ਪੰਜਾਬ ਮੁਲਾਜਮ ਤੇ ਪੈਨਸ਼ਨਰ ਫਰੰਟ ਵੱਲੋਂ ਦਫਤਰੀ ਕਾਮਿਆਂ ਦੀ ਮੁਕੰਮਲ ਹਮਾਇਤ ਦਾ ਐਲਾਨ

ਲੁਧਿਆਣਾ, 6 ਦਸੰਬਰ (ਟੀ. ਕੇ.) ਪੰਜਾਬ ਮੁਲਾਜਮ ਅਤੇ ਪੈਨਸ਼ਨਰ ਫਰੰਟ ਸ਼ਾਖਾ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਪੈਨਸ਼ਨ ਭਵਨ, ਲੁਧਿਆਣਾ ਵਿਖੇ ਕਨਵੀਨਰ ਗੁਰਮੇਲ ਸਿੰਘ ਮੈਲਡੇ ਦੀ ਪ੍ਰਧਾਨਗੀ ਹੇਠ ਹੋਈ, ਜਿਸ  ਵਿਚ ਵੱਖ ਵੱਖ ਫੈਡਰੇਸ਼ਨਾਂ ਅਤੇ ਪੈਨਸ਼ਨਰ ਯੂਨੀਅਨ ਦੇ ਆਗੂ ਸ਼ਾਮਿਲ ਹੋਏ।ਇਸ ਮੌਕੇ ਪੈਨਸ਼ਨਰ ਇਨਫਰਮੇਸ਼ਨ ਸੈਂਟਰ ਦੇ ਚੇਅਰਮੈਨ ਦਲੀਪ ਸਿੰਘ, ਸਾਬਕਾ ਚੇਅਰਮੈਨ ਅਤੇ ਕਨਵੀਨਰ ਸੁਸ਼ੀਲ ਕੁਮਾਰ ਨਿਰਭੈ ਸਿੰਘ ਪ ਸ ਸ ਫੈਡਰੇਸ਼ਨ ਚੰਡੀਗੜ੍ਹ, ਸੁਰਿੰਦਰ ਸਿੰਘ ਬੈਂਸ, ਅਸ਼ੋਕ ਕੁਮਾਰ ਮੱਟੂ, ਸ਼ੇਰ ਸਿੰਘ ਪੈਨਸ਼ਨ ਜੁਆਇਟ ਫਰੰਟ ਦੇ ਆਗੂ ਕੁਲਵੰਤ ਸਿੰਘ ਪੰਜਾਬ ਪੈਨਸ਼ਨ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਸੀਲੋਂ , ਨਿਰਮਲ ਸਿੰਘ ਲਲਤੋਂ, ਹਰਜਿੰਦਰ ਸਿੰਘ ਲਲਤੋਂ, ਅਸ਼ੋਕ ਕੁਮਾਰ, ਮਦਨ ਲਾਲ ਸ਼ਰਮਾ, ਕੁਲਭੂਸ਼ਨ ਕੁਮਾਰ, ਗੁਰਦਿਆਲ ਸਿੰਘ, ਸ਼ਾਮ ਸੁੰਦਰ, ਹਰਜੀਤ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਮੌਕੇ ਮੀਟਿੰਗ ਵਿੱਚ ਪੰਜਾਬ ਮੁਲਾਜਮਾਂ ਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਵੱਲੋਂ ਸੰਘਰਸ਼ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿਲ੍ਹਾ ਮੁਲਾਜਮ ਫਰੰਟ ਦੀ ਤਿਆਰੀ ਕਨਵੈਨਸ਼ਨ ਅਗਲੇ ਹਫਤੇ ਕੀਤੀ ਜਾਵੇਗੀ।ਇਸ ਮੌਕੇ ਗੁਰਮੇਲ ਸਿੰਘ ਮੈਲਡੇ , ਦਲੀਪ ਸਿੰਘ, ਨਿਰਭੈ ਸਿੰਘ ਤੇ ਸੁਸ਼ੀਲ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ-ਪੈਨਸ਼ਨ ਦੀ ਮੰਗਾਂ ਪੂਰੀਆਂ ਕਰਨ ਤੋਂ ਮੁਨਕਰ ਹੈ। ਪੈਨਸ਼ਨਰਾਂ ਦੀ 2.59 ਗੁਣਾਂਕ ਦਾ ਪੈਨਸ਼ਨ ਸੋਧ ਫਾਰਮੂਲਾ ਲਾਗੂ ਕਰਨ, ਡੀ .ਏ ਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਬਕਾਏ ਦੇਣ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਰਹੀ ਹੈ।ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਫਰੰਟ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਗਾਹਾਂ ਵੱਲ ਕਾਲੇ ਝੰਡੇ ਲੈ ਕੇ ਮਾਰਚ ਕੀਤੇ ਜਾਣਗੇ।

ਇਸ ਮੌਕੇ ਮੀਟਿੰਗ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੀ ਪੂਰੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਸਾਂਝਾ ਫਰੰਟ ਲੁਧਿਆਣਾ ਵੱਲੋਂ ਹਰ ਰੋਜ ਸਾਂਝੇ ਤੌਰ ਤੇ ਵੱਡੀ ਗਿਣਤੀ ਵਿੱਚ ਪੀ.ਐਸ.ਐਮ.ਐਸ.ਯੂ ਵਲੋਂ ਕੀਤੀ ਜਾਂਦੀ ਰੋਸ ਰੈਲੀ ਵਿੱਚ ਵੱਡਾ ਜੱਥਾ ਸ਼ਾਮਲ ਹੋਇਆ ਕਰੇਗਾ। ਜੇਕਰ ਸਰਕਾਰ ਮਨਿਸਟਰੀਅਲ ਸਟਾਫ ਨਾਲ ਕੋਈ ਬੇਇਨਸਾਫੀ ਕਰੇਗੀ ਤਾਂ ਸਾਂਝਾ ਫਰੰਟ ਅਤੇ ਪੈਨਸ਼ਨਰ ਯੂਨੀਅਨਾਂ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨਗੀਆਂ।