ਬਾਦਲਾਂ ਨੂੰ ਘੇਰਦਾ ਰਾਜਾ ਵੜਿੰਗ ਖੁਦ ਘਿਰਿਆ

ਹੁਣ ਮਿੱਡੂਖੇੜਾ ’ਚ ਬਿਜਲੀ ਮਕੈਨਿਕ ਦੇ ਘਰ ਬਿਤਾਈ ਰਾਤ

ਲੰਬੀ- ਅਪਰੈਲ  ਪਿੰਡ ਬਾਦਲ ’ਚ ਬੀਤ ਦਿਨੀਂ ਗਰੀਬ ਮਾਲੀ ਰਾਮ ਸ਼ਰਨ ਦੇ ਘਰ ਰਾਤ ਬਿਤਾ ਕੇ ਬਾਦਲਾਂ ਨੂੰ ਘੇਰਨ ਵਾਲੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਚੋਣ ਕਮਿਸ਼ਨ ਦੇ ਘੇਰੇ ਵਿੱਚ ਉਲਝ ਗਏ ਹਨ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਕਿਸੇ ਨੂੰ ਵੋਟਾਂ ਭੁਗਤਾਉਣ ਲਈ ਮਾਨਸਿਕ ਤੌਰ ’ਤੇ ਆਪਣੇ ਹੱਕ ’ਚ ਤਿਆਰ ਕਰਨ ਦੇ ਦੋਸ਼ ਹੇਠ ਅੱਜ ਨੋਟਿਸ ਨੰਬਰ 727 ਜਾਰੀ ਕੀਤਾ ਹੈ। ਬੀਤੇ ਕੱਲ੍ਹ ਸਵੇਰੇ ਪਿੰਡ ਬਾਦਲ ’ਚ ਗਰੀਬ ਮਾਲੀ ਰਾਮ ਸ਼ਰਨ ਦੇ ਘਰੋਂ ਜਾਣ ਸਮੇਂ ਕਾਂਗਰਸ ਉਮੀਦਵਾਰ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਸਨ। ਚੋਣ ਜ਼ਾਬਤੇ ਦੌਰਾਨ ਕਿਸੇ ਨੂੰ ਪੈਸੇ ਦੇਣਾ ਜਾਂ ਉਸ ਨੂੰ ਰੁਪਏ ਦੇ ਕੇ ਵੋਟਾਂ ਲਈ ਤਿਆਰ ਕਰਨਾ ਵੀ ਸਿੱਧੇ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਚੋਣ ਕਮਿਸ਼ਨ ਨੇ ਵੜਿੰਗ ਤੋਂ ਅਗਲੇ 24 ਘੰਟੇ ’ਚ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਤੋਂ ਉਮੀਦਵਾਰੀ ਮਿਲਣ ਮਗਰੋਂ ਉਹ ਸਿੱਧੇ ਤੌਰ ’ਤੇ ਬਾਦਲਾਂ ਨਾਲ ਆਢਾ ਲਗਾਉਣ ਲਈ ਪਿੰਡ ਬਾਦਲ ਵਿਖੇ ਗਰੀਬ ਮਾਲੀ ਪਰਿਵਾਰ ਕੇ ਘਰ ਰਾਤ ਰੁਕੇ ਸਨ। ਉਨ੍ਹਾਂ ਬਾਦਲਾਂ ’ਤੇ ਆਪਣੇ ਜੱਦੀ ਪਿੰਡ ਬਾਦਲ ਦੇ ਹੀ ਗਰੀਬਾਂ ਦੀ ਸਾਰ ਨਾ ਲੈ ਸਕਣ ਦੇ ਦੋਸ਼ ਵੀ ਲਾਏ ਸਨ।
