ਮਨੁੱਖੀ ਅਧਿਕਾਰ ਦਿਵਸ ਮੌਕੇ ਕਿਰਤੀ ਜਮਾਤ ਦੇ ਜਮਹੂਰੀ ਹੱਕਾਂ ਨੂੰ ਕੁਚਲਕੇ ਕਾਰਪੋਰੇਟਾਂ ਨੂੰ ਮਾਲੋਮਾਲ ਕਰਨ ਦੇ ਰਾਹ ਪਈਆਂ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ 

ਲੁਧਿਆਣਾ, 10 ਦਸੰਬਰ (  ਟੀ. ਕੇ.)   ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਅੱਜ ਵਿਸਵ ਮਨੁੱਖੀ ਅਧਿਕਾਰ ਦਿਵਸ ਮਨਾਉਂਦਿਆਂ ਸਰਕਾਰਾਂ ਵੱਲੋਂ ਇਹਨਾਂ ਅਧਿਕਾਰਾਂ ਨੂੰ ਖਤਮ ਕਰਨ ਵੱਲ ਵਧਣ ਖਿਲਾਫ ਜਬਰਦਸਤ ਨਾਅਰੇਬਾਜ਼ੀ  ਕੀਤੀ ਗਈ।  ਸਦੀਆਂ ਤੋਂ ਦੇਸ਼ ਦੀ ਰਾਜ ਕਰਤਾ ਸ਼੍ਰੇਣੀ ਵੱਲੋਂ ਕਿਰਤੀ ਸ਼੍ਰੇਣੀ ਨੂੰ ਗੁਲਾਮ ਬਣਾਕੇ ਮਨ ਮਰਜੀ ਦੀ ਉਜ਼ਰਤ ਦੇਣ ਅਤੇ ਤਰ੍ਹਾਂ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦੇ ਕੇ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਰੱਖੇ ਜਾਣ ਖਿਲਾਫ ਵੱਡੇ ਸੰਘਰਸ਼ ਲੜਨੇ ਪਏ ਹਨ। ਇਹਨਾਂ ਸ਼ੰਘਰਸ਼ਾਂ ਵਿੱਚ ਅਨੇਕਾਂ ਹੀ ਕਿਰਤੀਆਂ ਨੇ ਆਪਣੀਆਂ ਜਿਉਣ ਹਾਲਤਾਂ ਬੇਹਤਰ ਬਣਾਉਣ ਲਈ ਬੋਲਣ, ਪੜ੍ਹਣ ਲਿਖਣ , ਜੱਥੇਬੰਦੀ ਬਣਾਉਣ ਆਦਿ ਵਰਗੇ ਹੱਕ ਸ਼ਹਾਦਤਾਂ ਦੇ ਕੇ ਰਾਜ ਕਰਤਾ ਸ਼੍ਰੇਣੀ ਪਾਸੋਂ ਮਨੁੱਖੀ ਅਧਿਕਾਰਾਂ ਵਜੋਂ ਪ੍ਰਾਪਤ ਕੀਤੇ। ਹਰ ਇੱਕ ਲਈ ਜਿਉਣ ਲਈ ਕੁੱਲੀ, ਗੁੱਲੀ, ਜੁੱਲੀ ਵਰਗੇ ਅਧਿਕਾਰ ਪ੍ਰਾਪਤ ਕਰਨ ਅਤੇ ਹਰ ਇੱਕ ਲਈ ਬਰਾਬਰ ਦੀ ਸਿੱਖਿਆ ਅਤੇ ਚੰਗੀ ਸਿਹਤ ਲਈ ਲਗਾਤਾਰ ਸ਼ੰਘਰਸ਼ ਕਰਕੇ ਕੁੱਝ ਰਾਹਤਾਂ ਪ੍ਰਾਪਤ ਕੀਤੀਆਂ। ਪਰ ਅੱਜ ਲੰਮੇ ਸੰਘਰਸ਼ਾਂ ਦੁਆਰਾ ਪ੍ਰਾਪਤ ਕੀਤੇ ਮਨੁੱਖੀ ਹੱਕਾਂ ਉੱਪਰ ਅੱਜ ਦੀਆਂ ਸਰਕਾਰਾਂ ਵੱਲੋ ਕੋਹਾੜਾ ਚਲਾਕੇ ਵੱਡੇ ਪੂੰਜੀਪਤੀਆਂ/ ਕਾਰਪੋਰੇਟਾਂ ਨੂੰ ਦੇਸ਼ ਅਤੇ ਕਿਰਤੀ ਵਰਗ ਦੀ ਲੁੱਟ ਕਰਨ ਦੇ ਹਿੱਤ ਵਿੱਚ ਛਾਂਗਿਆ ਜਾ ਰਿਹਾ ਹੈ।