ਪੰਜਾਬ

ਸਰਾਭਾ ਵਿਖੇ ਕਿਰਤੀ ਮਜ਼ਦੂਰਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਇਆ

ਜੋਧਾਂ / ਸਰਾਭਾ 18 ਫਰਵਰੀ ( ਦਲਜੀਤ ਸਿੰਘ ਰੰਧਾਵਾ ) ਪਿੰਡ ਸਰਾਭਾ ਵਿਖੇ ਭਾਰਤ ਸਰਕਾਰ ਵੱਲੋਂ ਕਿਰਤੀ ਲੋਕਾਂ ਦੇ ਲਈ ਦਿੱਤੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਜਨਰਲ ਡਾਇਰੈਕਟਰ D.T.N.B.W.E.D ਸੰਤੋਸ਼ ਕੁਮਾਰ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ਵੱਲੋਂ ਕਿਰਤੀ ਮਜ਼ਦੂਰ ਲੋਕਾਂ ਲਈ ਕਾਫੀ ਸਕੀਮਾਂ ਹਨ । ਪਿੰਡਾਂ ਦੇ ਲੋਕ ਇਹਨਾਂ ਸਕੀਮਾਂ ਦਾ ਲਾਭ ਕਿਸ ਤਰ੍ਹਾਂ ਲੈ ਸਕਦੇ ਹਨ ਇਹ ਸਭ ਸਮਝਾਉਣ ਲਈ ਅਸੀਂ ਪਿੰਡ ਪਿੰਡ ਤੱਕ ਪਹੁੰਚ ਕਰਕੇ ਕੈਂਪ ਲਗਾ ਰਹੇ ਹਾਂ। ਉਹਨਾਂ ਨੇ ਈਸ਼੍ਰਮ ਕਾਰਡ, ਆਯੁਸ਼ਮਾਨ, ਲਾਭਪਾਤਰੀ ਕਾਰਡ ਅਤੇ ਹੋਰ ਸਹੂਲਤਾਂ ਬਾਰੇ ਬੜੀ ਹੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਕੈਂਪ 'ਚ 80 ਦੇ ਕਰੀਬ ਲਾਭਪਾਤਰੀਆਂ ਨੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਹਨਾਂ ਦੇ ਖਾਤੇ ਵਿੱਚ 250 ਰੁਪਏ ਦੀ ਰਕਮ ਦੀ ਅਦਾਇਗੀ ਕੀਤੀ ਗਈ। ਇਸ ਸਮੇਂ ਡਾ.ਬੀ.ਆਰ ਅੰਬੇਦਕਰ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲਾ ਲੁਧਿਆਣਾ ਤੋਂ ਪ੍ਰਧਾਨ ਅਮਰੀਕ ਸਿੰਘ ਧੂਰਕੋਟ, ਗਿੱਲ ਦੇ ਪ੍ਰਧਾਨ ਜਬਰ ਸਿੰਘ,ਰਾਏਕੋਟ ਦੇ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਚਮਕੌਰ ਸਿੰਘ,ਮੀਤ ਪ੍ਰਧਾਨ ਹਰਬੰਸ ਸਿੰਘ, ਜੁਗਰੂਪ ਸਿੰਘ ਸਰਾਭਾ, ਰਾਜ ਸਿੰਘ ਸਰਾਭਾ, ਫੌਜੀ ਬਹਾਦਰ ਸਿੰਘ, ਪਰਮਜੀਤ ਕੌਰ, ਹਰਦੀਪ ਕੌਰ ਸਰਾਭਾ, ਸਰਜੀਤ ਕੌਰ, ਲਵਿੰਦਰ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।

ਟਾਵਰ ਲੱਗਣ ਦੇ ਰੋਸ਼ ਵਜੋਂ ਇਲਾਕਾ ਨਿਵਾਸੀਆਂ ਨੇ ਦਿੱਤਾ ਧਰਨਾ

 ਆਪ ਦੇ ਨੌਜਵਾਨ ਆਗੂ ਦੇ ਕਹਿਣ ਤੇ ਉੱਠਿਆ ਧਰਨਾ           
ਲੁਧਿਆਣਾ 18 ਫਰਵਰੀ  ( ਕਰਨੈਲ ਸਿੰਘ ਐੱਮ.ਏ.)
               ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਆਉਂਦੇ ਇਲਾਕਾ ਰਾਮ ਨਗਰ ਮਾਰਕੀਟ , ਵਾਰਡ ਨੰ: 45 ਵਿਖੇ ਨਜਾਇਜ਼ (ਗਲਤ) ਤਰੀਕੇ ਨਾਲ਼ ਲਗਾਏ ਗਏ ਵਿਰੋਧ ਵਿੱਚ ਇਲਾਕਾ ਨਿਵਾਸੀਆਂ ਨੇ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਇਸ ਟਾਵਰ ਨੂੰ ਤੁਰੰਤ ਇਸ ਜਗ੍ਹਾ ਤੋਂ ਹਟਾਇਆ ਜਾਵੇ। ਧਰਨੇ ਵਾਲੀ ਜਗ੍ਹਾ ਪਹੁੰਚੇ 'ਆਪ' ਦੇ ਨੌਜਵਾਨ ਆਗੂ ਅਰਸ਼ ਬਿੱਲਾ ਨੇ ਧਰਨਾਕਾਰੀਆਂ ਦੀ ਸਾਰੀ ਗੱਲਬਾਤ ਸੁਣ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਇਹ ਟਾਵਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਾਤ ਦੇ ਹਨੇਰੇ ਵਿੱਚ ਲਗਾਇਆ ਗਿਆ ਹੈ। ਅਰਸ਼ ਬਿੱਲਾ ਨੇ ਦੱਸਿਆ ਕਿ ਇਹ ਟਾਵਰ ਬਗੈਰ ਕਿਸੇ ਸਰਕਾਰੀ ਪ੍ਰਮਿਸ਼ਨ (ਇਜਾਜ਼ਤ) ਤੋਂ ਲਗਾਇਆ ਗਿਆ ਹੈ। ਜਿਸ ਦੀ ਜਾਣਕਾਰੀ ਸੰਬੰਧਿਤ ਜੋਨਲ ਕਮਿਸ਼ਨਰ ਤੋਂ ਲਈ ਜਾ ਚੁੱਕੀ ਹੈ। ਬਿੱਲਾ ਨੇ ਦੱਸਿਆ ਕਿ ਇਸ ਦੀ ਇਤਲਾਹ ਤੇ ਦਰਖਾਸਤ ਸੰਬੰਧਿਤ ਪੁਲਿਸ ਮਹਿਕਮੇ ਨੂੰ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਾਵਰ ਲੱਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਮਕਾਨ ਮਾਲਕਾਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਤੇ ਇਲਾਕਾ ਨਿਵਾਸੀਆਂ ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਗਲਤ ਤਰੀਕੇ ਨਾਲ ਲੱਗੇ ਟਾਵਰ ਨੂੰ ਜਲਦ ਇਸ ਜਗ੍ਹਾ ਤੋਂ ਹਟਵਾਇਆਂ ਜਾਵੇਗਾ।  ਫੋਟੋ: 'ਆਪ' ਦੇ ਨੋਜਵਾਨ ਆਗੂ ਅਰਸ਼ ਬਿੱਲਾ ਨੂੰ ਟਾਵਰ ਹਟਾਉਣ ਲਈ ਮੰਗ ਪੱਤਰ ਦਿੰਦੇ ਹੋਏ ਇਲਾਕਾ ਨਿਵਾਸ   

ਗੁ: ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਸਮਾਗਮ ਹੋਏ

“ਬੇਗਮਪੁਰਾ” ਜੀਵਨ-ਮੁਕਤ ਅਵਸਥਾ ਖੇੜੇ ਅਤੇ ਅਨੰਦ ਦੀ ਅਵਸਥਾ - ਸੰਤ ਅਮੀਰ ਸਿੰਘ ਜੀ
ਲੁਧਿਆਣਾ 18 ਫਰਵਰੀ (ਕਰਨੈਲ ਸਿੰਘ ਐੱਮ.ਏ.)-
ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਸੰਬੰਧੀ ਸਮਝਾਇਆ ਕਿ ਉਨ੍ਹਾਂ ਆਪਣੀ ਬਾਣੀ ’ਚ ਮਨੁੱਖਤਾ ਸਾਹਮਣੇ ਇਸ ਗੱਲ ਨੂੰ ਰੱਖਿਆ ਕਿ ਆਦਰਸ਼ਕ ਸਮਾਜ ਅਤੇ ਰਾਜ-ਪ੍ਰਬੰਧ ਕਿਹੋ-ਜਿਹਾ ਹੋਣਾ ਚਾਹੀਦਾ ਹੈ। ਜਿੱਥੇ ਸਾਰੇ ਅਜ਼ਾਦੀ ਨਾਲ ਵਿਚਰਨ, ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਸਾਰਿਆਂ ਦੇ ਹੱਕ ਇੱਕ ਸਮਾਨ ਹੋਣ, ਕੋਈ ਭੁੱਖਾ-ਨੰਗਾ ਨਾ ਹੋਵੇ, ਸਾਰੇ ਰੱਜੇ ਹੋਣ, ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਹੋਵੇ। ਸਮਾਜ ਵਿੱਚ ਰਹਿੰਦਿਆਂ ਲੋਕਾਂ ਦੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ, ਜਨਤਾ ਉੱਤੇ ਕੋਈ ਵਾਧੂ ਬੋਝ ਨਾ ਪਾਇਆ ਹੋਵੇ, ਇਸ ਤਰ੍ਹਾਂ ਸਮਾਜ ਅਤੇ ਰਾਜ-ਪ੍ਰਬੰਧ ਨੂੰ ਭਗਤ ਜੀ “ਬੇਗਮਪੁਰੇ” ਦਾ ਨਾਮ ਦਿੱਤਾ। ਅਧਿਆਤਮਿਕ ਜੀਵਨ ਵਿੱਚ ਇਸ ਅਵਸਥਾ ਨੂੰ ਪ੍ਰਭੂ-ਮਿਲਾਪ ਦੀ ਅਵਸਥਾ ਵੀ ਕਿਹਾ ਜਾ ਸਕਦਾ ਹੈ। ਬਾਬਾ ਜੀ ਨੇ ਭਗਤ ਰਵਿਦਾਸ ਜੀ ਦੀ ਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਕਿ ਇਹ ਜੀਵਨ-ਮੁਕਤ ਅਵਸਥਾ ਖੇੜੇ ਅਤੇ ਅਨੰਦ ਦੀ ਅਵਸਥਾ ਹੁੰਦੀ ਹੈ।ਭਗਤ ਜੀ ਮਰਨ ਤੋਂ ਬਾਅਦ ਸਵਰਗ-ਨਰਕ ਦੀ ਗੱਲ ਨਾਲੋਂ ਜਿਊਂਦੇ ਮੁਕਤੀ ਦੀ ਗੱਲ ਕੀਤੀ। ਇਸ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਵਸਾ ਕੇ, ਅਗਿਆਨਤਾ ਵਿੱਚ ਅਜਾਈਂ ਜ਼ਿੰਦਗੀ ਗੁਜ਼ਾਰਨ ਦੀ ਥਾਂ ਆਪਣੀ ਇਸ ਉਮਰ ਦੇ ਮੁੱਕਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਰਾਹ ਨੂੰ ਸਵਾਰਨ ਦਾ ਯਤਨ ਕਰੀਏ। ਸਮਾਗਮ ਦੌਰਾਨ ਟਕਸਾਲ ਦੇ ਵਿਦਿਆਰਥੀਆਂ ਨੇ ਬਸੰਤ ਰਾਗ ’ਚ ਗੁਰਬਾਣੀ ਸ਼ਬਦ ਕੀਰਤਨ ਕੀਤਾ। ਗੁਰੂ ਕਾ ਲੰਗਰ ਅਟੁੱਟ ਵਰਤਿਆ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸੂਰਬੀਰ ਯੋਧੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਨੂੰ  ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਤੋਂ ਸਮੁੱਚੀ ਕੌਮ ਪ੍ਰੇਰਣਾ ਲਵੇ-ਭੁਪਿੰਦਰ ਸਿੰਘ 
ਲੁਧਿਆਣਾ,18 ਫਰਵਰੀ  ( ਕਰਨੈਲ ਸਿੰਘ ਐੱਮ.ਏ.)
 ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਕੌਮ ਦੇ ਮਹਾਨ ਯੋਧੇ  ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥਿਆਂ ਸਮੇਤ ਹਾਜ਼ਰੀ ਭਰਨ  ਲਈ ਪੁੱਜੀਆਂ ਬੀਬੀ ਰਵਿੰਦਰ ਕੌਰ ਪਟਿਆਲੇ ਵਾਲੇ ਅਤੇ ਬੀਬੀ ਸਿਮਰਨ ਕੌਰ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸਿਮਰਨ ਤੇ ਸ਼ਕਤੀ ਦੇ ਸੰਕਲਪ ਤੇ ਪਹਿਰਾ ਦੇਣ ਵਾਲਾ ਸਿੱਖ ਰਾਜ ਦਾ ਅਣਖੀਲਾ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਇੱਕ ਮਹਾਨ ਸੂਰਬੀਰ ਜਰਨੈਲ ਸੀ। ਜਿਸ ਨੇ ਮਹਾਰਾਜਾ ਰਣਜੀਤ ਸਿੰਘ  ਵੱਲੋਂ ਸਥਾਪਤ ਖਾਲਸਾ ਰਾਜ ਦੇ ਵਿਸਥਾਰ ਲਈ ਲੜੀਆਂ ਗਈਆਂ ਕਈ ਮਹੱਤਵਪੂਰਨ ਲੜਾਈਆਂ ਵਿੱਚ ਆਪਣਾ ਦਲੇਰਾਨਾ ਯੋਗਦਾਨ ਪਾਉਂਦਿਆਂ ਹੋਇਆਂ ਫਤਿਹ ਪ੍ਰਾਪਤ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਖਾਲਸਾ ਰਾਜ ਨੂੰ ਅੰਗਰੇਜ਼ਾਂ ਦੇ ਕਬਜੇ ਤੋਂ ਬਚਾਉਣ ਲਈ ਲੜੀ ਗਈ ਅਹਿਮ ਲੜਾਈ ਅੰਦਰ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ  ਨੇ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸੂਰਬੀਰਤਾ ਭਰੇ ਇਤਿਹਾਸ ਨੂੰ ਅਜੋਕੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਤੱਕ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਸਿੱਖੀ ਦੀ ਫੁੱਲਵਾੜੀ ਹੋਰ ਮਹਿਕ ਸਕੇਗੀ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਦੀ ਅਗਵਾਈ ਹੇਠ ਇਸਤਰੀ ਮੈਬਰਾਂ ਵੱਲੋਂ ਸਾਝੇ ਤੌਰ ਤੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਇੰਦਰਜੀਤ ਸਿੰਘ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ। । ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਗੁਰਦੀਪ ਸਿੰਘ ਡੀਮਾਰਟੇ, ਰਣਜੀਤ ਸਿੰਘ ਖਾਲਸਾ, ਜਤਿੰਦਰ ਸਿੰਘ ਪ੍ਰਧਾਨ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਹਰਮੀਤ ਸਿੰਘ ਡੰਗ,ਅਵਤਾਰ ਸਿੰਘ ਮਿੱਡਾ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਬਸੰਤ ਪੰਚਮੀ ਮੇਲਾ'      

