ਪ੍ਰੋ:ਸੁਖਵਿੰਦਰ ਸਿੰਘ ਨੇ 'ਆਪ ਸਰਕਾਰ, ਆਪ ਦੇ ਦੁਆਰ' ਕੈਪਾਂ ਦਾ ਕੀਤਾ ਦੌਰਾ

ਪੰਜਾਬ ਸਰਕਾਰ ਲੋਕਾਂ ਦੀਆਂ ਪ੍ਰਮੁੱਖ ਤੇ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਚਨਵੱਧ

ਜਗਰਾਉਂ ,18 ਫਰਵਰੀ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )  ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਅੱਜ ਹਲਕੇ ਦੇ ਪਿੰਡ ਚੀਮਾਂ ਅਤੇ ਬੁਰਜ ਕੁਲਾਰਾ ਵਿੱਚ ਪੰਜਾਬ ਸਰਕਾਰ ਵੱਲੋਂ ਚੱਲ ਰਹੇ 'ਆਪ ਸਰਕਾਰ, ਆਪ ਦੇ ਦੁਆਰ' ਕੈਪਾਂ ਵਿੱਚ ਖੁਦ ਪਹੁੰਚਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕਾਂ ਦੀਆਂ ਪ੍ਰਮੁੱਖ ਅਤੇ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਚਨਵੱਧ ਹੈ ਅਤੇ ਇਸੇ ਲਈ ਹੀ ਪੰਜਾਬ ਸਰਕਾਰ ਵੱਲੋਂ 'ਆਪ ਸਰਕਾਰ, ਆਪਦੇ ਦੁਆਰ' ਮੁਹਿੰਮ ਸ਼ੁਰੂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੇੜੇ ਹੋ ਕੇ ਸੁਣੀਆਂ ਜਾ ਰਹੀਆਂ ਹਨ ਅਤੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ। ਕੈਪਾਂ ਦੌਰਾਨ ਪ੍ਰੋ:ਸੁਖਵਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਵਾਚਿਆ ਜਾਵੇ ਅਤੇ ਉਹਨਾਂ ਦਾ ਹੱਲ ਵੀ ਸਮੇ ਸਿਰ ਕੀਤਾ ਜਾਵੇ। ਜੇਕਰ ਕੋਈ ਪ੍ਰੇਸ਼ਾਂਨੀ ਹੁੰਦੀ ਹੈ ਤਾਂ ਜਾਣੂੰ ਕਰਵਾਇਆ ਜਾਵੇ। ਉਹਨਾਂ ਅਧਿਕਾਰੀਆਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਦੇ ਹੱਲ ਲਈ ਭਰੋਸਾ ਦਿਵਾਇਆ। ਉਹਨਾਂ ਆਖਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸਰਕਾਰ ਨੇ 'ਪੰਜਾਬ ਸਰਕਾਰ, ਆਪਦੇ ਦੁਆਰ' ਕੈਂਪ ਲਗਾਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਹੋਣ ਅਤੇ ਇਹ ਕੈਂਪ 6 ਫਰਵਰੀ ਤੋਂ ਲਗਾਤਾਰ ਚੱਲ ਰਹੇ ਹਨ ਅਤੇ ਹਰ ਪਿੰਡ ਅਤੇ ਮੁਹੱਲੇ ਵਿੱਚ ਕੈਂਪ ਲਗਾਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾ ਰਹੇ ਹਨ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਇਹਨਾਂ ਸੁਵਿਧਾ ਕੈਂਪਾਂ ਰਾਹੀ ਲੋਕਾਂ ਦੇ ਮਸਲੇ ਹੱਲ ਕਰਨ ਤੋਂ ਇਲਾਵਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਖਾੜਾ ਨਹਿਰ ਉਪਰ ਨਵੇਂ ਪੁਲ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਬਿਜਲੀ ਗਰਿੱਡ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਲਗਭਗ 11 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕਰਵਾ ਦਿੱਤਾ ਗਿਆ ਹੈ, ਜਗਰਾਉਂ ਦੇ ਰਾਏਕੋਟ ਰੋਡ ਉਪਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਚੌਂਕ ਬਣਾ ਕੇ ਉਸ ਵਿੱਚ ਬਾਬਾ ਸਾਹਿਬ ਜੀ ਦਾ ਆਦਮ-ਕੱਦ ਬੁੱਤ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਐਸ.ਡੀ.ਓ.ਬਿਜਲੀ ਬੋਰਡ ਇੰਜ:ਮਨਜੀਤ ਸਿੰਘ ਵਿਰਕ, ਕਰਨੈਲ ਸਿੰਘ ਜੇਈ, ਸੈਕਟਰੀ ਮਿੰਟੂ ਸਿੱਧੂ ਦੇਹੜਕਾ, ਆਪ ਆਗੂ ਜਗਰੂਪ ਸਿੰਘ ਜੱਗਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਐਡਵੋਕੇਟ ਕਰਮ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਮੱਖਣ ਸਿੰਘ ਫੌਜ਼ੀ, ਇਕਬਾਲ ਸਿੰਘ ਕਾਲਾ, ਜਰਨੈਲ ਸਿੰਘ, ਬਖਤੌਰ ਸਿੰਘ, ਪ੍ਰੀਤਮ ਸਿੰਘ, ਸੁੱਚਾ ਸਿੰਘ ਫੌਜ਼ੀ, ਗੁਰਚਰਨ ਸਿੰਘ, ਕਿਸਾਨ ਆਗੂ ਪਰਮਜੀਤ ਸਿੰਘ ਪੰਮੀ, ਬਲਵੀਰ ਸਿੰਘ, ਤਰਸੇਮ ਸਿੰਘ ਹਠੂਰ ਆਦਿ ਵੀ ਹਾਜ਼ਰ ਸਨ।