ਸਹਾਇਕ ਰਿਟਰਨਿੰਗ ਅਫਸਰ ਲੰਬੀ ਨੇ ਇਸ ਨੋਟਿਸ ’ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਗੈਰ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਵੜਿੰਗ ਦੇ ਹੱਕ ’ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਿਤੀ ਮੈਂਬਰਾਂ ਨੂੰ ਆਪੋ-ਆਪਣੀਆਂ ਗੱਡੀਆਂ ’ਤੇ ਝੰਡੇ ਅਤੇ ਬੈਨਰ ਲਗਾ ਕੇ ਬਠਿੰਡਾ ’ਚ ਝੀਲਾਂ ’ਤੇ ਇਕੱਠੇ ਹੋਣ ਲਈ ਸੰਬੋਧਨ ਕਰਨ ਸਬੰਧੀ ਪ੍ਰਾਪਤ ਇੱਕ ਆਡੀਓ ਕਲਿੱਪ ਦੇ ਆਧਾਰ ’ਤੇ ਰਾਜਾ ਵੜਿੰਗ ਤੋਂ ਜਵਾਬ-ਤਲਬੀ ਕੀਤੀ ਹੈ। ਇਸ ਸਬੰਧੀ ਜਦੋਂ ਜਾਰੀ ਨੋਟਿਸ ਬਾਰੇ ਰਾਜਾ ਵੜਿੰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਹੁਣ ਮਿੱਡੂਖੇੜਾ ’ਚ ਬਿਜਲੀ ਮਕੈਨਿਕ ਦੇ ਘਰ ਬਿਤਾਈ ਰਾਤ
ਕਾਂਗਰਸ ਉਮੀਦਵਾਰ ਰਾਜਾ ਵੜਿੰਗ ਵੱਲੋਂ ਗਰੀਬ ਦੇ ਘਰ ਰਾਤ ਰੁਕਣ ਦਾ ਸਿਆਸੀ ਪੈਂਤੜਾ ਅੱਜ ਦੂਜੇ ਦਿਨ ਵੀ ਬਰਕਰਾਰ ਰਿਹਾ। ਉਨ੍ਹਾਂ ਬੀਤੀ ਰਾਤ ਲੰਬੀ ਹਲਕੇ ’ਚ ਪਿੰਡ ਮਿੱਡੂਖੇੜਾ ਵਿੱਚ ਬਿਜਲੀ ਮਕੈਨਿਕ ਰਾਜੂ ਸਿੰਘ ਦੇ ਘਰ ਬਿਤਾਈ। ਰਾਤ ਕਾਫ਼ੀ ਦੇਰ ਰਾਤ ਪੁੱਜੇ ਰਾਜੇ ਨੇ ਪਰਸੋਂ ਵਾਂਗ ਹੀ ਰਾਜੂ ਦੇ ਘਰ ਚੁੱਲ੍ਹੇ ਮੂਹਰੇ ਬਹਿ ਕੇ ਤਾਜ਼ਾ ਪੱਕੀਆਂ ਰੋਟੀਆਂ ਖਾਧੀਆਂ। ਉਸ ਨੇ ਇਸ ਫੇਰੀ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਵੀ ਕੀਤਾ ਅਤੇ ਬਾਦਲਾਂ ਦੇ ਨੇੜਲੇ ਆਗੂ ਅਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਪਿੰਡ ਵਿੱਚ ਦੋ-ਦੋ ਸਕੂਲਾਂ ਦੇ ਬਾਵਜੂਦ ਸੈਕੰਡਰੀ ਸਿੱਖਿਆ ਦੀ ਘਾਟ ਅਤੇ ਹੋਰਨਾਂ ਮਸਲਿਆਂ ਨੂੰ ਉਭਾਰ ਕੇ ਰੱਜਵੇਂ ਸ਼ਬਦੀ ਹਮਲੇ ਕੀਤੇ। ਰਾਜਾ ਤੜਕੇ ਪੰਜ ਵਜੇ ਉੱਠ ਕੇ ਬਠਿੰਡਾ ਲਈ ਰਵਾਨਾ ਹੋ ਗਿਆ।