ਪੀ.ਏ.ਯੂ. ਦਾ ਅੰਤਰਕਾਲਜ ਯੁਵਕ ਮੇਲਾ ਧੂਮ ਧੱੜਕੇ ਨਾਲ ਸ਼ੁਰੂ ਹੋਇਆ

ਲੁਧਿਆਣਾ, 1ਨਵੰਬਰ (ਟੀ. ਕੇ.) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੰਤਰਕਾਲਜ ਯੁਵਕ ਮੇਲਾ ਧੂਮ ਧੱੜਕੇ ਨਾਲ ਸ਼ੁਰੂ ਹੋ ਗਿਆ। ਅੱਜ ਤੋਂ 9 ਨਵੰਬਰ  ਦੌਰਾਨ ਚਲਣ ਵਾਲੇ ਇਸ ਯੁਵਕ ਮੇਲੇ ਵਿੱਚ ਪੀ.ਏ.ਯੂ. ਦੇ ਲੁਧਿਆਣਾ ਕੈਂਪਸ ਵਿੱਖੇ ਸਥਿਤ ਪੰਜ ਕਾਲਜਾਂ ਤੋਂ ਇਲਾਵਾ ਗੁਰਦਾਸਪੁਰ ਅਤੇ ਬਠਿੰਡਾ ਦੇ ਇੰਸਟੀਚਿਊਟ ਆਫ ਐਗਰੀਕਲਚਰ ਅਤੇ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਸ਼ਿਰਕਤ ਕਰ ਰਹੇ ਹਨ। ਇਸ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੁੰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਇਸ ਚਾਂਸਲਰ, ਪੀ.ਏ.ਯੂ. ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਕਲਾ ਨੂੰ ਨਿਖਾਰ ਕੇ, ਉਹਨਾਂ ਦੀ ਸਖਸ਼ੀਅਤ ਦੀ ਉਸਾਰੀ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਅੰਦਰ ਰਚਨਾਤਮਕ ਪ੍ਰਤਿਭਾ ਹੁੰਦੀ ਹੈ ਅਤੇ ਇਹ ਯੁਵਕ ਮੇਲੇ ਸਾਨੂੰ ਇਸਦੀ ਪਛਾਣ ਕਰਨ ਵਿੱਚ ਮਦਦ ਕਰਦੇ ਹਨ। ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਦਿਆਂ ਉਹਨਾਂ ਕਿਹਾ ਕਿ ਜ਼ਿੰਦਗੀ ਨੂੰ ਸੁਚਾਰੂ ਢੰਗ ਨਾਲ ਜਿਊਣ ਅਤੇ ਉਸਨੂੰ ਸੁਹਜਾਤਮਕ ਰੰਗਤ ਦੇਣ ਵਿੱਚ ਇਹਨਾਂ ਗਤੀਵਿਧੀਆਂ ਦਾ ਖਾਸ ਮਹੱਤਵ ਹੈ।

        ਇਸ ਮੌਕੇ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀ ਜੀਵਨ ਵਿੱਚ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਬੇਸ਼ਕ ਸਿੱਖਿਆ ਦਾ ਖਾਸ ਮਹੱਤਵ ਹੈ ਪਰ ਯੁਵਕ ਮੇਲੇ ਵਿਚਲੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸੂਖਮ ਕਲਾਵਾਂ ਨਾਲ ਜੋੜਦੀਆਂ ਹਨ। ਪੀ.ਏ.ਯੂ. ਦੇ ਰੰਗ-ਮੰਚ ਤੋਂ ਸਿਖਲਾਈ ਹਾਸਲ ਕਰਕੇ ਦੇਸ਼ਾਂ-ਵਿਦੇਸ਼ਾਂ ਵਿੱਚ ਨਾਂਅ ਚਮਕਾਉਣ ਵਾਲੇ ਉੱਘੇ ਕਲਾਕਾਰਾਂ ਤੇ ਫ਼ਖਰ ਕਰਦਿਆਂ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਹੋਣਹਾਰ ਵਿਦਿਆਰਥੀ ਭਵਿਖ ਵਿੱਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੁੰਦੇ ਰਹਿਣਗੇ ਅਤੇ ਇਸੇ ਤਰ੍ਹਾਂ ਪੀ.ਏ.ਯੂ. ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਉਹਨਾਂ ਦਸਿਆ ਕਿ ਡਾ. ਗੋਸਲ ਦੀ ਸਰਪ੍ਰਸਤੀ ਹੇਠ ਪੀ.ਏ.ਯੂ. ਵੱਲੋਂ ਆਉਂਦੇ ਸਮੇਂ ਵਿੱਚ ਸਰਵ-ਭਾਰਤੀ ਅੰਤਰ ਯੂਨੀਵਰਸਿਟੀਜ਼ ਰਾਸ਼ਟਰੀ ਯੁਵਕ ਮੇਲਾ ਵੀ ਕਰਵਾਇਆ ਜਾ ਰਿਹਾ ਹੈ।

        ਇਸ ਮੌਕੇ ਸਵੇਰ ਦੇ ਸੈਸ਼ਨ ਵਿੱਚ ਕਵਿਤਾ ਉਚਾਰਣ ਅਤੇ ਹਾਲ ਰਸ ਮੁਕਾਬਲੇ ਕਰਵਾਏ ਗਏ।
ਕਵਿਤਾ ਉਚਾਰਣ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਖੇਤੀਬਾੜੀ ਕਾਲਜ ਦੇ ਹਰਮਨਜੋਤ ਸਿੰਘ, ਦੂਜਾ ਸਥਾਨ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਅਤੇ ਤੀਜਾ ਸਥਾਨ, ਖੇਤੀਬਾੜੀ ਕਾਲਜ ਦੀ ਜੈਸਮੀਨ ਕੌਰ ਸਿੱਧੂ ਨੇ ਹਾਸਲ ਕੀਤਾ। ਇਸੇ ਤਰ੍ਹਾਂ ਹਾਸ-ਰਸ ਮੁਕਾਬਲਿਆਂ ਵਿੱਚ ਖੇਤੀਬਾੜੀ ਕਾਲਜ ਦੀ ਨਿਸ਼ਾਤਾ ਨੇ ਪਹਿਲਾਂ ਸਥਾਨ, ਬੇਸਿਕ ਸਾਇੰਸ ਅਤੇ ਹਿਊਮਨੈਟੀਜ਼ ਕਾਲਜ ਦੇ ਲਵਕਰਨ ਸਿੰਘ ਨੇ ਦੂਜਾ ਸਥਾਨ ਅਤੇ ਖੇਤੀਬਾੜੀ ਕਾਲਜ ਦੇ ਪਵਨ ਕੁਮਾਰ ਅਤੇ ਹਾਰਟੀਕਲਚਰ ਅਤੇ ਫਾਰਿਸਟ੍ਰੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।

        ਅੱਜ ਦੇ ਇਸ ਉਦਘਾਟਨੀ ਸਮਾਰੋਹ ਦੀ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ ਅਤੇ ਧੰਨਵਾਦ ਦੇ ਸ਼ਬਦ ਡਾ. ਜਸਵਿੰਦਰ ਕੌਰ ਬਰਾੜ ਨੇ ਕਹੇ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਪੀ.ਏ.ਯੂ. ਡਾ. ਸ਼ੰਮੀ ਕਪੂਰ, ਡੀਨ ਬੇਸਿਕ ਸਾਇੰਸਸ ਕਾਲਜ,  ਡਾ. ਕੀਰਨਜੋਤ ਸਿੱਧੂ ਡੀਨ, ਕਮਿਊਨਟੀ ਸਾਇੰਸ ਕਾਲਜ, ਡਾ. ਤਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਕੇਂਦਰ ਅਤੇ ਰਿਸ਼ੀ ਇੰਦਰ ਸਿੰਘ ਗਿੱਲ, ਮਿਲਖ ਅਫਸਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।