ਸਰਬ ਸਾਂਝੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਹੋਈ

ਲੁਧਿਆਣਾ (ਕਰਨੈਲ ਸਿੰਘ ਐੱਮ.ਏ .) ‌‌ ਸਰਬ ਸਾਂਝੀ ਵੈਲਫੇਅਰ ਸੁਸਾਇਟੀ  ਦੀ ਮੀਟਿੰਗ ਬੀਤੇ ਦਿਨੀਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਅਰਬਨ ਅਸਟੇਟ  ਵਿਖੇ ਹੋਈ, ਜਿਸ ਵਿੱਚ ਗਿਆਨੀ ਫਤਿਹ ਸਿੰਘ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਅੰਦਰ ਸੂਹੀ ਰਾਗ ਵਿੱਚ ਦਰਜ ਚਾਰ ਲਾਵਾਂ ਦਾ ਮਹੱਤਵ ਵਿਸਥਾਰ ਸਹਿਤ ਦੱਸਿਆ ਉਹਨਾਂ ਕਿਹਾ ਕਿ ਅਨੰਦ ਕਾਰਜ ਸਮੇਂ ਗੁਰਦੁਆਰਿਆਂ ਵਿੱਚ ਇਹਨਾਂ ਚਾਰ ਲਾਵਾਂ ਦਾ ਹੀ ਪਾਠ ਕੀਤਾ ਜਾਂਦਾ ਹੈ। ਜਦੋਂ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ  ਵਿੱਚੋਂ ਵਾਰੀ -ਵਾਰੀ ਚਾਰ ਲਾਵਾਂ ਦਾ ਪਾਠ ਪੜ੍ਹਦੇ ਹਨ ਤਾਂ ਰਾਗੀ ਸਿੰਘ ਕੀਰਤਨ  ਤੇ ਚਾਰ ਲਾਵਾਂ ਦਾ ਪਾਠ ਵਾਰੀ-ਵਾਰੀ ਕਰਦੇ ਹਨ ਅਤੇ ਲੜਕਾ ਲੜਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ  ਨਤਮਸਤਕ ਹੋ ਕੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹਨ। ਉਹਨਾਂ ਕਿਹਾ ਕਿ ਪਹਿਲੀ ਲਾਂਵ ਦਾ ਮਤਲਬ ਧਰਮ ਕਮਾਇਆ ਹੈ ,ਦੂਜੀ ਲਾਂਵ ਦਾ ਮਤਲਬ ਜਿਵੇਂ ਸਤਿਗੁਰੂ ਜੀ ਕਹਿੰਦੇ ਹਨ ਉਸੇ ਤਰ੍ਹਾਂ ਕਰਨਾ ਹੈ, ਤੀਜੀ ਲਾਂਵ ਵਿੱਚ ਵੈਰਾਗ ਬਾਰੇ ਦੱਸਿਆ ਹੈ । ਚੌਥੀ ਲਾਂਵ ਵਿੱਚ ਪ੍ਰਭੂ ਮਿਲਾਪ  ਦਾ ਜ਼ਿਕਰ ਕੀਤਾ ਹੈ । ਡਾਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਮਹਾਰਾਜ ਦੇ ਦੱਸੇ ਉਪਦੇਸ਼  ਤੇ ਚੱਲਣਾ ਚਾਹੀਦਾ ਹੈ । ਜਿਸ ਤਰ੍ਹਾਂ ਲਾਵਾਂ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ,ਉਸ ਤਰ੍ਹਾਂ ਸਾਨੂੰ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਅੱਜ ਵਿਆਹ ਸ਼ਾਦੀਆਂ ਤੇ ਜੋ ਲੜਾਈ ਝਗੜੇ ਹੋ ਰਹੇ ਹਨ ,ਉਨ੍ਹਾਂ ਤੋਂ ਬਚਿਆ ਜਾ ਸਕੇ।  ਇਸ ਮੌਕੇ ਗੁਰਦੇਵ ਸਿੰਘ ਸਰਪ੍ਰਸਤ , ਡਾਕਟਰ ਅੰਮ੍ਰਿਤਪਾਲ ਸਿੰਘ ਚੇਅਰਮੈਨ ,ਵਰਿੰਦਰ ਸਿੰਘ ਖਜ਼ਾਨਚੀ, ਗਿਆਨੀ ਫਤਿਹ ਸਿੰਘ ,ਹਰਬੰਸ ਸਿੰਘ ਸਲੂਜਾ, ਹਰਪਾਲ ਸਿੰਘ, ਗੁਰਦੇਵ ਸਿੰਘ ਵਿਰਦੀ ,ਮਲੂਕ ਸਿੰਘ, ਰਣਜੀਤ ਸਿੰਘ ਸੈਣੀ ਤੇ ਐਸ. ਐਸ. ਗੰਭੀਰ ਮੈਂਬਰ ਹਾਜ਼ਰ ਸਨ।