ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ ਪ੍ਰਦਰਸ਼ਨੀ ਅਤੇ ਵਿਕਰੀ ਮੇਲਾ 

ਲੁਧਿਆਣਾ, 9 ਨਵੰਬਰ (ਟੀ. ਕੇ. ) - ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ  ਦੋ ਦਿਨਾ ਪ੍ਰਦਰਸ਼ਨੀ ਅਤੇ ਵਿਕਰੀ ਮੇਲੇ ਲਗਾਇਆ ਗਿਆ, ਜਿੱਥੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਵਸਤੂਆਂ ਨੂੰ ਪ੍ਰਦਰਸ਼ਨੀ ਅਤੇ ਵਿਕਰੀ ਲਈ ਲਗਾਇਆ ਗਿਆ।

ਮੇਲੇ ਦੌਰਾਨ ਸ਼ਹਿਰ ਦੇ ਲੋਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਜਿਨ੍ਹਾ ਦਿਵਿਆਂਗ ਸਿਖਿਆਰਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਹੌਸਲਾ ਅਫਜਾਈ ਵੀ ਕੀਤੀ।

ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰੀ ਆਸ਼ੀਸ਼ ਕੁੱਲੂ ਨੇ ਦੱਸਿਆ ਕਿ ਸੈਂਟਰ ਅਤੇ ਦਿਵਿਆਂਗ ਸਿਖਿਆਰਥੀਆਂ ਦੇ ਉਪਰਾਲਿਆਂ ਬਾਰੇ ਸਹਿਰ ਵਾਸੀਆਂ ਨੂੰ ਜਾਣੂ ਕਰਵਾਉਣ ਕਰਵਾਉਣ ਦੇ ਮੰਤਵ ਨਾਲ ਇਸ ਮੇਲਾ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਆਯੋਜਨ ਕੀਤੇ ਜਾਣਗੇ ਤਾਂ ਜੋ ਦਿਵਿਆਂਗ ਸਿਖਿਆਰਥੀਆਂ ਦਾ ਮਨੋਬਲ ਵੱਧਣ ਦੇ ਨਾਲ-ਨਾਲ ਉਹ ਸਮਾਜਿਕ ਤੌਰ 'ਤੇ ਵੀ ਸਵੈਮਾਣ ਨਾਲ ਆਪਣਾ ਜੀਵਨ ਵਸਰ ਕਰ ਸਕਣ।

ਜ਼ਿਕਰਯੋਗ ਹੈ ਕਿ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਲੁਧਿਆਣਾ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅਪਾਹਜ ਲੋਕਾਂ ਦੀ ਸਿਖਲਾਈ ਅਤੇ ਰੁਜ਼ਗਾਰ ਲਈ ਸਥਾਪਿਤ ਕੀਤੀ ਗਈ ਇੱਕ ਪ੍ਰਸਿੱਧ ਸੰਸਥਾ ਹੈ। ਇਹ ਕੇਂਦਰ ਰੁਜ਼ਗਾਰ ਰਜਿਸਟਰੇਸ਼ਨ ਪ੍ਰਦਾਨ ਕਰਦਾ ਹੈ, ਅਪਾਹਜ ਲੋਕਾਂ ਨੂੰ ਸਵੈ-ਰੁਜ਼ਗਾਰ, ਕਿੱਤਾਮੁਖੀ ਸਿਖਲਾਈ ਦਿੰਦਾ ਹੈ ਜਿਸ ਨਾਲ ਉਹ ਸਿਖਲਾਈ ਦੁਆਰਾ ਹੁਨਰ ਵਿਕਾਸ ਅਤੇ ਪੇਸ਼ੇਵਰ ਮਾਰਗਦਰਸ਼ਨ ਸੇਵਾਵਾਂ ਹਾਸਲ ਕਰਕੇ ਆਤਮ ਨਿਰਭਰ ਬਣਦੇ ਹਨ।