੰਜਨੀਅਰਿੰਗ ਕਾਲਜ ਅਤੇ ਬੇਸਿਕ ਸਾਇੰਸ ਕਾਲਜ ਨੇ ਕ੍ਰਮਵਾਰ ਹਾਸਲ ਕੀਤੇ।

ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੇ ਵਿਖਾਇਆ ਸ਼ਬਦ ਸ਼ਕਤੀ ਦਾ ਪ੍ਰਭਾਵ

ਪਹਿਲੇ ਪੜਾਅ ਦੇ ਮੁਕਾਬਲੇ ਸੰਪੂਰਨ, *ਦੂਸਰੇ ਪੜਾਅ ਦੇ ਮੁਕਾਬਲੇ 15 ਨਵੰਬਰ ਤੋਂ 
ਲੁਧਿਆਣਾ, 9 ਨਵੰਬਰ (ਟੀ. ਕੇ.)
 ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਯੁਵਕ ਮੇਲੇ ਵਿੱਚ ਅੱਜ ਰਚਨਾਤਮਕ ਲੇਖਣੀ ਅਤੇ ਭਾਸ਼ਣਕਾਰੀ ਦੀਆਂ ਵੱਖ-ਵੱਖ ਵਿਧਾਵਾਂ ਨੇ ਕਈ ਸੰਜੀਦਾ ਵਿਸ਼ਿਆਂ ਨੂੰ ਛੁਹਿਆ। ਅੱਜ ਦੇ ਮੁਕਾਬਲਿਆਂ ਵਿੱਚ ਰਚਨਾਤਮਕ ਲੇਖਣ, ਮੌਕੇ `ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਦੇ ਮੁਕਾਬਲੇ ਕਰਵਾਏ ਗਏ।ਸਵੇਰ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਵਜੋਂ ਡਾ. ਵੀ ਕੇ ਦੁਮਕਾ, ਕੰਪਟਰੋਲਰ, ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਅਤੇ ਬਾਅਦ ਦੁਪਹਿਰ ਦੇ ਸੈਸ਼ਨ ਵਿਚ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸ਼ੂਧਨ ਫਾਰਮ ਅਤੇ ਡਾ. ਜਗਵਿੰਦਰ ਜੋਧਾ, ਸੰਪਾਦਕ (ਪੰਜਾਬੀ) ਪੀ ਏ ਯੂ ਪਧਾਰੇ। ਡਾ. ਜੋਧਾ ਨੇ ਵਿਦਿਆਰਥੀਆਂ ਨੂੰ ਵਧੀਆਂ ਬੁਲਾਰੇ ਬਣਨ ਲਈ ਕਈ ਮਹੱਤਵਪੂਰਨ ਨੁਕਤੇ ਦੱਸੇ ਅਤੇ ਪ੍ਰੇੇਰਿਤ ਕੀਤਾ। ਮੁਹਤਬਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਅਤੇ ਕਲਾ ਦੀ ਪ੍ਰਸੰਸਾ ਕੀਤੀ। ਡਾ. ਸਰਵਪ੍ਰੀਤ ਸਿੰਘ ਘੁੰੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੁਵਕ ਮੇਲਾ 15 ਨਵੰਬਰ 2023 ਤੋਂ 17 ਨਵੰਬਰ 2023 ਦਰਮਿਆਨ ਆਪਣੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਜਾਏਗਾ ਜਿਸ ਵਿਚ ਹੋਰ ਰੰਗਦਾਰ ਅਤੇ ਸੰਗੀਤਮਈ ਵਿਧਾਵਾਂ ਦੇ ਮੁਕਾਬਲੇ ਹੋਣਗੇ।
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਅਹਿਸਾਸਾਂ, ਵਲਵਲਿਆਂ ਅਤੇ ਸਮਾਜਿਕ ਸਰੋਕਾਰਾਂ ਨੂੰ ਭਾਸ਼ਣਕਾਰੀ ਅਤੇੇ ਲੇਖਣੀ  ਦੇ ਮਾਧਿਅਮ ਰਾਹੀਂ ਪ੍ਰਗਟਾਇਆ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ:
ਰਚਨਾਤਮਕ ਲੇਖਣ:
1.    ਵਿਸ਼ਵ ਕਾਲੜਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.    ਸ਼ਰਿਸ਼ਟੀ ਸ਼ਰਮਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.    ਅਵੰਤਿਕਾ ਪਾਠਕ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ 

ਮੌਕੇ `ਤੇ ਭਾਸ਼ਣਕਾਰੀ:
1.    ਜਸ਼ਨਪ੍ਰੀਤ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ 
2.    ਅਜੇਵੀਰ ਸਿੰਘ ਸੰਧੂ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.    ਜੀਤ ਵਰਮਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ

ਵਾਦ-ਵਿਵਾਦ ਮੁਕਾਬਲਾ:
1.    ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2.    ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.    ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
ਵਿਅਕਤੀਗਤ ਇਨਾਮ
1.    ਸਹਿਜਦੀਪ ਕੌਰ
2.    ਜੀਤ ਵਰਮਾ
ਰੰਗੋਲੀ ਬਨਾਉਣ ਦਾ ਮੁਕਾਬਲਾ:
1.    ਨਖਵਾ ਸ਼ਲੋਕ, ਕਾਲਜ ਆਫ ਫ਼ਿਸ਼ਰੀਜ਼
2.    ਰਵਨੀਤ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
3.    ਪਲਕਨੂਰ, ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ
     ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਦੱਸਿਆ ਕਿ 15 ਨਵੰਬਰ ਨੂੰ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਹੋਵੇਗਾ ਅਤੇ ਲੋਕਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ ਦੇ ਮੁਕਾਬਲੇ ਹੋਣਗੇ।

ਆਪਣੀ ਯੋਗਤਾ ਦੀ ਪਰਖ ਕਰੋ: ਜੀ.ਟੀ.ਬੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੰਤਰ-ਸਕੂਲ ਮੁਕਾਬਲਾ

ਮੁੱਲਾਂਪੁਰ ਦਾਖਾ 08 ਨਵੰਬਰ = (ਸਤਵਿੰਦਰ ਸਿੰਘ ਗਿੱਲ) ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਅਤੇ ਇਸ ਦੀ ਸਹਿਯੋਗੀ ਸੰਸਥਾ ਜੀ.ਟੀ.ਬੀ.-ਆਈ.ਐਮ.ਟੀ. ਨੇ ਹਾਲ ਹੀ ਵਿੱਚ ਬਹੁਤ ਉਡੀਕੇ ਜਾ ਰਹੇ ਅੰਤਰ-ਸਕੂਲ ਮੁਕਾਬਲੇ ਦਾ ਆਯੋਜਨ ਕੀਤਾ, "ਆਪਣੀ ਯੋਗਤਾ ਦੀ ਜਾਂਚ ਕਰੋ। ਇਸ ਸਮਾਗਮ ਵਿੱਚ ਖੇਤਰ ਦੇ 14 ਸਕੂਲਾਂ ਦੇ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਅਤੇ ਤਿੱਖਾ ਮੁਕਾਬਲਾ ਵੇਖਿਆ ਗਿਆ। ਇਹ ਸਮਾਗਮ ਕਾਲਜ ਦੇ ਪ੍ਰਧਾਨ ਪ੍ਰਧਾਨ ਦੀ ਪ੍ਰੇਰਣਾ ਦੁਆਰਾ ਆਯੋਜਿਤ ਕੀਤਾ ਗਿਆ ਸੀ ਇਹ ਸਮਾਗਮ ਕਾਲਜ ਦੇ ਪ੍ਰਧਾਨ ਸ. ਰਣਧੀਰ ਸਿੰਘ ਸੇਖੋਂ ਦੀ ਪ੍ਰੇਰਣਾ ਸਦਕਾ ਕਰਵਾਇਆ ਗਿਆ।  ਇਸ ਪ੍ਰੋਗਰਾਮ ਦਾ ਉਦਘਾਟਨ ਜੀਟੀਬੀ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ ਅਵਤਾਰ ਸਿੰਘ ਨੇ ਕੀਤਾ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਅਤੇ ਸ਼ਮੂਲੀਅਤ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘ਸਾਡੇ ਨੌਜਵਾਨਾਂ ਦੇ ਸਮਰਪਣ ਅਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨਾ ਪ੍ਰੇਰਣਾਦਾਇਕ ਹੈ ’। ਇਹ ਸਮਾਗਮ ਉਨ੍ਹਾਂ ਲਈ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਵਿਅਕਤੀਗਤ ਤੌਰ ’ਤੇ ਅੱਗੇ ਵਧਣ ਦਾ ਇੱਕ ਪਲੇਟਫਾਰਮ ਹੈ”। .ਜੀ.ਟੀ.ਬੀ.ਆਈ.ਐਮ.ਟੀ. ਦੇ ਡਾਇਰੈਕਟਰ ਡਾ. ਮਨੂਦੀਪ ਕੌਸ਼ਲ ਨੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਥੀਏਟਰ, ਸੰਗੀਤ, ਡਾਂਸ, ਸਾਹਿਤਕ ਆਈਟਮਾਂ, ਕਲਾ ਅਤੇ ਸ਼ਿਲਪਕਾਰੀ, ਰਵਾਇਤੀ ਚੀਜ਼ਾਂ, ਦਸਤਾਰ ਬੰਨ੍ਹਣ ਆਦਿ ਵਰਗੀਆਂ ਵੱਖ-ਵੱਖ ਸ਼ੈਲੀਆਂ ਦੇ 20 ਸਮਾਗਮ ਦੋਵਾਂ ਕਾਲਜਾਂ ਵਿੱਚ ਵੱਖ-ਵੱਖ ਥਾਵਾਂ ’ਤੇ ਆਯੋਜਿਤ ਕੀਤੇ ਗਏ।
          ਮੁਕਾਬਲੇ ਦੀ ਸਮਾਪਤੀ ਇੱਕ ਸ਼ਾਨਦਾਰ ਪੁਰਸਕਾਰ ਸਮਾਰੋਹ ਨਾਲ ਹੋਈ, ਜਿੱਥੇ ਜੇਤੂਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਜਸਵੀਰ ਸਿੰਘ ਅਤੇ ਜੀਟੀਬੀ ਨੈਸ਼ਨਲ ਕਾਲਜ ਦਾਖਾ ਦੇ ਸਾਬਕਾ ਵਿਦਿਆਰਥੀ ਸ. ਸੁਖਵੰਤ ਸਿੰਘ ਮੋਹੀ ਸਨ। ਬੈਸਟ ਡਾਂਸਰ, ਆਈਟੀਕੁਇਜ਼, ਕ੍ਰਿਏਟਿਵ ਰਾਈਟਿੰਗ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਗਏ। ਜਗਰਾਓਂ ਦੇ ਸਵਾਮੀ ਰੂਪ ਚੰਦ ਜੈਨ ਪਬਲਿਕ ਸਕੂਲ ਨੇ ਓਵਰਆਲ ਟਰਾਫੀ ਜਿੱਤੀ। ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਲਾਂਪੁਰ ਨੇ ਓਵਰਆਲ ਉਪ ਜੇਤੂ ਟਰਾਫੀ ਜਿੱਤੀ।

