ਪੰਜਾਬ ਪੁਲਿਸ ਨੇ ਭਰਿਆ 2 ਲੱਖ ਦਾ ਜੁਰਮਾਨਾ

ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਨੂੰ ਸੱਤ ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਹੋਈ ਜਿੱਤ ਪ੍ਰਾਪਤ  

ਅਮਰਗੜ੍ਹ, ਫਰਵਰੀ 2021 (ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ  )- 

ਪੰਜਾਬ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਜਬਰ ਜੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਇਨਸਾਫ ਲੈਣ ਲਈ 7 ਸਾਲ ਦੀ ਲੰਬੀ ਲੜਾਈ ਲੜਦਿਆਂ ਆਖਰਕਾਰ ਜਿੱਤ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਿੰਘ ਟੋਡਰਵਾਲ ਨੇ ਦੱਸਿਆ ਕਿ ਕਰੀਬੀ 7 ਸਾਲ ਪਹਿਲਾ ਡੀ.ਐੱਸ.ਪੀ. ਦਫਤਰ ਬੁਢਲਾਡਾ (ਮਾਨਸਾ) ਵੱਲੋਂ ਕੁਝ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਜਿਸ ਦੀ ਸ਼ਿਕਾਇਤ ਮੈਂ ਮਾਨਸਾ ਦੇ ਪੁਲਿਸ ਪ੍ਰਸ਼ਾਸਨ ਪਾਸ ਕੀਤੀ ਪਰ ਜਦੋਂ ਮੇਰੀ ਸੁਣਵਾਈ ਨਾ ਹੋਈ ਤਾਂ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਪਾਸ ਪਹੁੰਚ ਕੀਤੀ, ਲੰਮੀ ਚੱਲੀ ਪੜਤਾਲ ਮਗਰੋ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਨੂੰ ਸਹੀ ਠਹਿਰਾਇਆ ਅਤੇ ਮਾਨਸਾ ਪੁਲਿਸ ਨੂੰ ਅਗਸਤ 2020 ਵਿੱਚ ਰਾਜ ਸਿੰਘ ਟੋਡਰਵਾਲ ਨੂੰ 8 ਹਫਤਿਆਂ ਵਿੱਚ 2 ਲੱਖ ਰੁਪਏ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਜੋ ਪੁਲਿਸ ਵੱਲੋਂ ਮੇਰੇ ਖਾਤੇ ਵਿੱਚ ਪਵਾਏ ਜਾ ਚੁੱਕੇ ਹਨ। ਰਾਜ ਸਿੰਘ ਟੋਡਰਵਾਲ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਆਪਣੇ ਮੁਲਾਜ਼ਮਾ ਨੂੰ ਬਚਾਉਣ ਲਈ ਬਹੁਤ ਸਾਰੀਆਂ ਝੂਠੀਆਂ ‘ਤੇ ਗਲਤ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਜੋ ਗਰਕਾਰਾਂ ਦੀ ਗਲਤ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ੍ਹ ਲਾਉਦੀਆਂ ਹਨ, ਇਸੇ ਕਾਰਨ ਹੀ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਪਾਉਦਾ।