ਗੁ: ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਸਮਾਗਮ ਹੋਏ

“ਬੇਗਮਪੁਰਾ” ਜੀਵਨ-ਮੁਕਤ ਅਵਸਥਾ ਖੇੜੇ ਅਤੇ ਅਨੰਦ ਦੀ ਅਵਸਥਾ - ਸੰਤ ਅਮੀਰ ਸਿੰਘ ਜੀ
ਲੁਧਿਆਣਾ 18 ਫਰਵਰੀ (ਕਰਨੈਲ ਸਿੰਘ ਐੱਮ.ਏ.)-
ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਸੰਬੰਧੀ ਸਮਝਾਇਆ ਕਿ ਉਨ੍ਹਾਂ ਆਪਣੀ ਬਾਣੀ ’ਚ ਮਨੁੱਖਤਾ ਸਾਹਮਣੇ ਇਸ ਗੱਲ ਨੂੰ ਰੱਖਿਆ ਕਿ ਆਦਰਸ਼ਕ ਸਮਾਜ ਅਤੇ ਰਾਜ-ਪ੍ਰਬੰਧ ਕਿਹੋ-ਜਿਹਾ ਹੋਣਾ ਚਾਹੀਦਾ ਹੈ। ਜਿੱਥੇ ਸਾਰੇ ਅਜ਼ਾਦੀ ਨਾਲ ਵਿਚਰਨ, ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਸਾਰਿਆਂ ਦੇ ਹੱਕ ਇੱਕ ਸਮਾਨ ਹੋਣ, ਕੋਈ ਭੁੱਖਾ-ਨੰਗਾ ਨਾ ਹੋਵੇ, ਸਾਰੇ ਰੱਜੇ ਹੋਣ, ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਹੋਵੇ। ਸਮਾਜ ਵਿੱਚ ਰਹਿੰਦਿਆਂ ਲੋਕਾਂ ਦੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ, ਜਨਤਾ ਉੱਤੇ ਕੋਈ ਵਾਧੂ ਬੋਝ ਨਾ ਪਾਇਆ ਹੋਵੇ, ਇਸ ਤਰ੍ਹਾਂ ਸਮਾਜ ਅਤੇ ਰਾਜ-ਪ੍ਰਬੰਧ ਨੂੰ ਭਗਤ ਜੀ “ਬੇਗਮਪੁਰੇ” ਦਾ ਨਾਮ ਦਿੱਤਾ। ਅਧਿਆਤਮਿਕ ਜੀਵਨ ਵਿੱਚ ਇਸ ਅਵਸਥਾ ਨੂੰ ਪ੍ਰਭੂ-ਮਿਲਾਪ ਦੀ ਅਵਸਥਾ ਵੀ ਕਿਹਾ ਜਾ ਸਕਦਾ ਹੈ। ਬਾਬਾ ਜੀ ਨੇ ਭਗਤ ਰਵਿਦਾਸ ਜੀ ਦੀ ਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਕਿ ਇਹ ਜੀਵਨ-ਮੁਕਤ ਅਵਸਥਾ ਖੇੜੇ ਅਤੇ ਅਨੰਦ ਦੀ ਅਵਸਥਾ ਹੁੰਦੀ ਹੈ।ਭਗਤ ਜੀ ਮਰਨ ਤੋਂ ਬਾਅਦ ਸਵਰਗ-ਨਰਕ ਦੀ ਗੱਲ ਨਾਲੋਂ ਜਿਊਂਦੇ ਮੁਕਤੀ ਦੀ ਗੱਲ ਕੀਤੀ। ਇਸ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਵਸਾ ਕੇ, ਅਗਿਆਨਤਾ ਵਿੱਚ ਅਜਾਈਂ ਜ਼ਿੰਦਗੀ ਗੁਜ਼ਾਰਨ ਦੀ ਥਾਂ ਆਪਣੀ ਇਸ ਉਮਰ ਦੇ ਮੁੱਕਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਰਾਹ ਨੂੰ ਸਵਾਰਨ ਦਾ ਯਤਨ ਕਰੀਏ। ਸਮਾਗਮ ਦੌਰਾਨ ਟਕਸਾਲ ਦੇ ਵਿਦਿਆਰਥੀਆਂ ਨੇ ਬਸੰਤ ਰਾਗ ’ਚ ਗੁਰਬਾਣੀ ਸ਼ਬਦ ਕੀਰਤਨ ਕੀਤਾ। ਗੁਰੂ ਕਾ ਲੰਗਰ ਅਟੁੱਟ ਵਰਤਿਆ।