ਲੁਧਿਆਣਾ 18 ਫਰਵਰੀ  (ਕਰਨੈਲ ਸਿੰਘ ਐੱਮ.ਏ.) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮਧਾਰੀ ਸੰਗਤ ਅਤੇ ਭਗਵੰਤ ਸਿੰਘ ਨਾਮਧਾਰੀ ਵੱਲੋਂ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਵਿਖੇ ਧਾਰਮਿਕ ਸਮਾਗਮ ਬਸੰਤ ਪੰਚਮੀ ਮੇਲਾ ਕਰਵਾਇਆ ਗਿਆ। ਇਸ ਮੌਕੇ ਪਿਛਲੇ ਦਿਨੀਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ। ਆਸਾ ਦੀ ਵਾਰ ਦਾ ਕੀਰਤਨ ਭਾਈ ਗੁਰਸੇਵਕ ਸਿੰਘ ਤੇ ਉਨ੍ਹਾਂ ਦੇ ਜੱਥੇ ਵੱਲੋਂ ਕੀਤਾ ਗਿਆ, ਜਦਕਿ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਤੇ ਸੇਵਾ ਸੂਬਾ ਸੰਦੀਪ ਸਿੰਘ (ਕਰੀਵਾਲਾ) ਅਤੇ ਉਨ੍ਹਾਂ ਦੇ ਜੱਥੇ ਵੱਲੋਂ ਨਿਭਾਈ ਗਈ। ਇਸ ਮੌਕੇ ਹਰਭਜਨ ਸਿੰਘ ਨਾਮਧਾਰੀ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਮੁੱਖ ਮਕਸਦ ਸੰਗਤ ਨੂੰ ਉਨ੍ਹਾਂ ਦੇ ਜੀਵਨ ਅਤੇ ਦਰਸਾਏ ਗਏ ਮਾਰਗ ਤੇ ਚੱਲਣਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸੰਗਤ ਨੂੰ ਸਤਿਗੁਰੂ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਅਤੇ ਭਗਤਾਂ ਨੇ ਹਮੇਸ਼ਾਂ ਹੀ ਉਸ ਪ੍ਰਮਾਤਮਾ ਦੀ ਉਸਤਤ, ਸਰਬੱਤ ਦਾ ਭਲਾ, ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੀ ਗੱਲ ਆਖੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਸੰਧੂ, ਸੋਹਣ ਸਿੰਘ ਗੋਗਾ ਦੀ ਅਗਵਾਈ 'ਚ ਜਿੱਥੇ ਕੀਰਤਨੀ ਜਥੇ ਸੂਬਾ ਸੰਦੀਪ ਸਿੰਘ ਨੂੰ ਸਿਰੋਪਾਓ ਭੇਟ ਕੀਤੇ, ਉੱਥੇ ਹੀ ਸਮਾਗਮ ਦੇ ਪ੍ਰਬੰਧਕਾਂ ਦਾ ਵੀ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਸਬੀਰ ਸਿੰਘ,  ਧਿਆਨ ਸਿੰਘ , ਨਿਰਮਲ ਸਿੰਘ ਪੱਟੀ, ਜੱਥੇਦਾਰ ਜਸਬੀਰ ਸਿੰਘ, ਠੇਕੇਦਾਰ ਗੁਰਮੀਤ ਸਿੰਘ, ਜੀ.ਪੀ ਸਿੰਘ, ਜਸਪਾਲ ਸਿੰਘ ਸੰਗੀਤ ਸਿਨੇਮਾ ਵਾਲੇ, ਜਸਜੀਤ ਸਿੰਘ, ਬਲਵੀਰ ਸਿੰਘ, ਨਰਿੰਦਰ ਸਿੰਘ ਉੱਭੀ, ਹਰੀ ਸਿੰਘ, ਜੋਗਾ ਸਿੰਘ, ਗੁਰਿੰਦਰ ਸਿੰਘ ਗਿੰਦਾ, ਪ੍ਰਕਾਸ਼ ਸਿੰਘ , ਹਰਪਾਲ ਸਿੰਘ ਗਹੀਰ, ਜੋਗਾ ਸਿੰਘ, ਇਕਬਾਲ ਸਿੰਘ, ਅਵਤਾਰ ਸਿੰਘ ਘੜਿਆਲ,  ਸੁਖਦੇਵ ਸਿੰਘ ਮੁੱਖ ਗ੍ਰੰਥੀ, ਬੀਬੀ ਮਨਜੀਤ ਕੌਰ, ਬੀਬੀ ਹਰਭਜਨ ਕੌਰ, ਸੁਰਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤ ਮੌਜੂਦ ਸਨ।              ਫੋਟੋ: ਕੀਰਤਨ ਦੀ ਸੇਵਾ ਨਿਭਾਉਂਦੇ ਹੋਏ ਸੂਬਾ ਸੰਦੀਪ ਸਿੰਘ , ਕੀਰਤਨ ਦਾ ਆਨੰਦ ਮਾਣਦੀਆਂ ਸੰਗਤਾਂ

ਮੰਤਰੀ ਮੀਤ ਹੇਅਰ ਅਤੇ ਹਰਭਜਨ ਸਿੰਘ ਨੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਬਿਜਲੀ ਦੇ ਗਰਿੱਡ ਦਾ ਨੀਂਹ ਪੱਥਰ ਪਿੰਡ ਫਰਵਾਹੀ ਵਿਖੇ ਰੱਖਿਆ

ਕਮਿਸ਼ਨ ਉੱਤੇ ਨਹੀਂ ਬਲਕਿ ਮਿਸ਼ਨ ਉੱਤੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ, ਮੰਤਰੀ ਹਰਭਜਨ ਸਿੰਘ 
ਪਿੰਡ ਖੁੱਡੀ ਕਲਾਂ, ਸੰਘੇੜਾ ‘ਚ ਵੀ ਨਵੇਂ ਬਿਜਲੀ ਗਰਿੱਡ ਉਸਾਰੇ ਜਾਣਗੇ  
ਫਰਵਾਹੀ (ਬਰਨਾਲਾ), 18 ਫਰਵਰੀ ( ਗੁਰਸੇਵਕ ਸੋਹੀ)
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਪਿੰਡ ਫਰਵਾਹੀ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਦੇ ਬਿਜਲੀ ਗਰਿੱਡ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਬੋਲਦਿਆਂ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿਚ ਲੋਕਾਂ ਨੂੰ ਵਧੀਆ ਤੋਂ ਵਧੀਆ ਬੁਨਿਆਦੀ ਸੁਵਿਧਾਵਾਂ ਦਵਾਉਣ ਵੱਲ ਕੰਮ ਕੀਤਾ ਜਾ ਰਿਹਾ ਹੈ। ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲ ਰਹੀ ਹੈ ਅਤੇ ਖੇਤੀਬਾੜੀ ਖੇਤਰ ਨੂੰ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਕੰਮਾਂ ਨੂੰ ਅੱਗੇ ਤੋਰਦਿਆਂ ਪਿੰਡ ਫਰਵਾਹੀ ਦੀ ਲੰਬੀ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ 66 ਕੇ. ਵੀ. ਬਿਜਲੀ ਦੀ ਗਰਿੱਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ 66 ਕੇ. ਵੀ. ਗਰਿੱਡ ਫਰਵਾਹੀ ਮੁੱਖ ਤੌਰ ਤੇ 66 ਕੇ. ਵੀ. ਬਰਨਾਲਾ, 66 ਕੇ. ਵੀ. ਕਰਮਗੜ ਤੇ 220 ਕੇ. ਵੀ. ਗਰਿੱਡ ਹੰਡਿਆਇਆ ਨੂੰ ਅੰਡਰਲੋਡ ਕਰੇਗਾ। ਇਸ ਗਰਿੱਡ ਉੱਪਰ 12.5 ਐੱਮ. ਵੀ. ਏ. ਦਾ ਟ੍ਰਾਂਸਫਾਰਮਰ ਲਗਾਇਆ ਜਾਵੇਗਾ ਅਤੇ ਇਸਦੀ ਸਮਰੱਥਾ ਵਿੱਚ ਲੋੜ ਅਨੁਸਾਰ ਵਾਧਾ ਕੀਤਾ ਜਾਵੇਗਾ। ਪਿੰਡ ਫਰਵਾਹੀ ਵੱਲੋਂ ਇਸ ਗਰਿੱਡ ਲਈ ਜ਼ਮੀਨ ਮੁਫ਼ਤ ਤੌਰ ਤੇ ਮੁਹੱਈਆ ਕਰਵਾਈ ਗਈ ਹੈ, ਇਹ ਗਰਿੱਡ ਲੱਗਭਗ 6 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਗਰਿੱਡ ਦੇ ਬਣਨ ਨਾਲ ਫਰਵਾਹੀ, ਰਾਜਗੜ੍ਹ ਅਤੇ ਕੋਠੇ ਝੱਬਰ ਪਿੰਡਾਂ ਦੇ ਨਾਲ-ਨਾਲ ਬਰਨਾਲਾ ਸ਼ਹਿਰ ਦੇ ਨੇੜਲੇ ਖੇਤਰ ਨੂੰ ਸਿੱਧੇ ਤੌਰ ਤੇ ਲਾਭ ਹੋਵੇਗਾ। 
ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸ਼ੁਰੁਆਤ ਵਿੱਚ ਇਸ ਗਰਿੱਡ ਤੋਂ 6 ਨਵੇਂ ਫੀਡਰ ਉਸਾਰੇ ਜਾਣਗੇ ਅਤੇ ਪਿੰਡ ਫਰਵਾਹੀ ਨੂੰ ਕੈਟਾਗਰੀ 1 ਫੀਡਰ ਤੋਂ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇਲਾਕੇ ਅਧੀਨ ਨਵੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਲਈ ਇਹ ਗਰਿੱਡ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਪਿੰਡ ਖੁੱਡੀ ਕਲਾਂ ਅਤੇ ਸੰਘੇੜਾ 'ਚ ਇਕ - ਇਕ ਗਰਿੱਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤਾਂ ਜੋ ਲੋਕਾਂ, ਖਾਸਕਰ ਖੇਤੀਬਾੜੀ ਖੇਤਰ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲ ਸਕੇ।
ਉਨ੍ਹਾਂ ਕਿਹਾ ਕਿ ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ‘ਚ ਕਮਿਸ਼ਨ ਲੈ ਕੇ ਕੰਮ ਕਰਨ ਦਾ ਦੌਰ ਖਤਮ ਹੈ ਅਤੇ ਹੁਣ ਸਰਕਾਰ ਮਿਸ਼ਨ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾ ਸਿਰਫ 90 ਫੀਸਦੀ ਪੰਜਾਬੀਆਂ ਨੂੰ 600 ਬਿਜਲੀ ਦੇ ਯੂਨਿਟ ਮੁਫ਼ਤ ਦਿੱਤੇ ਜਾ ਰਹੇ ਹਨ, ਬਲਕਿ ਪੰਜਾਬ ਸਰਕਾਰ ਵੱਲੋਂ 540  ਮੈਗਾ ਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਖਰੀਦ ਕੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਇਸ ਵੇਲੇ ਪੰਜਾਬ ਕੋਲ 35 ਤੋਂ 40 ਦਿਨਾਂ ਤੱਕ ਦਾ ਕੋਲ ਥਰਮਲ ਪਲਾਂਟਾਂ ਲਈ ਮੌਜੂਦ ਹੈ ਜਿੱਥੇ ਪਹਿਲਾਂ ਪੰਜਾਬ ਨੂੰ ਕੋਲੇ ਦੀ ਘਾਟ ਕਾਰਣ ਬਹੁਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਮੌਕੇ ਓ. ਐੱਸ. ਡੀ. ਸ਼੍ਰੀ ਹਸਨਪ੍ਰੀਤ ਭਾਰਦਵਾਜ, ਡਿਪਟੀ ਚੀਫ ਇੰਜੀਨਿਅਰ ਤੇਜਪਾਲ ਬੰਸਲ, ਸੀਨੀਅਰ ਐਕਸ. ਈ. ਐੱਨ. ਅਰਸ਼ਦੀਪ ਸਿੰਘ, ਐੱਸ. ਡੀ. ਓ. ਪ੍ਰਦੀਪ ਸ਼ਰਮਾ ਅਤੇ ਹੋਰ ਲੋਕ ਵੀ ਹਾਜ਼ਰ ਸਨ।

