ਵਿਦਵਾਨ ਡਾ: ਔਲਖ ਵਲੋਂ ਸੈਮੀਨਾਰ  ਦੌਰਾਨ ਇਲੈਕ੍ਰੋਨਿਕ ਵੋਟ ਮਸ਼ੀਨਾਂ (ਈ. ਵੀ. ਐਮ. ) ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਕੀਤੇ ਅਹਿਮ ਖੁਲਾਸੇ

ਲੁਧਿਆਣਾ, 30 ਅਕਤੂਬਰ (ਟੀ. ਕੇ.)  ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਕਰਵਾਏ ਸੈਮੀਨਾਰ ਦੌਰਾਨ ਈ ਵੀ ਐਮ ਮਸ਼ੀਨਾਂ ਦੀ ਕਾਰਗੁਜ਼ਾਰੀ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਮੁੱਖ ਬੁਲਾਰੇ, ਸਾਇੰਸਦਾਨ ਬਲਵਿੰਦਰ ਔਲ਼ਖ ਨੇ ਇਸ ਸੰਬੰਧੀ ਅਹਿਮ ਖੁਲਾਸੇ ਕੀਤੇ। ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਹੋਏ ਇਸ ਸੈਮੀਨਾਰ ਵਿੱਚ ਸ੍ਰੀ ਔਲ਼ਖ ਨੇ ਅਜਿਹੇ ਸੌਫਟਵੇਅਰ ਬਾਰੇ ਬਾਕਾਇਦਾ ਬੋਰਡ ਦੀ ਵਰਤੋਂ ਕਰਕੇ ਬਹੁਤ ਬਰੀਕੀ ਨਾਲ ਦਰਸ਼ਕਾਂ ਨੂੰ ਸਮਝਾਉਂਦਿਆਂ ਤਕਨੀਕੀ ਜਾਣਕਾਰੀ ਦੇ ਕੇ , ਇਸ ਰਾਹੀਂ ਕੀਤੀ ਜਾਂਦੀ ਧੋਖਾਦੇਹੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਾਰਾਂ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਰਾਹੀਂ ਸਾਲ 2004 ਤੋਂ 2015 ਤੱਕ ਵੱਡੀ ਪੱਧਰ ਤੇ ਪ੍ਰਦੂਸ਼ਨ ਫੈਲਾਉਣ ਵਾਲੀਆਂ ਕਾਰਾਂ ਵਿੱਚ ਵਰਤੇ ਜਾਂਦੇ ਸਾਫਟਵੇਅਰ ਦੇ ਹਵਾਲੇ ਨਾਲ ਦੱਸਿਆ ਕਿ ਕਿਵੇਂ ਇਸ ਨਾਲ ਵੱਧ ਪ੍ਰਦੂਸ਼ਣ ਨੂੰ ਘੱਟ ਦਰਸਾਕੇ ਧੋਖਾ ਦਿੱਤਾ ਜਾਂਦਾ ਰਿਹਾ ਹੈ , ਉਸੇ ਤਰ੍ਹਾਂ ਈ ਵੀ ਐਮ ਮਸ਼ੀਨਾਂ ਰਾਹੀਂ ਵੀ ਧੋਖਾ ਕੀਤਾ ਜਾ ਰਿਹਾ ਹੈ।ਜਿਵੇਂ ਕਾਰਾਂ ਵਿੱਚ ਵੱਧ ਪ੍ਰਦੂਸ਼ਣ ਨੂੰ ਘੱਟ ਦਰਸਾਉਣ ਦੀ ਹੇਰਾ-ਫੇਰੀ 2015 ਵਿੱਚ ਫੜੀ ਗਈ ਸੀ, ਉਸੇ ਤਰ੍ਹਾਂ ਈ ਵੀ ਐਮ ਰਾਹੀਂ ਹੁੰਦੀ ਹੇਰਾ-ਫੇਰੀ ਬਾਰੇ ਕਿਸੇ ਸਿਆਸੀ ਪਾਰਟੀ ਦੇ ਖਾਤੇ ਵੱਧ ਵੋਟਾਂ ਦ੍ਰਸਾਉਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਵਾਲ ਉਠਾਇਆ ਕਿ ਸਰਕਾਰ ਹਾਂ ਜਾਂ ਨਾਂਹ ਵਿੱਚ ਜਵਾਬ ਦੇਵੇ ਕਿ ਇਹਨਾਂ ਮਸ਼ੀਨਾਂ ਵਿੱਚ ਉਪਰੋਕਤ ਸਾਫਟਵੇਅਰ ਹੈ ਜਾਂ ਨਹੀਂ ? ਉਹਨਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਨੂੰ ਉਚਿੱਤ ਠਹਿਰਾਉਂਦਿਆਂ ਇਸ ਬਾਰੇ ਮਾਨਯੋਗ ਸੁਪਰੀਮ ਕੋਰਟ ਵਿੱਚ ਚੱਲ ਰਹੇ ਇਸ ਮੁੱਦੇ ਬਾਰੇ ਕੇਸ ਦੇ ਹਵਾਲੇ ਨਾਲ ਕਿਹਾ ਕਿ ਮਸ਼ੀਨਾਂ ਰਾਹੀਂ ਚੋਣਾਂ ਕਰਵਾਉਣ ਤੇ ਸਟੇਅ ਲਾ ਕੇ , ਓਦੋਂ ਤੱਕ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ , ਜਦੋਂ ਤੱਕ ਸਾਰੇ ਪੱਖਾਂ ਨੂੰ ਵਾਚਦਿਆਂ ਕੋਈ ਠੋਸ ਫੈਸਲਾ ਨਹੀਂ ਹੋ ਜਾਂਦਾ।ਸਰੋਤਿਆਂ ਵੱਲੋਂ ਬਹੁਤ ਸਾਰੇ ਸਵਾਲ ਵੀ ਕੀਤੇ ਗਏ ਜਿਹਨਾਂ ਦੇ ਉੱਤਰ ਦੇ ਕੇ ਕਈ ਤਰ੍ਹਾਂ ਦੇ ਸ਼ੰਕੇ ਵੀ ਮੁੱਖ ਬੁਲਾਰੇ ਵੱਲੋਂ ਦੂਰ ਕੀਤੇ । ਸਟੇਜ ਸੰਚਾਲਨ ਕਰਦਿਆਂ ਜਸਵੰਤ ਜੀਰਖ ਨੇ ਇਸ ਮੌਕੇ ਦਿੱਲੀ ਦੀਆਂ ਬਰੂਹਾਂ ਤੇ ਲੜੇ ਕਿਸਾਨੀ ਸੰਘਰਸ਼ ਨੂੰ ਯਾਦ ਕਰਦਿਆਂ ਹਕੂਮਤਾਂ ਵੱਲੋਂ ਲੋਕਾਂ ਉੱਪਰ ਲੱਦੇ ਜਾ ਰਹੇ ਗਲਤ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨ ਲਈ ਵਰਤੇ ਜਾਂਦੇ ਹੱਥ ਕੰਡਿਆਂ ਖਿਲਾਫ ਇੱਕਜੁੱਟ ਹੋ ਕੇ ਉਸੇ ਤਰ੍ਹਾਂ ਦੇ ਸੰਘਰਸ਼ ਵਿੱਢਣ ਲਈ ਲਾਮਬੰਦ ਹੋਣ ਤੇ ਜ਼ੋਰ ਦਿੱਤਾ। ਸਵਾਲਾਂ ਦੇ ਦੌਰ ਵਿੱਚ ਬਲਵਿੰਦਰ ਸਿੰਘ, ਪ੍ਰਮਜੀਤ ਸਿੰਘ, ਗੁਲਜ਼ਾਰ ਪੰਧੇਰ , ਰਾਕੇਸ਼ ਆਜ਼ਾਦ ਅਤੇ ਬਾਮਸੇਵ ਸੰਸਥਾ ਵੱਲੋਂ ਆਏ ਦ੍ਰਸਕਾਂ ਨੇ ਹਿੱਸਾ ਲਿਆ। ਉੱਘੇ ਸਮਾਜ ਚਿੰਤਕ ਬਾਪੂ ਬਲਕੌਰ ਸਿੰਘ ਸਮੇਤ ਐਡਵੋਕੇਟ ਹਰਪ੍ਰੀਤ ਜੀਰਖ, ਪ੍ਰਿੰਸੀਪਲ ਅਜਮੇਰ ਦਾਖਾ, ਮਾ ਪ੍ਰਮਜੀਤ ਸਿੰਘ ਪਨੇਸਰ, ਮਾ ਸੁਰਜੀਤ ਸਿੰਘ, ਜਗਜੀਤ ਸਿੰਘ, ਰਜੀਵ ਕੁਮਾਰ ਸਮੇਤ ਹੋਰ ਸਮਾਜ ਸੇਵੀ ਹਾਜ਼ਰ ਸਨ।