ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਪ੍ਰਭੂ-ਸਰੂਪ ਦੀ ਅਗੰਮੀ ਛੂਹ ਪ੍ਰਾਪਤ ਕੀਰਤਨੀਆਂ ਸਮੇਤ ਕੌਮ ਦੀਆਂ ਅਜ਼ੀਮ ਸ਼ਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ

ਉਸਤਾਦ ਇੰਦਰਜੀਤ ਸਿੰਘ “ਬਿੰਦੂ ਜੀ” ਇਸ ਵਰ੍ਹੇ ਦਾ “ਗੁਰਮਤਿ ਸੰਗੀਤ ਐਵਾਰਡ” ਨਾਲ ਸਨਮਾਨਿਤ
ਲੁਧਿਆਣਾ 10 ਦਸੰਬਰ (ਕਰਨੈਲ ਸਿੰਘ ਐੱਮ.ਏ.)
ਰਾਗ ਅਤੇ ਰੱਬੀ ਸਿਫਤ-ਸਾਲਾਹ ਦੇ ਸੁਮੇਲ ਚ ਅੰਤਰ ਧਿਆਨ ਕੀਰਤਨੀਆਂ ਵੱਲੋਂ ਸ਼ਬਦ ਗਾਇਨ, ਵਿਸਮਾਦ ਦੇ ਰੰਗ ਵਿੱਚ ਆ ਕੇ ਪ੍ਰਭੂ-ਸਰੂਪ ਦੀ ਅਗੰਮੀ ਛੂਹ ਪ੍ਰਾਪਤ ਕੀਰਤਨੀਆਂ ਨੇ ਵਾਹਿਗੁਰੂ ਜੀ ਦੀ ਉਸਤਤਿ ਦੇ ਸ਼ਬਦ ਗਾਉਦਿਆਂ ਸਰੋਤਿਆਂ ਦੇ ਮਨ ਵੈਰਾਗ ਚ ਲਿਆਂਦੇ। ਪ੍ਰਭੂ ਪ੍ਰੇਮ, ਚਿਤ ਬਿਰਤੀ ਦੀ ਇਕਾਗਰਤਾ ਅਤੇ ਰਸ ਮਗਨਤਾ ਕੀਰਤਨੀਆਂ ਨੂੰ ਸਮਾਧੀ ਸਥਿਤ ਕਰਨ ਵਾਲੀ ਅਤੇ ਸਰੋਤਿਆਂ ਦੇ ਹਿਰਦਿਆਂ ਨੂੰ ਵਿੰਨਦੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਵੀ ਆਤਮ-ਰਸ ਤੇ ਰਸ ਮਗਨ ਸਰੋਤਿਆਂ ਨੂੰ ਪ੍ਰਭੂ ਸਿਫਤ ਸਾਲਾਹ ਦੇ ਆਨੰਦ ਚ ਲੀਨ ਕਰਦਾ ਜਾਪਿਆ।
ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਵਿੱਚ ਦੋ ਦਹਾਕਿਆਂ ਤੋਂ ਤੰਤੀ ਸਾਜ਼ਾਂ ਨਾਲ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਵਾਲੇ ਉਸਤਾਦ ਇੰਦਰਜੀਤ ਸਿੰਘ “ਬਿੰਦੂ ਜੀ” ਨੂੰ ਇਸ ਵਰ੍ਹੇ ਦਾ “ਗੁਰਮਤਿ ਸੰਗੀਤ ਐਵਾਰਡ” ਨਾਲ ਜਵੱਦੀ ਟਕਸਾਲ ਵੱਲੋਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ, ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜ਼ਰ ਸਿੰਘ ਖਾਲਸਾ ਆਦਿ ਨੇ ਜੈਕਾਰਿਆਂ ਦੀ ਗੂੰਜ਼ ‘ਚ ਸਨਮਾਨਿਤ  