ਵਿਧਾਇਕ ਛੀਨਾ ਨੇ ਢੰਡਾਰੀ 'ਚ ਲਾਇਬ੍ਰੇਰੀ ਦੇ ਨਿਰਮਾਣ ਕਾਰਜਾਂ ਦਾ  ਨੀਂਹ ਪੱਥਰ ਰੱਖਿਆ 

ਲੁਧਿਆਣਾ, 18 ਫਰਵਰੀ (ਟੀ. ਕੇ. ) - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕਾ ਦੱਖਣੀ ਅਧੀਨ  ਢੰਡਾਰੀ ਕਲਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ।

ਲਾਇਬ੍ਰੇਰੀ ਦੇ ਨੀਂਹ ਪੱਥਰ ਰੱਖਣ ਮੌਕੇ ਵਿਸ਼ੇਸ਼ ਤੌਰ ਤੇ ਗਿਆਸਪੁਰਾ ਤੋ ਮਨੀਸ਼, ਬਲਵੀਰ ਸਿੰਘ ਭੋਲਾ, ਸੁਖਦੇਵ ਗਰਚਾ, ਜੱਸੀ ਗਿਆਸਪੁਰਾ, ਸੂਬੇਦਾਰ ਅਮਰ ਸਿੰਘ, ਭਗਤ ਸਿੰਘ ਗਿਆਸਪੁਰਾ, ਬਿੰਦਰ ਗਰਚਾ, ਕੀਮਤੀ ਲਾਲ, ਮਨੀਸ਼ ਭਗਤ, ਪਾਲੀ ਢੰਡਾਰੀ, ਲੱਖੀ ਢੰਡਾਰੀ, ਰਿਕੀ ਢੰਡਾਰੀ, ਨਛੱਤਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀ ਵੀ ਮੌਜੂਦ ਰਹੇ। 

ਇਸ ਦੌਰਾਨ ਜਿੱਥੇ ਹਲਕੇ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਉੱਥੇ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। 

ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਹਨ ਜਿਸਦੇ ਤਹਿਤ ਲਾਈਬਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਇਲਾਕੇ ਦੇ ਲੋਕਾਂ ਦੇ ਵਿੱਚ ਵਿਦਿਆ ਦਾ ਪ੍ਰਸਾਰ ਕਰੇਗੀ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਪ੍ਰਧਾਨ  ਜਾਖੜ ਦੀ ਰਿਹਾਇਸ਼ ਅੱਗੇ  ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ

ਅਬੋਹਰ 18 ਫਰਵਰੀ ( ਬਿਊਰੋ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਉਸ ਦੇ ਜੱਦੀ ਪਿੰਡ ਪੰਜਕੋਸੀ ਵਿਖੇ ਘਰ ਦਾ ਘਿਰਾਓ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੱਕ ਜਾਰੀ ਰਹੇਗਾ।  ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਹੱਕਾਂ ਲਈ ਲੜਨ  ਦਾ ਜਮਹੂਰੀ ਹੱਕ ਕੁਚਲਣ, ਉਹਨਾਂ ਤੇ ਅਥਰੂ ਗੈਸ ਸੁੱਟਣ ਅਤੇ ਗੋਲੀਆਂ ਮਾਰ ਕੇ ਜਬਰ ਕਰਨ ਵਿਰੁੱਧ ਅਤੇ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਠਿੰਡਾ ਜ਼ਿਲ੍ਹੇ ਤੋਂ ਜਿਲਾ ਆਗੂ ਜਗਸੀਰ ਝੂਬਾ,ਮਾਲਣ ਕੌਰ,ਹਰਬੰਸ ਕੋਟਲੀ ਮੁਕਤਸਰ ਜ਼ਿਲਾ ਪ੍ਰਧਾਨ, ਚਰਨਜੀਤ ਸਿੰਘ ਜੈਤੋ,ਸੁਖਦੀਪ ਸਿੰਘ ਫਰੀਦਕੋਟ, ਗੁਰਮੀਤ ਸਿੰਘ,ਜਗਸੀਰ ਘੋਲਾਂ, ਜ਼ਿਲ੍ਹਾ ਆਗੂ ਫਾਜ਼ਿਲਕਾ ਅਮ੍ਰਿਤਪਾਲ ਸਿੰਘ ਮਗਨਰੇਗਾ,ਸੰਤਪਾਲ ਰੀਟਾ ਆਗੂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇ ਹੁਕਮਾਂ ਤਹਿਤ ਹਰਿਆਣਾ ਦੀ ਖਟਰ ਹਕੂਮਤ ਵਾਲੀ ਭਾਜਪਾ ਸਰਕਾਰ ਵੱਲੋਂ 13 ਫਰਵਰੀ ਨੂੰ ਆਪਣੀਆਂ ਹੱਕੀ ਕਿਸਾਨੀ ਮੰਗਾਂ ( ਜਿਨ੍ਹਾਂ ਵਿੱਚ ਕੁਝ ਮੰਗਾਂ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਕੇਂਦਰ ਦੀ ਹਕੂਮਤ ਨੇ ਲਿਖਤੀ ਤੌਰ 'ਤੇ ਵੀ ਮੰਨੀਆਂ ਹੋਈਆਂ ਹਨ।)ਲਈ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਹੱਲੇ ਵਾਂਗ ਦੁਸ਼ਮਣ ਸਮਝਦਿਆਂ ਹੋਇਆਂ ਰਸਤੇ ਵਿੱਚ ਵੱਡੇ ਵੱਡੇ ਕਿੱਲ ਗੱਡ ਦਿੱਤੇ ਗਏ, ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ ਤੇ ਸੜਕਾਂ ਦੇ ਵੱਡੀਆਂ ਵੱਡੀਆਂ ਖਾਲੀਆਂ ਪੁੱਟ ਦਿੱਤੀਆਂ ਗਈਆਂ, ਡਰੋਨਾਂ ਰਾਹੀਂ ਅਥਰੂ ਗੈਸ ਸੁੱਟੇ ਗਏ ਅਤੇ ਸਿੱਧੀਆਂ ਗੋਲੀਆਂ ਚਲਾ ਕੇ ਅਨੇਕਾਂ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ। ਅੱਜ ਸੂਬੇ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਕੋਸੀ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਰਿਹਾਇਸ਼ ਅੱਗੇ ਪੱਕਾ ਮੋਰਚਾ ਜਾਰੀ ਰਹਿਣਗੇ  ਅਤੇ ਨਾਲ ਹੀ ਆਗੂਆਂ ਨੇ ਫੈਸਲਾ ਕੀਤਾ ਕਿ ਉਲੀਕੇ ਪ੍ਰੋਗਰਾਮ ਅਨੁਸਾਰ ਗੰਗਾਨਗਰ ਰੋਡ ਅਤੇ ਗਿੱਦੜਾਂ ਵਾਲੀ ਦਾ ਟੌਲ ਪਲਾਜ਼ਾ ਮੁਫਤ ਕਰਵਾਇਆ ਗਿਆ ਤੇ ਇੱਥੇ ਵੀ ਪੱਕਾ ਮੋਰਚਾ ਰੱਖਣ ਫੈਸਲਾ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨਾਲ ਤਾਲਮੇਲਮ ਸੰਘਰਸ਼ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਸੰਘਰਸ਼ ਨੂੰ ਫੁੱਟ ਪਾਊ ਤਾਕਤਾਂ, ਧਾਰਮਿਕ ਫਿਰਕਾਪ੍ਰਸਤ ਤਾਕਤਾਂ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ  ਬਾਹਰ ਕੱਢੋ , ਸਾਰੀਆਂ ਫਸਲਾਂ ਦੀ ਐਮ. ਐਸ. ਪੀ. ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ।ਇਸ ਮੌਕੇ  ਬਲਾਕ ਇਕਾਈ ਤੋਂ ਆਗੂ ਜਗਤਾਰ ਸਿੰਘ ਬਲਾਕ ਅਬੋਹਰ, ਗੀਤਕਾਰ ਸੁਦਰਸ਼ਨ ਸੁੱਲਾ, ਰਾਜੇਸ਼ ਭੋਡੀਪੁਰ,ਬਿੱਟੂ ਮੱਲਣ, ਪਰਮਜੀਤ ਘਾਗਾ, ਗੁਰਭਗਤ,ਜੱਸਪਾਲ ਖਜਾਨਚੀ ਭਲਆਈਆਣਆ, ਬਲਵਿੰਦਰ ਸਿੰਘ,ਟੀ.ਐੱਸ,ਯੂ ਯੂਨੀਅਨ ਭੰਗਲ ਗਰੁੱਪ ਵੀ ਸ਼ਾਮਿਲ ਹੋਇਆ।

ਹਰਜਿੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ ਸੰਭਾਲਣ ਤੇ ਜੀ ਟੀ ਯੂ ਵਿਗਿਆਨਕ, ਅਫਸਰਾਂ ਅਤੇ ਪ੍ਰਿੰਸੀਪਲਾਂ ਵੱਲੋਂ ਸਵਾਗਤ

ਜਗਰਾਓਂ ,- (ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ----
ਬੀਤੇ ਦਿਨੀਂ ਸ੍ਰੀ ਹਰਜਿੰਦਰ ਸਿੰਘ ਨੇ ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ ਅਹੁਦਾ ਸੰਭਾਲ਼ ਲਿਆ। ਇਹਨਾਂ ਦੇ ਅਹੁਦਾ ਸੰਭਾਲਣ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵਿੰਦਰ ਸਿੰਘ ਵਿਰਕ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਮਾਰਟ ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚੋਂ ਪ੍ਰਮੁੱਖ ਤੌਰ ਤੇ ਪ੍ਰਿੰਸੀਪਲ ਨਰਿੰਦਰ ਵਰਮਾ (ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਵਾਂ ਸ਼ਹਿਰ)ਪ੍ਰਿੰਸੀਪਲ ਪ੍ਰਦੀਪ ਕੁਮਾਰ ਲਲਤੋਂ ਕਲਾਂ, ਪ੍ਰਿੰਸੀਪਲ ਸੰਜੇ ਗੁਪਤਾ ਮਲਟੀਪਰਪਜ਼ ਸਕੂਲ ਲੁਧਿਆਣਾ, ਪ੍ਰਿੰਸੀਪਲ ਨਰੇਸ਼ ਕੁਮਾਰ ਸੇਖੇਵਾਲ਼ , ਪ੍ਰਿੰਸੀਪਲ ਰਾਜੇਸ਼ ਖੰਨਾ ਕਾਸਾਬਾਦ,  ਪ੍ਰਿੰਸੀਪਲ ਬਲਵਿੰਦਰ ਕੌਰ ਪੀ ਏ ਯੂ ਲੁਧਿਆਣਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਕੁਲਵੀਰ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰ ਹੋ ਕੇ  ਨਿੱਘੀ ਜੀ ਆਇਆਂ ਕਿਹਾ। ਮੌਕੇ ਤੇ ਮੌਜੂਦ ਯੂਨੀਅਨ ਆਗੂ ਸੰਦੀਪ ਸਿੰਘ ਬਦੇਸ਼ਾ ਨੇ ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੂਰਨ ਤੌਰ ਤੇ ਸਹਿਯੋਗ ਦੇਣ ਭਰੋਸਾ ਦਿੱਤਾ ਅਤੇ ਜੱਥੇਬੰਦਕ ਆਗੂਆਂ ਪ੍ਰਮਿੰਦਰ ਸਿੰਘ, ਜਤਿੰਦਰ ਸਿੰਘ, ਅਮਿਤ ਕੁਮਾਰ ਪੀ ਏ ਯੂ ਆਦਿ ਨਾਲ਼ ਮਿਲ਼ ਕੇ ਸਭ ਹਾਜ਼ਰੀਨ ਸ਼ਖਸ਼ੀਅਤਾਂ ਵੱਲੋ ਹਰਜਿੰਦਰ ਸਿੰਘ ਨੂੰ ਗੁਲਦਸਤਾ ਵੀ ਭੇਂਟ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਭਨਾਂ ਦਾ ਦਿਲੋਂ ਸਤਿਕਾਰ ਕਰਦੇ ਹੋਏ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਂਵਾਰੀ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।

