ਮਸ਼ਰੂਮ ਕੰਪੋਸਟਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ

ਲੁਧਿਆਣਾ 9 ਨਵੰਬਰ(ਟੀ. ਕੇ.) ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਲੋਂ  ਡਾ. ਐਚ.ਐਸ. ਗਰਚਾ ਮਸ਼ਰੂਮ ਲੈਬਾਰਟਰੀਜ਼, ਮਾਈਕਰੋਬਾਇਓਲੋਜੀ ਵਿਭਾਗ ਵਿਚ ਮਸ਼ਰੂਮ ਕੰਪੋਸਟਿੰਗ ਯੂਨਿਟ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਸਮਾਗਮ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਕਿ ਸਾਇੰਸ ਕਾਲਜ ਦੇ ਡੀਨ ਡਾ: ਸ਼ੰਮੀ ਕਪੂਰ,  ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ.ਪੀ.ਕੇ.ਛੁਨੇਜਾ, ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲਅਤੇ ਜੰਗਲਾਤ ਕਾਲਜ, ਖੇਤੀਬਾੜੀ ਕਾਲਜ ਦੇ ਡੀਨ ਡਾ.ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ.ਮਨਜੀਤ ਸਿੰਘ, ਕਮਿਊਨਿਟੀ ਸਾਇੰਸਜ ਕਾਲਜ ਡਾ: ਕਿਰਨ ਬੈਂਸ, ਲਾਇਬ੍ਰੇਰੀਅਨ ਡਾ: ਯੋਗਿਤਾ ਸ਼ਰਮਾ, ਹੋਰ ਉੱਚ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ । ਇਸ ਤੋਂ ਇਲਾਵਾ ਸਾਬਕਾ ਰਜਿਸਟਰਾਰ ਡਾ.ਪੀ.ਕੇ. ਖੰਨਾ , ਡਾ.ਆਰ.ਪੀ. ਫੁਟੇਲਾ,ਸਾਬਕਾ ਸੀਨੀਅਰ ਮਾਈਕਰੋਬਾਇਓਲੋਜਿਸਟ ਅਤੇ ਡਾ ਐਚ.ਐਸ.ਸੋਢੀ ਸਾਬਕਾ ਪ੍ਰਿੰਸੀਪਲ ਮਾਈਕੋਲੋਜਿਸਟ ਨੇ ਵੀ ਸ਼ਿਰਕਤ ਕੀਤੀ। ਮਾਈਕ੍ਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ.ਜੀ.ਐਸ. ਕੋਚਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਸਾਰੇ ਜਾ ਰਹੇ ਮਸ਼ਰੂਮ ਕੰਪੋਸਟਿੰਗ ਯੂਨਿਟ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਇਸ ਮੌਕੇ 'ਤੇ ਬੋਲਦਿਆਂ ਮੁੱਖ ਮਹਿਮਾਨ ਡਾ: ਸਤਿਬੀਰ ਸਿੰਘ ਗੋਸਲ ਨੇ ਬਾਇਓਤਕਨਾਲੋਜੀ ਖਾਸ ਕਰਕੇ ਕਰਿਸਪਰ-ਸੀਏਐਸ ਦੀ ਵਰਤੋਂ ਕਰਦੇ ਹੋਏ ਖੁੰਬਾਂ ਦੇ ਗਰਮੀ ਪ੍ਰਤੀ ਅਤੇ ਬਿਮਾਰੀਆਂ ਬਾਰੇ ਸਹਿਣਸ਼ੀਲ ਕਿਸਮਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਖੁੰਬਾਂ ਦੇ ਉਤਪਾਦਨ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕਰਨ ਅਤੇ ਇਸ ਦੇ ਪਸਾਰ 'ਤੇ ਜ਼ੋਰ ਦਿੱਤਾ। ਮਾਈਕਰੋਬਾਇਓਲੋਜੀ ਵਿਭਾਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਾਮਨਾ ਕੀਤੀ ਕਿ ਇਹ ਮਸ਼ਰੂਮ ਕੰਪੋਸਟਿੰਗ ਯੂਨਿਟ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਕੰਪੋਸਟ ਮੁਹੱਈਆ ਕਰਵਾਏਗਾ ਜਿਸ ਨਾਲ ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ। 

ਡਾ. ਸ਼ੰਮੀ ਕਪੂਰ ਨੇ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਮਸ਼ਰੂਮ ਖੋਜ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਬਾਰੇ ਦੱਸਿਆ। ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਇੱਕ ਲਾਭਦਾਇਕ ਸਹਾਇਕ ਕਿੱਤਾ ਹੈ ਅਤੇ ਇਸ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਸਮਰੱਥਾ ਹੈ।

ਡਾ.ਜੀ.ਪੀ.ਐਸ. ਸੋਢੀ ਨੇ ਕਿਸਾਨਾਂ ਵਿੱਚ ਮਸ਼ਰੂਮ ਕੰਪੋਸਟ ਮਸ਼ਰੂਮ ਦੇ ਰੈਡੀ ਟੂ ਫਰੂਟ ਬੈਗ ਦੀ ਪ੍ਰਸਿੱਧੀ ਬਾਰੇ ਚਾਨਣਾ ਪਾਇਆ ਅਤੇ ਉਮੀਦ ਪ੍ਰਗਟਾਈ ਕਿ ਇਹ ਨਵੀਂ ਬਣੀ ਮਸ਼ਰੂਮ ਕੰਪੋਸਟਿੰਗ ਯੂਨਿਟ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਖਾਦ ਦੀ ਸਪਲਾਈ ਵਿੱਚ ਸੁਧਾਰ ਕਰੇਗੀ। 

ਅੰਤ ਵਿੱਚ, ਡਾ: ਸ਼ਿਵਾਨੀ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ: ਜਸਪ੍ਰੀਤ ਕੌਰ ਨੇ ਕੀਤਾ।