ਦਿੱਤਾ। ਇਸ ਮੌਕੇ ਬਾਬਾ ਅਮੀਰ ਸਿੰਘ ਜੀ ਨੇ ਉਸਤਾਦ ਬਿੰਦੂ ਜੀ ਦੀ ਸੇਵਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਪਾਸੋਂ ਪ੍ਰਾਪਤ ਗੁਰਮਤਿ ਸੰਗੀਤ ਦੀ ਸਿੱਖਿਆ ਲੈਣ ਵਾਲੇ ਵਿਦਿਆਰਥੀ ਅੱਜ ਅਮਰੀਕਾ, ਇੰਗਲੈਂਡ, ਕੈਨੇਡਾ, ਅਸਟਰੇਲੀਆ ਆਦਿ ਦੇਸ਼-ਵਿਦੇਸ਼ਾਂ ‘ਚ ਵੀ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਜਵੱਦੀ ਟਕਸਾਲ ਵੱਲੋਂ ਸ਼੍ਰੋ; ਕਮੇਟੀ ਪ੍ਰਧਾਨ ਨੇ ਸੰਤ ਮਹਾਂਪੁਰਸ਼ਾਂ ਸਮੇਤ ਭਾਈ ਗੁਰਮੀਤ ਸਿੰਘ ਨੂੰ ਤੰਤੀ ਸਾਜ਼ ‘ਤਾਊਸ’ ਦੀ ਬਖਸ਼ਿਸ਼ ਕੀਤੀ।
ਭਾਈ ਭੂਪਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੇ ਆਸਾ ਦੀ ਵਾਰ ਦੇ ਕੀਰਤਨ ਕੀਤੇ, ਗਿਆਨੀ ਗੁਰਵਿੰਦਰ ਸਿੰਘ ਜਵੱਦੀ ਟਕਸਾਲ ਨੇ ਗੁਰ ਸ਼ਬਦ ਵੀਚਾਰ ਸਾਂਝੇ ਕੀਤੇ। ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀ ਭਾਈ ਪ੍ਰਦੀਪ ਸਿੰਘ ਨੇ ਦੇਵਗੰਧਾਰੀ, ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਪ੍ਰਭਾਤੀ, ਉਸਤਾਦ ਰਾਜਬਰਿੰਦਰ ਸਿੰਘ ਨੇ ਗੂਜਰੀ, ਭਾਈ ਬਲਦੇਵ ਸਿੰਘ ਮਹਿਤਾ ਨੇ ਬਿਲਾਵਲ, ਬੀਬੀ ਕਮਲਨੈਨ ਕੌਰ ਨੇ ਸੂਹੀ, ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਬਸੰਤ ਤੇ ਗੋਂਡ, ਭਾਈ ਅਲੰਕਾਰ ਸਿੰਘ ਨੇ ਟੋਡੀ ਤੇ ਵਡਹੰਸ, ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਤਿਲੰਗ ਤੇ ਸਾਰੰਗ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਨੇ ਬੈਰਾੜੀ ਤੇ ਧਨਾਸਰੀ, ਪ੍ਰੋ: ਇਕਬਾਲ ਸਿੰਘ ਨੇ ਮਾਲੀ ਗਾਉੜੀ ਗੁਆਰੇਰੀ, ਭਾਈ ਅਰਜਨ ਸਿੰਘ ਪਾਉਂਟਾ ਸਾਹਿਬ ਨੇ ਤੁਖਾਰੀ ਤੇ ਆਸਾ, ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਜੈਤਸਰੀ ਆਦਿ ਨਿਰਧਾਰਿਤ ਅਤੇ ਮਿਸ਼ਰਤ ਰਾਗਾਂ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਕੀਰਤਨ ਕੀਤੇ।