70 ਸਾਲਾ ਨੌਜਵਾਨ ਸੁਖਦੇਵ ਸਿੰਘ ਨੇ 05 ਕਿਲੋਮੀਟਰ ਵਾਅਕ ਰੇਸ ਵਿੱਚ ਮੱਲਿਆ ਪਹਿਲਾ ਸਥਾਨ 

ਖੰਨਾ, 18 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਏ. ਐੱਸ. ਕਾਲਜ ਖੰਨਾ ਵੱਲੋਂ ਕਰਵਾਈਆਂ ਮਾਸਟਰ ਖੇਡਾਂ ਵਿੱਚ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਸੁਖਦੇਵ ਸਿੰਘ ਨੇ 70+ ਉਮਰ ਵਰਗ ਲਈ ਖੇਡਦਿਆਂ 05 ਕਿਲੋਮੀਟਰ ਵਾਅਕ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਮਾਜ ਨੂੰ ਤੰਦਰੁਸਤ ਸਿਹਤ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਕੀਤਾ। ਜਿਸ ਲਈ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਟਰੈਕ-ਸੂਟ ਦੇ ਕੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸੁਖਦੇਵ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਾਜ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਦਰਜਣਾਂ ਹੀ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਆਪਣੇ ਨਾਮ ਕਰ ਚੁੱਕੇ ਹਨ।

ਭਾਕਿਯੂ ਏਕਤਾ ਉਗਰਾਹਾਂ ਦੇ ਸੱਦੇ 'ਤੇ ਸ਼ੇਖਪੁਰਾ ਟੋਲ ਪਲਾਜਾ ਦੂਜੇ ਦਿਨ ਵੀ ਰਿਹਾ ਬੰਦ

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਸੇਖਪੁਰਾ ਟੋਲ ਪਲਾਜਾ ਅੱਜ ਦੂਸਰੇ ਦਿਨ ਵੀ ਟੋਲ ਫਰੀ ਰਿਹਾ। ਇਸ ਸਮੇਂ ਜਿਲਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭਾਜਪਾ ਦੇ ਆਗੂਆਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਧਰਨੇ ਅਤੇ ਟੋਲ ਪਲਾਜ਼ੇ ਫਰੀ ਕਰਨ ਦੇ ਸੱਦੇ ਤਹਿਤ ਅੱਜ ਜਿਲਾ  ਬਠਿੰਡਾ ਵੱਲੋਂ ਬੱਲੂਆਣਾ, ਜੀਦਾ, ਲਹਿਰਾ ਬੇਗਾ ਅਤੇ ਸ਼ੇਖਪੁਰਾ ਟੋਲ ਪਲਾਜ਼ਾਿਆਂ ਤੇ ਧਰਨੇ ਦੇ ਕੇ ਉਥੋਂ ਲੰਘਣ ਵਾਲੇ ਵਾਹਨਾਂ ਨੂੰ ਟੋਲ ਮੁਕਤ ਕੀਤਾ ਗਿਆ।  ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਹੱਕਾਂ ਲਈ ਲੜਨ  ਦਾ ਜਮਹੂਰੀ ਹੱਕ ਕੁਚਲਣ, ਉਹਨਾਂ ਤੇ ਅਥਰੂ ਗੈਸ ਸੁੱਟਣ ਅਤੇ ਗੋਲੀਆਂ ਮਾਰ ਕੇ ਜਬਰ ਕਰਨ ਵਿਰੁੱਧ ਅਤੇ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 37 ਜਥੇਬੰਦੀਆਂ ਵੱਲੋਂ ਅੱਜ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਭਰ 22 ਫਰਵਰੀ ਤੱਕ ਟੋਲ ਪਲਾਜੇ ਫਰੀ ਕੀਤੇ ਜਾਣ ਗਏ ਤੇ ਭਾਜਪਾ ਦੇ ਲੀਡਰਾਂ ਦਾ ਘਿਰਾਓ  ਕੀਤਾ ਜਾਵੇਗਾ, ਤੇ ਅਗਲਾ ਫੈਸਲਾ ਕੌਮੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇ ਹੁਕਮਾਂ ਤਹਿਤ ਹਰਿਆਣਾ ਦੀ ਖਟਰ ਹਕੂਮਤ ਵਾਲੀ ਭਾਜਪਾ ਸਰਕਾਰ ਵੱਲੋਂ 13 ਫਰਵਰੀ ਨੂੰ ਆਪਣੀਆਂ ਹੱਕੀ ਕਿਸਾਨੀ ਮੰਗਾਂ (ਜਿੰਨਾ ਵਿੱਚ ਕੁਝ ਮੰਗਾਂ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਕੇਂਦਰ ਦੀ ਹਕੂਮਤ ਨੇ ਲਿਖਤੀ ਤੌਰ 'ਤੇ ਵੀ ਮੰਨੀਆਂ ਹੋਈਆਂ ਹਨ।)ਲਈ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਹੱਲੇ ਵਾਂਗ ਦੁਸ਼ਮਣ ਸਮਝਦਿਆਂ ਹੋਇਆਂ ਰਸਤੇ ਵਿੱਚ ਵੱਡੇ ਵੱਡੇ ਕਿੱਲ ਗੱਡ ਦਿੱਤੇ ਗਏ, ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ ਤੇ ਸੜਕਾਂ ਦੇ ਵੱਡੀਆਂ ਵੱਡੀਆਂ ਖਾਲੀਆਂ ਪੁੱਟ ਦਿੱਤੀਆਂ ਗਈਆਂ, ਡਰੋਨਾਂ ਰਾਹੀਂ ਅਥਰੂ ਗੈਸ ਸੁੱਟੇ ਗਏ ਅਤੇ ਸਿੱਧੀਆਂ ਗੋਲੀਆਂ ਚਲਾ ਕੇ ਅਨੇਕਾਂ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਜੋ ਅੱਜ ਤੱਕ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਦੇ ਇਸ ਕਿਸਾਨ ਵਿਰੋਧੀ ਜਾਬਰ ਹੱਲੇ ਅਤੇ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਜੋ ਕਿ ਕੌਮੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਸਾਂਝੀਆਂ ਹਨ ਮਨਾਉਣ ਤੱਕ ਉਹਨਾਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨਾਲ ਤਾਲਮੇਲ ਨਾਲ ਸੰਘਰਸ਼ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਸੰਘਰਸ਼ ਨੂੰ ਫੁੱਟ ਪਾਊ ਤਾਕਤਾਂ, ਧਾਰਮਿਕ ਫਿਰਕਾਪ੍ਰਸਤ ਤਾਕਤਾਂ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ  ਬਾਹਰ ਕੱਢੋ, ਸਾਰੀਆਂ ਫਸਲਾਂ ਦੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ। ਇਸ ਸਮੇਂ ਜਸਵੀਰ ਸਿੰਘ ਬੁਰਜ ਸੇਮਾ, ਰਾਜਵਿੰਦਰ ਰਾਮਨਗਰ, ਰਣਜੋਧ ਸਿੰਘ ਮਾਹੀ ਨੰਗਲ, ਭੋਲਾ ਸਿੰਘ ਰਾਏ ਖਾਨਾ, ਜਸਵੀਰ ਸਿੰਘ ਲੇਲੇਵਾਲਾ, ਕਾਕੂ ਬਹਿਮਣ ਕੌਰ ਸਿੰਘ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

ਪ੍ਰੋ:ਸੁਖਵਿੰਦਰ ਸਿੰਘ ਨੇ 'ਆਪ ਸਰਕਾਰ, ਆਪ ਦੇ ਦੁਆਰ' ਕੈਪਾਂ ਦਾ ਕੀਤਾ ਦੌਰਾ

ਪੰਜਾਬ ਸਰਕਾਰ ਲੋਕਾਂ ਦੀਆਂ ਪ੍ਰਮੁੱਖ ਤੇ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਚਨਵੱਧ

ਜਗਰਾਉਂ ,18 ਫਰਵਰੀ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )  ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਅੱਜ ਹਲਕੇ ਦੇ ਪਿੰਡ ਚੀਮਾਂ ਅਤੇ ਬੁਰਜ ਕੁਲਾਰਾ ਵਿੱਚ ਪੰਜਾਬ ਸਰਕਾਰ ਵੱਲੋਂ ਚੱਲ ਰਹੇ 'ਆਪ ਸਰਕਾਰ, ਆਪ ਦੇ ਦੁਆਰ' ਕੈਪਾਂ ਵਿੱਚ ਖੁਦ ਪਹੁੰਚਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕਾਂ ਦੀਆਂ ਪ੍ਰਮੁੱਖ ਅਤੇ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਚਨਵੱਧ ਹੈ ਅਤੇ ਇਸੇ ਲਈ ਹੀ ਪੰਜਾਬ ਸਰਕਾਰ ਵੱਲੋਂ 'ਆਪ ਸਰਕਾਰ, ਆਪਦੇ ਦੁਆਰ' ਮੁਹਿੰਮ ਸ਼ੁਰੂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੇੜੇ ਹੋ ਕੇ ਸੁਣੀਆਂ ਜਾ ਰਹੀਆਂ ਹਨ ਅਤੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ। ਕੈਪਾਂ ਦੌਰਾਨ ਪ੍ਰੋ:ਸੁਖਵਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਵਾਚਿਆ ਜਾਵੇ ਅਤੇ ਉਹਨਾਂ ਦਾ ਹੱਲ ਵੀ ਸਮੇ ਸਿਰ ਕੀਤਾ ਜਾਵੇ। ਜੇਕਰ ਕੋਈ ਪ੍ਰੇਸ਼ਾਂਨੀ ਹੁੰਦੀ ਹੈ ਤਾਂ ਜਾਣੂੰ ਕਰਵਾਇਆ ਜਾਵੇ। ਉਹਨਾਂ ਅਧਿਕਾਰੀਆਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਦੇ ਹੱਲ ਲਈ ਭਰੋਸਾ ਦਿਵਾਇਆ। ਉਹਨਾਂ ਆਖਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸਰਕਾਰ ਨੇ 'ਪੰਜਾਬ ਸਰਕਾਰ, ਆਪਦੇ ਦੁਆਰ' ਕੈਂਪ ਲਗਾਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਹੋਣ ਅਤੇ ਇਹ ਕੈਂਪ 6 ਫਰਵਰੀ ਤੋਂ ਲਗਾਤਾਰ ਚੱਲ ਰਹੇ ਹਨ ਅਤੇ ਹਰ ਪਿੰਡ ਅਤੇ ਮੁਹੱਲੇ ਵਿੱਚ ਕੈਂਪ ਲਗਾਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾ ਰਹੇ ਹਨ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਇਹਨਾਂ ਸੁਵਿਧਾ ਕੈਂਪਾਂ ਰਾਹੀ ਲੋਕਾਂ ਦੇ ਮਸਲੇ ਹੱਲ ਕਰਨ ਤੋਂ ਇਲਾਵਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਖਾੜਾ ਨਹਿਰ ਉਪਰ ਨਵੇਂ ਪੁਲ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਬਿਜਲੀ ਗਰਿੱਡ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਲਗਭਗ 11 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕਰਵਾ ਦਿੱਤਾ ਗਿਆ ਹੈ, ਜਗਰਾਉਂ ਦੇ ਰਾਏਕੋਟ ਰੋਡ ਉਪਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਚੌਂਕ ਬਣਾ ਕੇ ਉਸ ਵਿੱਚ ਬਾਬਾ ਸਾਹਿਬ ਜੀ ਦਾ ਆਦਮ-ਕੱਦ ਬੁੱਤ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਐਸ.ਡੀ.ਓ.ਬਿਜਲੀ ਬੋਰਡ ਇੰਜ:ਮਨਜੀਤ ਸਿੰਘ ਵਿਰਕ, ਕਰਨੈਲ ਸਿੰਘ ਜੇਈ, ਸੈਕਟਰੀ ਮਿੰਟੂ ਸਿੱਧੂ ਦੇਹੜਕਾ, ਆਪ ਆਗੂ ਜਗਰੂਪ ਸਿੰਘ ਜੱਗਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਐਡਵੋਕੇਟ ਕਰਮ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਮੱਖਣ ਸਿੰਘ ਫੌਜ਼ੀ, ਇਕਬਾਲ ਸਿੰਘ ਕਾਲਾ, ਜਰਨੈਲ ਸਿੰਘ, ਬਖਤੌਰ ਸਿੰਘ, ਪ੍ਰੀਤਮ ਸਿੰਘ, ਸੁੱਚਾ ਸਿੰਘ ਫੌਜ਼ੀ, ਗੁਰਚਰਨ ਸਿੰਘ, ਕਿਸਾਨ ਆਗੂ ਪਰਮਜੀਤ ਸਿੰਘ ਪੰਮੀ, ਬਲਵੀਰ ਸਿੰਘ, ਤਰਸੇਮ ਸਿੰਘ ਹਠੂਰ ਆਦਿ ਵੀ ਹਾਜ਼ਰ ਸਨ।

ਜੈਨ ਸਭਾ ਵੱਲੋਂ ਸੰਤਜਨਾਂ ਦੇ ਪਾਵਨ ਜਨਮ ਦਿਵਸ ਨੂੰ ਲੈ ਕੇ ‘ਜਨਮ ਤੋਂ ਨਿਰਵਾਣ ਤੱਕ’ ਵਿਸ਼ੇ ’ਤੇ ਸ਼ਹਿਰ ’ਚ ਕੱਢੀ ਸੋਭਾ ਯਾਤਰਾ

ਮੁੱਲਾਂਪੁਰ ਦਾਖਾ 18 ਫਰਵਰੀ (ਸਤਵਿੰਦਰ ਸਿੰਘ ਗਿੱਲ)    ਐੱਸ. ਐੱਸ. ਸੰਤ ਰਤਨਾ ਜੈਨ ਸਭਾ, ਜੈਨ ਭਵਨ ਮੰਡੀ ਮੁੱਲਾਂਪੁਰ ਦਾਖਾ ਵੱਲੋਂ ਆਲੋਕ ਮੁਨੀ ਜੀ ਮਹਾਰਾਜ, ਸ਼੍ਰੀ ਅਮਨ ਮੁਨੀ ਮਹਾਰਾਜ ਸਾਹਿਬ, ਮਹਾਸਾਧਵੀ ਪੂਜਨੀਕ ਸ਼ਿਖਾ ਮਹਾਰਾਜ, ਮਹਾਸਾਧਵੀ ਸ਼੍ਰੀ ਸੌਮਿਆ ਮਹਾਰਾਜ ਜੀ ਅਤੇ ਇਲਾਕੇ ਦੀ ਸੰਗਤ ਨੇ ਭਗਵਾਨ ਮਹਾਵੀਰ ਸਵਾਮੀ ਜੀ ਦੇ 2550ਵੇ ਨਿਰਵਾਣ ਮਹੋਤਸਵ, ਸ਼੍ਰੀ ਪ੍ਰੇਮਸੁਖ ਜੀ ਦੇ 88ਵੇ ਜਨਮ ਦਿਨ, ਸ਼੍ਰੀ ਰਮਣੀਕ ਮੁਨੀ ਜੀ ਦਾ 45ਵਾਂ ਸ਼ੁਰੂਆਤ ਦਿਵਸ, ਸ਼੍ਰੀ ਅਮਨ ਮੁਨੀ ਜੀ ਦਾ 34ਵਾਂ ਜਨਮਦਿਨ, ਮਹਾਸਾਧਵੀ ਸ਼੍ਰੀ ਸਰਿਤਾ ਜੀ ਦਾ 61ਵਾਂ ਸ਼ੁਰੂਆਤ ਦਿਵਸ, ਮਹਾਸਾਧਵੀ ਸ਼੍ਰੀ ਸ਼ਿਖਾ ਜੀ ਦਾ46ਵਾਂ ਦੀਕਸ਼ਾ ਦਿਵਸ ਅਤੇ ਮਹਾਸਾਧਵੀ ਸ਼੍ਰੀ ਰਿਧੀਮਾ ਜੀ ਦਾ 33ਵਾਂ ਸ਼ੁਰੂਆਤੀ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆ ਸ਼ਹਿਰ ਅੰਦਰ ਭਵੈ ਸ਼ੋਭਾ ਯਾਤਰਾ ਕੱਢੀ ਗਈ । 
            ਜਿਸ ਵਿਚ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜੀਵਨ ’ਤੇ ਆਧਾਰਿਤ ਕਈ ਸੁੰਦਰ ਝਾਂਕੀਆ, ਘੋੜੇ, ਰੱਥ, ਹਾਥੀ, ਔਰਤਾਂ ਦੇ ਸਿਰਾਂ ’ਤੇ ਕਲਸ਼ (ਬਰਤਨ), ਬੱਚਿਆਂ ਦੇ ਹੱਥਾਂ ਵਿਚ ਜੈਨ ਝੰਡੇ ਆਦਿ ਫੜ੍ਹੇ ਹੋਏ ਸਨ ਜਿਸਨੂੰ ਹਰ ਕੋਈ  ਦਰਸ਼ਨ ਕਰ ਰਿਹਾ ਸੀ। ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਪੂਰਾ ਉਤਸ਼ਾਹ ਤੇ ਜੋਸ਼ ਸੀ। ਹਰ ਕੋਈ ਆਪਣੇ ਗੁਰੂ ਦੀ ਜੈ-ਜੈ ਕਾਰ ਕਰ ਰਿਹਾ ਸੀ। ਸ਼ੋਭਾ ਯਾਤਰਾ ਤੋਂ ਬਾਅਦ ਸੰਸਥਾ ਵੱਲੋਂ ਆਏ ਹੋਏ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ, ਸੋਭਾ ਯਾਤਰਾ ਵਿੱਚ  ਪੰਜਾਬ, ਹਿਮਾਚਲ, ਦਿੱਲੀ, ਹਰਿਆਣਾ ਆਦਿ ਤੋਂ ਸੰਗਤ ਪੁੱਜੀ। 
           ਸੰਸਥਾ ਦੇ ਸਰਪ੍ਰਸਤ ਚੰਦਰਭਾਨ ਜੈਨ, ਜਨਰਲ ਸਕੱਤਰ ਰਮੇਸ਼ ਜੈਨ, ਮਹਾਂਮੰਤਰੀ ਸੁਭਾਸ ਚੰਦ ਗਰਗ, ਖਜ਼ਾਨਚੀ ਸੁਰਿੰਦਰ ਜੈਨ, ਦੇਵਕੀ ਜੈਨ, ਚੇਅਰਮੈਨ ਸੁਰੇਸ ਕੁਮਾਰ ਗੋਇਲ ਨਿੱਕੂ ਮਹਿੰਦਰਪਾਲ ਜੈਨ, ਮਨੋਜ ਜੈਨ, ਸੁਸ਼ੀਲ ਕੁਮਾਰ ਬਾਂਸਲ, ਮੁਕੇਸ਼ ਕੁਮਾਰ, ਅਨਿਲ ਕੁਮਾਰ, ਜੈਨ, ਮੁਕੇਸ਼, ਨਿਤਿਨ ਗਰਗ, ਮਨੋਜ ਕੁਮਾਰ ਗਰਗ, ਰਾਕੇਸ਼ ਸਿੰਗਲਾ, ਸੁਰਿੰਦਰ ਕੁਮਾਰ ਛਿੰਦਾ, ਚਮਨ ਲਾਲ, ਵੰਸ਼ਿਕਾ ਜੈਨ, ਮੀਨਾਕਸ਼ੀ ਗਰਗ, ਕੁਸਮ ਲਤਾ, ਨੀਲਮ ਜੈਨ, ਲਤਾ ਗਰਗ, ਮੀਨਾਕਸ਼ੀ ਜੈਨ, ਕੌਂਸਲਰ ਰੁਪਾਲੀ ਜੈਨ, ਨੀਲਮ ਜੈਨ, ਬਬੀਤਾ ਜੈਨ ਸਮੇਤ ਵੱਡੀ ਤਾਦਾਦ ਵਿੱਚ ਹੋਰ ਵੀ ਸੰਗਤ ਹਾਜਰ ਸੀ। 
               ਸਮਾਗਮ ਨੂੰ ਵੱਖ-ਵੱਖ ਸੰਸਥਾਵਾਂ ਜਿਨ੍ਹਾਂ ਵਿੱਚ  ਗੁਰੂ ਕ੍ਰਾਂਤੀ ਜੈਨ ਯੂਥ ਕਲੱਬ,  ਸ਼੍ਰੀ ਚੰਦਨਬਾਲਾ ਮਹਿਲਾ ਮੰਡਲ, ਸ਼੍ਰੀ ਸ਼ੁਕਲਾ ਆਸ਼੍ਰੇ ਦਾਤ, ਜੈਨ ਭਵਨ, ਐੱਸ. ਐੱਸ. ਜੈਨ ਸਭਾ, ਜੈਨ ਸਥਾਨਕ, ਸ਼੍ਰੀ ਕ੍ਰਾਂਤੀ ਮੁਨੀ ਸਿਖਲਾਈ ਕੇਂਦਰ, ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਗੁਰਦੁਆਰਾ ਕਮੇਟੀ, ਸਤੀਸ਼ਵਰ ਮਹਾਦੇਵ ਮੰਦਿਰ ਕਮੇਟੀ, ਸ਼ਿਆਮ ਸੇਵਾ ਮੰਡਲ, ਸ਼ਿਵ ਸ਼ਕਤੀ ਕਾਵੜ ਸੰਘ, ਸ਼੍ਰੀ ਕ੍ਰਿਸ਼ਨ ਗੋਪਾਲ ਗਊਸ਼ਾਲਾ ਕਮੇਟੀ, ਸ਼ਿਵ ਧਾਮ ਜਖਮੀ ਗਊਸ਼ਾਲਾ ਕਮੇਟੀ, ਸ਼੍ਰੀ ਕਾਲੀ ਮਾਤਾ ਮੰਦਿਰ ਕਮੇਟੀ,  ਸ਼ੀਤਲਾ ਮਾਤਾ ਮੰਦਿਰ ਕਮੇਟੀ,  ਭਗਤੀ ਧਾਮ ਮੰਦਿਰ, ਮਾਡਲ ਟਾਊਨ, ਨੀਲਕੰਠੇਸ਼ਵਰ ਮਹਾਦੇਵ ਮੰਦਿਰ ਕਮੇਟੀ, ਰਾਈਸ ਮਿੱਲ ਐਸੋਸੀਏਸ਼ਨ, ਦੁਕਾਨਦਾਰ ਯੂਨੀਅਨ, ਸ਼ਿਵਾ ਕਲੱਬ, ਛੋਟੂ ਰਾਮ ਕਲੋਨੀ, ਮੁੱਲਾਂਪੁਰ,  ਸੰਤ ਕਬੀਰ ਮਹਾਰਾਜ ਜੀ, ਧਾਨਕ ਸਮਾਜ ਮੁੱਲਾਂਪੁਰ ਤੋਂ ਇਲਾਵਾ ਐੱਸ. ਐੱਸ. ਜੈਨ ਸਭਾ, ਜੈਨ ਰਾਏਕੋਟ, ਸ਼੍ਰੀ ਮਹਾਵੀਰ ਜੈਨ ਯੁਵਕ ਸੰਘ, ਸਿਵਲ ਲਾਈਨ, ਲੁਧਿਆਣਾ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।

ਸ਼੍ਰੀ ਗੁਰੂੁ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਮੁੱਲਾਂਪੁਰ ਦਾਖਾ 18 ਫਰਵਰੀ (ਸਤਵਿੰਦਰ ਸਿੰਘ ਗਿੱਲ)    ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਾਨਵਤਾ ਭਲਾਈ ਮੰਚ ਅਤੇ ਧੰਨ ਮਾਤਾ ਕਲਸਾਂ ਸਤਿਨਾਮ ਕੇਂਦਰ ਸਮੇਤ ਇਲਾਕਾ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਏ ਗਏ। ਜਿਸਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਹਿੱਸੋਵਾਲ ਤੋਂ ਮੁੱਲਾਂਪੁਰ ਸ਼ਹਿਰ ਦੇ ਗੁਰਦੁਆਰਾ ਅਜੀਤਸਰ ਸਾਹਿਬ, ਗੁਰਦੁਆਰਾ ਬਾਬਾ ਮੱਖਣ ਦਾਸ ਜੀ, ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅੱਡਾ ਦਾਖਾ, ਲਿੰਕ ਰੋਡ, ਪਿੰਡ ਮੁੱਲਾਂਪੁਰ, ਕੈਲਪੁਰ-ਬੜੈਚ, ਚੰਗਣਾ, ਭੱਟੀਆਂ, ਹੰਬੜਾਂ, ਗੌਂਸਪੁਰ, ਸਲੇਮਪੁਰ, ਫਾਗਲਾ, ਬਸੈਮੀ, ਬੀਰਮੀਂ, ਮਲਕਪੁਰ ਬੇਟ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ ਵਿਖੇ ਸਮਾਪਤੀ ਹੋਈ। ਜਿਸ ਵਿੱਚ ਪੰਥਕ ਪ੍ਰਸਿੱਧ ਢਾਡੀ ਜੱਥਾ ਸਿਕੰਦਰ ਸਿੰਘ ਲੁਹਾਰਾ ਦੇ ਜੱਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਸਾਹਿਬਾਨਾਂ ਦੇ ਸੁਆਗਤ ਲਈ ਪੜਾਵਾਂ ਨੂੰ ਫਰਿਆਂ, ਝੰਡੀਆਂ, ਗੁਲਦਸਤਿਆਂ ਸਮੇਤ ਲੜੀਆਂ ਨਾਲ ਸਜਾਇਆ ਹੋਇਆ ਸੀ। ਸੰਗਤਾਂ ਦੀ ਆਮਦ ਨੂੰ ਲੈ ਕੇ ਥਾਂ-ਥਾਂ ਤੇ ਲੰਗਰ ਚਾਹ, ਬਿਸਕੁੱਟ, ਬਰੈੱਡ, ਕਿਨੂੰਆਂ ਦੇ ਲੰਗਰ ਲਗਾਏ ਗਏ। ਸੰਗਤ ਵਿੱਚ ਨਗਰ ਕੀਰਤਨ ਨੂੰ ਲੈ ਕੇ ਕਾਫੀ ਉਤਸ਼ਾਹ ਸੀ।
          ਗੁਰਦੁਆਰਾ ਅਜੀਤਸਰ ਵਿਖੇ ਪ੍ਰਧਾਨ ਅਵਤਾਰ ਸਿੰਘ, ਗੁਰਦਆਰਾ ਮੱਖਣ ਦਾਸ ਵਿਖੇ ਪ੍ਰਧਾਨ ਦਰਸ਼ਨ ਸਿੰਘ, ਗੁਰਦੁਆਰਾ ਹਰਗੋਬਿੰਦ ਸਾਹਿਬ ਵਿਖੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਇੰਦਰਜੀਤ ਸਿੰਘ, ਪਿੰਡ ਚੰਗਣਾ ਵਿਖੇ ਜੀਤ ਸਿੰਘ, ਬਚਿੱਤਰ ਸਿੰਘ, ਪਿੰਡ ਭੱਟੀਆਂ ਢਾਹਾ ਵਿਖੇ ਪੰਚ ਨਿਰਮਲ ਸਿੰਘ, ਬਾਈ ਦਰਸਨ ਸਿੰਘ, ਗਿਆਨੀ ਗੁਰਜੰਟ ਸਿੰਘ, ਪੰਚ ਬੇਅੰਤ ਸਿੰਘ, ਪ੍ਰਧਾਨ ਜੀਤ ਸਿੰਘ, ਅਮਨਪ੍ਰੀਤ ਸਿੰਘ, ਮੇਹਰ ਸਿੰਘ ਕਾਕਾ, ਬਲਦੇਵ ਸਿੰਘ, ਗੁਰਦੀਪ ਸਿੰਘ, ਪੱਤਰਕਾਰ ਮਲਕੀਤ ਸਿੰਘ, ਮੰਚ ਦੇ ਆਗੂ ਲਖਵਿੰਦਰ ਸਿੰਘ ਘਮਨੇਵਾਲ, ਮੇਵਾ ਸਿੰਘ ਸਲੇਮਪੁਰਾ, ਸਰਬਜੀਤ ਸਿੰਘ ਹਿੱਸੋਵਾਲ, ਕੈਪਟਨ ਅਮਰਜੀਤ ਸਿੰਘ, ਗੁਰਮੇਲ ਸਿੰਘ ਛੋਟਾ ਘਮਨੇਵਾਲ, ਬਾਬਾ ਗੁਲਜਾਰ ਸਿੰਘ ਘਮਨੇਵਾਲ ਸਮੇਤ ਹੋਰ ਵੀ ਸੇਵਾਦਾਰ ਹਨ।

Big Breaking# ਖਤਰਨਾਕ ਗੈਂਗਸਟਰ ਕਾਲਾ ਧਨੌਲਾ ਪੁਲਿਸ ਮੁਕਾਬਲੇ ਚ ਢੇਰ

ਬਰਨਾਲਾ 18 ਫਰਵਰੀ ( ਗੁਰਸੇਵਕ ਸੋਹੀ ) ਬਰਨਾਲਾ 'ਚ ਬਦਨਾਮ ਖਤਰਨਾਕ ਗੈਂਗਸਟਰ ਕਾਲਾ ਧਨੌਲਾ ਦਾ ਪੰਜਾਬ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਹੈ। ਇਸ ਐੰਨਕਾਊਟਰ 'ਚ ਗੈਂਗਸਟਰ ਕਾਲਾ ਧਨੌਲਾ ਦੀ ਮੌਤ ਹੋ ਗਈ ਹੈ। ਇਹ ਮੁਕਾਬਲਾ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਕੀਤਾ ਗਿਆ ਸੀ। ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਇੱਕ ਬਦਨਾਮ ਹਿਸਟਰੀਸ਼ੀਟਰ ਸੀ ਜੋ ਇੱਕ ਕਾਂਗਰਸੀ ਆਗੂ 'ਤੇ ਹਮਲੇ ਤੋਂ ਇਲਾਵਾ 39 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ।

ਪੰਜਾਬ ਪੁਲਿਸ ਦੀ ਗੈਂਗਸਟਰ ਟਾਸਕ ਫੋਰਸ ਨੇ ਉਸ ਵੇਲੇ ਉਸ ਦਾ ਸਾਹਮਣਾ ਕੀਤਾ ਜਦੋਂ ਉਹ ਬਰਨਾਲਾ ਤੋਂ ਸੰਗਰੂਰ ਵੱਲ ਜਾ ਰਿਹਾ ਸੀ। ਕਾਲਾ ਧਨੌਲਾ ਚੋਟੀ ਦਾ ਗੈਂਗਸਟਰ ਹੈ। ਗੈਂਗਸਟਰ ਦਾ ਪੂਰਾ ਨਾਂ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਹੈ। ਪੰਜਾਬ ਪੁਲੀਸ ਦੇ ਰਿਕਾਰਡ ਅਨੁਸਾਰ ਗੈਂਗਸਟਰ ਕਾਲਾ ਧਨੌਲਾ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਮੰਗਣ, ਅਗਵਾ, ਹਥਿਆਰਾਂ ਦੀ ਤਸਕਰੀ ਆਦਿ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 40 ਤੋਂ ਵੱਧ ਕੇਸ ਦਰਜ ਹਨ।

ਦੱਸਣਯੋਗ ਹੈ ਕਿ  ਕਾਲਾ ਧਨੌਲਾ ਆਪਣੇ ਪਹਿਲਾਂ ਰਹੇ ਸਾਥੀ ਲੱਕੀ ਕਾਲਾ ਬੂਲਾ ਦੇ ਕਤਲ ਕੇਸ ਵਿੱਚ ਛੇ ਸੱਤ ਸਾਲ ਜੇਲ ਕੱਟ ਕੇ ਪੱਕੀ ਜਮਾਨਤ ਤੇ ਬਾਹਰ ਆਇਆ ਸੀ ਤੇ ਉਸ ਨੇ ਕਰੀਬ ਇੱਕ ਮਹੀਨਾ ਪਹਿਲਾਂ ਧਨੌਲਾ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਦੇ ਮੌਜੂਦਾ ਬਲਾਕ ਪ੍ਰਧਾਨ   ਬਾਲਾ ਨਾਮ ਦੇ ਵਿਅਕਤੀ ਤੇ ਉਸ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਖੇਤ ਵਿੱਚ ਕੰਮ ਕਰ ਰਿਹਾ ‌ । ਸੂਤਰ ਦੱਸਦੇ ਹਨ ਕਿ ਕਾਲਾ ਧਨੌਲਾ  ਨੇ ਆਪਣਾ ਪੁਰਾਣਾ ਬਦਲਾ ਲੈਣ ਲਈ ਆਪਣੇ ਸਾਥੀਆਂ ਨੂੰ ਨਾਲ ਲੈ ਕੇ  ਬਾਲਾਂ ਦੀਆਂ ਲੱਤਾਂ ਬਾਹਾਂ ਤੋੜਨ ਉਪਰੰਤ ਉਸਦੇ ਗੋਲੀ ਵੀ ਮਾਰੀ ਸੀ ਜੋ ਕਿ   ਚੀਰਦੀ ਹੋਈ ਉਸ ਦੇ ਮੋਢੇ ਵਿੱਚ ਲੱਗੀ ਸੀ। ਮੇ ਤੋਂ ਕਾਲਾ ਧਨੌਲਾ ਫਰਾਰ ਚੱਲਿਆ ਆ ਰਿਹਾ ਸੀ। 
ਇੱਥੇ ਇਹ ਵੀ ਦੱਸਣ ਯੋਗ ਹੈ ਕਿ  ਕਾਲਾ ਧਨੌਲਾ ਮਾਲਵੇ ਇਲਾਕੇ ਵਿੱਚ ਇੱਕ ਦਹਿਸ਼ਤ ਦਾ ਨਾਮ ਰਿਹਾ । ਇਸ ਕਾਲੇ ਧਨੌਲੇ ਨੇ ਜੇਲ ਵਿੱਚ ਬੈਠਿਆ ਹੀ ਆਪਣੀ ਮਾਤਾ ਤੇ ਪਤਨੀ  ਨੂੰ ਕੌਂਸਲਰ ਬਣਾਇਆ ਤੇ ਬਾਅਦ ਵਿੱਚ ਜੇਲ ਵਿੱਚ ਬੈਠਿਆਂ ਹੀ ਆਪਣੀ ਮਾਤਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ। ਉਸ ਤੋਂ ਬਾਅਦ  ਕੌਂਸਲਰਾਂ ਨੂੰ ਧਮਕੀ ਦੇ ਕੇ ਕਾਲਾ ਧਨੌਲਾ ਖੁਦ ਵੀ ਦੋ ਸਾਲ ਲਈ ਨਗਰ ਕੌਂਸਲ ਦਾ ਪ੍ਰਧਾਨ ਰਿਹਾ।

ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਨੇ ਚਲ ਰਹੇ ਕਿਸਾਨੀ ਅੰਦੋਲਨ ਦੀ ਕੀਤੀ ਹਮਾਇਤ

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਨੇ ਦਿੱਲੀ ਚਲੋ ਕਿਸਾਨ ਅੰਦੋਲਨ ਸੰਘਰਸ਼ ਨੂੰ ਮੀਟਿੰਗ ਕਰਕੇ ਆਪਣੀ ਹਮਾਇਤ ਦਿੱਤੀ। ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਨੇ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਕਿ ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਕੇਂਦਰ ਅਤੇ ਹਰਿਆਣਾ ਦੇ ਮਨੋਹਰ ਲਾਲ ਖੱਟਰ ਦੀ ਸਰਕਾਰ ਪੰਜਾਬ ਨਾਲ ਲੱਗਦੇ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਇਹ ਸਰਕਾਰ ਕਿਸਾਨਾਂ 'ਤੇ ਆਪਣਾ ਜ਼ੁਲਮ ਬੰਦ ਕਰੇ ਬਲਾਕ ਪ੍ਰਧਾਨ ਘਈ ਨੇ ਇਸ ਕੀਤੇ ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਸਾਡੀ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਡੇ ਵੱਲੋਂ ਫਰੀ ਦਵਾਈਆਂ ਅਤੇ ਫਰੀ ਚੈਕ ਅੱਪ ਕੈਂਪ ਲਾਏ ਜਾਣਗੇ। ਉਹਨਾਂ ਦੱਸਿਆ ਕਿ ਪਿਛਲੇ ਸੰਘਰਸ਼ ਵੇਲੇ ਵੀ ਟਿਕਰੀ ਬਾਰਡਰ ਤੇ ਸਾਡੇ ਡਾਕਟਰ ਸਾਥੀਆਂ ਵੱਲੋਂ ਫਰੀ ਦਵਾਈਆਂ ਅਤੇ ਚੈਕ ਅੱਪ ਕੈਂਪ ਲਾਏ ਗਏ ਸਨ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕੱਲ ਹੋਣ ਵਾਲੀ ਮੀਟਿੰਗ ਦੇ ਵਿੱਚ ਸਾਨੂੰ ਆਸ ਹੈ ਕਿ ਜਰੂਰ ਕੋਈ ਸਰਕਾਰ ਵੱਲੋਂ ਸਿੱਟਾ ਕੱਢਿਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਡਾਕਟਰ ਸਾਥੀ ਹਾਜਰ ਸਨ।

ਮੁੱਖ ਮੰਤਰੀ ਨੇ ਬਗਲਾਮੁਖੀ ਧਾਮ ਲੁਧਿਆਣਾ ਵਿਖੇ ਮੱਥਾ ਟੇਕਿਆ

 ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਤੇ ਤਰੱਕੀ ਲਈ ਕੀਤੀ ਅਰਦਾਸ

ਲੁਧਿਆਣਾ,17 ਫਰਵਰੀ (ਸਤਵਿੰਦਰ ਸਿੰਘ ਗਿੱਲ)ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਬਗਲਾਮੁਖੀ ਧਾਮ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਲਗਨ ਨਾਲ ਕਰਨ ਲਈ ਮਾਤਾ ਰਾਣੀ ਤੋਂ ਅਸ਼ੀਰਵਾਦ ਮੰਗਿਆ। ਉਨ੍ਹਾਂ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕੀਤੀ ਕਿ ਪੂਰੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਤਾਕਤ ਤੇ ਸਮਰੱਥਾ ਬਖਸ਼ਣ। ਭਗਵੰਤ ਸਿੰਘ ਮਾਨ ਨੇ ਜਾਤ, ਰੰਗ, ਨਸਲ ਅਤੇ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹਰ ਹੀਲੇ ਕਾਇਮ ਰੱਖਣਾ ਹਮੇਸ਼ਾ ਉਨ੍ਹਾਂ ਦੀ ਤਰਜੀਹ ਰਹੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਸੁਭਾਗਾ ਹੈ ਅਤੇ ਇਹ ਅਸਥਾਨ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਤੇ ਸਕਾਰਾਤਮਕਤਾ ਦਾ ਸੋਮਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੀ ਅਮਨ-ਸ਼ਾਂਤੀ ਅਤੇ ਵਿਕਾਸ ਦੀ ਅਰਦਾਸ ਕਰਨ ਲਈ ਇਸ ਅਸਥਾਨ 'ਤੇ ਆਏ ਹਨ, ਜਿਸ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।

ਕਿਸਾਨੀ ਮੰਗਾਂ ਖਾਤਰ ਸ਼ੰਭੂ ਤੇ ਖਨੌਰੀ ਵਿਖੇ ਦਿੱਲੀ ਜਾਣ ਲਈ ਡਟੇ ਕਿਸਾਨਾਂ ਨਾਲ਼ ਤਾਲਮੇਲਵੇਂ ਸੰਘਰਸ਼ ਵਜੋਂ ਭਾਕਿਯੂ (ਏਕਤਾ-ਉਗਰਾਹਾਂ ਪਟਿਆਲਾ ਮੋਤੀ ਮਹਿਲ ਕੈਪਟਨ ਨਿਵਾਸ ਘੇਰਿਆ

ਕਿਸਾਨੀ ਮੰਗਾਂ ਖਾਤਰ ਸ਼ੰਭੂ ਤੇ ਖਨੌਰੀ ਵਿਖੇ ਦਿੱਲੀ ਜਾਣ ਲਈ ਡਟੇ ਕਿਸਾਨਾਂ ਨਾਲ਼ ਤਾਲਮੇਲਵੇਂ ਸੰਘਰਸ਼ ਵਜੋਂ ਭਾਕਿਯੂ (ਏਕਤਾ-ਉਗਰਾਹਾਂ) ਦੇ ਸੱਦੇ 'ਤੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਅਤੇ 21 ਟੌਲ ਫ੍ਰੀ ਕਰਨ ਲਈ ਦਿਨ-ਰਾਤ ਦੋ ਰੋਜ਼ਾ ਧਰਨਿਆਂ ਵਿੱਚ ਡਟੇ ਹਜ਼ਾਰਾਂ ਕਿਸਾਨ 

ਚੰਡੀਗੜ੍ਹ 17 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ     ) ਐਮ ਐਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਖਾਤਰ ਦਿੱਲੀ ਜਾਣ ਲਈ ਸ਼ੰਭੂ ਤੇ ਖਨੌਰੀ ਬਾਡਰਾਂ 'ਤੇ ਡਟੇ ਕਿਸਾਨਾਂ ਨਾਲ਼ ਤਾਲਮੇਲਵੇਂ ਸੰਘਰਸ਼ ਵਜੋਂ  ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ 'ਤੇ ਮੋਦੀ ਸਰਕਾਰ ਨੂੰ ਸਿਆਸੀ ਝਟਕਾ ਦੇਣ ਲਈ ਪ੍ਰਮੁੱਖ ਭਾਜਪਾ ਆਗੂਆਂ ਸੁਨੀਲ ਕੁਮਾਰ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਅਤੇ 13 ਜ਼ਿਲ੍ਹਿਆਂ ਵਿੱਚ 21 ਟੌਲ ਫ੍ਰੀ ਕਰਨ ਲਈ ਦਿਨ-ਰਾਤ ਦੇ ਦੋ ਰੋਜ਼ਾ ਧਰਨਿਆਂ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਡਟ ਚੁੱਕੇ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਵੱਲੋਂ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਧਰਨਿਆਂ ਦੀ ਸ਼ੁਰੂਆਤ ਬੀਤੇ ਦਿਨ ਸ਼ੰਭੂ ਬਾਰਡਰ 'ਤੇ ਆਇਆ ਸ਼ਹੀਦ ਕਿਸਾਨ ਗਿਆਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ। ਮੋਦੀ ਭਾਜਪਾ ਸਰਕਾਰ ਦੇ ਕਿਸਾਨ ਦੁਸ਼ਮਣ ਵਤੀਰੇ ਨੂੰ ਮੁੱਖ ਰੱਖਦਿਆਂ ਜਥੇਬੰਦੀ ਵੱਲੋਂ ਪਹਿਲਾਂ ਐਲਾਨ ਕੀਤਾ ਹੋਇਆ 24 ਫਰਵਰੀ ਤੋਂ ਪੰਜਾਬ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਚੰਡੀਗੜ੍ਹ ਮੋਰਚਾ ਅਣਮਿਥੇ ਸਮੇਂ ਲਈ ਮੁਲਤਵੀ ਕਰਕੇ ਸਾਂਝੇ ਮੁਲਕ ਪੱਧਰੇ ਕਿਸਾਨ ਘੋਲ਼ ਨੂੰ ਅੱਗੇ ਵਧਾਉਣ ਲਈ ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅਗਲਾ ਸੱਦਾ ਆਉਣ ਤੱਕ ਇਹ ਫੈਸਲਾ ਕੀਤਾ ਗਿਆ ਹੈ। ਅਗਲੇ ਸੱਦੇ ਲਈ ਜ਼ੂਮ ਮੀਟਿੰਗ ਅੱਜ ਰਾਤ ਨੂੰ ਹੀ ਹੋ ਰਹੀ ਹੈ। ਵੱਖ ਵੱਖ ਥਾਵਾਂ ਤੇ ਸੰਬੋਧਨ ਕਰਤਾ ਬੁਲਾਰਿਆਂ ਵੱਲੋਂ ਸ਼ੰਭੂ ਤੇ ਖਨੌਰੀ ਬਾਡਰਾਂ ਉੱਤੇ ਡਟੇ ਹੋਏ ਸੰਘਰਸ਼ਸ਼ੀਲ ਕਿਸਾਨਾਂ ਤੇ ਕਿਸਾਨ ਆਗੂਆਂ ਨੂੰ 15 ਫਰਵਰੀ ਵਾਲੇ ਦਿਨ 14 ਥਾਵਾਂ 'ਤੇ ਰੇਲਾਂ ਰੋਕਣ ਅਤੇ 6 ਟੌਲ ਫ੍ਰੀ ਕਰਨ ਰਾਹੀਂ ਅਤੇ ਅੱਜ ਦੇ ਇਨ੍ਹਾਂ ਧਰਨਿਆਂ ਰਾਹੀਂ ਸੁਨੇਹਾ ਦਿੱਤਾ ਗਿਆ ਹੈ ਕਿ ਅਸੀਂ ਇਸ ਕਿਸਾਨ ਸੰਘਰਸ਼ ਨੂੰ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦਾ ਤਾਲਮੇਲਵਾਂ ਕੌਮੀ ਸੰਘਰਸ ਬਣਾਉਣ ਲਈ ਜੀ ਜਾਨ ਨਾਲ ਕੁੱਦਣ ਦਾ ਫੈਸਲਾ ਕਰ ਲਿਆ ਹੈ, ਜਚ ਕੇ ਡਟੇ ਰਹੋ। ਹੋਰ ਵੀ ਚੰਗਾ ਹੋਣਾ ਸੀ ਜੇਕਰ ਇਹ ਸੰਘਰਸ਼ ਵਿੱਢਣ ਤੋਂ ਪਹਿਲਾਂ ਹੀ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦਾ ਸਾਂਝਾ/ਤਾਲਮੇਲਵਾਂ ਸੰਘਰਸ਼ ਬਣਾਉਣ ਦੇ ਗੰਭੀਰ ਯਤਨ ਕੀਤੇ ਜਾਂਦੇ। ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਆਪਸੀ ਮੱਤਭੇਦਾਂ ਨੂੰ ਪਾਸੇ ਰੱਖਦਿਆਂ ਇੱਕਜੁੱਟ ਹੋ ਕੇ ਤਾਲਮੇਲਵੇਂ ਸਾਂਝੇ ਸੰਘਰਸ਼ ਰਾਹੀਂ ਫਿਰਕੂ, ਭੜਕਾਊ ਤੇ ਫੁੱਟਪਾਊ ਅਨਸਰਾਂ ਸਮੇਤ ਮੋਦੀ ਸਰਕਾਰ ਨੂੰ ਕਰਾਰੀ ਮਾਤ ਦਿੱਤੀ ਜਾ ਸਕਦੀ ਹੈ। ਆਗੂਆਂ ਨੇ ਜ਼ੋਰ ਦਿੱਤਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਜੇਤੂ ਦਿੱਲੀ ਘੋਲ਼ ਨੂੰ ਮੁਲਤਵੀ ਕਰਨ ਮੌਕੇ ਕੀਤੇ ਗਏ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਲਿਖਤੀ ਵਾਅਦੇ ਲਾਗੂ ਕਰਨ ਤੋਂ ਲਗਾਤਾਰ ਦੋ ਸਾਲ ਟਾਲ਼ਾ ਵੱਟਣ ਅਤੇ ਅੱਜ ਵੀ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਅਤੇ ਮੰਗਾਂ ਮੰਨਣ ਤੋਂ ਬਾਰ ਬਾਰ ਨਾਂਹ ਕਰਨ ਦੇ ਤਾਨਾਸ਼ਾਹੀ ਜਾਬਰ ਹੱਲੇ ਨੂੰ ਧਰਮਾਂ, ਜਾਤਾਂ, ਇਲਾਕਿਆਂ ਆਦਿ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਵਿਸ਼ਾਲ ਸਾਂਝੇ ਸੰਘਰਸ਼ ਰਾਹੀਂ ਹੀ ਮਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਹੁਣ ਲੁਟੇਰਿਆਂ ਪੱਖੀ ਜਾਬਰ ਨੀਤੀਆਂ ਦਾ ਹਿਸਾਬ ਕਿਤਾਬ ਚੁਕਤਾ ਕਰ ਕੇ ਹੀ ਕਿਸਾਨ ਦਮ ਲੈਣਗੇ। ਸੰਬੋਧਨਕਰਤਾ ਮੁੱਖ ਆਗੂਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਹੋਰ ਸੂਬਾ/ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸੰਘਰਸ਼ ਦੀਆਂ ਮੰਗਾਂ ਵਿੱਚ ਸਾਰੀਆਂ ਫਸਲਾਂ ਦੀ ਲਾਭਕਾਰੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ, ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਵਰਗੇ ਭਖਦੇ ਕਿਸਾਨੀ ਮਸਲੇ ਸ਼ਾਮਲ ਹਨ। ਬੁਲਾਰਿਆਂ ਵਲੋਂ ਇਹ ਮੰਗਾਂ ਮੰਨੇ ਜਾਣ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਵਲੋਂ ਭਾਜਪਾ ਦੀ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ ਤੇ ਡ੍ਰੋਨ ਰਾਹੀਂ ਗੋਲੀਬਾਰੀ ਤੋਂ ਇਲਾਵਾ ਸੜਕਾਂ ਉੱਤੇ ਕੰਧਾਂ ਕੱਢਣ ਤੇ ਕਿੱਲ ਗੱਡਣ ਵਰਗੇ ਤਾਨਾਸ਼ਾਹੀ ਹੱਥਕੰਡਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਵਾਲਾ ਦਿੱਲੀ ਘੋਲ਼ ਮੁਲਤਵੀ ਕਰਨ ਮੌਕੇ ਮੋਦੀ ਸਰਕਾਰ ਵੱਲੋਂ ਲਿਖ਼ਤੀ ਭਰੋਸੇ ਦੇ ਬਾਵਜੂਦ ਕੋਈ ਇੱਕ ਵੀ ਮੰਗ ਲਾਗੂ ਨਾ ਕਰਨਾ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਸਾਮਰਾਜ ਪੱਖੀ ਕਿਰਦਾਰ ਨੂੰ ਨੰਗਾ ਕਰਦਾ ਹੈ। ਇਹ ਮੰਗ ਵੀ ਜ਼ੋਰ ਨਾਲ ਉਭਾਰੀ ਗਈ ਕਿ ਸਾਰੇ ਪੁਆੜਿਆਂ ਦੀ ਜੜ੍ਹ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਹਦੀਆਂ ਨੀਤੀਆਂ ਦੇਸ਼ ਭਰ ਦੇ ਕਿਰਤੀ ਕਿਸਾਨਾਂ ਨੂੰ ਅਤੇ ਪੇਂਡੂ ਸੱਭਿਆਚਾਰ ਨੂੰ ਤਬਾਹ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ। ਆਗੂਆਂ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ -ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੇ ਧਰਨਿਆਂ ਨੂੰ ਖੇਤ ਮਜ਼ਦੂਰਾਂ,ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ, ਵਿਦਿਆਰਥੀਆਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਤੇ ਹੋਰ ਕਿਰਤੀ ਲੋਕਾਂ ਦਾ ਸਮਰਥਨ ਵੀ ਮਿਲਿਆ

ਜਮਹੂਰੀ ਤੇ ਸੰਵਿਧਾਨਿਕ ਆਵਾਜ਼ ਬੰਦ ਕਰਨ ਖਿਲਾਫ਼  ਕੇਂਦਰ ਤੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ

ਲੁਧਿਆਣਾ, 15 ਫਰਵਰੀ (ਟੀ. ਕੇ. ) ਅੱਜ ਸਥਾਨਕ ਗ਼ਦਰੀ ਸ਼ਹੀਦ  ਬਾਬਾ ਭਾਨ ਸਿੰਘ ਯਾਦਗਾਰ, ਸੁਨੇਤ ਵਿਖੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ, ਦਿੱਲੀ ਵੱਲ ਆਪਣੀਆਂ ਮੰਗਾਂ ਹੱਲ ਕਰਵਾਉਣ ਲਈ ਵਧ ਰਹੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਣ ਅਤੇ ਉਹਨਾਂ ਤੇ ਅੱਥਰੂ ਗੈਸ ਅਤੇ ਗੋਲਿਆਂ ਦੇ ਛੱਰਿਆਂ ਦੀ ਬਾਛੜ ਕਰ ਜ਼ਖਮੀ ਕਰਨ ਦੇ ਵਿਰੋਧ ਵਜੋਂ ਹਰਿਆਣਾ ਦੀ ਖੱਟੜ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਦੇ ਇਸ ਅੜਿਅਲ ਰਵੱਈਏ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ, ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਦੇ ਮੁੱਖੀ ਬਲਵਿੰਦਰ ਸਿੰਘ ਨੇ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਪਿਛਲੇ ਕਿਸਾਨ ਅੰਦੋਲਨ ਨੂੰ ਖਤਮ ਹੋਣ ਤੇ ਸਰਕਾਰ ਨੇ ਕਿਸਾਨੀ ਮੰਗਾਂ ਜਿਵੇਂ ਐਮ ਐਸ ਪੀ ਬਾਰੇ ਕਮੇਟੀ, ਬਿਜਲੀ ਸੋਧ ਬਿਲ 2020 ਰੱਦ ਕਰਨ ਵਰਗਿਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਜਿਸ ਕਰਕੇ ਕਿਸਾਨ ਮੁੜ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ । ਜਦੋਂ ਕਿਸਾਨ ਦਿੱਲੀ ਵੱਲ ਵਧ ਰਹੇ ਨੇ ਤਾਂ ਹਰਿਆਣਾ ਦੀ ਭਾਜਪਾ ਸਰਕਾਰ ਲਗਾਤਾਰ ਪੁਲੀਸ ਅਤੇ ਅਰਧ ਸੈਨਿਕ ਬਲਾਂ ਦਾ ਪ੍ਰਯੋਗ ਕਰਕੇ ਅੰਦੋਲਨਕਾਰੀਆਂ ਤੇ ਤਸ਼ਦੱਦ ਢਾਹ ਰਹੀ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਚ ਵੱਡਾ ਰੋਸ ਵੇਖਿਆ ਜਾ ਰਿਹਾ ਹੈ। ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆ ਦੇ ਇਸ਼ਾਰੇ ਤੇ ਚੱਲਕੇ ਦੇ ਜਲ, ਜੰਗਲ, ਜ਼ਮੀਨ ਵਰਗੇ ਕੁਦਰਤੀ ਸਰੋਤ ਲੋਕਾਂ ਕੋਲ਼ੋਂ ਖੋਹ ਕੇ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਦੇ ਰਹੀ ਹੈ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਪਹਿਲਾਂ ਹੀ ਬੇਰੋਜਗਾਰੀ ਦਾ ਸੰਤਾਪ ਭੋਗ ਰਹੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਹੋਰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕ ਰਹੀ ਹੈ। ਉੱਚ ਸਿੱਖਿਆ ਲਗਾਤਾਰ ਮਹਿੰਗੀ ਹੋ ਕੇ ਗਰੀਬਾਂ ਕੋਲ਼ੋਂ ਦੂਰ ਹੋ ਗਈ ਹੈ। ਅਜਿਹੇ ਅੰਦੋਲਨ ਲੋਕਾਂ ਲਈ ਇੱਕ ਆਸ ਦੀ ਕਿਰਨ ਬਣ ਕੇ ਆਉਂਦੇ ਨੇ ਤੇ ਲੋਕਾਂ ਨੂੰ ਸਰਕਾਰਾਂ ਖਿਲਾਫ ਲੜਨ ਦੀ ਸੋਝੀ ਦਿੰਦੇ ਨੇ। ਆਗੂਆਂ ਨੇ ਕਿਹਾ ਸਰਕਾਰ ਜਿੰਨਾਂ ਮਰਜ਼ੀ ਜ਼ੋਰ ਲਾ ਲਵੇ ਪਰ ਅਜਿਹੇ ਅੰਦੋਲਨ ਉੱਠਦੇ ਰਹੇ ਹਨ ਤੇ ਰਹਿਣਗੇ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਟਕਰਾਅ ਦੀ ਥਾਂ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਵੇ। ਲੋਕਾਂ ਵਿੱਚ ਵਿਗਿਆਨਿਕ ਵਿਚਾਰਧਾਰਾ ਦਾ ਪ੍ਰਚਾਰ- ਪ੍ਰਸਾਰ ਕਰ ਰਹੇ ਬੁੱਧੀਜੀਵੀਆਂ, ਤਰਕਸ਼ੀਲਾਂ ਖਿਲਾਫ 295, 295 ਏ ਵਰਗੇ ਪਰਚੇ ਪਾਉਣ ਦੀ ਵੀ ਸਖਤ ਨਿੰਦਾ ਕਰਦਿਆਂ ਇਹਨਾਂ ਨੂੰ ਰੱਦ ਕਰਨ ਲਈ ਵੀ ਆਵਾਜ਼ ਉਠਾਈ ਗਈ।  ਇਸ ਮੌਕੇ ਹੋਏ ਅਰਥੀ ਫੂਕ ਪ੍ਰਦਰਸ਼ਨ ਵਿੱਚ ਮਾਸਟਰ ਜਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਜ਼ੀਰਖ, ਮਾਨ ਸਿੰਘ, ਰਜੀਵ ਕੁਮਾਰ, ਪ੍ਰਤਾਪ ਸਿੰਘ, ਸਤਨਾਮ ਸਿੰਘ, ਮਹੇਸ਼ ਕੁਮਾਰ ਆਦਿ ਹਾਜ਼ਰ ਸਨ।

ਧਾਰਮਿਕ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਫੈਡਰੇਸ਼ਨ ਨੇ ਖੋਲਿ੍ਹਆ ਮੁੱਲਾਂਪੁਰ ’ਚ ਦਫਤਰ

ਮੁੱਲਾਂਪੁਰ ਦਾਖਾ 15 ਫਰਵਰੀ = (ਸਤਵਿੰਦਰ ਸਿੰਘ ਗਿੱਲ) - ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿ (ਪੰਜਾਬ) ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੰਡੀ ਮੁੱਲਾਂਪੁਰ ਵਿਖੇ 1 ਮਾਰਚ ਤੋ 3 ਮਾਰਚ 2024 ਤੱਕ ਕਰਵਾਏ ਜਾ ਰਹੇ ਤਿੰਨ ਰੋਜਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਅੱਜ ਦੁਕਾਨ ਨੰਬਰ 23 ਦਾਣਾ ਮੰਡੀ ਮੁੱਲਾਂਪੁਰ ਵਿਖੇ ਇੱਕ ਦਫਤਰ ਬਣਾਇਆ ਗਿਆ ਜਿਸਦਾ ਉਦਘਾਟਨ ਇਲਾਕੇ ਦੀਆਂ ਸੰਗਤਾਂ ਨੇ ਕੀਤਾ। ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਉਦਘਾਟਨੀ ਸਮਾਰੋਹ ਦੀ ਸੁਰੂਆਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਬੇਨਤੀ ਕਰਕੇ ਹੋਈ। ਜਸਵੀਰ ਸਿੰਘ ਪਮਾਲੀ ਨੇ ਸਮਾਗਮ ਦੀ ਰੂਪ ਰੇਖਾ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਸਮਾਗਮ ਦੀ ਸਫਲਤਾ ਲਈ ਸੁਝਾਅ ਮੰਗੇ। ਸਮਾਗਮ ਦੀ ਸਫਲਤਾ ਲਈ ਹਰਦਿਆਲ ਸਿੰਘ ਚੋਪੜ੍ਹਾ ਪ੍ਰਧਾਨ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ, ਸੁਖਪਾਲ ਸਿੰਘ ਬਾਬਾ ਖੇੜ੍ਹੀ ਬਰਨਾਲਾ ਪ੍ਰਧਾਨ ਸਤਿਗੁਰੂ ਰਵਿਦਾਸ ਮਿਸ਼ਨ ਪੰਜਾਬ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸਵਾਸ ਵੀ ਦਿਵਾਇਆ। ਰਾਜੂ ਜੋਧਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਜੋ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਮਾਗਮ ਦੀ ਪ੍ਰਚਾਰ ਸਮੱਗਰੀ ਵੀ ਰਲੀਜ ਕੀਤੀ ਗਈ ਅਤੇ ਵੰਡੀ ਗਈ।  
           ਇਸ ਸਮੇ ਡਾ ਰੁਪਿੰਦਰ ਸਿੰਘ ਸੁਧਾਰ, ਤਰਲੋਕ ਸਿੰਘ ਮੁੱਲਾਂਪੁਰ, ਗੁਰਚਰਨ ਸਿੰਘ ਈ ਟੀ ਓ ਸੇਵਾਮੁਕਤ, ਸੁਖਰਾਜ ਸਿੰਘ ਥਰੀਕੇ, ਗੁਰਮੀਤ ਸਿੰਘ ਰਾਣਾ ਜੋਧਾਂ, ਹਰਦੇਵ ਸਿੰਘ ਬੋਪਾਰਾਏ, ਗੁਰਮੇਲ ਸਿੰਘ ਪੰਡੋਰੀ, ਦਵਿੰਦਰ ਸਿੰਘ ਮੋਹੀ, ਸੁਖਦੇਵ ਸਿੰਘ ਖੰਜਰਵਾਲ, ਸਿੰਗਾਰਾ ਸਿੰਘ ਖੰਜਰਵਾਲ, ਕੇਵਲ ਸਿੰਘ ਖੰਰਜਵਾਲ, ਮਨਜੀਤ ਸਿੰਘ ਹਸਨਪੁਰ, ਬੂਟਾ ਸਿੰਘ ਦਾਦ, ਜੋਰਾ ਸਿੰਘ, ਰਣਜੀਤ ਸਿੰਘ ਮੁੱਲਾਂਪੁਰ, ਸੁਖਵਿੰਦਰ ਸਿੰਘ, ਅਜਾਇਬ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਛਿੰਦਾ ਪ੍ਰਤਾਪ ਸਿੰਘ ਵਾਲਾ, ਹਰਚੰਦ ਸਿੰਘ, ਡਾ ਹਰਦੀਪ ਸਿੰਘ ਪਮਾਲ,  ਮਨਜਿੰਦਰ ਸਿੰਘ, ਪ੍ਰੇਮ ਸਿੰਘ ਜੋਧਾਂ, ਚਰਨਜੀਤ ਸਿੰਘ ਥਰੀਕੇ, ਧਰਮਪਾਲ ਸਿੰਘ ਗਹੌਰ, ਗੁਰਮੁਖ ਸਿੰਘ ਚੰਗਣ, ਜਸਵਿੰਦਰ ਸਿੰਘ ਮੰਡਿਆਣੀ ਜਗਤਾਰ ਸਿੰਘ ਪਮਾਲ ਆਦਿ ਹਾਜ਼ਰ ਸਨ।