ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਨੇ ਚਲ ਰਹੇ ਕਿਸਾਨੀ ਅੰਦੋਲਨ ਦੀ ਕੀਤੀ ਹਮਾਇਤ

ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਨੇ ਦਿੱਲੀ ਚਲੋ ਕਿਸਾਨ ਅੰਦੋਲਨ ਸੰਘਰਸ਼ ਨੂੰ ਮੀਟਿੰਗ ਕਰਕੇ ਆਪਣੀ ਹਮਾਇਤ ਦਿੱਤੀ। ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਨੇ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਕਿ ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਕੇਂਦਰ ਅਤੇ ਹਰਿਆਣਾ ਦੇ ਮਨੋਹਰ ਲਾਲ ਖੱਟਰ ਦੀ ਸਰਕਾਰ ਪੰਜਾਬ ਨਾਲ ਲੱਗਦੇ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਇਹ ਸਰਕਾਰ ਕਿਸਾਨਾਂ 'ਤੇ ਆਪਣਾ ਜ਼ੁਲਮ ਬੰਦ ਕਰੇ ਬਲਾਕ ਪ੍ਰਧਾਨ ਘਈ ਨੇ ਇਸ ਕੀਤੇ ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਸਾਡੀ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਡੇ ਵੱਲੋਂ ਫਰੀ ਦਵਾਈਆਂ ਅਤੇ ਫਰੀ ਚੈਕ ਅੱਪ ਕੈਂਪ ਲਾਏ ਜਾਣਗੇ। ਉਹਨਾਂ ਦੱਸਿਆ ਕਿ ਪਿਛਲੇ ਸੰਘਰਸ਼ ਵੇਲੇ ਵੀ ਟਿਕਰੀ ਬਾਰਡਰ ਤੇ ਸਾਡੇ ਡਾਕਟਰ ਸਾਥੀਆਂ ਵੱਲੋਂ ਫਰੀ ਦਵਾਈਆਂ ਅਤੇ ਚੈਕ ਅੱਪ ਕੈਂਪ ਲਾਏ ਗਏ ਸਨ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕੱਲ ਹੋਣ ਵਾਲੀ ਮੀਟਿੰਗ ਦੇ ਵਿੱਚ ਸਾਨੂੰ ਆਸ ਹੈ ਕਿ ਜਰੂਰ ਕੋਈ ਸਰਕਾਰ ਵੱਲੋਂ ਸਿੱਟਾ ਕੱਢਿਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਡਾਕਟਰ ਸਾਥੀ ਹਾਜਰ ਸਨ।