ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਪਾਸੋਂ ਕੀਤੀ ਨਵੀਂ ਕੋਠੀ ਤੇ ਨਵੇਂ ਦਫਤਰ ਦੀ ਮੰਗ

ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਦਫਤਰ ਬਹਿਣ ਦੇ ਲਾਇਕ ਨਹੀਂ' -ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ ਫ਼ਰਵਰੀ 2021( ਗੁਰਦੇਵ ਸਿੰਘ ਗ਼ਾਲਿਬ  / ਗੁਰਕੀਰਤ ਜਗਰਾਉਂ  )

ਅਕਤੂਬਰ 2018 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮਕਾਜ ਨੂੰ ਦੇਖਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਇਆ ਸੀ। ਜਿਸ ਤੋਂ ਬਾਅਦ ਵੀ ਜਥੇਦਾਰ ਨੇ ਅੰਮ੍ਰਿਤਸਰ ਦੀ ਬਜਾਏ ਤਲਵੰਡੀ ਸਾਬੋ ਹੀ ਰਿਹਾਇਸ਼ ਰੱਖੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਜਥੇਦਾਰ ਨੂੰ ਅੰਮ੍ਰਿਤਸਰ ਸਥਾਈ ਨਿਵਾਸ ਰੱਖਣ ਲਈ ਕਿਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੱਡੀ ਮੰਗ ਸ਼੍ਰੌਮਣੀ ਕਮੇਟੀ ਅੱਗੇ ਰੱਖ ਦਿੱਤੀ ਜਿਸ ਵਿਚ ਜਥੇਦਾਰ ਨੇ ਸਪੱਸ਼ਟ ਕਿਹਾ ਕਿ ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਦਫਤਰ ਬਹਿਣ ਦੇ ਲਾਇਕ ਨਹੀਂ। ਜਿਸ ਕਾਰਨ ਜਥੇਦਾਰ ਨੂੰ ਸਕੱਤਰੇਤ ਦੇ ਸਾਹਮਣੇ ਖਾਲੀ ਥਾਂ ਉਪਰ ਨਵਾਂ ਸਕੱਤਰੇਤ ਬਣਾਉਣ ਦੀ ਇਜਾਜ਼ਤ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਤਿਆਧੁਨਿਕ ਡਿਜ਼ਾਈਨ ਕੀਤੇ ਦਫਤਰ ਦਾ ਨਕਸ਼ਾ ਕਾਰਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਨਾਲ ਸਾਂਝਾ ਕੀਤਾ, ਜਿਨ੍ਹਾਂ ਨੇ ਦਫਤਰ ਨੂੰ ਤਿਆਰ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ, ਜਿਸ ਤੋਂ ਬਾਅਦ ਉਥੇ ਪਹਿਲਾਂ ਹੀ ਦਮਦਮੀ ਟਕਸਾਲ ਵੱਲੋਂ ਚੱਲ ਰਹੀਆਂ ਸੇਵਾਵਾਂ ਲਈ ਆਪਣਾ ਕਾਰ ਸੇਵਾ ਦਾ ਸਮਾਨ ਰੱਖਿਆ ਹੈ, ਜਿਸ ਨੂੰ ਖਾਲੀ ਕਰਵਾਉਣਾ ਮੁਸ਼ਕਿਲ ਹੋ ਰਿਹਾ ਹੈ।

ਦੂਸਰੇ ਪਾਸੇ ਸਕੱਤਰੇਤ ਦੇ ਉੱਪਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਖਾਲੀ ਕਰਵਾਉਂਣ ਦੀ ਮੰਗ ਰੱਖੀ, ਜਿਸ ਨੂੰ ਗਿਆਨੀ ਗੁਰਬਚਨ ਸਿੰਘ ਨੇ ਦਸੰਬਰ 2020 ਵਿਚ ਖਾਲੀ ਕਰ ਦਿੱਤਾ ਸੀ।

ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਨੇ-ਬਹਾਨੇ ਕਿਹਾ ਕਿ ਰਿਹਾਇਸ਼ ਰਹਿਣ ਦੇ ਲਾਇਕ ਨਹੀਂ ਦਫਤਰ ਬਹਿਣ ਦੇ ਲਾਇਕ ਨਹੀਂ ਮੈਂ ਇਥੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਸੇਬਾ ਕਰਾਂ। ਇਥੇ ਇਹ ਵੀ ਦੱਸਣਯੋਗ ਹੈ ਕਿ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਪੰਥ ਦਾ ਸਿਰਮੌਰ ਹੈ। ਜਥੇਦਾਰ ਦੇ ਹਰ ਫੁਰਮਾਨ ਨੂੰ ਇਲਾਹੀ ਹੁਕਮ ਦੱਸਿਆ ਜਾਂਦਾ ਹੈ ਤੇ ਜਥੇਦਾਰ ਦੀ ਕਹੀ ਹਰ ਗਲ ਤੇ ਫੁੱਲ ਝੜਾਉਣ ਦੀਆਂ ਕਹਾਣੀਆਂ ਵੀ ਕਹੀਆਂ ਜਾਂਦੀਆਂ ਹਨ, ਪਰ ਸ਼ੋ੍ਮਣੀ ਕਮੇਟੀ ਜਥੇਦਾਰ ਨੂੰ ਮੁਲਾਜ਼ਮ ਤੋਂ ਵਧ ਕੁਝ ਵੀ ਨਹੀਂ ਸਮਝਦੀ।

ਇਸ ਦਾ ਮੂੰਹ ਬੋਲਦਾ ਸਬੂਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਦੀ ਰਿਹਾਇਸ਼ ਤੇ ਦਫਤਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਰਿਹਾਇਸ਼ ਦੇ ਨਾਮ ਤੇ ਇਕ ਦੋ ਕਮਰਿਆਂ ਵਾਲਾ ਘਰ ਹੈ। ਜਿਸ ਦੀਆਂ ਪੋੜੀਆਂ ਵੀ ਲੁਕਵੀਆਂ ਹਨ। ਜਿਨਾਂ ਵਿਚ ਇਕ ਸਮੇ ਕੇਵਲ ਇਕ ਵਿਅਕਤੀ ਹੀ ਲੰਘ ਸਕਦਾ ਹੈ।

ਰਿਹਾਇਸ਼ ਦੇ ਇਕ ਕਮਰੇ ਵਿਚ ਜਥੇਦਾਰ ਵਿਸ਼ਰਾਮ ਕਰਦੇ ਹਨ ਤੇ ਦਫਤਰੀ ਸਮੇਂ ਤੋਂ ਬਾਅਦ ਮਿਲਣ ਲਈ ਆਉਣ ਵਾਲੇ ਅਤਿ ਵਿਸ਼ਸ਼ਟ ਵਿਅਕਤੀਆਂ ਜਾਂ ਜਨ ਸਧਾਰਨ ਨੂੰ ਮਿਲਦੇ ਹਨ ਤੇ ਦੂਜੇ ਕਮਰੇ ਵਿਚ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਰਹਿੰਦੇ ਹਨ। ਇਸ ਦੋ ਕਮਰਿਆਂ ਵਾਲੀ ਰਿਹਾਇਸ਼ ਵਿਚ ਹੀ ਦਫਤਰੀ ਸਮੇਂ ਤੋਂ ਬਾਅਦ ਜਥੇਦਾਰ ਪੰਥ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਕਰਦੇ ਹਨ। ਜਥੇਦਾਰ ਦਾ ਦਫਤਰ ਵੀ ਇਸੇ ਤਰ੍ਹਾਂ ਦਾ ਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੌਜੂਦਾ ਜਥੇਦਾਰ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਦਾ ਜਾਣਕਾਰ ਹੈ। ਅਜੋਕੇ ਸਮੇ ਵਿਚ ਵਰਤੇ ਜਾਣ ਵਾਲੇ ਸਾਰੇ ਅਤਿ ਆਧੁਨਿਕ ਉਪਕਰਨ ਵਰਤਣ ਦੀ ਮੁਹਾਰਤ ਰਖਦਾ ਹੈ।

ਇਹ ਪਹਿਲੀ ਵਾਰ ਹੋਇਆ ਹੈ ਕਿ ਜਥੇਦਾਰ ਸੋਸ਼ਲ ਮੀਡੀਆ ਵਿਚ ਵਰਤੀਆਂ ਜਾਣ ਵਾਲੀਆਂ ਐਪਲੀਕੇਸ਼ਨਜ਼ ਜਿਵੇ ਵਟਸ ਐਪ, ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਆਦਿ ਦੀ ਵਰਤੋਂ ਕਰਦਾ ਹੋਇਆ ਸਿੱਖਾਂ ਨਾਲ ਜੁੜਿਆ ਹੋਇਆ ਹੈ। ਜਿਸ ਵੱਲੋਂ ਆਪਣੀਆਂ ਮੰਗਾਂ ਨੂੰ ਸ਼ਰੋਮਣੀ ਕਮੇਟੀ ਅੱਗੇ ਰੱਖਿਆ ਗਿਆ ਹੈ।