ਪੀ.ਏ.ਯੂ. ਦਾ ਯੁਵਕ ਮੇਲਾ ਭਲਕ ਤੋਂ ਸੱਭਿਆਚਾਰਕ ਰੰਗਤ ਬਿਖੇਰਦਾ ਸ਼ੁਰੂ ਹੋਵੇਗਾ

ਲੁਧਿਆਣਾ 30 ਅਕਤੂਬਰ (ਟੀ. ਕੇ.) ਪੀ.ਏ.ਯੂ. ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਅੰਤਰ ਕਾਲਜ ਯੁਵਕ ਮੇਲੇ ਦਾ ਆਯੋਜਨ 1 ਤੋਂ 9 ਨਵੰਬਰ ਤੱਕ ਹੋ ਰਿਹਾ ਹੈ| ਇਸ ਵਿਚ ਪੀ.ਏ.ਯੂ. ਦੇ ਪੰਜ ਕਾਲਜਾਂ ਖੇਤੀਬਾੜੀ ਕਾਲਜ, ਬੇਸਿਕ ਸਾਇੰਸਜ਼ ਕਾਲਜ, ਕਮਿਊਨਟੀ ਸਾਇੰਸ ਕਾਲਜ, ਖੇਤੀ ਇੰਜਨੀਅਰਿੰਗ ਕਾਲਜ ਅਤੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣਗੇ| ਯਾਦ ਰਹੇ ਕਿ ਪੀ.ਏ.ਯੂ. ਦੇ ਯੁਵਕ ਮੇਲਿਆਂ ਦੀ ਵਿਰਾਸਤ ਬੇਹੱਦ ਅਮੀਰ ਅਤੇ ਗੌਰਵਸ਼ਾਲੀ ਰਹੀ ਹੈ| ਇਹਨਾਂ ਮੇਲਿਆਂ ਤੋਂ ਹੀ ਪੰਜਾਬ ਦੇ ਸੱਭਿਆਚਾਰ ਵਿਚ ਵੱਡਾ ਨਾਂ ਪੈਦਾ ਕਰਨ ਵਾਲੇ ਕਲਾਕਾਰ ਸਾਹਮਣੇ ਆਏ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਹ ਮੇਲਾ 1 ਨਵੰਬਰ ਨੂੰ ਕਾਵਿਕ ਪਾਠ ਅਤੇ ਹਾਸ ਰਸ ਕਵਿਤਾ ਨਾਲ ਸ਼ੁਰੂ ਹੋਵੇਗਾ| ਉਸੇ ਦਿਨ ਪੋਸਟਰ ਮੇਕਿੰਗ, ਕਲੇਅ ਮਾਡਲੰਿਗ, ਭਾਸਣ ਅਤੇ ਐਕਸਟੈਂਪੋਰ ਆਦਿ ਮੁਕਾਬਲੇ ਹੋਣਗੇ| ਇਸ ਤੋਂ ਬਾਅਦ ਫੋਟੋਗ੍ਰਾਫੀ, ਕੋਲਾਜ ਮੇਕਿੰਗ, ਰਚਨਾਤਮਕ ਲੇਖਣ, ਕਾਰਟੂਨਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ| 2 ਨਵੰਬਰ ਨੂੰ ਰੰਗੋਲੀ ਅਤੇ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਜਾਣਗੇ| ਉਨ੍ਹਾਂ ਦੱਸਿਆ ਕਿ 3 ਨਵੰਬਰ ਨੂੰ ਮਹਿੰਦੀ, ਮੌਕੇ ਤੇ ਚਿੱਤਰਕਾਰੀ, ਸਬਦ ਗਾਇਨ (ਸੋਲੋ ਅਤੇ ਗਰੁੱਪ), ਸੁੰਦਰ ਲਿਖਾਈ ਅਤੇ ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ| 4 ਨਵੰਬਰ ਨੂੰ ਸੱਭਿਆਚਾਰਕ ਵਿਰਾਸਤੀ ਮੁਕਾਬਲਿਆਂ ਵਿੱਚ ਇੰਨੂ ਬਨਾਉਣ, ਨਾਲੇ ਬਨਾਉਣ, ਮਿੱਟੀ ਦੇ ਖਿਡੌਣੇ ਮੇਕਿੰਗ, ਛਿੱਕੂ ਬਨਾਉਣ ਦੇ ਮੁਕਾਬਲੇ ਕਰਵਾਏ ਜਾਣਗੇ| ਨਾਲ ਹੀ ਫੁਲਕਾਰੀ ਬਨਾਉਣ, ਪੱਖੀ ਬਨਾਉਣ, ਮੁਹਾਵਰੇਦਾਰ ਵਾਰਤਾਲਾਪ ਅਤੇ ਸੱਭਿਆਚਾਰਕ ਮੁਕਾਬਲੇ ਹੋਣਗੇ|

ਡਾ. ਜੌੜਾ ਨੇ ਦੱਸਿਆ ਕਿ ਯੁਵਕ ਮੇਲੇ ਦਾ ਰਸਮੀ ਉਦਘਾਟਨ 7 ਨਵੰਬਰ ਨੂੰ ਹੋਵੇਗਾ| ਉਸ ਦਿਨ ਸੱਭਿਆਚਾਰਕ ਜਲੂਸ, ਸੋਲੋ ਡਾਂਸ, ਲੋਕ ਗੀਤ, ਪੱਛਮੀ ਸੋਲੋ, ਪੱਛਮੀ ਗਰੁੱਪ ਗੀਤ, ਲਾਈਟ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਜਾਣਗੇ| 8 ਨਵੰਬਰ ਨੂੰ ਸਮੂਹ ਲੋਕ ਨਾਚ, ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕ ਝਾਕੀ ਨਾਟਕ ਸਮੇਤ ਹੋਰ ਮੁਕਾਬਲੇ ਹੋਣਗੇ|  9 ਨਵੰਬਰ ਨੂੰ ਸਕਿੱਟ, ਮਿਮਿਕਰੀ, ਲੰਮੀ ਹੇਕ ਵਾਲੇ ਗੀਤ, ਗਿੱਧਾ, ਭੰਗੜਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ|