ਪੰਜਾਬ

ਆਜ਼ਾਦ ਉਮੀਦਵਾਰਾਂ ਦੀ ਜਿੱਤ ਤੋਂ ਘਬਰਾਏ ਦੋਵੇਂ ਧੜੇ ਗੰਢਤੁੱਪ ਦੇ ਰਾਹ ਪਏ

ਪਟਿਆਲਾ, 28 ਫਰਵਰੀ (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿਚ ਤੀਜੀ ਧਿਰ ਵੱਲੋਂ ਪੇਪਰ ਭਰਨ ਮਗਰੋਂ ਮਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਤੀਜੀ ਧਿਰ ਦੇ ਉਮੀਦਵਾਰਾਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਸੱਠ ਸਾਲਾਂ ਦੀ ਉੱਤਰ ਕਾਟੋ ਮੈੰ ਚੜ੍ਹਾਂ ਵਾਲੀ ਧੜੇਬੰਦੀ ਤੋੜਨ ਲਈ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦ ਉਮੀਦਵਾਰਾਂ ਦੀ ਜਿੱਤ ਤੋਂ ਘਬਰਾਏ ਦੋਵੇਂ ਧੜੇ ਗੰਢਤੁੱਪ ਦੇ ਰਾਹ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ ਵੱਖ ਢੰਗ ਤਰੀਕਿਆਂ ਨਾਲ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਧੜੇ ਬੰਦੀਆਂ ਖ਼ਤਮ ਹੋਣੀਆਂ ਚਾਹੀਦੀਆਂ ਹਨ, ਜੋ ਕਿ ਇੱਕ ਨਾਮੁਰਾਦ ਬੀਮਾਰੀ ਹੈ। ਉਨ੍ਹਾਂ ਨੇ ਵੋਟਰਾਂ ਨਾਲ ਇਹ ਵਾਅਦੇ ਕੀਤੇ ਕਿ ਲੇਖਕਾਂ ਦੀਆ ਧੜੇਬੰਦੀਆਂ ਖ਼ਤਮ ਕਰਕੇ ਸਾਂਝੀਵਾਲਤਾ ਦਾ ਮੰਚ ਸਿਰਜਾਂਗੇ। ਨੌਜਵਾਨ ਲੇਖਕਾਂ ਅਤੇ ਅਣਗੌਲੇ ਬਜ਼ੁਰਗ ਲੇਖਕਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ। ਅਕਾਦਮੀ ਦੀ ਆਮਦਨ ਦੇ ਇੱਕ- ਇੱਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੀ ਵਰਤਿਆ ਜਾਵੇਗਾ ਅਤੇ ਉਸ ਨੂੰ ਸਾਲਾਨਾ ਬਜਟ ਵਿੱਚ ਜਨਤਕ ਕੀਤਾ ਜਾਵੇਗਾ। ਦੱਬੇ ਕੁੱਚਲੇ ਲੋਕਾਂ ਦਾ ਸਾਹਿਤ ਅਤੇ ਹਰ ਵਰਗ ਅਤੇ ਖੇਤਰ ਦੇ ਸਾਹਿਤ ਨੂੰ ਯੋਗ ਥਾਂ ਦੇਵਾਂਗੇ। ਵਧੀਆ ਸਾਹਿਤ ਦੀ ਚੋਣ ਲਈ ਕਮੇਟੀਆਂ ਬਿਠਾਵਾਂਗੇ ਅਤੇ ਪ੍ਰਕਾਸ਼ਿਤ ਕਰਵਾਵਾਂਗੇ। ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਾਂਗੇ ਅਤੇ ਜਿਹੜਾ ਪਾਠਕਾਂ ਦਾ ਘੇਰਾ ਖ਼ਤਮ ਹੋ ਰਿਹਾ ਹੈ, ਉਸ ਨੂੰ ਵਧਾਵਾਂਗੇ। ਅੰਤਰਰਾਸ਼ਟਰੀ ਪੱਧਰ ਉੱਤੇ ਸਾਡੇ ਨਵੇਂ ਲੇਖਕ ਆਪਣੀ ਬੋਲੀ ਅਤੇ ਸ਼ੈਲੀ ਦਾ ਲੋਹਾ ਮੰਨਵਾਇਆ ਕਰਨਗੇ। ਅਸੀਂ ਸੀਨੀਅਰ ਸਾਹਿਤਕਾਰਾਂ ਦਾ ਸਤਿਕਾਰ ਕਰਦੇ ਹਾਂ ਪਰ ਨੌਜਵਾਨਾਂ ਲਈ ਨਵੇਂ ਰਾਹ ਤਲਾਸ਼ਣਾ ਸਾਡਾ ਮੁੱਖ ਮਕਸਦ ਹੈ।

ਸਮਾਜ ਦੀ ਬਿਹਤਰੀ ਲਈ ਨੌਜਵਾਨ ਆਉਣ ਅੱਗੇ-ਚਹਿਲ, ਕਾਂਗੜਾ

ਮੁਫਤ ਮੈਡੀਕਲ ਕੈਂਪ ਵਿੱਚ 225 ਮਰੀਜਾਂ ਦੀ ਕੀਤੀ ਜਾਂਚ

ਭੀਖੀ, 28 ਫਰਵਰੀ ( ਕਮਲ ਜਿੰਦਲ) ਸ਼ਹਿਰ ਦੇ ਕੁੱਝ ਉੱਦਮੀ ਨੌਜਵਾਨਾਂ ਵੱਲੋਂ ਸਥਾਨਕ ਸ਼ਿਵ ਮੰਦਰ ਵਿਖੇ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਾਇਆ ਗਿਆ।ਕੈਂਪ ਦਾ ਉਦਘਾਟਨ ਹੱਡੀਆਂ ਦੇ ਮਾਹਿਰ ਡਾ. ਵਿਵੇਕ ਬਾਂਸਲ ਬਠਿੰਡਾ ਅਤੇ ਐਮਡੀ ਮੈਡੀਸਨ ਡਾ. ਜੀਵਨ ਗਰਗ ਨੇ ਕੀਤਾ।ਇਸ ਮੌਕੇ ਵਿਸੇਸ਼ ਮਹਿਮਾਨ ਵੱਜੋਂ ਸਮਾਜ ਸੇਵੀ ਚੁਸ਼ਪਿੰਦਰਵੀਰ ਚਹਿਲ, ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ,ਭਗਵੰਤ ਸਿੰਘ ਚਹਿਲ ਰੀਡਰ ਡੀਐਸਪੀ ਸਬ ਡਵੀਜਨ ਮਾਨਸਾ, ਰਾਵਲ ਸਿੰਘ ਕੋਟੜਾ, ਜਤਿੰਦਰ ਕੁਮਾਰ ਵਿੱਕੀ ਅਤੇ ਨਵਜੋਤ ਜਿੰਦਲ ਨੇ ਸ਼ਿਰਕਤ ਕੀਤੀ।ਉਨ੍ਹਾਂ ਉੱਦਮੀ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਹਰ ਇੱਕ ਨੌਜਵਾਨ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇੱਕਜੁੱਟ ਹੋ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਨੌਜਵਾਨਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਨੌਜਵਾਨਾਂ ਨੂੰ ਵਧਾਈ ਦਿੱਤੀ। ਭੀਖੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਕੈਂਪ ਜਰੂਰਤਮੰਦ ਲੋਕਾਂ ਲਈ ਲਾਹੇਬੰਦ ਸਾਬਤ ਹੁੰਦੇ ਹਨ।ਕੈਂਪ ਪ੍ਰਬੰਧਕ ਰਜਨੀਸ਼ ਸ਼ਰਮਾ ਨੇੱ ਦੱਸਿਆ ਕਿ ਇਸ ਕੈਂਪ ਹੱਡੀਆਂ ਦੇ ਮਾਹਿਰ ਡਾ. ਵਿਵੇਕ ਬਾਂਸਲ ਬਠਿੰਡਾ ਨੇ 150 ਅਤੇ ਡਾ. ਜੀਵਨ ਗਰਗ ਐਮਡੀ ਮੈਡੀਸਨ ਨੇ 80 ਦੇ ਕਰੀਬ ਮਰੀਜਾਂ ਦਾ ਚੈਕ ਅੱਪ ਕੀਤਾ ਅਤੇ ਜਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਰੂਰਤਮੰਦ ਮਰੀਜਾਂ ਦੀ ਈਸੀਜੀ, ਬਲੱਡ ਪ੍ਰੈਸਰ ਅਤੇ ਬਲੱਡ ਸ਼ੂਗਰ ਦੀ ਜਾਂਚ ਵੀ ਫਰੀ ਕੀਤੀ ਗਈ।ਸਮਾਜ ਸੇਵੀ ਬਲਰਾਜ ਬਾਂਸਲ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜੋ ਕਿ ਅੱਗੇ ਵੀ ਜਾਰੀ ਰਹਿਣਗੇ।ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਾ. ਮਨਪ੍ਰੀਤ ਸਿੰਘ ਸਿੱਧੂ, ਸੁਨੀਲ ਕੁਮਾਰ ਲੈਬ ਟੈਕਨੀਸ਼ੀਅਨ, ਦਿਰੇਨ ਕੁਮਾਰ ਤੰਵਰ, ਵਿਵੇਕ ਜੈਨ ਬੱਬੂ, ਮਾ. ਵਰਿੰਦਰ ਸੌਨੀ, ਦੇਸ ਰਾਜ ਮੰਘਾਣੀਆ, ਵਕੀਲ ਸਿੰਘ ਸਹਾਇਕ ਥਾਣੇਦਾਰ, ਧੰਨਜੀਤ ਸਿੰਘ ਭੀਖੀ, ਪ੍ਰਿੰਸ ਬਾਂਸਲ, ਸੁਨੀਲ ਲੈਬੋਰਟਰੀ, ਆਰਕੀਟੈਕਟ ਮਨੌਜ ਗੋਇਲ, ਰਾਜੇਸ਼ ਅਨੇਜਾ ਕਾਲਾ, ਸਰਬਜੀਤ ਕੌਰ ਜੀਐਨਐਮ ਵੀ ਹਾਜਰ ਸਨ। 
ਫੋਟੋ-ਮਹਿਮਾਨਾਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ।

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਇੰਟਰ-ਯੂਨੀਵਰਸਿਟੀ ਸਾਇੰਜ ਕੁਇਜ਼ ਮੁਕਾਬਲਾ” ਆਯੋਜਿਤ ਜੀ.ਕੇ.ਯੂ. ਰਹੀ ਜੇਤੂ

ਤਲਵੰਡੀ ਸਾਬੋ, 28 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਫਿਜ਼ਿਕਸ ਵਿਭਾਗ ਵੱਲੋਂ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਇੰਟਰ ਯੂਨੀਵਰਸਿਟੀ “ਸਾਇੰਸ ਕੁਇਜ਼ ਮੁਕਾਬਲਾ” ਕਰਵਾਇਆ ਗਿਆ। ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਐਸੋਸਿਏਟ ਡੀਨ ਅਕਾਦਮਿਕ, ਡਾ. ਪਰਦੀਪ ਕੌੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਵਿਗਿਆਨ ਦਾ ਯੁੱਗ ਹੈ, ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਸੁਖਾਲਾ, ਆਰਾਮਦਾਇਕ ਤੇ ਖੁਸ਼ਹਾਲ ਬਣਾਉਣ ਲਈ ਖੋਜ ਖੇਤਰ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਆਂ ਕਾਢਾਂ ਰਾਹੀਂ ਨਵੇਂ ਉਦਯੋਗ ਸਥਾਪਿਤ ਕਰਨ ਅਤੇ ਹੋਰਾਂ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਕਾਦਮਿਕ ਖੇਤਰ ਵਿੱਚ ਆ ਰਹੇ ਬਦਲਾਵਾਂ ਬਾਰੇ ਵੀ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਡਾ. ਸੀ.ਵੀ.ਰਮਨ ਵੱਲੋਂ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ‘ਤੇ ਚਾਨਣਾ ਪਾਇਆ। ਕੁਇਜ਼ ਮਾਸਟਰ ਦੀ ਭੂਮਿਕਾ ਡਾ. ਜੀਨੀਅਸ ਵਾਲੀਆ ਨੇ ਬਾਖੂਬੀ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਸਰਕਾਰੀ ਰਜਿੰਦਰਾ ਕਾਲਜ (ਪੰਜਾਬੀ ਯੂਨੀਵਰਸਿਟੀ) ਅਤੇ ਜੀ.ਕੇ.ਯੂ. ਦੀਆਂ ਵੱਖ-ਵੱਖ ਫੈਕਲਟੀ ਦੀਆਂ 06 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ 55 ਅੰਕਾਂ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪਹਿਲਾ, 50 ਅੰਕਾਂ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਦੂਜਾ ਅਤੇ  40 ਅੰਕਾਂ ਨਾਲ ਸਰਕਾਰੀ ਰਜਿੰਦਰਾ ਕਾਲਜ (ਪੰਜਾਬੀ ਯੂਨੀਵਰਸਿਟੀ) ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਆਯੋਜਕਾਂ ਵੱਲੋਂ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਐਸੋਸਿਏਟ ਡੀਨ, ਫੈਕਲਟੀ ਆਫ਼ ਸਾਇੰਸਜ਼, ਡਾ. ਸੁਨੀਤਾ ਰਾਣੀ ਨੇ ਸਭਨਾਂ ਨੂੰ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ ਨਾਲ ਵਿਗਿਆਨ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਕਾਢਾਂ ਅਤੇ ਬਦਲਾਵਾਂ ਪ੍ਰਤੀ ਜਾਗਰੂਕ ਰਹਿਣ ਦੀ ਸਲਾਹ ਦਿੱਤੀ।

ਦਿਗਵਿਜੇ ਚੌਟਾਲਾ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਕਿਹਾ ਹਰਿਆਣਾ ਦੇ ਲੋਕ ‘ਆਪ’ ਨੂੰ ਨਹੀ ਲਾਉਣਗੇ ਮੂੰਹ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਕੌਮੀ ਸਕੱਤਰ ਦਿਗਵਿਜੇ ਚੌਟਾਲਾ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਜਿੱਥੇ ਉਨਾਂ ਕੀਰਤਨ ਸ੍ਰਵਣ ਕੀਤਾ ਅਤੇ ਤਖਤ ਸਾਹਿਬ ਦੇ ਇਤਿਹਾਸ ਬਾਬਤ ਜਾਣਕਾਰੀ ਹਾਸਲ ਕੀਤੀ। ਤਖਤ ਸਾਹਿਬ ਪੁੱਜਣ 'ਤੇ ਜੇ.ਜੇ.ਪੀ ਹਰਿਆਣਾ ਦੇ ਜਨਰਲ ਸਕੱਤਰ ਭਾਈ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਉਨਾਂ ਦਾ ਸਵਾਗਤ ਕੀਤਾ। ਤਖਤ ਸਾਹਿਬ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਭ ਤੋਂ ਪਹਿਲਾਂ ਉਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਅੱਜ ਮੈਂ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਹੀ ਉਨਾਂ ਦੇ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਪਹਿਲੀ ਵਾਰ ਨਤਮਸਤਕ ਹੋਇਆ ਹਾਂ। ਆਮ ਆਦਮੀ ਪਾਰਟੀ ਵੱਲੋਂ 28 ਜਨਵਰੀ ਨੂੰ ਜੀਂਦ 'ਚ ਰੱਖੀ ਸਿਆਸੀ ਰੈਲੀ ਦੇ ਸਵਾਲ ਤੇ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀ ਲਾਉਣਗੇ ਕਿਉਂਕਿ ਉਹ ਦੇਖ ਚੁੱਕੇ ਹਨ ਕਿ ਜਿੰਨਾਂ ਦਾਅਵਿਆਂ ਅਤੇ ਵਾਅਦਿਆਂ ਨਾਲ ‘ਆਪ’ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਉਸ ਵਿੱਚੋਂ ਇੱਕ ਵੀ ਪੂਰਾ ਨਹੀ ਕੀਤਾ। ਉਨਾਂ ਕਿਹਾ ਕਿ ਹਰਿਆਣਾ 'ਚ ਅਸੋਕ ਤੰਵਰ ਵਰਗੇ ਕੱਦਾਵਾਰ ਨੇਤਾ ਵੀ ‘ਆਪ’ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਪਾਰਟੀ ਛੱਡ ਗਏ। ਚੌਟਾਲਾ ਨੇ ਕਿਹਾ ਕਿ ‘ਆਪ’ ਆਗੂ ਖਿਆਲੀ ਪਲਾਓ ਜਿੰਨੇ ਮਰਜ਼ੀ ਪਕਾ ਲਵੇ ਪਰ ਹਰਿਆਣਾ 'ਚ ਸੱਤਾ ਹਾਸਿਲ ਕਰਨ ਦਾ ਉਨਾਂ ਦਾ ਸੁਪਨਾ ਪੂਰਾ ਨਹੀ ਹੋਵੇਗਾ। ਨੀਤੀਸ਼ ਕੁਮਾਰ ਵੱਲੋਂ ਆਈ ਐਨ ਡੀ ਏ ਗਠਜੋੜ ਛੱਡਣ ਦੀਆਂ ਚਰਚਾਵਾਂ ਤੇ ਪ੍ਰਤੀਕਰਮ ਦਿੰਦਿਆਂ ਉਨਾਂ ਕਿਹਾ ਕਿ ‘ਇੰਡੀਆ’ ਗਠਜੋੜ ਦਾ ਸਾਰਾ ਕੁਨਬਾ ਹੀ ਵਿਖਰ ਜਾਵੇਗਾ ਕਿਉਂਕਿ ਇਹ ਗਠਜੋੜ ਹੀ ਮੌਕਾਪ੍ਰਸਤਾਂ ਦਾ ਹੈ। ਇਸ ਮੌਕੇ ਉਨਾਂ ਨਾਲ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਰਣਦੀਪ ਸਿੰਘ ਮਟਦਾਦੂ ਜ਼ਿਲ੍ਹਾ ਪ੍ਰਧਾਨ ਜੇ.ਜੇ.ਪੀ ਯੁਵਾ ਵਿੰਗ ਜਿਲ੍ਹਾ ਸਿਰਸਾ ਵੀ ਮੌਜੂਦ ਸਨ।

ਕੈਪਸ਼ਨ: ਤਖਤ ਸਾਹਿਬ ਨਤਮਸਤਕ ਹੋ ਕੇ ਪਰਤਦੇ ਦਿਗਵਿਜੇ ਚੌਟਾਲਾ।

ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਹੋਰਨਾਂ ਸਥਾਨਾਂ 'ਤੇ ਧਾਰਮਿਕ ਸਮਾਗਮ ਕਰਵਾਏ ਗਏ। ਤਖਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੱਜ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਦੋਂਕਿ ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। ਸਮਾਗਮ 'ਚ ਮੌਜੂਦ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਨਾ ਕੇਵਲ ਇੱਕ ਯੋਧਾ ਸਗੋਂ ਵਿਦਵਾਨ ਦੱਸਿਆ ਗਿਆ ਜਿੰਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ 'ਚ ਸਹਿ ਲਿਖਾਈ ਵਜੋਂ ਸੇਵਾਵਾਂ ਨਿਭਾਈਆਂ। ਉਨਾਂ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ 'ਚ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਕਮੇਟੀ, ਗੁਰਸੇਵਕ ਸਿੰਘ ਕਿੰਗਰਾ ਅਤੇ ਭਾਈ ਮੇਜਰ ਸਿੰਘ ਮੀਤ ਮੈਨੇਜ਼ਰ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਆਦਿ ਸ਼ਾਮਿਲ ਹੋਏ। ਉੱਧਰ ਹਰ ਸਾਲ ਵਾਂਗ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬਾਬਾ ਦੀਪ ਸਿੰਘ ਬੱਸ ਅੱਡਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਬੱਸ ਸਟੈਂਡ 'ਚ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬੱਸ ਅੱਡਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੀਆਂ ਸਖਸ਼ੀਅਤਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।

ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਕਟ ਸਬੰਧੀ ਵਿਸ਼ੇਸ਼ ਸੈਮੀਨਾਰ 

ਬਰਨਾਲਾ, 28 ਫਰਵਰੀ (ਗੁਰਸੇਵਕ ਸੋਹੀ) 
ਸਿਹਤ ਵਿਭਾਗ ਬਰਨਾਲਾ ਵੱਲੋਂ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ  ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਖਾਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ, ਖਾਧ ਪਦਾਰਥ ਤਿਆਰ ਕਰਨ  ਅਤੇ ਵੇਚਣ  ਵਾਲਿਆਂ ਨੂੰ ਭੋਜਨ ਬਚਾਉਣ, ਭੋਜਨ ਸਾਂਝਾ ਕਰਨ ਅਤੇ ਭੋਜਨ ਦੀ ਸ਼ਕਤੀ ਵਧਾਉਣ (Save Food, share food RUCO & FOOD fortification) ਸਬੰਧੀ ਇੱਕ ਸੈਮੀਨਾਰ ਲਗਾਇਆ ਗਿਆ। ਇਸ ਦੌਰਾਨ ਫੂਡ ਬਿਜਨਸ ਓਪਰੇਟਰਜ਼ ਨੂੰ ਭੋਜਨ ਨੂੰ ਵਿਅਰਥ ਨਾ ਕਰਨ ਅਤੇ ਉਸ ਨੂੰ ਜਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਸਬੰਧੀ ਅਤੇ ਵਰਤੋਂ ਕੀਤੇ ਤੇਲ ਨੂੰ ਦੁਬਾਰਾ ਨਾ ਵਰਤਣ ਸਬੰਧੀ ਜਾਗਰੂਕ ਕੀਤਾ ਗਿਆ।  

ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫ਼ਸਰ ਵੱਲੋਂ ਕਾਰੋਬਾਰੀਆਂ ਨੂੰ ਜਾਣਕਾਰੀ ਦਿੰਦੇ ਸਮਝਾਇਆ ਗਿਆ ਕਿ ਵਰਤੇ ਜਾ ਚੁੱਕੇ ਤੇਲ ਨੂੰ ਦੁਬਾਰਾ ਵਰਤਣ ਨਾਲ ਭੋਜਨ ਸਹੀ ਤਰੀਕੇ ਨਾਲ ਨਹੀ ਬਣਦਾ, ਜਿਸ ਨੂੰ ਖਾਣ ਨਾਲ ਦਿਲ ਦੀਆਂ ਅਤੇ ਕਈ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ । 
ਇਸ ਮੌਕੇ  ਡਾ. ਜਸਪ੍ਰੀਤ ਸਿੰਘ ਗਿੱਲ ਡੈਜੀਗਨੇਟਡ  ਫੂਡ ਸੇਫਟੀ ਅਫ਼ਸਰ ਬਰਨਾਲਾ ਵੱਲੋਂ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ/ ਰਜਿਸਟ੍ਰੇਸ਼ਨ ਲੈਣ ਸਬੰਧੀ  ਵੀ ਹਦਾਇਤ ਕੀਤੀ ਗਈ। 

 ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ/ ਰਜਿਸ਼ਟ੍ਰੇਸਨ ਪ੍ਰਾਪਤ ਕਰਨ ਅਤੇ ਹੋਰ ਕਿਸੇ ਵੀ ਤਰਾਂ ਦੀ ਜਾਣਕਾਰੀ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਹਾਸਲ ਕੀਤੀ ਜਾ ਸਕਦੀ ਹੈ।

ਮਹਿਲ ਕਲਾ ਤਹਿਸੀਲ ਦਾ ਰਜਿਸਟਰੀ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਵਿਜੀਲੈਂਸ ਨੇ ਕੀਤਾ ਕਾਬੂ

ਮਹਿਲ ਕਲਾਂ 28 ਫਰਵਰੀ ( ਗੁਰਸੇਵਕ ਸੋਹੀ ) ਵਿਜੀਲੈਸ ਵਿਭਾਗ ਸੰਗਰੂਰ ਦੀ ਟੀਮ ਵੱਲ਼ੋਂ ਤਹਿਸੀਲ ਮਹਿਲ ਕਲਾਂ ਵਿਖੇ ਰੇਡ ਕਰਕੇ੍ ਰਜਿਸਟਰੀ ਕਲਰਕ ਨੂੰ ਰਿਸਵਤ ਲੈਦਿਆ ਕਾਬੂ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਸੰਗਰੂਰ ਦੀ ਟੀਮ ਦੇ ਇੰਨਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਜੇ ਕੁਮਾਰ ਪੁੱਤਰ ਸੂਰਤਾ ਰਾਮ ਵਾਸੀ ਮਹਿਲ ਕਲਾਂ ਦੀ ਸਕਾਇਤ ਤੇ ਬਿਨਾਂ ਅੈਨ ਓ ਸੀ ਤੋਂ ਰਜਿਸਟਰੀ ਕਰਨ ਬਦਲੇ  ਤਹਿਸੀਲ ਮਹਿਲ ਕਲਾਂ ਦੇ ਰਜਿਸਟਰੀ  ਕਲਰਕ ਕੁਲਬੀਰ ਸਿੰਘ ਨੂੰ ਸਰਕਾਰੀ ਗਵਾਹ ਡਾ . ਇੰਦਰਮੋਹਣਜੀਤ ਸਿੰਘ ਅਤੇ ਡਾ . ਦਵਿੰਦਰ ਕੁਮਾਰ ਦੀ ਹਾਜਰੀ ਵਿੱਚ  35000 ( ਪੈਤੀ ਹਜ਼ਾਰ ) ਰੁਪਏ ਰਿਸਵਤ ਲੈਦਿਆ ਰੰਗੇ ਹੱਥੀਂ ਕਾਬੂ ਕਰਕੇ ਭਿ੍ਸਟਾਚਾਰ ਰੋਕੂ ਅੈਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ । ਇਸ ਮੌਕੇ ਓੁਹਨਾ ਨਾਲ ਸਬ ਇੰਸਪੈਕਟਰ ਕਿ੍ਸਨ ਕੁਮਾਰ , ਹੈਡ ਕਾਸਟੇਬਲ ਗੁਰਦੀਪ ਸਿੰਘ , ਅਮਨਦੀਪ ਸਿੰਘ , ਭੁਪਿੰਦਰ ਸਿੰਘ ਹਾਜਰ ਸਨ ।

ਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ

ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈੱਲਫ਼ੇਅਰ ਸੁਸਾਇਟੀ (ਰਜਿ.114) ਪੰਜਾਬ ਵੱਲੋਂ ਮਿਤੀ 27-02-2024 ਦਿਨ ਮੰਗਲਵਾਰ ਨੂੰ ਕਰਵਾਏ ਗਏ 125ਵੇਂ ਆਨਲਾਈਨ ਪੰਜਾਬੀ ਕਵੀ ਦਰਬਾਰ ਪ੍ਰੋਗਰਾਮ "ਸ਼ਾਮ-ਏ-ਮਹਿਫ਼ਿਲ" ਵਿੱਚ ਲੇਖਕ ਮਹਿੰਦਰ ਸੂਦ ਵਿਰਕ ਨੂੰ ਕਵੀ ਵਜੋਂ ਸ਼ਿਰਕਤ ਕਰਨ ਲਈ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਦੇ ਸੰਸਥਾਪਕ ਅਤੇ ਚੇਅਰਮੈਨ ਗੁਰਵੇਲ ਕੋਹਾਲਵੀ ਨੇ ਕਿਹਾ ਕਿ ਲੇਖਕ ਮਹਿੰਦਰ ਸੂਦ ਵਿਰਕ ਨੂੰ ਸਨਮਾਨਿਤ ਕਰਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਸ ਮੌਕੇ ਬੋਲਦਿਆਂ ਲੇਖਕ ਮਹਿੰਦਰ ਸੂਦ ਵਿਰਕ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਸਦਾ ਹੀ "ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ" ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਰਹੇ।ਲੇਖਕ ਸੂਦ ਵਿਰਕ ਨੇ ਸਾਹਿਤ ਸਭਾ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

ਕਾਂਗਰਸੀਆਂ ਨੇ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਲਈ ਕੱਢਿਆ ਟਰੈਕਟਰ ਰੋਸ ਮਾਰਚ 

ਐੱਮ.ਪੀ ਬਿੱਟੂ, ਮੇਜਰ ਮੁੱਲਾਂਪੁਰ, ਕੈਪਟਨ ਸੰਧੂ ਨੇ ਕੀਤੀ ਅਗਵਾਈ 
ਕਿਸਾਨਾਂ ਦੀ ਕਾਤਲ ਕੇਂਦਰ ਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਲੱਗੇ ਨਾਅਰੇ
ਮੁੱਲਾਂਪੁਰ ਦਾਖਾ 28 ਫਰਵਰੀ ( ਸਤਵਿੰਦਰ ਸਿੰਘ ਗਿੱਲ)
ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾ ‘ਤੇ ਹਰਿਆਣਾ ਪੁਲਿਸ ਵਲੋਂ ਕਿਸਾਨ, ਮਜਦੂਰਾਂ ‘ਤੇ ਢਾਹੇ ਜਾ ਰਹੇ ਤਸੱਦਦ ਅਤੇ ਅੰਦੋਲਨਕਾਰੀ ਗੱਭਰੂਆਂ ਦੀ ਸ਼ਹਾਦਤ ਨੂੰ ਲੈ ਕੇ ਦੇਸ਼-ਵਿਦੇਸ਼ਾਂ ‘ਚ ਜਿੱਥੇ ਕਿਸਾਨੀ ਅੰਦੋਲਨ ਦੀ ਹੂਕ ਗੂੰਜ ਰਹੀ ਹੈ, ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੱਦੇ ’ਤੇ ਹਲਕਾ ਦਾਖਾ ਅੰਦਰ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਦੇ ਹੱਕ ਵਿੱਚ ਅੱਜ ਟਰੈਕਟਰ ਰੋਸ ਮਾਰਚ ਕੱਢਿਆ ਗਿਆ। ਜਿਸਦੀ ਅਗਵਾਈ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਲੁਧਿਆਣਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਕੀਤੀ। ਇਹ ਟਰੈਕਟਰ ਮਾਰਚ  ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਬੱਦੋਵਾਲ ਦੇ ਬਾਬਾ ਜਾਹਰ ਬਲੀ ਦੇ ਮੈਦਾਨ ਵਿੱਚੋਂ ਰਵਾਨਾ ਹੋਇਆ ਜੋ ਕੌਮੀ ਸ਼ਾਹ ਮੁੱਖ ਮਾਰਗ ’ਤੇ ਹੁੰਦਾ ਹੋਇਆ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਾ ਹੋਇਆ ਕਸਬਾ ਚੌਕੀਮਾਨ ਤੱਕ ਪੁੱਜਿਆ। ਦੋ-ਢਾਈ ਸੋ ਟਰੈਕਟਰਾਂ ਉੱਪਰ ਕਾਂਗਰਸ ਦੇ ਹੱਥ ਪੰਜੇ ਵਾਲਾ ਝੰਡਾ ਤੇ ਕਿਸਾਨੀ ਝੰਡਾ ਹਰੇ ਰੰਗ ਦਾ ਸੀ ਜਿਸ ਉੱਪਰ ਲਿਖਿਆ ਸੀ ਨੋ-ਫਾਰਮਰ, ਨੋ -ਫੂਡ। ਕਿਸਾਨਾਂ ਨੇ ਉੱਚੀ-ਉੱਚੀ ਨਾਅਰੇ ਲਗਾਏ ਕਿਸਾਨਾਂ ਦੀ ਕਾਤਲ ਕੇਂਦਰ ਤੇ ਹਰਿਆਣਾ ਸਰਕਾਰ ਮੁਰਦਾਬਾਦ।
         ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਅੰਨਦਾਤਾ ਜੋ ਚੂਹੇ ਤੋਂ ਲੈ ਕੇ ਰਾਜੇ ਤੱਕ ਢਿੱਡ ਭਰਦਾ ਹੈ, ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਉਂਪਰ ਖੁੱਲ੍ਹੇ ਅਸਮਾਨ ਹੇਠ ਠੰਡੀਆਂ ਰਾਤਾ ਕੱਟਣ ਲਈ ਮਜ਼ਬੂਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਦੇਸ਼ਾਂ ’ਤੇ ਹਰਿਆਣਾ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਪਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਲੱਗੀ ਹੈ, ਪੰਜਾਬ ਦੀ ਹਦੂਦ ਅੰਦਰ ਆ ਕੇ ਕਿਸਾਨਾਂ ਉੱਪਰ ਗੋਲੀਆਂ ਚਲਾ ਕੇ ਅਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ, ਕਿਸਾਨਾਂ ਦਾ 20 ਤੋਂ ਵੱਧ ਟਰੈਕਟਰਾਂ ਅਤੇ 05 ਗੱਡੀਆਂ ਦਾ ਨੁਕਸਾਨ ਕੀਤਾ ਗਿਆ। ਬਠਿੰਡੇ ਜਿਲ੍ਹੇ ਦੇ ਬੱਲੋ ਪਿੰਡ ਦੇ ਮਾਪਿਆਂ ਦਾ ਲਾਡਲਾ ਦੋ ਭੈਣਾਂ ਦਾ ਇਕਲੌਤਾ ਭਰਾ ਸ਼ੁਭਕਰਨ ਸਿੰਘ ਗੋਲੀ ਦਾ ਸ਼ਿਕਾਰ ਹੋਇਆ ਅਤੇ ਪਤਾ ਨਹੀਂ ਕਿੰਨੇ ਨੌਜਵਾਨ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਹਰਿਆਣਾ ਪੁਲਿਸ ਦਾ ਨੰਗਾ ਨਾਚ, ਟਰੈਕਟਰਾ ‘ਤੇ ਹੋਰ ਗੱਡੀਆ ਦੀ ਭੰਨਤੋੜ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਚੁੱਪ ਸ਼ਪਸਟ ਕਰ ਗਈ ਕੇ ਇਹ ਵੀ ਕੇਂਦਰ ਦਾ ਹੱਥ ਠੋਕਾ ਬਣ ਗਿਆ।
           ਇਸ ਟਰੈਕਟਰ ਰੋਸ ਮਾਰਚ ’ਚ ਬਲਾਕ ਸਿੱਧਵਾ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ, ਬਲਾਕ ਪੱਖੋਵਾਲ/ਸੁਧਾਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ, ਸਾਬਕਾ ਪ੍ਰਧਾਨ ਮਨਪ੍ਰੀਤ ਸਿੰਘ ਸੇਖੋਂ ਈਸੇਵਾਲ, ਲਖਵਿੰਦਰ ਸਿੰਘ ਸਪਰਾ, ਕੁਲਦੀਪ ਸਿੰਘ ਬੱਦੋਵਾਲ, ਸੰਦੀਪ ਸਿੰਘ ਸੰਨੀ ਜੋਧਾ , ਕਮਲਜੀਤ ਸਿੰਘ ਬਿੱਟੂ, ਵਰਿੰਦਰ ਸਿੰਘ ਮਦਾਰਪੁਰਾ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਲੱਛਮਣ ਸਿੰਘ ਪੋਨਾ ਕੋਠਾ, ਗਰਚਰਨ ਸਿੰਘ ਤਲਵਾੜਾ, ਸੁਰਿੰਦਰ ਸਿੰਘ ਰਾਜੂ, ਜਾਗੀਰ ਸਿੰਘ ਵਲੀਪੁਰ, ਤਰਸੇਮ ਸਿੰਘ ਤਲਵੰਡੀ ਨੋ ਆਬਾਦ, ਰਣਵੀਰ ਸਿੰਘ ਰੁੜਕਾ, ਰਣਵੀਰ ਸਿੰਘ ਟੋਨੀ ਭੱਠਾਧੂਆ, ਲਾਲ ਸਿੰਘ ਸਵੱਦੀ, ਦਲਜੀਤ ਸਿੰਘ ਸਵੱਦੀ, ਭਜਨ ਸਿੰਘ ਦੇਤਵਾਲ, ਕੁਲਦੀਪ ਸਿੰਘ ਬੋਪਾਰਾਏ ਛਪਾਰ, ਰਣਜੀਤ ਸਿੰਘ ਰੂੰਮੀ, (ਸਾਰੇ ਸਰਪੰਚ), ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ, ਲਖਵਿੰਦਰ ਸਿੰਘ ਸਪਰਾ, ਸੁਖਪ੍ਰੀਤ ਸਿੰਘ ਜੱਸੋਵਾਲ, ਸਾਬਕਾ ਸਰਪੰਚ ਹਰਕੇਵਲ ਸਿੰਘ ਰਾਏ, ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ, ਰਛਪਾਲ ਸਿੰਘ ਰਾਣਾ, ਅਮੋਲਕ ਸਿੰਘ, ਗੈਰੀ ਮਲਸੀਹਾਂ, ਪੰਚ ਗੁਰਪ੍ਰੀਤ ਸਿੰਘ, ਚੰਦ ਸਿੰਘ ਪੂਨੀਆਂ, ਅਮਰਜੀਤ ਸਿੰਘ ਪੂਨੀਆਂ, ਸਵਰਨ ਸਿੰਘ ਛੱਜਾਵਾਲ, ਪੰਚ ਗੁਰਮੀਤ ਸਿੰਘ ਮਿੰਟੂ ਰੂੰਮੀ, ਕੁਲਦੀਪ ਸਿੰਘ ਗੁੱਜਰਵਾਲ, ਬਲਵੀਰ ਸਿੰਘ ਬਾਸੀਆਂ, ਗਿਆਨੀ ਮਲਕੀਤ ਸਿੰਘ ਨਿੱਕਾ, ਮਲਕੀਤ ਸਿੰਘ ਤਲਵਾੜਾ, ਛਿੰਦਾ ਗੋਰਸ਼ੀਆਂ ਕਾਦਰ ਬਖਸ਼, ਮਨਜਿੰਦਰ ਸਿੰਘ ਜਾਂਗਪੁਰ, ਡਾਇਰੈਕਟਰ ਜਗਦੀਪ ਸਿੰਘ ਜੱਗਾ, ਕੌਂਸਲਰ ਜਸਵਿੰਦਰ ਸਿੰਘ ਹੈਪੀ, ਮਨਜਿੰਦਰ ਸਿੰਘ ਜਾਂਗਪੁਰ, ਹੈਪੀ ਰਾਏ ਈਸੇਵਾਲ ਅਤੇ ਗੁਰਸੇਵਕ ਸਿੰਘ ਸਵੱਦੀ ਅਦਿ ਹਾਜਰ ਸਨ।

ਕਾਂਗਰਸੀ ਕੌਂਸਲਰ ਰੇਖਾ ਰਾਣੀ ਪਰਿਵਾਰ ਸਮੇਤ ਭਾਜਪਾ ’ਚ ਸ਼ਾਮਲ 

ਬਾਲ ਕ੍ਰਿਸ਼ਨ ਬਣਿਆ ਮੁੱਲਾਂਪੁਰ ਦਾਖਾ ਦਾ ਮੰਡਲ ਪ੍ਰਧਾਨ
ਮੁੱਲਾਂਪੁਰ ਦਾਖਾ 28 ਫਰਵਰੀ ( ਸਤਵਿੰਦਰ ਸਿੰਘ ਗਿੱਲ)
  ਹਲਕਾ ਦਾਖਾ ’ਚ ਕਾਂਗਰਸ ਪਾਰਟੀ ਨੂੰ ਉਦੋਂ ਕਰਾਰਾ ਝਟਕਾ ਲੱਗਾ, ਜਦੋਂ ਵਾਰਡ ਨੰਬਰ 03 ਤੋਂ ਕੌਂਸਲਰ ਰੇਖਾ ਰਾਣੀ ਆਪਣੇ ਪਤੀ ਬਾਲ ਕ੍ਰਿਸ਼ਨ ਅਤੇ ਪੁੱਤਰ ਸ਼ੁਭਮ ਚੰਡਾਲੀਆ ਜ਼ਿਲਾ ਵਾਈਸ ਪ੍ਰਧਾਨ ਐੱਸ. ਸੀ. ਵਿੰਗ ਅਤੇ ਜ਼ਿਲਾ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਕੋਰ ਕਮੇਟੀ ਦੇ ਮੈਂਬਰ ਅਰਵਿੰਦ ਖੰਨਾ, ਸੂਬਾ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਬਰਾੜ, ਜ਼ਿਲਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ, ਗੇਜਾ ਰਾਮ ਅਤੇ ਰੋਹਿਤ ਅਗਰਵਾਲ ਕਨਵੀਨਰ ਰਾਈਸ ਟਰੇਡ ਸੈੱਲ ਪੰਜਾਬ ਆਦਿ ਹਾਜ਼ਰ ਸਨ।
          ਇਸ ਮੌਕੇ ਕੌਂਸਲਰ ਰੇਖਾ ਰਾਣੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਪ ਵੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਅਲਵਿਦਾ ਕਿਹਾ ਹੈ । ਉੱਧਰ ਭਾਜਪਾ ’ਚ ਸ਼ਾਮਲ ਹੁੰਦਿਆ ਹੀ ਜ਼ਿਲਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ, ਗੇਜਾ ਰਾਮ ਅਤੇ ਰੋਹਿਤ ਅਗਰਵਾਲ ਕਨਵੀਨਰ ਰਾਈਸ ਟਰੇਡ ਸੈੱਲ ਪੰਜਾਬ ਨੇ ਮਹਿਲਾ ਕੌਂਸਲਰ ਰੇਖਾ ਰਾਣੀ ਦੇ ਪਤੀ ਬਾਲ ਕ੍ਰਿਸ਼ਨ ਨੂੰ ਮੁੱਲਾਂਪੁਰ ਦਾਖਾ ਦਾ ਮੰਡਲ ਪ੍ਰਧਾਨ ਬਣਾ ਦਿੱਤਾ ਹੈ। ਕੌਂਸਲਰ ਰੇਖਾ ਰਾਣੀ ਅਤੇ ਬਾਲ ਕਿ੍ਰਸ਼ਨ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਉਹ ਹੁਣ ਭਾਜਪਾ ਪਾਰਟੀ ਦੀਆਂ ਲੋਕ ਹਿੱਤੂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰ ਦੇਣਗੇ ਅਤੇ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਉਨ੍ਹਾਂ ਨੂੰ ਸੌਂਪੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ।

ਪਿੰਡ ਮੱਲਾ ਦੀ 13 ਸਾਲ ਦੀ ਗੁਰਲੀਨ ਕੌਰ ਅੰਡਰ 16 ਇੰਡੀਆ ਫੁਟਬਾਲ ਟੀਮ ਵਿੱਚ ਸ਼ਾਮਿਲ

 ਹਠੂਰ, 28 ਫਰਵਰੀ (ਕੌਸਲ ਮੱਲਾ)- ਪਿੰਡ ਮੱਲ੍ਹਾ ਦੀ ਧੀ ਗੁਰਲੀਨ ਕੌਰ ਮੱਲ੍ਹਾ ਦੇ 13 ਸਾਲ ਦੀ ਉਮਰ ਵਿਚ ਹੀ ਇੰਡੀਆ ਦੀ ਅੰਡਰ 16 ਫੁੱਟਬਾਲ ਟੀਮ ’ਚ ਸ਼ਾਮਲ ਹੋ ਕੇ ਨੇਪਾਲ ਵਿਖੇ ਖੇਡਣ ਜਾਣਾ ਆਪਣੇ ਪਿੰਡ, ਜ਼ਿਲ੍ਹਾ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਨਾਂਅ ਰੌਸ਼ਨ ਕਰ ਦਿੱਤਾ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਗੁਰਲੀਨ ਕੌਰ ਮੱਲ੍ਹਾ ਦੇ ਪਿਤਾ ਕੁਲਦੀਪ ਸਿੰਘ ਗੋਗਾ ਨੇ ਦੱਸਿਆ ਕਿ ਸਾਊਥ ਏਸ਼ੀਆ ਫੁੱਟਬਾਲ ਫੈਡਰੇਸ਼ਨ ਕੱਪ ਲਈ ਟੀਮ ਇੰਡੀਆ ਨੇਪਾਲ ਪਹੁੰਚ ਗਈ ਹੈ। ਇਹ ਫੁੱਟਬਾਲ ਕੱਪ ਚਾਰ ਦੇਸ਼ਾਂ ਇੰਡੀਆ, ਨੇਪਾਲ, ਬੰਗਲਾ ਦੇਸ਼ ਅਤੇ ਭੂਟਾਨ ਦੀਆਂ ਟੀਮਾਂ ਵਿਚਕਾਰ 1 ਮਾਰਚ ਤੋਂ 10 ਮਾਰਚ ਤੱਕ ਹੋ ਰਿਹਾ ਹੈ। ਉਨਾਂ੍ਹ ਦੱਸਿਆ ਕਿ ਇਸ ਇੰਡੀਆ ਟੀਮ ’ਚ ਪੰਜਾਬ ਤੋਂ ਦੋ ਲੜਕੀਆਂ ਨੂੰ ਚੁਣਿਆ ਗਿਆ ਹੈ। ਜਿਸ ਵਿਚ ਉਨਾਂ੍ਹ ਦੀ ਲੜਕੀ ਗੁਰਲੀਨ ਕੌਰ ਮੱਲ੍ਹਾ ਅਤੇ ਇਕ ਲੜਕੀ ਗੁਰਨਾਜ਼ ਕੌਰ ਪਟਿਆਲਾ ਜ਼ਿਲ੍ਹੇ ਤੋਂ ਹੈ। ਉਨਾਂ੍ਹ ਦੱਸਿਆ ਕਿ ਗੁਰਲੀਨ ਕੌਰ ਮੱਲ੍ਹਾ ਦੀ ਚੋਣ ਸਤੰਬਰ 2023 ਨੂੰ ਨੈਸ਼ਨਲ ਚੈਪੀਅਨਸ਼ਿੱਪ ਵਿਚੋਂ ਟੀਮ ਇੰਡੀਆਂ ਲਈ ਚੋਣ ਹੋਈ ਸੀ ਅਤੇ ਡੇਢ ਮਹੀਨਾ ਗੋਆ ਵਿਖੇ ਕੈਂਪ ਲਾਇਆ ਗਿਆ। ਉਸ ਤੋਂ ਬਾਆਦ ਇਹ ਚੋਣ ਹੋਈ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਪ੍ਰਿੰ. ਬਲਵੰਤ ਸਿੰਘ ਸੰਧੂ, ਚੰਦ ਸਿੰਘ ਡੱਲਾ, ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਰਛਪਾਲ ਸਿੰਘ ਚਕਰ, ਸਾਬਕਾ ਡੀ. ਆਈ. ਜੀ. ਗੁਰਪ੍ਰੀਤ ਸਿੰਘ ਤੂਰ, ਸਰਪੰਚ ਹਰਬੰਸ ਸਿੰਘ, ਜੱਗਾ ਸਿੰਘ, ਦੀਸ਼ਾ ਸਿੰਘ, ਪ੍ਰਿੰ. ਪ੍ਰਮਿੰਦਰ ਸਿੰਘ ਝੋਰੜਾਂ, ਰਣਜੀਤ ਸਿੰਘ ਦੇਹੜਕਾ, ਦਰਸ਼ਨ ਸਿੰਘ ਹਠੂਰ, ਬੀਬੀ ਮਨਜੀਤ ਕੌਰ ਦੇਹੜਕਾ ਨੇ ਗੁਰਲੀਨ ਕੌਰ ਮੱਲ੍ਹਾ ਦੇ ਪਿਤਾ ਕੁਲਦੀਪ ਸਿੰਘ ਗੋਗਾ, ਮਾਤਾ ਤੇ ਪਰਿਵਾਰ ਸਮੇਤ ਕੋਚ ਅਮਿਤ ਕੁਮਾਰ ਚਕਰ, ਕੋਚ ਮਨਦੀਪ ਕੌਰ ਝੋਰੜਾਂ, ਕੋਚ ਮਹਿੰਦਰ ਸਿੰਘ ਮਾਣੂੰਕੇ, ਕੋਚ ਜਗਜੀਤ ਸਿੰਘ ਮੱਲ੍ਹਾ, ਕੋਚ ਸੰਦੀਪ ਸਿੰਘ ਫਗੜਾੜਾ ਏ. ਐਸ. ਆਈ., ਕੋਚ ਅਮਰਜੀਤ ਸਿੰਘ ਕੁਟਾਲਾ, ਕੋਚ ਗੁਰਪ੍ਰੀਤ ਸਿੰਘ ਅਲੂਣਾ ਤੋਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਪਿੰਡ ਮੱਲ੍ਹਾ ਜਾਂ ਲੁਧਿਆਣਾ ਜ਼ਿਲ੍ਹੇ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਇੰਡੀਆ ਵਿਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਲ੍ਹਾ ਦੀ ਇਕ ਧੀ ਨੇਪਾਲ ਖੇਡਣ ਗਈ ਹੈ। ਸਮੂਹ ਨੇ ਕਿਹਾ ਕਿ ਉਸ ਦੇ ਦੇਸ਼ ਪਰਤਣ ’ਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਗੁਰਲੀਨ ਕੌਰ ਦੀ ਇਸ ਸਮੇਂ ਉਮਰ 13 ਸਾਲ ਹੈ।
 

“ਭੁੱਖ ਹੜ੍ਹਤਾਲ ਵਿੱਚ ਆਕਰਸ਼ਿਤ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਆਸੀ ਪਾਰਟੀ ਦੇ ਮੈਂਬਰ”

ਬਹੁਤ ਵੱਡੀ ਗੱਲ ਹੁੰਦੀ ਹੈ ਦਿਨ ਰਾਤ ਡੱਟ ਕੇ ਨਾਲ ਖੜਣਾ। ਦਿਨ ਰਾਤ ਸੇਵਾ ਕਰਣੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੈਂਬਰ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਚਟਾਣ ਵਾਂਗ ਖੜੇ ਹਨ। ਜਿਸ ਦਿਨ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਮਾਤਾ ਜੀ ਅਤੇ ਹੋਰ ਸਿੰਘਾਂ ਦੇ ਪਰਿਵਾਰਕ ਮੈਂਬਰ ਭੁੱਖ ਹੜਤਾਲ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਬੈਠੇ ਹਨ। ਉਸ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਾਰੀ ਟੀਮ ਨੇ ਸੰਪੂਰਨ ਸਮਰਥਨ ਦਿੱਤਾ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਾਰੇ ਅਹੁੱਦੇਦਾਰਾਂ ਨੇ ਖੁਦ ਆਪਣੀਆਂ ਡਿਉਟੀਆਂ ਲਗਾ ਰੱਖੀਆਂ ਹਨ। ਸਾਰਾ ਦਿਨ ਸਾਰੀ ਰਾਤ ਇੰਨ੍ਹਾਂ ਦੀ ਪਾਰਟੀ ਦੇ ਅਹੁੱਦੇਦਾਰ ਸਾਰੇ ਪਰਿਵਾਰਾਂ ਦੀ ਸੇਵਾ ਵਿੱਚ ਹਾਜ਼ਿਰ ਰਹਿੰਦੇ ਹਨ।

ਮੈਂ ਖੁਦ ਦਿਨ ਵਿੱਚ ਕੁਝ ਸਮਾਂ ਕੱਢ ਕੇ 23 ਫਰਵਰੀ ਤੋਂ ਲਗਾਤਾਰ ਪਰਿਵਾਰਾਂ ਦੇ ਦਰਸ਼ਨ ਕਰਣ ਚਲੀ ਜਾਂਦੀ ਹਾਂ। ਬਹੁਤ ਸਾਰੇ ਸਾਡੇ ਸਿਆਸੀ ਆਗੂ, ਬਹੁਤ ਸਾਰੇ ਸਾਡੇ ਸਿੱਖ ਆਗੂ, ਬਹੁਤ ਸਾਰੇ ਸਾਡੇ ਸਮਾਜ ਸੇਵੀ ਰੋਜ਼ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਭੁੱਖ ਹੜਤਾਲ ਵਿੱਚ ਬੈਠੇ ਪਰਿਵਾਰਾਂ ਨੂੰ ਸਮਰਥਣ ਦੇਣ ਆਉਂਦੇ ਹਨ ਅਤੇ ਦੋ ਤਿੰਨ ਘੰਟੇ ਬੈਠ ਕੇ ਚਲੇ ਜਾਂਦੇ ਹਨ। ਸਮਰਥਣ ਵਿੱਚ ਆਉਣ ਵਾਲੀਆਂ ਸਭ ਸ਼ਖਸਿਅਤਾਂ ਸਤਿਕਾਰਤ ਹਨ।

ਪਰ ਜੋ ਮੈਂ 23 ਫਰਵਰੀ ਤੋਂ ਲਗਾਤਾਰ ਰੋਜ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਟੀ ਮੈਂਬਰਾਂ ਦੀ ਸੇਵਾ ਅੱਖੀਂ ਦੇਖ ਰਹੀ ਹਾਂ ਉਹ ਸ਼ਲਾਘਾਯੋਗ ਹੈ। ਸਾਰਾ ਦਿਨ ਵੀ ਇੰਨ੍ਹਾਂ ਦੀ ਪਾਰਟੀ ਦੇ ਮੈਂਬਰ ਪਰਿਵਾਰਾਂ ਨਾਲ ਰਹਿੰਦੇ ਹਨ ਅਤੇ ਸਾਰੀ ਰਾਤ ਵੀ। ਸ: ਹਰਪਾਲ ਸਿੰਘ ਬਲੇਰ-ਜਨਰਲ ਸਕੱਤਰ, ਚਾਨਣ ਸਿੰਘ ਘਰਿਆਲਾ-ਮੀਤ ਪ੍ਰਧਾਨ ਜ਼ਿਲਾ ਤਰਨਤਾਰਨ, ਜਸਬੀਰ ਸਿੰਘ ਬਚੜ੍ਹੇ-ਜਥੇਬੰਦਕ ਸਕੱਤਰ ਮਾਝਾ ਜ਼ੋਨ ਨਾਲ ਮੈਂ ਅੱਜ ਕਾਫੀ ਵਿਚਾਰ ਚਰਚਾ ਕੀਤੀ।

ਸ: ਹਰਪਾਲ ਸਿੰਘ ਬਲੇਰ ਜੀ ਨੇ ਬਹੁਤ ਗਹਿਰੀ ਚਿੰਤਾ ਪ੍ਗਟ ਕਰਦਿਆਂ ਦੱਸਿਆ ਕਿ ਉ੍ਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਜੀ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਾਰੇ ਅਹੁੱਦੇਦਾਰਾਂ ਦੀ ਡਿਊਟੀ ਲਗਾਈ ਹੈ ਕਿ ਭੁੱਖ ਹੜਤਾਲ ਉੱਤੇ ਬੈਠੇ ਸਾਰੇ ਪਰਿਵਾਰਾਂ ਨੂੰ ਇੱਕ ਦਿਨ ਵੀ ਇਕੱਲਾ ਨਹੀਂ ਛੱਡਣਾ ਅਤੇ ਦਿਨ ਰਾਤ ਸਾਰੇ ਅਹੁੱਦੇਦਾਰ ਇੰਨਾਂ ਪਰਿਵਾਰਾਂ ਨਾਲ ਰਹਿਣਗੇ। ਉੱਨਾਂ ਦੱਸਿਆ ਕਿ ਅਸੀਂ ਸਾਰੇ ਅਹੁੱਦੇਦਾਰ ਪਾਰਟੀ ਦੇ ਦਿਸ਼ਾ ਅਨੁਸਾਰ ਅਤੇ ਆਪਣਾ ਇਖਲਾਕੀ ਹੱਕ ਸਮਝਦੇ ਹੋਏ ਪਰਿਵਾਰਾਂ ਦੇ ਦੁੱਖ ਵਿੱਚ ਪਹਿਲੇ ਦਿਨ ਤੋਂ ਹੀ ਸ਼ਾਮਿਲ ਹਾਂ ਅਤੇ ਜਦੋਂ ਤੱਕ ਪਰਿਵਾਰਾਂ ਦੀ ਭੁੱਖ ਹੜਤਾਲ ਖਤਮ ਨਹੀਂ ਹੋ ਜਾਂਦੀ ਉਹ ਸਾਰੇ ਅਹੁੱਦੇਦਾਰ ਇਸ ਤਰਾਂ ਹੀ ਇੱਥੇ ਸੇਵਾ ਵਿੱਚ ਰਹਿਣਗੇ। ਸ: ਹਰਪਾਲ ਸਿੰਘ ਬਲੇਰ ਜੀ ਨੇ ਪਰਿਵਾਰਾਂ ਦੀ ਸਹਿਤ ਨੂੰ ਲੈ ਕੇ ਵੀ ਗਹਿਰੀ ਚਿੰਤਾ ਜ਼ਾਹਿਰ ਕੀਤੀ, ਉੱਨਾਂ ਕਿਹਾ ਕਿ ਕਈ ਪਰਿਵਾਰਕ ਮੈਂਬਰਾਂ ਦੀ ਸਹਿਤ ਕਮਜ਼ੋਰ ਹੋ ਰਹੀ ਹੈ, ਮੌਸਮ ਵੀ ਕਈ ਵਾਰ ਖਰਾਬ ਹੋ ਜਾਂਦਾ ਹੈ, ਭੁੱਖ ਹੜਤਾਲ ਵਿੱਚ ਬੈਠੇ ਪਰਿਵਾਰਾਂ ਦੇ ਸਮਰਥਨ ਵਿੱਚ ਦਿਨੋਂ ਦਿਨ ਸੰਗਤ ਆਪਣੇ ਪਰਿਵਾਰ ਲੈ ਕੇ ਇਸ ਮੋਰਚੇ ਵਿੱਚ ਪਹੁੰਚ ਰਹੇ ਹਨ ਜੋ ਇੱਥੇ ਸਾਰੇ ਪਰਿਵਾਰਾਂ ਨਾਲ ਰਹਿੰਦੇ ਹਨ। ਉੱਨਾਂ ਨਾਲ ਛੋਟੇ ਛੋਟੇ ਬੱਚੇ ਵੀ ਹਨ। ਉੱਨਾਂ ਚਿੰਤਾ ਜ਼ਾਹਿਰ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇੰਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਭੁੱਖ ਹੜਤਾਲ ਉੱਤੇ ਬੈਠੇ ਪਰਿਵਾਰਕ ਮੈਂਬਰਾਂ ਦੀ ਸਹਿਤ ਖ਼ਰਾਬ ਹੋਣਾ ਲਾਜ਼ਮੀ ਹੈ। ਉੱਨਾਂ ਦੱਸਿਆ ਕਿ ਉੱਨਾਂ ਦੀ ਹੀ ਪਾਰਟੀ ਦੇ ਅਹੁੱਦੇਦਾਰ ਭਾਈ ਹਰਮੇਲ ਸਿੰਘ ਜੋਧੇ ਵੀ ਅੰਮ੍ਰਿਤਸਰ ਜ਼ੇਲ੍ਹ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਨਜ਼ਰਬੰਦ ਕੀਤੇ ਹੋਏ ਹਨ। ਉੱਨਾਂ ਨੇ ਦੱਸਿਆ ਕਿ ਸਿਰਫ ਡਿਬਰੂਗੜ ਜ਼ੇਲ੍ਹ ਵਿੱਚ ਬੰਦ ਸਿੰਘਾਂ ਨੇ ਭੁੱਖ ਹੜਤਾਲ ਨਹੀਂ ਕੀਤੀ ਬਲਕਿ ਅੰਮ੍ਰਿਤਸਰ ਜ਼ੇਲ੍ਹ ਵਿੱਚ ਬੰਦ 30 ਸਿੰਘਾਂ ਨੇ ਵੀ ਭੁੱਖ ਹੜਤਾਲ ਕੀਤੀ ਹੋਈ ਹੈ। ਜਿੰਨਾਂ ਵਿੱਚੋਂ ਕਈ ਸਿੰਘਾਂ ਦੀ ਹਾਲਤ ਦਿੰਨੋਂ ਦਿਨ ਖ਼ਰਾਬ ਹੋ ਰਹੀ ਹੈ ਅਤੇ ਮਜੂਦਾ ਸਰਕਾਰ ਇਨਸਾਨੀਅਤ ਦਾ ਘਾਣ ਕਰਦੀ ਹੋਈ ਦਿੱਸ ਰਹੀ ਹੈ। ਸ: ਹਰਪਾਲ ਸਿੰਘ ਬਲੇਰ ਜੀ ਨੇ ਜੋ ਸਥਿਤੀ ਦੱਸੀ ਉਹ ਸੁਣ ਕੇ ਬਹੁਤ ਮਨ ਉਚਾਟ ਹੋਇਆ। ਮਜੂਦਾ ਸਰਕਾਰ ਅਤੇ ਪ੍ਰਸ਼ਾਸਨ ਦਾ ਇਹ ਰਵੱਈਆ ਆਉਣ ਵਾਲੇ ਸਮੇਂ ਵਿੱਚ ਜਨਤਾ ਲਈ ਕਿਸ ਕਦਰ ਘਾਤਕ ਹੋਵੇਗਾ ਇਹ ਸਾਰੀ ਜਨਤਾ ਨੂੰ ਵਿਚਾਰਣ ਦੀ ਲੋੜ ਹੈ।

ਰਸ਼ਪਿੰਦਰ ਕੌਰ ਗਿੱਲ

ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078

ਦੋ ਸਾਲਾਂ ਤੋਂ ਥਾਣੇ ਮੂਹਰੇ ਅਣਮਿਥੇ ਸਮੇਂ ਦਾ ਧਰਨਾ ? ਪੀੜ੍ਹਤਾਂ ਨੂੰ ਇਨਸਾਫ਼ ਕਦੋਂ ਮਿਲੂ? 

ਜਗਰਾਉਂ  28 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ  ) ਤੱਤਕਾਲੀ ਕਥਿਤ ਐਸ.ਐਚ.ਓ. ਤੇ ਏ.ਐਸ.ਆਈ. ਵਲੋਂ ਨਜਾਇਜ਼ ਹਿਰਾਸਤ 'ਚ ਅਨੁਸੂਚਿਤ ਜਾਤੀ ਪਰਿਵਾਰਾਂ 'ਤੇ ਕੀਤੇ ਅੱਤਿਆਚਾਰਾਂ ਖਿਲਾਫ਼ ਸਥਾਨਕ ਥਾਣੇ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਪੱਕੇ ਧਰਨੇ ਵਿੱਚ ਅੱਜ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਯੂਨੀਅਨ (ਏਟਕ) ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਆਗੂ ਬਲਦੇਵ ਸਿੰਘ, ਮੋਰਚੇ ਦੇ ਪ੍ਰਬੰਧਕੀ ਸਕੱਤਰ ਤੇ ਸੀਟੂ ਆਗੂ ਨਿਰਮਲ ਸਿੰਘ ਧਾਲੀਵਾਲ, ਬੀਕੇਯੂ(ਡਕੌਂਦਾ) ਦੇ ਦਲਜੀਤ ਸਿੰਘ ਦੀ ਅਗਵਾਈ ਵਿੱਚ ਪਰਿਵਾਰਿਕ ਮੈਂਬਰਾਂ ਤੇ ਵਰਕਰਾਂ ਨੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ "ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਦੇ ਹੁਕਮਾਂ ਅਤੇ ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਅ
ਐਕਟ-1989 ਸਬੰਧੀ ਰੂਲ਼ 1995 ਸੋਧਿਤ 2016 ਅਨੁਸਾਰ ਸਾਰੇ ਪੀੜ੍ਹਤਾਂ ਨੂੰ ਨੌਰਮ ਤਹਿਤ ਬਣਦਾ ਮੁਆਵਜ਼ਾ, ਤਰਸ ਅਧਾਰਿਤ ਨੌਕਰੀ, ਪੀੜ੍ਹਤ ਮਾਤਾ ਨੂੰ ਪੈਨਸ਼ਨ ਅਤੇ ਲੰਘੇ 20 ਵਿੱਚ ਹੋਏ ਆਰਥਿਕ ਨੁਕਸਾਨ ਦਾ ਸਰਵੇਖਣ ਕਰਵਾਇਆ ਜਾਵੇ। ਪ੍ਰੈਸ ਨੂੰ ਜਾਰੀ ਬਿਆਨ 'ਚ ਜਗਦੀਸ਼ ਸਿੰਘ ਕਾਉਂਕੇ, ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਨੇ ਕੌਮੀ ਕਮਿਸ਼ਨ ਦੇ ਹੁਕਮਾਂ ਦੀ ਘੋਰ ਅਵੱਗਿਆ ਕਰਨ ਦਾ ਦੋਸ਼ ਲਗਾਇਆ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਪੁਲਿਸ ਅਧਿਕਾਰੀਆਂ ਨੇ ਅੱਤਿਆਚਾਰ ਤੋਂ ਪੀੜ੍ਹਤ ਮਨਪ੍ਰੀਤ ਕੌਰ ਨੂੰ ਪਹਿਲਾਂ ਮੁਕੱਦਮੇ ਵਿੱਚ "ਪੀੜ੍ਹਤਾ ਵਜੋਂ" ਸ਼ਾਮਲ ਨਹੀਂ ਕੀਤਾ ਅਤੇ ਹੁਣ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਡੀਜੀਪੀ, ਜਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ਾਂ ਅਨੁਸਾਰ ਕਾਰਵਾਈ ਕਰਨ ਤੋਂ ਕੰਨੀ ਕਤਰਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਕੌਰ ਦਾ ਨਾਮ ਮੁਕੱਦਮਾ ਨੰਬਰ 274/21 ਵਿੱਚ "ਪੀੜ੍ਹਤਾ" ਵਜੋਂ ਤੁਰੰਤ ਸ਼ਾਮਲ ਕੀਤਾ ਜਾਵੇ ਕਿਉਂਕਿ ਜਦੋਂ ਕੌਮੀ ਕਮਿਸ਼ਨ ਨੂੰ ਭੇਜੀ ਦਰੁਖਾਸਤ ਵਿੱਚ ਅਤੇ ਕਮਿਸ਼ਨ ਵਲੋਂ ਭੇਜੇ ਹੁਕਮਾਂ 'ਚ ਨਾਮ ਸ਼ਾਮਲ਼ ਹੈ ਤਾਂ ਫਿਰ ਅਧਿਕਾਰੀਆਂ ਨੂੰ ਐਫ.ਆਈ.ਆਰ. ਵਿੱਚ ਸ਼ਾਮਲ਼ ਕਰਨ ਕੀ ਦਿੱਕਤ ਹੈ ? ਜਦੋਕਿ ਮੁਦਈ ਮੁਕੱਦਮਾ ਨੇ ਅਧਿਕਾਰੀਆਂ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਅਤੇ ਮੁਕੱਦਮਾ ਦਰਜ ਕਰਵਾਉਣ ਸਮੇਂ ਪੂਰੇ ਵਿਸਥਾਰ ਨਾਲ ਘਟਨਾ ਦਾ ਵੇਰਵਾ ਦੱਸਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੌਕੇ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਪੀੜ੍ਹਤਾ ਦਾ ਨਾਮ ਸ਼ਾਮਲ਼ ਨਹੀਂ ਕੀਤਾ। ਮੁਦਈ ਮੁਕੱਦਮਾ ਨੇ ਕਿਹਾ ਕਿ ਹੁਣ ਜਦੋਂ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਡਾਇਰੈਕਟਰ ਬਿਉਰੋ ਵਲੋਂ ਵਾਰ-ਵਾਰ ਪੀੜ੍ਹਤਾ ਦਾ ਨਾਮ ਮੁਕੱਦਮੇ ਵਿੱਚ ਸ਼ਾਮਲ਼ ਕਰਨ ਲਈ ਲਿਖਿਆ ਜਾ ਰਿਹਾ ਹੈ ਤਾਂ ਜਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਕੀ ਦਿੱਕਤ ? ਆਗੂਆਂ ਨੇ ਪ੍ਰਣ ਦੁਹਰਾਇਆ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਪੀੜ੍ਹਤ ਮਾਤਾ ਸੁਰਿੰਦਰ ਕੌਰ, ਮਨਪ੍ਰੀਤ ਕੌਰ, ਦਰਸ਼ਨ ਸਿੰਘ, ਹਰਜੀਤ ਕੌਰ, ਕਮਲ ਕੌਰ, ਠੇਕੇਦਾਰ ਅਵਤਾਰ ਸਿੰਘ, ਦਲਜੀਤ ਸਿੰਘ, ਸੰਤੋਖ ਸਿੰਘ, ਜੋਗਿੰਦਰ ਸਿੰਘ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁੱਖ ਗਿੱਲ ਮੋਗਾ ਨੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਧਰਮਕੋਟ 28 ਫਰਵਰੀ (   ਜਸਵਿੰਦਰ ਸਿੰਘ ਰੱਖਰਾ   ) ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਕਿਸਾਨੀ ਮੋਰਚੇ ਵਿੱਚ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਜਿਲ੍ਹਾ ਬਠਿੰਡਾ ਦੇ ਘਰ ਸਾਥੀਆਂ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ,ਇਸ ਮੌਕੇ ਉਹਨਾਂ ਨਾਲ ਗੁਰਵਿੰਦਰ ਸਿੰਘ ਬੱਲੋ ਸੂਬਾ ਸਕੱਤਰ ਬੀਕੇਯੂ ਏਕਤਾ ਮਾਲਵਾ,ਕਿਸਾਨ ਆਗੂ ਬਖਸ਼ੀਸ਼ ਸਿੰਘ ਰਾਮਗੜ੍ਹ,ਕਿਸਾਨ ਆਗੂ ਹਰਦੀਪ ਸਿੰਘ ਕਰਮੂੰਵਾਲਾ ਵਿਸ਼ੇਸ਼ ਤੌਰ ਤੇ ਹਾਜਰ ਸਨ,ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਸਮੇਤ ਛੇ ਕਿਸਾਨ ਆਗੂ ਇਸ ਕਿਸਾਨੀ ਮੋਰਚੇ 2 ਵਿੱਚ ਸ਼ਹੀਦ ਹੋ ਚੁੱਕੇ ਹਨ,ਅਤੇ ਅਨੇਕਾਂ ਕਿਸਾਨ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਕੇ ਫੱਟੜ ਹੋਏ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ,ਸੁੱਖ ਗਿੱਲ ਮੋਗਾ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕੇ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਅਤੇ ਜਿੰਮੇਵਾਰ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਨਈ ਸੰਯੁਕਤ ਕਿਸਾਨ ਮੋਰਚਾ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਵੱਡੇ ਸੰਘਰਸ਼ ਦਾ ਐਲਾਨ ਕਰੇਗਾ,ਇਸ ਮੌਕੇ ਸ਼ੁਭਕਰਨ ਸਿੰਘ ਗੱਗੂ ਦੇ ਪਿਤਾ ਚਰਨ ਸਿੰਘ ਬੱਲੋ,ਜਸਵੀਰ ਸਿੰਘ,ਬਲਜੀਤ ਸਿੰਘ,ਡਾ ਮੱਖਣ ਸਿੰਘ,ਪ੍ਰੀਤਮ ਸਿੰਘ ਹਾਜਰ ਸਨ ।

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ(218) ਜ਼ਿਲ੍ਹਾ ਮੋਗਾ ਦੀ ਮੀਟਿੰਗ ਵਿੱਚ ਪਾਠਾਂ ਦੀਆਂ ਭੇਟਾਵਾਂ ਵਿੱਚ ਕੀਤਾ ਗਿਆ ਮਮੂਲੀ ਵਾਧਾ ਬੱਡੂਵਾਲੀਆ

ਮੋਗਾ ( ਜਸਵਿੰਦਰ ਸਿੰਘ ਰੱਖਰਾ )ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਦਫ਼ਤਰ ਸਕੱਤਰ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸਰਦਾਰ ਨਗਰ ਮੋਗਾ ਵਿਖੇ ਹੋਈ ਅਹਿਮ ਮੁੱਦਿਆਂ ਤੇ ਵਿਚਾਰਾ ਕੀਤੀਆਂ ਗਈਆਂ ਸਭਾ ਵੱਲੋਂ ਸਿੰਘਾ ਦੇ ਬਣੇ ਹੋਏ ਆਈ ਕਾਰਡ ਵੰਡੇ ਗਏ, ਮਹਿੰਗਾਈ ਵਿੱਚ ਕਾਫੀ ਵਾਧਾ ਹੋਣ ਕਰਕੇ‌‌ 2 ਸਾਲਾਂ ਤੋਂ ਬਾਅਦ ਪਾਠਾਂ ਦੀਆਂ ਭੇਟਾਵਾਂ ਵਿੱਚ ਕੁਝ ਕੁ ਮਮੂਲੀ ਵਾਧਾ ਕੀਤਾ ਗਿਆ ਹੈ ਇਸ ਮੌਕੇ ਹਾਜ਼ਰ ਅਹੁਦੇਦਾਰ ਮੈਂਬਰ ਸਾਹਿਬਾਨ ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ, ਚੇਅਰਮੈਨ ਭਾਈ ਜਗਦੀਪ ਸਿੰਘ ਲੰਗੇਆਣਾ, ਸੀਨੀਅਰ ਸਲਾਹਕਾਰ ਭਾਈ ਸਰਬਜੀਤ ਸਿੰਘ ਬੁੱਟਰ, ਪ੍ਰਚਾਰ ਸਕੱਤਰ ਭਾਈ ਕਰਮਜੀਤ ਸਿੰਘ ਦੁੱਨੇਕੇ, ਖਜਾਨਚੀ ਭਾਈ ਸੰਤੋਖ ਸਿੰਘ ਰਤਨ, ਵਾਈਸ ਜਨਰਲ ਸਕੱਤਰ ਭਾਈ ਸੁਖਜੀਤ ਸਿੰਘ ਧੂੜਕੋਟ, ਭਾਈ ਭੁਪਿੰਦਰ ਸਿੰਘ ਕਵੀਸ਼ਰ, ਭਾਈ ਪਰਗਟ ਸਿੰਘ, ਬਾਬਾ ਬਚਨ ਸਿੰਘ
ਭਾਈ ਜਸਵੀਰ ਸਿੰਘ ਧੂੜਕੋਟ,
ਸਰਕਲ ਨਿਹਾਲ ਸਿੰਘ ਵਾਲਾ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਲੋਪੋਂ, ਚੇਅਰਮੈਨ ਸਿੰਕਦਰ ਸਿੰਘ ਮੀਨੀਆ, ਪ੍ਰੈਸ ਸਕੱਤਰ ਭਾਈ ਗੁਰਮੇਲ ਸਿੰਘ ਬੱਧਨੀ, ਭਾਈ ਜਸਵੀਰ ਸਿੰਘ ਮੀਨੀਆ, ਭਾਈ ਲੱਕੀ ਸਿੰਘ ਬਾਵਾ ਤੋਂ ਇਲਾਵਾ ਬਹੁਤ ਸਿੰਘ ਹਾਜ਼ਰ ਸਨ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਹਲਕਾ ਵਿਧਾਇਕ ਲਾਡੀ ਢੋਸ ਨੇ ਧਰਮਕੋਟ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਕੰਟਰੋਲ ਰੂਮ ਦਾ ਕੀਤਾ ਉਦਘਾਟਨ

ਹੁਣ ਅਪਰਾਧ ਕਰਨ ਵਾਲਾ ਅਪਰਾਧੀ ਕੈਮਰੇ ਦੀ ਅੱਖ ਤੋਂ ਨਹੀਂ, ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਸਾਡਾ ਮੁਢਲਾ ਫਰਜ਼ - ਵਿਧਾਇਕ ਲਾਡੀ ਢੋਸ

ਨੰਬਰ - 26-1

ਧਰਮਕੋਟ 28 ਫਰਵਰੀ ( ਜਸਵਿੰਦਰ ਸਿੰਘ ਰੱਖਰਾ) ਸਥਾਨਕ ਸ਼ਹਿਰ ਵਿੱਚ ਅਪਰਾਧਿਕ ਮਾਮਲਿਆਂ ਉੱਪਰ ਕਾਬੂ ਪਾਉਣ ਦੇ ਮੰਤਵ ਨਾਲ ਸ਼ਹਿਰ ਦੀਆਂ ਵੱਖ-ਵੱਖ ਐਂਟਰੀ ਸੜਕਾਂ ਅਤੇ ਹੋਰ ਥਾਵਾਂ ਉੱਪਰ 40 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿਸ ਦੇ ਕੰਟਰੋਲ ਰੂਮ ਦਾ ਉਦਘਾਟਨ ਕਰਨ ਲਈ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਥਾਣਾ ਧਰਮਕੋਟ ਵਿਖੇ ਪਹੁੰਚੇ। ਜਿੱਥੇ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਗੁਰਮੀਤ ਮੁਖੀਜਾ ਅਤੇ ਥਾਣਾ ਮੁਖੀ ਨਵਦੀਪ ਸਿੰਘ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਨਿਵਾਸੀਆਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਉਪਰੰਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੰਟਰੋਲ ਰੂਮ ਵਿੱਚ ਲੱਗੀਆਂ ਐਲਸੀਡੀਜ਼ ਤੋਂ ਪੜਦਾ ਹਟਾਇਆ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਲਾਡੀ ਢੋਸ ਨੇ ਕਿਹਾ  ਸਥਾਨਕ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ ਜਿਸ ਨੂੰ ਨੱਥ ਪਾਉਣ ਲਈ ਧਰਮਕੋਟ ਸ਼ਹਿਰ ਦੇ ਹਰ ਗਲੀ ਮੋੜ ਉੱਪਰ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ ਅਤੇ ਅੱਜ ਇਹਨਾਂ ਸੀਸੀਟੀਵੀ ਕੈਮਰਿਆਂ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਪਹਿਲਾਂ ਅਪਰਾਧ ਕਾਰਨ ਉਪਰੰਤ ਅਪਰਾਧੀ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਸੀ ਅਤੇ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਦਾ ਸੀ ਪ੍ਰੰਤੂ ਹੁਣ ਸ਼ਹਿਰ ਦੇ ਹਰ ਕੋਨੇ ਉੱਪਰ ਅਜਿਹੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜੋ ਹਰ ਗੱਡੀ ਅਤੇ ਮੋਟਰਸਾਈਕਲ ਦੇ ਨੰਬਰ ਨੂੰ ਆਪਣੇ ਆਪ ਹੀ ਲੱਭੇਗਾ। ਉਹਨਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਨੇ ਜੋ ਜਿੰਮੇਵਾਰੀ ਉਨਾਂ ਨੂੰ ਸੌਂਪੀ ਹੈ, ਉਹਨਾਂ ਉੱਪਰ ਖਰਾ ਉਤਰਦਿਆਂ ਜਿੱਥੇ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਜਾਰੀ ਹਨ ਉੱਥੇ ਹੀ ਸ਼ਹਿਰ ਨਿਵਾਸੀਆਂ ਦੇ ਸੁਰੱਖਿਆ ਲਈ ਵੀ ਇੰਤਜ਼ਾਮ ਕਰ ਦਿੱਤੇ ਗਏ ਹਨ। ਉਪਰੰਤ ਜਿੱਥੇ ਸ਼ਹਿਰ ਨਿਵਾਸੀਆਂ ਵੱਲੋਂ ਹਲਕਾ ਵਿਧਾਇਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਹੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਗੁਰਮੀਤ ਮੁਖੀਜਾ ਨੇ ਹਲਕਾ ਵਿਧਾਇਕ ਦਾ ਧੰਨਵਾਦ ਵੀ ਕੀਤਾ ਉਹਨਾਂ ਕਿਹਾ ਕਿ ਇਹ ਸ਼ਹਿਰ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪੂਰੀ ਕੀਤੀ। ਇਸ ਮੌਕੇ ਅਮਨ ਪੰਡੋਰੀ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਡਾਕਟਰ ਅੰਮ੍ਰਿਤਪਾਲ ਸਿੰਘ ਬਿੱਟੂ ਜਲਾਲਾਬਾਦ, ਮਨਦੀਪ ਸਿੰਘ ਮਨੀ ਮਠਾੜੂ, ਰਾਜੂ ਮੁਖੀਜਾ, ਬਲਵਿੰਦਰ ਸਿੰਘ, ਜਗਤਾਰ ਸਿੰਘ ਮੰਝਰ, ਬਲਰਾਜ ਸਿੰਘ ਕਲਸੀ, ਸੁਖਬੀਰ ਸਿੰਘ ਸੁੱਖਾ ਸਾਬਕਾ ਕੌਂਸਲਰ, ਚਮਕੌਰ ਸਿੰਘ ਸਾਬਕਾ ਕੌਂਸਲਰ, ਗੁਰਮੇਲ ਸਿੰਘ ਭੋਲਾ, ਪਵਨ ਰੇਲੀਆ, ਗੱਗੂ ਮੁਖੀਜਾ, ਪਿੰਦਰ ਸੰਧੂ ਤੋਂ ਇਲਾਵਾ ਵੱਡੇ ਗਿਣਤੀ ਵਿੱਚ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।

45 ਕਰੋੜ ਰੁਪਏ ਦੀ ਲਾਗਤ ਨਾਲ ਮਿਲੇਗੀ 100 ਤੋਂ ਵਧੇਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਜ਼ਿਲ੍ਹਾ ਮੋਗਾ ਵਿੱਚ 76 ਕਿਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਚਾਰ ਸੜਕਾਂ ਦੀ ਮੁਰੰਮਤ ਕੰਮ ਦਾ ਨੀਂਹ ਪੱਥਰ ਰੱਖਿਆ
- ਬਿਜਲੀ ਬੋਰਡ ਨੂੰ 1880 ਕਰੋੜ ਰੁਪਏ ਦੇ ਘਾਟੇ ਵਿੱਚੋਂ ਕੱਢ ਕੇ 564 ਕਰੋੜ ਰੁਪਏ ਦੇ ਲਾਭ ਵਿੱਚ ਲਿਆਂਦਾ - ਹਰਭਜਨ ਸਿੰਘ
- ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਲਈ 11 ਕਰੋੜ ਰੁਪਏ ਮਨਜੂਰ
ਮੋਗਾ, 28 ਫਰਵਰੀ-(ਜਸਵਿੰਦਰ ਸਿੰਘ ਰੱਖਰਾ,)

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ 76 ਕਿਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਚਾਰ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕਰੀਬ 45 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਰੱਖਿਆ।
ਇਸ ਸਬੰਧੀ ਪਿੰਡ ਸਮਾਧ ਭਾਈ, ਜਲਾਲਾਬਾਦ, ਧਰਮਕੋਟ ਅਤੇ ਮੋਗਾ ਵਿਖੇ ਰੱਖੇ ਗਏ ਸੰਖੇਪ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ੍ਰ ਹਰਭਜਨ ਸਿੰਘ ਨੇ ਕਿਹਾ ਕਿ ਅੱਜ ਮੋਗਾ ਤੋਂ ਸਮਾਧ ਭਾਈ ਬਾਈਪਾਸ, ਕੋਟ ਈਸੇ ਖਾਂ ਤੋਂ ਗ਼ਾਲਿਬ ਕਲਾਂ, ਧਰਮਕੋਟ ਤੋਂ ਜੋਗੇਵਾਲਾ ਸੜਕ, ਮੋਗਾ ਬਾਈਪਾਸ ਤੋਂ ਮੋਗਾ ਹਰੀਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ ਤਿੰਨ ਮਹੀਨੇ ਵਿੱਚ ਪੂਰੇ ਕੀਤੇ ਜਾਣਗੇ। ਇਹਨਾਂ ਸੜਕਾਂ ਦੀ ਕੁੱਲ ਲੰਬਾਈ 76.24 ਕਿਲੋਮੀਟਰ ਬਣਦੀ ਹੈ, ਜਿਸ ਉੱਤੇ 44.52 ਕਰੋੜ ਰੁਪਏ ਦੀ ਲਾਗਤ ਲੱਗਣੀ ਹੈ। ਇਹਨਾਂ ਸੜਕਾਂ ਨਾਲ ਤਕਰੀਬਨ 60 ਪਿੰਡਾਂ ਦੇ ਲੋਕਾਂ ਨੂੰ ਸਿੱਧੇ ਰੂਪ ਵਿੱਚ ਅਤੇ 100 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅਸਿੱਧੇ ਤੌਰ ਉੱਤੇ ਫਾਇਦਾ ਹੋਵੇਗਾ। ਨਿਯਮਾਂ ਮੁਤਾਬਿਕ ਇਹ ਸੜਕਾਂ 5 ਸਾਲ ਪਹਿਲਾਂ ਬਣ ਜਾਣੀਆਂ ਚਾਹੀਦੀਆਂ ਸਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਇਹ ਸੜਕਾਂ ਬਣਨ ਨਾਲ ਲੋਕਾਂ ਦੀ ਲੰਮੀ ਮੰਗ ਪੂਰੀ ਹੋ ਗਈ ਹੈ। ਇਹਨਾਂ ਸੜਕਾਂ ਦੀ 5 ਸਾਲ ਦੀ ਮੈਂਟੀਨੇਂਸ ਵੀ ਠੇਕੇਦਾਰ ਵੱਲੋਂ ਕੀਤੀ ਜਾਵੇਗੀ।
ਇਸ ਤੋਂ ਬਾਅਦ ਮੋਗਾ ਵਿਖੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਵਿੱਚ ਦੋ ਹੋਰ ਮੰਜਿਲਾਂ ਦਾ ਵਾਧਾ ਕੀਤਾ ਜਾਣਾ ਹੈ, ਇਸ ਕੰਮ ਲਈ 11 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਹ ਕੰਮ ਵੀ ਜਲਦ ਹੀ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਨੂੰ 3 ਨਵੇਂ 66 ਕੇ ਵੀ ਗ੍ਰਿਡ ਦਿੱਤੇ ਹਨ।
ਸੂਬੇ ਵਿੱਚ ਬਿਜਲੀ ਦੀ ਸਥਿਤੀ ਬਾਰੇ ਸਪੱਸ਼ਟ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਦੇ ਸਦਕਾ ਬਿਜਲੀ ਬੋਰਡ ਅੱਜ ਮੁਨਾਫ਼ੇ ਵਿਚ ਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਜਦੋਂ ਸੱਤਾ ਸੰਭਾਲੀ ਸੀ ਤਾਂ ਉਦੋਂ ਬਿਜਲੀ ਬੋਰਡ 1880 ਕਰੋੜ ਰੁਪਏ ਦੇ ਘਾਟੇ ਵਿੱਚ ਸੀ, ਜਿਸ ਨੂੰ ਇਸ ਘਾਟੇ ਵਿਚੋਂ ਕੱਢ ਕੇ 564 ਕਰੋੜ ਰੁਪਏ ਦੇ ਲਾਭ ਵਿੱਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਝਾਰਖੰਡ ਵਿੱਚ ਪਿਛਲੇ 9 ਸਾਲ ਤੋਂ ਕੋਲੇ ਦੀ ਖਾਣ ਬੰਦ ਪਈ ਸੀ, ਜਿਸ ਨੂੰ ਆਪ ਸਰਕਾਰ ਨੇ ਮੁੜ ਸ਼ੁਰੂ ਕੀਤਾ ਹੈ। ਇਸ ਨਾਲ ਬਿਜਲੀ ਬੋਰਡ ਨੂੰ 1200 ਕਰੋੜ ਰੁਪਏ ਦਾ ਲਾਭ ਹੋਇਆ ਹੈ। ਇਸ ਖਾਣ ਦੇ ਚੱਲਣ ਨਾਲ ਸੂਬੇ ਕੋਲ 40 ਦਿਨ ਦਾ ਕੋਲਾ ਹਮੇਸ਼ਾਂ ਵਾਧੂ ਸਟਾਕ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਸੋਲਰ ਸਮਝੌਤੇ ਕੀਤੇ ਜਾ ਰਹੇ ਹਨ। ਜਿਸ ਨਾਲ ਜਲਦ ਹੀ ਪੰਜਾਬ ਪਾਵਰ ਸਰਪਲਸ ਸੂਬਾ ਬਣ ਜਾਵੇਗਾ। ਹੁਣ ਪੰਜਾਬ ਦੂਜੇ ਸੂਬਿਆਂ ਨੂੰ ਬਿਜਲੀ ਵੇਚਿਆ ਕਰੇਗਾ। ਪਿਛਲੀਆਂ ਸਰਕਾਰਾਂ ਨੇ ਨਿੱਜੀ ਖੇਤਰ ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਸੀ ਪਰ ਆਪ ਸਰਕਾਰ ਨੇ 2.33 ਰੁਪੈ ਨਾਲ ਬਿਜਲੀ ਖਰੀਦੀ ਹੈ।
ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਨਿੱਜੀ ਖੇਤਰ ਦਾ ਥਰਮਲ ਖਰੀਦਿਆ ਹੈ। ਅਗਾਮੀ ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਹੁਣ ਖੇਤੀਬਾੜੀ ਨੂੰ ਨਹਿਰੀ ਪਾਣੀ ਨਾਲ ਜੋੜਿਆ ਜਾ ਰਿਹਾ ਹੈ। ਇਸ ਕਰਕੇ ਪਾਣੀ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਉਹਨਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਨੇ ਆਰ ਡੀ ਐੱਫ ਦੇ 5500 ਕਰੋੜ ਰੁਪਏ ਰੋਕੇ ਹੋਏ ਹਨ। ਜਦ ਇਹ ਜਾਰੀ ਹੋ ਗਏ ਤਾਂ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ, ਸ੍ਰ ਮਨਜੀਤ ਸਿੰਘ ਬਿਲਾਸਪੁਰ, ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ (ਸਾਰੇ ਵਿਧਾਇਕ) ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਆਪਣੇ ਆਪਣੇ ਹਲਕਿਆਂ ਦੀਆਂ ਲੋੜਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸ੍ਰ ਹਰਮਨਦੀਪ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ਼੍ਰੀ ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਸ੍ਰ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ, ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਹੋਰ ਵੀ ਹਾਜ਼ਰ ਸਨ।

ਵੈਟਨਰੀ ਯੂਨੀਵਰਸਿਟੀ ਨੇ ਸਕੂਲੀ ਬੱਚਿਆਂ ਨੂੰ ਮੱਛੀ ਵਿਗਿਆਨ ਖੇਤਰ ਵਿਚ ਸਿੱਖਿਆ ਤੇ ਰੁਜ਼ਗਾਰ ਬਾਰੇ ਕੀਤਾ ਸਿੱਖਿਅਤ

ਲੁਧਿਆਣਾ, 29 ਫਰਵਰੀ (ਬਿਊਰੋ) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਦੇ 04 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪੱਟੀਦਰਜ ਭਾਈਚਾਰੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਮੱਛੀ ਵਿਗਿਆਨ ਖੇਤਰ ਵਿਚ ਸਿੱਖਿਆ ਤੇ ਰੁਜ਼ਗਾਰ ਉਦਮੀਪਨ ਬਾਰੇ ਸਿੱਖਿਅਤ ਕੀਤਾ ਗਿਆ। ਇਹ ਉਪਰਾਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਸੰਸਥਾ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ ਵੱਲੋਂ ਪ੍ਰਾਯੋਜਿਤ ਸੀ। ਡਾ. ਵਨੀਤ ਇੰਦਰ ਕੌਰ ਨੇ ਇਸ ਉਪਰਾਲੇ ਦੇ ਸੰਯੋਜਕ ਵਜੋਂ ਦੱਸਿਆ ਕਿ 200 ਤੋਂ ਵਧੇਰੇ ਵਿਦਿਆਰਥੀਆਂ ਨੂੰ ਇਸ ਤਹਿਤ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਵਿਚ ਡਾ. ਐਸ ਐਨ ਦੱਤਾ, ਡਾ. ਗਰਿਸ਼ਮਾ ਤਿਵਾੜੀ, ਡਾ. ਵਿਕਾਸ ਫੂਲੀਆ ਅਤੇ ਸ਼੍ਰੀ ਖੁਸ਼ਵੀਰ ਸਿੰਘ ਨੇ ਅਲੱਗ-ਅੱਲਗ ਸੈਸ਼ਨਾਂ ਵਿਚ ਜ਼ਿੰਮੇਵਾਰੀ ਨਿਭਾਈ। ਵਿਦਿਆਰਥੀਆਂ ਨੂੰ ਰਾਜ ਅਤੇ ਕੌਮੀ ਪੱਧਰੀ ਸਿੱਖਿਆ ਅਤੇ ਸਿੱਖਿਆ ਤੋਂ ਬਾਅਦ ਕਿੱਤਾ ਤੇ ਪੇਸ਼ੇਵਰ ਮੌਕਿਆਂ ਬਾਰੇ ਜਾਣੂ ਕਰਵਾਇਆ ਗਿਆ। 
    ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਹਾ ਕਿ ਬੱਚਿਆਂ ਦੀ ਯੁਵਾ ਮਾਨਸਿਕਤਾ ਨੂੰ ਸਮੇਂ ਸਿਰ ਚੰਗੇ ਢੰਗ ਨਾਲ ਪ੍ਰੇਰਿਤ ਕਰਕੇ, ਅਸੀਂ ਉਨ੍ਹਾਂ ਨੂੰ ਸੁਚੱਜੀ ਸਿੱਖਿਆ ਦੇ ਲੜ ਲਾ ਕੇ ਵਧੀਆ ਪੇਸ਼ੇਵਰ ਅਤੇ ਉਤਮ ਸ਼ਹਿਰੀ ਬਣਾ ਸਕਦੇ ਹਾਂ।
    ਡਾ. ਰਵੀਸ਼ੰਕਰ, ਸੀ ਐਨ, ਉਪ-ਕੁਲਪਤੀ ਮੱਛੀ ਵਿਗਿਆਨ ਸਿੱਖਿਆ ਸੰਬੰਧੀ ਕੇਂਦਰੀ ਸੰਸਥਾ, ਮੁੰਬਈ ਨੇ ਕਿਹਾ ਕਿ ਸਕੂਲੀ ਸਿੱਖਿਆ ਵਿਚ ਉਦਮੀਪਨ ਦੀ ਭਾਵਨਾ ਸ਼ਾਮਿਲ ਕਰਕੇ ਅਸੀਂ ਵਿਦਿਆਰਥੀਆਂ ਦੇ ਸਵੈ-ਵਿਸ਼ਵਾਸ ਅਤੇ ਗਿਆਨ ਨੂੰ ਬਹੁਤ ਪ੍ਰਫੁਿਲਤ ਕਰ ਸਕਦੇ ਹਾਂ। ਭਵਿੱਖ ਵਿਚ ਇਹ ਵਿਦਿਆਰਥੀ ਉੱਘੀਆਂ ਸੰਸਥਾਵਾਂ ਦਾ ਸ਼ਿੰਗਾਰ ਬਣ ਸਕਦੇ ਹਨ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ਨੂੰ ਚਿੰਨ੍ਹਤ ਕੀਤਾ ਕਿ ਪਸ਼ੂਧਨ ਅਤੇ ਮੱਛੀ ਪਾਲਣ ਖੇਤਰ ਸਾਡੇ ਮੁਲਕ ਦੇ ਸਮਾਜੀ-ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਦਾ ਯੋਗਦਾਨ ਲਗਾਤਾਰ ਵੱਧ ਰਿਹਾ ਹੈ। ਆਤਮਨਿਰਭਰ ਭਾਰਤ ਅਭਿਆਨ ਤਹਿਤ ਯੂਨੀਵਰਸਿਟੀ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਨ੍ਹਾਂ ਕਿੱਤਿਆਂ ਅਤੇ ਪੇਸ਼ਿਆਂ ਨਾਲ ਜੋੜ ਰਹੀ ਹੈ।

ਵੈਟਨਰੀ ਯੂਨੀਵਰਸਿਟੀ ਨੇ ਮੂੰਹ-ਖੁਰ ਦੀ ਬਿਮਾਰੀ ਸੰਬੰਧੀ ਕਰਵਾਇਆ ਮਾਹਿਰਾਂ ਦਾ ਵਿਚਾਰ ਵਟਾਂਦਰਾ

ਲੁਧਿਆਣਾ, 29 ਫਰਵਰੀ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸੂਬੇ ਵਿਚ ਚੱਲ ਰਹੀ ਪਸ਼ੂਆਂ ਦੀ ਮੂੰਹ-ਖੁਰ ਬਿਮਾਰੀ ’ਤੇ ਕਾਬੂ ਪਾਉਣ ਸੰਬੰਧੀ ਨੀਤੀਆਂ ਬਾਰੇ ਇਕ ਵਿਚਾਰ ਚਰਚਾ ਕਰਵਾਈ ਗਈ । ਯੂਨੀਵਰਸਿਟੀ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਇਸ ਦਾ ਸੰਯੋਜਨ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਕਿਹਾ ਕਿ ਇਹ ਹੱਦਾਂ ਤੋਂ ਪਾਰ ਜਾਣ ਵਾਲੀ ਇਕ ਵਿਸ਼ਾਣੂ ਬਿਮਾਰੀ ਹੈ। ਜਦੋਂ ਪੰਜਾਬ ਵਿਚ ਇਸ ਬਿਮਾਰੀ ਨੇ ਦਸਤਕ ਦਿੱਤੀ ਉਦੋਂ ਤੋਂ ਹੀ ਇਸ ’ਤੇ ਕਾਬੂ ਪਾਉਣ ਲਈ ਯਤਨ ਆਰੰਭ ਕਰ ਦਿੱਤੇ ਗਏ ਅਤੇ ਮਾਹਿਰਾਂ ਨਾਲ ਇਹ ਕੌਮੀ ਪੱਧਰ ਦੀ ਵਿਚਾਰ ਚਰਚਾ ਵੀ ਇਸੇ ਮੰਤਵ ਹਿਤ ਰੱਖੀ ਗਈ ਹੈ।
    ਵਿਚਾਰ ਚਰਚਾ ਵਿਚ ਡਾ. ਰਾਬਿੰਦਰਾ ਪ੍ਰਸਾਦ ਸਿੰਘ, ਨਿਰਦੇਸ਼ਕ, ਮੂੰਹ-ਖੁਰ ਸੰਬੰਧੀ ਰਾਸ਼ਟਰੀ ਸੰਸਥਾ, ਭੁਵਨੇਸ਼ਵਰ ਨੇ ਡਾ. ਜੇ ਕੇ ਮੋਹਾਪਾਤਰਾ ਨਾਲ ਬਤੌਰ ਮਾਹਿਰ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਦੀ ਠੰਡੀ ਲੜੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਪੂਰਨ ਸੁਰੱਖਿਆ ਆਉਣ ਤਕ ਟੀਕਾਕਰਨ ਜਾਰੀ ਰਹਿਣਾ ਚਾਹੀਦਾ ਹੈ। ਜੈਵਿਕ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਏ। ਡਾ. ਮੋਹਾਪਾਤਰਾ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਵੀ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਸ਼ਾਣੂ ਦਾ ਆਖਰੀ ਕੇਸ ਪਸ਼ੂਆਂ ਵਿਚ ਆਉਣ ਤੋਂ ਤਿੰਨ ਮਹੀਨੇ ਬਾਅਦ ਪਸ਼ੂਆਂ ਦੀ ਜਾਂਚ ਬਹੁਤ ਜ਼ਰੂਰੀ ਹੈ।
    ਡਾ. ਗੁਰਸ਼ਰਨਜੀਤ ਸਿੰਘ ਬੇਦੀ, ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਪੰਜਾਬ ਵਿਚ ਇਸ ਬਿਮਾਰੀ ਦੀ ਸਥਿਤੀ ਬਾਰੇ ਚਾਨਣਾ ਪਾਇਆ ਅਤੇ ਪ੍ਰਭਾਵੀ ਕਦਮਾਂ ਦਾ ਜ਼ਿਕਰ ਕੀਤਾ। ਭਾਰਤੀ ਖੇਤੀ ਖੋਜ ਪਰਿਸ਼ਦ ਦੇ ਵਿਗਿਆਨੀਆਂ, ਸੂਬੇ ਅਤੇ ਕੌਮੀ ਪੱਧਰ ਦੇ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਨੇ ਇਸ ਵਿਚਾਰ ਚਰਚਾ ਵਿਚ ਉੱਘੇ ਰੂਪ ਵਿਚ ਯੋਗਦਾਨ ਪਾਇਆ। ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਪਣੀ ਸਮਾਪਨ ਟਿੱਪਣੀ ਵਿਚ ਕਿਹਾ ਕਿ ਸਾਨੂੰ ਘੇਰਾ ਵਿਧੀ ਨਾਲ ਟੀਕਾਕਰਨ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਬਿਮਾਰੀ ਦੇ ਕੇਂਦਰ ਬਿੰਦੂ ਦੇ ਆਲੇ-ਦੁਆਲੇ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਵਿਭਿੰਨ ਮਾਹਿਰਾਂ ਅਤੇ ਕਿਸਾਨਾਂ ਦਾ ਇਸ ਵਿਚਾਰ ਚਰਚਾ ਵਿਚ ਹਿੱਸਾ ਪਾਉਣ ਲਈ ਧੰਨਵਾਦ ਪ੍ਰਗਟਾਇਆ।

3 ਤੋਂ 5 ਮਾਰਚ ਤੱਕ ਚੱਲੇਗਾ ਕੌਮੀ ਪਲਸ ਪੋਲੀਓ ਗੇੜ 

5 ਸਾਲ ਤੋਂ ਘੱਟ ਉਮਰ ਦੇ 4.78 ਲੱਖ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ
ਲੁਧਿਆਣਾ, 27 ਫਰਵਰੀ (ਟੀ. ਕੇ. ) -
ਜ਼ਿਲ੍ਹੇ ਵਿੱਚ 3 ਤੋਂ 5 ਮਾਰਚ ਤੱਕ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਦੀ ਉਮਰ ਦੇ 4.78 ਲੱਖ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲੀਓ ਵੈਕਸੀਨ ਪਿਲਾਉਣ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 1070 ਬੂਥ ਬਣਾਏ ਜਾਣਗੇ। ਟੀਚੇ ਦੀ ਪ੍ਰਾਪਤੀ ਲਈ ਕੁੱਲ 1535 ਘਰ-ਘਰ, 80 ਟਰਾਂਜ਼ਿਟ ਅਤੇ 98 ਮੋਬਾਈਲ ਟੀਮਾਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੀਮਾਂ 506 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਟੀਮਾਂ ਲਗਭਗ 11.67 ਲੱਖ ਘਰਾਂ ਨੂੰ ਕਵਰ ਕਰਨਗੀਆਂ।

ਡਿਪਟੀ ਕਮਿਸ਼ਨਰ ਸਾਹਨੀ ਨੇ ਸਿੱਖਿਆ ਅਤੇ ਪ੍ਰੋਗਰਾਮ ਦਫ਼ਤਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੋਲੀਓ ਮੁਹਿੰਮ ਸਬੰਧੀ ਮੀਟਿੰਗਾਂ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਅਤੇ ਹਰੇਕ ਬੱਚੇ ਨੂੰ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਵੀ ਕਿਹਾ।

ਇਸ ਦੌਰਾਨ ਬੱਚਤ ਭਵਨ ਵਿੱਚ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਵੀ ਹੋਈ। ਇਸ ਮੌਕੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਸਿਵਲ ਡਾ. ਸਰਜਨ ਜਸਬੀਰ ਸਿੰਘ ਔਲਖ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।