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰ: ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਸਤਿਗੁਰੂ ਜੀ ਨੇ ਰਾਗਾਂ ਪਵਿੱਤਰ ਗੁਰਬਾਣੀ ਮੂਲ ‘ਚ ਰਾਗਾਂ ਵਿੱਚ ਬਖਸ਼ਿਸ਼ ਕੀਤੀ। ਪਰ ਸਮੇਂ ਦੇ ਵੇਗ ‘ਚ ਅਸੀਂ ਇਸ ਤੋਂ ਲਾਂਭੇ ਹੁੰਦੇ ਗਏ, ਭਾਵ ਸੁਖੈਨ ਤਰੀਕਾ ਅਪਣਾਉਦੇ ਰਹੇ। ਪਰ ਸੰਤ ਬਾਬਾ ਸੁਚਾ ਸਿੰਘ ਜੀ ਨੇ ਕੌਮ ਸਨਮੁੱਖ ਮੁਸ਼ਕਲਾਂ ਤੇ ਭਵਿੱਖ ਦੀਆਂ ਚਣੌਤੀਆਂ ਨੂੰ ਸਮਝਦਿਆਂ ਗੁਰਮਤਿ ਸੰਗੀਤ ‘ਚ ਮੁਹਾਰਤ ਵਾਲੇ ਕੀਰਤਨੀਏ ਪੈਦਾ ਕਰਨ ਦਾ ਜਿੰਮਾ ਚੁੱਕਿਆ।  ਉਨ੍ਹਾਂ ਕਿਹਾ ਬੇਸ਼ੱਕ ਸ਼੍ਰੋਮਣੀ ਕਮੇਟੀ ਵੀ ਅਜਿਹੇ ਕਾਰਜ਼ ਨਿਭਾ ਰਹੀ ਹੈ ਪਰ ਸੰਤ ਬਾਬਾ ਸੁੱਚਾ ਸਿੰਘ ਜੀ ਅਤੇ ਜਵੱਦੀ ਟਕਸਾਲ ਇਸ ਪੱਖ ‘ਚ ਪਹਿਲਕਦਮੀ ਨਾਲ ਨਿਰੰਤਰ ਕਾਰਜ਼ਸ਼ੀਲ ਹੈ। ਉਨ੍ਹਾਂ ਜਵੱਦੀ ਟਕਸਾਲ ਦੇ ਮੌਜੁਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਪੁਰਸ਼ਾਂ ਦੇ ਅਰੰਭੇ ਕਾਰਜ਼ ਸਤਿਗੁਰੂ ਜੀ ਦੇ ਅਨਮੋਲ ਖਜਾਨੇ ਨੂੰ ਸਾਂਭਿਆ ਅਤੇ ਕੌਮ ਦੇ ਕਾਰਜ਼ ਨਿਰੰਤਰ ਨਿਭਾ ਰਹੇ ਹਨ।
ਸੰਪ੍ਰਦਾਇ ਕਾਰਸੇਵਾ ਸ਼੍ਰੀ ਹਜ਼ੂਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਨੇ ਮਨ ਦਾ ਟਿਕਾਉਣ, ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀਆਂ ਜੁਗਤਾਂ ਸਮਝਾਉਦਿਆਂ ਕਿਹਾ ਕਿ ਮਨ ‘ਚੋਂ ਉਪਜਦੇ ਫੁਰਨਿਆਂ/ਵਿਚਾਰਾਂ ਨੂੰ ਸ਼ਬਦ ਨਾਲ ਹੀ ਮਾਰਿਆ ਜਾ ਸਕਦਾ ਹੈ। ਉਨ੍ਹਾਂ ਸੰਤ ਬਾਬਾ ਸੁਚਾ ਸਿੰਘ ਜੀ ਦੂਰ-ਦ੍ਰਿਸ਼ਟੀ ਅਤੇ ਅਦੁੱਤੀ ਗੁਰਮਤਿ ਸੰਗੀਤ ਦੀ ਅਜੋਕੇ ਵਕਤ ‘ਚ ਮਹੱਤਵ ਨੂੰ ਸਮਝਣ ਲਈ ਜੋਰ ਦਿੰਦਿਆਂ ਕਿਹਾ ਮਾਪੇ ਆਪਣੇ ਬੱਚਿਆਂ ਨੂੰ ਸੰਸਾਰੀ ਗਿਆਨ ਦੇ ਨਾਲ-ਨਾਲ ਗੁਰਬਾਣੀ ਸ਼ਬਦ ਅਤੇ ਕੀਰਤਨ ਦਾ ਵੀ ਗਿਆਨ ਦਿਵਾਉਣ। ਗਿਆਨੀ ਪਿੰਦਰਪਾਲ ਸਿੰਘ ਨੇ ‘ਪਾਠ ਦੀਦਾਰ’ ਅਤੇ ‘ਦਰਸ਼ਨ ਦੀਦਾਰ’ ਵਿਚਲੇ ਅੰਤਰ, ‘ਪਾਠ ਦੀਦਾਰ’ ਦੀ ਮਹੱਤਤਾ ਨੂੰ ਲੈਂਦਿਆਂ  ਇਕਾਗਰਤਾ ਅਤੇ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅਰੰਭਤਾ ਵੇਲੇ ਦੀਆਂ ਯਾਦਾਂ ਦੀਆਂ ਤੰਦਾਂ  ਨੂੰ ਫਰੋਲਦਿਆਂ ਕੀਰਤਨ ਚੌਂਕੀਆਂ, ਮਰਿਆਦਾ ਅਤੇ ਕੀਰਤਨ ਸੰਬੰਧੀ ਗੁਰਮਤਿ ਦੀ ਰੋਸ਼ਨੀ ‘ਚ ਸਮਝਾਇਆ। ਕੀਰਤਨ ਦਾ ਸੰਬੰਧ ਗਲ਼ੇ ਅਤੇ ਸਾਜਾਂ ਨਾਲ ਹੀ ਨਹੀਂ ਸਗੋਂ ਧੁਰ ਅੰਤਰ-ਆਤਮਾ ਨਾਲ ਹੈ। ਉਨ੍ਹਾਂ ਕੀਰਤਨ ਦੀ ਮਹਾਨਤਾ ਸਮਝਾਉਦਿਆਂ ਕਿਹਾ ਕਿ “ਜੇ ਧਰਤੀ ਡੋਲਦੀ ਹੋਵੇ ਤਾਂ ਕੀਰਤਨ ਧੰਮ ਲੈਂਦਾ ਹੈ, ਜੇ ਮਨ ਦਾ ਸਹਾਰਾ ਕੋਈ ਨਾ ਬਣੇ ਤਾਂ ਦੋ ਘੜੀਆਂ ਕੀਰਤਨ ਸੁਣੇ ਤਾਂ ਕੀਰਤਨ ਟਿਕ ਜਾਂਦਾ ਹੈ”।
 ਸੰਤ ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਸੁਰਸਿੰਘ, ਸੰਤ ਗਿ: ਭੂਪਿੰਦਰ ਸਿੰਘ, ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਬਾਬਾ ਮੇਜ਼ਰ ਸਿੰਘ ਪੰਜ ਭੈਣੀਆਂ ਵਾਲੇ, ਮਹੰਤ ਤਰਲੋਚਨ ਸਿੰਘ, ਸੰਤ ਬਾਬਾ ਅਵਤਾਰ ਸਿੰਘ ਸਾਧਾਂ ਵਾਲਾ, ਸੰਤ ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਅਨਹਦਰਾਜ ਸਿੰਘ ਨਾਨਕਸਰ ਸਮਰਾਲਾ ਚੌਕ, ਬਾਬਾ ਕੁਲਦੀਪ ਸਿੰਘ ਦਬੜੀਖਾਨਾ, ਗਿ: ਬਲਬੀਰ ਸਿੰਘ ਚੰਗਿਆਣੜਾ, ਬਾਬਾ ਸੁਖਵਿੰਦਰ ਸਿੰਘ ਅਗਵਾਨ ਆਦਿ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ।