ਮਨਦੀਪ ਦੀ ਮੁੜ ਮੈਦਾਨ ਵਿੱਚ ਦਸਤਕ

ਜਗਰਾਓਂ/ਲੁਧਿਆਣਾ,ਦਸੰਬਰ  2019-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਚਕਰ ਬਾਕਸਿੰਗ ਕਲੱਬ ਦੀ ਹੋਣਹਾਰ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੇ 2015 ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਤੱਕ ਕਦੇ ਹਾਰ ਦਾ ਮੂੰਹ ਨਹੀਂ ਸੀ ਦੇਖਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਜੇਤੂ ਮੰਚਾਂ ਤੋਂ ਦੂਰ ਹੋ ਗਈ। ਸਾਲ 2019 ਦੇ ਜਾਂਦੇ ਜਾਂਦੇ ਉਸ ਨੇ ਫਿਰ ਧਮਾਕੇਦਾਰ ਵਾਪਸੀ ਕਰ ਲਈ ਹੈ। ਇਸ ਵਾਰ ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਝੋਲੀ ਵਿੱਚ ਜਿਹੜਾ ਇੱਕੋ ਇਕ ਸੋਨ ਤਗਮਾ ਪਿਆ ਹੈ , ਉਸਦਾ ਮਾਣ ਮਨਦੀਪ ਨੂੰ ਹੀ ਜਾਂਦਾ ਹੈ।
60 ਕਿੱਲੋ ਭਾਰ ਵਰਗ ਵਿੱਚ ਮਨਦੀਪ ਨੂੰ ਕੁੱਲ ਛੇ ਬਾਊਟਾਂ ਲੜਨੀਆਂ ਪਈਆਂ । ਤਿੰਨ ਬਾਊਟਾਂ ਹਰਿਆਣਾ ਦੀਆਂ ਕਹਿੰਦੀਆਂ ਕਹਾਉਂਦੀਆਂ ਮੁੱਕੇਬਾਜ਼ਾਂ ਨਾਲ ਸੀ । ਮਨਦੀਪ ਦੀ ਇਸ ਜਿੱਤ ਨੇ ਉਸ ਨੂੰ ਮੁੜ ਚੈਂਪੀਅਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ । ਉਸ ਤੋਂ ਬਹੁਤ ਉਮੀਦਾਂ ਹਨ । ਉਸ ਨੇ ਪਿੰਡ ਦੀ ਪਵਿੱਤਰ ਰੂਹ ਸ. ਅਜਮੇਰ ਸਿੰਘ ਸਿੱਧੂ ਦੁਆਰਾ ਚਕਰ ਦੇ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਮੰਚ ਤੇ ਦੇਖਣ ਦੇ ਸੁਪਨੇ ਵੱਲ ਮੁੜ ਕਦਮ ਪੁੱਟੇ ਹਨ । ਸਭ ਸ਼ੁਭ ਚਿੰਤਕਾਂ ਦੀਆਂ ਦੁਆਵਾਂ ਉਸ ਦੇ ਨਾਲ ਹਨ । ਰੱਬ ਮਨਦੀਪ ਸੰਧੂ 'ਤੇ ਮਿਹਰ ਕਰੇ।