ਨਵੀਂ ਤਕਨੀਕ ਅਤੇ ਮਸ਼ੀਨ ਦੀ ਵਰਤੋਂ ਆਮ ਮਨੁੱਖ ਦੇ ਹਿੱਤ ਵਿੱਚ ਕਰਨ ਦੀ ਬਜਾਏ ਉਸਨੂੰ ਵੱਡੇ ਮੁਨਾਫੇ ਕਮਾਉਣ ਲਈ ਵਰਤਿਆ ਜਾ ਰੀਹਾ ਹੈ। ਵੱਡੇ ਪੱਧਰ ਤੇ ਲੋਕਾਂ ਤੋਂ  ਸਿੱਖਿਆ ਅਤੇ ਰੋਜਗਾਰ ਆਦਿ ਵਰਗੇ ਹੱਕ ਲਗਾਤਾਰ ਖੋਹੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੀ ਵੱਡੀ ਜਨ ਸੰਖਿਆ ਲਈ ਦੋ ਡੰਗ ਦੀ ਰੋਟੀ ਖਾਣਾ ਵੀ ਦੁੱਭਰ ਹੋ ਗਿਆ ਹੈ।ਇਸ ਲਈ ਅੱਜ ਇਸ ਦਿਹਾੜੇ ਨੂੰ ਮਨਾਉਂਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ (ਜਿਲ੍ਹਾ ਲੁਧਿਆਣਾ) ਅਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਨੇ ਮੌਜੂਦਾ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਖਿਲਾਫ ਰੋਸ ਪ੍ਰਦਰਸਨ ਕਰਦਿਆਂ ਸਰਕਾਰੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਜਮਹੂਰੀ ਅਧਿਕਾਰ ਸਭਾ ਪੰਜਾਬ (ਲੁਧਿਆਣਾ) ਦੇ ਪ੍ਰਧਾਨ ਜਸਵੰਤ ਜੀਰਖ ਨੇ ਇਸ ਦਿਨ ਨੂੰ ਸਮਰਪਿਤ 23 ਦਸੰਬਰ ਨੂੰ ਇੱਥੇ ਹੀ ਹੋਣ ਵਾਲੇ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਘੇ ਗਾਂਧੀਵਾਦੀ ਸਮਾਜ ਚਿੰਤਕ ਹਿਮਾਸ਼ੂ ਕੁਮਾਰ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਪ੍ਰੋ: ਪ੍ਰਮਿੰਦਰ ਸਿੰਘ ਅੰਮ੍ਰਿਤਸਰ ਮੁੱਖ ਬੁਲਾਰਿਆਂ ਦੇ ਤੌਰ 'ਤੇ ਪਹੁੰਚ ਰਹੇ ਹਨ। ਇਸ ਮੌਕੇ ਡਾ: ਹਰਬੰਸ ਸਿੰਘ ਗਰੇਵਾਲ, ਮਾਸਟਰ ਸੁਰਜੀਤ ਸਿੰਘ, ਮਾਸਟਰ ਭਜਨ ਸਿੰਘ ਕੈਨੇਡਾ, ਐਡਵੋਕੇਟ ਹਰਪ੍ਰੀਤ ਜੀਰਖ, ਬਲਵਿੰਦਰ ਸਿੰਘ, ਕਰਤਾਰ ਸਿੰਘ,  ਰਾਕੇਸ਼ ਆਜ਼ਾਦ, ਅਰੁਣ ਕੁਮਾਰ, ਜਗਜੀਤ ਸਿੰਘ, ਸੁਬੇਗ ਸਿੰਘ,ਪ੍ਰਤਾਪ ਸਿੰਘ, ਮਾਨ ਸਿੰਘ, ਮਹੇਸ਼ ਕੁਮਾਰ ਆਦਿ ਸ਼ਾਮਲ ਸਨ।