You are here

ਕੋਟਨਿਸ ਐਕੂਪੰਕਚਰ ਹਸਪਤਾਲ ਵਲੋਂ ਏਡਜ਼ ਵਿਰੁੱਧ ਜਾਗਰੂਕਤਾ ਰੈਲੀ

ਲੁਧਿਆਣਾ, 3 ਦਸੰਬਰ (ਟੀ. ਕੇ.)  ਡਾ. ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚਲਾਏ ਜਾ ਰਹੇ ਓ.ਡੀ.ਆਈ.ਸੀ. ਕੇਂਦਰ ਅਤੇ ਟੀ.ਆਈ. ਪ੍ਰੋਜੈਕਟ ਵੱਲੋਂ ਵਿਸ਼ਵ ਏਡਜ਼ ਦਿਵਸ ਦੇ ਸੰਦਰਭ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਨਸ਼ਿਆਂ ਤੋਂ ਮੁਕਤ ਹੋਏ ਨੌਜਵਾਨਾਂ ਅਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਸਪਤਾਲ ਦੇ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਜਾਣਕਾਰੀ ਦੀ ਘਾਟ ਅਤੇ ਗਲਤ ਸੇਧਾਂ ਹਨ।ਉਨ੍ਹਾਂ ਕਿਹਾ ਕਿ ਹੁਣ ਨੌਜਵਾਨ ਲੜਕੀਆਂ ਵੀ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਸ਼ੇ ਕਰਨ ਲਈ ਵਰਤੀਆਂ ਜਾਂਦੀਆਂ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਨਾਲ ਐਚ.ਆਈ.ਵੀ./ਏਡਜ਼, ਹੈਪੇਟਾਈਟਸ ਅਤੇ ਹੋਰ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਲੁਧਿਆਣਾ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਐਚ.ਆਈ.ਵੀ. ਅਤੇ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਉਨ੍ਹਾਂ ਇਲਾਕਿਆਂ ਵਿਚ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲੇ ਜਾਣ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਮੁੜ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਨ੍ਹਾਂ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ  ਦਾ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਉਪੇਂਦਰ ਸਿੰਘ, ਡਾ: ਰਘੁਵੀਰ ਸਿੰਘ, ਗਗਨਦੀਪ ਕੁਮਾਰ (ਏਰੀਆ ਕੋਆਰਡੀਨੇਟਰ), ਮਨੀਸ਼ਾ (ਸੈਂਟਰ ਇੰਚਾਰਜ) ਆਦਿ ਨੇ ਨਸ਼ਾ ਛੁਡਾਊ ਰੈਲੀ ਦੀ ਨੁਮਾਇੰਦਗੀ ਕੀਤੀ | ਇਸ ਮੌਕੇ ਨਸ਼ਾ ਮੁਕਤ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਸ਼ਾਨਦਾਰ ਸੇਵਾਵਾਂ ਬਦਲੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।