ਸ਼ਹੀਦ ਸਰਾਭਾ ਦੀ ਫ਼ਿਲਮ ਤੇ ਲੱਗੀ ਪਾਬੰਦੀ ਦੇ ਰੋਸ ਵਜੋਂ ਸੈਂਸਰ ਬੋਰਡ ਦਾ ਪੁਤਲਾ ਫੂਕਿਆ

ਪੰਜਾਬ,ਕੇਂਦਰ ਸਰਕਾਰ,ਸੈਂਸਰ ਬੋਰਡ ਮੁਰਦਾਬਾਦ ਦੇ ਨਾਅਰਿਆਂ ਨੇ ਅਸਮਾਨੀ ਗੂੰਜਾ ਪਾਈਆਂ

ਮੁੱਲਾਂਪੁਰ ਦਾਖਾ 05 ਨਵੰਬਰ (ਸਤਵਿੰਦਰ  ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਦਰਸਾਉਂਦੀ ਫਿਲਮ ਤੇ ਲੱਗੀ ਰੋਕ ਨੂੰ ਮੁੱਖ ਰੱਖਦਿਆਂ ਪਿੰਡ ਸਰਾਭਾ ਵਿਖੇ ਪਿੰਡ ਵਾਸੀ ਅਤੇ ਵੱਖ ਵੱਖ ਜਥੇਬੰਦੀਆਂ ਨੇ ਸੈਂਸਰ ਬੋਰਡ ਦਾ ਪੁਤਲਾ ਫੂਕਿਆ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਦੇ ਆਗੂ ਬਲਦੇਵ ਸਿੰਘ ਦੇਵ ਸਰਾਭਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉੱਘੇ ਲੇਖਕ ਤੇ ਨਿਰਦੇਸ਼ਕ ਕਵੀਰਾਜ ਜੀ ਅਤੇ ਪ੍ਰੋਡਿਊਸਰ ਅੰਮ੍ਰਿਤਪਾਲ ਸਿੰਘ ਸਰਾਭਾ ਵੱਲੋਂ ਬਣਾਈ ਫਿਲਮ ਤੇ ਸੈਂਸਰ ਬੋਰਡ ਵੱਲੋਂ "ਸਰਾਭਾ" ਫ਼ਿਲਮ ਤੇ ਕੁਝ ਕੁ ਹਿੱਸੇ ਤੇ ਇਤਰਾਜ ਕਰ ਕੇ ਕੱਟ ਲਾਉਣ ਦੀ ਗੱਲ ਆਖੀ ਜਿਸ ਦੇ ਕਾਰਨ ਫ਼ਿਲਮ ਭਾਰਤ 'ਚ 3 ਨਵੰਬਰ ਨੂੰ ਰਿਲੀਜ਼ ਨਾ ਹੋ ਸਕੀ। ਹੁਣ ਸਰਾਭਾ ਪਿੰਡ ਵਿਖੇ ਇੱਕ ਗੁੱਸੇ ਦੀ ਲਹਿਰ ਖੜੀ ਹੋ ਚੁੱਕੀ ਹੈ ਜਿੱਥੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਮੁਰਦਾਬਾਦ ਦੇ ਨਾਰਿਆਂ ਨੇ ਅਸਮਾਨੀ ਗੂੰਜਾਂ ਪਾਈਆਂ। ਆਗੂਆਂ ਨੇ ਅੱਗੇ ਆਖਿਆ ਕਿ ਸਾਡੇ ਇਸ ਰੋਸ ਲਹਿਰ ਦਾ ਕਾਰਨ ਇਹ ਹੈ ਕਿ ਜਿੰਨਾਂ ਅੰਗਰੇਜ਼ਾਂ ਦੇ ਖਿਲਾਫ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜੀ ਉਹਨਾਂ ਦੇ ਦੇਸ਼ਾਂ ਵਿੱਚ ਫ਼ਿਲਮ ਚੱਲਣ ਤੇ ਕੋਈ ਪਾਬੰਦੀ ਨਹੀਂ ਲਗਾਈ। ਪਰ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਨਿੱਕੀ ਉਮਰੇ ਵੱਡੀ ਕੁਰਬਾਨੀ ਕੀਤੀ ਉਸ ਦੇਸ਼ ਵਿੱਚ ਨਾ ਤਾਂ ਸਰਕਾਰਾਂ ਉਹਨਾਂ ਨੂੰ ਨਾਂ ਤਾਂ ਬਣਦਾ ਸਤਿਕਾਰ ਦੇਣ ਨੂੰ ਤਿਆਰ ਅਤੇ ਨਾ ਹੀ ਉਹਨਾਂ ਦੇ ਜੀਵਨ ਤੇ ਬਣੀ ਫ਼ਿਲਮ ਲਾਉਣ ਦੀ ਆਗਿਆ ਦੇ ਰਹੀ ਹੈ। 16 ਨਵੰਬਰ ਨੂੰ ਸ਼ਹੀਦ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਪੂਰੇ  ਦੁਨੀਆਂ ਵਿੱਚ ਮਨਾਇਆ ਜਾਵੇਗਾ। ਉਥੇ ਹੀ ਸ਼ਹੀਦ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਉਹਨਾਂ ਦੀ ਯਾਦ 'ਚ ਟੂਰਨਾਮੈਂਟ ਅਤੇ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਉਹਨਾਂ ਦੇ ਚੌਂਕ ਵਿੱਚ ਲੱਗੇ ਸਰੂਪ ਅੱਗੇ ਆਪਣਾ ਸੀਸ ਝੁਕਾਉਂਦੀਆਂ ਹਨ। ਉੱਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਆਪਣੀ ਪਾਰਟੀ ਦੀ ਹਾਜ਼ਰੀ ਲਵਾਉਣ ਲਈ ਪਹੁੰਚਦੇ ਹਨ। ਪਰ ਸ਼ਹੀਦ ਸਰਾਭਾ ਜੀ ਦੀ ਫਿਲਮ ਤੇ ਲੱਗੀ ਰੋਕ ਤੋਂ ਬਾਅਦ ਹਾਲੇ ਤੱਕ ਕੋਈ ਵੀ ਲੀਡਰ ਵਲੋਂ ਹਾ ਦਾ ਨਾਅਰਾ ਤੱਕ ਨਹੀਂ ਮਾਰਿਆ। ਸਰਕਾਰਾਂ ਸਿੱਖਾਂ ਦੇ ਹੱਕਾਂ ਤੇ ਡਾਕੇ ਤਾਂ ਹਮੇਸ਼ਾ ਮਾਰਦੀਆਂ ਹਨ ਪਰ ਸ਼ਹੀਦ ਦੀ ਬੇਅਦਬੀ ਇਹ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੈ। ਜੋ ਸ਼ਹੀਦ ਸਰਾਭਾ ਤੇ ਗ਼ਦਰੀ ਬਾਬਿਆਂ ਦੇ ਇਤਿਹਾਸ ਤੇ ਬਣੀ ਫ਼ਿਲਮ "ਸਰਾਭਾ" ਨੂੰ ਬਿਨਾਂ ਵਜਹਾ ਰੋਕ ਲਗਾ ਦਿੱਤੀ। ਅਸੀਂ ਇਹ ਵੀ ਐਲਾਨ ਕਰਦੇ ਹਾਂ ਕਿ ਜੇਕਰ ਫ਼ਿਲਮ 10 ਨਵੰਬਰ ਸਰਾਭਾ ਫਿਲਮ ਤੋਂ ਪਾਬੰਦੀ ਨਾ ਹਟਾਈ ਤਾਂ ਇੱਕ ਬਹੁਤ ਵੱਡਾ ਸਰਕਾਰਾਂ ਅਤੇ ਸੈਂਸਰ ਬੋਰਡ ਦੇ ਖਿਲਾਫ ਸੰਘਰਸ਼ ਉਲੀਕਿਆ ਜਾਵੇਗਾ। ਉਹਨਾਂ ਨੇ ਆਖਰ ਵਿੱਚ ਆਖਿਆ ਤੇ ਅਸੀਂ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਿੰਡ ਪਿੰਡ "ਸਰਾਭਾ" ਫਿਲਮ ਦੇ ਹੱਕ ਵਿੱਚ ਰੋਸ ਮੁਜਾਰੇ ਕਰਨ ਤਾਂ ਜੋ ਸੁੱਤੀਆਂ ਸਰਕਾਰਾਂ ਜਾਗ ਪੈਣ। ਜੇਕਰ ਪੰਜ ਦਿਨਾਂ ਦੇ ਵਿੱਚ ਇਹ ਫਿਲਮ ਤੋਂ ਰੋਕ ਨਾ ਹਟਾਈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਵਾਰਿਸ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ। ਇਸ ਮੌਕੇ ਦਲਜੀਤ ਸਿੰਘ ਰੰਗੀ ਰਾਏਕੋਟ, ਕੁਲਜੀਤ ਸਿੰਘ ਭੰਮਰਾ ਸਰਾਭਾ, ਗੁਰਸਿਮਰਨ ਸਿੰਘ ਅੱਬੂਵਾਲ, ਅਵਤਾਰ ਤਾਰੀ ਨੂਰਪੁਰਾ, ਬਲਵਿੰਦਰ ਸਿੰਘ ਨੂਰਪੁਰਾ, ਕਮਲਜੀਤ ਸਿੰਘ ਕਮਲ ਬਰਮੀ, ਜੱਗਾ ਸਿੰਘ ਟੂਸੇ, ਨਿਰਮਲ ਸਿੰਘ ਸਰਾਭਾ, ਜਗਮੋਹਣ ਸਿੰਘ ਸਰਾਭਾ, ਏਕਮਦੀਪ ਸਿੰਘ ਟੂਸੇ, ਸੁਖਮਿੰਦਰ ਸਿੰਘ ਸੁੱਖਾ ਸਰਾਭਾ, ਬਹਾਦਰ ਸਿੰਘ ਸਰਾਭਾ, ਹਰਪ੍ਰੀਤ ਸਿੰਘ ਸਰਾਭਾ, ਹਰਵਿੰਦਰ ਸਿੰਘ ਸਰਾਭਾ, ਅੱਛਰ ਸਿੰਘ ਸਰਾਭਾ ਮੋਟਰ ਵਾਲੇ, ਹਰਦੀਪ ਸਿੰਘ ਰਿੰਕੂ ਰੰਗੋਵਾਲ, ਰਣਜੀਤ ਸਿੰਘ ਸਰਾਭਾ, ਭੋਲਾ ਸਰਾਭਾ,ਪ੍ਰਦੀਪ ਸਿੰਘ ਸਰਾਭਾ ਆਦਿ ਹਾਜ਼ਰ ਸਨ।

ਭਾਜਪਾ ਦੇ ਆਗੂ ਬੇਲਗਾਮ ਭਾਸ਼ਣਬਾਜ਼ੀ ਦੇ ਨਾਲ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਲਾਂਬੂ ਲਾ ਰਹੇ ਹਨ:ਬਲਰਾਜ ਖਾਲਸਾ

 ਧਰਮਕੋਟ, 05 ਨਵੰਬਰ (ਜਸਵਿੰਦਰ ਸਿੰਘ ਰੱਖਰਾ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ  ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੇ ਲਈ ਬਿਨਾਂ ਸੋਚੇ ਸਮਝੇ ਬਿਆਨਬਾਜ਼ੀਆਂ ਕਰ ਰਹੇ ਹਨ ਉਹਨਾਂ ਨੇ ਰਾਜਸਥਾਨ ਵਿੱਚ ਭਾਜਪਾ ਆਗੂ ਸੰਦੀਪ ਦਾਇਮਾ ਵੱਲੋਂ ਦਿੱਤੇ ਨਫ਼ਰਤ ਭਰੇ ਭਾਸ਼ਣ ਦੀ ਨਿਖੇਧੀ ਕੀਤੀ ਹੈ।
ਇੱਕ ਬਿਆਨ ਵਿੱਚ ਗੁਰਦੁਆਰਿਆਂ ਅਤੇ ਮਸਜਿਦਾਂ ਬਾਰੇ ਟਿੱਪਣੀ ਕਰਨ ਵਾਲੇ ਨੇਤਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਨੇ ਉਮੀਦ ਜਤਾਈ ਕਿ ਭਾਜਪਾ ਉਸਦੇ ਨਫ਼ਰਤ ਭਰੇ ਭਾਸ਼ਣ ਦਾ ਗੰਭੀਰ ਨੋਟਿਸ ਲਵੇਗੀ ਕਿਉਂਕਿ ਇਸ ਨੇ ਦੇਸ਼ ਭਰ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
 ਕਿਹਾ ਕਿ ਅਜਿਹੇ ਲੋਕ ਜਾਣਬੁੱਝ ਕੇ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਸਜ਼ਾ ਦਿੱਤੇ ਨਹੀਂ ਛੱਡਣਾ ਚਾਹੀਦਾ।ਸਭਿਅਕ ਸਮਾਜ ਵਿੱਚ ਅਜਿਹੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਉਹ ਵੀ ਭਾਰਤ ਵਰਗੇ ਦੇਸ਼ ਵਿੱਚ, ਜੋ ਸਾਰੇ ਲੋਕਾਂ ਦੇ ਵਿਸ਼ਵਾਸ ਅਤੇ ਧਰਮਾਂ ਦਾ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅਕਸ ਖਰਾਬ ਹੋ ਚੁੱਕਿਆ ਹੈ ਅਤੇ ਇਸੇ ਕਰਕੇ ਆਗੂ ਬੇਲਗਾਮ ਬਿਆਨਬਾਜ਼ੀ ਕਰ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਸੂਬੇ ਨੇ ਹਮੇਸ਼ਾ ਹੀ ਵੱਡਾ ਸੰਤਾਪ ਭੋਗਿਆ ਹੈ ਅਤੇ ਮੁੜ ਭਾਜਪਾ ਦੀਆਂ ਪੰਜਾਬ ਵਿਰੋਧੀ ਸ਼ਕਤੀਆਂ ਬਿਆਨਬਾਜ਼ੀ ਕਰਕੇ ਘੱਟ ਗਿਣਤੀ ਵਰਗਾਂ ਨੂੰ ਭੜਕਾਉਣੀਆਂ ਚਾਹੁੰਦੀਆਂ ਹਨ। ਉਹਨਾਂ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਨਿੰਦਾ ਕਰਦਿਆਂ ਆਖਿਆ ਕਿ ਭਾਜਪਾ ਦੇ ਉਸ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਿਸ ਨਾਲ ਦੇਸ਼ ਭਰ ਦੇ ਵਿੱਚ ਤਲਖੀ ਪੈਦਾ ਹੋਈ ਹੈ।
। ਇਸ ਵਿੱਚ ਜਗਜੀਤ ਸਿੰਘ ਸ਼ਹਿਰੀ ਪ੍ਰਧਾਨ, ਪ੍ਰੀਤਮ ਸਿੰਘ ਧਰਮੀ ਫੌਜੀ, ਮਨੋਹਰ ਸਿੰਘ ਖਾਲਸਾ ਕੋਟ ਈਸੇ ਖਾਂ, ਲਖਵਿੰਦਰ ਸਿੰਘ ਫਤਿਹਗੜ੍ਹ ਪੰਜਤੂਰ,ਡਾ. ਕੁਲਜੀਤ ਸਿੰਘ, ਹਰਨੇਕ ਸਿੰਘ, ਕਰਤਾਰ ਸਿੰਘ,ਤਰਲੋਕ ਸਿੰਘ, ਵਰਿਆਮ ਸਿੰਘ, ਸਤਪਾਲ ਸਿੰਘ ਕੜਿਆਲ, ਸੰਤੋਖ ਸਿੰਘ ਸ਼ੇਰੇਵਾਲਾ, ਜੰਡ ਸਿੰਘ ਮੌਜਗਡ਼੍ਹ, ਸੁਰਿੰਦਰ ਸਿੰਘ ਫੌਜੀ, ਜਗਜੀਤ ਸਿੰਘ ਇੰਦਰਗਡ਼, ਬਲਵੰਤ ਸਿੰਘ ਭਿੰਡਰ ਕਲਾਂ, ਬਲਜੀਤ ਸਿੰਘ ਧਰਮਕੋਟ,  ਜਗਤਾਰ ਸਿੰਘ ਇੰਦਰਗੜ੍ਹ, ਸੁਖਵਿੰਦਰ ਸਿੰਘ ਫਿਰੋਜ਼ਵਾਲ ਬਾਡਾ, ਲਖਵੀਰ ਸਿੰਘ ਭਿੰਡਰ ਕਲਾਂ, ਪਰਮਿੰਦਰ ਸਿੰਘ ਇੰਦਰਗੜ੍ਹ, ਜਗਸੀਰ ਸਿੰਘ ਇੰਦਰਗੜ੍ਹ,ਹਰਜੀਤ ਸਿੰਘ ਫਿਰੋਜ਼ਵਾਲ, ਸੁੱਖਾ ਸਿੰਘ ਪਲੰਬਰ ਆਦਿ ਹਾਜ਼ਰ ਹੋਏ।

Photo ;  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਬਲਰਾਜ ਸਿੰਘ ਖਾਲਸਾ ਵਰਕਰਾਂ ਨਾਲ (ਜਸਵਿੰਦਰ ਸਿੰਘ ਰੱਖਰਾ)

ਰੇਤ ਮਾਫੀਆ ਵੱਲੋ ਮਜ਼ਦੂਰਾਂ ਨਾਲ ਕੀਤੀ ਜਾਂਦੀ ਧੱਕੇਸਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ- ਬਲਰਾਜ ਕੋਟ ਉਮਰਾ

ਜਗਰਾਉ / ਸਿੱਧਵਾਂ ਬੇਟ,5 ਨਵੰਬਰ ( ਮਨਜੀਤ ਸਿੰਘ ਲੀਲਾਂ)ਗਰੰਟੀਆਂ ਦੇ ਖਿਲਾਫ ਜਾ ਕੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵਿਰੁੱਧ ਅੱਜ ਮਜ਼ਦੂਰਾਂ ਨੇ ਪਿੰਡ ਅੱਕੂਵਾਲ ਚੋਂ ਕੀਤੀ ਜਾਂਦੀ ਰੇਤੇ ਦੀ ਨਿਕਾਸੀ ਖਿਲਾਫ ਸਰਕਾਰ ਖਿਲਾਫ ਮੁਜ਼ਾਰਾ ਕਰਦਿਆਂ ਕਿਹਾ ਕਿ ਠੇਕੇਦਾਰਾਂ ਵੱਲੋਂ ਪਹਿਲੀਆਂ ਸਰਕਾਰਾਂ ਵਾਂਗ ਹੀ ਨਿਯਮਾਂ ਦੇ ਉਲਟ ਜਾ ਕੇ ਪੋਕ ਲੈਣ ਮਸ਼ੀਨਾਂ ਅਤੇ ਦੂਸਰੀਆਂ ਮਸ਼ੀਨਾਂ ਨਾਲ ਦਰਿਆ ਸਤਲੁਜ ਚੋਂ ਬਹੁਤ ਡੁੰਘਾਈ ਤੱਕ ਰੇਤ ਕੱਢੀ ਜਾਂਦੀ ਆ ਅਤੇ ਓਵਰਲੋਡ ਟਰੱਕ ਤੇ ਟਰਾਲੀਆਂ ਵਿੱਚ ਭਰ ਕੇ ਸੜਕਾਂ ਦਾ ਸਤਿਆਨਾਸ ਕੀਤਾ ਜਾ ਰਿਹਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਵਾਇਦੇ ਅਨੁਸਾਰ ਮਜ਼ਦੂਰਾਂ ਨੂੰ ਕੰਮ ਦੇਵੇ ਤੇ ਜਿਸ ਤਰ੍ਹਾਂ  ਫਲੱਡ ਸੀਜ਼ਨ ਤੋਂ ਪਹਿਲਾਂ ਇਲਾਕੇ ਭਰ ਦੇ ਮਜ਼ਦੂਰਾਂ ਵਿੱਚ ਇਸ ਗੱਲ ਦੀ ਖੁਸ਼ੀ ਸੀ ਕਿ ਮਸ਼ੀਨਾਂ ਹਟਾ ਕੇ ਸਰਕਾਰ ਨੇ ਮਜ਼ਦੂਰਾਂ ਨੂੰ ਕੰਮ ਦਿੱਤਾ ਤੇ ਹਰ ਘਰ ਦੇ ਵਿੱਚ ਮਜ਼ਦੂਰੀ ਦੇ ਪੈਸੇ ਜਾਂਦੇ ਸੀ ਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਪ੍ਰੰਤੂ ਠੇਕੇਦਾਰਾਂ ਨੇ ਆਪ ਹੁਦਰੀਆਂ ਕਰਦਿਆਂ ਪੋਕ ਲੈਣ ਤੇ ਵੱਡੀਆਂ ਮਸ਼ੀਨਾਂ ਨਾਲ ਮਜ਼ਦੂਰਾਂ ਦਾ ਜਿਹੜਾ ਰੁਜ਼ਗਾਰ ਆ ਉਹ ਖੋ ਲਿਆ ਹੈ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਨੇ ਕਿਹਾ ਕਿ ਦਰਿਆ ਦੇ ਫਲੱਡ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਜਮੀਨਾਂ ਦੇ ਵਿੱਚ ਚਾਰ ਚਾਰ ਫੁੱਟ ਰੇਤਾ ਪਿਆ ਹੋਇਆ ਹੈ ਸਰਕਾਰ ਨੂੰ ਚਾਹੀਦਾ ਕਿ ਉਹ ਕਿਸਾਨਾਂ ਨੂੰ ਮੁਆਵਜਾ ਤਾਂ ਨਹੀਂ ਦੇ ਸਕੀ ਇਹ ਰੇਤਾ ਚੱਕਣ ਦੀ ਇਜਾਜ਼ਤ ਦੇਵੇ ਤਾਂ ਕਿ ਕਿਸਾਨ  ਆਉਣ ਵਾਲੇ ਸਮੇਂ ਦੌਰਾਨ ਆਪਣੀਆਂ ਫਸਲਾਂ ਬੀਜ ਸਕਣ ਤੇ ਉਹਨਾਂ ਨੂੰ ਕੋਈ ਬੀਤੀ ਮਦਦ ਹੋ ਸਕੇ ਜਿਹੜੀਆਂ ਪੋਕ ਲੈਣ ਜਾਂ ਜੇਸੀਬੀ ਮਸ਼ੀਨਾਂ ਨਾਲ ਭਰਾਈ ਕੀਤੀ ਜਾ ਰਹੀ ਆ ਉਹ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹ ਤੇ ਮਜ਼ਦੂਰਾਂ ਨੂੰ ਕੰਮ ਦੇ ਕੇ ਉਹਨਾਂ ਦੇ ਘਰਾਂ ਦੇ ਚੁੱਲੇ ਵੀ ਤਪਦੇ ਰੱਖਣੇ ਚਾਹੀਦੇ ਹਨ ਅਤੇ ਉਹਨਾਂ ਠੇਕੇਦਾਰਾਂ ਦੇ ਖਿਲਾਫ ਜਿਹੜੇ ਮੋਟੀ ਰਕਮ ਲੈ ਕੇ ਇਹ ਭਰਾਈ ਕਰ ਰਹੇ ਹਨ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉਹਨਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

ਪੀ.ਏ.ਯੂ. ਦਾ ਅੰਤਰਕਾਲਜ ਯੁਵਕ ਮੇਲਾ ਧੂਮ ਧੱੜਕੇ ਨਾਲ ਸ਼ੁਰੂ ਹੋਇਆ

ਲੁਧਿਆਣਾ, 1ਨਵੰਬਰ (ਟੀ. ਕੇ.) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੰਤਰਕਾਲਜ ਯੁਵਕ ਮੇਲਾ ਧੂਮ ਧੱੜਕੇ ਨਾਲ ਸ਼ੁਰੂ ਹੋ ਗਿਆ। ਅੱਜ ਤੋਂ 9 ਨਵੰਬਰ  ਦੌਰਾਨ ਚਲਣ ਵਾਲੇ ਇਸ ਯੁਵਕ ਮੇਲੇ ਵਿੱਚ ਪੀ.ਏ.ਯੂ. ਦੇ ਲੁਧਿਆਣਾ ਕੈਂਪਸ ਵਿੱਖੇ ਸਥਿਤ ਪੰਜ ਕਾਲਜਾਂ ਤੋਂ ਇਲਾਵਾ ਗੁਰਦਾਸਪੁਰ ਅਤੇ ਬਠਿੰਡਾ ਦੇ ਇੰਸਟੀਚਿਊਟ ਆਫ ਐਗਰੀਕਲਚਰ ਅਤੇ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਸ਼ਿਰਕਤ ਕਰ ਰਹੇ ਹਨ। ਇਸ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੁੰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਇਸ ਚਾਂਸਲਰ, ਪੀ.ਏ.ਯੂ. ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਕਲਾ ਨੂੰ ਨਿਖਾਰ ਕੇ, ਉਹਨਾਂ ਦੀ ਸਖਸ਼ੀਅਤ ਦੀ ਉਸਾਰੀ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਅੰਦਰ ਰਚਨਾਤਮਕ ਪ੍ਰਤਿਭਾ ਹੁੰਦੀ ਹੈ ਅਤੇ ਇਹ ਯੁਵਕ ਮੇਲੇ ਸਾਨੂੰ ਇਸਦੀ ਪਛਾਣ ਕਰਨ ਵਿੱਚ ਮਦਦ ਕਰਦੇ ਹਨ। ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਦਿਆਂ ਉਹਨਾਂ ਕਿਹਾ ਕਿ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜਿਊਣ ਅਤੇ ਉਸਨੂੰ ਸੁਹਜਾਤਮਕ ਰੰਗਤ ਦੇਣ ਵਿੱਚ ਇਹਨਾਂ ਗਤੀਵਿਧੀਆਂ ਦਾ ਖਾਸ ਮਹੱਤਵ ਹੈ।

        ਇਸ ਮੌਕੇ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀ ਜੀਵਨ ਵਿੱਚ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਬੇਸ਼ਕ ਸਿੱਖਿਆ ਦਾ ਖਾਸ ਮਹੱਤਵ ਹੈ ਪਰ ਯੁਵਕ ਮੇਲੇ ਵਿਚਲੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸੂਖਮ ਕਲਾਵਾਂ ਨਾਲ ਜੋੜਦੀਆਂ ਹਨ। ਪੀ.ਏ.ਯੂ. ਦੇ ਰੰਗ-ਮੰਚ ਤੋਂ ਸਿਖਲਾਈ ਹਾਸਲ ਕਰਕੇ ਦੇਸ਼ਾਂ-ਵਿਦੇਸ਼ਾਂ ਵਿੱਚ ਨਾਂਅ ਚਮਕਾਉਣ ਵਾਲੇ ਉੱਘੇ ਕਲਾਕਾਰਾਂ ਤੇ ਫ਼ਖਰ ਕਰਦਿਆਂ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਹੋਣਹਾਰ ਵਿਦਿਆਰਥੀ ਭਵਿਖ ਵਿੱਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੁੰਦੇ ਰਹਿਣਗੇ ਅਤੇ ਇਸੇ ਤਰ੍ਹਾਂ ਪੀ.ਏ.ਯੂ. ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਉਹਨਾਂ ਦਸਿਆ ਕਿ ਡਾ. ਗੋਸਲ ਦੀ ਸਰਪ੍ਰਸਤੀ ਹੇਠ ਪੀ.ਏ.ਯੂ. ਵੱਲੋਂ ਆਉਂਦੇ ਸਮੇਂ ਵਿੱਚ ਸਰਵ-ਭਾਰਤੀ ਅੰਤਰ ਯੂਨੀਵਰਸਿਟੀਜ਼ ਰਾਸ਼ਟਰੀ ਯੁਵਕ ਮੇਲਾ ਵੀ ਕਰਵਾਇਆ ਜਾ ਰਿਹਾ ਹੈ।

        ਇਸ ਮੌਕੇ ਸਵੇਰ ਦੇ ਸੈਸ਼ਨ ਵਿੱਚ ਕਵਿਤਾ ਉਚਾਰਣ ਅਤੇ ਹਾਲ ਰਸ ਮੁਕਾਬਲੇ ਕਰਵਾਏ ਗਏ।
ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਖੇਤੀਬਾੜੀ ਕਾਲਜ ਦੇ ਹਰਮਨਜੋਤ ਸਿੰਘ, ਦੂਜਾ ਸਥਾਨ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਅਤੇ ਤੀਜਾ ਸਥਾਨ, ਖੇਤੀਬਾੜੀ ਕਾਲਜ ਦੀ ਜੈਸਮੀਨ ਕੌਰ ਸਿੱਧੂ ਨੇ ਹਾਸਲ ਕੀਤਾ। ਇਸੇ ਤਰ੍ਹਾਂ ਹਾਸ-ਰਸ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਨਿਸ਼ਾਤਾ ਨੇ ਪਹਿਲਾਂ ਸਥਾਨ, ਬੇਸਿਕ ਸਾਇੰਸ ਅਤੇ ਹਿਊਮਨੈਟੀਜ਼ ਕਾਲਜ ਦੇ ਲਵਕਰਨ ਸਿੰਘ ਨੇ ਦੂਜਾ ਸਥਾਨ ਅਤੇ ਖੇਤੀਬਾੜੀ ਕਾਲਜ ਦੇ ਪਵਨ ਕੁਮਾਰ ਅਤੇ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।

        ਅੱਜ ਦੇ ਇਸ ਉਦਘਾਟਨੀ ਸਮਾਰੋਹ ਦੀ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ ਅਤੇ ਧੰਨਵਾਦ ਦੇ ਸ਼ਬਦ ਡਾ. ਜਸਵਿੰਦਰ ਕੌਰ ਬਰਾੜ ਨੇ ਕਹੇ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਪੀ.ਏ.ਯੂ. ਡਾ. ਸ਼ੰਮੀ ਕਪੂਰ, ਡੀਨ ਬੇਸਿਕ ਸਾਇੰਸਸ ਕਾਲਜ,  ਡਾ. ਕੀਰਨਜੋਤ ਸਿੱਧੂ ਡੀਨ, ਕਮਿਊਨਟੀ ਸਾਇੰਸ ਕਾਲਜ, ਡਾ. ਤਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਕੇਂਦਰ ਅਤੇ ਰਿਸ਼ੀ ਇੰਦਰ ਸਿੰਘ ਗਿੱਲ, ਮਿਲਖ ਅਫਸਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਵੈਟਨਰੀ ਯੂਨੀਵਰਸਿਟੀ ਦੇ ਦੋ ਸੀਨੀਅਰ ਅਧਿਕਾਰੀ ਹੋਏ ਸੇਵਾਮੁਕਤ

ਲੁਧਿਆਣਾ- 01 ਨਵੰਬਰ(ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਤੇ ਡਾ. ਐਸ ਕੇ ਕਾਂਸਲ, ਪੋ੍ਫੈਸਰ, ਪਸਾਰ ਸਿੱਖਿਆ ਵਿਭਾਗ ਤਿੰਨ ਦਹਾਕੇ ਤੋਂ ਵਧੇਰੇ, ਸੇਵਾ ਨਿਭਾਉਂਦੇ ਹੋਏ 31 ਅਕਤੂਬਰ 2023 ਨੂੰ ਸੇਵਾਮੁਕਤ ਹੋ ਗਏ। ਦੋਨਾਂ ਸ਼ਖ਼ਸੀਅਤਾਂ ਨੇ ਵੈਟਨਰੀ ਯੂਨੀਵਰਸਿਟੀ ਅਧਿਆਪਕ ਜਥੇਬੰਦੀ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਵਿਚ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਜਥੇਬੰਦੀ ਦੇ ਪ੍ਰਧਾਨ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਕਾਰਜਕਾਰਨੀ ਮੈਂਬਰਾਂ ਦੇ ਨਾਲ ਸਮਾਰੋਹ ਨੂੰ ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਦਾਇਗੀ ਸਮਾਰੋਹ ਵਿਚ ਦੋਨਾਂ ਅਧਿਆਪਕਾਂ ਦੀ ਦਿਲ ਦੀ ਗਹਿਰਾਈ ਤੋਂ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸੂਝਵਾਨ, ਦੂਰਅੰਦੇਸ਼ੀ ਅਤੇ ਕਰਮਸ਼ੀਲ ਸ਼ਖ਼ਸੀਅਤਾਂ ਕਾਰਣ ਹੀ ਯੂਨੀਵਰਸਿਟੀ ਆਪਣੇ ਇਸ ਮੁਕਾਮ ਨੂੰ ਹਾਸਿਲ ਕਰ ਸਕੀ ਹੈ।
    ਡਾ. ਰਾਮਪਾਲ ਦਾ ਜਨਮ 1963 ਵਿਚ ਅੰਮ੍ਰਿਤਸਰ ਦੇ ਇਕ ਪਿੰਡ ਦੇ ਪੜ੍ਹੇ ਲਿਖੇ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਵਿਦਿਆ ਸੈਨਿਕ ਸਕੂਲ, ਕਪੂਰਥਲਾ ਤੋਂ ਗ੍ਰਹਿਣ ਕੀਤੀ ਅਤੇ ਅਨੁਸ਼ਾਸਨ ਦਾ ਗੁਣ ਸਿੱਖਿਆ। ਉਚੇਰੀ ਸਿੱਖਿਆ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦਾਖਲਾ ਲਿਆ ਅਤੇ ਵੈਟਨਰੀ ਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ 1989 ਵਿਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਕੀਤੀ। ਉਹ ਬਹੁਤ ਉਚ ਦਰਜੇ ਦੇ ਐਥਲੀਟ ਅਤੇ ਕ੍ਰਿਕੇਟਰ ਰਹੇ। ਨੇਜਾ ਸੁੱਟਣ ਦੇ ਖੇਤਰ ਵਿਚ ਉਨ੍ਹਾਂ ਨੇ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨੇ ਐਸੋਸੀਏਟ ਪ੍ਰੋਫੈਸਰ, ਪ੍ਰੋਫੈਸਰ ਅਤੇ ਵੈਟਨਰੀ ਫਾਰਮਾਕੋਲੋਜੀ ਦੇ ਵਿਭਾਗ ਮੁਖੀ ਦੇ ਤੌਰ ’ਤੇ ਸੇਵਾ ਨਿਭਾਈ। 2016 ਤੋਂ ਸੇਵਾਮੁਕਤੀ ਵਾਲੇ ਦਿਨ ਤਕ ਉਹ ਬਤੌਰ ਨਿਰਦੇਸ਼ਕ ਵਿਦਿਆਰਥੀ ਭਲਾਈ ਸੇਵਾ ਦੇ ਰਹੇ ਸਨ।
    ਡਾ. ਐਸ ਕੇ ਕਾਂਸਲ ਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਵੈਟਨਰੀ ਵਿਗਿਆਨ ਵਿਚ 1985 ਵਿਚ ਅੰਡਰਗੈ੍ਰਜੂਏਟ ਡਿਗਰੀ ਪ੍ਰਾਪਤ ਕੀਤੀ। ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਤੋਂ ਪੋਸਟ ਗ੍ਰੈਜੂਏਟ ਕਰਨ ਉਪਰੰਤ 1988 ਵਿਚ ਉਨ੍ਹਾਂ ਨੂੰ ਪੀ ਏ ਯੂ ਵਿਖੇ ਸਹਾਇਕ ਪ੍ਰੋਫੈਸਰ ਦੀ ਨੌਕਰੀ ਪ੍ਰਾਪਤ ਹੋਈ। ਉਨ੍ਹਾਂ ਨੇ ਪਸਾਰ ਸਿੱਖਿਆ ਦੇ ਖੇਤਰ ਵਿਚ ਆਪਣੇ ਨਵੇਂ ਰਾਹ ਤਲਾਸ਼ੇ। ਪਸ਼ੂ ਭਲਾਈ ਕੈਂਪ, ਜਾਗਰੂਕਤਾ ਕੈਂਪ ਅਤੇ ਕਿਸਾਨਾਂ ਲਈ ਸਿਖਲਾਈ ਪ੍ਰੋਗਰਾਮ ਕਰਾਉਣ ਦੇ ਨਾਲ ਨਾਲ ਉਨ੍ਹਾਂ ਨੇ ਪਿੰਡਾਂ ਨੂੰ ਅਪਣਾਅ ਕੇ ਕਿਸਾਨਾਂ ਤਕ ਆਪਣੀ ਨੇੜੇ ਦੀ ਪਹੁੰਚ ਬਣਾ ਲਈ। ਪੋਸਟ ਗੈ੍ਜੂਏਟ ਵਿਦਿਆ ਦੇ ਸੁਧਾਰ ਹਿਤ ਉਨ੍ਹਾਂ ਨੇ ਪਾਠਕ੍ਰਮ ਨੂੰ ਬਿਹਤਰ ਕਰਨ ਹਿਤ ਕਈ ਉਪਰਾਲੇ ਕੀਤੇ। 2016 ਤੋਂ 2020 ਤਕ ਉਨ੍ਹਾਂ ਨੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਦੇ ਤੌਰ ’ਤੇ ਵੀ ਸੇਵਾ ਨਿਭਾਈ। ਇਸ ਸਮੇਂ ਦੌਰਾਨ ਉਨ੍ਹਾਂ ਮਹੱਤਵਪੂਰਨ ਖੋਜ ਪ੍ਰਾਜੈਕਟਾਂ ’ਤੇ ਵੀ ਕੰਮ ਕੀਤਾ।
ਸੇਵਾਮੁਕਤੀ ਵਿਦਾਇਗੀ ਸਮਾਰੋਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਵਿਭਾਗ ਮੁਖੀ ਅਤੇ ਅਧਿਆਪਕ  ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।

ਕਾਲਜ ਵਿਚ "ਅਰਨ ਵਾਇਲ ਯੂ ਲਰਨ” ਗਤੀਵਿਧੀ ਸਬੰਧੀ ਪ੍ਰੋਗਰਾਮ ਕਰਵਾਇਆ 

ਲੁਧਿਆਣਾ, 01 ਨਵੰਬਰ(ਟੀ. ਕੇ.) ਗੁਰੂ ਨਾਨਕ ਖਾਲਸਾ  ਕਾਲਜ ਵੋਮੈਨ ਮਾਡਲ ਟਾਊਨ ਵਿਚ  ‘ਅਰਨ ਵਾਇਲ ਯੂ ਲਰਨ’ ਸਕੀਮ ਦੇ ਹਿੱਸੇ ਵਜੋਂ, ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਦੁਆਰਾ ਕਰਵਾ ਸੈੱਟਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦੀ ਸਥਾਪਨਾ ਕੀਤੀ ਗਈ । ਇਸ ਦੇ ਲਈ ਵਿਦਿਆਰਥੀਆਂ ਨੇ ਕਪੜੇ ਅਤੇ ਸਜਾਵਟ ਦੀ ਵਰਤੋਂ ਕਰਕੇ ਛੰਨੀ, ਕਰਵਾ ਅਤੇ ਦੀਵਾ ਸਜਾਇਆ । ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਪਣੇ ਵਰਤ ਲਈ ਕਰਵਾ ਦੀਆਂ ਵਸਤੂਆਂ ਖਰੀਦੀਆਂ।
ਕਾਲਜ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਹੁਨਰ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਮਹੱਤਵ ਰੱਖਦੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸੂਬਾ ਸਰਕਾਰ ਦੀਆਂ ਉਪਲਬਧੀਆਂ ਪੜਾਅਵਾਰ ਗਿਣਾਈਆਂ

ਆਮ ਆਦਮੀ ਸਰਕਾਰ ਦੇ 18 ਮਹੀਨਿਆਂ ਦੇ ਕਾਰਜਕਾਲ ਨੇ ਪਿਛਲੀਆਂ ਸਰਕਾਰਾਂ ਦੀਆਂ ਹੁਣ ਤੱਕ ਦੀਆਂ ‘ਅਖੌਤੀ ਪ੍ਰਾਪਤੀਆਂ’ ਨੂੰ ਫਿੱਕਾ ਪਾਇਆ

ਲੁਧਿਆਣਾ, 01 ਨਵੰਬਰ(ਟੀ. ਕੇ.)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਆਖਿਆ ਕਿ ਸੂਬਾ ਸਰਕਾਰ ਨੇ ਆਪਣੇ 18 ਮਹੀਨਿਆਂ ਦੇ ਕਾਰਜਕਾਲ ਵਿੱਚ ਕਈ ਲੋਕ-ਪੱਖੀ ਅਤੇ ਵਿਕਾਸ ਮੁਖੀ ਫੈਸਲੇ ਲਏ ਹਨ।

‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਸੂਬਾ ਸਰਕਾਰ ਨੇ ਕਾਰਜਕਾਲ ਸੰਭਾਲਿਆ ਹੈ, ਉਦੋਂ ਤੋਂ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਗਈਆਂ ਅਤੇ ਆਮ ਆਦਮੀ ਸਰਕਾਰ ਦੇ 18 ਮਹੀਨਿਆਂ ਨੇ ਪਿਛਲੀਆਂ ਸਰਕਾਰਾਂ ਦੀਆਂ ‘ਅਖੌਤੀ ਉਪਲਬਧੀਆਂ’ ਨੂੰ ਫਿੱਕਾ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਲਾਮਿਸਾਲ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦਾ ਮੁੱਢ ਬੰਨ੍ਹਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਾਰਨ ਪੰਜਾਬ ਅੱਜ ਹਰੇਕ ਖ਼ੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਬਣ ਕੇ ਉੱਭਰ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿੱਤੀ ਸੂਝ-ਬੂਝ ਨਾਲ ਲਏ ਕਈ ਫੈਸਲਿਆਂ ਨਾਲ ਸੂਬੇ ਦਾ ਆਪਣਾ  ਕਰ ਮਾਲੀਆ ਵਧ ਕੇ 13.2 ਫੀਸਦੀ ਹੋ ਗਿਆ, ਜਦੋਂ ਕਿ ਅਕਾਲੀ ਸਰਕਾਰ ਸਮੇਂ 2012-17 ਵਿੱਚ ਇਹ ਅੱਠ ਫੀਸਦੀ ਅਤੇ ਕਾਂਗਰਸ ਸ਼ਾਸਨ ਦੌਰਾਨ 2017-22 ਵਿੱਚ ਇਹ 6.1 ਫੀਸਦੀ ਸੀ। ਇਸੇ ਤਰ੍ਹਾਂ ਵੈਟ/ਜੀ.ਐਸ.ਟੀ. ਦੀ ਉਗਰਾਹੀ ਵਿੱਚ 16.6 ਫੀਸਦੀ ਦਾ ਵਾਧਾ ਹੋਇਆ ਹੈ, ਸੂਬਾਈ ਐਕਸਾਈਜ਼ ਵਿੱਚ 37 ਫੀਸਦੀ, ਅਸ਼ਟਾਮ ਤੇ ਰਜਿਸਟਰੇਸ਼ਨ ਤੋਂ ਮਾਲੀਆ 27.8 ਫੀਸਦੀ ਅਤੇ ਵਾਹਨਾਂ ਉਤੇ ਟੈਕਸ ਵਿੱਚ 13.3 ਫੀਸਦੀ ਵਾਧਾ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਟੈਕਸ ਚੋਰੀ ਰੋਕਣ ਤੋਂ ਇਲਾਵਾ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ, ਜਿਸ ਨਾਲ ਸੂਬੇ ਦੀ ਆਮਦਨ ਵਿੱਚ ਇਜ਼ਾਫ਼ਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰ ਵੱਲੋਂ ਕਈ ਸਾਲਾਂ ਤੋਂ ਖ਼ਾਲੀ ਛੱਡੀਆਂ 1400 ਕਿਲੋਮੀਟਰ ਨਹਿਰਾਂ ਨੂੰ ਸੁਰਜੀਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧੂਰੀਆਂ ਨਹਿਰਾਂ ਦਾ ਲੋੜੀਂਦੀ ਲੰਬਾਈ ਤੱਕ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸੂਬਾ ਸਰਕਾਰ ਨੇ 20 ਤੋਂ 30 ਸਾਲਾਂ ਤੋਂ ਖ਼ਾਲੀ ਪਏ 15 ਹਜ਼ਾਰ ਖ਼ਾਲਾਂ ਵਿੱਚੋਂ ਇਕ ਸਾਲ ਦੇ ਅੰਦਰ-ਅੰਦਰ 13,471 ਖ਼ਾਲ ਦੁਬਾਰਾ ਚਲਾਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਨੀਤੀ ਦੇ ਉਲਟ ਹੁਣ ਉਨ੍ਹਾਂ ਖ਼ਾਲਾਂ ਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਿਰਮਾਣ ਮਗਰੋਂ 25 ਸਾਲਾਂ ਤੋਂ ਮੁਰੰਮਤ ਨਹੀਂ ਕੀਤੀ ਗਈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2020-21 ਵਿੱਚ 77 ਕਰੋੜ ਰੁਪਏ ਦੇ ਮੁਕਾਬਲੇ ਸਾਲ 2023-24 ਵਿੱਚ ਮਨਰੇਗਾ ਅਧੀਨ 228 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਗੁਣਾ ਵੱਧ ਨਹਿਰਾਂ ਤੇ ਖ਼ਾਲਾਂ ਦੀ ਮੁਰੰਮਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਹਿਰੀ ਪਾਣੀ ਦੀ ਵਰਤੋਂ ਵਿੱਚ 38 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਇਸ ਸਾਲ ਪੰਜ ਹਜ਼ਾਰ ਕੇਸਾਂ ਦਾ ਨਿਬੇੜਾ ਕੀਤਾ ਗਿਆ, ਜਿਹੜੇ ਕਈ ਸਾਲਾਂ ਤੋਂ ਬਕਾਇਆ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 40 ਤੋਂ ਵੱਧ ਮੌਸਮੀ ਨਹਿਰਾਂ ਨੂੰ ਸਾਰਾ ਸਾਲ ਵਗਣ ਵਾਲੀਆਂ ਨਹਿਰਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਮਾਲਵਾ ਕੈਨਾਲ ਤੇ ਹੋਰ ਨਹਿਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਨਹਿਰਾਂ/ਨਾਲਿਆਂ/ਡਰੇਨਾਂ/ਮਾਈਨਰਾਂ ਨੂੰ ਪਹਿਲੀ ਵਾਰ ਨੋਟੀਫਾਈ ਕੀਤਾ ਜਾ ਰਿਹਾ ਹੈ, ਜਿਸ ਨਾਲ ਸਰਕਾਰ ਇਨ੍ਹਾਂ ਜਲ ਸਰੋਤਾਂ ਦੀ ਨਿਸ਼ਾਨਦੇਹੀ ਕਰਨ ਅਤੇ ਕਬਜ਼ੇ ਹਟਾਉਣ ਦੇ ਯੋਗ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਲ ਸਰੋਤਾਂ ਦੀ ਮੁਰੰਮਤ ਲਈ ਕਿਸਾਨਾਂ ਉਤੇ ਲੱਗਿਆ ਖ਼ਰਚ ਦਾ 10 ਫੀਸਦੀ ਹਿੱਸਾ ਵੀ ਮੁਆਫ਼ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ 16 ਸਾਲਾਂ ਤੋਂ ਲਟਕ ਰਿਹਾ ਕੰਡੀ ਕੈਨਾਲ ਪ੍ਰਾਜੈਕਟ ਵੀ 90 ਫੀਸਦੀ ਤੱਕ ਸੁਰਜੀਤ ਕਰ ਦਿੱਤਾ ਗਿਆ ਹੈ ਅਤੇ ਪਹਿਲੀ ਦਫ਼ਾ ਇਹ ਨਹਿਰ 90 ਫੀਸਦੀ ਤੋਂ ਵੱਧ ਸਮਰੱਥਾ ਉਤੇ ਚੱਲੀ। ਉਨ੍ਹਾਂ ਕਿਹਾ ਕਿ 150 ਸਾਲ ਪੁਰਾਣੇ ਐਕਟ ਦੀ ਥਾਂ ਜਲ ਸਰੋਤਾਂ ਬਾਰੇ ਨਵਾਂ ਐਕਟ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਾਰੀ ਪ੍ਰਕਿਰਿਆ ਸੁਖਾਲੀ ਹੋਵੇਗੀ, ਮੁਕੱਦਮੇਬਾਜ਼ੀ ਘਟੇਗੀ, ਲੋਕਾਂ ਦੀ ਸ਼ਮੂਲੀਅਤ ਵਧੇਗੀ ਅਤੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਸੂਬਾ ਸਰਕਾਰ ਨੇ 20 ਸਾਲਾਂ ਤੋਂ ਲਟਕ ਰਹੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਆਉਂਦੇ ਅੜਿੱਕੇ ਦੂਰ ਕਰ ਦਿੱਤੇ ਹਨ ਅਤੇ ਇਸ ਬੰਨ੍ਹ ਦੇ ਨਿਰਮਾਣ ਨੂੰ ਦਸੰਬਰ 2023 ਤੱਕ ਮੁਕੰਮਲ ਕੀਤਾ ਜਾਵੇਗਾ।

ਪੰਜਾਬ ਦੇ ਵਿੱਤੀ ਹਾਲਾਤ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਨਸਪ, ਪੀ.ਐਮ.ਆਈ.ਡੀ.ਸੀ./ਪੀ.ਐਫ.ਸੀ., ਲੈਂਡ ਮਾਰਗੇਜ਼ ਬੈਂਕ, ਪੰਜਾਬ ਮੰਡੀ ਬੋਰਡ, ਪੰਜਾਬ ਸ਼ੂਗਰਫੈੱਡ ਅਤੇ ਹੋਰ ਅਦਾਰਿਆਂ ਦੇ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵਿੱਤੀ ਸਾਲ 2022-23 ਵਿੱਚ 1298 ਕਰੋੜ ਰੁਪਏ ਦੇ ਘਰੇਲੂ ਬਿਜਲੀ ਬਿੱਲ ਮੁਆਫ਼ ਕੀਤੇ ਹਨ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਸਹਾਇਤਾ ਪ੍ਰਾਪਤ ਸਕੀਮਾਂ ਲਈ ਕੇਂਦਰ ਦੇ ਹਿੱਸੇ ਦੇ 1750 ਕਰੋੜ ਰੁਪਏ ਦੇ ਲਟਕਦੇ ਬਕਾਏ ਦਾ ਵੀ ਭੁਗਤਾਨ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪਹਿਲੀ ਅਪਰੈਲ 2017 ਤੋਂ 17 ਮਾਰਚ 2022 ਤੱਕ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 56,623 ਨੌਕਰੀਆਂ ਦਿੱਤੀਆਂ, ਜਦੋਂ ਕਿ ਸਾਡੀ ਸਰਕਾਰ ਨੇ ਸਿਰਫ਼ 18 ਮਹੀਨਿਆਂ ਵਿੱਚ ਹੀ 37,100 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਕ ਸਾਲ ਵਿੱਚ ਔਸਤਨ 23,432 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਜਿਹੜਾ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਰੀਆਂ ਨੌਕਰੀਆਂ ਮੁਕੰਮਲ ਪਾਰਦਰਸ਼ੀ ਪ੍ਰਕਿਰਿਆ ਅਪਣਾ ਕੇ ਮੈਰਿਟ ਦੇ ਆਧਾਰ ਉਤੇ ਦਿੱਤੀਆਂ ਗਈਆਂ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਗਰਮੀਆਂ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ 7.30 ਤੋਂ 2 ਵਜੇ ਤੱਕ ਕਰਨ ਦੀ ਇਤਿਹਾਸਕ ਪਹਿਲਕਦਮੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਦਮ ਕਾਫ਼ੀ ਕਾਰਗਰ ਸਾਬਤ ਹੋਇਆ, ਜਿਸ ਨਾਲ ਬਿਜਲੀ ਦੇ ਪੀਕ ਲੋਡ ਵਿੱਚ 250 ਮੈਗਾਵਾਟ ਦੀ ਕਮੀ ਆਈ, ਇਸ ਨਾਲ ਬਿਜਲੀ ਦੀ ਮੰਗ ਦੇ ਪ੍ਰਬੰਧਨ ਨਾਲ ਢੁਕਵੇਂ ਤਰੀਕੇ ਨਾਲ ਨਜਿੱਠਿਆ ਜਾ ਸਕਿਆ। ਇਸ ਕਦਮ ਨਾਲ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਦੁਪਹਿਰ ਤੱਕ ਆਪਣੇ ਕੰਮ ਕਰਵਾ ਕੇ ਬਾਕੀ ਸਮੇਂ ਵਿੱਚ ਆਪਣੇ ਹੋਰ ਧੰਦੇ ਕਰਨ ਦੀ ਖੁੱਲ੍ਹ ਮਿਲੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਟਰੈਫਿਕ ਨੂੰ ਸੁਚਾਰੂ ਕਰਨ ਵਿੱਚ ਮਦਦ ਮਿਲੀ, ਜਿਸ ਕਾਰਨ ਹੁਣ ਕਈ ਹੋਰ ਸੂਬੇ ਵੀ ਇਸ ਨੂੰ ਲਾਗੂ ਕਰਨ ਦੇ ਇੱਛੁਕ ਹਨ।

ਮੁੱਖ ਮੰਤਰੀ ਨੇ ਕਿਹਾ ਕਿ 10 ਸਾਲਾਂ ਦੀ ਸੇਵਾ ਪੂਰੀ ਕਰ ਚੁੱਕੇ ਐਡਹਾਕ, ਠੇਕਾ ਆਧਾਰਤ, ਡੇਲੀਵੇਜ਼, ਵਰਕ ਚਾਰਜਡ ਤੇ ਆਰਜ਼ੀ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਨਿਯਮਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮੁਲਾਜ਼ਮ ਧਰਨਿਆਂ-ਮੁਜ਼ਾਹਰਿਆਂ ਦੇ ਰਾਹ ਉਤੇ ਸਨ ਅਤੇ ਪਾਣੀਆਂ ਦੀਆਂ ਟੈਂਕੀਆਂ ਉਤੇ ਚੜ੍ਹਨ ਦੇ ਨਾਲ-ਨਾਲ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦੇ ਸਨ ਪਰ ਸਰਕਾਰ ਦੀ ਇਸ ਪਹਿਲਕਦਮੀ ਨਾਲ ਹੁਣ ਤੱਕ 12,351 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਔਸਤਨ ਦੋ ਤੋਂ ਤਿੰਨ ਗੁਣਾ ਵਾਧਾ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਬਾਕੀ ਰਹਿੰਦੇ ਨੌਂ ਹਜ਼ਾਰ ਤੋਂ ਵੱਧ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਇਸ ਸਾਲ ਦੇ ਅੰਤ ਤੱਕ ਨਿਯਮਤ ਕਰ ਦਿੱਤੀਆਂ ਜਾਣਗੀਆਂ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਸਨਅਤੀ ਖ਼ੇਤਰ ਵਿੱਚ ਮੋਹਰੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਪੰਜਾਬ ਵਿੱਚ 57,796 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਨੌਜਵਾਨਾਂ ਨੂੰ 2.98 ਲੱਖ ਨੌਕਰੀਆਂ ਮਿਲਣਗੀਆਂ। ਭਗਵੰਤ ਸਿੰਘ ਮਾਨ ਨੇ ਟਿੱਪਣੀ ਕੀਤੀ ਕਿ ਸਾਡੀ ਸਰਕਾਰ ਨੇ ਸਿਰਫ਼ 18 ਮਹੀਨਿਆਂ ਵਿੱਚ 57,796 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਹੈ, ਜਦੋਂ ਕਿ ਅਕਾਲੀ ਸਰਕਾਰ ਦੌਰਾਨ 2012-17 ਤੱਕ 32,995 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ ਕਾਂਗਰਸ ਸਰਕਾਰ ਦੌਰਾਨ 2017-22 ਤੱਕ 1,17,048 ਕਰੋੜ ਦਾ ਨਿਵੇਸ਼ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਸਾਲ 2022-23 ਦੌਰਾਨ 2.98 ਲੱਖ ਐਮ.ਐਸ.ਐਮ.ਈਜ਼ ਦੀ ਰਜਿਸਟਰੇਸ਼ਨ ਨਾਲ ਉੱਤਰੀ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀ ਸਹੂਲਤ ਲਈ ਕਲਰ ਕੋਡਿਡ ਅਸ਼ਟਾਮ ਪੇਪਰ ਜਾਰੀ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਇਕ ਨਿਸਚਿਤ ਸਮਾਂ ਹੱਦ ਵਿੱਚ ਸਿੰਗਲ ਵਿੰਡੋ ਸਿਸਟਮ ਰਾਹੀਂ ਮੁੱਖ ਵਿਭਾਗਾਂ ਦੀਆਂ ਸਾਰੀਆਂ ਮਨਜ਼ੂਰੀਆਂ ਅਗਾਊਂ ਦਿੱਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੇ ਸੁਝਾਅ ਲੈਣ ਲਈ ਜੁਲਾਈ 2023 ਵਿੱਚ ਵਟਸਐਪ ਹੈਲਪਲਾਈਨ ਸ਼ੁਰੂ ਕੀਤੀ ਗਈ ਸੀ, ਜਿਸ ਉਤੇ 1600 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਸਨ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੇ ਫੀਡਬੈਕ ਅਨੁਸਾਰ ਉਨ੍ਹਾਂ ਦੀ ਸਹੂਲਤ ਲਈ ਸਰਕਾਰੀ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿਖੇ 70 ਉਦਯੋਗਿਕ ਐਸੋਸੀਏਸ਼ਨਾਂ ਅਤੇ 1500 ਉਦਯੋਗਪਤੀਆਂ ਨਾਲ ਨਿੱਜੀ ਤੌਰ `ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੈਬਨਿਟ ਰੈਂਕ ਦੇ ਵਿਅਕਤੀਆਂ ਦੀ ਅਗਵਾਈ ਹੇਠ 26 ਪ੍ਰਮੁੱਖ ਉਦਯੋਗਿਕ ਸੈਕਟਰਾਂ ਲਈ ਉਦਯੋਗਿਕ ਸਲਾਹਕਾਰ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖੇਤਰ ਵਿੱਚ ਕੋਈ ਬਿਜਲੀ ਕੱਟ ਨਹੀਂ ਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਸਦਕਾ ਸੂਬੇ ਦੇ 90 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਸਬਸਿਡੀ ਦੀ ਬਕਾਇਆ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਜੋ ਕਿ ਅਕਾਲੀ ਦਲ ਦੇ ਸ਼ਾਸਨ ਦੌਰਾਨ 2342 ਕਰੋੜ ਰੁਪਏ ਅਤੇ ਕਾਂਗਰਸ ਦੇ ਰਾਜ ਵਿੱਚ 9020 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਮਾਰਚ 2015 ਤੋਂ ਰੁਕੀ ਹੋਈ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 2023 ਦੌਰਾਨ ਦਰਾਮਦ ਕੀਤੇ ਗਏ ਕੋਲੇ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਪਛਵਾੜਾ ਕੋਲਾ ਖਾਨ ਦੇ ਚਾਲੂ ਹੋਣ ਨਾਲ ਹਰ ਸਾਲ 600 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ 664 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚੋਂ 236 ਸ਼ਹਿਰੀ ਖੇਤਰਾਂ ਵਿੱਚ ਅਤੇ 428 ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਦੀ ਮਜ਼ਬੂਤੀ ਲਈ ਸੂਬੇ ਵਿੱਚ ਹੁਣ 550 ਕਰੋੜ ਰੁਪਏ ਦੀ ਲਾਗਤ ਨਾਲ ‘ਸਿਹਤਮੰਦ ਪੰਜਾਬ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ 80 ਕਿਸਮ ਦੀਆਂ ਦਵਾਈਆਂ ਅਤੇ 38 ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਤੋਂ 65 ਲੱਖ ਤੋਂ ਵੱਧ ਮਰੀਜ਼ਾਂ ਨੇ 130 ਕਰੋੜ ਰੁਪਏ ਦੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਉਠਾਇਆ ਹੈ ਅਤੇ 350 ਕਰੋੜ ਰੁਪਏ ਦੀਆਂ ਦਵਾਈਆਂ ਮੁਫ਼ਤ ਪ੍ਰਦਾਨ ਕਰਨ ਤੋਂ ਇਲਾਵਾ 25 ਕਰੋੜ ਰੁਪਏ ਦੇ ਖਰਚ ਨਾਲ 11 ਲੱਖ ਤੋਂ ਵੱਧ ਜਾਂਚ ਟੈਸਟ ਮੁਫ਼ਤ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਕੂਲ ਆਫ਼ ਐਮੀਨੈਂਸ ਦੇ ਪਹਿਲੇ ਸਾਲ ਦੌਰਾਨ 8358 ਵਿਦਿਆਰਥੀਆਂ ਨੇ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲਿਆ ਹੈ ਅਤੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਤੋਂ ਇਲਾਵਾ ਸਕੂਲ ਦੇ ਬੁਨਿਆਦੀ ਢਾਂਚੇ ਅਤੇ ਖੇਡਾਂ ਸਹੂਲਤਾਂ ਵਾਸਤੇ 200 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਐਕਸਪੋਜ਼ਰ ਵਿਜ਼ਿਟ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਚੰਦਰਯਾਨ-3, ਪੀ.ਐੱਸ.ਐੱਲ.ਵੀ. ਅਤੇ ਆਦਿੱਤਿਆ ਐਲ-1 ਮਿਸ਼ਨ ਦੇ ਲਾਂਚ ਦੇ ਗਵਾਹ ਬਣਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ 488 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਪ੍ਰੈਲ 2022 ਤੋਂ ਸਕੂਲ ਸਿੱਖਿਆ ਵਿਭਾਗ ਵਿੱਚ 9518 ਅਧਿਆਪਕ ਭਰਤੀ ਕੀਤੇ ਗਏ ਹਨ ਜਦੋਂ ਕਿ ਪਿਛਲੇ ਪੰਜ ਸਾਲਾਂ (2017-22) ਦੌਰਾਨ ਸਿਰਫ਼ 19174 ਅਧਿਆਪਕ ਭਰਤੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਐਡਹਾਕ, ਕੰਟਰੈਕਚੂਅਲ, ਟੈਂਪਰੇਰੀ ਟੀਚਰਜ਼ (ਨੈਸ਼ਨਲ ਬਿਲਡਰਜ਼) ਅਤੇ ਹੋਰ ਕਰਮਚਾਰੀਆਂ ਦੀ ਭਲਾਈ ਲਈ ਲਿਆਂਦੀ ਗਈ ਨੀਤੀ (2022) ਤਹਿਤ 12316 ਠੇਕਾ ਆਧਾਰਿਤ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਅਫਸੋਸ ਪ੍ਰਗਟਾਇਆ ਕਿ ਪਿਛਲੇ ਪੰਜ ਸਾਲਾਂ (2017-22) ਦੌਰਾਨ ਰੈਗੂਲਰ ਕੀਤੇ ਅਧਿਆਪਕਾਂ/ਕਰਮਚਾਰੀਆਂ ਦੀ ਕੁੱਲ ਗਿਣਤੀ ਸਿਰਫ 8675 ਸੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਸਪੈਸ਼ਲ ਫੋਰਸ ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ‘ਚ ਅਜਾਈਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਫੋਰਸ ਨੂੰ ਗਲਤ ਡਰਾਈਵਿੰਗ ‘ਤੇ ਨਕੇਲ ਕੱਸਣ, ਸੜਕਾਂ `ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਹੋਰ ਕਾਰਜਾਂ ਦਾ ਜ਼ਿੰਮਾ ਸੌਂਪਿਆ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਸ਼ੁਰੂਆਤ ਵਿੱਚ ਸੜਕਾਂ ‘ਤੇ ਅਤਿ ਆਧੁਨਿਕ ਯੰਤਰਾਂ ਨਾਲ ਲੈਸ 144 ਵਾਹਨ ਹਰ 30 ਕਿਲੋਮੀਟਰ ਦੀ ਦੂਰੀ ‘ਤੇ ਤਾਇਨਾਤ ਕੀਤੇ ਜਾਣਗੇ ਅਤੇ ਇਨ੍ਹਾਂ ਵਾਹਨਾਂ ਵਿੱਚ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ ਵੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੁਣ ਤੱਕ 2149 ਵੱਡੀਆਂ ਮੱਛੀਆਂ (ਵੱਡੇ ਤਸਕਰਾਂ) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਸ਼ਾ ਤਸਕਰਾਂ ਦੀਆਂ 74 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ 146 ਮਾਮਲਿਆਂ ਵਿੱਚ ਤਸਕਰਾਂ ਦੀਆਂ 73 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸ੍ਰੀ ਅੰਮ੍ਰਿਤਸਰ ਵਿਖੇ ‘ਹੋਪ ਇਨੀਸ਼ੀਏਟਿਵ’ ਨਾਂ ਦੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ 40,000 ਤੋਂ ਵੱਧ ਵਿਦਿਆਰਥੀਆਂ ਨੇ ਨਸ਼ਿਆਂ ਦੇ ਖਾਤਮੇ ਦਾ ਪ੍ਰਣ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਾਲ 2011, 2016 ਅਤੇ 2021 ਵਿੱਚ ਸਿਰਫ਼ ਇੱਕ-ਇੱਕ ਵਾਰ ਪੁਲਿਸ ਭਰਤੀ ਕੀਤੀ ਗਈ ਸੀ, ਜਿਸ ਕਾਰਨ ਪੁਲਿਸ ਦੀ ਨੌਕਰੀ ਲੈਣ ਲਈ ਨੌਜਵਾਨਾਂ ਦੀ ਆਸ ਵੀ ਖਤਮ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਹੁਣ ਹਰ ਸਾਲ ਇਹ ਭਰਤੀ ਕੀਤੀ ਜਾਵੇਗੀ ਅਤੇ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਦੀ ਇਹ ਵੱਕਾਰੀ ਨੌਕਰੀ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨਾਂ ਵਾਸਤੇ ਸਾਡੀ ਸਰਕਾਰ ਆਸ ਦੀ ਕਿਰਨ ਬਣ ਕੇ ਆਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸੰਗਠਿਤ ਅਪਰਾਧਾਂ ਦੇ ਖ਼ਤਰੇ ਨੂੰ ਠੱਲ੍ਹ ਪਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅੱਜ ਪੰਜਾਬ ਅਮਨ-ਕਾਨੂੰਨ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲਾ ਸੂਬਾ ਬਣ ਚੁੱਕਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸੇ ਸਿਪਾਹੀ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਐਕਸ-ਗ੍ਰੇਸ਼ੀਆ ਗ੍ਰਾਂਟ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਕ ਵੱਲੋਂ 1 ਕਰੋੜ ਰੁਪਏ ਵੱਖਰੇ ਤੌਰ ‘ਤੇ ਦਿੱਤੇ ਜਾਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖਣ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ 2022 ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਖੇਡਾਂ ਵਿੱਚ 3.50 ਲੱਖ ਖਿਡਾਰੀਆਂ ਨੇ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਦੂਜੇ ਐਡੀਸ਼ਨ ਵਿੱਚ 4.50 ਲੱਖ ਖਿਡਾਰੀਆਂ ਨੇ 7.50 ਕਰੋੜ ਰੁਪਏ ਇਨਾਮੀ ਰਾਸ਼ੀ ਜਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ `ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਫੰਡ ਦਿੱਤੇ ਗਏ ਹਨ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪੰਜਾਬੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ਿਆਈ ਖੇਡਾਂ ਵਿੱਚ 19 ਤਗਮੇ ਜਿੱਤੇ, ਜੋ ਕਿ ਏਸ਼ੀਆਡ ਵਿੱਚ ਹਿੱਸਾ ਲੈਣ ਵਾਲੇ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ 16 ਮਾਰਚ, 2022 ਤੋਂ ਸ਼ਹੀਦ ਸੈਨਿਕਾਂ ਦੇ ਵਾਰਸਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਤੀਬਾੜੀ ਨੀਤੀ ਬਣਾਉਣ ਸਮੇਂ ਕਿਸਾਨਾਂ ਤੋਂ ਫੀਡਬੈਕ ਅਤੇ ਸੁਝਾਅ ਵੀ ਲਏ ਗਏ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ 10 ਕੀਟਨਾਸ਼ਕਾਂ `ਤੇ ਪਾਬੰਦੀ ਲਗਾਈ ਗਈ ਅਤੇ ਖਾਦਾਂ, ਬੀਜਾਂ ਅਤੇ ਦਵਾਈਆਂ ਦੇ ਨਿਰਮਾਤਾਵਾਂ/ਡੀਲਰਾਂ `ਤੇ ਅਚਨਚੇਤ ਛਾਪੇਮਾਰੀ ਕਰਕੇ ਉਨ੍ਹਾਂ ਦੀ ਗੁਣਵਤਾ ਦੀ ਜਾਂਚ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਜਾਣ ਵਾਲੀ ਸਰਕਾਰੀ ਵੋਲਵੋ ਬੱਸ ਸੇਵਾ ਬੰਦ ਕਰ ਦਿੱਤੀ ਸੀ ਜਦਕਿ ਉਨ੍ਹਾਂ ਦੀ ਸਰਕਾਰ ਨੇ 15 ਜੂਨ, 2022 ਨੂੰ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਸੇਵਾ ਮੁੜ ਸ਼ੁਰੂ ਕੀਤੀ ਅਤੇ ਇਸ ਵੇਲੇ 19 ਬੱਸਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਰੀਬ 138 ਬੱਸ ਪਰਮਿਟ, ਜਿਨ੍ਹਾਂ ਦੀ ਮਿਆਦ ਗਲਤੀ ਨਾਲ ਵਧਾ ਦਿੱਤੀ ਗਈ ਸੀ, ਵੀ ਰੱਦ ਕਰ ਦਿੱਤੇ ਹਨ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਚੰਡੀਗੜ੍ਹ ਤੋਂ ਜ਼ਿਲ੍ਹਾ ਹੈੱਡਕੁਆਰਟਰ ਆਉਣ-ਜਾਣ ਵਾਸਤੇ ਏ.ਸੀ. ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ।

