You are here

ਕਿਰਤ ਹੱਕ ਲਾਗੂ ਕਰਵਾਉਣ ਲਈ 28 ਦਿਨਾਂ ਤੋਂ ਸੰਘਰਸ਼ ਕਰ ਰਹੇ ਮਾਰਸ਼ਲ ਮਸ਼ੀਨਜ ਮਜਦੂਰ ਅੱਜ ਵੀ  ਧਰਨੇ ਵਿੱਚ ਡਟੇ ਰਹੇ

ਲੁਧਿਆਣਾ, 6 ਦਸੰਬਰ(ਟੀ. ਕੇ.) ਮਾਰਸ਼ਲ ਮਸ਼ੀਨਜ ਲਿਮਿਟਡ ਫੈਕਟਰੀ ਦੇ ਮਜਦੂਰ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ 28ਵੇਂ ਦਿਨ ਵੀ ਧਰਨੇ ਵਿੱਚ ਡਟੇ ਰਹੇ। ਅੱਜ ਮਜਦੂਰਾਂ ਨੇ ਕਿਰਤ ਵਿਭਾਗ ਦੇ ਦਫਤਰ ਵਿਖੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ। ਮਜਦੂਰ ਜਥੇਬੰਦੀ ਦੀ ਸਿਰਮੌਰ ਆਗੂ ਗਗਨਦੀਪ ਕੌਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਕਿਰਤ ਵਿਭਾਗ ਦਫਤਰ ਵਿੱਚ ਏ.ਐਲ.ਸੀ, ਕਿਰਤ ਇੰਸਪੈਕਟਰ ਜਾਂ ਕੋਈ ਵੀ ਜਿੰਮੇਵਾਰ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਨਾ ਹੀ ਮਾਲਕ-ਮੈਨੇਜਮੈਂਟ ਵੱਲੋਂ ਕੋਈ ਨੁਮਾਇੰਦਾ ਪਹੁੰਚਿਆ ਜਦ ਕਿ ਵਾਅਦਾ ਕੀਤਾ ਗਿਆ ਸੀ ਕਿ ਮਜ਼ਦੂਰਾਂ ਦੇ ਇੱਕ ਹਿੱਸੇ ਦੇ ਬਕਾਏ ਦਾ ਹਿਸਾਬ ਅੱਜ ਪੇਸ਼ ਕੀਤਾ ਜਾਵੇਗਾ। ਸੰਘਰਸ਼ਸ਼ੀਲ ਮਜਦੂਰਾਂ ਨੇ ਅੱਜ ਫੇਰ ਹੋਈ ਵਾਅਦਾ-ਖਿਲਾਫੀ ਵਿਰੁੱਧ ਰੋਸ ਜਤਾਇਆ ਹੈ। ਉਨ੍ਹਾਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 9 ਨਵੰਬਰ ਤੋਂ ਹੜਤਾਲ ’ਤੇ ਬੈਠੇ ਮਜਦੂਰਾਂ ਦੀ ਮੰਗ ਹੈ ਕਿ ਝੂਠੇ ਦੋਸ਼ਾਂ ਤਹਿਤ ਕੰਮ ਤੋਂ ਕੱਢੇ ਗਏ ਆਗੂਆਂ ਦੀ ਬਹਾਲੀ ਹੋਵੇ, ਤਨਖਾਹ ਵਾਧਾ, ਬੋਨਸ ਭੁਗਤਾਨ ਆਦਿ ਕਿਰਤ ਹੱਕ ਲਾਗੂ ਹੋਣ। ਜੇਕਰ ਕਿਰਤ ਵਿਭਾਗ ਕਿਰਤ ਕਨੂੰਨਾਂ ਤਹਿਤ ਇਹ ਕੰਪਨੀ ਨਹੀਂ ਚਲਵਾ ਸਕਦਾ ਤਾਂ ਉਹਨਾਂ ਦੀ ਨੌਕਰੀ ਦੌਰਾਨ ਗਰੈਚੂਇਟੀ, ਬੋਨਸ, ਬਕਾਇਆ ਤਨਖਾਹ, ਕਮਾਈਆਂ ਛੁੱਟੀਆਂ ਦੇ ਪੈਸਿਆਂ ਦਾ ਸਾਰਾ ਹਿਸਾਬ ਦੇ ਦਿੱਤਾ ਜਾਵੇ। ਅੱਜ ਮਾਲਕ ਨੇ 12 ਆਗੂਆਂ ਦਾ ਲਿਖਤੀ ਹਿਸਾਬ ਕਿਰਤ ਵਿਭਾਗ ਅੱਗੇ ਪੇਸ਼ ਕੀਤਾ ਹੈ। ਮਜਦੂਰਾਂ ਦਾ ਕਹਿਣਾ ਹੈ ਕਿ ਸਾਰਿਆਂ ਦਾ ਹਿਸਾਬ ਬਣਾਇਆ ਜਾਵੇ ਅਤੇ ਕੰਮ ’ਤੇ ਲੱਗਣ ਦੀ ਅਸਲ ਤਰੀਕ ਅਤੇ ਅਸਲ ਪੈਮਾਨਿਆਂ ਤਹਿਤ ਹਿਸਾਬ ਬਣਾਇਆ ਜਾਵੇ। ਮਾਲਕਾਂ ਵੱਲੋਂ ਪੇਸ਼ ਕੀਤੇ ਗਏ ਹਿਸਾਬ ਵਿੱਚ ਕਈ ਕਮੀਆਂ ਅਤੇ ਹੇਰਾ-ਫੇਰੀਆਂ ਕੀਤੀਆਂ ਗਈਆਂ ਹਨ।
ਅੱਜ ਦੇ ਧਰਨੇ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਅਦਾਰਾ ਲਲਕਾਰ ਵੱਲੋਂ ਰਾਜਵਿੰਦਰ ਸਿੰਘ, ਮਾਰਸ਼ਲ ਮਸ਼ੀਨ ਯੂਨੀਅਨ ਵੱਲੋਂ ਰੁਪਿੰਦਰ ਸਿੰਘ, ਤਿਲਕਧਾਰੀ, ਮੰਗਾ ਸਿੰਘ ਅਤੇ ਪਵਨ ਕੁਮਾਰ, ਨੌਜਵਾਨ ਭਾਰਤ ਸਭਾ ਵੱਲੋਂ ਸੰਜੂ ਨੇ ਵੀ ਸੰਬੋਧਨ ਕੀਤੇ।