ਥਾਣਾ ਹਠੂਰ ਵਲੋਂ 208 ਇੱਕ ਨਜ਼ਾਇਜ਼ ਰਿਵਾਲਵਰ 32 ਬੋਰ ਅਤੇ 31 ਜਿੰਦਾ ਕਾਰਤੂਸ 32 ਬੋਰ ਸਮੇਤ ਇਕ ਵਿਅਕਤੀ ਕਾਬੂ

ਜਗਰਾਉ, 30 ਅਕਤੂਬਰ 2023 (ਗੁਰਕੀਰਤ ਸਿੰਘ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈੈਂਸ ਆਈ.ਪੀ.ਐਸ ਵੱਲੋੋਂ ਭੈੜੇ ਅਤੇ ਅਪਰਾਧਿਕ ਪ੍ਵਿਰਤੀ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਨਿਰਦੇਸਾਂ ਪਰ, ਮਨਵਿੰਦਰ ਬੀਰ ਸਿੰਘ ਐਸ.ਪੀ.(ਐਚ) ਦੀ ਜੇਰੇ ਨਿਗਰਾਨੀ ਚਲਾਈ ਗਈ ਮੁਹਿੰਮ ਤਹਿਤ (ਥਾਣਾ ਹਠੂਰ) ਵਲੋਂ ਇੱਕ ਵਿਅਕਤੀ ਨੂੰ ਇੱਕ ਨਜ਼ਾਇਜ਼ ਰਿਵਾਲਵਰ 32 ਬੋਰ ਅਤੇ 31 ਜਿੰਦਾ ਕਾਰਤੂਸ 32 ਬੋਰ ਸਮੇਤ ਕਾਬੂ ਕੀਤਾ ਹੈ। ਦੋਸ਼਼ੀ ਕੋਲੋੋਂ ਇੱਕ ਨਜ਼ਾਇਜ਼ ਰਿਵਾਲਵਰ 32 ਬੋਰ ਅਤੇ 31 ਜਿੰਦਾ ਕਾਰਤੂਸ 32 ਬੋਰ ਬਰਾਮਦ ਹੋਇਆ ਹੈ। ਜਿਸ ਪਾਸੋ ਹੋਰ ਪੁੱਛ-ਗਿੱਛ ਦੋਰਾਨ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜੀ. ਐਚ. ਜੀ. ਅਕੈਡਮੀ ਦੀ ਵਿਦਿਆਰਥਣ ਰੂਪਸੀਰਤ ਕੌਰ ਨੇ ਕੈਨੇਡਾ 'ਚ ਬਾਣੀ ਕੰਠ ਮੁਕਾਬਲੇ 'ਚ ਜਿੱਤਿਆ ਪਹਿਲਾ ਇਨਾਮ

ਪੜ੍ਹਾਈ 'ਚ ਯੂਨੀਵਰਸਿਟੀ 'ਚੋਂ ਵੀ ਲੈ ਚੁੱਕੀ ਹੈ ਸਕਾਲਰਸਿਪ

ਨਿਤਨੇਮ ਦੀਆਂ 7 ਬਾਣੀਆਂ ਕੰਠ ਹੋਣ ਦੇ ਮੁਕਾਬਲੇ 'ਚ ਲਿਆ ਸੀ ਭਾਗ 
 ਜਗਰਾਉ , 30 ਅਕਤੂਬਰ (ਅਮਿਤਖੰਨਾ)
-ਜੀ. ਐਚ. ਜੀ. ਅਕੈਡਮੀ ਜਗਰਾਉਂ ਦੇ ਵਿਦਿਆਰਥੀ ਵਿਦੇਸ਼ਾਂ 'ਚ ਵੀ ਸਿੱਖਿਆ ਖੇਤਰ ਦੇ ਨਾਲ -ਨਾਲ ਧਾਰਮਿਕ ਖੇਤਰ 'ਚ ਵੀ ਪ੍ਰਾਪਤੀਆਂ ਦਰਜ ਕਰ ਰਹੇ ਹਨ l ਇਸ ਅਕੈਡਮੀ ਦੀ ਵਿਦਿਆਰਥਣ ਰਹੀ ਰੂਪਸੀਰਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਰਾਮਗੜ੍ਹ ਭੁੱਲਰ ਜੋ ਅੱਜ ਕੱਲ ਕੈਨੇਡਾ ਦੀ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ 'ਚ ਬਾਇਓਟਿਕ ਦੀ ਡਿਗਰੀ ਕਰ ਰਹੀ ਨੇ ਬੀ. ਸੀ. ਦੇ ਨਿਊ ਵੈਸਟ ਸ਼ਹਿਰ 'ਚ ਪੈਂਦੇ ਗੁਰਦੁਆਰਾ ਸੁੱਖਸਾਗਰ ਸਾਹਿਬ ਵਿਖੇ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ 'ਚ ਐਂਟਰੀ ਕਰਦਿਆਂ ਸਭ ਤੋਂ ਸਖ਼ਤ ਮੁਕਾਬਲੇ ਵਾਲੇ 8ਵੇਂ ਗਰੁੱਪ, ਜਿਸ ਵਿਚ ਨਿਤਨੇਮ ਦੀਆਂ 7 ਬਾਣੀਆ ਕੰਠ ਹੋਣ ਵਾਲੇ ਬੱਚੇ ਹੀ ਭਾਗ ਲੈ ਸਕਦੇ ਸਨ ਤੇ ਪਹਿਰਾਵੇ ਤੇ ਅੰਮ੍ਰਿਤਧਾਰੀ ਹੋਣ ਅਤੇ ਮੌਕੇ 'ਤੇ ਪੁੱਛੇ ਗਏ 12 ਹੋਰ ਸਵਾਲਾਂ ਦੇ ਵੱਖਰੇ ਅੰਕ ਸਨ, ਜਿਸ ਦੌਰਾਨ ਸਾਰੇ ਪੜਾਵਾਂ 'ਚ ਰੂਪਸੀਰਤ ਕੌਰ ਨੇ ਅੱਵਲ ਰਹਿ ਕੇ ਪਹਿਲਾਂ ਇਨਾਮ ਪ੍ਰਾਪਤ ਕਰਕੇ ਲੈਪਟਾਪ ਕੰਪਿਊਟਰ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਜਿੱਤਿਆ l ਵਿਦਿਆਰਥਣ ਰੂਪਸੀਰਤ ਕੌਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਹਰ ਪ੍ਰਾਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਲਦੀ ਹੈ l ਵਿਦਿਆਰਥਣ ਨੇ ਧਾਰਮਿਕ ਪਾਸੇ ਪ੍ਰੇਰਨ ਲਈ ਜੀ.ਐਚ. ਜੀ ਅਕੈਡਮੀ ਦੇ ਡਾਇਰੈਕਟਰ ਗੁਰਮੇਲ ਸਿੰਘ ਮੱਲ੍ਹੀ ਅਤੇ ਧਾਰਮਿਕ ਟੀਚਰ ਹਰਭਜਨ ਸਿੰਘ ਤੇ ਮਾਪਿਆਂ ਦਾ ਜਿਕਰ ਕੀਤਾ l ਧਾਰਮਿਕ ਮੁਕਾਬਲੇ ਕਰਵਾ ਰਹੀ ਕਮੇਟੀ ਨੇ ਵਿਦਿਆਰਥਣ ਰੂਪਸੀਰਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਖੇਤਰ ਵੀ ਪ੍ਰਾਪਤੀ ਕਰਨੀ ਸਲਾਘਾਯੋਗ ਹੈ l ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਵਿਦੇਸ਼ਾਂ 'ਚ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹੋਣ ਵਾਲੇ ਉਪਰਾਲਿਆਂ ਦੀ ਸਲਾਘਾ ਕੀਤੀ ਹੈ l ਇਥੇ ਜਿਕਰਯੋਗ ਹੈ ਕਿ ਕੈਨੇਡਾ 'ਚ ਹੋਏ ਇਸ ਮੁਕਾਬਲੇ 'ਚ ਵੱਖ ਵੱਖ ਕੈਟਾਗਿਰੀਆਂ 'ਚ ਕੈਨੇਡਾ ਤੋਂ ਇਲਾਵਾ ਅਮਰੀਕਾ ਤੋਂ ਕੁੱਲ 508 ਬੱਚਿਆਂ ਨੇ ਭਾਗ ਲਿਆ ਸੀ l

ਵਿਦਵਾਨ ਡਾ: ਔਲਖ ਵਲੋਂ ਸੈਮੀਨਾਰ  ਦੌਰਾਨ ਇਲੈਕ੍ਰੋਨਿਕ ਵੋਟ ਮਸ਼ੀਨਾਂ (ਈ. ਵੀ. ਐਮ. ) ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਕੀਤੇ ਅਹਿਮ ਖੁਲਾਸੇ

ਲੁਧਿਆਣਾ, 30 ਅਕਤੂਬਰ (ਟੀ. ਕੇ.)  ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਕਰਵਾਏ ਸੈਮੀਨਾਰ ਦੌਰਾਨ ਈ ਵੀ ਐਮ ਮਸ਼ੀਨਾਂ ਦੀ ਕਾਰਗੁਜ਼ਾਰੀ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਮੁੱਖ ਬੁਲਾਰੇ, ਸਾਇੰਸਦਾਨ ਬਲਵਿੰਦਰ ਔਲ਼ਖ ਨੇ ਇਸ ਸੰਬੰਧੀ ਅਹਿਮ ਖੁਲਾਸੇ ਕੀਤੇ। ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਹੋਏ ਇਸ ਸੈਮੀਨਾਰ ਵਿੱਚ ਸ੍ਰੀ ਔਲ਼ਖ ਨੇ ਅਜਿਹੇ ਸੌਫਟਵੇਅਰ ਬਾਰੇ ਬਾਕਾਇਦਾ ਬੋਰਡ ਦੀ ਵਰਤੋਂ ਕਰਕੇ ਬਹੁਤ ਬਰੀਕੀ ਨਾਲ ਦਰਸ਼ਕਾਂ ਨੂੰ ਸਮਝਾਉਂਦਿਆਂ ਤਕਨੀਕੀ ਜਾਣਕਾਰੀ ਦੇ ਕੇ , ਇਸ ਰਾਹੀਂ ਕੀਤੀ ਜਾਂਦੀ ਧੋਖਾਦੇਹੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਾਰਾਂ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਰਾਹੀਂ ਸਾਲ 2004 ਤੋਂ 2015 ਤੱਕ ਵੱਡੀ ਪੱਧਰ ਤੇ ਪ੍ਰਦੂਸ਼ਨ ਫੈਲਾਉਣ ਵਾਲੀਆਂ ਕਾਰਾਂ ਵਿੱਚ ਵਰਤੇ ਜਾਂਦੇ ਸਾਫਟਵੇਅਰ ਦੇ ਹਵਾਲੇ ਨਾਲ ਦੱਸਿਆ ਕਿ ਕਿਵੇਂ ਇਸ ਨਾਲ ਵੱਧ ਪ੍ਰਦੂਸ਼ਣ ਨੂੰ ਘੱਟ ਦਰਸਾਕੇ ਧੋਖਾ ਦਿੱਤਾ ਜਾਂਦਾ ਰਿਹਾ ਹੈ , ਉਸੇ ਤਰ੍ਹਾਂ ਈ ਵੀ ਐਮ ਮਸ਼ੀਨਾਂ ਰਾਹੀਂ ਵੀ ਧੋਖਾ ਕੀਤਾ ਜਾ ਰਿਹਾ ਹੈ।ਜਿਵੇਂ ਕਾਰਾਂ ਵਿੱਚ ਵੱਧ ਪ੍ਰਦੂਸ਼ਣ ਨੂੰ ਘੱਟ ਦਰਸਾਉਣ ਦੀ ਹੇਰਾ-ਫੇਰੀ 2015 ਵਿੱਚ ਫੜੀ ਗਈ ਸੀ, ਉਸੇ ਤਰ੍ਹਾਂ ਈ ਵੀ ਐਮ ਰਾਹੀਂ ਹੁੰਦੀ ਹੇਰਾ-ਫੇਰੀ ਬਾਰੇ ਕਿਸੇ ਸਿਆਸੀ ਪਾਰਟੀ ਦੇ ਖਾਤੇ ਵੱਧ ਵੋਟਾਂ ਦ੍ਰਸਾਉਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਵਾਲ ਉਠਾਇਆ ਕਿ ਸਰਕਾਰ ਹਾਂ ਜਾਂ ਨਾਂਹ ਵਿੱਚ ਜਵਾਬ ਦੇਵੇ ਕਿ ਇਹਨਾਂ ਮਸ਼ੀਨਾਂ ਵਿੱਚ ਉਪਰੋਕਤ ਸਾਫਟਵੇਅਰ ਹੈ ਜਾਂ ਨਹੀਂ ? ਉਹਨਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਨੂੰ ਉਚਿੱਤ ਠਹਿਰਾਉਂਦਿਆਂ ਇਸ ਬਾਰੇ ਮਾਨਯੋਗ ਸੁਪਰੀਮ ਕੋਰਟ ਵਿੱਚ ਚੱਲ ਰਹੇ ਇਸ ਮੁੱਦੇ ਬਾਰੇ ਕੇਸ ਦੇ ਹਵਾਲੇ ਨਾਲ ਕਿਹਾ ਕਿ ਮਸ਼ੀਨਾਂ ਰਾਹੀਂ ਚੋਣਾਂ ਕਰਵਾਉਣ ਤੇ ਸਟੇਅ ਲਾ ਕੇ , ਓਦੋਂ ਤੱਕ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ , ਜਦੋਂ ਤੱਕ ਸਾਰੇ ਪੱਖਾਂ ਨੂੰ ਵਾਚਦਿਆਂ ਕੋਈ ਠੋਸ ਫੈਸਲਾ ਨਹੀਂ ਹੋ ਜਾਂਦਾ।ਸਰੋਤਿਆਂ ਵੱਲੋਂ ਬਹੁਤ ਸਾਰੇ ਸਵਾਲ ਵੀ ਕੀਤੇ ਗਏ ਜਿਹਨਾਂ ਦੇ ਉੱਤਰ ਦੇ ਕੇ ਕਈ ਤਰ੍ਹਾਂ ਦੇ ਸ਼ੰਕੇ ਵੀ ਮੁੱਖ ਬੁਲਾਰੇ ਵੱਲੋਂ ਦੂਰ ਕੀਤੇ । ਸਟੇਜ ਸੰਚਾਲਨ ਕਰਦਿਆਂ ਜਸਵੰਤ ਜੀਰਖ ਨੇ ਇਸ ਮੌਕੇ ਦਿੱਲੀ ਦੀਆਂ ਬਰੂਹਾਂ ਤੇ ਲੜੇ ਕਿਸਾਨੀ ਸੰਘਰਸ਼ ਨੂੰ ਯਾਦ ਕਰਦਿਆਂ ਹਕੂਮਤਾਂ ਵੱਲੋਂ ਲੋਕਾਂ ਉੱਪਰ ਲੱਦੇ ਜਾ ਰਹੇ ਗਲਤ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨ ਲਈ ਵਰਤੇ ਜਾਂਦੇ ਹੱਥ ਕੰਡਿਆਂ ਖਿਲਾਫ ਇੱਕਜੁੱਟ ਹੋ ਕੇ ਉਸੇ ਤਰ੍ਹਾਂ ਦੇ ਸੰਘਰਸ਼ ਵਿੱਢਣ ਲਈ ਲਾਮਬੰਦ ਹੋਣ ਤੇ ਜ਼ੋਰ ਦਿੱਤਾ। ਸਵਾਲਾਂ ਦੇ ਦੌਰ ਵਿੱਚ ਬਲਵਿੰਦਰ ਸਿੰਘ, ਪ੍ਰਮਜੀਤ ਸਿੰਘ, ਗੁਲਜ਼ਾਰ ਪੰਧੇਰ , ਰਾਕੇਸ਼ ਆਜ਼ਾਦ ਅਤੇ ਬਾਮਸੇਵ ਸੰਸਥਾ ਵੱਲੋਂ ਆਏ ਦ੍ਰਸਕਾਂ ਨੇ ਹਿੱਸਾ ਲਿਆ। ਉੱਘੇ ਸਮਾਜ ਚਿੰਤਕ ਬਾਪੂ ਬਲਕੌਰ ਸਿੰਘ ਸਮੇਤ ਐਡਵੋਕੇਟ ਹਰਪ੍ਰੀਤ ਜੀਰਖ, ਪ੍ਰਿੰਸੀਪਲ ਅਜਮੇਰ ਦਾਖਾ, ਮਾ ਪ੍ਰਮਜੀਤ ਸਿੰਘ ਪਨੇਸਰ, ਮਾ ਸੁਰਜੀਤ ਸਿੰਘ, ਜਗਜੀਤ ਸਿੰਘ, ਰਜੀਵ ਕੁਮਾਰ ਸਮੇਤ ਹੋਰ ਸਮਾਜ ਸੇਵੀ ਹਾਜ਼ਰ ਸਨ।

ਪੀ.ਏ.ਯੂ. ਦਾ ਯੁਵਕ ਮੇਲਾ ਭਲਕ ਤੋਂ ਸੱਭਿਆਚਾਰਕ ਰੰਗਤ ਬਿਖੇਰਦਾ ਸ਼ੁਰੂ ਹੋਵੇਗਾ

ਲੁਧਿਆਣਾ 30 ਅਕਤੂਬਰ (ਟੀ. ਕੇ.) ਪੀ.ਏ.ਯੂ. ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਅੰਤਰ ਕਾਲਜ ਯੁਵਕ ਮੇਲੇ ਦਾ ਆਯੋਜਨ 1 ਤੋਂ 9 ਨਵੰਬਰ ਤੱਕ ਹੋ ਰਿਹਾ ਹੈ| ਇਸ ਵਿਚ ਪੀ.ਏ.ਯੂ. ਦੇ ਪੰਜ ਕਾਲਜਾਂ ਖੇਤੀਬਾੜੀ ਕਾਲਜ, ਬੇਸਿਕ ਸਾਇੰਸਜ਼ ਕਾਲਜ, ਕਮਿਊਨਟੀ ਸਾਇੰਸ ਕਾਲਜ, ਖੇਤੀ ਇੰਜਨੀਅਰਿੰਗ ਕਾਲਜ ਅਤੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣਗੇ| ਯਾਦ ਰਹੇ ਕਿ ਪੀ.ਏ.ਯੂ. ਦੇ ਯੁਵਕ ਮੇਲਿਆਂ ਦੀ ਵਿਰਾਸਤ ਬੇਹੱਦ ਅਮੀਰ ਅਤੇ ਗੌਰਵਸ਼ਾਲੀ ਰਹੀ ਹੈ| ਇਹਨਾਂ ਮੇਲਿਆਂ ਤੋਂ ਹੀ ਪੰਜਾਬ ਦੇ ਸੱਭਿਆਚਾਰ ਵਿਚ ਵੱਡਾ ਨਾਂ ਪੈਦਾ ਕਰਨ ਵਾਲੇ ਕਲਾਕਾਰ ਸਾਹਮਣੇ ਆਏ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਹ ਮੇਲਾ 1 ਨਵੰਬਰ ਨੂੰ ਕਾਵਿਕ ਪਾਠ ਅਤੇ ਹਾਸ ਰਸ ਕਵਿਤਾ ਨਾਲ ਸ਼ੁਰੂ ਹੋਵੇਗਾ| ਉਸੇ ਦਿਨ ਪੋਸਟਰ ਮੇਕਿੰਗ, ਕਲੇਅ ਮਾਡਲੰਿਗ, ਭਾਸਣ ਅਤੇ ਐਕਸਟੈਂਪੋਰ ਆਦਿ ਮੁਕਾਬਲੇ ਹੋਣਗੇ| ਇਸ ਤੋਂ ਬਾਅਦ ਫੋਟੋਗ੍ਰਾਫੀ, ਕੋਲਾਜ ਮੇਕਿੰਗ, ਰਚਨਾਤਮਕ ਲੇਖਣ, ਕਾਰਟੂਨਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ| 2 ਨਵੰਬਰ ਨੂੰ ਰੰਗੋਲੀ ਅਤੇ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਜਾਣਗੇ| ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਮਹਿੰਦੀ, ਮੌਕੇ ਤੇ ਚਿੱਤਰਕਾਰੀ, ਸਬਦ ਗਾਇਨ (ਸੋਲੋ ਅਤੇ ਗਰੁੱਪ), ਸੁੰਦਰ ਲਿਖਾਈ ਅਤੇ ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ| 4 ਨਵੰਬਰ ਨੂੰ ਸੱਭਿਆਚਾਰਕ ਵਿਰਾਸਤੀ ਮੁਕਾਬਲਿਆਂ ਵਿੱਚ ਇੰਨੂ ਬਨਾਉਣ, ਨਾਲੇ ਬਨਾਉਣ, ਮਿੱਟੀ ਦੇ ਖਿਡੌਣੇ ਮੇਕਿੰਗ, ਛਿੱਕੂ ਬਨਾਉਣ ਦੇ ਮੁਕਾਬਲੇ ਕਰਵਾਏ ਜਾਣਗੇ| ਨਾਲ ਹੀ ਫੁਲਕਾਰੀ ਬਨਾਉਣ, ਪੱਖੀ ਬਨਾਉਣ, ਮੁਹਾਵਰੇਦਾਰ ਵਾਰਤਾਲਾਪ ਅਤੇ ਸੱਭਿਆਚਾਰਕ ਮੁਕਾਬਲੇ ਹੋਣਗੇ|

ਡਾ. ਜੌੜਾ ਨੇ ਦੱਸਿਆ ਕਿ ਯੁਵਕ ਮੇਲੇ ਦਾ ਰਸਮੀ ਉਦਘਾਟਨ 7 ਨਵੰਬਰ ਨੂੰ ਹੋਵੇਗਾ| ਉਸ ਦਿਨ ਸੱਭਿਆਚਾਰਕ ਜਲੂਸ, ਸੋਲੋ ਡਾਂਸ, ਲੋਕ ਗੀਤ, ਪੱਛਮੀ ਸੋਲੋ, ਪੱਛਮੀ ਗਰੁੱਪ ਗੀਤ, ਲਾਈਟ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਜਾਣਗੇ| 8 ਨਵੰਬਰ ਨੂੰ ਸਮੂਹ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕ ਝਾਕੀ ਨਾਟਕ ਸਮੇਤ ਹੋਰ ਮੁਕਾਬਲੇ ਹੋਣਗੇ|  9 ਨਵੰਬਰ ਨੂੰ ਸਕਿੱਟ, ਮਿਮਿਕਰੀ, ਲੰਮੀ ਹੇਕ ਵਾਲੇ ਗੀਤ, ਗਿੱਧਾ, ਭੰਗੜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ|